“ਅਸੀਂ ਭੁੱਲ ਗਏ ਹਾਂ ਕਿ ਧਰਤੀ ਉੱਤੇ ਇਕੱਲਾ ਸਾਡਾ ਹੀ ਅਧਿਕਾਰ ਨਹੀਂ, ਸਗੋਂ ...”
(6 ਨਵੰਬਰ 2025)

ਸਿੱਖ ਧਰਮ ਦੇ ਮੋਢੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ ਤੇ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਥਾਂਵਾਂ ’ਤੇ ਨਗਰ ਕੀਰਤਨ ਸਜਾਏ ਗਏ ਅਤੇ ਗੁਰਦੁਆਰਿਆਂ ਵਿੱਚ ਸ਼੍ਰੀ ਆਖੰਡ ਪਾਠ ਸਾਹਿਬਾਨਾਂ ਦੇ ਭੋਗ ਪਾਏ ਗਏ। ਕੀਰਤਨੀ ਜਥਿਆਂ ਨੇ ਕੀਰਤਨ ਕੀਤੇ ਅਤੇ ਢਾਡੀ ਸਿੰਘਾਂ ਨੇ ਵਾਰਾਂ ਗਾਈਆਂ। ਸਪੀਕਰਾਂ ਵਿੱਚ ਗੁਰੂਆਂ ਦੇ ਸ਼ਬਦ ਗੂੰਜੇ ਅਤੇ ਲੋਕਾਂ ਨੇ ਇਨ੍ਹਾਂ ਦਾ ਰੱਜ-ਰੱਜ ਅਨੰਦ ਮਾਣਿਆ। ਸਭ ਕੁਝ ਉਵੇਂ ਹੀ ਹੋਇਆ, ਜਿਵੇਂ ਕਿ ਹੁਣ ਤਕ ਹੁੰਦਾ ਆਇਆ ਹੈ।
ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਬੇ ਦਾ ਜਨਮ ਦਿਨ ਜਾਂ ਪ੍ਰਕਾਸ਼ ਪੁਰਬ ਤਾਂ ਅਸੀਂ ਪੂਰੀ ਧੂਮ-ਧਾਮ ਨਾਲ ਮਨਾ ਲੈਂਦੇ ਹਾਂ, ਕੀ ਅਸੀਂ ਕਦੀ ਬਾਬੇ ਦੀਆਂ ਕਹੀਆਂ ਗੱਲਾਂ ’ਤੇ ਅਮਲ ਵੀ ਕੀਤਾ ਹੈ? ਕੀ ਕਦੀ ਬਾਬੇ ਦੀਆਂ ਸਿੱਖਿਆਵਾਂ ’ਤੇ ਵੀ ਚੱਲੇ ਹਾਂ? ਮੁਆਫ ਕਰਨਾ, ਗੁਰੂ ਦੀ ਥਾਂ ਬਾਬਾ ਸ਼ਬਦ ਵਰਤ ਰਿਹਾ ਹਾਂ ਕਿਉਂਕਿ ਮੇਰੇ ਹਿਸਾਬ ਨਾਲ ਗੁਰੂ ਉਹ ਹੁੰਦਾ ਹੈ, ਜਿਸ ਤੋਂ ਅਸੀਂ ਕੁਝ ਸਿੱਖਦੇ ਹਾਂ। ਪਰ ਅਸੀਂ ਤਾਂ ਉਨ੍ਹਾਂ ਕੋਲੋਂ ਕੁਝ ਸਿੱਖਿਆ ਹੀ ਨਹੀਂ। ਅਤੇ ਜਦੋਂ ਕੁਝ ਸਿੱਖਿਆ ਹੀ ਨਹੀਂ, ਫਿਰ ਅਸੀਂ ਉਨ੍ਹਾਂ ਨੂੰ ਗੁਰੂ ਕਿਸ ਤਰ੍ਹਾਂ ਕਹਿ ਸਕਦੇ ਹਾਂ? ਦੂਜੇ ਸ਼ਬਦਾਂ ਵਿੱਚ ਚਲੋ ਅਸੀਂ ਤਾਂ ਬਾਬੇ ਨੂੰ ਗੁਰੂ ਕਹਿ ਵੀ ਦਿੰਦੇ ਹਾਂ, ਕੋਈ ਫਰਕ ਨਹੀਂ ਪਰ ਕੀ ਅਸੀਂ ਗੁਰੂ ਦੇ ਚੇਲੇ ਅਖਵਾਉਣ ਦੇ ਹੱਕਦਾਰ ਹਾਂ? ਵਿਚਾਰ ਖੁਦ ਕਰ ਲਵੋ।
ਉਸ ਮਹਾਂਪੁਰਖ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਸਮਝਾਉਣ ਵਿਚ ਲਾ ਦਿੱਤੀ। ਚਾਰਾਂ ਦਿਸ਼ਾਵਾਂ ਵਿੱਚ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ। ਵੱਡੇ-ਵੱਡੇ ਗੁਣੀ ਗਿਆਨੀਆਂ ਨਾਲ ਗੋਸ਼ਟੀਆਂ ਕੀਤੀਆਂ। ਇਸ ਦੌਰਾਨ ਕੁਝ ਮੂਰਖਾਂ ਨਾਲ ਵੀ ਵਾਹ ਪਿਆ ਪਰ ਬਾਬੇ ਨੇ ਆਪਣੀ ਬੁੱਧੀ ਅਤੇ ਤਰਕ ਨਾਲ ਹਰ ਕਿਸੇ ਨੂੰ ਸੰਤੁਸ਼ਟ ਕੀਤਾ ਅਤੇ ਵਿਗੜਿਆਂ-ਤਿਗੜਿਆਂ ਨੂੰ ਉਪਦੇਸ਼ ਨਾਲ ਸਿੱਧੇ ਰਾਹੇ ਪਾਇਆ। ਬਹੁਤ ਸਿੱਖਿਆਵਾਂ ਨੇ ਬਾਬੇ ਦੀਆਂ, ਮੋਟੇ ਤੌਰ ’ਤੇ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਇਹ ਮੁੱਖ ਸਿੱਖਿਆਵਾਂ ਨੇ-
1 ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
2 ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ।
ਪਹਿਲੀ ਸਿੱਖਿਆ ਵਿੱਚ ਉਨ੍ਹਾਂ ਨੇ ਸਾਨੂੰ ਇਮਾਨਦਾਰੀ ਨਾਲ ਕਿਰਤ ਕਰਨ, ਅਕਾਲ ਪੁਰਖ ਦਾ ਨਾਮ ਜਪਣ ਅਤੇ ਆਪਸ ਵਿੱਚ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ। ਪਰ ਅਸੀਂ ਕੀ ਕਰਦੇ ਹਾਂ? ਸਾਰੀ ਜ਼ਿੰਦਗੀ ਠੱਗੀ-ਠੋਰੀ ਨਾਲ ਮਾਇਆ ਇਕੱਠੀ ਕਰਨ ਵਿੱਚ ਲਾ ਦਿੰਦੇ ਹਾਂ। ਨਾਮ ਜਪਦੇ ਤਾਂ ਹਾਂ ਪਰ ਸਿਰਫ ਰਟਦੇ ਹਾਂ, ਅਸਰ ਕੋਈ ਨਹੀਂ ਕਰਦੇ। ਰਹੀ ਵੰਡ ਛਕਣ ਦੀ ਗੱਲ, ਤਾਂ ਆਪਣੇ ਟੱਬਰ ਵਿੱਚ ਹੀ ਵੰਡ ਕੇ ਛਕ ਲੈਂਦੇ ਹਾਂ। ਕਿਸੇ ਗਰੀਬ-ਗੁਰਬੇ ਦੀ ਮਦਦ ਕਰਾਂਗੇ ਵੀ ਤਾਂ ਆਪਣਾ ਲਾਹਾ ਤੱਕ ਕੇ। ਆਪਣੇ ਕਿਸੇ ਕਾਰਜ ਵਿੱਚ ਲੰਗਰ ਲਾਉਂਦੇ ਹਾਂ ਤਾਂ ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ (ਜਿਨ੍ਹਾਂ ਤੋਂ ਸ਼ਗਨ ਮਿਲਿਆ ਹੁੰਦਾ ਹੈ) ਨੂੰ ਛਕਾ ਕੇ ਵਿਹਲੇ ਹੋ ਜਾਂਦੇ ਹਾਂ। ਹਾਲ ਇਹ ਹੋ ਗਿਆ ਹੈ ਕਿ ਬਾਬੇ ਦੀ ਇਸ ਸਭ ਤੋਂ ਵੱਡੀ ਸਿੱਖਿਆ ਨੂੰ ਸਮਝਾਉਣ ਵਾਲੇ ਉਪਦੇਸ਼ਕ ਲੋਕਾਂ ਨੂੰ ਤਾਂ ਇਸ ਉੱਤੇ ਚੱਲਣ ਦੀ ਪ੍ਰੇਰਣਾ ਦਿੰਦੇ ਨੇ ਪਰ ਆਪ ਅਮਲਾਂ ਤੋਂ ਕਿਤੇ ਪਰੇ ਹਨ।
ਚਲੋ ਇਹ ਤਾਂ ਬਾਬੇ ਦੀ ਮੁਢਲੀ ਸਿੱਖਿਆ ਸੀ ਤੇ ਸਾਡੇ ਵਿੱਚੋਂ ਤਕਰੀਬਨ ਹਰ ਇੱਕ ਨੇ ਸੁਣੀ ਹੀ ਹੋਈ ਹੈ। ਆਪਣੀ ਦੂਜੀ ਅਹਿਮ ਸਿੱਖਿਆ ਵਿੱਚ ਬਾਬੇ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਪਰ ਅਸੀਂ ਕੀ ਕਰ ਰਹੇ ਹਾਂ? ਗੁਰੂ ਮੰਨਣਾ ਤਾਂ ਦੂਰ ਦੀ ਗੱਲ, ਅਸੀਂ ਤਾਂ ਹਵਾ ਨੂੰ ਪਲੀਤ ਕਰ ਕੇ ਰੱਖ ਦਿੱਤਾ ਹੈ। ਥਾਂ-ਥਾਂ ਅੱਗਾਂ ਲਾ ਕੇ, ਧੂੰਆਂ ਕਰ ਕੇ ਹਵਾ ਦਾ ਨਾਸ਼ ਮਾਰ ਕੇ ਰੱਖ ਦਿੱਤਾ ਹੈ। ਇੰਨਾ ਪ੍ਰਦੂਸ਼ਣ ਪੈਦਾ ਕਰ ਦਿੱਤਾ ਕਿ ਸਾਹ ਲੈਣਾ ਔਖਾ ਹੋ ਗਿਆ ਹੈ। ਹਵਾ ਗੰਧਲੀ ਹੋ ਗਈ ਹੈ, ਜਿਸਦੀ ਵਜਾਹ ਨਾਲ ਕਈ ਗੰਭੀਰ ਅਤੇ ਲਾਇਲਾਜ ਬਿਮਾਰੀਆਂ ਪੈਦਾ ਹੋ ਗਈਆਂ ਹਨ। ਆਪਣੀ ਖੁਸ਼ੀ ਅਤੇ ਸੁੱਖ ਵਿੱਚ ਇਹ ਵੀ ਭੁੱਲ ਜਾਂਦੇ ਹਾਂ ਕਿ ਆਂਢ-ਗੁਆਂਢ ਵਿੱਚ ਕਿਸੇ ਬਿਮਾਰ ਨੂੰ ਤਾਂ ਨਹੀਂ ਕੋਈ ਤਕਲੀਫ ਹੋ ਰਹੀ? ਸਪੀਕਰਾਂ, ਡੀ.ਜੇ. ’ਤੇ ਉੱਚਾ ਸ਼ੋਰ ਕਰ ਕੇ ਆਵਾਜ਼ ਪ੍ਰਦੂਸ਼ਣ ਨਾਲ ਸਮੁੱਚੀ ਮਨੁੱਖ ਜਾਤੀ, ਸਮੇਤ ਪਸ਼ੂ-ਪੰਛੀਆਂ ਅਤੇ ਹੋਰ ਜੀਵ-ਜੰਤੂਆਂ ਦੇ ਵੀ ਕੰਨ ਪਾੜਨ ਲੱਗ ਜਾਂਦੇ ਹਾਂ। ਹੋਰ ਤਾਂ ਹੋਰ, ਇਸੇ ਬਾਬੇ ਦੇ ਜਨਮ ਦਿਨ ’ਤੇ ਠਾਹ-ਠਾਹ ਪਟਾਕੇ, ਆਤਿਸ਼ਬਾਜ਼ੀਆਂ ਚਲਾ ਕੇ ਬਾਬੇ ਦੇ ਬਚਨ ਦੀ ਰੱਜ ਕੇ ਤੌਹੀਨ ਕਰਦੇ ਹਾਂ।
ਪਾਣੀ ਦੀ ਗੱਲ ਕਰੀਏ ਤਾਂ ਬਹੁਤੇ ਤਾਂ ਆਪਣੇ ਸਕੇ ਪਿਓ ਨੂੰ ਪਿਓ ਨੀ ਸਮਝਦੇ, ਪਾਣੀ ਨੂੰ ਤਾਂ ਕੀ ਸਮਝਣਾ। ਨਾਜਾਇਜ਼ ਵਰਤੋਂ ਅਤੇ ਬਰਬਾਦੀ ਤੋਂ ਇਲਾਵਾ ਜ਼ਹਿਰਾਂ ਮਿਲਾ ਕੇ ਪਾਣੀ ਨੂੰ ਗੰਧਲਾ ਕਰਨ ਵਿੱਚ ਵੀ ਅਸੀਂ ਕੋਈ ਕਸਰ ਬਾਕੀ ਨੀ ਛੱਡੀ। ਹਾਲ ਇਹ ਹੋ ਗਿਆ ਹੈ ਕਿ ਅੱਜ ਕੁਦਰਤੀ ਸੋਮਿਆਂ ਤੋਂ ਵੀ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਇਹੀ ਹਾਲ ਧਰਤੀ ਮਾਂ ਦਾ ਹੈ। ਅਸੀਂ ਭੁੱਲ ਗਏ ਹਾਂ ਕਿ ਧਰਤੀ ਉੱਤੇ ਇਕੱਲਾ ਸਾਡੀ ਹੀ ਅਧਿਕਾਰ ਨਹੀਂ, ਸਗੋਂ ਇਹ ਇੱਥੇ ਪੈਦਾ ਹੋਏ ਹਰ ਜੀਵ-ਜੰਤੂ ਦੀ ਮਾਂ ਹੈ। ਧਰਤੀ ਦਾ ਚੱਪਾ-ਚੱਪਾ ਮਿਣ ਕੇ ਅਸੀਂ ਮੱਲ ਲਿਆ ਹੈ। ਕੁਦਰਤੀ ਖੇਤੀ ਨੂੰ ਖਤਮ ਕਰੇ ਕੇ ਵਾਧੂ ਉਪਜ ਲੈਣ ਲਈ ਬੇਲੋੜੀਆਂ ਖਾਦਾਂ, ਜ਼ਹਿਰਾਂ ਅਤੇ ਦਵਾਈਆਂ ਮਿਲਾ ਕੇ ਧਰਤੀ ਮਾਂ ਦੀ ਕੁੱਖ ਨੂੰ ਦਿਨੋ-ਦਿਨ ਬੰਜਰ ਕੀਤਾ ਜਾ ਰਿਹਾ ਹੈ। ਧਰਤੀ ਦਾ ਸ਼ਿੰਗਾਰ ਜੰਗਲਾਂ ਅਤੇ ਦ੍ਰਖਤਾਂ ਨੂੰ ਕੱਟ-ਵੱਢ ਕੇ ਖ਼ਤਮ ਕੀਤਾ ਜਾ ਰਿਹਾ ਹੈ। ਕੁਦਰਤੀ ਪਹਾੜ ਢਾਹੇ ਜਾ ਰਹੇ ਹਨ, ਉਨ੍ਹਾਂ ਦੀ ਥਾਂ ’ਤੇ ਕੰਕਰੀਟ ਦੇ ਜੰਗਲ ਖੜ੍ਹੇ ਕੀਤੇ ਜਾ ਰਹੇ ਹਨ।
ਗੁਰੂ ਸਾਹਬ ਨੇ ਜਿਸ ਇਸਤਰੀ ਜਾਤੀ ਲਈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਜਿਹੇ ਸ਼ਬਦ ਵਰਤੇ, ਉਸ ਨੂੰ ਅਸੀਂ ਸਰੇ ਬਜ਼ਾਰ ਨੰਗਿਆਂ ਕਰਨ ਵਿੱਚ ਮਿੰਟ ਨਹੀਂ ਲਾਉਂਦੇ। ਮਾਂਵਾਂ, ਧੀਆਂ, ਭੈਣਾਂ ਨੂੰ ਨਿੱਤ ਗੰਦੀਆਂ ਗਾਲ੍ਹਾਂ ਵਿੱਚ ਪੁਣਦੇ ਹਾਂ। ਸ਼ਰੇਆਮ ਗੰਦ ਬਕਦੇ ਹਾਂ। ਕਦੀ ਕੁੱਖਾਂ ਵਿੱਚ ਮਾਰ, ਕਦੀ ਜਨਮ ਵੇਲੇ ਗਲ ਘੁੱਟ ਕੇ, ਕਦੀ ਜ਼ਹਿਰ ਦੇ ਕੇ ਅਤੇ ਕਦੀ ਦਾਜ ਖਾਤਰ ਮਾਰਦੇ ਆਏ ਹਾਂ। ਕੀ ਕੁਝ ਨਹੀਂ ਕਰਦੇ ਅਸੀਂ? ਇਹ ਤਾਂ ਭਲਾ ਹੋਵੇ ਬਾਹਰਲੇ ਮੁਲਕਾਂ ਦਾ ਜਿਨ੍ਹਾਂ ਦੀ ਵਜਾਹ ਨਾਲ ਜਾਂ ਫਿਰ ਮੁੰਡੇ ਨਸ਼ਈ ਅਤੇ ਨਿਕੰਮੇ ਨਿਕਲਣ ਕਰਕੇ ਕੁੜੀਆਂ ਦੀ ਕਦਰ ਪੈਣ ਲੱਗੀ ਹੈ, ਨਹੀਂ ਅਸੀਂ ਤਾਂ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
ਹੋਰ ਸੁਣੋ, ਬਾਬੇ ਨੇ ਤਾਂ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ ਪਰ ਅਸੀਂ ਉਸੇ ਦੀਆਂ ਹੀ ਮੂਰਤਾਂ ਅਤੇ ਤਸਵੀਰਾਂ (ਉਹ ਵੀ ਕਲਪਿਤ) ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਤਸਵੀਰਾਂ ਵੀ ਉਹ, ਜਿਨ੍ਹਾਂ ਵਿੱਚ ਬਾਬਾ ਰੇਸ਼ਮੀ ਕੱਪੜੇ ਪਾ ਕੇ, ਹੱਥ ਵਿੱਚ ਮਾਲਾ ਫੜ ਕੇ ਸ਼ੇਰ ਦੀ ਖੱਲ ’ਤੇ ਬੈਠਾ ਦਿਖਾਈ ਦੇ ਰਿਹਾ ਹੈ। ਛੋਟੇ ਹੁੰਦਿਆਂ ਬਾਬੇ ਦੀ ਇੱਕ ਕਿਰਤ ਕਰਦੇ ਦੀ, ਹੱਲ ਵਾਹੁੰਦੇ ਦੀ ਤਸਵੀਰ ਆਮ ਹੀ ਲੱਗੀ ਦਿਸਦੀ ਸੀ, ਵਿਹਲੜਾਂ ਨੇ ਉਹ ਵੀ ਗਾਇਬ ਕਰ ਦਿੱਤੀ। ਕਈ ਪ੍ਰਚਾਰਕ ਤਾਂ ਉਪਦੇਸ਼ ਵਿੱਚ ਇਹ ਕਹਿੰਦੇ ਹਨ ਕਿ ਬਾਬੇ ਨੇ ਅੱਖਾਂ ਮੀਚ ਕੇ ਮੀਲਾਂ ਦੀਆਂ ਦੂਰੀਆਂ ਤੈਅ ਕਰ ਲਈਆਂ ਜਦੋਂ ਕਿ ਸਚਾਈ ਇਹ ਹੈ ਕਿ ਘੁੰਮਦਿਆਂ ਬਾਬੇ ਦੀਆਂ ਜੁੱਤੀਆਂ ਘਸ ਗਈਆਂ ਅਤੇ ਪੈਰਾਂ ਵਿੱਚ ਛਾਲੇ ਪੈ ਗਏ ਸਨ। ਬਾਬੇ ਦੇ ਤਰਕਾਂ ਅਤੇ ਵਿਚਾਰਾਂ ਨੂੰ ਕਰਾਮਾਤਾਂ ਨਾਲ ਜੋੜ ਕੇ ਰੱਖ ਦਿੱਤਾ।
ਹੋਰ ਕੀ ਕੀ ਗੱਲ ਕਰੀਏ, ਅਸੀਂ ਤਾਂ ਅੱਜ ਤਕ ਉਸ ਮਹਾਂਪੁਰਖ ਦੇ ਦਰਸਾਏ ਮੂਲ ਮੰਤਰ ਦੇ ਅਰਥਾਂ ਨੂੰ ਹੀ ਨਹੀਂ ਪੱਲੇ ਬੰਨ੍ਹ ਸਕੇ। ਜਿਸ ਦਿਨ ਅਸੀਂ ਬਾਬੇ ਦੀਆਂ ਸਿੱਖਿਆਵਾਂ ਉੱਤੇ ਚੱਲਣ ਯੋਗ ਹੋ ਗਏ, ਉਹ ਸਾਡਾ ਗੁਰੂ ਹੋਵੇਗਾ ਤੇ ਅਸੀਂ ਉਹਦੇ ਸਿੱਖ ਅਤੇ ਇਸ ਤੋਂ ਇਲਾਵਾ ਬਾਕੀ ਸਭ ਕਰਮ ਕਾਂਡ ਅਤੇ ਦਿਖਾਵਾ ਹੀ ਮੰਨਿਆ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (