GurjinderSSahdara7ਚਾਹੀਦਾ ਹੈ ਕਿ ਨਵੇਂ ਜ਼ਿਲ੍ਹੇ ਬਣਾਉਣ ਦੀ ਬਜਾਏਪਹਿਲਿਆਂ ਨੂੰ ਹੀ ਤਰਕਸੰਗਤ ਅਤੇ ...
(22 ਨਵੰਬਰ 2023)


ਮੌਜੂਦਾ ਲੋਕ ਸਭਾ
, ਵਿਧਾਨ ਸਭਾ ਹਲਕੇ ਅਤੇ ਖਾਲਸੇ ਦੀ ਜਨਮ ਭੂਮੀ ਦੇ ਨਾਂ ਨਾਲ ਜਾਣੇ ਜਾਂਦੇ ਜ਼ਿਲ੍ਹਾ ਰੂਪਨਗਰ (ਰੋਪੜ) ਦੀ ਤਹਿਸੀਲ ਅਨੰਦਪੁਰ ਸਾਹਿਬ ਦੇ ਜ਼ਿਲ੍ਹਾ ਬਣਨ ਨੂੰ ਲੈ ਕੇ ਅਟਕਲਾਂ ਦਾ ਦੌਰ ਅਤੇ ਸਿਆਸੀ ਮਾਹੌਲ ਅੱਜ-ਕੱਲ੍ਹ ਕਾਫੀ ਭਖਿਆ ਹੋਇਆ ਹੈ। ਭਖਣ ਦਾ ਕਾਰਨ ਸੰਬੰਧਤ ਹਲਕਿਆਂ ਅਤੇ ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ ਹੈ ਕਿ ਇਸ ਨਵੇਂ ਬਣਨ ਵਾਲੇ ਜ਼ਿਲ੍ਹੇ ਵਿੱਚ ਅਨੰਦਪੁਰ ਸਾਹਿਬ ਤਹਿਸੀਲ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਵੇਂ ਇਲਾਕੇ ਸ਼ਾਮਲ ਕੀਤੇ ਜਾ ਰਹੇ ਨੇ। ਜਿੱਥੋਂ ਤਕ ਜਾਣਕਾਰੀ ਹਾਸਲ ਹੋਈ ਹੈ, ਕੁਝ ਸਿਆਸੀ ਲੋਕਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਕੁਝ ਇੱਕ ਹਲਕਿਆਂ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਬਲਾਚੌਰ ਤਹਿਸੀਲ ਦੇ ਕੁਝ ਚੜ੍ਹਦੀ ਹਦੂਦ ਵਾਲੇ ਪਿੰਡਾਂ ਨੂੰ ਵੀ ਇਸ ਬਣਨ ਵਾਲੇ ਜ਼ਿਲ੍ਹੇ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਜਿੱਥੇ ਕੁਝ ਲੋਕ ਇਸ ਨੂੰ ਚੰਗਾ ਕਹਿ ਕੇ ਸਵਾਗਤ ਕਰ ਰਹੇ ਨੇ, ਉੱਥੇ ਵਿਰੋਧ ਵੀ ਹੋ ਰਿਹਾ ਹੈ।

ਜੇਕਰ ਭੂਗੋਲਿਕ ਸਥਿਤੀ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਬਿਲਕੁਲ ਪੈਰਾਂ ਵਿੱਚ ਸਥਿਤ ਹੈ। ਇਸਦੇ ਉੱਤਰ ਵੱਲ ਦਾ ਤਕਰੀਬਨ ਸਾਰਾ ਇਲਾਕਾ ਹਿਮਾਚਲ ਵਿੱਚ ਪੈਂਦਾ ਹੈ। ਲਹਿੰਦੇ ਅਤੇ ਦੱਖਣ ਵਾਲੇ ਪਾਸੇ ਗੜ੍ਹਸ਼ੰਕਰ, ਉਸ ਤੋਂ ਥੋੜ੍ਹੀ ਦੂਰੀ ’ਤੇ ਨਾਲ ਹੀ ਬਲਾਚੌਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਜ਼ਿਆਦਾਤਰ ਬੀਤ ਅਤੇ ਕੰਢੀ ਇਲਾਕੇ ਦੇ ਪਿੰਡ ਆਉਂਦੇ ਹਨ, ਜੋ ਕਿ ਇੱਕ ਤਰ੍ਹਾਂ ਨਾਲ ਸੰਬੰਧਤ ਜ਼ਿਲ੍ਹਿਆਂ ਤੋਂ ਅਲੱਗ-ਥਲੱਗ ਹੀ ਹੋਏ ਪਏ ਨੇ। ਸ਼ਾਇਦ ਇਸ ਵਜਾਹ ਕਰਕੇ ਕਾਫੀ ਪਛੜੇ ਹੋਏ ਵੀ ਨੇ। ਚੜ੍ਹਦੇ ਅਤੇ ਚੜ੍ਹਦੇ-ਦੱਖਣ ਵਾਲੇ ਪਾਸੇ ਰੋਪੜ ਦਾ ਇਲਾਕਾ ਲਗਦਾ ਹੈ। ਕਹਿਣ ਨੂੰ ਤਾਂ ਇਹ ਸ਼ਹਿਰ ਖ਼ਾਲਸੇ ਦੀ ਜੰਮਣ ਭੌਂਇ ਅਤੇ ਇੱਕ ਪ੍ਰਸਿੱਧ ਇਤਿਹਾਸਕ ਸ਼ਹਿਰ ਹੈ, ਰੇਲ ਸੇਵਾ ਨਾਲ ਵੀ ਜੁੜਿਆ ਹੋਇਆ ਹੈ ਪਰ ਸਹੂਲਤਾਂ ਪੱਖੋਂ ਬਹੁਤ ਪਛੜਿਆ ਹੋਇਆ ਹੈ। ਕਹਿ ਸਕਦੇ ਹਾਂ ਕਿ ਧਾਰਮਿਕ ਪੱਖੋਂ ਉੱਨਤ ਹੋਣ ਦੇ ਬਾਵਜੂਦ ਵੀ ਜ਼ਿਆਦਾਤਰ ਸਹੂਲਤਾਂ ਪੱਖੋਂ ਸੱਖਣਾ ਹੀ ਰਿਹਾ ਹੈ।

ਹੁਣ ਜੇਕਰ ਇਮਾਨਦਾਰੀ ਨਾਲ ਲੋਕਾਂ ਦੇ ਲਾਭ ਅਤੇ ਹਾਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਅਤੀਤ ਦੀਆਂ ਸਰਕਾਰਾਂ ਦੀਆਂ ਕੀਤੀਆਂ/ਹੋਈਆਂ ਗਲਤੀਆਂ ਦਾ ਹੀ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਸ ਵੇਲੇ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਕਿਹੜਾ ਇਲਾਕਾ ਕਿਹੜੇ ਜ਼ਿਲ੍ਹੇ ਦੇ ਨਜ਼ਦੀਕ ਪੈਂਦਾ ਹੈ, ਜਿੱਥੇ ਜਿਸ ਨੂੰ ਜੋੜਨ ਦਾ ਮਨ ਕੀਤਾ, ਜੋੜ ਦਿੱਤਾ। ਇਲਾਕੇ ਦੇ ਲੋਕ ਜਾਣਦੇ ਹਨ ਕਿ ਬਲਾਚੌਰ ਵੀ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੀ ਜੁੜਿਆ ਹੋਇਆ ਸੀ ਪਰ ਦੂਰੀ ਬਹੁਤ ਜ਼ਿਆਦਾ ਹੋਣ ਕਾਰਨ ਕਾਫੀ ਪਛੜਿਆ ਹੋਇਆ ਸੀ। ਹਾਲਾਤ ਇਹ ਸਨ ਕਿ ਨੇੜਲੇ ਸ਼ਹਿਰ ਤਾਂ ਨਵਾਂਸ਼ਹਿਰ ਅਤੇ ਰੋਪੜ ਲਗਦੇ ਸਨ। ਖ਼ਰੀਦੋ ਫਰੋਖਤ ਵੀ ਲੋਕ ਇਨ੍ਹਾਂ ਸ਼ਹਿਰਾਂ ਵਿੱਚ ਹੀ ਕਰਦੇ ਸਨ ਪਰ ਸਰਕਾਰੀ ਕੰਮਾਂ ਦੀ ਖਾਤਰ ਉਨ੍ਹਾਂ ਨੂੰ ਹੁਸ਼ਿਆਰਪੁਰ ਜਾਣਾ ਪੈਂਦਾ ਸੀ, ਜੋ ਕਿ ਦੂਰ ਹੋਣ ਕਾਰਨ ਕਾਫੀ ਔਖਾ ਅਤੇ ਅਸਹਿਜ ਸੀ। ਲੋਕਾਂ ਦਾ ਸਾਰਾ-ਸਾਰਾ ਦਿਨ ਬੱਸਾਂ ਵਿੱਚ ਹੀ ਲੰਘ ਜਾਂਦਾ ਸੀ। ਇੱਕ-ਇੱਕ ਕੰਮ ਨੂੰ ਕਈ-ਕਈ ਦਿਨ ਵੀ ਲੱਗ ਜਾਂਦੇ ਸਨ।

ਬਾਅਦ ਵਿੱਚ ਜਦੋਂ ਦਿੱਗਜ਼ ਕਾਂਗਰਸੀ ਨੇਤਾ ਅਤੇ ਮੌਕੇ ਦੇ ਖੇਤੀਬਾੜੀ ਮੰਤਰੀ ਦਿਲਬਾਗ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ, ਨਵਾਂਸ਼ਹਿਰ ਜ਼ਿਲ੍ਹਾ ਬਣਿਆ ਅਤੇ ਬਲਾਚੌਰ ਨੂੰ ਇਹਦੇ ਨਾਲ ਜੋੜਿਆ ਗਿਆ ਤਾਂ ਲੋਕਾਂ ਨੇ ਸੁਖ ਦਾ ਸਾਹ ਲਿਆ ਅਤੇ ਕਾਫੀ ਰਾਹਤ ਮਹਿਸੂਸ ਕੀਤੀ। ਬਕੌਲ ਸਰਦਾਰ ਦਿਲਬਾਗ ਸਿੰਘ ਜੀ, “ਇਸ ਜ਼ਿਲ੍ਹੇ ਦਾ ਨਾਂ ਵੀ ਨਵਾਂਸ਼ਹਿਰ ਹੈ ਤੇ ਇਹ ਹੋਵੇਗਾ ਵੀ ਬਾਕੀ ਜ਼ਿਲ੍ਹਿਆਂ ਤੋਂ ਨਵਾਂ ਹੀ।” ਜਦੋਂ ਸ਼ਹਿਰ ਦਾ ਕਾਰਜਭਾਰ ਡੀ. ਸੀ. ਕ੍ਰਿਸ਼ਨ ਕੁਮਾਰ ਦੇ ਕੋਲ ਆ ਗਿਆ, ਇਹ ਕਥਨ ਸੱਚ ਵੀ ਹੋਣ ਲੱਗਾ। ਸ਼ਹਿਰ ਵਿੱਚ ਇੱਕ ਤੋਂ ਬਾਅਦ ਇੱਕ ਨਵੀਂਆਂ ਸਹੂਲਤਾਂ ਅਤੇ ਸੁਵਿਧਾਵਾਂ ਲਾਗੂ ਹੋਣ ਲੱਗੀਆਂ। ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਜ਼ਿਲ੍ਹਾ ਬਣਨ ਤੋਂ ਛੇਤੀ ਹੀ ਬਾਅਦ ਦਿਲਬਾਗ ਸਿੰਘ ਜੀ ਦੀ ਅਚਾਨਕ ਮੌਤ ਹੋ ਗਈ। ਭਾਵੇਂ ਕਿ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਸੀ; ਨਵਾਂਸ਼ਹਿਰ ਜ਼ਿਲ੍ਹਾ ਬਣ ਗਿਆ ਸੀ ਪਰ ਕੁਝ ਘਾਟਾਂ ਹਾਲੇ ਵੀ ਬਰਕਰਾਰ ਸਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਬਲਾਚੌਰ ਦੇ ਕਾਠਗੜ੍ਹ ਤੋਂ ਅੱਗੇ ਵਾਲੇ ਪਿੰਡ ਰੂਪਨਗਰ ਜ਼ਿਲ੍ਹੇ ਨਾਲ ਜੋੜੇ ਜਾਂਦੇ ਤੇ ਉਹਨਾਂ ਦੀ ਬਜਾਏ ਗੜ੍ਹਸ਼ੰਕਰ ਤਹਿਸੀਲ ਦੇ ਨਵਾਂਸ਼ਹਿਰ ਲਾਗਲੇ ਪਿੰਡ ਇਸ ਨਵੇਂ ਜ਼ਿਲ੍ਹੇ ਨਵਾਂਸ਼ਹਿਰ ਨਾਲ ਜੁੜਦੇ ਪਰ ਪ੍ਰਬੰਧਨ ਦੀ ਘਾਟ ਕਹਿ ਲਓ ਜਾਂ ਫਿਰ ਦਿਲਬਾਗ ਸਿੰਘ ਦੇ ਅਚਾਨਕ ਤੁਰ ਜਾਣ ਕਰਕੇ ਇਹ ਕੰਮ ਵਿਚਾਲੇ ਰਹਿ ਗਿਆ। ਇਹ ਗੱਲ ਤਾਂ ਅੰਦਰਲੇ ਜਾਣਕਾਰ ਹੀ ਦੱਸ ਸਕਦੇ ਹਨ। ਖੈਰ ਦਿਲਬਾਗ ਸਿੰਘ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਅਤੇ ਨਵਾਂਸ਼ਹਿਰ ਵਿੱਚ ਵਿਧਾਇਕ ਵੀ ਉਹਨਾਂ ਦਾ ਹੀ ਬਣਿਆ। ਅਕਾਲੀਆਂ ਨੇ ਲੋੜੀਂਦੀਆਂ ਘਾਟਾਂ ਤਾਂ ਨਾ ਦੂਰ ਕੀਤੀਆਂ ਪਰ ਜ਼ਿਲ੍ਹੇ ਦਾ ਨਾਂ ਬਦਲ ਕੇ ਜ਼ਰੂਰ ਸ਼ਹੀਦ ਭਗਤ ਸਿੰਘ ਨਗਰ ਕਰ ਦਿੱਤਾ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਵੀ ਇੱਥੋਂ ਬਦਲ ਦਿੱਤਾ।

ਚਲੋ ਉਹ ਤਾਂ ਰਹੀ ਅਤੀਤ ਦੀ ਗੱਲ ਪਰ ਹੁਣ ਜੇਕਰ ਬਲਾਚੌਰ ਦੇ ਚੜ੍ਹਦੇ ਪਾਸੇ ਵਾਲੇ ਕੁਝ ਪਿੰਡਾਂ ਨੂੰ ਨਵੇਂ ਬਣਨ ਜਾ ਰਹੇ ਜ਼ਿਲ੍ਹੇ ਅਨੰਦਪੁਰ ਸਾਹਿਬ ਨਾਲ ਜੋੜਿਆ ਜਾਂਦਾ ਹੈ ਤਾਂ ਲੋਕਾਂ ਨੂੰ ਰਿਕਾਰਡ ਦੀ ਤਬਦੀਲੀ ਕਾਰਨ ਇੱਕ ਵਾਰ ਫਿਰ ਤੋਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਫਿਰ ਵੀ ਇਨ੍ਹਾਂ ਪਿੰਡਾਂ ਨੂੰ ਅਨੰਦਪੁਰ ਸਾਹਿਬ ਨਾਲ ਜੋੜਿਆ ਜਾਂਦਾ ਹੈ ਤਾਂ ਬਦਲੇ ਵਿੱਚ ਬਲਾਚੌਰ ਦੇ ਲਾਗਲੇ ਪਿੰਡ, ਜੋ ਵੈਸੇ ਤਾਂ ਬਲਾਚੌਰ ਦੇ ਨੇੜੇ ਨੇ ਪਰ ਜੋੜੇ ਨਵਾਂਸ਼ਹਿਰ ਤਹਿਸੀਲ ਨਾਲ ਹੋਏ ਨੇ, ਉਨ੍ਹਾਂ ਨੂੰ ਵੀ ਬਲਾਚੌਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਬਲਾਚੌਰ ਦਾ ਹਲਕਾ ਜ਼ਿਆਦਾ ਛੋਟਾ ਨਾ ਹੋਵੇ।

ਇਸੇ ਤਰ੍ਹਾਂ ਗੜ੍ਹਸ਼ੰਕਰ ਦੀ ਗੱਲ ਕਰੀਏ ਤਾਂ ਬਲਾਚੌਰ ਦੀ ਤਰ੍ਹਾਂ ਉਦੋਂ ਇਹਨੂੰ ਵੀ ਨਵਾਂਸ਼ਹਿਰ ਜ਼ਿਲ੍ਹੇ ਨਾਲ ਜੋੜਨਾ ਬਣਦਾ ਸੀ। ਇਸ ਤਹਿਸੀਲ ਵਿੱਚ ਕਈ ਐਸੇ ਪਿੰਡ ਨੇ ਜੋ ਨਵਾਂਸ਼ਹਿਰ ਦੇ ਬਿਲਕੁਲ ਨਾਲ ਲਗਦੇ ਨੇ ਤੇ ਨਵਾਂਸ਼ਹਿਰ ਇਨ੍ਹਾਂ ਲਈ ਨਿਆਈਂ ਦੀ ਜ਼ਮੀਨ ਦੀ ਤਰ੍ਹਾਂ ਹੈ। ਇਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਨਾਲ ਜੋੜ ਕੇ ਸੰਬੰਧਤ ਲੋਕਾਂ ਦੀ ਖੱਜਲ-ਖੁਆਰੀ ਦੂਰ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਬੀਤ ਇਲਾਕੇ ਦੇ ਕੁਝ ਪਿੰਡ ਵੀ ਅਨੰਦਪੁਰ ਸਾਹਿਬ ਨਾਲ ਜੋੜੇ ਜਾ ਸਕਦੇ ਨੇ, ਜਿਸਦਾ ਲੋਕਾਂ ਨੂੰ ਹੁਸ਼ਿਆਰਪੁਰ ਦੀ ਤੁਲਨਾ ਵਿੱਚ ਦੂਰੀ ਘਟਣ ਨਾਲ ਫਾਇਦਾ ਹੋਵੇਗਾ।

ਇਹ ਤਾਂ ਸੀ ਕੁਝ ਅੰਦਾਜ਼ੇ ਅਤੇ ਅਨੁਮਾਨ ਪਰ ਜੇਕਰ ਹਕੀਕਤ ਵਿੱਚ ਦੇਖੀਏ ਤਾਂ ਨਵੇਂ ਜ਼ਿਲ੍ਹੇ ਭੂਗੋਲਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਮੀਕਰਨਾਂ ਨੂੰ ਬੇਹੱਦ ਪ੍ਰਭਾਵਿਤ ਕਰਨ ਦੇ ਨਾਲ-ਨਾਲ ਰਾਜਾਂ ਨੂੰ ਘਾਟਾ ਪਹੁੰਚਾਉਂਦੇ ਹਨ। ਸੋ ਚਾਹੀਦਾ ਹੈ ਕਿ ਨਵੇਂ ਜ਼ਿਲ੍ਹੇ ਬਣਾਉਣ ਦੀ ਬਜਾਏ, ਪਹਿਲਿਆਂ ਨੂੰ ਹੀ ਤਰਕਸੰਗਤ ਅਤੇ ਗੋਲ ਘੇਰੇ ਵਾਲੇ ਕੀਤਾ ਜਾਵੇ। ਪਹਿਲਿਆਂ ਦਾ ਹੀ ਲੋਕ ਰਾਇ ਅਤੇ ਪ੍ਰਬੰਧਕੀ ਸਹੂਲਤਾਂ ਤਹਿਤ ਪੁਨਰਗਠਨ ਹੋਵੇ।

ਅੰਤ ਵਿੱਚ ਇੱਕ ਹੋਰ ਗੱਲ ਕਰਨੀ ਵੀ ਜ਼ਰੂਰੀ ਹੋਵੇਗੀ। ਮਸ਼ਹੂਰ ਵਾਤਾਵਰਣ ਪ੍ਰੇਮੀ ਅਤੇ ਪ੍ਰਸਿੱਧ ਖੋਜਕਾਰ ਵਿਜੈ ਬੰਬੇਲੀ ਜੀ ਅਨੁਸਾਰ ਨਾਂ ਬਦਲਣਾ ਵੀ ਸਿਆਣਪ ਵਾਲੀ ਗੱਲ ਨਹੀਂ। ਨਾਂ ਸਥਾਪਿਤ ਹੋਣੇ ਇੱਕ ਲੰਬੀ ਭੂਗੋਲਿਕ, ਚੌਗਿਰਦੀ, ਸਮਾਜਿਕ ਅਤੇ ਰਾਜਨੀਤਕ ਕਿਰਿਆ-ਪ੍ਰਕਿਰਿਆ ਹੁੰਦੀ ਹੈ। ਪੁਰਾਣੇ ਨਾਂਓਂ ਲੋਕ ਮਨਾਂ ਵਿੱਚੋਂ ਵਿਸਰਦੇ ਨਹੀਂ ਅਤੇ ਨਾ ਹੀ ਨਵੇਂ ਨਾਂ ਲੋਕ-ਜ਼ੁਬਾਂ‌ਨ ’ਤੇ ਚੜ੍ਹਦੇ ਹਨ। ਉਦਾਹਰਨ ਦੇ ਤੌਰ ’ਤੇ ਨਵੇਂ ਬਣੇ ਜ਼ਿਲ੍ਹੇ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੱਜ ਵੀ ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਵਜੋਂ ਹੀ ਜਾਣੇ ਜਾਂਦੇ ਹਨ।

ਜਾਂਦੇ ਜਾਂਦੇ ਇੱਕ ਹੋਰ ਚਰਚਿਤ ਮੁੱਦੇ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦੀ ਵੀ ਗੱਲ ਕਰ ਲਈਏ ਤਾਂ ਇਹ ਕੰਡੇ ਵੀ ਅਤੀਤ ਵਿੱਚ ਅਕਾਲੀਆਂ ਦੇ ਹੀ ਬੀਜੇ ਹੋਏ ਹਨ। ਨਾ ਵੱਖਰੇ ਸੂਬੇ ਦੀ ਮੰਗ ਲਈ ਸੰਘਰਸ਼ ਕਰਦੇ, ਨਾ ਹੀ ਪੰਜਾਬ ਦੇ ਟੁਕੜੇ ਹੋ ਕੇ ਹਿਮਾਚਲ ਅਤੇ ਹਰਿਆਣਾ ਬਣਦੇ ਅਤੇ ਨਾ ਹੀ ਚੰਡੀਗੜ੍ਹ ਦਾ ਬਖੇੜਾ ਖੜ੍ਹਾ ਹੁੰਦਾ। ਉਸ ਵੇਲੇ ਤਾਂ ਜੁਦਾ ਹੋਏ ਪੁੱਤ ਨਾਲ ਰਸੋਈ ਸਾਂਝੀ ਰੱਖ ਲਈ, ਹੁਣ ਕਲੇਸ਼ ਪੈ ਰਿਹਾ ਹੈ। ਉੱਪਰੋਂ ਪਹਿਲੀ ਗਲਤੀ ਦੀ ਭਰਪਾਈ ਦੇ ਯਤਨਾਂ ਵਿੱਚ ‘ਨਵਾਂ ਚੰਡੀਗੜ੍ਹ’ ਬਣਾਉਂਦਿਆਂ ਬਾਦਲ ਸਰਕਾਰ ਨੇ ਇੱਕ ਤਰ੍ਹਾਂ ਨਾਲ ਖੁਦ ਹੀ ਪੰਜਾਬ ਨੂੰ ਚੰਡੀਗੜ੍ਹ ਤੋਂ ਅਲੱਗ-ਥਲੱਗ ਕਰ ਲਿਆ। ਖੈਰ ਇਹ ਮਸਲਾ ਵੱਡਾ ਹੈ, ਸਮਾਂ ਲੱਗੇਗਾ। ਫਿਲਹਾਲ ਤਾਂ ਇਹ ਦੇਖਣਾ ਬਣਦਾ ਹੈ ਕਿ ਲੋਕ ਅਨੰਦਪੁਰ ਸਾਹਿਬ ਜ਼ਿਲ੍ਹੇ ਨਾਲ ਜੁੜ ਕੇ ਰਾਜ਼ੀ ਹਨ ਜਾਂ ਫਿਰ ਜਿੱਥੇ ਟਿਕੇ ਹੋਏ ਹਨ, ਉੱਥੇ ਹੀ ਰਹਿ ਕੇ ਰਾਜ਼ੀ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)।

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)