Makhankohar7ਲੌਕਡਾਉੂਨ ਸਮੇਂ ਗ਼ਰੀਬਾਂ, ਮਜ਼ਦੂਰਾਂ, ਬੇਘਰੇ ਲੋਕਾਂ ਦੀ ਸਾਰ ਲਈ ਜਾਵੇ ...
(4 ਮਈ 2020)

 

ਇਸ ਵਕਤ ਸਾਰੇ ਸੰਸਾਰ ਵਿੱਚ ਕਰੋਨਾ ਦੀ ਮਹਾਮਾਰੀ ਦਾ ਕਹਿਰ ਫੈਲਿਆ ਹੋਇਆ ਹੈ। ਹਰਪਾਸੇ ਹਾਹਾਕਾਰ ਹੋ ਰਹੀ ਹੈ। ਚੀਨ ਦੇ ਸ਼ਹਿਰ ਵੁਹਾਨ ਤੋਂ ਦਸੰਬਰ 2019 ਵਿੱਚ ਸ਼ੁਰੂ ਹੋਇਆ ਨਵੀਂ ਹੀ ਕਿਸਮ ਦਾ ਕਰੋਨਾ ਵਾਇਰਸ ਸਹਿਜੇ ਸਹਿਜੇ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ। ਲਿਖਣ ਸਮੇਂ ਸੰਸਾਰ ਭਰ ਵਿੱਚ ਦੋ ਲੱਖ 48 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਅਨੋਖੇ ਤੇ ਬੇ-ਰਹਿਮ ਕਿਸਮ ਦੇ ਵਾਇਰਸ ਨਾਲ 35 ਲੱਖ ਤੋਂ ਉੱਪਰ ਲੋਕਾਂ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਅਜੇ ਇਸਦੀ ਜਕੜ ਹੋਰ ਵਿਸ਼ਾਲ ਤੇ ਨਿਰਦਈ ਹੁੰਦੀ ਜਾ ਰਹੀ ਹੈ। ਅਮਰੀਕਾ ਵਰਗੀ ਮਹਾਸ਼ਕਤੀ ਦਾ ਬਹੁਤ ਹੀ ਬੁਰਾ ਹਾਲ ਹੈ। ਉੱਥੇ ਹੁਣ ਤੀਕ 9 ਲੱਖ ਤੋਂ ਵੱਧ ਮਰੀਜ਼ ਅਤੇ 54, 000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਟਲੀ, ਫਰਾਂਸ, ਜਰਮਨੀ, ਇੰਗਲੈਂਡ ਸਭ ਦਾ ਬੁਰਾ ਹਾਲ ਹੈ। ਭਾਰਤ ਵਿੱਚ ਇਸ ਅਣਦਿਸਦੇ ਜ਼ਹਿਰੀਲੇ ਕੀੜੇ ਨੇ 27 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ ਅਤੇ 800 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਇੰਗਲੈਂਡ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਇਸ ਵਾਇਰਸ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ। ਜਰਮਨੀ ਦੇ ਖਜ਼ਾਨਾ ਮੰਤਰੀ ਥੌਮਸ ਸ਼ੇਫ਼ਰ ਨੇ ਇਸ ਘਰੇਲੂ ਨਜ਼ਰਬੰਦੀ (ਲੌਕਡਾਉੂਨ) ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਡਰਦਿਆਂ ਆਤਮ ਹੱਤਿਆ ਕਰ ਲਈ ਹੈ। ਇਰਾਨ ਦਾ ਵੀ ਬੁਰਾ ਹਾਲ ਹੈ। ਚੀਨ ਨੇ ਇਸ ’ਤੇ ਕਾਬੂ ਪਾ ਲਿਆ ਹੈ। ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ ਇਸ ਤੋਂ ਪ੍ਰਭਾਵਤ ਹੋਏ ਹਨ। ਭਾਵੇਂ ਕਿ ਇਹ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਕਿਉੂਬਾ ਜੋ ਬਹੁਤ ਹੀ ਛੋਟਾ ਟਾਪੂ ਨੁਮਾ ਮੁਲਕ ਹੈ, ਉਹ ਸਾਰੀ ਦੁਨੀਆ ਦੇ ਦੇਸ਼ਾਂ ਵਿੱਚ ਆਪਣੇ ਡਾਕਟਰਾਂ ਨੂੰ ਦਵਾਈਆਂ ਤੇ ਹੋਰ ਸਾਜੋ-ਸਾਮਾਨ ਸਮੇਤ ਭੇਜ ਕੇ ਸਹਾਇਤਾ ਕਰ ਰਿਹਾ ਹੈ ਅਤੇ ਇਸ ਵਾਇਰਸ ਦੇ ਅਸਰ ਤੋਂ ਬਚਿਆ ਹੋਇਆ ਹੈ। ਭਾਰਤ ਸਮੇਤ ਲਗਭਗ ਸਾਰੀ ਦੁਨੀਆ ਘਰੇਲੂ ਨਜ਼ਰਬੰਦੀ (ਲੌਕਡਾਉੂਨ) ਅਧੀਰ ਘਰਾਂ ਵਿੱਚ ਬੰਦ ਹੈ।

ਇਹ ਨਵਾਂ ਵਾਇਰਸ/ਕਿਟਾਣੂ ਦਾ ਕਹਿਰ ਮਹਾਮਾਰੀ ਬਣ ਕੇ ਪਹਿਲੀ ਵਾਰ ਨਹੀਂ ਵਾਪਰਿਆ ਹੈ, ਮਨੁੱਖ ਜਾਤੀ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਲੱਖਾਂ ਕਰੋੜਾਂ ਵਾਰ ਐਸਾ ਵਾਇਰਸੀ ਹਮਲਾ ਹੁੰਦਾ ਰਿਹਾ ਹੋਵੇਗਾ, ਪਰ ਮਨੁੱਖ ਸਹਿਜੇ ਸਹਿਜੇ ਇਸ ਨੂੰ ਸਹਿਣ ਕਰਨ ਦੇ ਸਮਰੱਥ ਹੁੰਦਾ ਗਿਆ ਹੈ। ਮਨੁੱਖੀ ਜੀਨਜ਼/ਬੈਕਟੀਰੀਆ/ਵਾਇਰਸ ਵਿਰੋਧੀ ਸ਼ਕਤੀ (ਇਮਿਉੂਨਿਟੀ) ਐਸੇ ਘਾਤਕ ਜੀਵਾਣੂਆਂ ਦਾ ਮੁਕਾਬਲਾ ਕਰਨ ਦੇ ਆਮ ਹੀ ਸਮਰੱਥ ਹੁੰਦੀ ਰਹੀ ਹੈ। ਇੱਕ ਸੂਚਨਾ ਅਨੁਸਾਰ ਸੰਸਾਰ ਭਰ ਵਿੱਚ ਸਪੈਨਿਸ਼ ਇਨਫਲੂਐਂਜ਼ਾ ਦੇ ਵਾਇਰਸ ਐਚ1ਐਨ1 ਨੇ ਪਹਿਲੀ ਸੰਸਾਰ ਜੰਗ ਤੋਂ ਬਾਅਦ 1918-1920 ਤਕ ਸੰਸਾਰ ਭਰ ਵਿੱਚ ਭਾਰੀ ਤਬਾਹੀ ਮਚਾਈ, ਜਿਸ ਨਾਲ 50 ਕਰੋੜ ਲੋਕ ਸੰਕਰਣਮਤ (ਬਿਮਾਰ) ਹੋਏ ਅਤੇ 50 ਲੱਖ ਦੇ ਕਰੀਬ ਮੌਤਾਂ ਹੋਈਆਂ। 2003 ਵਿੱਚ ਸਾਰਸ ਨੇ ਵੀ ਕਾਫੀ ਲੋਕਾਂ ਦੀ ਜਾਨ ਲਈ।

ਇਸੇ ਤਰ੍ਹਾਂ ਫੇਰ ਦੂਜੀ ਵਾਰ ਐਚ1ਐਨ1 ਵਾਇਰਸ ਨਾਲ ਸੰਸਾਰ ਦੇ 70 ਕਰੋੜ ਲੋਕਾਂ ਨੂੰ ਲਾਗ ਲੱਗੀ ਤੇ 5 ਲੱਖ ਦੇ ਕਰੀਬ ਮੌਤਾਂ ਹੋਈਆਂ। ਇਸ ਨੂੰ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ। 1980 ਤੋਂ ਸ਼ੁਰੂ ਹੋਏ ਐੱਚ.ਆਈ.ਵੀ. ਏਡਜ਼ ਵਾਇਰਸ ਨੇ ਹੁਣ ਤੀਕ ਸੰਸਾਰ ਦੇ ਤਿੰਨ ਕਰੋੜ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾਇਆ ਹੈ। ਇਬੋਲਾ ਵਾਇਰਸ 1976 ਵਿੱਚ ਫੈਲਿਆ, ਬਹੁਤਾ ਘਾਤਕ ਨਹੀਂ ਬਣਿਆ ਪਰ 2013 ਤੋਂ 2016 ਵਿੱਚ ਇਸ ਨਾਲ 13000 ਦੇ ਕਰੀਬ ਮੌਤਾਂ ਹੋਈਆਂ। ਇਬੋਲਾ ਦੀ ਵੈਕਸੀਨ 2019 ਵਿੱਚ ਤਿਆਰ ਹੋਈ ਸੀ।

ਵਾਇਰਸ ਤੋਂ ਬਹੁਤ ਹੋਰ ਬਿਮਾਰੀਆਂ ਨਾਲ ਵੀ ਸੰਸਾਰ ਵਿੱਚ ਮਹਾਮਾਰੀਆਂ ਫੈਲਦੀਆਂ ਰਹੀਆਂ ਹਨ। ਵਾਇਰਸ ਤੋਂ ਬਿਨਾਂ ਚੇਚਕ ਨੇ 1900 ਤੋਂ 1950 ਵਿੱਚ 50 ਕਰੋੜ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸਦੀ ਵੈਕਸੀਨ ਬਣਨ ਨਾਲ ਇਸ ’ਤੇ ਕਾਬੂ ਪਿਆ। ਪੋਲੀਓ ਦੀ ਵੈਕਸੀਨ ਬਣਨ ਤੋਂ ਪਹਿਲਾਂ ਇਸ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਤ ਕੀਤਾ। ਹੈਜੇ ਨੇ 1866 ਕੋਂ 1920 ਤਕ ਕਰੋੜਾਂ ਲੋਕਾਂ ਦੀ ਜਾਨ ਲਈ। ਇਵੇਂ ਹੀ ਪਲੇਗ ਨੇ 1997-1918 ਤੀਕ ਕਰੋੜਾਂ ਲੋਕਾਂ ਨੂੰ ਨਿਗਲਿਆ। ਮਲੇਰੀਏ ਨੇ 1850 ਤੋਂ 1949 ਤਕ ਕਰੋੜਾਂ ਲੋਕ ਹੜੱਪ ਲਏ। ਉਂਜ ਸੰਸਾਰ ਸਿਹਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਕ ਔਸਤਨ ਸਾਢੇ ਪੰਜ ਕਰੋੜ ਲੋਕਾਂ ਦੀਆਂ ਮੌਤਾਂ ਹਰ ਸਾਲ ਵੱਖ ਵੱਖ ਬਿਮਾਰੀਆਂ-ਐਕਸੀਡੈਂਟਾਂ ਆਦਿ ਨਾਲ ਹੁੰਦੀਆਂ ਹਨ।

ਇਹ ਨਵਾਂ ਕਰੋਨਾ (ਕੋਵਿਡ-19) ਵਾਇਰਸ ਤਦ ਤਕ ਕਹਿਰ ਮਚਾਉਂਦਾ ਰਹੇਗਾ, ਜਦ ਤਕ ਇਸਦੀ ਵੈਕਸੀਨ ਜਾਂ ਕੋਈ ਹੋਰ ਦਵਾਈ ਤਿਆਰ ਨਹੀਂ ਹੋ ਜਾਂਦੀ। ਭਾਰਤ ਵਿੱਚ ਕਰੋਨਾ ਵਾਇਰਸ ਸਹਿਜੇ ਸਹਿਜੇ ਹੋਰ ਪੈਰ ਪਸਾਰ ਰਿਹਾ ਹੈ। ਇਸਦੀ ਗਿਣਤੀ ਭਾਵੇਂ ਹਾਲੇ ਥੋੜ੍ਹੀ ਜਾਪਦੀ ਹੈ ਪਰ ਇਹ ਗਿਣਤੀ ਇਸ ਕਰਕੇ ਵੀ ਘੱਟ ਜਾਪਦੀ ਹੈ ਕਿ ਇੱਥੇ ਟੈਸਟ ਬਹੁਤ ਘੱਟ ਹੋ ਰਹੇ ਹਨ। ਟੈਸਟ ਕਿੱਟਾਂ ਹੀ ਨਹੀਂ ਹਨ। ਟੈਸਟਾਂ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਕਰੋਨਾ ਪੀੜਤਾਂ ਦਾ ਪਤਾ ਨਹੀਂ ਲਾਇਆ ਜਾ ਸਕਦਾ। ਉਂਜ ਭਾਰਤ ਦੀ ਹਾਲਤ ਬਹੁਤ ਮੰਦੀ ਹੋਵੇਗੀ। ਇੱਥੇ ਪਹਿਲਾਂ ਤਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ, ਸਟਾਫ ਨਰਸਾਂ, ਫਾਰਮਸਿਸਟ ਅਤੇ ਹੋਰ ਡਾਕਟਰੀ ਅਮਲੇ ਦੀ ਬੇਹੱਦ ਘਾਟ ਹੈ। ਇੱਕ ਅੰਦਾਜ਼ੇ ਅਨੁਸਾਰ 40 ਫੀਸਦੀ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਬਾਕੀ ਜੋ ਕੰਮ ਕਰਦੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਠੇਕੇ ’ਤੇ ਰੱਖਿਆ ਹੈ ਤੇ ਨਿਗੂਣੀਆਂ ਤਨਖ਼ਾਹਾਂ ਹੀ ਮਿਲਦੀਆਂ ਹਨ। (ਤਨਖ਼ਾਹਾਂ ਨਹੀਂ, ਕੇਵਲ ਮਾਣ ਭੱਤਾ ਹੀ) ਭਾਰਤ ਵਿੱਚ ਹੋਰ ਸਾਰੇ ਖੇਤਰਾਂ ਵਾਂਗ ਸਿਹਤ ਦੇ ਖੇਤਰ ਵਿੱਚ ਨਿੱਜੀ ਖੇਤਰ ਬਹੁਤ ਭਾਰੂ ਹੈ। ਪਰ ਇਸ ਵਕਤ ਵਧੇਰੇ ਨਿੱਜੀ ਹਸਪਤਾਲ ਮੈਦਾਨੋਂ ਭੱਜ ਗਏ ਹਨ। ਉਹ ਕਰੋਨਾ ਸੰਭਾਵੀ ਮਰੀਜ਼ਾਂ ਨੂੰ ਦਾਖ਼ਲ ਹੀ ਨਹੀਂ ਕਰ ਰਹੇ ਤੇ ਜਾਂ ਤਾਲੇ ਮਾਰ ਕੇ ਘਰੀਂ ਬੈਠ ਗਏ ਹਨ। ਸਰਕਾਰੀ ਡਾਕਟਰੀ ਅਮਲੇ ਕੋਲ ਆਪਣੀ ਸੁਰੱਖਿਆ ਲਈ ਐੱਨ-95 ਮਾਸਕ, ਵਰਦੀਆਂ, ਦਸਤਾਨੇ (ਪੀ.ਪੀ.ਈ.) ਆਦਿ ਸਾਰਾ ਸੁਰੱਖਿਆ ਸਾਜੋ-ਸਾਮਾਨ ਹੀ ਨਹੀਂ ਹੈ। ਇਨ੍ਹਾਂ ਨੂੰ ਸਾਧਾਰਨ ਮਾਸਕਾਂ ਅਤੇ ਬਰਸਾਤੀਆਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ਵਿੱਚ ਡਾਕਟਰੀ ਅਮਲਾ ਹੀ ਕਰੋਨਾ ਪੀੜਤ ਹੋਣ ਲੱਗ ਪਿਆ ਹੈ, ਇਲਾਜ ਕੌਣ ਕਰੇਗਾ? ਮਰੀਜ਼ਾਂ ਦੇ ਇਕਾਂਤਵਾਸ ਲਈ ਬਿਸਤਰਿਆਂ ਦੀ ਘਾਟ ਹੈ। ਗੰਭੀਰ ਮਰੀਜ਼ਾਂ ਲਈ ਵੈਂਟੀਲੇਟਰ ਨਾ ਹੋਣ ਬਰਾਬਰ ਹਨ।

ਭਾਰਤ ਸਰਕਾਰ ਨੇ ਸਿਹਤ ਸੇਵਾਵਾਂ ਵੱਲ ਤਵੱਜੋ ਹੀ ਨਹੀਂ ਦਿੱਤੀ ਤੇ ਇਸ ਨੂੰ ਨਿੱਜੀ ਖੇਤਰ ਦੇ ਡਾਇਨਾਸੋਰੀ ਜਬਾੜ੍ਹਿਆਂ ਵਿੱਚ ਧੱਕਿਆ ਹੋਇਆ ਹੈ। ਭਾਰਤ ਇਸ ਵੇਲੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ (2017-18) ਕੇਵਲ 1.28% ਹੀ ਸਿਹਤ ਸੇਵਾਵਾਂ ਲਈ ਖ਼ਰਚ ਕਰ ਰਿਹਾ ਹੈ। ਸੰਸਾਰ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ (2016-17) ਦੇ ਅੰਕੜਿਆਂ ਮੁਤਾਬਕ ਭਾਰਤ ਬਰਿਕਸ ਤੇ ਸਾਰਕ ਦੇਸ਼ਾਂ ਮੁਕਾਬਲੇ ਸਭ ਤੋਂ ਘੱਟ ਖ਼ਰਚ ਕਰ ਰਿਹਾ ਹੈ। ਭਾਰਤ 1.02%, ਅਮਰੀਕਾ 17.7%, ਕੈਨੇਡਾ 10.53%, ਜਪਾਨ 10.53%, ਇਟਲੀ 8.94%, ਇੰਗਲੈਂਡ 9.76%, ਭੁਟਾਨ 3.45%, ਇੱਥੋਂ ਤੀਕ ਕਿ ਬੰਗਲਾਦੇਸ਼ ਵਰਗਾ ਭਾਰਤ ਤੋਂ ਗ਼ਰੀਬ ਮੁਲਕ ਵੀ 3.45% ਖ਼ਰਚ ਕਰ ਰਿਹਾ ਹੈ। ਐਸੀ ਹਾਲਤ ਵਿੱਚ ਸੋਚਣਾ ਬਣਦਾ ਹੈ ਕਿ ਅਗਰ ਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀ ਵਰਗੇ ਦੇਸ਼ ਸਿਹਤ ਸੇਵਾਵਾਂ ’ਤੇ ਭਾਰਤ ਤੋਂ ਲਗਭਗ ਦਸ ਗੁਣਾ ਵਧੇਰੇ ਖ਼ਰਚ ਕਰ ਰਹੇ ਹਨ, ਤਦ ਇੱਕ ਸੌ ਤੀਹ ਕਰੋੜ ਆਬਾਦੀ ਵਾਲੇ ਭਾਰਤ ਦਾ ਐਨੇ ਘੱਟ ਖ਼ਰਚ ਨਾਲ ਕਿਵੇਂ ਚੰਗਾ ਹਾਲ ਹੋ ਸਕਦਾ ਹੈ? ਇਸ ਲਈ ਜ਼ਰੂਰੀ ਹੈ ਕਿ ਸਿਹਤ ਦੇ ਖੇਤਰ ਲਈ ਖ਼ਰਚਾ ਵਧਾ ਕੇ ਚੰਗੇ ਹਸਪਤਾਲਾਂ ਦਾ ਨਿਰਮਾਣ ਕੀਤਾ ਜਾਵੇ। ਇਸ ਵਕਤ ਸਭ ਤੋਂ ਜ਼ਰੂਰੀ ਹੈ ਕਿ ਸਪੇਨ ਦੀ ਤਰ੍ਹਾਂ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਅਧਿਕਾਰ ਵਿੱਚ ਲਿਆ ਜਾਵੇ। ਭਾਵੇਂ ਇਹ ਘੱਟੋ-ਘੱਟ ਕਰੋਨਾ ਬਿਮਾਰੀ ਦੇ ਖ਼ਤਮ ਹੋਣ ਤੀਕ ਹੀ ਲਾਜ਼ਮੀ ਕੀਤਾ ਜਾਵੇ। ਉਂਜ ਦੁਨੀਆ ਭਰ ਵਿੱਚ ਹੀ ਸਿਹਤ ਸੇਵਾਵਾਂ ਨੇ ਅਮੀਰ ਦੇਸ਼ਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਹਾਲੇ ਪਤਾ ਨਹੀਂ ਕਿ ਹਾਈਡਰੋਕਸੀ ਕਲੋਰੋਕੁਈਨ ਨਾਲ ਮਰੀਜ਼ ਮੁਕੰਮਲ ਤੌਰ ’ਤੇ ਠੀਕ ਹੁੰਦਾ ਹੈ ਕਿ ਨਹੀਂ ਪਰ ਅਮਰੀਕਾ ਦੀ ਇੱਕੋ ਹੀ ਘੁਰਕੀ ਅੱਗੇ ਝੁਕਣਾ ਭਾਰਤ ਲਈ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਲੱਗਾ।

ਦੁੱਖ ਦੀ ਗੱਲ ਹੈ ਕਿ ਇਸ ਵਕਤ ਰਾਜ ਕਰ ਰਹੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਅਜਿਹੇ ਕਹਿਰ ਦੇ ਮੌਕੇ ਰਾਜਨੀਤੀ ਕਰਦਿਆਂ ਫ਼ਿਰਕੂ ਨਫ਼ਰਤ ਫੈਲਾਉਣ ਵੱਲ ਵਧੇਰੇ ਤਵੱਜੋ ਦੇ ਰਹੀ ਹੈ। ਸਾਰਾ ਠੀਕਰਾ ਤਬਲੀਗੀ-ਮਰਕਜ਼ੀ ਮੁਸਲਮਾਨਾਂ ਉੱਪਰ ਹੀ ਭੰਨ੍ਹਿਆ ਜਾ ਰਿਹਾ ਹੈ ਤੇ ਇਸ ਨਾਲ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਹੀ ਭੰਡਿਆ ਜਾ ਰਿਹਾ ਹੈ। ਇਹ ਵਿਸ਼ਾ ਭਾਵੇਂ ਵੱਖਰਾ ਹੈ ਪਰ ਸੰਖੇਪ ਵਿੱਚ ਗੱਲ ਕਰਨੀ ਬਣਦੀ ਹੈ ਕਿ ਤਬਲੀਗੀਆਂ ਨੂੰ ਨਿਜਾਮੂਦੀਨ ਮਰਕਜ਼ ਵਿੱਚ ਇਕੱਤਰ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਫੇਰ ਜਦ 200 ਤੋਂ ਵੱਧ ਲੋਕਾਂ ਦੇ ਇੱਕ ਥਾਂ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਸੀ ਤਦ ਇਨ੍ਹਾਂ ਉੱਪਰ ਇਹ ਨਿਯਮ ਲਾਗੂ ਕਰਾਉਣ ਵਿੱਚ ਢਿੱਲ ਕਿਉਂ ਵਰਤੀ ਗਈ, ਜਦਕਿ ਮਰਕਜ਼ ਅਤੇ ਥਾਣੇ ਦੀ ਦੀਵਾਰ ਸਾਂਝੀ ਹੈ। ਜਦ ਉਹ ਕਹਿ ਰਹੇ ਸਨ ਕਿ ਸਾਨੂੰ ਇੱਥੋਂ ਨਿਕਲਣ ਦੀ ਇਜਾਜ਼ਤ ਦਿਓ, ਤਦ ਉਨ੍ਹਾਂ ਦੀ ਫਰਿਆਦ ਕਿਉਂ ਨਾ ਮੰਨੀ ਗਈ? ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਬਿਨਾਂ ਚੈੱਕ ਕੀਤੇ ਹਵਾਈ ਅੱਡੇ ਤੋਂ ਬਾਹਰ ਕਿਉਂ ਨਿਕਲਣ ਦਿੱਤਾ ਗਿਆ। ਉਂਜ ਤਬਲੀਗੀ ਭਾਈਚਾਰੇ ਵਲੋਂ ਆਪਣੇ ਆਪ ਹੀ ਇਹ ਕਾਨਫਰੰਸ ਰੱਦ ਨਾ ਕਰਨਾ ਵੀ ਵੱਡੀ ਗ਼ਲਤੀ ਹੈ।

ਇਸ ਮੁਸ਼ਕਲ ਦੀ ਘੜੀ ਸਭ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ। ਨਫ਼ਰਤ ਦੀ ਅੱਗ ਸੀ.ਏ.ਏ., ਐੱਨ.ਆਰ.ਸੀ., ਸ਼ਾਹੀਨ ਬਾਗ਼, ਜਾਮੀਆ ਤੇ ਹੋਰ ਥਾਂ ਥਾਂ ਦੇ ਧਰਨੇ-ਮੋਰਚਿਆਂ, ਜੇ.ਐੱਨ.ਯੂ. ਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਕੀਤੇ ਹਮਲਿਆਂ ਅਤੇ ਦਿੱਲੀ ਦੇ ਕਤਲੇਆਮੀ ਫ਼ਸਾਦਾਂ ਦੇ ਰੂਪ ਵਿੱਚ ਪਹਿਲਾਂ ਹੀ ਵੇਖ ਚੁੱਕੇ ਹਾਂ। ਘੱਟੋ-ਘੱਟ ਕਰੋਨਾ ਵਾਇਰਸ ਵਿਰੁੱਧ ਲੜਾਈ ਸਮੇਂ ਇਸ ਨਫ਼ਰਤ ਨੂੰ ਵਧਾਉਣਾ ਦੇਸ਼ ਲਈ ਬਹੁਤ ਘਾਤਕ ਹੋਵੇਗਾ। ਕਰੋਨਾ ਤੋਂ ਤਾਂ ਦੇਸ਼ ਉੱਭਰ ਆਵੇਗਾ ਪਰ ਨਫ਼ਰਤ ਦੀ ਇਸ ਅੱਗ ਵਿੱਚੋਂ ਨਿਕਲਣਾ ਮੁਸ਼ਕਲ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵਲੋਂ ਕਰੋਨਾ ਵਿਰੁੱਧ ਵਿਗਿਆਨਕ ਢੰਗ ਨਾਲ ਲੜਾਈ ਲੜਨ ਦੀ ਬਜਾਏ ਅੰਧ ਵਿਸ਼ਵਾਸੀ ਫੈਸਲੇ ਕਰਨਾ, ਕਰੋਨਾ ਵਾਇਰਸ ਨੂੰ ਵਧਾਉਣ ਵਿੱਚ ਤਾਂ ਮਦਦ ਕਰ ਸਕਦਾ ਹੈ, ਇਸ ਨੂੰ ਹਰਾਉਣ ਵਿੱਚ ਨਹੀਂ। ਪਰ ਭਾਜਪਾ ਦੇ ਆਗੂ ਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਧਰਮ ਗੁਰੂ ਗਉੂ ਮੂਤਰ ਨੂੰ ਕਰੋਨਾ ਦਾ ਸਭ ਤੋਂ ਵਧੀਆ ਇਲਾਜ ਦਸ ਰਹੇ ਹਨ। ਇਸ ਸਬੰਧੀ ਥਾਂ-ਥਾਂ ਗਉੂ ਮੂਤਰ ਦੇ ਲੰਗਰ ਵੀ ਲਾਏ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਆਗੂ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਵਲੋਂ ਕਦੇ ਵੀ ਇਸਦਾ ਵਿਰੋਧ ਨਹੀਂ ਕੀਤਾ ਗਿਆ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਹੋਰੀਂ ਤਾਂ ਇਸ ਨੂੰ ਹਰ ਬਿਮਾਰੀ ਲਈ ਰਾਮ ਬਾਣ ਦੱਸਦੇ ਹਨ। ‘ਯੋਗ ਗੁਰੂ’ ਬਾਬਾ ਰਾਮ ਦੇਵ ਇਸ ਨੂੰ ਦਵਾਈ ਦੀ ਤਰ੍ਹਾਂ ਬੋਤਲਾਂ ਵਿੱਚ ਬੰਦ ਕਰਕੇ ਵੇਚ ਰਹੇ ਹਨ। ਕੀ ਇਸਦਾ ਕੋਈ ਵਿਗਿਆਨਕ ਪ੍ਰਮਾਣ ਹੈ? ਜੇ ਨਹੀਂ ਤਾਂ ਐਸਾ ਕਿਉਂ ਹੋ ਰਿਹਾ ਹੈ? ਇਸੇ ਹੀ ਤਰ੍ਹਾਂ ਹਵਨ ਨੂੰ ਵੀ ਕਰੋਨਾ ਲਈ ਸਭ ਤੋਂ ਵਧੀਆ ਢੰਗ ਦੱਸਿਆ ਜਾ ਰਿਹਾ ਹੈ। ਮੋਦੀ ਹੋਰੀਂ ਜਦ ਹਿੰਦੂ ਪੁਰਾਤਨ ਗਰੰਥਾਂ ਦਾ ਹਵਾਲਾ ਦੇ ਕੇ ਭਗਵਾਨ ਗਣੇਸ਼ ਦਾ ਸਿਰ ਬਦਲ ਦੇਣ ਵਾਲੀ ਚਕਿਤਸਾ ਪ੍ਰਣਾਲੀ ਦਾ ਹਵਾਲਾ ਦਿੰਦੇ ਹਨ, ਤਦ ਉਹ ਆਧੁਨਿਕ ਚਕਿਤਸਾ ਪ੍ਰਣਾਲੀ ਨੂੰ ਨਿੰਦ ਰਹੇ ਲਗਦੇ ਹਨ। 22 ਮਾਰਚ 2020 ਨੂੰ ਲੋਕਾਂ ਨੂੰ ਤਾਲੀਆਂ, ਥਾਲੀਆਂ, ਸੰਖ ਵਜਾਉਣ ਲਈ ਕਿਹਾ ਗਿਆ ਤੇ 5 ਅਪ੍ਰੈਲ ਨੂੰ ਫੇਰ ਲੋਕ ਪ੍ਰਧਾਨ ਮੰਤਰੀ ਹੋਰਾਂ ਦੇ ਕਹਿਣ ’ਤੇ ਲਾਈਟਾਂ ਬੁਝਾ ਕੇ ਪਹਿਲਾਂ ਹਨੇਰਾ ਕੀਤਾ ਤੇ ਫੇਰ ਮੋਮਬੱਤੀਆਂ ਜਗਾ ਕੇ ‘ਗੋ-ਕਰੋਨਾ, ਗੋ-ਕਰੋਨਾ’ ਦੇ ਨਾਅਰੇ ਬੁਲੰਦ ਕੀਤੇ ਤੇ ਖੂਬ ਪਟਾਕੇ ਚਲਾਏ।

ਜਪਾ ਦੀ ਬਲਰਾਮਪੁਰ (ਯੂ.ਪੀ.) ਦੀ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਮੰਜੂ ਤਿਵਾੜੀ ਨੇ ਤਾਂ ਪਿਸਤੌਲ ਚਲਾ ਕੇ ਕਰੋਨਾ ਮਾਰਨ ਦੀ ਕੋਸ਼ਿਸ਼ ਕੀਤੀ। ਕੀ ਇਨ੍ਹਾਂ ਅੰਧ ਵਿਸ਼ਵਾਸਾਂ ਨਾਲ ਕੋਰਨਾ ਭੱਜ ਜਾਵੇਗਾ? ਇਹ ਤਾਂ ਤਾਲਾਬੰਦੀ ਤੇ ਸਮਾਜਕ ਦੂਰੀ ਤੇ ਦਵਾਈਆਂ ਆਦਿ ਨਾਲ ਹੀ ਸੰਭਵ ਹੈ। ਇਹ ਤਾਂ ਸੱਚ ਹੈ ਕਿ ਆਖ਼ਰ ਕਰੋਨਾ ਨੇ ਹਰਨਾ ਹੀ ਹੈ। ਚੀਨ ਵਰਗੇ ਦੇਸ਼ ਨੇ ਇਸ ’ਤੇ ਜਿੱਤ ਪ੍ਰਾਪਤ ਕਰ ਲਈ ਹੈ, ਭਾਰਤ ਵੀ ਉਸ ਤੋਂ ਸਿੱਖ ਕੇ ਐਸਾ ਕਰ ਸਕਦਾ ਹੈ। ਪਰ ਕਰੋਨਾ-ਦੌਰ ਖ਼ਤਮ ਹੋਣ ’ਤੇ ਮੋਦੀ ਸਾਹਿਬ ਤੇ ਹਿੰਦੂਵਾਦੀ ਭਗਤ ਇਹ ਕਹਿਣਗੇ ਕਿ ਹਵਨ, ਗਉੂ ਮੂਤਰ ਤੇ ਤਾਲੀਆਂ-ਥਾਲੀਆਂ-ਮੋਮਬੱਤੀਆਂ ਨਾਲ ਇਸ ਨੂੰ ਭਜਾਇਆ ਹੈ! ਅੰਧ ਵਿਸ਼ਵਾਸ, ਅਨਪੜ੍ਹਤਾ ਨਾਲੋਂ ਕਈ ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਵਿਗਿਆਨ ਵਿਰੋਧੀ ਹੈ। ਲੰਬਾ ਵਿਸ਼ਾ ਹੈ ਪਰ ਮੋਦੀ ਸਾਹਿਬ ਨੂੰ ਗੁਜਾਰਿਸ਼ ਹੈ ਕਿ ਐਸਾ ਕਰਕੇ ਦੇਸ਼ ਵਾਸੀਆਂ ਨੂੰ ਹਨੇਰ ਬਿਰਤੀ ਵੱਲ ਨਾ ਧੱਕਣ। ਜੋਤਿਸ਼ ਨੂੰ ਭਾਜਪਾ-ਆਰ.ਐੱਸ.ਐੱਸ. ਵਿਗਿਆਨ ਆਖਦੀ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਕਈ ਥਾਂਈਂ ਇਸਦੀ ਪੜ੍ਹਾਈ ਵੀ ਕਰਾਈ ਜਾ ਰਹੀ ਹੈ ਫਿਰ ਇਸ ਜੋਤਿਸ਼ ਵਿਗਿਆਨ ਨੇ ਕਰੋਨਾ ਦੀ ਭਵਿੱਖਬਾਣੀ ਕਿਉਂ ਨਹੀਂ ਕੀਤੀ? ਕਰੋਨਾ ਵਿਰੁੱਧ ਵਿਗਿਆਨਕ ਲੜਾਈ ਲੜਨਾ ਹੀ ਇਸ ਵੇਲੇ ਦਾ ਪਰਮ ਧਰਮ ਹੈ। ਆਪਣਾ ਨਿੱਜੀ ਧਰਮ, ਵਿਸ਼ਵਾਸ ਬਾਅਦ ਵਿੱਚ ਹੈ। ਸਾਰੇ ਦੇਸ਼ ’ਤੇ ਆਪਣਾ ਧਰਮ ਠੋਸਣਾ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ ਹੈ।

ਸਭ ਤੋਂ ਬੁਰਾ ਇਸ ਵਕਤ ਕਿਰਤੀ ਵਰਗ ਦਾ ਹਾਲ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐੱਲ.ਓ.) ਨੇ ਭਾਰਤ ਦੇ ਗੈਰ-ਜਥੇਬੰਦ ਮਜ਼ਦੂਰ ਵਰਗ ਦੀ ਹਾਲਤ ਬੇਹੱਦ ਖ਼ਤਰਨਾਕ ਹੱਦ ਤੀਕ ਭੈੜੀ ਤੇ ਭੁੱਖਮਰੀ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਹੈ। ਇਸ ਵਕਤ ਗੈਰ ਜਥੇਬੰਦ ਵਰਗ ਮਜ਼ਦੂਰਾਂ ਦਾ 90% ਦਾ ਵੱਡਾ ਹਿੱਸਾ ਹੈ। ਆਈ.ਐੱਲ.ਓ. ਨੇ ਭਾਵੇਂ ਇਹ ਅੰਕੜਾ ਭਾਰਤ ਦੇ 40 ਕਰੋੜ ਮਜ਼ਦੂਰਾਂ ਦੀ ਬਹੁਤ ਮੰਦੀ ਹਾਲਤ ਦਾ ਲਾਇਆ ਹੈ ਪਰ ਹਕੀਕਤ ਵਿੱਚ ਇਹ ਇਸ ਤੋਂ ਲਗਭਗ ਦੁੱਗਣੀ ਗਿਣਤੀ ਹੈ। ਦੇਸ਼ ਦੀ ਸਿਆਸੀ ਰਾਜਧਾਨੀ ਦਿੱਲੀ ਤੇ ਆਰਥਿਕ ਰਾਜਧਾਨੀ ਮੁੰਬਈ ਸਮੇਤ ਅਨੇਕਾਂ ਹੋਰ ਵੱਡੇ ਸ਼ਹਿਰਾਂ ਵਿੱਚੋਂ ਕਈ ਲੱਖ ਮਜ਼ਦੂਰ ਭੁੱਖ ਦੇ ਡਰੋਂ ਸ਼ਹਿਰ ਛੱਡ ਕੇ ਬੱਚੇ ਤੇ ਗਠੜੀਆਂ ਚੁੱਕ ਕੇ ਸੈਂਕੜੇ ਮੀਲ ਦੂਰ ਨੰਗੇ ਪੈਰੀਂ-ਭੁੱਖਣ-ਭਾਣੇ ਆਪਣੇ ਘਰਾਂ ਨੂੰ ਨਿਕਲ ਗਏ। ਕਿਸੇ ਸਰਕਾਰ ਨੇ ਉਨ੍ਹਾਂ ਨੂੰ ਬਾਂਹ ਫੜਨ ਦਾ ਭਰੋਸਾ ਨਹੀਂ ਦਿੱਤਾ। ਇਹ ਕਰੋਨਾ ਯੁੱਧ ਦੇ ਵਿਰੁੱਧ ਲੜਨ ਦੇ ਢੰਗ ਤਰੀਕਿਆਂ ਉੱਪਰ ਕਲੰਕ ਹੈ। ਹੁਣ ਜਦ ਸਾਰਾ ਭਾਰਤ ਲੌਕਡਾਉੂਨ ਹੈ, ਤਦ ਉਹ ਕਿੱਥੋਂ ਖਾਣਗੇ? ਉਨ੍ਹਾਂ ਦੇ ਖਾਤਿਆਂ ਵਿੱਚ ਬਿਨਾਂ ਰਜਿਸਟਰਡ ਕਾਮੇ ਦੀ ਸ਼ਰਤ ਦੇ ਬੇਰੁਜ਼ਗਾਰੀ ਭੱਤੇ ਵਜੋਂ ਘੱਟੋ-ਘੱਟ ਜੀਣ ਜੋਗੀ ਉਜਰਤ ਵਜੋਂ ਮਹੀਨੇ ਦੇ ਰਾਸ਼ਨ-ਪਾਣੀ ਲਈ ਸਹਾਇਤਾ ਕੀਤੀ ਜਾਵੇ। ਇਸ ਸਬੰਧੀ ਜੋ 1.70 ਕਰੋੜ ਰਕਮ ਦਾ ਪੈਕੇਜ ਦਿੱਤਾ ਹੈ, ਇਹ ਬਹੁਤ ਹੀ ਘੱਟ ਹੈ।

ਤੱਤਸਾਰ ਵਜੋਂ ਸਰਕਾਰ ਦਾ ਪਹਿਲਾ ਫਰਜ਼ ਹੈ ਕਿ ਲੌਕਡਾਉੂਨ ਸਮੇਂ ਗ਼ਰੀਬਾਂ, ਮਜ਼ਦੂਰਾਂ, ਬੇਘਰੇ ਲੋਕਾਂ ਦੀ ਸਾਰ ਲਈ ਜਾਵੇ। ਉਨ੍ਹਾਂ ਨੂੰ ਬਾਕਾਇਦਾ ਦੋ ਡੰਗ ਦਾ ਪੇਟ ਭਰਨ ਲਈ ਖਾਣਾ ਮਿਲਦਾ ਰਹੇ। ਜੇ ਕੋਈ ਮਜ਼ਦੂਰ ਜਾਂ ਹੋਰ ਘਰੋਂ ਬਾਹਰ ਫਸੇ ਹਨ ਅਤੇ ਪੈਦਲ ਹੀ ਘਰ ਜਾਣਾ ਲੋੜਦੇ ਹਨ, ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਸਮਾਜਕ ਦੂਰੀ ਰੱਖ ਕੇ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣ। ਸਭ ਮਜ਼ਦੂਰਾਂ ਦੇ, ਬਿਨਾਂ ਕਿਸੇ ਵਿਤਕਰੇ ਦੇ ਘੱਟੋ-ਘੱਟ 5-5 ਹਜ਼ਾਰ ਹਰ ਮਜ਼ਦੂਰ ਦੇ ਖਾਤਿਆਂ ਵਿੱਚ ਪਾਏ ਜਾਣ ਜਾਂ ਨਕਦ ਦਿੱਤੇ ਜਾਣ। ਵਿਗਿਆਨ ਹੀ ਅਸਲ ਭਗਵਾਨ ਹੈ ਤੇ ਇਹੀ ਪਹੁੰਚ ਅਪਣਾਉਂਦਿਆਂ ਅੰਧਵਿਸ਼ਵਾਸੀ ਕਾਰਜ/ਫੈਸਲੇ ਨਾ ਕੀਤੇ ਜਾਣ।

ਸਭ ਤੋਂ ਜ਼ਰੂਰੀ ਹੈ ਕਿ ਕਰੋਨਾ ਦਾ ਯੁੱਧ ਲੜ ਰਹੇ ਸਮੂਹ ਡਾਕਟਰੀ ਅਮਲੇ ਨੂੰ ਹਥਿਆਰਬੰਦ ਕੀਤਾ ਜਾਵੇ। ਉਨ੍ਹਾਂ ਨੂੰ ਪੀ.ਪੀ.ਈ. ਸੁਰੱਖਿਆ ਕਿੱਟਾਂ ਫੌਰੀ ਦਿੱਤੀਆਂ ਜਾਣ। ਉਨ੍ਹਾਂ ਦਾ ਘੱਟੋ-ਘੱਟ ਇੱਕ ਕਰੋੜ ਦਾ ਬੀਮਾ ਕੀਤਾ ਜਾਵੇ। ਤਬਲੀਗੀਆਂ ਦੇ ਬਹਾਨੇ ਸਮੁੱਚੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਸਿਆਸੀ ਕੈਦੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਜਿਨ੍ਹਾਂ ਵਿੱਚ ਆਨੰਦ ਤੇਲਤੁੰਬੜੇ-ਗੌਤਮ ਨਵਲੱਖਾ ਵਰਗੇ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਹਨ, ਨੂੰ ਫੌਰੀ ਰਿਹਾਅ ਕੀਤਾ ਜਾਵੇ। ਦੇਸ਼ ਵਾਸੀਆਂ ਲਈ ਇਸ ਮਹਾਮਾਰੀ ਮਹਾਂ-ਯੁੱਧ ਵਿੱਚ ਆਪਸੀ ਭਾਈਚਾਰੇ ਅਤੇ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਫਰਾਖ਼ ਦਿਲੀ ਤੋਂ ਕੰਮ ਲੈ ਕੇ ਸਮਾਂ ਹੈ ਕਿ ਸੀ.ਏ.ਏ., ਐੱਨ.ਆਰ.ਸੀ. ਆਦਿ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਹਰ ਫੈਸਲਾ ਦੇਸ਼ ਦੀਆਂ ਸਮੂਹ ਪਾਰਟੀਆਂ ਨਾਲ ਸਲਾਹ ਕਰਕੇ ਹੀ ਲਿਆ ਜਾਵੇ।

ਪੀ.ਐੱਮ. ਕੇਅਰਜ਼ ਫੰਡ ਦੀ ਪਾਰਦਰਸ਼ਤਾ ਬਣਾਈ ਜਾਵੇ ਅਤੇ ਆਰਥਿਕ ਪੈਕੇਜ 1.70 ਲੱਖ ਕਰੋੜ ਤੋਂ ਘੱਟੋ-ਘੱਟ 5 ਗੁਣਾ ਹੋਰ ਵਧਾਇਆ ਜਾਵੇ। ਵਕਤ ਹੈ ਕਿ ਦੇਸ਼ ਦੇ ਵੱਡੇ ਅਜਾਰੇਦਾਰ/ਉਦਯੋਗਿਕ ਘਰਾਣਿਆਂ ਤੋਂ ਵਿਸ਼ੇਸ਼ ਫੰਡ ਲਿਆ ਜਾਵੇ। ਇਸ ਵਕਤ ਕਿਸੇ ਦੇਸ਼ ਵਿਰੁੱਧ ਯੁੱਧ ਨਹੀਂ, ਅਣਦਿਸਦੇ ਕਿਟਾਣੂ ਵਿਰੁੱਧ ਹੈ, ਇਸ ਲਈ ਸਾਰੀਆਂ ਅਸਲਾ ਫੈਕਟਰੀਆਂ ਨੂੰ ਵੈਂਟੀਲੇਟਰ, ਟੈਸਟ ਕਿੱਟਾਂ ਤੇ ਹੋਰ ਸਾਜੋ-ਸਾਮਾਨ ਬਣਾਉਣ ਦੇ ਆਦੇਸ਼ ਦਿੱਤੇ ਜਾਣ ਅਤੇ ਫਰਾਂਸ, ਅਮਰੀਕਾ ਆਦਿ ਨਾਲ ਕੀਤੇ ਜੰਗੀ ਹਵਾਈ ਜਹਾਜ਼ਾਂ, ਮਿਜ਼ਾਇਲਾਂ ਆਦਿ ਦੇ ਸੌਦੇ ਰੱਦ ਕਰਕੇ ਉਹ ਪੈਸੇ ਇਸ ਲੜਾਈ ਵਿੱਚ ਵਰਤੇ ਜਾਣ।

ਟੈਸਟ ਵਧਾਏ ਜਾਣ ਤੇ ਠੇਕੇ ’ਤੇ ਕੰਮ ਕਰਦੇ ਸਾਰੇ ਸਿਹਤ ਕਰਮਚਾਰੀਆਂ ਨੂੰ ਫੌਰੀ ਪੱਕਾ ਕੀਤਾ ਜਾਵੇ। ਸਾਰੀਆਂ ਖਾਲੀ ਆਸਾਮੀਆਂ ਭਰ ਕੇ ਹੋਰ ਭਰਤੀ ਕੀਤੀ ਜਾਵੇ। ਸਾਰੇ ਨਿੱਜੀ ਹਸਪਤਾਲ ਘੱਟੋ-ਘੱਟ ਕਰੋਨਾ ਯੁੱਧ ਤੀਕ ਸਰਕਾਰੀ ਅਧਿਕਾਰ ਵਿੱਚ ਲਏ ਜਾਣ।

ਸਮੂਹ ਦੇਸ਼ਵਾਸੀਆਂ ਦਾ ਫਰਜ਼ ਹੈ ਕਿ ਉਹ ਆਪੋ-ਆਪਣੇ ਘਰੀਂ ਬੰਦ ਰਹਿ ਕੇ ਸਮਾਜਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਤੇ ਲੌਕਡਾਉੂਨ ਦੀ ਪੂਰੀ ਪੂਰੀ ਪਾਲਣਾ ਕਰਨ। ਵਾਰ ਵਾਰ ਸਾਬਣ ਨਾਲ ਹੱਥ ਧੋਤੇ ਜਾਣ। ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਦੇ ਮਹਾਨ ਫ਼ਲਸਫ਼ੇ ਨੂੰ ਲਾਗੂ ਕਰਦੇ ਹੋਏ ਗ਼ਰੀਬ ਤੇ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਹਰ ਮਦਦ ਕੀਤੀ ਜਾਵੇ। ਇਸਦੀ ਲਾਜ਼ਮੀ ਹੀ ਕੋਈ ਕਾਰਗਰ ਦਵਾਈ/ਵੈਕਸੀਨ ਨਿਕਲੇਗੀ। ਕਿੰਨਾ ਵੀ ਹਨੇਰਾ ਹੋਵੇ, ਸਵੇਰਾ ਲਾਜ਼ਮੀ ਆਉਂਦਾ ਹੈ। ਦ੍ਰਿੜ੍ਹਤਾ-ਸਹਿਣਸ਼ੀਲਤਾ ਤੇ ਇਕਮੁੱਠਤਾ ਬਣਾਈ ਰੱਖੀ ਜਾਵੇ ਤੇ ਆਸ ਦੇ ਦੀਵੇ ਲਟ-ਲਟ ਜਗਾਈ ਰੱਖੇ ਜਾਣ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2104)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)