“ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ...”
(12 ਜੁਲਾਈ 2023)
ਹੜ੍ਹਾਂ ਦੀ ਮਾਰ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਪੰਜਾਬ ਦਾ ਮਾਲਵਾ ਤੇ ਕੁਝ ਦੁਆਬਾ ਖੇਤਰ ਹੜ੍ਹਾਂ ਦੀ ਮਾਰ ਹੇਠ ਹਨ। ਘੱਗਰ ਨਦੀ ਵਿੱਚ ਪਹਾੜਾਂ ’ਤੇ ਜ਼ਿਆਦਾ ਬਰਸਾਤ ਹੋਣ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਏ ਹਨ। ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਕੇ ਵਹਿ ਰਿਹਾ ਹੈ, ਜਿਸ ਨਾਲ ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਵੀ ਹੜ੍ਹਾਂ ਦੀ ਮਾਰ ਹੇਠ ਹਨ।
ਜੁਲਾਈ 1993 ਤੋਂ ਠੀਕ 30 ਸਾਲ ਬਾਅਦ ਜੁਲਾਈ 2023 ਵਿੱਚ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਸਥਾਨਕ ਲੋਕ ਆਪੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦਰਅਸਲ ਮੋਹਾਲੀ ਅਤੇ ਇਸਦੇ ਆਸ ਪਾਸ 20-25 ਮੰਜ਼ਿਲਾ ਫਲੈਟ ਉਸਾਰ ਦਿੱਤੇ ਹਨ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ਵੱਡੀ ਗਿਣਤੀ ਵਿੱਚ ਕਲੋਨੀਆਂ ਉਸਾਰ ਦਿੱਤੀਆਂ ਹਨ। ਕੁਝ ਹੀ ਦਿਨਾਂ ਵਿੱਚ ਵੱਡੇ ਵੱਡੇ ਫਲੈਟ ਉਸਾਰ ਦਿੱਤੇ। ਇਹ ਨਹੀਂ ਦੇਖਿਆ ਕਿ ਇੱਥੇ ਰਹਿਣ ਵਾਲਿਆਂ ਦਾ ਬਰਸਾਤਾਂ ਵਿੱਚ ਕੀ ਹਾਲ ਹੋਵੇਗਾ। ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ।
ਅੱਜ ਕੁਦਰਤ ਨੇ ਵੀ ਆਪਣਾ ਰੰਗ ਦਿਖਾ ਦਿੱਤਾ ਹੈ, ਜਿਸ ਅੱਗੇ ਸਰਕਾਰ ਅਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ। ਚੇਤੇ ਕਰਵਾ ਦੇਈਏ ਕਿ 15-20 ਸਾਲ ਪਹਿਲਾਂ ਜਦੋਂ ਮੀਂਹ ਦੀਆਂ ਝੜੀਆਂ ਕਈ ਕਈ ਦਿਨ ਲੱਗਦੀਆਂ ਸਨ, ਨਦੀਆਂ ਨਾਲੇ ਖੁੱਲ੍ਹੇ ਹੁੰਦੇ ਸਨ, ਜਿਸ ਰਾਹੀਂ ਪਾਣੀ ਦਾ ਨਿਕਾਸ ਹੋ ਜਾਂਦਾ ਸੀ। ਪਟਿਆਲ਼ੇ ਸਾਰੇ ਸ਼ਹਿਰ ਅੰਦਰ 60-70 ਸਾਲ ਪੁਰਾਣਾ ਨਾਲਾ ਸੀ, ਜਿਸ ਵਿੱਚ ਸਾਰਾ ਬਰਸਾਤੀ ਪਾਣੀ ਵਗਦਾ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਨਾਲਾ ਉੱਪਰੋਂ ਦੀ ਬੰਦ ਕਰ ਦਿੱਤਾ ਗਿਆ ਹੈ। ਹੁਣ ਪਾਣੀ ਦੇ ਨਿਕਾਸ ਵਿੱਚ ਵੱਡੇ ਪੱਧਰ ’ਤੇ ਦਿੱਕਤ ਆ ਰਹੀ ਹੈ।
ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਨੇ ਕੁਦਰਤ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਹੈ। ਚਾਰ ਕੁ ਮਹੀਨੇ ਪਹਿਲਾਂ ਵੀ ਉਤਰਾਖੰਡ ਵਿੱਚ ਜ਼ਮੀਨ ਖਿਸਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ। ਕੁਝ ਘਰਾਂ ਦੀਆਂ ਛੱਤਾਂ ਉੱਪਰ ਦਰਾੜਾਂ ਆ ਗਈ ਸਨ। ਪੱਕੇ ਬਣੇ ਘਰ ਪਾਣੀ ਵਿੱਚ ਰੁੜ੍ਹ ਗਏ ਸਨ। ਇੱਕ ਇਨਸਾਨ ਬੜੀ ਮਿਹਨਤ ਨਾਲ ਪੈਸੇ ਕਮਾ ਕੇ ਆਪਣਾ ਘਰ ਬਣਾਉਂਦਾ ਹੈ। ਉਸ ਨੂੰ ਬੜਾ ਚਾਅ ਹੁੰਦਾ ਹੈ ਕਿ ਉਸਦੇ ਸੁਪਨਿਆਂ ਦਾ ਘਰ ਬਣ ਗਿਆ। ਪਰ ਅਜਿਹੇ ਹਾਲਾਤ ਅੱਗੇ ਇਨਸਾਨ ਬੇਵਸ ਨਜ਼ਰ ਆਉਂਦਾ ਹੈ। ਉਸ ਨੂੰ ਆਪਣਾ ਬਣਿਆ ਘਰ ਛੱਡਣਾ ਪੈਂਦਾ ਹੈ। ਆਪਣੇ ਜਾਨ ਮਾਲ ਦੀ ਰਾਖੀ ਲਈ ਉਸ ਨੂੰ ਆਪਣਾ ਘਰ ਛੱਡ ਕੇ ਪਰਿਵਾਰ ਸਮੇਤ ਸੁਰੱਖਿਅਤ ਸਥਾਨਾਂ ’ਤੇ ਜਾਣਾ ਪੈਂਦਾ ਹੈ ਜਦਕਿ ਦਿਲ ਘਰ ਛੱਡਣ ਨੂੰ ਨਹੀਂ ਕਰਦਾ।
ਸਾਲ 2012 ਵਿੱਚ ਉਤਰਾਖੰਡ ਹੜ੍ਹਾਂ ਦੀ ਮਾਰ ਹੇਠ ਸੀ। ਉਦੋਂ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਹਜ਼ਾਰਾਂ ਮੌਤਾਂ ਹੋਈਆਂ। ਜਿਉਂਦੇ ਜੀਅ ਇਨਸਾਨ ਦਰਿਆਵਾਂ ਦੇ ਪਾਣੀ ਵਿੱਚ ਰੁੜ੍ਹ ਗਏ। ਸਰਕਾਰਾਂ, ਪ੍ਰਸ਼ਾਸਨ ਕੁਦਰਤ ਅੱਗੇ ਲਾਚਾਰ ਸਾਬਤ ਹੋਈਆਂ। ਅਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿੱਜੀ ਸਵਾਰਥਾਂ ਲਈ ਪਹਾੜਾਂ ਉੱਪਰ ਦਰਖ਼ਤਾਂ ਦੀ ਕਟਾਈ, ਮਾਈਨਿੰਗ ਕਰਕੇ ਵੱਡੇ ਵੱਡੇ ਹੋਟਲ ਉਸਾਰੇ ਜਾ ਰਹੇ ਹਨ। ਨਦੀਆਂ ਨਾਲਿਆਂ ਉੱਪਰ ਕਬਜ਼ੇ ਕਰਕੇ ਘਰ ਉਸਾਰੇ ਜਾ ਰਹੇ ਹਨ, ਫਸਲਾਂ ਬੀਜੀਆਂ ਜਾ ਰਹੀਆਂ ਹਨ। ਚੌੜੀਆਂ ਸੜਕਾਂ, ਰੇਲ ਲਾਈਨ ਦਾ ਜਾਲ ਵਿਛਾਉਂਦੇ ਹੋਏ ਅੰਧਾ ਧੁੰਦ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਹੈ। ਸੀਵਰੇਜ ਦਾ ਵਧੀਆ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਧਰਤੀ ਹੇਠ ਰਿਸਦਾ ਰਹਿੰਦਾ ਹੈ, ਜਿਸ ਨਾਲ ਅਨੇਕਾਂ ਬਿਮਾਰੀਆਂ ਦਾਂ ਲੋਕ ਆਪ ਹੀ ਸ਼ਿਕਾਰ ਹੋ ਰਹੇ ਹਨ। ਫਸਲਾਂ ਉੱਤੇ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਦਾ ਛਿੜਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਹਵਾ ਵੀ ਪ੍ਰਭਾਵਿਤ ਹੁੰਦੀ ਹੈ।
ਪਰਾਲੀ ਨੂੰ ਅੱਗ ਲਗਾ ਕੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਵੱਧ ਪੈਸਾ ਕਮਾਉਣ ਦੇ ਚੱਕਰ ਵਿੱਚ ਕੁਦਰਤੀ ਵਸੀਲਿਆਂ ਦਾ ਨਾਸ ਕੀਤਾ ਜਾ ਰਿਹਾ ਹੈ। ਧਰਤੀ ਹੇਠੋਂ ਵੱਡੇ ਪੱਧਰ ’ਤੇ ਪਾਣੀ ਵਾਲੇ ਕੱਢ ਕੇ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ ਹੈ। ਫੈਕਟਰੀ ਦਾ ਗੰਦਾ ਪਾਣੀ ਬੋਰਾਂ ਰਾਹੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ। ਦਰਿਆਵਾਂ ਨੂੰ ਵੱਡੇ ਪੱਧਰ ’ਤੇ ਫੈਕਟਰੀਆਂ ਦੀ ਰਹਿੰਦੀ ਖੂਹੰਦ ਰਾਹੀਂ ਗੰਦਾ ਕੀਤਾ ਜਾ ਰਿਹਾ ਹੈ। ਕੁਦਰਤ ਨੇ ਜੋ ਇਨਸਾਨ ਦਿੱਤਾ, ਅਸੀਂ ਉਸ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਦੇ ਹੋਏ ਉਸਦਾ ਘਾਣ ਕੀਤਾ। ਹੁਣ ਜਦੋਂ ਕੁਦਰਤ ਰੰਗ ਦਿਖਾ ਰਹੀ ਹੈ ਤਾਂ ਅਸੀਂ ਆਪਣੀ ਕੀਤੀਆਂ ਗਲਤੀਆਂ ਅੱਗੇ ਬੇਵੱਸ ਹਾਂ। ਸਾਨੂੰ ਕੁਦਰਤੀ ਸਰੋਤਾਂ ਦਾ ਇਸਤੇਮਾਲ ਸੋਚ ਸਮਝਕੇ ਕਰਨਾ ਚਾਹੀਦਾ। ਜੋ ਸਾਨੂੰ ਕੁਦਰਤ ਦੇ ਰਹੀ ਹੈ, ਸਾਨੂੰ ਉਸੇ ਰੂਪ ਵਿੱਚ ਉਸ ਨੂੰ ਮੋੜਨਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4084)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































