“ਬੇਸ਼ਕ ਕੁੱਲ ਮਿਲਾ ਕੇ ਮੌਜੂਦਾ ਸਰਕਾਰ ਅਤੇ ਆਮ ਆਦਮੀ ਪਾਰਟੀ ਇਹ ਚੋਣਾਂ ਜਿੱਤ ਗਈ ਹੈ ਪਰ ...”
(18 ਦਸੰਬਰ 2025)
ਨਿੱਬੜ ਗਿਆ ਕੰਮ। ਆਖ਼ਰਕਾਰ ਹੋ ਹੀ ਗਈਆਂ ਬਲਾਕ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਿਰਾਂ ਤੋਂ ਲਟਕ ਰਹੀਆਂ ਚੋਣਾਂ। ਚਲੋ ਚੰਗਾ ਹੋਇਆ, ਯੱਭ ਵੱਢ ਹੋਇਆ ਤੇ ਰੌਲਾ ਮੁੱਕਿਆ। ਵੈਸੇ ਤਾਂ ਇਨ੍ਹਾਂ ਚੋਣਾਂ ਦਾ ਐਡਾ ਕੋਈ ਮਹੱਤਵ ਨੀ ਹੁੰਦਾ ਪਰ ਫਿਰ ਵੀ ਬਹੁਤ ਕੁਝ ਕਹਿ ਗਈਆਂ ਹਨ ਇਹ ਚੋਣਾਂ। ਪੜਚੋਲ ਕਰੀਏ ਤਾਂ ਇਨ੍ਹਾਂ ਚੋਣਾਂ ਦੌਰਾਨ ਭਵਿੱਖ ਦੇ ਕਈ ਨਵੇਂ ਅਤੇ ਅਲੱਗ ਰਾਜਨੀਤਿਕ ਸਮੀਕਰਨ ਸਾਹਮਣੇ ਆਏ ਹਨ। ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਸਰਕਾਰ ਦੇ ਕੰਮਾਂ ਪ੍ਰਤੀ ਫਤਵਾ ਦਿੱਤਾ ਹੈ ਲੋਕਾਂ ਨੇ, ਇਨ੍ਹਾਂ ਚੋਣਾਂ ਰਾਹੀਂ। ਬੇਸ਼ਕ ਕੁੱਲ ਮਿਲਾ ਕੇ ਮੌਜੂਦਾ ਸਰਕਾਰ ਅਤੇ ਆਮ ਆਦਮੀ ਪਾਰਟੀ ਇਹ ਚੋਣਾਂ ਜਿੱਤ ਗਈ ਹੈ ਪਰ ਇਹਦੇ ਵਿੱਚ ਜ਼ਿਆਦਾਤਰ ਉਹ ਸੀਟਾਂ ਵੀ ਨੇ ਜਿਨ੍ਹਾਂ ’ਤੇ ਕੋਈ ਮੁਕਾਬਲਾ ਹੀ ਨਹੀਂ ਹੋਇਆ ਜਾਂ ਫਿਰ ਸਰਕਾਰ ਸਰਬਸੰਮਤੀ ਕਰਾਉਣ ਵਿੱਚ ਕਾਮਯਾਬ ਰਹੀ। ਸਰਕਾਰ ਵੱਲੋਂ ਥੋੜ੍ਹਾ ਬਹੁਤ ਧੱਕਾ ਵੀ ਹੋਇਆ ਅਤੇ ਐਨਾ ਕੁ ਸੱਤਾਧਾਰੀ ਧਿਰ ਕਰਦੀ ਵੀ ਆਈ ਹੈ।
ਸਮੀਖਿਆ ਦੌਰਾਨ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਕਈ ਮੁੱਖ ਆਗੂਆਂ ਵੱਲੋਂ ਵੱਖ ਹੋ ਕੇ ਆਪਣੀ ਅਲੱਗ ਨਵੀਂ ਪਾਰਟੀ ‘ਪੁਨਰ ਸਰਜੀਤੀ ਅਕਾਲੀ ਦਲ’ ਬਣਾਉਣ ਦੇ ਬਾਵਜੂਦ ਵੀ ਜ਼ਬਰਦਸਤ ਵਾਪਸੀ ਕੀਤੀ ਹੈ, ਅਕਾਲੀ ਦਲ ਨੇ। ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਹਾਲੇ ਵੀ ਉਨ੍ਹਾਂ ਦੇ ਦਿਲਾਂ ਵਿੱਚੋਂ ਅਕਾਲੀ ਦਲ ਨੇ ਆਪਣੀ ਥਾਂ ਨਹੀਂ ਗੁਆਈ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਹੋਰ ਨਾਂ ਲੋਕਾਂ ਦੇ ਮੂੰਹ ਹੀ ਨਹੀਂ ਚੜ੍ਹਦਾ। ਵੈਸੇ ਦੇਖਿਆ ਜਾਵੇ ਤਾਂ ਲੋਕ ਵੀ ਇਹ ਗੱਲ ਸਮਝਦੇ ਹਨ ਕਿ ਦਲ ਭਾਵੇਂ ਨਵਾਂ ਹੈ ਪਰ ਵਿੱਚ ਨੇਤਾ ਤਾਂ ਉਹੀ ਨੇ ਜੋ ਉਦੋਂ ਤਾਂ ਬਾਦਲਾਂ ਦੀਆਂ ਕਰਤੂਤਾਂ ’ਤੇ ਮਨਮਰਜ਼ੀ ਦੇ ਕੰਮਾਂ ਵਿੱਚ ਸ਼ਰੀਕ ਅਤੇ ਬਰਾਬਰ ਦੇ ਭਾਗੀਦਾਰ ਰਹੇ ਹਨ ਅਤੇ ਹੁਣ ਆਪਣੀਆਂ ਨਿੱਜੀ ਲੋੜਾਂ ਦੀ ਖਾਤਰ ਜਾਂ ਕਹਿ ਲਓ ਪਾਰਟੀ ਦੀ ਮਾੜੀ ਹਾਲਤ ਦੇਖ ਕੇ ਅਲੱਗ ਤੋਂ ਆਪਣੀ ਪਾਰਟੀ ਬਣਾ ਕੇ ਖੜ੍ਹੇ ਹੋ ਗਏ ਹਨ। ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਤਾਂ ਹੈ, ਜਦੋਂ ਇਹ ‘ਸਭ ਕੁਝ’ ਹੋ ਰਿਹਾ ਸੀ, ਉਦੋਂ ਕਿੱਥੇ ਸਨ ਇਹ ‘ਹਮਦਰਦ’? ਖ਼ੈਰ, ਲੋਕਾਂ ਨੇ ਇਨ੍ਹਾਂ ਨੂੰ ਵੀ ਫਤਵਾ ਦੇ ਦਿੱਤਾ ਹੈ।
ਉਂਝ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਜੋ, ਜੇਕਰ ਸੱਤਾ ਵਿੱਚ ਨਹੀਂ ਤਾਂ ਮੁੱਖ ਵਿਰੋਧੀ ਧਿਰ ਦੇ ਤੌਰ ’ਤੇ ਤਾਂ ਜ਼ਰੂਰ ਮੌਜੂਦ ਹੋਵੇ। ਬਸ਼ਰਤੇ ਕਿ ਉਹ ਖੇਤਰੀ ਪਾਰਟੀ ਇਮਾਨਦਾਰ ਹੋਵੇ ਅਤੇ ਕੇਂਦਰ ਦੀ ਹੱਥ ਠੋਕੀ ਨਾ ਹੋਵੇ। ਨਜ਼ਰ ਮਾਰੀਏ ਤਾਂ ਹਾਲ ਦੀ ਘੜੀ ਅਕਾਲੀ ਦਲ ਦੇ ਬਿਨਾਂ ਹੋਰ ਕੋਈ ਮਜ਼ਬੂਤ ਪਾਰਟੀ ਨਜ਼ਰ ਵੀ ਨਹੀਂ ਆ ਰਹੀ। ਸਮੇਂ ਦੀ ਲੋੜ ਹੈ ਅਕਾਲੀ ਆਪਣੀਆਂ ਅਤੀਤ ਦੀਆਂ ਗਲਤੀਆਂ ਤੋਂ ਸਬਕ ਲੈਣ, ਆਪਣੇ ਆਪ ਵਿੱਚ ਸੁਧਾਰ ਲਿਆਉਣ ਅਤੇ ਲੋਕ ਮਨਾਂ ਵਿੱਚ ਆਪਣੀ ਥਾਂ ਹੋਰ ਡੂੰਘੀ ਅਤੇ ਮਜ਼ਬੂਤ ਕਰਨ। ਜੇਕਰ ਲੰਗਾਹ ਅਤੇ ਵਲਟੋਹਾ ਜਿਹੇ ਆਗੂਆਂ ਨੂੰ ਲਗਾਮ ਪਾਈ ਹੁੰਦੀ ਤਾਂ ਅਕਾਲੀਆਂ ਨੂੰ ਹੋਰ ਵੀ ਬਿਹਤਰ ਨਤੀਜੇ ਮਿਲ ਸਕਦੇ ਸਨ।
ਕਾਂਗਰਸ ਦੀ ਗੱਲ ਕਰੀਏ ਤਾਂ “ਹਮਕੋ ਤੋ ਅਪਨੋਂ ਨੇ ਲੂਟਾ, ਗੈਰੋਂ ਮੇਂ ਕਹਾਂ ਦਮ ਥਾ, ਹਮਾਰੀ ਕਿਸ਼ਤੀ ਹੀ ਵਹਾਂ, ਡੂਬੀ ਜਹਾਂ ਪਾਨੀ ਕਮ ਥਾਂ।” ਸੱਚੋ ਸੱਚ ਕਿਹਾ ਜਾਵੇ ਤਾਂ ਕਾਂਗਰਸ ਪਾਰਟੀ ਦੇ ਆਪਸੀ ਘਮਸਾਨ ਅਤੇ ਪਾਰਟੀ ਵਿੱਚ ਮੌਜੂਦ ‘ਮੁੱਖ ਮੰਤਰੀਆਂ’ ਦੀ ਖੇਡ/ਲੜਾਈ ਨੇ ਹੀ ਪਾਰਟੀ ਦਾ ਬੇੜਾ ਗਰਕ ਕਰ ਰੱਖਿਆ ਹੈ। ਜਮਾਂ “ਨੌਂ ਪੂਰਬੀਏ ਤੇਰਾਂ ਚੁੱਲ੍ਹੇ” ਵਾਲੀ ਗੱਲ ਹੋਈ ਪਈ ਹੈ। ਪਾਰਟੀ ਵਿੱਚ ਇੱਕ ਦੋ ਨਹੀਂ, ਕਈ ਅੰਦਰੂਨੀ ਧੜੇ ਬਣੇ ਹੋਏ ਹਨ ਜੋ ਆਪਣੇ ਧੜੇ ਨੂੰ ਜਿਤਾਉਣ ਨਾਲੋਂ ਦੂਸਰਿਆਂ ਧੜਿਆਂ ਦੀਆਂ ਲੱਤਾਂ ਖਿੱਚਣ ਅਤੇ ਉਨ੍ਹਾਂ ਨੂੰ ਹਰਾਉਣ ਲਈ ਵੱਧ ਤੋਂ ਵੱਧ ਜ਼ੋਰ ਲਾਉਂਦੇ ਹਨ। ਇਹੀ ਕਾਟੋ ਕਲੇਸ਼ ਅਤੇ ਜ਼ੋਰ ਅਜ਼ਮਾਈ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਬੇਸ਼ਕ ਇਨ੍ਹਾਂ ਚੋਣਾਂ ਵਿੱਚ ਕਈ ਥਾਂਵਾਂ ’ਤੇ ਪਾਰਟੀ ਨੇ ਵਧੀਆ ਅਤੇ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਹੈ ਪਰ ਆਪਸੀ ਖਹਿਬਾਜ਼ੀ ਅਤੇ ਇਕਜੁੱਟਤਾ ਦੀ ਕਮੀ ਸਪਸ਼ਟ ਤੌਰ ’ਤੇ ਦੇਖਣ ਵਿੱਚ ਸਾਹਮਣੇ ਆਈ ਹੈ।
“ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ।” ਚੋਣਾਂ ਦਰਮਿਆਨ ਹੀ ਨਵਜੋਤ ਸਿੱਧੂ ਦੇ ਬਿਆਨਾਂ ਅਤੇ ਮੁੱਖ ਮੰਤਰੀ ਦੇ ਛਿੜੇ ਰਾਗ ਨੇ ਬਲਦੀ ਅੱਗ ਉੱਤੇ ਪੈਟਰੋਲ ਦਾ ਕੰਮ ਕੀਤਾ ਹੈ। ਬੇਸ਼ਕ ਕੌਮੀ ਪੱਧਰ ’ਤੇ ਰਾਹੁਲ ਗਾਂਧੀ ਦਿਨੋ-ਦਿਨ ਇੱਕ ਸਮਝਦਾਰ ਨੇਤਾ ਅਤੇ ਬੁਲਾਰੇ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਰ ਪੰਜਾਬ ਵਿੱਚ ਇਸ ਗੱਲ ਦਾ ਕੋਈ ਲਾਭ ਮਿਲਦਾ ਦਿਖਾਈ ਨਹੀਂ ਦੇ ਰਿਹਾ। ਪਾਰਟੀ ਦੀ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਆਪਹੁਦਰੇ ਚੱਲ ਰਹੇ ਆਗੂਆਂ ਵੱਲ ਧਿਆਨ ਦੇਵੇ ਅਤੇ ਪਾਰਟੀ ਵਿੱਚ ਅਨੁਸ਼ਾਸਨ ਲਿਆਵੇ, ਤਾਂ ਹੀ ਕੁਝ ਹੋ ਸਕਦਾ ਹੈ; ਨਹੀਂ ਤਾਂ ਭਵਿੱਖ ਵਿੱਚ ਵੀ ਚੜ੍ਹਾਈ ਚੜ੍ਹਨ ਵੇਲੇ ਗਿਅਰ ਅੜਦਾ ਹੀ ਰਹੇਗਾ।
ਭਾਜਪਾ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਚਾਨਣ ਹੋ ਗਿਆ ਹੋਵੇਗਾ ਕਿ ਪਿੰਡਾਂ ਵਿੱਚ ਉਹਨਾਂ ਦੀ ਪਾਰਟੀ ਦਾ ਕੀ ਆਧਾਰ ਹੈ। ਖ਼ੈਰ ਇਹ ਚੋਣਾਂ ਉਹਨਾਂ ਵਾਸਤੇ ਭਵਿੱਖ ਲਈ ਰਣਨੀਤੀ ਬਣਾਉਣ ਵਿੱਚ ਜ਼ਰੂਰ ਸਹਾਈ ਹੋਣਗੀਆਂ।
ਆਖਰ ਵਿੱਚ ਮੌਜੂਦਾ ਸਰਕਾਰ ਬਾਰੇ ਗੱਲ ਕਰੀਏ ਤਾਂ ਬੇਸ਼ਕ ਜ਼ਿਆਦਾਤਰ ਸੀਟਾਂ ਅੱਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਹੈ ਪਰ ਇਸ ਜਿੱਤ ਵਾਸਤੇ ਜੋ ਹੱਥਕੰਡੇ ਅਤੇ ਤਰੀਕੇ ਅਪਣਾਏ ਗਏ ਹਨ, ਜੋ ਵਾਅਦੇ ਕੀਤੇ ਗਏ ਹਨ, ਲਾਰੇ ਲਾਏ ਗਏ ਹਨ, ਉਹ ਸਰਕਾਰ ਵੀ ਜਾਣਦੀ ਹੈ ਅਤੇ ਲੋਕਾਂ ਨੂੰ ਵੀ ਪਤਾ ਹੈ। ਸਰਕਾਰ ਮੰਨੇ ਜਾਂ ਨਾ ਮੰਨੇ, ਢਾਹ ਜ਼ਰੂਰ ਲੱਗੀ ਹੈ। ਵੱਡੇ ਆਗੂਆਂ ਦਾ ਆਪਣੇ ਘਰਾਂ ਅੰਦਰ ਹੀ ਹਾਰਨਾ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਸੰਕੇਤ ਦੇ ਗਿਆ ਹੈ। ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਫਤਵੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕੰਮ-ਕਾਰ ਦੇ ਤਰੀਕੇ ਵਿੱਚ ਸੁਧਾਰ ਕਰੇ, ਕੀਤੇ ਹੋਏ ਵਾਅਦਿਆਂ ਨੂੰ ਲਾਰਿਆਂ ਵਿੱਚ ਨਾ ਬਦਲੇ, ਸਮਾਜ ਵਿੱਚ ਫੈਲੇ ਨਸ਼ਿਆਂ ਨੂੰ ਠੱਲ੍ਹ ਪਾਵੇ ਅਤੇ ਅਪਰਾਧੀਆਂ ਉੱਤੇ ਸਖ਼ਤੀ ਕਰਦੇ ਹੋਏ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਵੇ। ਤਕਰੀਬਨ ਡੇਢ ਕੁ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਜੋ ਕਿ ਬਹੁਤ ਥੋੜ੍ਹਾ ਹੈ। ਇਸ ਦੌਰਾਨ ਜੇਕਰ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ ਤਾਂ ਠੀਕ ਹੈ, ਨਹੀਂ ਫਿਰ ਲੋਕ ਤਾਂ ਆਪਣਾ ਫਤਵਾ ਦੇ ਹੀ ਦੇਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (