“ਅਚਾਨਕ ਮੌਤ ਦਾ ਸੁਨੇਹਾ ਸਾਡੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਲਈ ਅਸਮਾਨੋਂ ਡਿੱਗੀ ਬਿਜਲੀ ਸੀ ...”
(2 ਅਪਰੈਲ 2019)
ਦੁਨੀਆਂ ਦੀ ਹਰ ਕੌਮ ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੀ ਵਿਰਾਸਤ ’ਤੇ ਮਾਣ ਕਰਦੀ ਹੈ। ਦੁਨੀਆ ਵਿੱਚ ਸਿੱਖ ਕੌਮ ਭਾਵੇਂ ਉਮਰ ਵਿੱਚ ਛੋਟੀ ਹੋਵੇ, ਗਿਣਤੀ ਵਿੱਚ ਵੀ ਭਾਵੇਂ ਛੋਟੀ ਹੋਵੇ ਪ੍ਰੰਤੂ ਆਪਣੇ ਵਿਲੱਖਣ ਗੁਣਾਂ ਕਰਕੇ ਹੋਰ ਕੌਮਾਂ ਲਈ ਵੀ ਰਾਹ-ਦਸੇਰਾ ਬਣ ਗਈ ਹੈ। ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਵੱਲੋਂ ਚਲਾਈ ਲੰਗਰ ਦੀ ਸੇਵਾ ਬਗੈਰ ਧਰਮ, ਜਾਤੀ, ਇਲਾਕੇ ਦੇ ਭੇਦ-ਭਾਵ ਤੋਂ ਉੱਪਰ ਉੱਠਕੇ ਕਰਨ ਦੀ ਲਾਲਸਾ ਵੀ ਦੁਨੀਆ ਲਈ ਉਦਾਹਰਣ ਬਣ ਰਹੀ ਹੈ। ਕੋਈ ਕੁਦਰਤੀ ਆਫਤ ਆਵੇ, ਫਿਰਕੂ ਲੋਕਾਂ ਦੀਆਂ ਭੀੜਾਂ ਸਮੂਹਿਕ ਹਿੰਸਾ ’ਤੇ ਉੱਤਰ ਆਉਣ ਤਾਂ ਪੀੜਤਾਂ ਨੂੰ ਬਚਾਉਣ ਲਈ ਸਿੱਖ ਯੋਧੇ ਜਾਨ ਤਲੀ ’ਤੇ ਧਰਕੇ ਮੈਦਾਨ ਵਿੱਚ ਆ ਖਲੋਂਦੇ ਹਨ। ਜਿਵੇਂ ਹੁਣੇ-ਹੁਣੇ ਭਾਰਤ ਵਿੱਚ ਸੀ.ਆਰ.ਪੀ.ਐੱਫ. ਦੀ ਕਾਨਵਾਈ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਖੂਨੀ ਹਮਲੇ ਤੋਂ ਬਾਅਦ ਮੁਸਲਮਾਨਾਂ ਖਾਸ ਕਰਕੇ ਕਾਲਜ ਪੜ੍ਹਦੇ ਮੁਸਲਮਾਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਫਿਰਕੂ ਟੋਲੀਆਂ ਵੱਲੋਂ ਕੀਤੇ ਹਮਲੇ ਰੋਕਣ ਲਈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਕਿਵੇਂ ਗੁਰਦਵਾਰਿਆਂ ਦੇ ਦਰ ਉਹਨਾਂ ਦੀ ਸੁਰੱਖਿਆ ਲਈ ਖੋਲ੍ਹ ਦਿੱਤੇ।
ਪੰਜਾਬੀਆਂ, ਖਾਸ ਕਰਕੇ ਸਿੱਖਾਂ ਵਿੱਚ ਇੱਕ-ਦੂਜੇ ਦੇ ਕੰਮ ਆਉਣ ਦੀ ਭਾਵਨਾ, ਉਦਾਰ-ਦਿੱਲੀ, ਤਰਸ ਕਰਨ ਦੀ ਭਾਵਨਾ ਉਹਨਾਂ ਦੀ ਰਗ-ਰਗ ਵਿੱਚ ਹੈ ਅਤੇ ਉਹਨਾਂ ਦੇ ਅਮਲਾਂ ਤੋਂ ਇਸਦਾ ਪ੍ਰਤੱਖ ਪ੍ਰਗਟਾਵਾ ਹੁੰਦਾ ਹੈ। ਹੱਡ-ਬੀਤੀ ਵਿੱਚੋਂ ਇਸ ਪ੍ਰਗਟਾਵੇ ਦੀ ਪ੍ਰਤੱਖ ਮਿਸਾਲ ਦਾ ਜ਼ਿਕਰ ਕਰਨਾ ਮੈਂ ਇੱਥੇ ਜ਼ਰੂਰੀ ਸਮਝਦਾ ਹਾਂ।
10 ਦਸੰਬਰ, 2018 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਰਹਿੰਦੀ ਮੇਰੀ ਬੇਟੀ ਸੁਖਜੀਤ ਦੀ ਅਚਾਨਕ ਮੌਤ ਦਾ ਸੁਨੇਹਾ ਸਾਡੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਲਈ ਅਸਮਾਨੋਂ ਡਿੱਗੀ ਬਿਜਲੀ ਸੀ। ਜਿਹੜੀ ਸਾਡੀ ਬੇਟੀ ਨੂੰ ਸਾਡੇ ਤੋਂ ਖੋਹ ਕੇ ਲੈ ਗਈ। ਮੌਤ ਤੋਂ ਤੁਰੰਤ ਬਾਅਦ ਅਸੀਂ ਬੇਟੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਪ੍ਰੰਤੂ ਅਖੀਰ ਫੈਸਲਾ ਹੋਇਆ ਕਿ ਬੇਟੀ ਦਾ ਅੰਤਮ ਸੰਸਕਾਰ ਔਕਲੈਂਡ ਹੀ ਕੀਤਾ ਜਾਵੇ ਅਤੇ ਮੈਂ ਵੀਜਾ ਲੈ ਕੇ 26 ਦਸੰਬਰ, 2018 ਨੂੰ ਔਕਲੈਂਡ ਪਹੁੰਚ ਗਿਆ।
ਬੇਟੀ ਦਾ ਸੰਸਕਾਰ ਲੰਮਾ ਹੋ ਜਾਣ ਕਾਰਨ ਸਿੱਖ/ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ। ਜਦੋਂ ਮੈਂ ਔਕਲੈਂਡ ਦੇ ਗੁਰਦਵਾਰਾ ਟਾਕਾ ਨਿੰਨੀ ਦੇ ਪ੍ਰਧਾਨ ਸ੍ਰ. ਦਿਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਜਿਵੇਂ ਮੇਰੇ ਫੋਨ ਦਾ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਮੌਤ ਤੋਂ ਪਹਿਲਾਂ ਤੋਂ ਜਾਣੂ ਸਨ, ਬੋਲੇ, ਸਾਨੂੰ ਦੱਸੋ ਤੁਹਾਨੂੰ ਵੀਜਾ ਲੈਣ ਵਿੱਚ ਕੀ ਦਿੱਕਤ ਆ ਰਹੀ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਵੀਜਾ ਲੱਗ ਗਿਆ ਹੈ ਅਤੇ ਮੈਂ ਮਿਤੀ 27 ਦਸੰਬਰ ਨੂੰ ਔਕਲੈਂਡ ਪਹੁੰਚ ਰਿਹਾ ਹਾਂ। ਮਿੱਥੇ ਪ੍ਰੋਗਰਾਮ ’ਤੇ ਪ੍ਰਧਾਨ ਜੀ ਨੇ ਹਵਾਈ ਅੱਡੇ ’ਤੇ ਤਿੰਨ ਸਿੰਘ ਮੈਂਨੂੰ ਲੈਣ ਲਈ ਭੇਜ ਦਿੱਤੇ ਅਤੇ ਸਾਡੇ ਜਾਣੂ ਸੱਜਣਾਂ ਦਾ ਰਿਸ਼ਤੇਦਾਰ ਦਵਿੰਦਰ ਸਿੰਘ ਵੀ ਹਵਾਈ ਅੱਡੇ ’ਤੇ ਪਹੁੰਚ ਗਿਆ। ਮੈਂ ਸਿੰਘਾਂ ਨਾਲ ਬੈਠ ਕੇ ਪਹਿਲਾਂ ਗੁਰਦਵਾਰਾ ਸਾਹਿਬ ਨਤਮਸਤਕ ਹੋਇਆ ਅਤੇ ਫਿਰ ਸ੍ਰ. ਦਲਜੀਤ ਸਿੰਘ ਜੀ ਨੂੰ ਮਿਲਿਆ।
ਪ੍ਰਧਾਨ ਜੀ ਨੇ ਮੇਰੇ ਨਾਲ ਦੁੱਖ ਸਾਂਝਾ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ। ਦੂਸਰੇ ਦਿਨ ਬੇਟੀ ਦੇ ਅੰਤਮ ਸੰਸਕਾਰ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਸ੍ਰ. ਗੁਰਵਿੰਦਰ ਸਿੰਘ ਔਲਖ ਦਾ ਸਟੋਰ ਮੇਰੇ ਲਈ ਦਿਨ ਦੀ ਠਹਿਰ ਅਤੇ ਸਹਾਰਾ ਬਣ ਗਿਆ। ਹੁਸ਼ਿਆਰਪੁਰ ਤੋਂ ਸ੍ਰ. ਹਰਜਿੰਦਰ ਸਿੰਘ ਬਸਿਆਲਾ ਜੋ ਇੱਕ ਪੱਤਰਕਾਰ ਦੇ ਨਾਲ-ਨਾਲ ਜੇ.ਪੀ.ਵੀ. ਹਨ ਵੀ ਮੇਰੇ ਨਾਲ ਦੁੱਖ ਸਾਂਝਾ ਕਰਦੇ ਰਹੇ। ਇਸ ਤੋਂ ਇਲਾਵਾ ਗੁਰਦਵਾਰਾ ਦੁੱਖ ਨਿਵਾਰਨ ਪਾਪਾਕੁਰਾ ਦੇ ਪ੍ਰਧਾਨ ਅਤੇ ਸਟਾਫ਼ ਵੀ ਮੈਂਨੂੰ ਇਸ ਦੁੱਖ ਵਿੱਚ ਹੌਸਲਾ ਦਿੰਦੇ ਰਹੇ।
ਜਲੰਧਰ ਤੋਂ ਸ੍ਰ. ਚਰਨਜੀਤ ਸਿੰਘ ਖਾਲਸਾ ਮੈਂਨੂੰ ਸ਼ਾਮ ਵੇਲੇ ਗੁਰਦਵਾਰਾ ਸਾਹਿਬ ਤੋਂ ਘਰ ਛੱਡ ਕੇ ਜਾਂਦੇ ਰਹੇ। ਇਹਨਾਂ ਸਾਰੇ ਸੱਜਣਾਂ ਨਾਲ ਮੇਰੀ ਕੋਈ ਅਗਲੀ ਪਿਛਲੀ ਸਾਂਝ ਨਹੀਂ ਸੀ। ਇਲਾਕੇ ਦੀ ਜਾਤ ਦੀ ਵੀ ਕੋਈ ਸਾਂਝ ਨਹੀਂ ਸੀ। ਸਾਂਝ ਸੀ ਤਾਂ ਧਰਮ ਦੀ, ਇੱਕ ਪੰਜਾਬੀ ਹੋਣ ਦੀ, ਇਨਸਾਨੀਅਤ ਦੀ, ਜਿਹੜੀ ਇਹਨਾਂ ਨੇ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਵੀ ਵਧੀਆ ਨਿਭਾਈ। ਜਦੋਂ ਵੀ ਮੈਂਨੂੰ ਕੋਈ ਪੰਜਾਬੀ ਟੈਕਸੀ ਡਰਾਈਵਰ ਮਿਲਿਆ ਤਾਂ ਉਹ ਪਹਿਲਾਂ ਹੀ ਮੇਰੀ ਬੇਟੀ ਦੀ ਅਚਾਨਕ ਹੋਈ ਮੌਤ ਤੋਂ ਜਾਣੂ ਹੁੰਦਾ ਸੀ ਕਿਉਂਕਿ ਟਾਕਾ ਨਿੰਨੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਜੀ ਨੇ ਆਪਣੇ ਸਰਕਲ ਦੇ ਸੱਜਣਾਂ ਨੂੰ ਇਸ ਮੌਤ ਦਾ ਸੁਨੇਹਾ ਭੇਜ ਦਿੱਤਾ ਸੀ।
ਪੰਜਾਬੀਆਂ ਦੇ ਏਕੇ ਨੇ, ਉਹਨਾਂ ਦੀ ਸਾਂਝ ਨੇ ਅਤੇ ਦੁੱਖ ਦਰਦਾਂ ਵਿੱਚ ਹਮਦਰਦੀ ਅਤੇ ਕੰਮ ਆਉਣ ਦੀ ਭਾਵਨਾ ਨੇ ਮੈਂਨੂੰ ਵਿਦੇਸ਼ ਵਿੱਚ ਇਕੱਲਾ ਹੋਣ ਦਾ ਅਹਿਸਾਸ ਹੋਣ ਹੀ ਨਹੀਂ ਦਿੱਤਾ। ਵਾਪਸੀ ਵੇਲੇ ਭਾਵੇਂ ਮੇਰੀ ਬੇਟੀ ਮੇਰੇ ਨਾਲ ਨਹੀਂ ਸੀ ਪ੍ਰੰਤੂ ਪੰਜਾਬੀਆਂ ਦਾ ਪਿਆਰ ਅਤੇ ਦੁੱਖ ਵਿੱਚ ਮੇਰੇ ਨਾਲ ਖੜ੍ਹੇ ਹੋਣ ਦਾ ਅਹਿਸਾਸ ਮੇਰੇ ਨਾਲ ਸੀ ਅਤੇ ਹਮੇਸ਼ਾ ਰਹੇਗਾ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1539)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)