SantSGill7“ ... ਸੰਗਤ ਦਰਸ਼ਨ ਦੌਰਾਨ ਲਾਲਸੰਤਰੀ ਅਤੇ ਨੀਲੀਆਂ ਬੱਤੀਆਂ ਵਾਲੀਆਂ ਸੈਂਕੜੇ ਗੱਡੀਆਂ ...
(21 ਅਪਰੈਲ 2017)

 

ਨਿਰਸੰਦੇਹ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਹੁਣ ਇਸ ਪਾਰਟੀ ਨੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਦੀ ਵਰਕਿੰਗ ਦੀ ਤਰਜ਼ ’ਤੇ ਕੰਮ ਕਰਨ ਦੀਆਂ ਤਰਜੀਹਾਂ ਤੈਅ ਕੀਤੀਆਂ ਹਨ, ਜਿਸ ਵਿੱਚ ਵੀ.ਆਈ.ਪੀ. ਕਲਚਰ ਦਾ ਖ਼ਾਤਮਾ ਅਤੇ ਨੀਂਹ ਪੱਥਰ ਰੱਖਣ ਦੀ ਰਵਾਇਤ ਨੂੰ ਬੰਦ ਕਰਨਾ ਹੈ। ਸਰਕਾਰ ਦੇ ਆਹਲਾ ਮਿਆਰੀ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਹ ਦੋ ਵੱਡੇ ਫੈਸਲੇ ਲੈਣ ਦੀ ਪ੍ਰੇਰਣਾ ਸ੍ਰ. ਮਨਪ੍ਰੀਤ ਸਿੰਘ ਬਾਦਲ ਦੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦ੍ਰਿੜ੍ਹ ਸੰਕਲਪ ਅਤੇ ਇੱਛਾ-ਸ਼ਕਤੀ ਨੇ ਇਹਨਾਂ ਦੋਹਾਂ ਰਵਾਇਤੀ ਪਰੰਪਰਾ ਦੇ ਖ਼ਾਤਮੇ ਦੀ ਸ਼ੁਰੂਆਤ ਕਰ ਦਿੱਤੀ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੂਰੇ ਯੂਰਪੀਅਨ ਮੁਲਕਾਂ ਵਿੱਚ, ਅਮਰੀਕਾ ਅਤੇ ਕੈਨੇਡਾ ਵਿੱਚ ਸਿਰਫ ਹੈੱਡ ਆਫ ਦੀ ਸਟੇਟ ਅਤੇ ਹੈੱਡ ਆਫ ਦੀ ਗੌਰਮਿੰਟ ਤੋਂ ਬਗ਼ੈਰ ਲਾਲ ਬੱਤੀ ਲਗਾਉਣ ਦੇ ਕਿਸੇ ਨੂੰ ਅਧਿਕਾਰ ਨਹੀਂ ਹਨ ਅਤੇ ਨੀਂਹ ਪੱਥਰ ਰੱਖਣ ਦੀ ਕੋਈ ਰਸਮ ਨਹੀਂ ਹੈ, ਜਦੋਂ ਕਿ ਪ੍ਰੋਜੈਕਟ ਮੁਕੰਮਲ ਹੋਣ ’ਤੇ ਉਸ ਦਾ ਉਦਘਾਟਨ ਬਹੁਤ ਹੀ ਸਾਦਗੀ ਭਰਪੂਰ ਢੰਗ ਨਾਲ ਕੀਤਾ ਜਾਂਦਾ ਹੈ। ਵੱਡੇ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਦੀ ਸੂਰਤ ਵਿੱਚ ਮਹਿਕਮੇ ਦੇ ਮੰਤਰੀ ਸਾਹਿਬਾਨ, ਵਿਭਾਗ ਦਾ ਇੱਕ ਅਫ਼ਸਰ ਅਤੇ ਇੱਕ ਹੋਰ ਸਹਾਇਕ ਅਫ਼ਸਰ ਹੀ ਉਦਘਾਟਨ ਦੀ ਰਸਮ ਕਰਦੇ ਹਨ। ਸਾਡੇ ਵਾਂਗ ਬਹੁਤ ਵੱਡਾ ਇਕੱਠ ਕਰਕੇ ਘੰਟਿਆਂ-ਬੱਧੀ ਵੀ.ਆਈ.ਪੀ. ਦੇ ਆਉਣ ਤੱਕ ਇੰਤਜ਼ਾਰ ਨਹੀਂ ਕਰਨਾ ਪੈਂਦਾ।

ਸੂਬਾਈ ਸਰਕਾਰਾਂ ਵਿੱਚ ਮੁਲਕ ਆਜ਼ਾਦ ਹੋਣ ਤੋਂ ਹੁਣ ਤੱਕ ਵੀ.ਆਈ.ਪੀ. ਕਲਚਰ ਲਾਗੂ ਹੈ। ਭਰਤੀ ਹੋਣ ਸਾਰ ਅਫਸਰ ਲਾਲ ਬੱਤੀ ਦੀ ਵਰਤੋਂ ਕਰਦਾ ਆ ਰਿਹਾ ਹੈ। ਗੱਡੀ ’ਤੇ ਬੱਤੀ ਲਾਏ ਬਗ਼ੈਰ ਉਸ ਨੂੰ ਆਪਣੀ ਅਫਸਰੀ ਫੋਕੀ ਜਿਹੀ ਮਹਿਸੂਸ ਹੁੰਦੀ ਹੈ, ਇਸੇ ਕਰਕੇ ਪੰਜਾਬ ਵਿੱਚ ਨਾਇਬ ਤਹਿਸੀਲਦਾਰ, ਜਿਹੜਾ ਸਰਕਾਰ ਦਾ ਇੱਕ ਕਰਮਚਾਰੀ ਹੈ, ਨੀਲੀ ਬੱਤੀ ਲਾਏ ਬਗ਼ੈਰ ਆਪਣੀ ਡਿਊਟੀ ’ਤੇ ਨਹੀਂ ਆਉਂਦਾ। ਬਾਦਲ ਸਰਕਾਰ ਨੇ ਬੱਤੀ ਦਾ ਨਿਖੇੜਾ ਕਰਕੇ ਨੌਕਰਸ਼ਾਹ, ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਵਿੱਚ ਵੱਖਰੀ-ਵੱਖਰੀ ਪਹਿਚਾਣ ਸਥਾਪਿਤ ਕਰ ਦਿੱਤੀ ਸੀ ਨਹੀਂ ਤਾਂ ਇੱਕ ਤਹਿਸੀਲਦਾਰ ਅਤੇ ਐੱਮ.ਐੱਲ.ਏ. (ਜਿਸ ਦਾ ਦਰਜਾ ਸਰਕਾਰ ਦੇ ਮੁੱਖ ਸਕੱਤਰ ਤੋਂ ਉੱਪਰ ਹੁੰਦਾ ਹੈ) ਇੱਕੋ ਦਰਜੇ ਵਿੱਚ ਨਜ਼ਰ ਆਉਂਦੇ ਸਨ।

ਮੈਂ ਭਾਰਤ ਸਰਕਾਰ ਦੇ ਇੱਕ ਨੈਸ਼ਨਲ ਕਮਿਸ਼ਨ ਵਿੱਚ ਵਾਈਸ ਚੇਅਰਮੈਨ ਨਾਲ ਨਿੱਜੀ ਸਕੱਤਰ ਹੁੰਦੇ ਹੋੲ ਪ੍ਰੋਟੋਕੋਲ ਸਿਸਟਮ ਨੂੰ ਨੇੜੇ ਹੋ ਕੇ ਵੇਖਿਆ ਹੈ। ਨਵੀਂ ਦਿੱਲੀ ਵਿਖੇ ਅੱਜ ਤੋਂ ਵੀਹ ਸਾਲ ਪਹਿਲਾਂ ਇਹ ਹਦਾਇਤਾਂ ਸਨ ਕਿ ਸਟੇਟ ਦਾ ਚੀਫ ਸੈਕਟਰੀ ਅਤੇ ਭਾਰਤ ਸਰਕਾਰ ਦਾ ਸੈਕਟਰੀ ਦਿੱਲੀ ਵਿੱਚ ਵਿਚਰਦੇ ਸਮੇਂ ਲਾਲ ਬੱਤੀ ਨਹੀਂ ਸੀ ਲਾ ਸਕਦੇ। ਦਿੱਲੀ ਕੌਮੀ ਰਾਜਧਾਨੀ ਹੋਣ ਕਰਕੇ ਇੱਥੇ ਸੂਬਿਆਂ ਦੇ ਐੱਮ.ਐੱਲ.ਏ., ਮੰਤਰੀ, ਮੁੱਖ ਮੰਤਰੀ, ਪਾਰਲੀਮੈਂਟ ਦੇ ਮੈਂਬਰ, ਕੇਂਦਰੀ ਮੰਤਰੀ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਿਦੇਸ਼ੀ ਡਿਪਲੋਮੈਟ ਹੋਣ ਕਰਕੇ ਲਾਲ ਬੱਤੀ ਵਾਲੀਆਂ ਗੱਡੀਆਂ ਦੀ ਭਰਮਾਰ ਬਣੀ ਰਹਿੰਦੀ ਹੈ। ਇਸ ਕਰਕੇ ਸਰਕਾਰ ਨੇ ਆਪਣੇ ਨੌਕਰਸ਼ਾਹਾਂ ਨੂੰ ਬੱਤੀ ਦੀ ਇਜਾਜ਼ਤ ਨਹੀਂ ਦਿੱਤੀ।

ਕੈਪਟਨ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਾਲ ਬੱਤੀ ਕਲਚਰ ਖ਼ਤਮ ਕਰਕੇ ਬਹੁਤ ਹੀ ਸ਼ਲਾਘਾਯੋਗ ਅਤੇ ਦਲੇਰਾਨਾ ਕਦਮ ਚੁੱਕਿਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰੰਤੂ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਬਾਦਲ ਦੀ ਇਹ ਟਿੱਪਣੀ, “‘ਲਾਲ ਬੱਤੀ ਲਾਉਣ ਜਾਂ ਨਾ ਲਾਉਣ ਨਾਲ ਕੀ ਫ਼ਰਕ ਪੈਂਦਾ ਹੈ।” ਸੁਣ ਕੇ ਲੋਕ ਇਹ ਕਹਿੰਦੇ ਆਮ ਹੀ ਸੁਣੇ ਗਏ ਕਿ ਸਰਦਾਰ ਬਾਦਲ 90 ਸਾਲ ਦੀ ਉਮਰ ਤੱਕ ਪਹੁੰਚ ਕੇ ਵੀ ਚੰਗੇ ਕੰਮ ਨੂੰ ਚੰਗਾ ਕਹਿਣਾ ਨਹੀਂ ਸਿੱਖ ਸਕੇ। ਜਦੋਂ ਕਿ ਇਸ ਤੋਂ ਚੰਗਾ ਹੋਰ ਕੀ ਹੁੰਦਾ ਕਿ ਆਮ ਸ਼ਹਿਰੀਆਂ ਦੀ ਤਰ੍ਹਾਂ ਸੜਕ ’ਤੇ ਜਾ ਰਹੇ ਵਿੱਤ ਮੰਤਰੀ ਨੂੰ ਪੁਲੀਸ-ਕਰਮੀ ਵੀ ਪਛਾਣ ਨਾ ਸਕੇ ਅਤੇ ਉਨ੍ਹਾਂ ਨੂੰ ਰੰਗੇ-ਹੱਥੀਂ ਰਿਸ਼ਵਤ ਲੈਂਦੇ ਹੋਏ, ਵਿੱਤ ਮੰਤਰੀ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਸ੍ਰ. ਮਨਪ੍ਰੀਤ ਸਿੰਘ ਬਾਦਲ ਦੀ ਸਾਦਗੀ ਅਗਾਂਹਵਧੂ ਦੇਸ਼ਾਂ ਦੇ ਸਿਆਸਤਦਾਨਾਂ ਦੇ ਬਰਾਬਰ ਦੀ ਹੈ, ਜਿਹੜੇ ਆਪਣਾ ਮੰਤਰੀ-ਪਦ ਦਾ ਫਰਜ਼ ਨਿਭਾਉਂਦੇ ਹੋਏ ਆਮ ਲੋਕਾਂ ਦੀ ਤਰ੍ਹਾਂ ਹੀ ਵਿਚਰਦੇ ਹਨ।

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਦੇ ਸੰਗਤ ਦਰਸ਼ਨ ਦੌਰਾਨ ਲਾਲ, ਸੰਤਰੀ ਅਤੇ ਨੀਲੀਆਂ ਬੱਤੀਆਂ ਵਾਲੀਆਂ ਸੈਂਕੜੇ ਗੱਡੀਆਂ ਆਮ ਲੋਕਾਂ ਲਈ ਦਹਿਸ਼ਤ ਅਤੇ ਪਰੇਸ਼ਾਨੀ ਹੀ ਪੈਦਾ ਕਰਦੀਆਂ ਸਨ। ਪੁਲੀਸ ਕਰਮਚਾਰੀ ਅਤੇ ਅਫਸਰ ਅਲੱਗ ਪਰੇਸ਼ਾਨ ਹੁੰਦੇ ਸਨ। ਵੀ.ਆਈ.ਪੀ. ਅਫ਼ਸਰਾਂ ਦੀ ਇਸ ਫੌਜ ਲਈ ਸ਼ਾਹੀ-ਖਾਣੇ ’ਤੇ ਲੱਖਾਂ ਰੁਪਏ ਅਲੱਗ ਖਰਚ ਹੁੰਦੇ ਸਨ। ਗੱਡੀ ਉੱਪਰ ਲਾਲ ਬੱਤੀ ਹੁਕਮਰਾਨ ਪਾਰਟੀ ਦੇ ਲੀਡਰ ਆਮ ਹੀ ਲਾਉਂਦੇ ਰਹੇ ਹਨ, ਜਿਨ੍ਹਾਂ ਕੋਲ ਕੋਈ ਔਹੁਦਾ ਵੀ ਨਹੀਂ ਸੀ ਹੁੰਦਾ। ਵੀ.ਆਈ.ਪੀ. ਅਤੇ ਅਫਸਰਾਂ ਦੇ ਪਰਿਵਾਰ ਵੀ ਬੱਤੀ ਲਾ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਰਹੇ ਹਨ। ਇਹ ਸਭ ਕੁੱਝ ਇੱਕੋ ਝਟਕੇ ਨਾਲ ਬੰਦ ਹੋ ਗਿਆ ਹੈ।

ਨੀਂਹ ਪੱਥਰ ਰੱਖਣ ਦੀ ਰਵਾਇਤ ਖ਼ਤਮ ਕਰਕੇ ਪੰਜਾਬ ਸਰਕਾਰ ਨੇ ਹੋਰ ਮਾਰਕੇ ਦਾ ਕੰਮ ਕੀਤਾ ਹੈ। ਨਹੀਂ ਤਾਂ ਨੀਂਹ ਪੱਥਰ ਰੱਖਣ ਦੇ ਸਿਲਸਲੇ ਵਿੱਚ ਸਿਆਸਤਦਾਨ ਇੱਕ-ਦੂਜੇ ਤੋਂ ਮੂਹਰੇ ਹੋ ਕੇ ਡਿੱਗਦੇ ਹਨ। ਪੰਜਾਬ ਵਿੱਚ ਬੜੀ ਹੀ ਹਾਸੋਹੀਣੀ ਮਿਸਾਲ ਹੈ ਕਿ ਸਰਕਾਰ ਬਾਦਲ ਨੇ 2 ਦਸੰਬਰ, 1979 ਨੂੰ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਵਿੱਚ ਆਪਣੇ ਇੱਕ ਐੱਮ.ਐੱਲ.ਏ. ਦੀ ਸਪੁੱਤਰੀ ਦੇ ਵਿਆਹ ’ਤੇ ਹਾਜ਼ਰ ਹੋਣ ਲਈ ਉਸ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਣ ਦਾ ਨੀਂਹ ਪੱਥਰ ਬਤੌਰ ਮੁੱਖ ਮੰਤਰੀ ਰੱਖਿਆ। ਸ਼ਾਇਦ ਕਿਸੇ ਕਲਰਕ-ਨੁਮਾ ਸੋਚ ਦੇ ਮਾਲਕ ਅਫ਼ਸਰ ਨੇ ਟੂਰ ਨੂੰ ਜਸਟੀਫਾਈ ਕਰਨ ਲਈ ਬਾਦਲ ਸਾਹਿਬ ਤੋਂ ਇਹ ਪੱਥਰ ਲਗਵਾ ਦਿੱਤਾ। ਸ. ਮਨਪ੍ਰੀਤ ਸਿੰਘ ਬਾਦਲ ਜੀ ਦੇ ਤਾਇਆ ਜੀ ਵੱਲੋਂ ਸਿਰਫ ਗਲੀਆਂ ਨਾਲੀਆਂ ਦੇ ਨੀਂਹ ਪੱਥਰ ਰੱਖਣ ਤੋਂ ਲੈ ਕੇ ਵੱਡੇ ਪ੍ਰੋਜੈਕਟਾਂ ਤੱਕ ਦੇ ਨੀਂਹ ਪੱਥਰਾਂ ਦੀ ਰਸਮ ਸ. ਮਨਪ੍ਰੀਤ ਸਿੰਘ ਬਾਦਲ ਜੀ ਦੀ ਪ੍ਰੇਰਣਾ ਨਾਲ ਸਰਕਾਰ ਨੇ ਬੰਦ ਹੀ ਕਰ ਦਿੱਤੀ। ਇਹ ਪ੍ਰੇਰਣਾ ਸ. ਮਨਪ੍ਰੀਤ ਸਿੰਘ ਬਾਦਲ ਨੂੰ ਅਮਰੀਕਾ ਵਿੱਚ ਇੱਕ ਡੈਮ ’ਤੇ ਲੱਗੀ ਪਲੇਟ ਤੋਂ ਮਿਲੀ ਸੀ, ਜਿਸ ’ਤੇ ਲਿਖਿਆ ਸੀ,  “Dam built with the money of tax collected from the people of the country.”

ਇਸੇ ਡੈਮ ਦੀ ਇਸ ਪਿੱਤਲ ਦੀ ਪਲੇਟ ’ਤੇ ਉੱਕਰੇ ਅੱਖਰਾਂ ਤੋਂ ਪ੍ਰੇਰਣਾ ਲੈ ਕੇ ਸ. ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿੱਚ ਇੱਕ ਇਤਿਹਾਸਕ ਕਾਰਜ ਕਰਵਾ ਦਿੱਤਾ।

*****

(675)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੰਤ ਸਿੰਘ ਗਿੱਲ

ਸੰਤ ਸਿੰਘ ਗਿੱਲ

Baba Farid Nagar, Bathinda, Punjab, India.
Phone: (91 - 99886 - 38498)
Email: (ssgill239@gmail.com)