Makhankohar7“ਪੁਰਾਣੇ ਕਈ ਲੋਕ ਤਾਂ ਆਜ਼ਾਦੀ ਬਾਰੇ ਸਹਿਵਨ ਆਖ ਦੇਂਦੇ ਹਨ ‘ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ...”
(15 ਅਗਸਤ 2016)

 

ਭਾਰਤ ਸਦੀਆਂ ਤੋਂ ਬਹੁਗਿਣਤੀ ਗਰੀਬਾਂ ਦਾ ਦੇਸ਼ ਹੈ। ਕਿਸੇ ਵੀ ਦੇਸ਼ ਦਾ ਇਤਿਹਾਸ ਰਾਜੇ ਰਾਣੀਆਂ ਦਾ ਇਤਿਹਾਸ ਨਹੀਂ ਹੁੰਦਾ। ਜੰਗਾਂ-ਯੁੱਧਾਂ ਵਿੱਚ ਰਾਜੇ ਰਾਣੀਆਂ ਨਹੀਂ ਲੜਦੇ। ਇਹ ਗ਼ਰੀਬ ਲੋਕ ਹੀ ਹਨ ਜੋ ਆਪਣਾ ਜੀਵਨ ਸੌਖੇਰਾ ਕਰਨ ਲਈ ਹਾਕਮ ਵਾਸਤੇ, ਹਾਕਮ ਵਿਰੁੱਧ ਅਤੇ ਵਿਦੇਸ਼ੀ ਹਮਲਿਆਂ ਵਿਰੁੱਧ ਲੜਦੇ ਆਏ ਹਨ। ਕਿਸੇ ਰਾਜ ਦਾ ਤਖਤਾ ਪਲਟਣ ਤਕ ਉਦੋਂ ਹੀ ਇਹ ਲੋਕ ਜਾਨਾਂ ਕੁਰਬਾਨ ਕਰਨ ਤੀਕ ਜਾਂਦੇ ਹਨ ਜਦ ਉਨ੍ਹਾਂ ਦਾ ਕੋਈ ਹੋਰ ਚਾਰਾ ਨਹੀਂ ਚਲਦਾ। ਉਨ੍ਹਾਂ ਦੀ ਹੱਕ-ਰਸੀ ਨਹੀਂ ਹੁੰਦੀ। ਹੱਕ-ਸੱਚ-ਇਨਸਾਫ਼ ਲਈ ਯੁਗਾਂ-ਯੁਗਾਂਤਰਾਂ ਤੋਂ ਇਸ ਧਰਤੀ ’ਤੇ ਲੱਖਾਂ ਹੱਕੀ ਯੁੱਧ ਹੁੰਦੇ ਆਏ ਹਨ। ਹੁਣ ਵੀ ਜਾਰੀ ਹਨ ਅਤੇ ਅਗਾਂਹ ਵੀ ਰਹਿਣਗੇ। ਭਾਰਤ ਦੇ ਗ਼ਰੀਬ ਲੋਕ ਹੀ ਪੋਰਸ ਦੀ ਅਗਵਾਈ ਵਿਚ ਸਿਕੰਦਰ ਖ਼ਿਲਾਫ਼ ਲੜੇ। ਇਨ੍ਹਾਂ ਹੀ ਸਾਧਨਹੀਣ ਲੋਕਾਂ ਨੇ ਮੁਗਲ ਹਾਕਮਾਂ ਵਿਰੁੱਧ ਗੁਰੂ ਗੋਬਿੰਦ ਸਿੰਘ, ਸ਼ਿਵਾਜੀ ਅਤੇ ਜੋ ਵੀ ਹੋਰ ਲੜੇ ਉਨ੍ਹਾਂ ਦੀ ਅਗਵਾਈ ਵਿਚ ਜਾਨਾਂ ਹੂਲਣ ਤੀਕ ਗਏ। ਅਜਿਹਾ ਨਹੀਂ ਕਿ ਇਹ ਲੜਾਈਆਂ ਅਜਾਈਂ ਗਈਆਂ। ਜਾਗੀਰਦਾਰੀ ਰਜਵਾੜਾਸ਼ਾਹੀ ਖ਼ਿਲਾਫ਼ ਲੜ ਕੇ ਇਨ੍ਹਾਂ ਸਾਧਨਹੀਣ ਲੋਕਾਂ ਨੇ ਅਨੇਕਾਂ ਮੱਲਾਂ ਵੀ ਮਾਰੀਆਂ। ਕਈ ਹੱਕ ਪ੍ਰਾਪਤ ਕੀਤੇ। ਹਾਕਮ ਜਮਾਤ ਦੇ ਲੋਕ ਤਾਂ ਹਾਕਮਾਂ ਦਾ ਹੀ ਸਾਥ ਦੇਂਦੇ ਰਹੇ ਹਨ।

ਮੁਗਲਾਂ ਖ਼ਿਲਾਫ਼ ਲੜਾਈ ਦਾ ਲਾਭ ਅੰਗ੍ਰੇਜ਼ਾਂ ਨੇ ਲੈ ਲਿਆ। ਗ਼ਰੀਬ ਵੇਖਦੇ ਰਹਿ ਗਏ। ਮੁਗ਼ਲ ਸਾਮਰਾਜ ਦੀ ਥਾਂ ਬ੍ਰਿਟਿਸ਼ ਸਾਮਰਾਜ ਭਾਰਤ ਦਾ ਹਾਕਮ ਬਣ ਗਿਆ। ਭਾਰਤੀ ਲੋਕਾਂ ਨੇ ਇਕ ਜ਼ਾਲਮ ਤੋਂ ਖਹਿੜਾ ਛੁਡਾਇਆ, ਕਈ ਬੰਧਨ ਟੁੱਟੇ ਵੀ ਪਰ ਲੋਕਾਂ ਦੀਆਂ ਆਸਾਂ ਮੁਤਾਬਕ ਉਹ ਕੁੱਲੀ-ਗੁੱਲੀ-ਜੁੱਲੀ, ਸਮੇਤ ਹੋਰ ਮਸਲਿਆਂ ਬਾਰੇ ਭਵਿੱਖ ਪ੍ਰਤੀ ਚਿੰਤਤ ਹੀ ਰਹੇ। ਨਵੇਂ ਬਦਲਾਅ ਫੇਰ ਅਮੀਰ ਲੋਕਾਂ ਦੇ ਹੱਕ ਵਿਚ ਹੀ ਭੁਗਤੇ। ਲੜਨ ਵਾਲੇ ਗ਼ਰੀਬ ਲੋਕ ਮੁਗਲਾਂ ਨੂੰ ਮੁਕਾਉਣ ਤੋਂ ਬਾਅਦ ਆਪ ਰਾਜ-ਭਾਗ ਦੀ ਅਗਵਾਈ ਕਰ ਸਕਣ ਦੇ ਸਮਰੱਥ ਨਾ ਹੋ ਸਕੇ। ਯੁੱਧ ਫੇਰ ਤੋਂ ਅੰਗਰੇਜ਼ ਸਾਮਰਾਜ ਵਿਰੁੱਧ ਛਿੜਿਆ। ਅਮੀਰ ਸ਼੍ਰੇਣੀ ਦੇ ਹੱਥ ਆਈ ਇਸ ਵਾਰ ਅਗਵਾਈ ਉਨ੍ਹਾਂ ਮਹਾਤਮਾ ਗਾਂਧੀ ਨੂੰ ਸੌਂਪੀ ਤੇ ਗ਼ਰੀਬ ਲੋਕਾਂ ਨੂੰ ਨਾਲ ਤੋਰਿਆ। ਬੇ-ਰੋਜ਼ਗਾਰੀ, ਮਹਿੰਗਾਈ, ਗ਼ਰੀਬੀ, ਅਨਪੜ੍ਹਤਾ ਦੇ ਝੰਬੇ ਲੋਕ ਮਜਬੂਰੀਵੱਸ ਅੰਗਰੇਜ਼ਾਂ ਦੀ ਫ਼ੌਜ ਵਿਚ ਭਰਤੀ ਹੋ ਕੇ ਪਹਿਲੇ ਅਤੇ ਦੂਜੇ ਮਹਾਂ ਯੁੱਧਾਂ ਵਿਚ ਵੀ ਸ਼ਾਮਲ ਹੋਏ। ਅਖ਼ੀਰ ਇਹ ਲੋਕ ਕਾਂਗਰਸ ਦੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਲਾਮਬੰਦ ਹੋ ਕੇ ਅੰਗ੍ਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਵਿੱਚ ਸਫ਼ਲ ਰਹੇ।

15 ਅਗਸਤ, 1947 ਨੂੰ ਅੰਗ੍ਰੇਜ਼ਾਂ ਨੂੰ ਦੇਸ਼ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਲੋਕ ਫੇਰ ਠੱਗੇ ਗਏ। ਰਾਜ-ਭਾਗ ਦੀ ਵਾਗਡੋਰ ਫੇਰ ਧਨਾਢ ਸ਼੍ਰੇਣੀ ਦੇ ਹੱਥ ਆ ਗਈ। ਗ਼ਰੀਬਾਂ ਨੂੰ ਆਜ਼ਾਦੀ ਦਾ ਪਹਿਲਾ ਤੋਹਫ਼ਾ ਪਾਕਿਸਤਾਨ ਬਣਨ ਦੇ ਰੂਪ ਵਿਚ ਮਿਲਿਆ ਜਿਸ ਵਿਚ ਅਦਲਾ-ਬਦਲੀ ਸਮੇਂ ਪੰਦਰਾਂ ਲੱਖ ਲੋਕਾਂ ਦੀਆਂ ਜਾਨਾਂ ਗਈਆਂ। ਸੱਤਾ ਵੱਡੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਹੱਥ ਵਿਚ ਚਲੀ ਗਈ। ਦੇਸ਼ ਨੂੰ ਆਜ਼ਾਦ ਹੋਇਆਂ ਸੱਤ ਦਹਾਕੇ ਹੋ ਗਏ ਹਨ ਪਰ ਗ਼ਰੀਬਾਂ ਨੂੰ ਆਜ਼ਾਦੀ ਦਾ ਕਿੰਨਾ ਕੁ ਲਾਭ ਮਿਲਿਆ ਹੈ, ਇਹ ਸਭ ਦੇ ਸਾਹਮਣੇ ਹੈ। ਹਾਂ, ਦਰਮਿਆਨੀ ਸ਼੍ਰੇਣੀ (ਮਿਡਲ ਕਲਾਸ) ਦੇ ਆਕਾਰ ਵਿਚ ਵਾਧਾ ਜ਼ਰੂਰ ਹੋਇਆ ਹੈ। ਪਰ ਇਹ ਜਮਾਤ ਆਪਣੇ ਸ਼੍ਰੇਣਿਕ ਖਾਸੇ ਮੁਤਾਬਕ ਅਮੀਰ ਸ਼੍ਰੇਣੀ ਦੀ ਹੀ ਪਿਛਲੱਗ ਬਣ ਜਾਂਦੀ ਹੈ। ਇਸ ਦਾ ਲਾਭ ਵੀ ਉੱਪਰਲੀ ਰਾਜ ਕਰਦੀ ਸ਼੍ਰੇਣੀ ਨੂੰ ਹੀ ਹੋਇਆ ਹੈ। ਆਜ਼ਾਦੀ ਤੋਂ ਪਹਿਲਾਂ ਜੋ ਗ਼ਰੀਬਾਂ ਦੀ ਹਾਲਤ ਸੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਕਿੰਨਾ ਕੁ ਮੁੱਲ ਪਿਆ ਹੈ? ਕਿੰਨੀਆਂ ਕੁ ਸਹੂਲਤਾਂ ਮਿਲੀਆਂ ਹਨ? ਇਹ ਘੋਖਣ ਵਾਲੀ ਗੱਲ ਹੈ। ਕਿਉਂ ਅਜਿਹੀ ਹਾਲਤ ਹੋ ਗਈ ਹੈ ਕਿ ਪੁਰਾਣੇ ਕਈ ਲੋਕ ਤਾਂ ਆਜ਼ਾਦੀ ਬਾਰੇ ਸਹਿਵਨ ਆਖ ਦੇਂਦੇ ਹਨ ‘ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ।’

ਆਜ਼ਾਦੀ ਤੋਂ ਪਹਿਲਾਂ ਲੋਕ ਜਿੱਥੇ ਸਿਆਸੀ ਆਗੂਆਂ ਨੂੰ ਗੁਰੂਆਂ ਵਾਂਗ ਪੂਜਦੇ ਸਨ ਅੱਜ ਉਹੀ ਅਜਿਹੇ ਆਗੂਆਂ ਨੂੰ ਪਿੱਠ ਪਿੱਛੇ ਗਾਲਾਂ ਕੱਢਦੇ ਹਨ। ਨਫ਼ਰਤ ਦਾ ਪਾਤਰ ਬਣਾ ਦਿੱਤੀ ਹੈ ਆਜ਼ਾਦੀ ਨੇ ਅਜੋਕੀ ਸਿਆਸਤ। ਦੇਸ਼ ਆਜ਼ਾਦੀ ਹੋਣ ਤੋਂ ਪਹਿਲਾਂ ਅਤੇ ਅੱਜ ਦੇ ਭਾਰਤ ਵਿਚ ਬਹੁਤ ਵੱਡਾ ਫ਼ਰਕ ਆ ਚੁੱਕਾ ਹੈ। ਆਜ਼ਾਦੀ ਤੋਂ ਪਹਿਲਾਂ ਜੋ ਛੋਟਾ ਮੋਟਾ ਚੋਰ-ਬੇਈਮਾਨ-ਠੱਗ, ਗੁੰਡਾ ਬਦਮਾਸ਼ ਸੀ, ਉਹ ਹੁਣ ਬਹੁਤ ਵੱਡਾ ਡਾਕੂ ਅਤੇ ਸਰਮਾਏਦਾਰ ਜਾਗੀਰਦਾਰ ਅਜਾਰੇਦਾਰ ਬਣ ਚੁੱਕਾ ਹੈ ਅਤੇ ਅੱਜ ਉਹ ਕਿਸੇ ਨਾ ਕਿਸੇ ਰੂਪ ਵਿਚ ਸੱਤਾ (ਸਟੇਟ ਪਾਵਰ) ਵਿਚ ਭਾਈਵਾਲ ਵੀ ਹੈ। ਇਸ ਵਕਤ (ਆਕਸਫਾਮ ਅਨੁਸਾਰ) ਭਾਰਤ ਦੀ 53% ਦੌਲਤ ਦੇ ਮਾਲਕ ਕੇਵਲ 1% ਧਨਾਢ ਹਨ। ਉੱਪਰਲੇ 10% ਕੋਲ ਕੁੱਲ ਦੌਲਤ ਦਾ 76.3% ਹੈ। ਭਾਰਤ ਦੇ 90% ਲੋਕਾਂ ਕੋਲ ਕੇਵਲ 23.7% ਦੌਲਤ ਹੀ ਹੈ। ਉੱਪਰਲੇ ਸੌ ਘਰਾਣਿਆਂ ਵਿੱਚੋਂ ਸੱਭ ਤੋਂ ਹੇਠਲੇ ਘਰਾਣੇ ਕੋਲ 7000 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਹੈ। ਮੁਕੇਸ਼ ਅੰਬਾਨੀ, ਜੋ ਸਿਰਫ਼ ਭਾਰਤ ਦੇ ਹੀ ਨਹੀਂ ਸੰਸਾਰ ਦੇ ਸੱਭ ਤੋਂ ਅਮੀਰ ਲੋਕਾਂ ਵਿੱਚ ਸਾਮਲ ਹਨ, ਆਜ਼ਾਦੀ ਤੋਂ ਪਹਿਲਾਂ ਕਦੇ ਕਿਸੇ ਨੇ ਉਸ ਦਾ ਨਾਮ ਵੀ ਨਹੀਂ ਸੀ ਸੁਣਿਆ। ਦੂਸਰੇ ਪਾਸੇ ਆਜ਼ਾਦੀ ਤੋਂ ਪਹਿਲਾਂ ਗ਼ਰੀਬਾਂ ਕੋਲ ਸਿਰਫ਼ ਖ਼ੁਸ਼ਹਾਲ ਹੋਣ ਦੀ ਆਸ ਹੀ ਸੀ ਤੇ ਉਹ ਇਸੇ ਆਸ ਸਹਾਰੇ ਜੀਅ ਰਹੇ ਅਤੇ ਲੜ ਰਹੇ ਸਨ ਕਿ ਆਜ਼ਾਦੀ ਤੋਂ ਬਾਅਦ ਉਹ ਵੀ ਚੰਗੀ ਜ਼ਿੰਦਗੀ ਬਤੀਤ ਕਰਨਗੇ। ਉਨ੍ਹਾਂ ਦੀ ਹਾਲਤ ਅੱਜ ਐਸੀ ਹੈ ਕਿ ਪੇਂਡੂ 26 ਅਤੇ ਸ਼ਹਿਰੀ 32 ਰੁਪਏ ਦਿਹਾੜੀ ਕਮਾਉਣ ਵਾਲੇ ਨੂੰ ਸਰਕਾਰ ਗ਼ਰੀਬ ਹੀ ਨਹੀਂ ਗਿਣਦੀ। ਆਜ਼ਾਦੀ ਤੋਂ ਬਾਅਦ ਗ਼ਰੀਬੀ ਅਤੇ ਅਮੀਰੀ ਦਾ ਪਾੜਾ ਹਨੂਮਾਨ ਦੀ ਪੂਛ ਵਾਂਗ ਵਧਦਾ ਹੀ ਜਾ ਰਿਹਾ ਹੈ।

ਭਾਰਤ ਦੀ 80% ਵਸੋਂ ਪਿੰਡਾਂ ਵਿਚ ਵਸਦੀ ਹੈ। ਆਜ਼ਾਦੀ ਆਉਣ ਤੋਂ ਬਾਅਦ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿਚਲੀਆਂ ਸਹੂਲਤਾਂ ਵਿਚ ਪਾੜਾ ਵਧਿਆ ਹੈ, ਉੱਥੇ ਪਿੰਡਾਂ ਦੀ ਹਾਲਤ ਹੋਰ ਵੀ ਮੰਦੀ ਹੋਈ ਹੈ। 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਦੱਸਦੇ ਹਨ ਕਿ 17.91 ਕਰੋੜ ਪੇਂਡੂ ਘਰਾਂ ਵਿੱਚੋਂ 56% ਐਸੇ ਘਰ ਹਨ ਜਿਨ੍ਹਾਂ ਕੋਲ ਕੋਈ ਵੀ ਜ਼ਮੀਨ ਜਾਂ ਜਾਇਦਾਦ ਨਹੀਂ ਹੈ। 75% ਘਰਾਂ ਵਿਚ ਸਭ ਤੋਂ ਵੱਧ ਕਮਾਊ ਮੈਂਬਰ ਦੀ ਆਮਦਨ 5000 ਰੁਪਏ ਤੋਂ ਵੀ ਘੱਟ ਹੈ। ਭਾਰਤ ਦੇ ਪਿੰਡਾਂ ਵਿੱਚੋਂ ਕੇਵਲ 10% ਐਸੇ ਹਨ ਜਿਨ੍ਹਾਂ ਦਾ 10 ਹਜ਼ਾਰ ਤੋਂ ਵੱਧ ਆਮਦਨ ਹੈ। ਪਿੰਡਾਂ ਦੇ 90% ਤੋਂ ਵੱਧ ਲੋਕ ਉੱਕਾ ਹੀ ਬੇਰੁਜ਼ਗਾਰ ਹਨ। ਸਿਰਫ਼ 17% ਘਰਾਂ ਵਿਚ ਮੋਟਰਸਾਈਕਲ/ਸਕੂਟਰ ਅਤੇ ਸਿਰਫ਼ 2.46% ਲੋਕਾਂ ਕੋਲ ਹੀ ਚਾਰ ਪਹੀਆ ਵਾਹਨ ਹਨ। 25% ਘਰਾਂ ਵਿਚ ਟੈਲੀਫ਼ੋਨ ਜਾਂ ਮੋਬਾਈਲ ਨਹੀਂ ਹਨ। ਭਾਰਤ ਦੀ ਪੇਂਡੂ ਵਸੋਂ ਵਿੱਚੋਂ 3.45% ਵਸੋਂ ਹੀ ਕੇਵਲ ਗਰੈਜੁਏਟ ਪਾਸ ਹੈ। ਪਿੰਡਾਂ ਵਿਚ ਅਨਪੜ੍ਹਤਾ ਦਰ 36%ਹੈ। 60% ਪੇਂਡੂ ਲੋਕਾਂ ਕੋਲ ਕੋਈ ਘਰ ਨਹੀਂ ਹੈ। ਇਨ੍ਹਾਂ ਵਿੱਚੋਂ 21.5% ਵਸੋਂ ਐੱਸ.ਸੀ./ਐੱਸ.ਟੀ. ਵਰਗ ਨਾਲ ਸਬੰਧਤ ਹੈ। ਸਪਸ਼ਟ ਹੈ ਕਿ ਆਜ਼ਾਦੀ ਨੇ ਅੰਬਾਨੀ ਨੂੰ ਤਾਂ ਦੁਨੀਆਂ ਭਰ ਦੇ ਅਮੀਰਾਂ ਵਿਚੋਂ ਸੱਭ ਤੋਂ ਉੱਪਰ ਲੈ ਆਂਦਾ ਹੈ ਪਰ 60% ਲੋਕ ਬੇਘਰੇ ਅਤੇ 90% ਬੇਰੁਜ਼ਗਾਰ ਵੀ ਕਰ ਦਿੱਤੇ ਹਨ।

ਸਿੱਖਿਆ ਤਾਂ ਹੁਣ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ। ਆਜ਼ਾਦੀ ਤੋਂ ਪਹਿਲਾਂ ਸਿੱਖਿਆ ਇਸ ਤਰ੍ਹਾਂ ਖ਼ਰੀਦੀ-ਵੇਚੀ ਜਾਣ ਵਾਲੀ ਵਸਤੂ ਨਹੀਂ ਸੀ। ਏਹੋ ਹੀ ਹਾਲ ਸਿਹਤ ਸੇਵਾਵਾਂ ਦਾ ਹੈ। ਗ਼ਰੀਬਾਂ ਲਈ ਆਜ਼ਾਦੀ ਤੋਂ ਪਹਿਲਾਂ ਵਾਲਾ ਹੀ ਹਾਲ ਹੈ। ਨਿੱਜੀ ਹਸਪਤਾਲ ਲੋਕਾਂ ਦੀ ਸਿਹਤ ਠੀਕ ਕਰਨ ਲਈ ਜਾਂ ਸੇਵਾ ਕਰਨ ਹਿਤ ਨਹੀਂ ਖੋਲ੍ਹੇ ਜਾ ਰਹੇ ਸਿਰਫ਼ ਮੁਨਾਫ਼ਾ ਕਮਾਉਣ ਲਈ ਖੋਲ੍ਹੇ ਜਾ ਰਹੇ ਹਨ। ਗ਼ਰੀਬ ਦਾ ਇਲਾਜ ਬਿਨਾ ਸਹੂਲਤਾਂ ਅਤੇ ਡਾਕਟਰਾਂ ਵਾਲੇ ਸਰਕਾਰੀ ਹਸਪਤਾਲ ਵਿਚ ਜੋ ਹੋ ਜਾਵੇ ਉਹੀ ਹੈ ਪਰ ਉਹ ਕਿਸੇ ਵੱਡੇ ਅਤੇ ਨਿੱਜੀ ਹਸਪਤਾਲ ਜਾ ਕੇ ਇਲਾਜ ਕਰਵਾ ਸਕਣ ਦਾ ਸੁਪਨਾ ਵੀ ਨਹੀਂ ਲੈ ਸਕਦੇ। ਜੇ ਬੀਮਾਰ ਹੋ ਕੇ ਗ਼ਰੀਬ ਮਰ ਗਿਆ ਤਾਂ ‘ਉਸ ਦੀ ਕਿਸਮਤ ਦਾ ਹੀ ਕਸੂਰ ਹੈ। ਲਿਖੀ ਹੀ ਏਦਾਂ ਸੀ।’ ਉਨ੍ਹਾਂ ਨੂੰ ਬੇਇਲਾਜ ਮਰਨ ਨਾਲ ਪ੍ਰਬੰਧ ਦੀ ਥਾਂ ਕਿਸਮਤ ਹੀ ਦੋਸ਼ੀ ਲਗਦੀ ਹੈ। ਬੇਰੋਜ਼ਗਾਰੀ ਨੇ ਗ਼ਰੀਬਾਂ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਹੈ। ਆਜ਼ਾਦੀ ਤੋਂ ਪਹਿਲਾਂ ਜੋ ਉਦਯੋਗ ਲਗਦੇ ਸਨ ਉਹ ਰੋਜ਼ਗਾਰਪੱਖੀ ਸਨ ਹੁਣ ਜੋ ਉਦਯੋਗ ਲਗਦੇ ਹਨ ਉਹ ਘੱਟ ਤੋਂ ਘੱਟ ਰੋਜ਼ਗਾਰ ਦੇ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਲੱਗ ਰਹੇ ਹਨ। ਨੌਕਰੀਆਂ ਅਮੀਰ ਲੋਕ ਚੰਗੀ ਪੜ੍ਹਾਈ ਖ਼ਰੀਦ ਕੇ ਅਤੇ ਹਾਕਮਾਂ ਨਾਲ ਸਾਂਝ ਪਾ ਕੇ, ਰਿਸ਼ਵਤ ਦੇ ਕੇ ਖ਼ਰੀਦ ਲੈਂਦੇ ਹਨ ਪਰ ਗ਼ਰੀਬ ਜੋ ਸਾਧਨਹੀਣ ਹਨ ਰਹਿਣ ਲਈ ਮਕਾਨ ਵੀ ਨਹੀਂ ਹੈ, ਪੜ੍ਹਾਈ ਉਹ ਕਰ ਨਹੀਂ ਸਕੇ, ਉਹ ਦਿਹਾੜੀ ਲਾਉਣ ਲਈ ਮਜਬੂਰ ਹਨ। ਆਜ਼ਾਦੀ ਤੋਂ ਪਹਿਲਾਂ ਦਿਹਾੜੀਦਾਰ ਮਜ਼ਦੂਰਾਂ ਦੀਆਂ ਮੰਡੀਆਂ ਨਹੀਂ ਲੱਗਦੀਆਂ ਸਨ ਪਰ ਹੁਣ ਹਰ ਸ਼ਹਿਰ ਕਸਬੇ ‘ਲੇਬਰ ਚੌਕ’ ਰਾਹੀਂ ਮੰਡੀਆਂ ਬਣ ਗਈਆਂ ਹਨ ਪਰ ਸਿਰਫ਼ 30% ਲੋਕਾਂ ਨੂੰ ਹੀ ਦਿਹਾੜੀ ਮਿਲਦੀ ਹੈ, ਬਾਕੀ ਸਾਰਾ ਦਿਨ ਉਡੀਕਦੇ ਉਸ ਨੂੰ ਖ਼ਰੀਦ ਸਕਣ ਯੋਗ ਗਾਹਕਾਂ ਦਾ ਰਾਹ ਵੇਖਦੇ ਰਹਿ ਜਾਂਦੇ ਹਨ। ਗ਼ਰੀਬੀ, ਬੇਰੋਜ਼ਗਾਰੀ ਅਤੇ ਅਨਪੜ੍ਹਤਾ ਤਿੰਨੇ ਡਾਇਣਾਂ ਸਕੀਆਂ ਭੈਣਾਂ ਹਨ। ਇਸ ਵੇਲੇ ਤਿੰਨਾਂ ਦਾ ਹੀ ਸਾਂਝਾ ਹਮਲਾ ਹੈ ਗ਼ਰੀਬ ਭਾਰਤੀ ਲੋਕਾਂ ’ਤੇ। ਕਿਵੇਂ ਬਚਣਗੇ ਉਹ! ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ ਨਿਰੰਤਰ ਸੁੰਗੜ ਰਹੇ ਹਨ। ਪਹਿਲਾਂ ਚੱਲਦੀਆਂ ਮਿੱਲਾਂ ਕਈ ਕਾਰਨਾਂ ਕਰ ਕੇ ਬੰਦ ਹੋ ਗਈਆਂ ਹਨ।

ਮਹਿੰਗਾਈ ਬਾਰੇ ਕਹਿਣ-ਦੱਸਣ ਦੀ ਲੋੜ ਨਹੀਂ ਹੈ। ਮਹਿੰਗਾਈ ਦਾ ਤਾਂ ਅਸਰ ਹੀ ਗ਼ਰੀਬਾਂ ’ਤੇ ਪੈਂਦਾ ਹੈ। ਆਜ਼ਾਦੀ ਤੋਂ ਪਹਿਲਾਂ ਵੀ ਮਹਿੰਗਾਈ ਵਧਦੀ ਸੀ ਪਰ ਉਹ ਪਹਿਲੇ ਅਤੇ ਦੂਜੇ ਯੁੱਧਾਂ ਵੇਲੇ ਹੀ ਵਧੇਰੇ ਵਧੀ ਸੀ ਪਰ ਅੱਜ ਤਾਂ ਹਰ ਸਾਲ ਜੰਗਾਂ-ਯੁੱਧਾਂ ਤੋਂ ਕਿਤੇ ਵੱਧ ‘ਮਹਿੰਗਾਈ’ ਯੁੱਧ ਛਿੜ ਜਾਂਦਾ ਹੈ। ਅੱਜ ਤਾਂ ਦਾਲਾਂ, ਪਿਆਜ਼, ਸਬਜ਼ੀਆਂ, ਆਟਾ ਸਭ ਕੁਝ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੈ। ਗ਼ਰੀਬ ਲਈ ਤਾਂ ਢਿੱਡ ਭਰਨਾ ਮੁਸ਼ਕਲ ਹੋ ਗਿਆ ਹੈ।

ਭ੍ਰਿਸ਼ਟਾਚਾਰ ਬਾਰੇ ਵੱਡਿਆਂ ਤੋਂ ਸੁਣਦੇ ਰਹੇ ਹਾਂ ਕਿ ਅੰਗਰੇਜ਼ਾਂ ਵੇਲੇ ਏਦਾਂ ਵੱਢੀਖੋਰੀ ਨਹੀਂ ਚਲਦੀ ਸੀ, ਜਿਵੇਂ ਹੁਣ ਹੈ। ਹੁਣ ਤਾਂ ‘ਪੈਸਾ ਫੈਂਕੋ ਤਮਾਸ਼ਾ ਦੇਖੋ।’ ਭ੍ਰਿਸ਼ਟਾਚਾਰ ਤਾਂ ਪੌੜੀਆਂ ਵਾਂਗ ਹੈ ਜਿਸ ਦੀ ਸ਼ਫਾਈ ਹੇਠੋਂ ਉੱਪਰ ਨੂੰ ਨਹੀਂ ਉੱਪਰੋਂ ਹੇਠਾਂ ਨੂੰ ਹੀ ਹੋ ਸਕਦੀ ਹੈ ਪਰ ਆਏ ਦਿਨ ਨਵੇਂ ਤੋਂ ਨਵੇਂ ਸਕੈਂਡਲ ਹੋ ਰਹੇ ਹਨ। ਰਾਜ ਪ੍ਰਬੰਧ ਨੇ ਤਾਣੇ-ਬਾਣੇ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਗ਼ਰੀਬ ਦਾ ਕੋਈ ਕੰਮ ਨਹੀਂ ਹੁੰਦਾ ਪਰ ਕੰਮ ਕਰਾਉਣ ਲਈ ਸਭ ਤੋਂ ਹੇਠਲੇ ਪੱਧਰ ਦਾ ਕਰਮਚਾਰੀ ਵੀ ਉੱਪਰਲਿਆਂ ਦੀ ਰੀਸੇ ਅਤੇ ਦਲੇਰੀ ਨਾਲ ਸ਼ਰੇਆਮ ਪੈਸੇ ਮੰਗਦਾ ਹੈ। ਹੁਣ ਅਫ਼ਸਰ ਲੁਕ-ਛਿਪ ਕੇ ਮੇਜ਼ ਦੇ ਹੇਠੋਂ ਦੀ ਨਹੀਂ, ਉੱਪਰੋਂ ਦੀ ਰਿਸ਼ਵਤ ਲੈਂਦੇ ਹਨ। ਸੂਬਾਈ ਅਤੇ ਕੇਂਦਰੀ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਅਤੇ ਪ੍ਰਧਾਨ ਮੰਤਰੀ ਤੀਕ ਰਿਸ਼ਵਤ ਦੇ ਦੋਸ਼ ਲਗਦੇ ਹਨ। ਜੱਜਾਂ ਬਾਰੇ ਜੱਜ ਹੀ ਆਖਦੇ ਹਨ ਕਿ ਅੱਧੇ ਤੋਂ ਵੱਧ ਭ੍ਰਿਸ਼ਟ ਹਨ। ਫਿਰ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲੇਗਾ? ਅਦਾਲਤਾਂ ਇਨਸਾਫ਼ ਨਹੀਂ ਫ਼ੈਸਲੇ ਕਰਦੀਆਂ ਹਨ। ਫੈਸਲੇ ਪੈਸੇ ਅਤੇ ਬਾਹੂਬਲਾਂ ਦੇ ਜ਼ੋਰ ਹੁੰਦੇ ਨੇ ਜੋ ਸਿਰਫ਼ ਅਮੀਰਾਂ ਕੋਲ ਹੈ। ਭ੍ਰਿਸ਼ਟਾਚਾਰ ਦੇ ਇਸੇ ਤੋਹਫ਼ੇ ਵਿਚ ਆਜ਼ਾਦੀ ਤੋਂ ਬਾਅਦ ਵਿਆਪਕ ਵਾਧਾ ਹੋਇਆ  ਹੈ।

ਕਿਸਾਨੀ ਦੀ ਹਾਲਤ ਹੋਰ ਵੀ ਮੰਦੀ ਹੋ ਗਈ ਹੈ। ਹਰ ਰੋਜ਼ ਕਿਸਾਨੀ ਖ਼ੁਦਕੁਸ਼ੀਆਂ ਦਾ ਵਰਤਾਰਾ ਵਧਦਾ ਹੀ ਜਾ ਰਿਹਾ ਹੈ। ਕਰਜ਼ਿਆਂ, ਬੀਮਾਰੀਆਂ, ਭੁੱਖਾਂ, ਧੀਆਂ-ਪੁੱਤਾਂ ਦੇ ਵਿਆਹਾਂ ਦੀ ਚਿੰਤਾ ਉਨ੍ਹਾਂ ਨੂੰ ਖ਼ਤਮ ਕਰ ਦੇਣ ਲਈ ਪ੍ਰੇਰਿਤ ਕਰਦੀ ਹੈ। ਉਹ ਹਾਰ ਜਾਂਦਾ ਹੈ। ਆਜ਼ਾਦੀ ਨੇ 80% ਕਿਸਾਨੀ ’ਤੇ ਨਿਰਭਰਤਾ ਵਾਲੇ ਦੇਸ਼ ਨੂੰ ਨਵਾਂ ਤੋਹਫ਼ਾ ਦੇ ਕੇ ਕਿਸਾਨੀ ਨੂੰ ਇੰਨਾ ਕੰਗਾਲ ਕਰ ਦਿੱਤਾ ਹੈ ਕਿ ਉਹ ਜ਼ਮੀਨਾਂ ਛੱਡਣ ਲਈ ਤਿਆਰ ਬੈਠੇ ਹਨ। ਸਰਮਾਏਦਾਰ, ਧਨਾਢ, ਜਗੀਰਦਾਰ ਅਤੇ ਧਨੀ ਕਿਸਾਨ ਗ਼ਰੀਬ ਛੋਟੇ ਕਿਸਾਨਾਂ ਨੂੰ ਪਿੜ ਵਿੱਚੋਂ ਬਾਹਰ ਕਰੀ ਜਾ ਰਹੇ ਹਨ। ਮਸ਼ੀਨਰੀ, ਨਵੇਂ ਬੀਜ ਤੇ ਦਵਾਈਆਂ, ਜਿਨ੍ਹਾਂ ਨੇ ਕਿਸਾਨ ਨੂੰ ਹੋਰ ਖੁਸ਼ਹਾਲ ਕਰਨਾ ਸੀ, ਉਹ ਉਸੇ ਦੀ ਜਾਨ ਦਾ ਖੌਅ ਬਣ ਗਏ ਹਨ ਅਤੇ ‘ਮੰਡੀ’ ਦੀਆਂ ਸ਼ਕਤੀਆਂ ਨੇ ਕਿਸਾਨੀ ਨੂੰ ਨਿਗਲ ਲਿਆ ਹੈ। ਅੱਜ ਮੰਡੀ ਲਈ ਹਰ ਮਨੁੱਖ ਜਾਂ ਤਾਂ ਇਕ ਖਪਤਕਾਰ ਹੈ ਜਾਂ ਉਹ ਕੁਝ ਵੀ ਨਹੀਂ। ਆਜ਼ਾਦੀ ਤੋਂ ਬਾਅਦ ਹਾਕਮਾਂ ਦੀਆਂ ਮੰਡੀ ਦੀਆਂ ਸ਼ਕਤੀਆਂ ਨੂੰ ਖੁੱਲ੍ਹੀਆਂ ਛੋਟਾਂ ਦੇਣ ਦੀ ਨੀਤੀ ਨਾਲ ਨਵਾਂ ਖਪਤਕਾਰ-ਸਭਿਆਚਾਰ ਉੱਸਰ ਗਿਆ ਹੈ ਜੋ ਹਰ ਉਸ ਮਨੁੱਖ ਤੇ ਵਰਤਾਰੇ ਨੂੰ ਜੋ ਮੰਡੀ ਦੇ ਕੰਮ ਦਾ ਨਹੀਂ, ਮੁਨਾਫ਼ੇ ਯੋਗ ਨਹੀਂ, ਤੇਜ਼ੀ ਨਾਲ ਮੰਡੀ ਦੇ ਖੂੰਖਾਰ ਜਬਾੜਿਆਂ ਨੇ ਨਿਗਲ ਲਿਆ ਹੈ।

ਅੱਜ ਔਰਤ ਦੀ ਹਾਲਤ ਕਹਿਣ ਨੂੰ ਤਾਂ ‘ਪੂਰਨ ਆਜ਼ਾਦੀ’ ਵਾਲੀ ਹੈ ਕਿ ਉਹ ਛੋਟੇ ਜਿਹੇ ਅਹੁਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਬਣ ਸਕਦੀ ਹੈ, ਆਈ.ਏ.ਐੱਸ., ਪਾਇਲਟ ਅਤੇ ਚੰਦ ’ਤੇ ਵੀ ਜਾ ਸਕਦੀ ਹੈ ਪਰ ਉਹ ਇਕੱਲੀ ਭਾਰਤ ਦੇ ਕਿਸੇ ਪਿੰਡ ਤਾਂ ਕੀ ਵੱਡੇ ਤੋਂ ਵੱਡੇ, ਦਿੱਲੀ, ਮੁੰਬਈ, ਕਲਕੱਤੇ ਵਰਗੇ ਸ਼ਹਿਰ ਵਿਚ ਵੀ ਔਰਤ ਸੁਰੱਖਿਅਤ ਨਹੀਂ ਹੈ। ਕਿਸ ਨੇ ਰਾਹ ਜਾਂਦਿਆਂ ਹਾਈਵੇਅ ਤੋਂ ਜਾਂ ਬੱਸ ਵਿਚ ਸਫ਼ਰ ਕਰਦਿਆਂ ਜਾਂ ਘਰ ਤੋਂ ਅਗਵਾ ਕਰ ਕੇ ਗੈਂਗਰੇਪ ਕਰ ਕੇ ਕਤਲ ਕਰ ਦੇਣਾ ਹੈ।

ਜੁਰਮ ਉਂਜ ਹੀ ਬੇਇੰਤਹਾ ਵਧ ਗਏ ਹਨ। ਗੁੰਡਿਆਂ ਦੇ ਗਰੋਹ ਸਰਕਾਰੀ ਮਸ਼ੀਨਰੀ ਦੀ ਸ਼ਹਿ ’ਤੇ ਦਨਦਨਾਉਂਦੇ ਫਿਰ ਰਹੇ ਹਨ। ਇਹ ਗਰੋਹ ਸਾਰੇ ਭਾਰਤ ਵਿਚ ਸਰਗਰਮ ਹਨ। ਜਿਸ ਕੋਲ ਪੈਸੇ ਹਨ ਉਨ੍ਹਾਂ ਨਾਲ ‘ਠੇਕਾ ਕਰੋ, ਸੁਪਾਰੀ ਦਿਓ ਤੇ ਕਤਲ ਕਰਾ ਦਿਓ, ਜਾਇਦਾਦ ’ਤੇ ਕਬਜ਼ਾ ਕਰਾ ਲਓ, ਉਨ੍ਹਾਂ ਰਾਹੀਂ ਜਬਰੀ ਵੋਟਾਂ ਪਵਾ ਲਓ, ਕੋਈ ਪੁੱਛਣ ਵਾਲਾ ਨਹੀਂ। ਆਜ਼ਾਦੀ ਤੋਂ 70 ਸਾਲ ਬਾਅਦ ਵੀ ਹਾਕਮਾਂ ਦੀਆਂ ਗ਼ਲਤ ਨੀਤੀਆਂ ਵਿਰੁੱਧ ਲੜਨ ਵਾਲਿਆਂ ਨਾਲ ਅੰਗਰੇਜ਼ਾਂ ਵਾਲਾ ਹੀ ਸਲੂਕ ਹੋ ਰਿਹਾ ਹੈ। ਉਨ੍ਹਾਂ ’ਤੇ ਵੱਖ-ਵੱਖ ਸਖਤ ਕਾਨੂੰਨ ਵੀ ਉਵੇਂ ਹੀ ਅੰਗਰੇਜ਼ਾਂ ਵਾਲੇ ਹੀ ਹਨ। ਸਾਰੀ ਤਾਜ਼ੀਰਾਤੇ ਹਿੰਦ (ਆਈ.ਪੀ.ਸੀ.) ਅੰਗਰੇਜ਼ਾਂ ਵੇਲੇ ਦੀ ਹੀ ਹੈ। ਹੱਕ ਮੰਗਦੇ ਲੋਕ ਪਹਿਲਾਂ ਅੰਡੇਮਾਨ ਦੀਆਂ ਜੇਲ੍ਹਾਂ ਵਿਚ ਕੈਦੀ ਸਨ ਹੁਣ ਉਹ ਜੇਲ੍ਹਾਂ ਹਰ ਸ਼ਹਿਰ ਵਿਚ ਬਣ ਗਈਆਂ ਹਨ। ਪੁਲਿਸ ਹਾਕਮਾਂ ਦੀ ਰਖੇਲ ਬਣ ਕੇ ਰਹਿ ਗਈ ਹੈ ਅਤੇ ਇਹ ਕਾਨੂੰਨ ਨੂੰ ਤੋੜਨ ਵਾਲਿਆਂ ਦਾ ਇਕ ਜਥੇਬੰਦ ਗਰੋਹ ਹੈ। ਕੈਸੀ ਆਜ਼ਾਦੀ ਹੈ ਇਹ? ਕੀ ਇਸ ਤਰ੍ਹਾਂ ਦੀ ਆਜ਼ਾਦੀ ਬਾਰੇ ਹੀ ਪੁਰਖਿਆਂ ਨੇ ਸੋਚ ਕੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਸਨ?

ਫਿਰਕਾਪ੍ਰਸਤੀ ਆਜ਼ਾਦੀ ਤੋਂ ਪਹਿਲਾਂ ਵੀ ਚਰਮਸੀਮਾ ’ਤੇ ਸੀ। ਮੁਸਲਮਾਨਾਂ ਤੇ ਹੋਰ ਗ਼ੈਰ ਹਿੰਦੂਆਂ ਵਿਰੁੱਧ ਇਕ ਸਖ਼ਤ ਨਫ਼ਰਤ ਫੈਲਾਈ ਗਈ ਸੀ। ਇਸੇ ਫਿਰਕਾਪ੍ਰਸਤੀ ਨਫ਼ਰਤ ਦਾ ਸਿੱਟਾ ਸੀ ਕਿ ਦੇਸ਼ ਦੇ ਟੋਟੇ ਹੋਏ। ਵਖਰਾ ਦੇਸ਼ ਪਾਕਿਸਤਾਲ ਬਣਿਆ। ਪੰਜਾਬ ਅਤੇ ਬੰਗਾਲ ਲਹੂ ਲੁਹਾਣ ਹੋ ਗਏ। ਉਸ ਵਕਤ ਹਿੰਦੂ ਭਗਵਾਂ ਬ੍ਰਿਗੇਡ ਕੋਲ ਵਾਗਡੋਰ ਵੀ ਨਹੀਂ ਸੀ ਤਦ ਵੀ ਇਹ ਵਾਪਰਿਆ ਪਰ ਅੱਜ ਉਹੀ ਸ਼ਕਤੀਆਂ ਆਰ.ਐੱਸ.ਐੱਸ. ਦੀ ਅਗਵਾਈ ਵਿਚ ਸੱਤਾ ਵਿਚ ਹਨ। ਥਾਂ-ਥਾਂ ਦੰਗੇ ਹੋ ਰਹੇ ਹਨ। ਗਊਮਾਸ ਦੇ ਨਾਂ ’ਤੇ ਕਤਲ ਹੋ ਰਹੇ ਹਨ। ਮਰੀਆਂ ਗਾਵਾਂ ਦੀਆਂ ਖੱਲਾਂ ਲਾਹੁਣ ਵਾਲਿਆਂ ਦਲਿਤਾਂ ਨੂੰ ਸ਼ਰੇਆਮ ਕੁੱਟ ਕੇ ਬਹਾਦਰੀ ਦਰਸਾਈ ਜਾ ਰਹੀ ਹੈ। ਪਰ ਇਹੀ ਲੋਕ ਰਾਜਸਥਾਨ ਵਿਚ ਹਜ਼ਾਰਾਂ ਗਊਆਂ ਨੂੰ ਭੁੱਖੇ-ਤਿਹਾਏ ਮਾਰ ਰਹੇ ਹਨ। ਕਿੰਨੇ ਹੀ ‘ਦਾਬੋਲਕਰ’ ਅਤੇ ਅਖਲਾਕ ਕਤਲ ਕੀਤੇ ਗਏ ਹਨ। ਜੋ ਮੌਕਾ ਵਿਹਾ ਚੁੱਕੀ ਪੁਰਾਤਨ ਸੰਸਕ੍ਰਿਤੀ ਨੂੰ ਨਹੀਂ ਮੰਨਦਾ ਉਹ ਪਾਕਿਸਤਾਨ ਚਲਾ ਜਾਵੇ - ਆਦਿ ਆਦਿ ਅਨੇਕਾਂ ਨਾਹਰੇ ਲੱਗ ਰਹੇ ਹਨ। ‘ਆਜ਼ਾਦੀ ਦੇ ਸੰਵਿਧਾਨ’ ਦੀ ਧਰਮ ਨਿਰਪੱਖ ਭਾਵਨਾ ਨੂੰ ਕਤਲ ਕਰ ਦਿੱਤਾ ਗਿਆ ਹੈ। ਆਜ਼ਾਦੀ ਦੇ ਸੁਪਨੇ ਮੁਤਾਬਕ ਸੰਵਿਧਾਨ ਦੇ ‘ਸਮਾਜਵਾਦ ਤੇ ਧਰਮ ਨਿਰਪੱਖ’ ਵਰਗੇ ਸ਼ਬਦਾਂ ਨੂੰ ਸੰਵਿਧਾਨ ਵਿੱਚੋਂ ਖਾਰਜ ਕਰਨ ਵੱਲ ਵਧ ਰਹੇ ਹਨ ਆਜ਼ਾਦੀ ਦੇ ਅੱਜ ਦੇ ਵਾਰਸ। ਦਲਿਤਾਂ, ਆਦਿਵਾਸੀਆਂ ਨੂੰ ਮਿਲਦੀਆਂ ਸੰਵਿਧਾਨਕ ਸਹੂਲਤਾਂ ਖੋਹਣ ਵੱਲ ਵਧ ਰਹੀ ਹੈ ਆਜ਼ਾਦੀ। ਖੱਬੇ ਪੱਖੀ ਅਤੇ ਅੰਬੇਦਕਰੀ ਸੋਚ ਨੂੰ ਆਜ਼ਾਦੀ ਮਾਣਦੇ ਹਾਕਮ ਤਹਿਸ ਨਹਿਸ ਕਰਨ ’ਤੇ ਤੁਲੇ ਹੋਏ ਤੇ ਕਾਹਲੇ ਹਨ।

ਜੇ ਇਹੀ ਹਾਲ ਰਿਹਾ ਤਾਂ ਇਕ ਹੋਰ ਪਾਕਿਸਤਾਨ ਬਣੇਗਾ ਅਤੇ ਫਿਰ ਭਾਰਤ ਦੇ ਇਕ ਨਹੀਂ ਕਈ ਟੁਕੜੇ ਹੋਣਗੇ। ਹਾਲੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇ ਆਜ਼ਾਦੀ ਦਾ ਏਹੀ ਰੂਪ ਤੇ ਸੰਕਲਪ ਰਿਹਾ ਤਾਂ ਇਸ ਤੋਂ ਬਾਅਦ ਘੱਟ ਗਿਣਤੀ ਇਸਾਈ, ਸਿੱਖਾਂ, ਬੋਧੀ, ਜੈਨੀ, ਦਲਿਤਾਂ ਆਦਿ ਸਭ ਦੀ ਵਾਰੀ ਆਉਣੀ ਹੈ। ਗ਼ਰੀਬ ਲੋਕ ਸੋਚਣ ਲੱਗ ਪਏ ਹਨ ਕਿ ਜੇ ਇਸੇ ਨੂੰ ਆਜ਼ਾਦੀ ਆਖਦੇ ਸਨ ਸਾਡੇ ਪੁਰਖੇ ਤਾਂ ਫਿਰ ਗ਼ੁਲਾਮੀ ਦਾ ਚਿਹਰਾ ਕੀ ਇਸ ਤੋਂ ਕਰੂਪ ਹੋ ਸਕਦਾ ਹੈ? ਦੇਸ਼ ਨੂੰ ਅੱਗ ਲੱਗੀ ਤੇ ਜਿਵੇਂ ਨੀਰੋ ਬੰਸਰੀ ਵਜਾਉਂਦਾ ਸੀ, ਅੱਜ ਦੇ ਆਜ਼ਾਰੇਦਾਰ ਘਰਾਣਿਆਂ ਦੇ ਲੋਕਾਂ ਦੀ ਬੰਸਰੀ ਦੀ ਤਿਖੀ ਸੁਰ ਇਵੇਂ ਹੀ ਨਿਕਲਦੀ ਰਹੇਗੀ। ਅੱਜ ਲੋੜ ਹੈ ਸਾਰੇ ਦੇਸ਼ਭਗਤ ਲੋਕਾਂ, ਖ਼ਾਸ ਕਰ ਕੇ ਸਾਮਰਾਜ ਦੇ ਖੂੰਖਾਰ ਚਿਹਰੇ ਤੋਂ ਜਾਣੂ ਸ਼ਕਤੀਆਂ ਤੇ ਖੱਬੇ ਪੱਖੀ ਤਾਕਤਾਂ ਵਲੋਂ ਸੁਚੇਤ ਹੋ ਕੇ ਦੇਸ਼ ਦੇ ਅਸਲ ਵਾਰਸਾਂ, ਕਿਰਤੀਆਂ, ਕਿਸਾਨਾਂ, ਔਰਤਾਂ ਤੇ ਦੱਬੇ ਕੁਚਲੇ ਤੇ ਗ਼ਰੀਬੀ ਹੰਡਾਉਂਦੇ ਹੋਰ ਲੋਕਾਂ ਨੂੰ ਜਗਾਇਆ ਜਾਵੇ। ਗ਼ਰੀਬੀ ਦਾ ਕਾਰਨ ਕਿਸਮਤ ਨਹੀਂ ਵਿਤਕਰੇ ਵਾਲੀ ਵੰਡ ਹੈ। ਇਸ ਸੱਚ ਨੂੰ ਲੋੜਵੰਦਾਂ ਤੀਕ ਵੰਡਿਆ ਜਾਵੇ। ਆਜ਼ਾਦ ਦੇਸ਼ ਭਾਰਤ ਦੀ ‘ਆਜ਼ਾਦੀ’ ਨੂੰ ਗੰਭੀਰ ਖ਼ਤਰਾ ਹੈ। ਇਹ ਉਹ ਆਜ਼ਾਦੀ ਨਹੀਂ ਜਿਸ ਬਾਰੇ ਸੋਚਿਆ ਗਿਆ ਸੀ। ਜਾਗਦੇ ਲੋਕਾਂ ਨੂੰ ਦਿਨ ਰਾਤ ਜਾਗਦੇ ਰਹਿਣਾ ਅਤੇ ਹੋਰਾਂ ਨੂੰ ਜਗਾਉਂਦੇ ਰਹਿਣਾ ਹੋਵੇਗਾ।

*****

(390)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)