“ਇਹ ਅਵਾਜ਼ ਇੰਨੀ ਭਿਆਨਕ ਸੀ ਕਿ ਜਹਾਜ਼ ਦੇ ਇੰਜਣ ਦੀ ਅਵਾਜ਼ ਇਸ ਅਵਾਜ਼ ਵਿੱਚ ਹੀ ਗੁਆਚ ਗਈ। ਯਾਤਰੀਆਂ ਨੂੰ ਲੱਗਾ ...”
(18 ਜੂਨ 2023)
ਜ਼ਿੰਦਗੀ ਖ਼ੂਬਸੂਰਤ ਹੈ। ਜਿੰਦਗੀ ਦੇ ਹਰ ਪਲ ਦਾ ਲੁਤਫ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਦੁਰਲੱਭ ਹੈ। ਜ਼ਿੰਦਗੀ ਜਿਉਣ ਲਈ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ। ਮੁਸ਼ਕਿਲਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਜਿਵੇਂ ਘਰੇਲੂ ਕਲੇਸ਼, ਸਰੀਰਕ ਤੰਦਰੁਸਤੀ, ਕੰਮਕਾਰ ਵਿੱਚ ਰੁਕਾਵਟ ਆਦਿ। ਜਦੋਂ ਕਦੇ ਸਾਡੀ ਜ਼ਿੰਦਗੀ ਵਿੱਚ ਦੁੱਖ ਜਾਂ ਮੁਸੀਬਤ ਆਈ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਨੇੜੇ ਕੌਣ ਢੁੱਕਾ ਸੀ, ਕਿਸਨੇ ਮੁਸੀਬਤ ਵੇਲੇ ਸਾਡੀ ਮਦਦ ਕੀਤੀ ਸੀ।
ਅੱਜ ਜ਼ਮਾਨਾ ਬਦਲ ਗਿਆ ਹੈ। ਜੇ ਤੁਹਾਡੀ ਜੇਬ ਵਿੱਚ ਚਾਰ ਪੈਸੇ ਹਨ ਤਾਂ ਹੀ ਤੁਹਾਡੇ ਨੇੜੇ ਕੋਈ ਖੜ੍ਹਦਾ ਹੈ, ਤੁਹਾਡੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਮੁਸੀਬਤ ਆਉਂਦੀ ਸੀ ਤਾਂ ਸਾਰਾ ਪਿੰਡ ਹੀ ਮਦਦ ਕਰਦਾ ਸੀ, ਆਰਥਿਕ ਪੱਖੋਂ ਵੀ ਮਦਦ ਹੋ ਜਾਂਦੀ ਸੀ ਤੇ ਕਦੇ ਮਿਹਣੇ ਵੀ ਨਹੀ ਮਾਰੇ ਜਾਂਦੇ ਸਨ। ਉਸ ਸਮੇਂ ਲੋਕਾਂ ਵਿੱਚ ਇੱਕ ਦੂਜੇ ਉੱਤੇ ਯਕੀਨ ਸੀ। ਵਿਸ਼ਵਾਸ ਨਾਲ ਉਹ ਲੋਕ ਜਿੰਦਗੀ ਬਤੀਤ ਕਦੇ ਸਨ। ਦੋਸਤੀ ਅਤੇ ਹੋਰ ਸਮਾਜਿਕ ਰਿਸ਼ਤੇ ਵਿਸ਼ਵਾਸ ਦੀ ਨੀਂਹ ਉੱਤੇ ਟਿਕੇ ਹੋਏ ਹੁੰਦੇ ਸਨ ਅੱਜ ਇਨਸਾਨ ਜੇ ਕਿਸੇ ਨਾਲ ਕੋਈ ਮਤਲਬ ਹੈ ਤਾਂ ਦੋਸਤੀ ਕਰਦਾ ਹੈ। ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਹੋ ਜਾਂਦਾ ਹੈ। ਛਲ-ਕਪਟ, ਝੂਠ, ਪੈਸੇ ਦੇ ਬਲਬੂਤੇ ਤੁਸੀਂ ਸ਼ੋਹਰਤ ਜਾਂ ਅਹੁਦਾ ਹਾਸਲ ਤਾਂ ਕਰ ਲਵੋਂਗੇ ਪਰ ਤੁਹਾਡੀ ਆਤਮਾ ਨੂੰ ਜੋ ਸ਼ਾਂਤੀ ਅਤੇ ਸੰਤੁਸ਼ਟੀ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲਦੀ। ਝੂਠ ਫਰੇਬ ਨਾਲ ਮਾਇਆ ਇੱਕਠੀ ਕਰ ਲਵੋਂਗੇ ਪਰ ਵਿਸ਼ਵਾਸ ਕਿਸ ਤਰ੍ਹਾਂ ਲਿਆ ਸਕੋਂਗੇ।
ਅੱਜ ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਬੱਚਿਆਂ ਦੇ ਜਿਉਂਦੇ ਜੀਅ ਮਾਪੇ ਬਿਰਧ ਆਸ਼ਰਮਾਂ ਵਿੱਚ ਜ਼ਿੰਦਗੀ ਕੱਟ ਰਹੇ ਹਨ। ਮਾਂ ਦੀ ਮਮਤਾ ਵੀ ਸ਼ਰਮਸਾਰ ਹੋ ਗਈ ਹੈ। ਨਿਮਰਤਾ, ਪਿਆਰ, ਸਤਿਕਾਰ ਤੇ ਵਿਸ਼ਵਾਸ ਸਭ ਖਤਮ ਹੋ ਰਹੇ ਨੇ। ਵੱਡੇ ਵੱਡੇ ਟੀ ਵੀ ਚੈਨਲਾਂ ਉੱਤੇ ਬਥੇਰੇ ਮਹਾਂ ਪੁਰਖ ਵਿਚਾਰ ਪੇਸ਼ ਕਰਦੇ ਹਨ, ਜੀਵਣ ਜੀਉਣ ਦਾ ਉਪਦੇਸ਼ ਦਿੰਦੇ ਹਨ। ਵੱਡੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਕਿੰਨੀ ਭੀੜ ਹੁੰਦੀ ਹੈ ਪਰ ਫਿਰ ਵੀ ਇਨਸਾਨ ਉੱਤੇ ਕੋਈ ਅਸਰ ਨਹੀਂ। ਵੱਟਾਂ ਪਿੱਛੇ ਰੌਲਾ ਪੈ ਜਾਣ ਕਾਰਨ ਇੱਕ ਦੂਜੇ ਦਾ ਕਤਲ ਦੀ ਗੱਲ ਆਮ ਹੋ ਗਈ ਹੈ। ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਇਨਸਾਨ ਆਪਣੀ ਝੂਠੀ ਸ਼ਾਨੋ ਸ਼ੌਕਤ, ਐਸ਼ੋ ਆਰਾਮ ਲਈ ਭੱਜਿਆ ਫਿਰਦਾ ਹੈ। ਹਜ਼ਾਰਾਂ ਲੋਕਾਂ ਨੂੰ ਲਤਾੜ ਕੇ ਬੇਵਿਸ਼ਵਾਸੀ ਨਾਲ ਅੱਗੇ ਵੱਧਣਾ ਚਾਹੁੰਦਾ ਹੈ। ਲੋਕ ਦਿਖਾਵੇ ਭਰੀ ਜ਼ਿੰਦਗੀ ਜੀਅ ਰਹੇ ਹਨ। ਸੋਸ਼ਲ ਮੀਡੀਆ ਉੱਤੇ ਜੋ ਸਟੇਟਸ ਜਾਂ ਫੋਟੋਆਂ ਪੋਸਟ ਕੀਤੀਆਂ ਜਾਂਦੀਆਂ ਹਨ, ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਮੇਲ ਨਹੀਂ ਖਾਂਦੀਆਂ। ਦਿਖਾਵੇ ਦੇ ਚੱਕਰ ਵਿੱਚ ਹਜ਼ਾਰਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਲੋਕਾਂ ਤੋਂ ਉਧਾਰ ਲਏ ਪੈਸਿਆਂ ’ਤੇ ਜ਼ਿੰਦਗੀ ਚੱਲ ਰਹੀ ਹੈ। ਇਸ ਤੋਂ ਮਾੜਾ ਕੀ ਹੋ ਸਕਦਾ ਹੈ?
ਸਾਨੂੰ ਇਸ ਤਰ੍ਹਾਂ ਦੀ ਬੇ-ਵਿਸ਼ਵਾਸੀ, ਝੂਠ ਫਰੇਬ, ਦਿਖਾਵੇ ਵਾਲੀ ਜ਼ਿੰਦਗੀ ਤੋਂ ਬਚਣਾ ਚਾਹੀਦਾ ਹੈ। ਅਜਿਹੇ ਦੋਸਤ ਹੋਣੇ ਚਾਹੀਦੇ ਹਨ ਜਿਸ ਤੇ ਸਾਨੂੰ ਰੱਬ ਤੋਂ ਵੱਧ ਯਕੀਨ ਹੋਵੇ,ਜੋਂ ਤੁਹਾਡੇ ਮਾੜੇ ਸਮੇਂ ਵਿੱਚ ਨਾਲ ਹੋਵੇ, ਜੋ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਸਮਝ ਸਕੇ। ਦੋਸਤੀ ਦੀ ਨੀਂਹ ਪੈਸੇ ਦੀ ਜਗ੍ਹਾ ਵਿਸ਼ਵਾਸ ’ਤੇ ਹੋਣੀ ਚਾਹੀਦੀ ਹੈ। ਰਿਸ਼ਤਿਆਂ ਵਿੱਚ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਮੈਨੂੰ ਵੀ ਬਹੁਤ ਲੋਕਾਂ ਨੇ ਆਪਣਾ ਦੋਸਤ ਬਣਾਇਆ ਤੇ ਕਈਆਂ ਦੀਆਂ ਗੱਲਾਂ ’ਤੇ ਸ਼ਾਇਦ ਮੈਂ ਖਰਾ ਨਹੀਂ ਉੱਤਰ ਸਕਿਆ। ਇਸ ਕਰਕੇ ਹੋ ਸਕਦਾ ਉਹ ਮੈਂਨੂੰ ਛੱਡ ਗਏ ਹੋਣ ਪਰ ਜਿਨ੍ਹਾਂ ਨਾਲ ਮੈਂ ਦੋਸਤੀ ਬਣਾਈ, ਉਹ ਮੂੰਹੋਂ ਕਹੀਆਂ ਗੱਲਾਂ ’ਤੇ ਖੜ੍ਹੀ ਹੈ। ਮੈਂ ਹਮੇਸ਼ਾ ਉਹਨਾਂ ਦਾ ਸਾਥ ਦੇਣ ਲਈ ਤਿਆਰ ਹਾਂ ਪਰ ਉਹ ਦੋਸਤ ਹੀ ਦੱਸ ਸਕਦੇ ਹਨ ਕਿ ਉਹ ਮੇਰੇ ’ਤੇ ਯਕੀਨ ਕਰਦੇ ਹਨ ਜਾਂ ਨਹੀਂ।
ਸਿਆਣੇ ਆਖਦੇ ਹਨ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਵਾਰ ਅਜਿਹਾ ਚੰਗਾ ਦੋਸਤ ਜ਼ਰੂਰ ਆਉਂਦਾ ਹੈ, ਜਿਸ ਨੂੰ ਅਸੀਂ ਸਮੇਂ ਸਿਰ ਪਛਾਣਿਆ ਨਹੀਂ, ਅਸੀਂ ਉਹ ਦੋਸਤ ਗਵਾ ਬੈਠੇ। ਸਾਨੂੰ ਅਜੋਕੇ ਸਮੇਂ ਵਿੱਚ ਆਪਣੇ ਨਾਲ ਚੱਲ ਰਹੇ ਦੋਸਤਾਂ-ਮਿੱਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੂੰ ਆਪਣੇ ਆਪ ’ਤੇ ਵਿਸ਼ਵਾਸ ਨਹੀਂ ਹੁੰਦਾ, ਉਨ੍ਹਾਂ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਕਿਤੇ ਵੀ ਨਜ਼ਰ ਮਾਰ ਲਵੋ ਟੀਵੀ ਚੈਨਲਾਂ, ਸੋਸ਼ਲ ਮੀਡੀਆ ’ਤੇ ਨਕਾਰਾਤਮਕ ਗੱਲਾਂ ਹੀ ਸੁਰਖੀਆਂ ਬਣੀਆਂ ਪਈਆਂ ਮਿਲਦੀਆਂ ਹਨ, ਜੋ ਸਾਡੇ ਦਿਮਾਗ ਉੱਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ। ਸਾਨੂੰ ਹਮੇਸ਼ਾ ਨਕਾਰਾਤਮਕ ਵਿਚਾਰਾਂ ਤੋਂ ਦੂਰ ਹੁੰਦੇ ਹੋਏ ਭਰੋਸੇਮੰਦ ਦੋਸਤਾਂ, ਰਿਸ਼ਤੇਦਾਰ ਦੀ ਚੋਣ ਕਰਨ ਚਾਹੀਦੀ ਹੈ। ਪਰ ਇਹ ਚੋਣ ਬਗੈਰ ਕਿਸੇ ਲਾਲਚ ਦੇ ਹੋਵੇ। ਜੇਕਰ ਅਸੀਂ ਕਿਸੇ ਦੇ ਭਰੋਸੇ ਲਾਇਕ ਨਹੀਂ ਤਾਂ ਸਾਨੂੰ ਕਿਸੇ ਨਾਲ ਵਿਸ਼ਵਾਸਘਾਤ ਵੀ ਨਹੀਂ ਕਰਨਾ ਚਾਹੀਦਾ। ਵਿਸ਼ਵਾਸ ਜਿੱਤਣਾ ਕੋਈ ਵੱਡੀ ਗੱਲ ਨਹੀਂ, ਵਿਸ਼ਵਾਸ ਬਣਾਈ ਰੱਖਣਾ ਬਹੁਤ ਵੱਡੀ ਗੱਲ ਹੈ। ਵਿਸ਼ਵਾਸ ਇੱਕ ਅਜਿਹੀ ਸ਼ਕਤੀ ਹੈ ਜਿਸ ਨਾਲ ਅਸੀਂ ਸਾਰੀ ਜ਼ਿੰਦਗੀ ਸਕਾਰਾਤਮਕ ਢੰਗ ਨਾਲ ਕੱਟ ਸਕਦੇ ਹਾਂ।
ਇੱਕ ਵਾਰ ਦਿੱਲੀ ਤੋਂ ਮੈਲਬੌਰਨ ਜਾ ਰਹੇ ਜਹਾਜ਼ ਵਿੱਚ ਬਹੁਤ ਭੀੜ ਸੀ। ਜਹਾਜ਼ ਨੂੰ ਉੱਡਿਆਂ ਇੱਕ ਘੰਟਾ ਨਹੀਂ ਸੀ ਹੋਇਆ ਕਿ ਜਹਾਜ਼ ਝਟਕੇ ਖਾਣ ਲੱਗਾ। ਏਅਰਹੋਸਟੈਸ ਨੇ ਯਾਤਰੀਆਂ ਨੂੰ ਕਿਹਾ ਕਿ ਮੌਸਮ ਖਰਾਬ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਸੀਟ ਬੈਲਟ ਲਾਉਣੀ ਚਾਹੀਦੀ ਹੈ। ਯਾਤਰੀਆਂ ਵਿੱਚ ਥੋੜ੍ਹੀ ਘਬਰਾਹਟ ਪੈਦਾ ਹੋਈ। ਥੋੜ੍ਹੀ ਦੇਰ ਬਾਅਦ ਏਅਰਹੋਸਟੈਸ ਨੇ ਕਿਹਾ ਕਿ ਖਰਾਬ ਮੌਸਮ ਕਰਕੇ ਅਸੀਂ ਹੁਣ ਜਹਾਜ਼ ਵਿੱਚ ਨਾਸ਼ਤਾ ਨਹੀ ਕਰ ਸਕਦੇ। ਯਾਤਰੀਆਂ ਵਿੱਚ ਪ੍ਰੇਸ਼ਾਨੀ ਹੋਰ ਵਧ ਗਈ। ਇਸ ਸਮੇਂ ਇੱਕ 12 ਸਾਲ ਦੀ ਛੋਟੀ ਜਿਹੀ ਬੱਚੀ ਵੀਡੀਓ ਗੇਮ ਖੇਡ ਰਹੀ ਸੀ। ਕੁਝ ਹੀ ਦੇਰ ਬਾਅਦ ਬਿਜਲੀ ਦੀ ਜ਼ੋਰਦਾਰ ਅਵਾਜ਼ ਆਈ। ਇਹ ਅਵਾਜ਼ ਇੰਨੀ ਭਿਆਨਕ ਸੀ ਕਿ ਜਹਾਜ਼ ਦੇ ਇੰਜਣ ਦੀ ਅਵਾਜ਼ ਇਸ ਅਵਾਜ਼ ਵਿੱਚ ਹੀ ਗੁਆਚ ਗਈ। ਯਾਤਰੀਆਂ ਨੂੰ ਲੱਗਾ ਕਿ ਬੱਸ ਹੁਣ ਜਹਾਜ਼ ਕਰੈਸ਼ ਹੋਣ ਵਾਲਾ ਹੈ। ਸਾਡੇ ਵਿੱਚੋਂ ਹੁਣ ਕੋਈ ਜ਼ਿੰਦਾ ਨਹੀਂ ਬਚੇਗਾ। ਸਾਰੇ ਜਹਾਜ਼ ਵਿੱਚ ਸੁੰਨ ਪਸਰ ਗਈ। ਉਹ ਛੋਟੀ ਜਿਹੀ ਬੱਚੀ ਜੋ ਗੇਮ ਖੇਡ ਰਹੀ ਸੀ, ਉਸਦੇ ਚਿਹਰੇ ਉੱਤੇ ਕੋਈ ਡਰ ਸਹਿਮ ਨਹੀਂ ਸੀ। ਖੈਰ, ਕੁਝ ਸਮੇਂ ਬਾਅਦ ਸਭ ਆਮ ਹੋ ਗਿਆ। ਜਹਾਜ਼ ਮੈਲਬੌਰਨ ਏਅਰਪੋਰਟ ’ਤੇ ਉਤਰਿਆ ਤਾਂ ਇੱਕ ਯਾਤਰੀ ਨੇ ਉਸ ਬੱਚੀ ਨੂੰ ਪੁੱਛਿਆ ਕਿ ਅਸੀਂ ਸਾਰੇ ਡਰੇ ਹੋਏ ਸੀ, ਘਬਰਾਏ ਹੋਏ ਪਰ ਤੁਸੀਂ ਬਹਾਦਰ ਨਿਕਲੇ, ਤੁਹਾਡੇ ’ਤੇ ਕੋਈ ਡਰ ਭੈਅ ਨਹੀਂ ਸੀ। ਤੁਸੀਂ ਜਹਾਜ਼ ਵਿੱਚ ਬਿਲਕੁਲ ਨਹੀਂ ਡਰੇ। ਬੱਚੀ ਨੇ ਮੁਸਕਰਾਉਂਦੇ ਹੋਏ ਕਿਹਾ, “ਨਹੀਂ ਅੰਕਲ ਜੀ, ਮੈਂ ਬਿਲਕੁਲ ਨਹੀਂ ਡਰੀ, ਕਿਉਂਕਿ ਇਸ ਜਹਾਜ਼ ਦੇ ਪਾਇਲਟ ਮੇਰੇ ਪਿਤਾ ਜੀ ਹਨ। ਮੈਨੂੰ ਪਤਾ ਹੈ, ਉਹ ਕਿਸੇ ਵੀ ਹਾਲਾਤ ਵਿੱਚ ਮੈਨੂੰ ਕੁਝ ਨਹੀਂ ਹੋਣ ਦੇਣਗੇ। ਇਹ ਸੀ ਵਿਸ਼ਵਾਸ।
ਚੰਗੀ ਜ਼ਿੰਦਗੀ ਜਿਊਣ ਲਈ ਸਾਨੂੰ ਉਹਨਾਂ ਦੋਸਤਾਂ ਮਿੱਤਰਾਂ ਰਿਸ਼ਤਿਆਂ ਦੀ ਪਹਿਚਾਣ ਕਰਕੇ ਚੋਣ ਕਰਨੀ ਚਾਹੀਦੀ ਹੈ, ਜੋ ਬਗੈਰ ਕਿਸੇ ਲਾਲਚ ਦੇ ਤੁਹਾਡੇ ਵਿਸ਼ਵਾਸ ’ਤੇ ਖਰੇ ਉੱਤਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4040)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)