“ਕੁੱਝ ਲਾਲਚੀ ਕਿਸਮ ਦੇ ਲੋਕ ਹੱਦਾਂ ਬੰਨ੍ਹੇ ਟੱਪ ਕੇ ਅਜਿਹੀਆਂ ਅਸ਼ਲੀਲ ਬੋਲਾਂ ਅਤੇ ...”
(25 ਜੂਨ 2025)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਅਸੀਂ ਆਧੁਨਿਕ ਯੁੱਗ ਵਿੱਚੋਂ ਗੁਜ਼ਰ ਰਹੇ ਹਾਂ। ਤਕਨਾਲੋਜੀ ਦੇ ਪਸਾਰੇ ਨਾਲ਼ ਹਰ ਖੇਤਰ ਵਿੱਚ ਨਵੇਂ-ਨਵੇਂ ਤਜਰਬਿਆਂ ਸਦਕਾ ਵਿਕਾਸ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਨਾਲ ਆਦਮੀ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਹੈ। ਮਨੁੱਖ ਜਿੱਥੇ ਭੌਤਿਕ ਸੁਖਾਂ ਲਈ ਮਨ ਤੋਂ ਪੂਰੀ ਤਰ੍ਹਾਂ ਪਦਾਰਥਵਾਦੀ ਹੁੰਦਾ ਜਾ ਰਿਹਾ ਹੈ, ਉੱਥੇ ਦਿਨ ਬਦਿਨ ਉਸਦਾ ਇਖਲਾਕੀ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਕਿਸੇ ਸਮੇਂ ਮਨੁੱਖ ਇੱਕ ਦਾਇਰੇ ਵਿੱਚ ਬੱਝਿਆ ਹੋਇਆ ਸੀ, ਕਦਰਾਂ ਕੀਮਤਾਂ ਨਾਲ਼ ਲਬਰੇਜ਼ ਸੀ ਪਰ ਅੱਜ ਉਸ ਦਾਇਰੇ ਤੋਂ ਨਿਕਲ ਕੇ ਚਮਕ-ਦਮਕ ਵਾਲ਼ੀ ਦੁਨੀਆਂ ਵੱਲ ਖਿੱਚਿਆ ਜਾ ਰਿਹਾ ਹੈ। ਪਹਿਲਾਂ ਵੱਡਿਆਂ ਦੀ ਸ਼ਰਮ ਹੁੰਦੀ ਸੀ, ਉਨ੍ਹਾਂ ਤੋਂ ਪਰਦਾ ਹੁੰਦਾ ਸੀ ਪਰ ਅੱਜ ਮਨੁੱਖ ਇਹ ਸਭ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਹੱਦ ਨੂੰ ਪਾਰ ਕਰਦਾ ਜਾ ਰਿਹਾ ਹੈ। ਬਹੁਤਾਤ ਸੰਖਿਆ ਵਿੱਚ ਨਵੀਂ ਪੀੜ੍ਹੀ ਸੋਸ਼ਲ ਮੀਡੀਆ ਦੀ ਗੁਲਾਮ ਬਣਦੀ ਜਾ ਰਹੀ ਹੈ।
ਦੂਜੇ ਵਿਕਸਤ ਮੁਲਕਾਂ ਦੀ ਨਿਸਬਤ ਸਾਡੇ ਦੇਸ਼ ਵਿੱਚ ਜ਼ਿਆਦਾ ਲੋਕ ਕੋਈ ਕੰਮ ਕਰਨ ਦੀ ਬਜਾਇ ਵਿਹਲੇ ਰਹਿ ਕੇ ਡੰਗ ਟਪਾਉਣ ਦੇ ਆਦੀ ਹਨ। ਨੌਜਵਾਨ ਮੁੰਡੇ ਕੁੜੀਆਂ ਕੋਈ ਛੋਟੀ ਮੋਟੀ ਨੌਕਰੀ ਕਰਨ ਦੀ ਥਾਂ ਅਜਿਹਾ ਕੋਈ ਰਸਤਾ ਭਾਲਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ਼ ਬਿਨਾਂ ਕੰਮ ਕੀਤਿਆਂ ਪੈਸੇ ਆਉਂਦੇ ਰਹਿਣ। ਬਹੁਤਿਆਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੇ ਚੈਨਲ ਬਣਾ ਕੇ ਉਸ ਉੱਤੇ ਅਸੱਭਿਅਕ ਕੰਟੈਂਟ, ਜਿਸ ਨੂੰ ਕੋਈ ਵੀ ਪਰਿਵਾਰ ਇਕੱਠਿਆਂ ਬੈਠ ਕੇ ਨਹੀਂ ਦੇਖ ਸਕਦਾ, ਅਜਿਹਾ ਕੁਝ ਪਾਇਆ ਜਾ ਰਿਹਾ ਹੈ। ਨੈਤਿਕਤਾ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ ਗਿਆ ਹੈ। ਅੱਗੋਂ ਦੇਖਣ ਵਾਲ਼ਿਆਂ ਦੀ ਮੱਤ ਸ਼ਾਇਦ ਬਿਲਕੁਲ ਮਾਰੀ ਗਈ ਹੈ। ਅਜਿਹੇ ਭੱਦੇ ਕੌਂਟੈਂਟਸ ਦੇ ਲੱਖਾਂ ਵਿੱਚ ਫੌਲੋਅਰਜ਼ ਹੋ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ਕਿ ਸਾਡੀ ਸੋਚ ਬੱਸ ਇੱਥੇ ਹੀ ਰੁਕੀ ਹੋਈ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਉਕਸਾਹਟ ਭਰੇ ਵਿਸ਼ਿਆਂ ਨਾਲ਼ ਸੰਬੰਧਤ ਵੀਡੀਓਜ਼ ਅੱਪਲੋਡ ਕਰਨ ਵਾਲ਼ਿਆਂ ’ਤੇ ਸਖ਼ਤ ਕਾਰਵਾਈ ਕਰੇ। ਇਨ੍ਹਾਂ ਦੇ ਜਿਹੜੇ ਵੀ ਇੰਸਟਾਗ੍ਰਾਮ, ਫੇਸਬੁੱਕ ਜਾਂ ਹੋਰ ਰੂਪਾਂ ਵਿੱਚ ਅਕਾਊਂਟ ਚੱਲਦੇ ਹਨ, ਉਹ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਲੋਕਾਂ ਦੀਆਂ ਇਹੋ ਜਿਹੀਆਂ ਭੈੜੀਆਂ ਹਰਕਤਾਂ ਨਾਲ਼ ਸਾਡੇ ਬੱਚਿਆਂ ਦੀ ਮਾਨਸਿਕਤਾ ਗਿਰਾਵਟ ਵੱਲ ਜਾ ਰਹੀ ਹੈ, ਜੋ ਭਵਿੱਖ ਲਈ ਚੰਗੇ ਸੰਕੇਤ ਨਹੀਂ।
ਸਾਡਾ ਸੂਬਾ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ, ਉੱਤੋਂ ਇਹ ਪਰੋਸੀ ਜਾ ਰਹੀ ਲੱਚਰਤਾ ਸਾਡੀ ਨੌਜਵਾਨੀ ਨੂੰ ਕੁਰਾਹੇ ਪਾ ਰਹੀ ਹੈ। ਕੁੱਝ ਲਾਲਚੀ ਕਿਸਮ ਦੇ ਲੋਕ ਹੱਦਾਂ ਬੰਨ੍ਹੇ ਟੱਪ ਕੇ ਅਜਿਹੀਆਂ ਅਸ਼ਲੀਲ ਬੋਲਾਂ ਅਤੇ ਇਸ਼ਾਰਿਆਂ ਵਾਲ਼ੀਆਂ ਵੀਡੀਓਜ਼ ਪਾ ਕੇ ਲੱਖਾਂ ਰੁਪਏ ਬਿਨਾਂ ਮਿਹਨਤ ਮੁਸ਼ੱਕਤ ਦੇ ਕਮਾ ਰਹੇ ਹਨ। ਇਹ ਵਰਤਾਰਾ ਬੇਹੱਦ ਮੰਦਭਾਗਾ ਹੈ। ਹੁਣ ਇਹ ਅਸੀਂ ਸੋਚਣਾ ਹੈ ਕਿ ਕੀ ਦੇਖਣਾ ਹੈ ਤੇ ਕੀ ਨਹੀਂ। ਬਹੁਤ ਸਾਰੀਆਂ ਅਜਿਹੀਆਂ ਸਾਈਟਸ ਵੀ ਸਾਡੇ ਨੈੱਟ ’ਤੇ ਉਪਲਬਧ ਹਨ, ਜਿਨ੍ਹਾਂ ਤੋਂ ਅਸੀਂ ਵਧੀਆ, ਗਿਆਨ ਭਰਪੂਰ ਕੰਟੈਂਟ ਦੇਖ ਕੇ ਜਿੱਥੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ, ਉੱਥੇ ਨੌਜਵਾਨ ਪੀੜ੍ਹੀ ਇਨ੍ਹਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਬਹੁਤ ਚੰਗੇ ਤਰੀਕੇ ਨਾਲ਼ ਤਿਆਰੀ ਕਰਕੇ ਸਫਲਤਾ ਹਾਸਲ ਕਰ ਸਕਦੇ ਹਨ। ਹਾਂ, ਜੇਕਰ ਤੁਹਾਡੇ ਵਿੱਚ ਕਲਾ ਹੈ, ਰੀਲਾਂ ਬਣਾਉ, ਆਜ਼ਾਦੀ ਹੈ ਬਣਾ ਸਕਦੇ ਹੋ। ਆਪਣੀ ਪ੍ਰਤਿਭਾ ਨੂੰ ਦੁਨੀਆਂ ਸਾਹਮਣੇ ਪੇਸ਼ ਕਰ ਸਕਦੇ ਹੋ ਪਰ ਸੀਮਾ ਵਿੱਚ ਰਹਿ ਕੇ। ਲੀਹੋਂ ਉੱਤਰ ਕੇ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਵਾਲ਼ੀਆਂ, ਉਕਸਾਹਟ ਭਰੀਆਂ ਅਤੇ ਅਸ਼ਲੀਲ ਵਿਸ਼ੇ ਵਾਲ਼ੀਆਂ ਵੀਡੀਓਜ਼ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਬਹੁਤ ਸਾਰੇ ਅਜਿਹੇ ਕਲਾ ਦੇ ਧਾਰਨੀ ਵੀ ਹਨ ਜਿਹੜੇ ਵਧੀਆ ਸੱਭਿਅਕ ਕੰਟੈਂਟ ਅਤੇ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਨ ਵਾਲ਼ੀਆਂ ਵੀਡੀਓਜ਼, ਜੋ ਸਮਾਜ ਨੂੰ ਚੰਗਾ ਸੰਦੇਸ਼ ਦਿੰਦੀਆਂ ਹਨ, ਪੋਸਟ ਕਰਦੇ ਹਨ। ਸਾਨੂੰ ਪੈਸੇ ਦੀ ਦੌੜ ਅਤੇ ਮਸ਼ਹੂਰ ਹੋਣ ਲਈ ਅੰਨ੍ਹੇ ਨਹੀਂ ਬਣਨਾ ਚਾਹੀਦਾ ਕਿ ਅਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਹੀ ਜਾਈਏ। ਆਉ ਆਪਣੇ ਬੱਚਿਆਂ ਅਤੇ ਸਮਾਜ ਨੂੰ ਕੁੱਝ ਚੰਗਾ ਦੇਣ ਦਾ ਯਤਨ ਕਰੀਏ, ਨਹੀਂ ਤਾਂ ਸ਼ਾਤਰ ਦਿਮਾਗ ਲੋਕ ਪਹਿਲਾਂ ਹੀ ਸਾਡੇ ਸੂਬੇ ’ਤੇ ਮੈਲ਼ੀ ਅੱਖ ਰੱਖੀ ਬੈਠੇ ਹਨ। ਉਨ੍ਹਾਂ ਦੇ ਮਨਸੂਬਿਆਂ ਨੂੰ ਸਮਝੀਏ ਅਤੇ ਆਪਣੇ ਕਿਰਦਾਰ ਨੂੰ ਉੱਚਾ ਅਤੇ ਸੁੱਚਾ ਰੱਖੀਏ, ਇਸ ਵਿੱਚ ਹੀ ਸਭ ਦੀ ਭਲਾਈ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)







































































































