DalvirSLudhianvi7ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ, “ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ  ...
(14 ਜਨਵਰੀ 2017)

 

DalvirLudhianviBook2ਅੱਜ ਦੇ ਦੌਰ ਵਿਚ ਲੜਕੀਆਂ ਵੱਧ ਨਪੀੜੀਆਂ ਜਾ ਰਹੀਆਂ ਹਨ, ਪਰ ਗਿਆਨ ਉਹ ਸ਼ੈਅ ਹੈ ਜੋ ਮਿੱਟੀ ਤੋਂ ਸੋਨਾ ਬਣਾਵੇ। ਬੇਟੀ ਨੂੰ ਵਿੱਦਿਆ-ਰੂਪੀ ਗਹਿਣੇ ਪਾਓ, ਕੁਰੀਤੀਆਂ ਆਪਣੇ-ਆਪ ਹੀ ਖ਼ਤਮ ਹੋ ਜਾਣਗੀਆਂ। ਬੇਟੀ ਨੂੰ ਪੜ੍ਹਾਉਣਾ, ਸਮਾਜ ਨੂੰ ਪੜ੍ਹਾਉਣਾ ਹੈ। ਇਹ ਵਿੱਦਿਆ ਹੀ ਹੈ, ਜੋ ਜੂਡੋ-ਕਰਾਟੇ ਵਾਂਗ ਉਸ ਦੀ ਰੱਖਿਆ ਕਰਦੀ ਹੈ। ਹੋਰ ਤਾਂ ਹੋਰ, ਆਪਣੇ ਮਾਪਿਆਂ ਦਾ ਪੁੱਤਾਂ ਨਾਲੋਂ ਵੱਧ ਖ਼ਿਆਲ ਰੱਖਦੀ ਹੈ। ਇਹੋ ਜਿਹੇ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਹੀ ਓਇ ਭੀ ਚੰਦਨੁ ਹੋਇ ਰਹੇਨਾਵਲ ਦੀ ਸਿਰਜਣਾ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ। ਨਾਵਲ ਦੇ ਦੋਵੇਂ ਹੀ ਮੁੱਖ ਪਾਤਰ, ਪ੍ਰੀਤ ਤੇ ਸੁਖ, ਪੇਂਡੂ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਟੀਸੀ ਤੇ ਪਹੁੰਚ ਜਾਂਦੇ ਹਨ, ਦੂਸਰਿਆਂ ਲਈ ਰਾਹ-ਦਸੇਰਾ ਬਣਦੇ ਹਨ। ਉਹ ਦੋਵੇਂ ਹੀ ਇਸ ਗੱਲ ਦੇ ਸਾਕਸ਼ੀ ਹਨ ਕਿ ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ ਹੈ, ਸਕੂਲ ਭਾਵੇਂ ਕੋਈ ਵੀ ਹੋਵੇ।

ਨਾਵਲ ਦੇ ਸਾਰੇ ਹੀ ਪਾਤਰ ਰੱਜੇ-ਪੁੱਜੇ ਘਰਾਣਿਆਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਬਿਹਤਰ ਸਮਾਜ ਦੀ ਸਿਰਜਣਾ ਵਿਚ ਆਪੋ-ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਹਨ। ਆਓ ਦੇਖਦੇ ਹਾਂ ਕੁੜਮਾਂ ਵਿਚਾਲੇ ਹੋ ਰਹੀ ਗੱਲਬਾਤ ਦੀ ਇਕ ਝਲਕ,ਦਾਜ-ਦਹੇਜ ਦੀ ਲੋੜ ਨਹੀਂ …। ਇਹ ਤਾਂ ਸਮਾਜਿਕ ਬੁਰਾਈ ਏ। ਸਾਨੂੰ ਪ੍ਰੀਤ ਜਿਹੀ ਧੀ ਚਾਹੀਦੀ ਸੀ, ਉਹ ਮਿਲ ਗਈ ਏ।” ਜਗੀਰਦਾਰ ਸਾਹਿਬ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,ਦਾਜ-ਦਹੇਜ ਦੇ ਕਾਰਨ ਹੀ ਲੋਕ ਧੀਆਂ ਨੂੰ ਜੰਮਣ ਨਹੀਂ ਦਿੰਦੇ, ਪਿਛਲੇ ਦੋ ਦਹਾਕਿਆਂ ਤੋਂ ਮਾਦਾ ਭਰੂਣ ਹੱਤਿਆ ਵਿਚ ਕਈ ਗੁਣਾਂ ਵਾਧਾ ਹੋਇਆ ਏੇ, ਨਤੀਜੇ ਵਜੋਂ ਲੜਕੀਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਏ …।” “ਜੀ, ਜਗੀਰਦਾਰ ਸਾਹਿਬ। ਤੁਸੀਂ ਬਿਲਕੁਲ ਠੀਕ ਆਖਿਆ ਜੇ। ਜੇ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋ ਜਾਏ, ਸਮਾਜ ਬਹੁਪੱਖੀ ਵਿਕਾਸ ਕਰਦਾ ਹੋਇਆ ਤਰੱਕੀ ਦੀਆਂ ਮੰਜ਼ਿਲਾਂ ਛੇਤੀ ਹੀ ਛੂਹ ਲਵੇਗਾ? ਮੈਲ਼ੀ ਸੋਚ ਨੂੰ ਜਾਪਦਾ, ਇਹ  ਮੈਲ਼ਾ  ਸੰਸਾਰ। ਉੱਜਲੀ ਸੋਚ ਉਭਾਰਦੀ, ਸੱਚਾ ਸੱਭਿਆਚਾਰ।” ਇਨ੍ਹਾਂ ਕਾਵਿ-ਸਤਰਾਂ ਨਾਲ ਸਰਦਾਰ ਜੀ ਨੇ ਆਪਣੀ ਗੱਲ ਖ਼ਤਮ ਕੀਤੀ।” “ਚੰਗੇ ਬੰਦਿਆਂ ਨਾਲ ਰਹਿ ਕੇ ਮਾੜਾ ਬੰਦਾ ਵੀ ਤਰ ਜਾਂਦਾ ਏ। ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥” ਸੁਖ ਦੇ ਪਾਪਾ ਕਹਿ ਰਹੇ ਸਨ।

ਛੱਬੋ ਨਾਂਅ ਦੀ ਲੜਕੀ ਨੇ ਆਪਣੇ ਮਾਪਿਆਂ ਤੇ ਇਲਜ਼ਾਮ ਲਾਇਆ, “ਮੇਰੇ ਹੀ ਮਾਪੇ ਮੈਨੂੰ ਅੱਗੇ ਪੜ੍ਹਾਉਣਾ ਨਹੀਂ ਚਾਹੁੰਦੇ, ਹਾਲਾਂਕਿ ਮੇਰੇ ਦਸਵੀਂ ਕਲਾਸ ਵਿੱਚੋਂ 85 ਫ਼ੀਸਦੀ ਨੰਬਰ ਆਏ ਨੇ। ਮੈਂ ਇੰਜੀਨੀਅਰਿੰਗ ਲਾਈਨ ਵਿਚ ਜਾਣਾ ਚਾਹੁੰਦੀ ਆਂ, ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਸਮਾਜ ਨੂੰ ਨਵੀਆਂ ਲੀਹਾਂ ਤੇ ਤੋਰਨਾ ਚਾਹੁੰਦੀ ਆਂ। ਜੇ ਇਨਸਾਨ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਕੁਝ ਕਰਨਾ ਚਾਹੇ, ਪਰਮਾਤਮਾ ਵੀ ਉਹਦੀ ਝੋਲੀ ਵਿਚ ਖ਼ੈਰ ਪਾਉਂਦਾ ਏ, ਸਿੱਟੇ ਵਜੋਂ ਉਹ ਇਨਸਾਨ ਕਿਤੇ ਦਾ ਕਿਤੇ ਪਹੁੰਚ ਜਾਂਦਾ ਏ। ਇਸ ਪਿੱਛੇ ਕੱਲੀ ਤਕਦੀਰ ਹੀ ਨਹੀਂ, ਸਗੋਂ ਤਦਬੀਰ ਦਾ ਵੀ ਵੱਡਾ ਹੱਥ ਹੁੰਦਾ ਐ ...। ਪਰ, ਮਾਪੇ ਇਹੀ ਰੱਟ ਲਗਾਈ ਬੈਠੇ ਨੇ ਕਿ ਹਾਲਾਤ ਠੀਕ ਨਹੀਂ ਐ। ਉਹ ਤਾਂ ਮੇਰਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੁੰਦੇ ਨੇ,ਬੱਸ ਮੁੰਡਾ ਈ ਮਿਲਣ ਦੀ ਦੇਰ ਐ ...।”

ਮਾਪਿਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ,ਲੜਕੀ ਨੂੰ ਉਚੇਰੀ ਸਿੱਖਿਆ ਕਿੰਝ ਦਿਵਾਈਏਹਾਲਾਤ ਠੀਕ ਨਹੀਂ …। ਕਾਲਜ ਦੂਰ-ਦੁਰਾਡੇ ਨੇ। … ਸਾਡਾ ਤਾਂ ਇਹੀ ਵਿਚਾਰ ਐ ਕਿ ਲੜਕੀ ਅਠਾਰਾਂ ਸਾਲ ਦੀ ਹੋ ਗਈ ਏ,ਕੋਈ ਹਾਣ ਦਾ ਮੁੰਡਾ ਲੱਭ ਕੇ ਛੇਤੀ ਤੋਂ ਛੇਤੀ ਹੱਥ ਪੀਲੇ ਕਰ ਦੇਈਏ, ਆਪਣੀ ਜ਼ਿੰਮੇਵਾਰੀ ਤੋਂ ਫਾਰਗ਼ ਹੋਈਏ। …ਬਾਕੀ ਇਹਦੇ ਸਹੁਰਿਆਂ ਦੀ ਮਰਜ਼ੀ ਹੋਊ ਕਿ ਅੱਗੋਂ ਕੀ ਕਰਵਾਉਣਾ ਏ?”

ਪੰਚਾਇਤ ਦੇ ਇਲਾਵਾ ਕੁਝ ਸਿਰਕੱਢ ਪੰਤਵੰਤੇ ਸੱਜਣਾਂ ਨੇ ਵੀ ਆਪੋ-ਆਪਣੇ ਵਿਚਾਰ ਰੱਖੇ। ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ,ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ ਸਫ਼ਲ ਹੋ ਜਾਈਏ ਤਾਂ ਸਮਾਜ ਆਪੇ ਹੀ ਜਾਗਰੂਕ ਹੋ ਜਾਏਗਾ। ਜਿਹੜੇ ਖਿੱਤੇ ਦੀਆਂ ਔਰਤਾਂ ਵੱਧ ਪੜ੍ਹ-ਲਿਖ ਜਾਂਦੀਆਂ ਨੇ, ਉਸ ਵਿਚ ਸੁਧਾਰ ਦਾ ਆਉਣਾ ਲਾਜ਼ਮੀ ਐ। ਪੜ੍ਹੀਆਂ-ਲਿਖੀਆਂ ਔਰਤਾਂ ਸਿਹਤ ਪੱਖੋਂ ਵਧੇਰੇ ਸੁਚੇਤ ਹੁੰਦੀਆਂ ਨੇ ਤੇ ਉਹ ਆਪਣੇ ਪਰਿਵਾਰ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਪਾਲਣ-ਪੋਸ਼ਣ ਕਰਦੀਆਂ ਨੇ।”

ਸਰਪੰਚ ਸਾਹਿਬ ਨੇ ਪੰਚਾਇਤ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ,ਬੇਟੀ ਨੂੰ ਅੱਗੇ ਪੜ੍ਹਾਉਣਾ ਚਾਹੀਦਾ ਐ; ਇਹੀ ਸਮੇਂ ਦੀ ਮੰਗ ਐ। ਜਿਹੜੇ ਲੋਕ ਸਮੇਂ ਦੇ ਨਾਲ ਨਹੀਂ ਚਲਦੇ, ਉਹ ਪਿੱਛੇ ਰਹਿ ਜਾਂਦੇ ਨੇ। ਸਭ ਤੋਂ ਵੱਡੀ ਗੱਲ ਇਹ ਐ ਕਿ ਬੇਟੀ ਪੜ੍ਹਾਈ ਵਿਚ ਲਾਇਕ ਐ। ਸੁਹਿਰਦ ਬੱਚੇ ਸਮਾਜਿਕ ਕਦਰਾਂ-ਕੀਮਤਾਂ ਨੂੰ ਕਾਇਮ ਹੀ ਨਹੀਂ ਰੱਖਦੇ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣ ਜਾਂਦੇ ਨੇ। ਸਾਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ, ਇੱਛਾਵਾਂ, ਉਮੰਗਾਂ, ਆਦਿ ’ਤੇ ਫੁੱਲ ਚੜ੍ਹਾਉਣੇ ਚਾਹੀਦੇ ਨੇ। ਇਹੋ ਜਿਹੇ ਬੱਚੇ ਵੱਡੇ ਅਫ਼ਸਰ/ਅਧਿਕਾਰੀ ਬਣ ਕੇ ਸਮਾਜ ਦੀ ਬੇੜੀ ਪਾਰ ਲਗਾ ਸਕਦੇ ਨੇ, ਸਮਾਜਿਕ ਕੁਰੀਤੀਆਂ ਦਾ ਖ਼ਾਤਮਾ ਕਰ ਸਕਦੇ ਨੇ। ਸਾਨੂੰ ਇਹੋ ਜਿਹੇ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਐ। ਇੱਕ ਗੱਲ ਹੋਰ ਵੀ ਦੱਸਣੀ ਬਣਦੀ ਐ ਕਿ ਜਿਸ ਬੂਟੇ ਨੂੰ ਅਸੀਂ ਆਪਣੇ ਲਹੂ-ਪਸੀਨੇ ਨਾਲ ਪਾਲਦੇ ਆਂ, ਸਿੰਜਦੇ ਆਂ, ਉਸ ਬੂਟੇ ਦਾ ਜਵਾਨ ਹੋਣਾ ਕੁਦਰਤੀ ਵਰਤਾਰਾ ਐ। ਪਰ, ਜਦੋਂ ਫੁੱਲ-ਫ਼ਲ ਲੱਗਣ ਦਾ ਵੇਲਾ ਆਉਂਦਾ ਏ, ਅਸੀਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆਂ, ਓਦੋਂ ਉਸ ਬੂਟੇ ਤੇ ਕੀ ਬੀਤਦੀ ਹੋਵੇਗੀ,ਕਦੇ ਸੋਚਿਆ ਜੇ …। ਇਸ ਲਈ ਮਾਪਿਆਂ ਦਾ ਫ਼ਰਜ਼ ਬਣਦਾ ਐ ਕਿ ਉਹ ਆਪਣੇ ਬੱਚਿਆਂ ਨੂੰ, ਖਾਸ ਕਰਕੇ ਧੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦਾ ਯੋਗ ਪ੍ਰਬੰਧ ਕਰਨ ਤਾਂ ਜੋ ਬਿਹਤਰ ਸਮਾਜ ਸਿਰਜਿਆ ਜਾ ਸਕੇ। ਬੂੰਦ-ਬੂੰਦ ਇਕੱਠਾ ਕੀਤਿਆਂ ਹੀ ਸਮੁੰਦਰ ਭਰਦਾ ਐ।”

ਸੁਖਪਾਲ ਨੇ ਆਪਣੀ ਬੇਬੇ ਨੂੰ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਸੀ,ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬੱਸ ਲੜਕੀ ਪੜ੍ਹੀ-ਲਿਖੀ ਹੋਣੀ ਚਾਹੀਦੀ ਏ; ਬਾਕੀ ਤਾਂ ਸਾਰਾ ਕੁਝ ਆਪਣੇ ਘਰ ਹੈਗਾ ਈ ਐ। ਵੈਸੇ ਵੀ ਮੇਰਾ ਵਿਚਾਰ ਹੈ ਕਿ ਉਹ ਲੜਕੀ ਗ਼ਰੀਬ ਘਰ ਦੀ ਹੋਵੇ ਤਾਂ ਚੰਗਾ ਐ; ਤੁਹਾਡੀ ਵੱਧ ਸੇਵਾ ਕਰਿਆ ਕਰੂ।”

ਪ੍ਰੀਤ ਨੇ ਆਪਣੀ ਨਨਾਣ ਦੀ ਐਸੀ ਅਗਵਾਈ ਕੀਤੀ ਕਿ ਉਹ ਆਈ.ਪੀ.ਐੱਸ ਦਾ ਟੈੱਸਟ ਪਾਸ ਕਰਦੀ ਹੋਈ ਡੀ.ਐੱਸ.ਪੀ ਦੀ ਆਸਾਮੀ ਤੇ ਸੇਵਾਰੱਤ ਹੋ ਗਈ। ਘਰ ਦਾ, ਪਿੰਡ ਦਾ ਮਾਹੌਲ ਹੀ ਬਦਲ ਗਿਆ। ਹਰ ਕੋਈ ਕਹਿ ਰਿਹਾ ਸੀ, ਅਸੀਂ ਵੀ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਜ਼ਰੂਰ ਦਿਵਾਵਾਂਗੇ ਤਾਂ ਜੋ ਉਨ੍ਹਾਂ ਵਿਚ ਵੀ ਉਹ ਸੱਤੇ ਗੁਣ - ਸੂਝ, ਸਿਆਣਪ, ਸ਼ਿਸ਼ਟਾਚਾਰ, ਸਾਹਸ, ਸੱਚ, ਸੁਹਿਰਦਤਾ ਤੇ ਸੁੰਦਰਤਾ ਸਮਾ ਸਕਣ, ਜੋ ਦਿਲਪ੍ਰੀਤ ਵਿਚ ਸਮਾਏ ਹੋਏ ਨੇ। ਬੇਟੀ ਦੇ ਪੜ੍ਹਨ ਨਾਲ ਇਕ ਪਰਿਵਾਰ ਹੀ ਨਹੀਂ, ਬਲਕਿ ਸਾਰਾ ਸਮਾਜ ਹੀ ਪੜ੍ਹ ਜਾਂਦਾ ਹੈ …। ਫਿਰ ਓਹੀ ਬੱਚੇ ਅਧਿਕਾਰੀ ਬਣ ਕੇ ਦੂਸਰਿਆਂ ਲਈ ਰਾਹ ਦਸੇਰਾ ਬਣਦੇ ਨੇ, ਧਰਤੀ ਦਾ ਸੂਰਜ ਬਣ ਕੇ ਚਮਕਦੇ ਨੇ। ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ।”

ਪ੍ਰੀਤ ਪੇਂਡੂ ਸਰਕਾਰੀ ਸਕੂਲਾਂ ਵਿਚ ਪੜ੍ਹਦੀ ਹੋਈ, ਖੇਡਾਂ ਵਿਚ ਮੱਲਾਂ ਮਾਰਦੀ ਹੋਈ, ਆਈ ਏ.ਐੱਸ. ਦੀ ਪ੍ਰੀਖਿਆ ਵਿੱਚੋਂ ਟਾੱਪ ਕੀਤਾ ਤਾਂ ਸਾਰਾ ਪਿੰਡ ਹੀ ਵਧਾਈਆਂ ਦੇਣ ਲਈ ਉਮੜ ਆਉਂਦਾ ਹੈ। ਸਾਰੇ ਹੀ ਕਹਿ ਰਹੇ ਸਨ ਕਿ ਇਸ ਬੇਟੀ ਨੇ ਆਪਣੇ ਪਿੰਡ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਲੈ ਆਂਦਾ ਹੈ। ਸਾਨੂੰ ਆਪਣੀ ਬੇਟੀ ਤੇ ਮਾਣ ਹੈ ਅਸੀਂ ਵੀ ਆਪਣੀਆਂ ਬੇਟੀਆਂ ਨੂੰ ਜ਼ਰੂਰ ਪੜ੍ਹਾਵਾਂਗੇ ਤਾਂ ਜੋ ਬਿਹਤਰ ਸਮਾਜ ਦੀ ਉਸਾਰੀ ਵਿਚ ਉਹ ਵੀ ਆਪੋ-ਆਪਣਾ ਯੋਗਦਾਨ ਪਾ ਸਕਣ।

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਨਾਅਰਾ ਹੈ , “ਬੇਟੀ ਬਚਾਓ ਬੇਟੀ ਪੜ੍ਹਾਓ।” ਓਇ ਭੀ ਚੰਦਨੁ ਹੋਇ ਰਹੇਨਾਵਲ ਵੀ ਇਹੀ ਸੰਦੇਸ਼ ਦੇਂਦਾ ਹੈ: “ਬੇਟੀ ਬਚਾਓ ਬੇਟੀ ਪੜ੍ਹਾਓ” ਤਾਂ ਹੀ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

*****

(562)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਲਵੀਰ ਸਿੰਘ ਲੁਧਿਆਣਵੀ

ਦਲਵੀਰ ਸਿੰਘ ਲੁਧਿਆਣਵੀ

Ludhiana, Punjab, India.
Mobile: (91 - 94170 - 01983)
Email: (dalvirsinghludhianvi@yahoo.com)