DalvirSLudhianvi7ਇਸ ਵਧਦੀ ਆਬਾਦੀ ਦੇ ਤੂਫ਼ਾਨ ਵਿਚ ਜੇ ਸਮਾਜਿਕ ਦਰਖਤ ਸੁੱਕ ਕੇ ...
(ਅਗਸਤ 9, 2016)

 

ਭਾਰਤ ਸਾਹਮਣੇ ਅਨੇਕ ਸਮੱਸਿਆਵਾਂ ਹਨ, ਪਰ ਆਬਾਦੀ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਸੰਨ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ ਇੱਕ ਅਰਬ ਇੱਕੀ ਕਰੋੜ ਅਤੇ ਪੰਜਾਬ ਦੀ 2 ਕਰੋੜ 77 ਲੱਖ ਦੀ ਹੈ। ਭਾਰਤ ਵਿੱਚ ਹਰ ਮਿੰਟ ਵਿਚ 51 ਬੱਚੇ ਪੈਦਾ ਹੁੰਦੇ, ਜੋ ਦੁਨੀਆਂ ਵਿਚ ਸਭ ਤੋਂ ਵੱਧ ਹੈ। ਜਿਸ ਹਿਸਾਬ ਨਾਲ ਭਾਰਤ ਦੀ ਆਬਾਦੀ ਵਧ ਰਹੀ ਹੈ, ਸੰਨ 2030 ਤੱਕ ਇਹ ਚੀਨ ਨੂੰ ਪਿੱਛੇ ਛੱਡ ਜਾਵੇਗਾ। ਇੰਨੀ ਤੇਜ਼ੀ ਨਾਲ ਆਬਾਦੀ ਦਾ ਵਧਣਾ ਵਿਕਾਸ ਦੇ ਰਾਹ ਵਿਚ ਨਿੱਤ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਰਿਹਾ ਹੈ। ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ, ਪ੍ਰਦੂਸ਼ਣ, ਆਦਿ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ; ਇਸ ਦਾ ਮੁੱਖ ਕਾਰਨ ਵਧਦੀ ਆਬਾਦੀ ਹੀ ਹੈ।

ਗਿਆਰਾਂ ਜੁਲਾਈ ਦਾ ਦਿਨ ‘ਵਿਸ਼ਵ ਆਬਾਦੀ ਦਿਵਸਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਯਾਨੀ 11 ਜੁਲਾਈ 1987, ‘ਵਿਸ਼ਵ ਸਿਹਤ ਸੰਗਠਨਵੱਲੋਂ ਮੁਕਰਰ ਕੀਤਾ ਗਿਆ, ਜਦੋਂ ਦੁਨੀਆਂ ਦੀ ਆਬਾਦੀ 5 ਅਰਬ ਦਾ ਅੰਕੜਾ ਪਾਰ ਕਰ ਗਈ ਸੀ; ਪਰ ਹੁਣ ਇਸ ਦੇ ਵਾਧੇ ਦੀ ਦਰ 7.8 ਕਰੋੜ ਪ੍ਰਤੀ ਸਾਲ ਹੈ। ਇਸ ਦਿਨ ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕ ਰੈਲੀਆਂ, ਮੁਕਾਬਲੇ, ਚਾਰਟ ਬਣਾਉਣੇ, ਲੇਖ ਲਿਖਣੇ, ਆਦਿ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਵੱਖ-ਵੱਖ ਥਾਈਂ ਸਮਾਗਮ/ ਸਮਾਰੋਹ ਕਰਵਾਏ ਜਾਂਦੇ ਹਨ, ਕਮੇਟੀਆਂ ਬਣਦੀਆਂ ਹਨ, ਉੱਚ ਪੱਧਰ ਤੇ ਵਿਚਾਰ-ਵਟਾਂਦਰੇ ਹੁੰਦੇ ਹਨ, ਪਰ ਨਤੀਜਾ ‘ਢਾਕ ਕੇ ਤੀਨ ਪਾਤ’ ਵਾਲਾ ਹੀ ਨਿਕਲਦਾ ਹੈ।

ਆਬਾਦੀ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਚੇਤੰਨ ਵਰਗ ਚਿੰਤਾ ਕਰਨ ਲੱਗਾ ਹੈ, ਕਿਉਂਕਿ ਭਾਰਤ ਦਾ ਖੇਤਰਫਲ ਦੁਨੀਆਂ ਦੇ ਖੇਤਰਫਲ ਦਾ 2.4 ਫ਼ੀਸਦੀ ਹੈ, ਕੁਦਰਤੀ ਸਾਧਨ ਸਿਰਫ਼ 1.5 ਫੀਸਦੀ ਹਨ, ਪਰ ਆਬਾਦੀ 17 ਫ਼ੀਸਦੀ ਹੋਣ ਕਰਕੇ ਹੀ ਕੁਰਬਲ ਕੁਰਬਲ ਹੋ ਰਹੀ ਹੈ। ਭਾਰਤ ਦੀ ਆਬਾਦੀ 20 ਕਰੋੜ ਹੋਣੀ ਚਾਹੀਦੀ ਹੈ, ਪਰ ਇੱਥੇ ਤਾਂ ਹਰ ਵਰ੍ਹੇ ਨਵਾਂ ਅਸਟਰੇਲੀਆ ਆ ਜੁੜਦਾ ਹੈ। ਇੱਕ ਵਰਗ ਕਿਲੋਮੀਟਰ ਵਿਚ ਭਾਰਤ ਦੀ ਵਸੋਂ 368, ਚੀਨ ਦੀ 139, ਅਮਰੀਕਾ ਦੀ 34, ਰੂਸ ਦੀ 8, ਕੈਨੇਡਾ ਦੀ 4 ਤੇ ਅਸਟਰੇਲੀਆ ਦੀ 3 ਹੈ। ਇਸ ਕਰਕੇ ਹੀ ਭਾਰਤ ਵਿਚ ਅੰਤਾਂ ਦੀ ਗ਼ਰੀਬੀ, ਭੁੱਖਮਰੀ, ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਦਾ ਹੜ੍ਹ ਆਇਆ ਹੋਇਆ ਹੈ। ਕੱਲੇ ਦਿੱਲੀ ਸ਼ਹਿਰ ਵਿਚ ਹੀ ਝੁੱਗੀਆਂ-ਚੌਪੜੀਆਂ ਦੀ ਵਸੋਂ ਵਿਚ ਇੱਕ ਲੱਖ ਦੇ ਕਰੀਬ ਬੱਚੇ ਭਿਖਾਰੀਆਂ ਵਜੋਂ ਜ਼ਿੰਦਗੀ ਦੇ ਦਿਨ ਕੱਟ ਰਹੇ ਹਨ।

ਭਾਰਤ ਵਿਚ ਜ਼ਿਆਦਾਤਰ ਲੋਕ ਖੇਤੀ ਜਾਂ ਮਜ਼ਦੂਰੀ ਕਰਦੇ ਹਨ। ਲੇਬਰ ਚੌਕਾਂ ਵਿਚ ਖੜ੍ਹੇ ਦਿਹਾੜੀਦਾਰ, 70-80 ਫੀਸਦੀ ਦੁਪਹਿਰ ਤੱਕ ਖੜ੍ਹੇ ਹੀ ਰਹਿ ਜਾਂਦੇ ਹਨ। ਇਹ ਗੱਲ ਵੀ ਸੋਲਾਂ ਆਨੇ ਸੱਚ ਹੈ ਕਿ ਸਿਰਫ਼ ਦਸ ਫੀਸਦੀ ਅਮੀਰ ਲੋਕਾਂ ਨੂੰ ਦੇਖ ਕੇ ਵਿਕਾਸ ਵਿੱਚ ਹੋ ਰਹੇ ਵਾਧਾ ਦਾ ਅਨੁਮਾਨ ਲਗਾਇਆ ਜਾਂਦਾ ਹੈ, ਜੋ ਸਰਾਸਰ ਗ਼ਲਤ ਹੈ। ਇਸ ਵਧਦੀ ਆਬਾਦੀ ਦੇ ਤੂਫ਼ਾਨ ਵਿਚ ਜੇ ਸਮਾਜਿਕ ਦਰਖਤ ਸੁੱਕ ਕੇ ਡਿੱਗ ਗਿਆ ਤਾਂ ਅਮਰ ਵੇਲ ਵੀ ਹਰੀ ਨਹੀਓਂ ਰਹਿਣੀ। ਇਹੋ ਜਿਹੇ ਵਿਕਾਸ ਦਾ ਕੀ ਫਾਇਦਾ, ਜਿੱਥੇ ਜ਼ਿਆਦਾ ਜਨਤਾ ਰਾਤ ਨੂੰ ਭੁੱਖੇ ਪੇਟ ਹੀ ਸੌਂਦੀ ਹੋਵੇ?

ਤਾਜ਼ਾ-ਤਰੀਨ ਅੰਕੜਿਆਂ ਮੁਤਾਬਕ ਸੰਨ 2001 ਤੋਂ 2011 ਦੇ ਦਹਾਕੇ ਦੌਰਾਨ ਸਾਖ਼ਰਤਾ ਵਿਚ ਵਾਧਾ ਹੋਇਆ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੰਨ 1990 ਤੋਂ 2000 ਦੇ ਦਹਾਕੇ ਦੌਰਾਨ ਆਬਾਦੀ ਵਿੱਚ ਜੋ ਵਾਧਾ ਹੋਇਆ ਸੀ, ਉਹ 2001 ਤੋਂ 2011 ਦੇ ਦਹਾਕੇ ਨਾਲੋਂ ਵੱਧ ਸੀ, ਭਾਵ ਲੋਕ ਜਾਗ੍ਰਤ ਹੋ ਰਹੇ ਹਨ। ਇਹ ਵੀ ਕੌੜਾ ਸੱਚ ਹੈ ਕਿ ਅੱਜ ਲੱਖਾਂ ਦੇ ਹਿਸਾਬ ਨਾਲ ਬੱਚੇ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਪਰ ਰੁਜ਼ਗਾਰ ਨਾ ਮਾਤਰ ਨੂੰ ਹੀ ਮਿਲਦਾ ਹੈ। ਪੜ੍ਹਾਈ ਵਜੋਂ ਸਰਦਾ ਵੀ ਨਹੀਂ ਹੈ। ਸਾਡਾ ਤਾਂ ਉਹ ਹਿਸਾਬ ਹੋਇਅ, ਸੱਪ ਦੇ ਮੂੰਹ ਕੋੜ੍ਹ ਕਿਰਲੀ।

11 ਜੂਨ2014 ਨੂੰ ਸੰਸਦ ਵਿਚ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਦੇ ਭਾਸ਼ਣ ਤੇ ਧੰਨਵਾਦ ਦੇ ਮਤੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਸੀ ਕਿ ਦੇਸ਼ ਦੀ ਪਹਿਚਾਣ ਸਕੈਮ ਇੰਡੀਆ (ਘੁਟਾਲਿਆ ਦਾ ਭਾਰਤ)ਬਣ ਗਈ ਹੈ, ਇਸ ਨੂੰ ਸਕਿੱਲਡ ਇੰਡੀਆ (ਕੁਸ਼ਲ ਭਾਰਤ)’ ਵਿਚ ਬਦਲਣ ਦੀ ਲੋੜ ਹੈ। ਜਿੰਦਗੀ ਦਾ ਗੁਜ਼ਾਰਾ ਕਰਨ ਦੇ ਲਈ ਹੱਥ ਵਿਚ ਸਿਰਫ਼ ਸਰਟੀਫਿਕੇਟ ਨਹੀਂ, ਸਗੋਂ ਹੁਨਰ ਹੋਣਾ ਚਾਹੀਦਾ ਹੈ। ਪ੍ਰੰਪਰਾਗਤ ਰਵਾਇਤਾਂ ਤੋਂ ਆਧੁਨਿਕੀਕਰਨ ਵੱਲ ਜਾਣ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਜਿੰਨੀ ਛੇਤੀ ਅਸੀਂ ਤਕਨੀਕ ਨੂੰ ਬਾਕੀ ਖੇਤਰਾਂ ਵਿਚ ਸ਼ਾਮਿਲ ਕਰਾਂਗੇ ਉੰਨੀ ਛੇਤੀ ਹੀ ਅਸੀਂ ਵਿਕਾਸ ਦੇ ਟੀਚੇ ਨੂੰ ਹਾਸਿਲ ਕਰ ਸਕਾਂਗੇ। ਪਰ, ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੀ ਮੋਦੀ ਨੂੰ ਦੇਸ਼ ਦੀ ਵਾਗਡੋਰ ਸੰਭਾਲਿਆ ਦੋ ਸਾਲ ਹੋ ਗਏ ਹਨ; ਹਨੇਰਾ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ, ਰੋਸ਼ਨੀ ਦੀ ਕਿਰਨ ਕਿਧਰੇ ਦਿਖਾਈ ਨਹੀਂ ਦਿੰਦੀ।

ਆਬਾਦੀ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਪਰ ਸੰਜੇ ਗਾਂਧੀ ਵਾਂਗ ਨਹੀਂ। ਓਦੋਂ ਕਈ ਕੁਆਰੇ ਹੀ ਰਗੜੇ ਗਏ ਸਨ, ਹਾਹਾਕਾਰ ਮੱਚ ਗਈ ਸੀ ਤੇ ਆਉਂਦੀਆਂ ਚੋਣਾਂ ਵਿਚ ਲੋਕਾਂ ਨੇ ਇੰਦਰਾ ਗਾਂਧੀ ਨੂੰ ਕਰਾਰੀ ਹਾਰ ਦਿੱਤੀ। ਦੁਬਾਰਾ ਕਿਸੇ ਦਾ ਹੀਆ ਨਹੀਂ ਪਿਆ ਕਿ ਆਬਾਦੀ ਦੇ ਦੈਂਤ ਨੂੰ ਰੋਕਿਆ ਜਾਵੇ। ਭਾਰਤ ਨੂੰ ਵੀ ਚੀਨ ਵਾਂਗ ਇੱਕ ਬੱਚੇ ਦਾ ਨਾਹਰਾ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਜਾਂ ਫਿਰ “ਹਮ ਦੋ ਹਮਾਰੇ ਦੋ” ਸੀਮਤ ਪਰਿਵਾਰ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ, ਇੱਥੋਂ ਤੀਕਰ ਕਿ ਸਰਕਾਰੀ ਸਹੂਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

 ਸੰਨ 1951 ਵਿਚ ਭਾਰਤ ਦੀ ਆਬਾਦੀ 36 ਕਰੋੜ ਸੀ, ਸੱਠ ਸਾਲਾਂ ਵਿਚ ਸਵਾ ਕਰੋੜ ਤੋਂ ਵੱਧ ਹੋ ਗਈ ਹੈ ਤੇ ਅਗਲੇ ਪੰਜਾਹ ਸਾਲਾਂ ਵਿਚ ਸਵਾ ਦੋ ਸੌ ਕਰੋੜ ਹੋ ਜਾਏਗੀ। ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਅਗਲੇ 20 ਸਾਲਾਂ ਵਿਚ ਜੰਗਲ ਹੋਰ ਘਟਣਗੇ, ਧਰਤੀ ਮਾਂ ਦੀ ਉਪਜਾਊ ਸ਼ਕਤੀ ਹੋਰ ਘਟੇਗੀ, ਪਰ ਪ੍ਰਦੂਸ਼ਣ ਹੋਰ ਵਧੇਗਾ। ਨੇਤਾ ਲੋਕ ਅਤੇ ਅਧਿਕਾਰੀ ਆਪਣੇ ਦੇਸ਼ ਨੂੰ ਦੋਹੀਂ ਹੱਥੀਂ ਲੁੱਟਦੇ ਰਹਿਣਗੇ, ਵਿਕਾਸ ਦੇ ਫੋਕੇ ਨਾਹਰੇ ਲਾਉਂਦੇ ਹੋਏ ਕਹਿਣਗੇ ਕਿ ਫ਼ਸਲ ਆਉਣ ਵਾਲੀ ਹੈ, ਮਹਿੰਗਾਈ ਆਪਣੇ-ਆਪ ਹੀ ਘੱਟ ਜਾਏਗੀ।

ਆਬਾਦੀ ਪੱਖੋਂ ਖੁਸ਼ਹਾਲ ਅਤੇ ਮੱਧ ਵਰਗ ਪਹਿਲਾਂ ਹੀ ਸੁਚੇਤ ਹੈ। ਖਰਬਪਤੀ ਰਤਨ ਟਾਟਾ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਾਜਪਈ, ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ, ਸਾਬਕਾ ਮੁੱਖ ਮੰਤਰੀ ਮਾਇਆਵਤੀ, ਮੁੱਖ ਮੰਤਰੀ ਜੈਲਲਤਾ, ਮੁੱਖ ਮੰਤਰੀ ਮਮਤਾ ਬੈਨਰਜੀ ਆਦਿ ਨੇ ਵਿਆਹ ਨਹੀਂ ਕਰਵਾਇਆ, ਪਰ ਗ਼ਰੀਬ ਆਦਮੀ ਇੱਕ ਦੀ ਬਜਾਏ ਦੋ-ਦੋ ਰੱਖੀ ਫਿਰਦਾ ਹੈ। ਇਸੇ ਤਰ੍ਹਾਂ ਬਾਲ-ਵਿਆਹ ਵੀ ਸਖ਼ਤੀ ਨਾਲ ਬੰਦ ਹੋਣੇ ਚਾਹੀਦੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਧ ਰਹੀ ਆਬਾਦੀ ਨੂੰ ਮੁੱਖ ਰੱਖਦਿਆਂ ਕੌਮ ਦੇ ਨਾਂ ਚਿੰਤਾਪੂਰਵਕ ਸੰਦੇਸ਼ ਦਿੱਤਾ ਸੀ ਕਿ ਪਰਿਵਾਰ ਨਿਯੋਜਨ ਨੂੰ ਕੌਮੀ ਮੁਹਿੰਮ ਬਣਾਇਆ ਜਾਵੇ। ਇਸੇ ਹੀ ਸੰਦਰਭ ਵਿਚ ਕੌਮੀ ਆਬਾਦੀ ਕਮਿਸ਼ਨਸਥਾਪਿਤ ਕੀਤਾ ਗਿਆ। ਪਰ, ਨਤੀਜਾ ਸਭ ਦੇ ਸਾਹਮਣੇ ਹੈ। ਦਿਨ-ਬ-ਦਿਨ ਆਬਾਦੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਕਰਕੇ ਹੀ ਸਮੱਸਿਆਵਾਂ ਦੀ ਗੱਠੜੀ ਹੋਰ ਭਾਰੀ ਹੁੰਦੀ ਜਾ ਰਹੀ ਹੈ।

ਸਮੇਂ ਦਾ ਸੱਚ ਕਹਿਣਾ, ਸਾਹਿਤਕਾਰਾਂ ਦਾ ਧਰਮ, ਕਰਮ ਹੈ। ਪੋਲੀਓ, ਏਡਜ਼ ਦੀ ਤਰ੍ਹਾਂ ਆਬਾਦੀ ਰੋਕੋਮੁਹਿੰਮ ਚਲਾਉਣੀ ਚਾਹੀਦੀ ਹੈ। ਸਕੂਲਾਂ/ ਕਾਲਜਾਂ ਵਿਚ ਪਰਿਵਾਰ ਨਿਯੋਜਨਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਇਕ ਜਾਂ ਦੋ ਬੱਚਿਆਂ ਤੱਕ ਹੀ ਸਰਕਾਰੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਵਧਦੀ ਆਬਾਦੀ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਅਠਾਰ੍ਹਵੀਂ ਸਦੀ ਦੇ ਅੰਗਰੇਜ਼ ਅਰਥ-ਸ਼ਾਸਤਰੀ ਤੇਅ ਸਮਾਜ-ਸ਼ਾਸਤਰੀ ਮਾਲਥਸ ਰੌਬਰਟ ਦਾ ਜਨਸੰਖਿਆ ਦਾ ਸਿਧਾਂਤ ਸੀ ਕਿ ਵਧੀ ਹੋਈ ਆਬਾਦੀ ਨੂੰ ਕਾਲ, ਮਹਿੰਗਾਈ, ਲੜਾਈਆਂ ਹੀ ਠੱਲ੍ਹ ਪਾਉਣਗੀਆਂ। ਭਾਰਤ ਵਿਚ ਇਹ ਹੋ ਵੀ ਸੱਚ ਰਿਹਾ ਹੈ।

*****

(383)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਲਵੀਰ ਸਿੰਘ ਲੁਧਿਆਣਵੀ

ਦਲਵੀਰ ਸਿੰਘ ਲੁਧਿਆਣਵੀ

Ludhiana, Punjab, India.
Mobile: (91 - 94170 - 01983)
Email: (dalvirsinghludhianvi@yahoo.com)