RanjitSGhuman7ਪੁਲਿਸ, ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਨਾਪਾਕ ਗਠਜੋੜ ਤੋੜਨਾ ਪਵੇਗਾ। ਕੇਵਲ ਤੇ ਕੇਵਲ ਛੋਟੇ ਮੋਟੇ ...
(29 ਸਤੰਬਰ 2023)


ਭਾਵੇਂ ਸ਼ੁਰੂ ਸ਼ੁਰੂ ਵਿੱਚ ਵਿਅਕਤੀ ਸ਼ੌਕ ਸ਼ੌਕ ਵਿੱਚ ਹੀ ਨਸ਼ੇ ਦੀ ਵਰਤੋਂ ਕਰਦਾ ਹੈ
, ਪਰ ਕੁਝ ਸਮੇਂ ਬਾਅਦ ਇੱਕ ਪੜਾਅ ਅਜਿਹਾ ਆਉਂਦਾ ਹੈ ਜਦੋਂ ਨਸ਼ਾ ਉਸ ਵਿਅਕਤੀ ਦੀ ਰੋਜ਼ਮਰ੍ਹਾ ਦੀ ਆਦਤ ਬਣ ਜਾਂਦਾ ਹੈ ਅਤੇ ਉਹ ਨਸ਼ੇ ਬਿਨਾ ਰਹਿ ਹੀ ਨਹੀਂ ਸਕਦਾਅਜਿਹਾ ਵਿਅਕਤੀ ਚੰਗੇ/ਮਾੜੇ ਵਿੱਚ ਅੰਤਰ ਨਹੀਂ ਕਰ ਸਕਦਾ ਅਤੇ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈਅਜਿਹੀ ਸਥਿਤੀ ਵਿੱਚ ਪਹੁੰਚ ਚੁੱਕੇ ਵਿਅਕਤੀ ਨੂੰ ਨਸ਼ੇੜੀ ਜਾਂ ਨਸ਼ਈ ਕਿਹਾ ਜਾਂਦਾ ਹੈਅੱਜ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਵਿਅਕਤੀ ਹਨਭਾਰਤੀ ਸੰਸਦ ਦੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਸਬੰਧੀ ਸਟੈਂਡਿੰਗ ਕਮੇਟੀ ਦੀ ਹਾਲ ਹੀ ਵਿੱਚ ਹੀ ਆਈ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 66 ਲੱਖ ਵਿਅਕਤੀ ਨਸ਼ਿਆਂ (ਜਿਨ੍ਹਾਂ ਵਿੱਚ ਸ਼ਰਾਬ ਅਤੇ ਤੰਬਾਕੂ ਵੀ ਸਾਮਲ ਹਨ) ਦੀ ਵਰਤੋਂ ਕਰ ਰਹੇ ਹਨਇਨ੍ਹਾਂ ਵਿੱਚੋਂ 21 ਲੱਖ 36 ਹਜ਼ਾਰ ਅਫ਼ੀਮ ਜਾਂ ਅਫ਼ੀਮ ਅਧਾਰਤ ਨਸ਼ੇ ਲੈ ਰਹੇ ਹਨਨਸ਼ੇ ਲੈਣ ਵਾਲਿਆਂ ਵਿੱਚ 7 ਲੱਖ ਦੇ ਕਰੀਬ 10 ਤੋਂ 17 ਸਾਲ ਦੀ ਉਮਰ ਦੇ ਬੱਚੇ ਅਤੇ ਅੱਲ੍ਹੜ ਹਨ

ਦਿਹਾਤੀ ਅਤੇ ਉਦਯੋਗਿਕ ਵਿਕਾਸ ਸੈਂਟਰ ਚੰਡੀਗੜ੍ਹ ਵੱਲੋਂ 2017-19 ਦੌਰਾਨ ਕੀਤੇ ਗਏ ਅਧਿਐਨ (Dynamics of Drug Addiction and Abuse in North-West India: Social, Economic and Political Implications) ਵਿੱਚ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਵਰਗੀ ਭਿਆਨਕ ਮਹਾਂਮਾਰੀ ਦੇ ਬੁਨਿਆਦੀ ਕਾਰਨ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਵਿੱਚ ਹੁੰਦੇ ਹਨ ਅਤੇ ਜਦੋਂ ਵੀ ਇਹ ਪ੍ਰਸਥਿਤੀਆਂ ਨਸ਼ਿਆਂ ਦੀ ਪੂਰਤੀ ਅਤੇ ਮੰਗ ਲਈ ਸਾਜ਼ਗਰ ਹੁੰਦੀਆਂ ਹਨ ਤਾਂ ਨਸ਼ਾ-ਰੂਪੀ ਬੀਜ ਪਨਪਣੇ ਅਤੇ ਵਧਣੇ ਫੁੱਲਣੇ ਸ਼ੁਰੂ ਹੋ ਜਾਂਦੇ ਹਨਇਹ ਵਧਦੇ ਵਧਦੇ ਇੱਕ ਨਾਸੂਰ ਦਾ ਰੂਪ ਧਾਰਨ ਕਰ ਲੈਂਦੇ ਹਨਇਹ ਬਿਮਾਰੀ ਵਧਦੀ ਵਧਦੀ ਮਨੁੱਖ ਦੀ ਮਾਨਸਿਕਤਾ ਉੱਪਰ ਭਾਰੂ ਹੋ ਜਾਂਦੀ ਹੈ ਅਤੇ ਕਈ ਕਿਸਮ ਦੇ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ ਜਨਮ ਦਿੰਦੀ ਹੈ

ਉਪਰੋਕਤ ਅਧਿਐਨ (ਜਿਸ ਵਿੱਚ ਮੇਰੇ ਨਾਲ ਮੇਰੇ ਸਹਿਕਰਮੀ ਡਾ. ਗੁਰਿੰਦਰ ਕੌਰ, ਡਾ. ਜਤਿੰਦਰ ਸਿੰਘ ਅਤੇ ਸ੍ਰੀ ਹਕੀਕਤ ਸਿੰਘ ਸਹਿਯੋਗੀ ਸਨ) ਉੱਤਰੀ ਭਾਰਤ ਦੇ ਪੰਜ ਰਾਜਾਂ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਅਤੇ ਕਸ਼ਮੀਰ) ਵਿੱਚ ਨਸ਼ਿਆਂ ਦੇ ਰੁਝਾਨ ਦਾ ਅਧਿਐਨ ਹੈ ਅਸੀਂ ਕੇਵਲ ਉਨ੍ਹਾਂ ਨਸ਼ਿਆਂ ਨੂੰ ਅੰਕਿਤ ਕੀਤਾ ਹੈ ਜਿਹੜੇ ਨਾਰਕੌਟਿਕ ਡਰੱਗਜ਼ ਅਤੇ ਸਾਈਕੋਟਰੋਪਿਕ ਸਬਸਟਾਂਸਿਜ਼ ਐਕਟ (NDPS Act 1985) ਅਧੀਨ ਗੈਰਕਾਨੂੰਨੀ ਹਨਪੰਜਾਬ ਅਤੇ ਇਸਦੇ ਗਵਾਂਡੀ ਰਾਜਾਂ ਦੀ ਚੋਣ ਇਸ ਕਰਕੇ ਕੀਤੀ ਗਈ ਕਿ ਪੰਜਾਬ ਨਾਲ ਉਨ੍ਹਾਂ ਦੀਆਂ ਸਰਹੱਦਾਂ ਲੱਗਦੀਆਂ ਹਨ ਅਤੇ ਇਹ ਸਮਝਿਆ ਜਾਂਦਾ ਹੈ ਕਿ ਪੰਜਾਬ ਵਿੱਚ ਇਨ੍ਹਾਂ ਰਾਜਾਂ ਤੋਂ ਵੀ ਨਸ਼ੇ ਆਉਂਦੇ ਹਨ ਅਤੇ ਪੰਜਾਬ ਵਿੱਚੋਂ ਵੀ ਇਨ੍ਹਾਂ ਰਾਜਾਂ ਨੂੰ ਨਸ਼ੇ ਭੇਜੇ ਜਾਂਦੇ ਹਨਪੰਜਾਬ ਵਿੱਚ ਬਾਹਰੋਂ ਨਸ਼ੇ ਗੋਲਡਨ ਕਰੈਸੈਂਟ (ਇਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ) ਤੋਂ ਆਉਂਦੇ ਹਨਭਾਵੇਂ ਸ਼ੁਰੂ ਵਿੱਚ ਪੰਜਾਬ ਮੁੱਖ ਤੌਰ ’ਤੇ ਇਨ੍ਹਾਂ ਨਸ਼ਿਆਂ ਲਈ ਇੱਕ ਲਾਂਘੇ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ, ਪਰ ਹੌਲੀ ਹੌਲੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ਿਆਂ ਦੀ ਲਤ ਲੱਗਣੀ ਸ਼ੁਰੂ ਹੋ ਗਈਪਰ ਪੰਜਾਬ ਵਿੱਚ ਤਿਆਰ ਹੋ ਰਹੇ ਨਸ਼ੇ (ਜਿਵੇਂ ਸਿੰਥੈਟਕ ਤੇ ਰਸਾਇਣਕ ਨਸ਼ੇ) ਵੀ ਨਸ਼ਿਆਂ ਦੀ ਪੂਰਤੀ ਵਧਾ ਰਹੇ ਹਨ

ਪੰਜਾਬ ਵਿੱਚ ਤਕਰੀਬਨ 77 ਫੀਸਦੀ ਪਰਿਵਾਰਾਂ ਵਿੱਚ ਪਰਿਵਾਰ ਦੇ ਵੱਡੇ (ਆਮ ਤੌਰ ’ਤੇ ਨਸ਼ੇੜੀ ਦਾ ਪਿਤਾ) ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਕਰਦੇ ਹਨ ਇਹਨਾਂ ਵਿੱਚ 81 ਫੀਸਦੀ ਸ਼ਰਾਬ ਦੀ ਵਰਤੋਂ ਕਰਨ ਵਾਲੇ ਹਨਤਕਰੀਬਨ 65 ਪ੍ਰਤੀਸ਼ਤ ਪਰਿਵਾਰਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਪਰਿਵਾਰਾਂ ਵਿੱਚ ਕਿਸੇ ਨਾ ਕਿਸੇ ਮੈਂਬਰ ਵੱਲੋਂ ਨਸ਼ੇ ਦੀ ਵਰਤੋਂ ਕੀਤੇ ਜਾਣ ਦੇ ਪ੍ਰਭਾਵ ਹੇਠ ਉਨ੍ਹਾਂ ਦੇ ਪੁੱਤਰ/ਪੁੱਤਰਾਂ ਵਿੱਚ ਨਸ਼ਾ ਕਰਨ ਦੀ ਪ੍ਰਵਿਰਤੀ ਸ਼ੁਰੂ ਹੋਈਤਕਰੀਬਨ 93 ਫੀਸਦੀ ਨਸ਼ੇੜੀਆਂ ਨੇ 7 ਸਾਲ ਤੋਂ 25 ਸਾਲ ਦੀ ਉਮਰ ਵਿਚਕਾਰ ਕਿਸੇ ਨਾ ਕਿਸੇ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀਸਾਡੇ ਸੈਂਪਲ ਵਿਚਲੇ ਨਸ਼ੇੜੀਆਂ ਵਿੱਚੋਂ ਤਕਰੀਬਨ 80 ਫੀਸਦੀ 14 ਤੋਂ 35 ਸਾਲ ਵਿਚਕਾਰ ਸਨਕਿੱਡਾ ਵੱਡਾ ਦੁਖਾਂਤ ਹੈ ਕਿ ਜ਼ਿੰਦਗੀ ਦੇ ਬਹੁਤ ਹੀ ਉਪਯੋਗੀ ਸਮੇਂ ਦੌਰਾਨ ਨਸ਼ੇੜੀ ਨੌਜਵਾਨ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਬਜਾਏ ਇੱਕ ਤਰ੍ਹਾਂ ਨਾਲ ਸਮਾਜ ਉੱਪਰ ਬੋਝ ਬਣ ਗਏ ਹਨਜਿਸ ਉਮਰ ਵਿੱਚ ਉਨ੍ਹਾਂ ਨੇ ਆਪਣੇ ਬੁੱਢੇ ਮਾਪਿਆਂ, ਛੋਟੇ ਬੱਚਿਆਂ ਅਤੇ ਪਰਿਵਾਰ ਦਾ ਸਹਾਰਾ ਬਣਨਾ ਹੁੰਦਾ ਹੈ, ਉਸ ਉਮਰ ਵਿੱਚ ਉਹ ਨਸ਼ਿਆਂ ਵਿੱਚ ਘਿਰ ਚੁੱਕੇ ਹੁੰਦੇ ਹਨਨਸ਼ੇੜੀਆਂ ਵਿੱਚੋਂ ਬਹੁਗਿਣਤੀ ਥੋੜ੍ਹੀ ਪੜ੍ਹਾਈ ਵਾਲੇ ਹੀ ਸਨ

ਤਕਰੀਬਨ 82 ਫੀਸਦੀ ਨਸ਼ੇੜੀਆਂ ਨੇ ਦੱਸਿਆ ਕਿ ਉਨ੍ਹਾਂ ਵਿੱਚ ਨਸ਼ੇ ਦੀ ਆਦਤ ਆਪਣੇ ਹਾਣੀਆਂ ਵੱਲੋਂ ਉਨ੍ਹਾਂ ਨੂੰ ਨਸ਼ਾ ਕਰਨ ਲਈ ਉਕਸਾਉਣ ਅਤੇ ਦਬਾਅ ਪਾਉਣ ਕਾਰਨ ਸ਼ੁਰੂ ਹੋਈਪੰਜਾਬ ਵਿੱਚ ਮੁੱਖ ਤੌਰ ’ਤੇ ਅਫੀਮ, ਭੁੱਕੀ, ਭੰਗ, ਕੋਕੀਨ, ਗਾਂਜਾ/ਸਮੈਕ, ਹੈਰੋਇਨ, ਟਰਾਮਾਡੋਲ ਅਤੇ ਬੁਪਰਨੋਰਫੀਨ ਵਰਗੇ ਨਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਲਗਭਗ 65 ਫੀਸਦੀ ਤਕ ਹੈਰੋਇਨ ਦੇ ਆਦੀ ਹੋ ਚੁੱਕੇ ਹਨਟਰਾਮਾਡੋਲ ਅਤੇ ਬੁਪਰਨੋਰਫੀਨ ਆਦਿ ਸਿੰਥੈਟਿਕ ਦਵਾਈਆਂ ਦਾ ਵੀ ਨਸ਼ੇੜੀਆਂ ਵੱਲੋਂ ਬਹੁਤ ਸੇਵਨ ਹੋ ਰਿਹਾ ਹੈਇਹ ਵੀ ਵੇਖਣ ਵਿੱਚ ਆਇਆ ਕਿ ਨਸ਼ਾ ਮੁਕਤ ਹੋ ਚੁੱਕੇ ਵਿਅਕਤੀ ਅਕਸਰ ਹੀ ਮੁੜ ਨਸ਼ੇ ਦੇ ਵਿਹੁ-ਚੱਕਰ ਵਿੱਚ ਫਸ ਜਾਂਦੇ ਹਨਆਮ ਤੌਰ ’ਤੇ ਨਸ਼ੇੜੀ ਇੱਕ ਤੋਂ ਵੱਧ ਨਸ਼ੇ ਕਰਦੇ ਹਨਨਸ਼ਿਆਂ ਦੀ ਰੋਜ਼ਾਨਾ ਖੁਰਾਕ ਉੱਪਰ ਨਸ਼ੇੜੀ ਔਸਤਨ 200 ਰੁਪਏ ਤੋਂ ਲੈ ਕੇ 2000 ਰੁਪਏ ਤਕ ਖਰਚ ਕਰ ਰਹੇ ਹਨ

ਨਸ਼ਿਆਂ ਦੀ ਵਰਤੋਂ ਨੱਕ ਰਾਹੀਂ ਸੁੰਘ ਕੇ ਅਤੇ ਮੂੰਹ ਰਾਹੀਂ ਨਸ਼ੇ ਲੈਣ ਤੋਂ ਇਲਾਵਾ ਸਰਿੰਜਾਂ ਰਾਹੀਂ ਟੀਕੇ ਲਗਾ ਕੇ ਵੀ ਕੀਤੀ ਜਾ ਰਹੀ ਹੈਹਰ ਇੱਕ ਨਸ਼ੇੜੀ ਔਸਤਨ ਦੋ ਤੋਂ ਵੱਧ ਤਰੀਕਿਆਂ ਨਾਲ ਨਸ਼ੇ ਦਾ ਸੇਵਨ ਕਰਦਾ ਹੈਬਹੁਤੇ ਨਸ਼ੇੜੀ ਇੱਕ ਹੀ ਸਰਿੰਜ ਅਤੇ ਸੂਈ ਨਾਲ ਨਸ਼ਾ ਕਰਦੇ ਹਨਫਲਸਰੂਪ ਕਈ ਨਸ਼ੇੜੀ ਐੱਚ.ਆਈ.ਵੀ. ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਵੀ ਲਗਾ ਬੈਠਦੇ ਹਨਨਸ਼ਿਆਂ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਚੁੱਕੀਆਂ ਹਨਨਸ਼ੇੜੀਆਂ ਦੇ ਦੱਸੇ ਮੁਤਾਬਿਕ ਨਸ਼ਾ ਕਰਨ ਮਗਰੋਂ ਉਹ ਬਹੁਤ ਅਨੰਦ ਮਹਿਸੂਸ ਕਰਦੇ ਹਨ ਅਤੇ ਆਪਣੇ ਆਪ ਇਵੇਂ ਮਹਿਸੂਸ ਕਰਦੇ ਹਨ, ਜਿਵੇਂ ਉਨ੍ਹਾਂ ਵਿੱਚ ਬਹੁਤ ਹਿੰਮਤ ਆ ਗਈ ਹੋਵੇ

ਨਸ਼ੇੜੀ ਨਸ਼ੇ ਦੀ ਪ੍ਰਾਪਤੀ ਲਈ ਇੱਕ ਤੋਂ ਵੱਧ ਸਰੋਤਾਂ ਉੱਪਰ ਨਿਰਭਰ ਹਨਪਰ ਸਭ ਤੋਂ ਮੁੱਖ ਸਰੋਤ ਪੈਡਲਰਜ਼ ਹੀ ਹਨਤਕਰੀਬਨ 92 ਫੀਸਦੀ ਨਸ਼ੇੜੀਆਂ ਨੇ ਦੱਸਿਆ ਕਿ ਉਹ ਆਪਣੇ ਲਈ ਨਸ਼ੇ ਦੀ ਪੂਰਤੀ ਪੈਡਲਿੰਗ ਰਾਹੀਂ ਹੀ ਕਰਦੇ ਹਨਪਰ ਕਈ ਨਸ਼ੇੜੀਆਂ ਨੇ ਇਹ ਵੀ ਦੱਸਿਆ ਕਿ ਉਹ ਕੈਮਿਸਟਾਂ ਤੋਂ ਵੀ ਨਸ਼ਾ ਖਰੀਦਦੇ ਹਨਭਾਵੇਂ ਬਾਹਰੀ ਤੌਰ ’ਤੇ ਨਸ਼ਿਆਂ ਦੀ ਪੂਰਤੀ ਦਾ ਮੁੱਖ ਸਰੋਤ ਪੈਡਲਰਜ਼ ਹੀ ਹਨ ਪਰ ਉਹ ਤਾਂ ਨਸ਼ਿਆਂ ਨੂੰ ਨਸ਼ੇੜੀਆਂ ਤਕ ਪੁੱਜਦਾ ਕਰਨ ਦਾ ਇੱਕ ਮਾਧਿਅਮ ਹਨਸਾਡੇ ਵੱਲੋਂ ਕੀਤੀਆਂ ਕੇਸ ਸਟਡੀਜ਼ ਅਤੇ ਸਿਵਲ ਸੁਸਾਇਟੀ ਦੇ ਵੱਖ ਵੱਖ ਗਰੁੱਪਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਨਸ਼ਿਆਂ ਦੀ ਉਤਪਤੀ ਅਤੇ ਪੂਰਤੀ ਪਿੱਛੇ ਵੱਡੇ ਨਸ਼ਾ ਤਸਕਰ, ਪੁਲਿਸ ਅਤੇ ਸਿਆਸਤਦਾਨਾਂ ਦਾ ਨਾਪਾਕ ਗਠਜੋੜ ਹੈਅਜਿਹੇ ਤਾਕਤਵਰ ਗਠਜੋੜ ਕਾਰਨ ਹੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ਿਆਂ ਦੀ ਪੂਰਤੀ ਰੋਕਣ ਵਿੱਚ ਅਜੇ ਤਕ ਕੋਈ ਵਿਸ਼ੇਸ਼ ਕਾਮਾਯਾਬੀ ਨਹੀਂ ਮਿਲੀ ਅਤੇ ਨਾ ਹੀ ਪੁਲਿਸ ਦੀਆਂ ਸਪੈਸ਼ਲ ਟਾਸਕ ਫੋਰਸਾਂ ਨੂੰ ਨਸ਼ੇ ਰੋਕਣ ਵਿੱਚ ਕੋਈ ਵਿਸ਼ੇਸ਼ ਕਾਮਯਾਬੀ ਮਿਲੀ ਹੈਇਹ ਵੀ ਪਤਾ ਲੱਗਾ ਕਿ ਨਸ਼ਾ ਤਸਕਰੀ ਵਿੱਚ ਬਹੁਤ ਵੱਡੇ ਵਿੱਤੀ ਹਿਤ ਸ਼ਾਮਿਲ ਹਨ ਜਿਸ ਕਾਰਨ ਨਸ਼ਿਆਂ ਦਾ ਉਤਪਾਦਨ ਅਤੇ ਪੂਰਤੀ ਘਟਣ ਦੀ ਬਜਾਏ ਵਧ ਹੀ ਰਹੇ ਹਨਅਧਿਐਨ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬੇਰੁਜ਼ਗਾਰੀ ਅਤੇ ਨਿੱਘਰ ਰਹੇ ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤ ਵੀ ਨਸ਼ਿਆਂ ਦੇ ਸੇਵਨ ਪਿੱਛੇ ਮੁੱਖ ਕਾਰਨ ਹਨ

ਉਪਰੋਕਤ ਬਿਰਤਾਂਤ ਅਤੇ ਵਿਸ਼ਲੇਸ਼ਣ ਤੋਂ ਸਪਸ਼ਟ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਗ੍ਰਿਫਤ ਵਿੱਚ ਆਉਣ ਵਾਲਿਆਂ ਵਿੱਚੋਂ ਬਹੁਤੇ ਅੱਲ੍ਹੜ ਅਤੇ ਨੌਜਵਾਨ ਹਨਇਹ ਜ਼ਿੰਦਗੀ ਦਾ ਇੱਕ ਅਜਿਹਾ ਪੜਾਅ ਹੁੰਦਾ ਹੈ ਜਿੱਥੇ ਬੱਚੇ ਆਪਣਾ ਭਲਾ-ਬੁਰਾ ਵਿਚਾਰਨ ਦੇ ਸਮਰੱਥ ਨਹੀਂ ਹੁੰਦੇਨਾਲ ਹੀ ਉਹ ਆਪਣੀ ਸੰਗਤ ਵਿੱਚ ਆਏ ਦੋਸਤਾਂ ਦਾ ਪ੍ਰਭਾਵ ਜ਼ਿਆਦਾ ਕਬੂਲਦੇ ਹਨਨਸ਼ਾ ਲਾਉਣ ਵਾਲੇ ਅਨਸਰ ਇਸੇ ਗੱਲ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਉਹ ਇਸ ਅੱਲੜ੍ਹ ਵਰੇਸ ਦੇ ਬੱਚਿਆਂ ਨੂੰ ਵਰਗਲਾ ਕੇ ਨਸ਼ੇ ਦੀ ਆਦਤ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਹਨਇਸ ਲਈ ਬਚਪਨ ਤੋਂ ਅਲੜ੍ਹ ਵਰੇਸ ਵਿੱਚ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣ ਦੀ ਬਹੁਤ ਲੋੜ ਹੈ

ਨਸ਼ਿਆਂ ਨੂੰ ਰੋਕਣ ਲਈ ਕੁਝ ਸੁਝਾਅ:

ਨਸ਼ਿਆਂ ਨੂੰ ਰੋਕਣ ਲਈ ਮੰਗ ਅਤੇ ਪੂਰਤੀ ਦੋਹਾਂ ਪੱਖਾਂ ’ਤੇ ਧਿਆਨ ਕੇਂਦਰਤ ਕਰਨਾ ਹੋਵੇਗਾਪੂਰਤੀ ਰੋਕਣ ਲਈ ਅੰਤਰਾਸ਼ਟਰੀ ਅਤੇ ਅੰਦਰੂਨੀ ਸਰੋਤਾਂ ਤੋਂ ਹੋ ਰਹੀ ਤਸਕਰੀ ਰੋਕਣ ਲਈ ਨਿੱਗਰ ਅਤੇ ਪ੍ਰਭਾਵਸਾਲੀ ਕਦਮ ਉਠਾਉਣੇ ਪੈਣਗੇਪੁਲਿਸ, ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਨਾਪਾਕ ਗਠਜੋੜ ਤੋੜਨਾ ਪਵੇਗਾਕੇਵਲ ਤੇ ਕੇਵਲ ਛੋਟੇ ਮੋਟੇ ਨਸ਼ਾ ਵੇਚਣ ਵਾਲੇ ਅਤੇ ਨਸ਼ੇੜੀਆਂ ਤਕ ਨਸ਼ਾ ਪੁੱਜਦਾ ਕਰਨ ਵਾਲੇ ਪੈਡਲਰਾਂ ਨੂੰ ਫੜਨ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਨਾਲ ਨਸ਼ਿਆਂ ਦੀ ਪੂਰਤੀ ਨਹੀਂ ਰੋਕੀ ਜਾ ਸਕਦੀਵੱਡੀਆਂ ਮੱਛੀਆਂ ਅਤੇ ਮਗਰਮੱਛਾਂ ਨੂੰ ਫੜਨਾ ਪਵੇਗਾਨਸ਼ਿਆਂ ਦੀ ਮੰਗ ਰੋਕਣ ਲਈ ਇਸ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾ ਕੇ ਲਾਗੂ ਕਰਨਾ ਹੋਵੇਗਾਸਮਾਜਿਕ ਮੁਹਿੰਮਾਂ ਰਾਹੀਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਸਬੰਧੀ ਜਾਗਰੂਕ ਕਰਵਾਉਣਾ ਹੋਵੇਗਾਨਸ਼ੇੜੀ ਬਣ ਚੁੱਕੇ ਨੌਜਵਾਨਾਂ ਨੂੰ ਅਪਰਾਧੀ ਸਮਝਣ ਦੀ ਥਾਂ ਮਰੀਜ਼ ਸਮਝਕੇ ਡਾਕਟਰੀ ਅਤੇ ਮਨੋਵਿਗਿਆਨਕ ਇਲਾਜ ਰਾਹੀਂ ਇੱਕ ਅੱਛੇ ਸਮਾਜਿਕ ਪ੍ਰਾਣੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਨਵੀਂ ਪਨੀਰੀ ਅਤੇ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਕਮਰਕੱਸਾ ਕਰਨਾ ਪਵੇਗਾਇਸ ਮੁਹਿੰਮ ਵਿੱਚ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕ੍ਰਿਆਸ਼ੀਲ ਬਣਾਉਣਾ ਪਵੇਗਾ

ਇਸ ਲਈ ਜ਼ਰੂਰੀ ਹੈ ਕਿ ਸਰਕਾਰ, ਨੌਜਵਾਨ, ਸਿਵਲ ਸੁਸਾਇਟੀ ਅਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਪੰਜਾਬ ਵਿੱਚ ਨਸ਼ਿਆਂ ਜਿਹੀ ਮਹਾਂਮਾਰੀ ਨੂੰ ਰੋਕਣ ਲਈ ਸਾਂਝੇ ਤੌਰ ’ਤੇ ਸੰਜੀਦਾ ਅਤੇ ਲਗਾਤਾਰ ਯਤਨ ਕਰਨ, ਨਹੀਂ ਤਾਂ ਬਹੁਤ ਭਿਆਨਕ ਸਿੱਟੇ ਨਿਕਲਣਗੇਇਸ ਤੋਂ ਇਲਾਵਾ ਸਰਕਾਰ ਨੂੰ ਸੰਜੀਦਗੀ ਨਾਲ ਯਤਨ ਕਰਨੇ ਪੈਣਗੇ ਤਾਂ ਕਿ ਨਸ਼ਿਆਂ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਹਾਲਾਤ ਦੁਬਾਰਾ ਉਤਪਨ ਨਾ ਹੋਣਪੰਜਾਬ ਦੇ ਬਚਪਨ ਅਤੇ ਜਵਾਨੀ ਨੂੰ ਨਸ਼ਿਆਂ ਦੀ ਭੇਂਟ ਚੜ੍ਹਨ ਤੋਂ ਬਚਾਉਣ ਲਈ ਅਜਿਹਾ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂਨਸ਼ਾ-ਰਹਿਤ ਨੌਜਵਾਨ ਹੀ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4254)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ ਘੁੰਮਣ

ਡਾ. ਰਣਜੀਤ ਸਿੰਘ ਘੁੰਮਣ

Patiala, Punjab,India.
(91 - 98722 - 20714)
Email: (ghumanrs@yahoo.co.uk)