LabhSinghShergill 7ਸਾਨੂੰ ਹੀ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਹੋਵੇਗਾ ਤਾਂ ਕਿ ਜ਼ਿੰਦਗੀ ਦੇ ਰੰਗ ਫਿੱਕੇ ਨਾ ਪੈਣਹਰ ਘਰ ਵਿੱਚੋਂ ਖੁਸ਼ੀਆਂ ...
(25 ਮਾਰਚ 2024)
ਇਸ ਸਮੇਂ ਪਾਠਕ: 170.


ਬਸੰਤ ਆਉਣ ਨਾਲ ਪਾਲ਼ਾ ਘਟ ਜਾਂਦਾ ਹੈ, ਤਾਂ ਹੀ ਇਹ ਕਹਾਵਤ ਬੋਲੀ ਜਾਂਦੀ ਹੈ ਕਿ ‘ਆਈ ਬਸੰਤ ਪਾਲ਼ਾ ਉਡੰਤ’
ਬਸੰਤ ਰੁੱਤ ਦੀ ਆਮਦ ਨਾਲ ਪੱਤਝੜ ਦੀ ਮਾਰ ਵਿੱਚੋਂ ਨਿਕਲੇ ਰੁੱਖਾਂ ਦੀਆਂ ਕਰੂੰਬਲਾਂ ਫੁੱਟਣ ਲੱਗਦੀਆਂ ਹਨ। ਚਾਰੇ ਪਾਸੇ ਕੁਦਰਤ ਅੰਗੜਾਈ ਲੈਂਦੀ ਪ੍ਰਤੀਤ ਹੁੰਦੀ ਹੈ ਤੇ ਰੁੱਖਾਂ ਦੀਆਂ ਕੋਮਲ-ਕੋਮਲ ਪੱਤੀਆਂ ਜਿਵੇਂ ਇੱਕ-ਦੂਜੇ ਤੋਂ ਮੋਹਰੇ ਹੋ-ਹੋ ਕੇ ਆਪਣੇ ਹੁਸਨ ਦਾ ਜਲਵਾ ਦਿਖਾਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਰੁੱਖ, ਬੂਟੇ ਆਪਣੇ ਜੋਬਨ ਵਿੱਚ ਜਿਵੇਂ ਮਸਤ ਹੋਏ ਹੋਣ। ਇਸ ਖਿੜ ਰਹੀ ਬਹਾਰ ਦੇ ਆਸ਼ਕ ਭੰਵਰੇ, ਤਿੱਤਲੀਆਂ ਤੇ ਹੋਰ ਛੋਟੇ-ਛੋਟੇ ਜੀਵ ਇਨ੍ਹਾਂ ਦੇ ਦੁਆਲ਼ੇ ਮੰਡਰਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਇਹ ਫੁੱਲ ਬੂਟੇ ਹੋਰ ਵੀ ਮਸਤੀ ਵਿੱਚ ਆ ਕੇ ਝੂਮਦੇ ਤੇ ਨਖ਼ਰੇਬਾਜ ਹੋਏ ਨਜ਼ਰੀਂ ਆਉਂਦੇ ਹਨ। ਕਿੰਨਾ ਸੁੰਦਰ ਨਜ਼ਾਰਾ ਹੁੰਦਾ ਹੈ, ਚਾਰੇ ਪਾਸੇ ਜਿੱਧਰ ਵੀ ਨਜ਼ਰ ਜਾਂਦੀ ਹੈ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਸਾਰੇ ਨਵੇਂ ਕੱਪੜੇ ਪਾ ਕੇ ਕਿਸੇ ਮੇਲੇ ਜਾਂ ਵਿਆਹ-ਸ਼ਾਦੀ ਲਈ ਤਿਆਰ ਖੜ੍ਹੇ ਹੋਣ ਕਿ ਕੋਈ ਆਵੇ ਤੇ ਸਾਨੂੰ ਆਪਣੇ ਨਾਲ ਲੈ ਜਾਵੇ ਖੁਸ਼ੀਆਂ ਸਾਂਝੀਆਂ ਕਰਨ ਲਈ ਪਰ ਇਨ੍ਹਾਂ ਨੇ ਤਾਂ ਆਪਣੀ ਇੱਕ ਥਾਂ ’ਤੇ ਰਹਿੰਦਿਆਂ ਹੀ ਮਾਨਵਤਾ ਤੇ ਕੁੱਲ ਕਾਇਨਾਤ ਨੂੰ ਆਨੰਦ ਤੇ ਸੁਖ ਦੇਣ ਦਾ ਕਾਰਜ ਕਰਨਾ ਹੁੰਦਾ ਹੈ।

ਚੇਤ ਮਾਹ ਦੇ ਆਰੰਭ ਹੋਣ ਨਾਲ ਦੇਸੀ ਵਰ੍ਹੇ ਦਾ ਆਗ਼ਾਜ਼ ਹੁੰਦਾ ਹੈ। ਸਭ ਦੇ ਮਨਾਂ ਵਿੱਚ ਨਵੇਂ ਵਰ੍ਹੇ ’ਤੇ ਕੁਝ ਨਵਾਂ ਤੇ ਵਧੀਆ ਕਰਨ ਦਾ ਨਿਰਾਲਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਫੱਗਣ ਦੇ ਅਖੀਰ ਜਾਂ ਚੇਤ ਦੇ ਸ਼ੁਰੂ ਵਾਲ਼ਾ ਸਮਾਂ ਫੁਟਾਰੇ (ਦਰਖਤਾਂ ਦੇ ਨਵੇਂ ਪੱਤੇ ਆਉਣਾ) ਦੇ ਨਾਲ-ਨਾਲ ਰੰਗਾਂ ਦੇ ਤਿਉਹਾਰ ਹੋਲੀ ਨੂੰ ਵੀ ਲੈ ਕੇ ਆਉਂਦਾ ਹੈ। ਹੋਲੀ ਦਾ ਉਤਸਵ ਪੂਰੇ ਦੇਸ਼ ਵਿੱਚ ਬੜੇ ਉਲਾਸ ਨਾਲ ਮਨਾਇਆ ਜਾਂਦਾ ਹੈ। ਛੋਟੇ ਕੀ, ਵੱਡੇ ਕੀ, ਸਾਰੇ ਰੰਗ-ਬਿਰੰਗੇ ਹੋਏ ਨਜ਼ਰ ਆਉਂਦੇ ਹਨ, ਕਿਸੇ ਨੂੰ ਕਿਸੇ ਦੀ ਪਛਾਣ ਵੀ ਨਹੀਂ ਆਉਂਦੀ। ਮੂੰਹ ਸਿਰ ਸਭ ਰੰਗੇ ਦਿਖਾਈ ਦਿੰਦੇ ਹਨ। ਰੁੱਸਿਆਂ ਨੂੰ ਮਨਾਉਣ ਦਾ ਇਹ ਚੰਗਾ ਸਮਾਂ ਹੁੰਦਾ ਹੈ ਮਸਤੀ ਮਸਤੀ ਵਿੱਚ ਰੋਸੇ ਨੂੰ ਰੰਗ ਆਪਣੇ ਵਿੱਚ ਜ਼ਜ਼ਬ ਕਰ ਲੈਂਦੇ ਹਨ ਫਿਰ ਖੁਸ਼ੀਆਂ ਹੀ ਖੁਸ਼ੀਆਂ, ਸਾਰੀ ਕੁਦਰਤ ਝੂਮਦੀ ਨਜ਼ਰ ਆਉਂਦੀ ਹੈ।

ਦੂਸਰੇ ਪਾਸੇ ਜੇ ਦੇਖਦੇ ਹਾਂ ਤਾਂ ਸਾਨੂੰ ਰੰਗਾਂ ਦੇ ਲੋਰ ਵਿੱਚ ਮਸਤ ਹੋਇਆਂ ਨੂੰ ਇਨ੍ਹਾਂ ਰੰਗਾਂ ਵਿਚਲੇ ਕੈਮੀਕਲਾਂ ਦਾ ਖ਼ਿਆਲ ਨਹੀਂ ਰਹਿੰਦਾ ਜੋ ਸਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਇਹ ਕੈਮੀਕਲ ਜੇ ਸਾਡੀਆਂ ਅੱਖਾਂ ਵਿੱਚ ਪੈ ਜਾਣ ਤਾਂ ਘਾਤਕ ਸਿੱਧ ਹੋ ਸਕਦੇ ਹਨਕਈ ਵਾਰ ਇਨ੍ਹਾਂ ਨਾਲ ਚਮੜੀ ਉੱਤੇ ਐਲਰਜੀ ਹੋ ਜਾਂਦੀ ਹੈ।‌ ਸਾਨੂੰ ਇਨ੍ਹਾਂ ਰੰਗਾਂ ਤੋਂ ਥੋੜ੍ਹਾ ਬਚਕੇ ਹੀ ਕੁਦਰਤੀ ਰੰਗਾਂ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਖੁਸ਼ੀਆਂ, ਖੁਸ਼ੀਆਂ ਹੀ ਬਣੀ ਰਹਿਣ, ਉਨ੍ਹਾਂ ਵਿੱਚ ਕੋਈ ਦੁੱਖ ਦੇਣ ਵਾਲੀ ਸ਼ੈਅ ਦਖ਼ਲ ਨਾ ਹੋਵੇ।

ਇਸ ਰੰਗਾਂ ਦੇ ਤਿਉਹਾਰ ’ਤੇ ਸਾਨੂੰ ਆਪਣੇ ਮਨ ਵਿਚਲੀਆਂ ਬੁਰਾਈਆਂ ਨੂੰ ਦੂਰ ਕਰਕੇ ਚੰਗਿਆਈ ਦਾ ਲੜ ਫੜਨਾ ਚਾਹੀਦਾ ਹੈ। ਹੋਲੀ ਵਿਚਲੇ ਭਿੰਨ ਭਿੰਨ ਰੰਗਾਂ ਵਾਂਗ ਹੀ ਜ਼ਿੰਦਗੀ ਵੀ ਵੱਖ ਵੱਖ ਰੰਗਾਂ ਭਾਵ ਦੁੱਖਾਂ ਸੁੱਖਾਂ ਦਾ ਸੁਮੇਲ ਹੈ। ਆਪਣੇ ਦੁੱਖਾਂ ਨੂੰ ਪਲ ਭਰ ਲਈ ਭੁੱਲ ਕੇ ਇਸ ਖੇੜੇ ਦੇ ਪਰਵ ਨੂੰ ਰਲ ਮਿਲ ਕੇ, ਭੇਦ-ਭਾਵ ਭੁਲਾ ਕੇ ਮਨਾਉਣਾ ਚਾਹੀਦਾ ਹੈ। ਦੂਜੇ ਪਾਸੇ ਜਦੋਂ ਦੇਖਦੇ ਹਾਂ ਕਿ ਨਸ਼ਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਰਬਾਦ ਕਰ ਦਿੱਤਾ ਹੈ, ਇਹ ਸੁਣ-ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਭਵਿੱਖ ਕਿਧਰੇ ਹਨੇਰੇ ਵਿੱਚ ਹੀ ਗੁਆਚ ਨਾ ਜਾਵੇ ਸੋ ਸਾਨੂੰ ਹੀ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਹੋਵੇਗਾ ਤਾਂ ਕਿ ਜ਼ਿੰਦਗੀ ਦੇ ਰੰਗ ਫਿੱਕੇ ਨਾ ਪੈਣ, ਹਰ ਘਰ ਵਿੱਚੋਂ ਖੁਸ਼ੀਆਂ ਦੀਆਂ ਫੁਹਾਰਾਂ ਆਉਣ ਤੇ ਹਰ ਘਰ ਗੁਲਜ਼ਾਰ ਬਣੇ। ਖੁਸ਼ੀਆਂ ਖੇੜਿਆਂ ਨੂੰ ਕਾਇਮ ਰੱਖਣ ਲਈ ਸਾਨੂੰ ਖ਼ੁਦ ਨੂੰ ਆਪਣੇ ਆਪ ਦੀ ਲਾਮਬੰਦੀ ਕਰਨੀ ਹੋਵੇਗੀ ਤੇ ਭੈੜੇ ਵਰਤਾਰਿਆਂ ਵਿਰੁੱਧ ਆਵਾਜ਼ ਉਠਾਉਣੀ ਹੋਵੇਗੀ ਫਿਰ ਹੀ ਜ਼ਿੰਦਗੀ ਦੇ ਬਿਖਰੇ ਰੰਗਾਂ ਨੂੰ ਅਸੀਂ ਇਸ ਹੋਲੀ ਦੇ ਤਿਉਹਾਰ ’ਤੇ ਸਮੇਟ ਸਕਾਂਗੇ।

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4835)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)