ManjitBal7ਡਾਕਟਰ ਭਰਾਵਾਪਹਿਲਾਂ ਤਾਂ ਮੈਂ ਵੀ ਬਾਰਾ ਸਿੰਘ ਸਾਂ, … ਇਹ ਭਾਈ ਵੀ ਤਾਰਾ ਸਿੰਘ ਸੀ ...
(ਅਗਸਤ 1, 2016)


ਦੇਸ਼ ਦੀ ਵੰਡ ਦੌਰਾਨ ਬਹੁਤ ਲੋਕਾਂ ਦੀਆਂ ਜਾਇਦਾਦਾਂ ਖੁੱਸੀਆਂ। 
ਕਈਆਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਅਤੇ ਇਸ ਵੰਡ ਨੇ ਅਨੇਕਾਂ ਨੂੰ ਵਿਛੋੜਿਆ ਸਾਡੇ ਟੱਬਰ ਦੀ ਵੀ ਵੰਡ ਹੋਈ ਸੀ 1947 ਵਿਚ ਅਸੀਂ ਉੱਧਰੋਂ (ਬਾਰ ਵਿੱਚੋਂ) ਨਹੀਂ ਆਏ। ਕਾਰੋਬਾਰ ਲਈ ਸਾਡੇ ਪਰਿਵਾਰ ਦੇ ਮੈਂਬਰ ਉੱਧਰ ਗਏ ਸਨ। ਅਨਪੜ੍ਹਤਾ ਕਾਰਣ ਕਾਫੀ ਸਮਾਂ ਉਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਮੁਲਕ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਉਹ ਹੁਣ ਅੰਮ੍ਰਿਤਸਰ ਜ਼ਿਲ੍ਹੇ ਵਿਚ ਆਪਣੇ ਪਿੰਡ ਵਾਪਸ ਨਹੀਂ ਜਾ ਸਕਦੇ।

ਪੜ੍ਹ-ਲਿਖ ਜਾਣ ਕਰਕੇ ਜਦ ਮੈਨੂੰ ਸੂਝ ਬੂਝ ਆਈ ਤਾਂ ਪਿਤਾ ਜੀ ਦੇ ਦੱਸਣ ਤੇ ਆਪਣੀ ਸਕੀ ਭੂਆ “ਜੱਸੀ ਦੇ ਪਰਿਵਾਰ ਨਾਲ ਖਤੋ-ਖਤਾਬਤ ਕੀਤੀ ਪਿਤਾ ਜੀ 47 ਤੋਂ ਬਾਅਦ ਇਕ ਵਾਰ, ਆਪਣੀ ਇਸ ਵੱਡੀ ਭੈਣ (ਸਾਡੀ ਭੂਆ) ਨੂੰ 1955 ਵਿਚ ਮਿਲ ਆਏ ਸਨ, ਜਦੋਂ ਪਰਮਿਟ ਨਾਲ (ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ) ਇੱਧਰ-ਉੱਧਰ ਜਾਣ-ਆਉਣ ਦਾ ਮੌਕਾ ਬਣਿਆ ਸੀ। ਆਪਣੇ ਪਿੰਡ ਵੱਡੇ ਬੱਲਾਂ (ਬੱਲ ਕਲਾਂ) ਤੋਂ ਲਾਹੌਰ ਤੱਕ ਸਾਇਕਲ ਤੇ, ਉੱਥੋਂ ਰਾਏ ਵਿੰਡ ਤੱਕ ਰੇਲ ਰਾਹੀਂ ਤੇ ਅੱਗੇ ਟਾਂਗੇ ਤੇ ਕੀਤੇ ਸਫਰ ਦੀ ਵਾਰਤਾ ਉਹਨਾਂ ਨੇ ਕਈ ਵਾਰ ਸੁਣਾਈ ਹੈ। ਪਿਤਾ ਜੀ ਦੇ ਦੱਸਣ ਅਨੁਸਾਰ ਉਹਨਾਂ ਦਾ ਜੀਜਾ (ਮੇਰਾ ਫੁੱਫੜ) ਨਰਾਇਣ ਸਿੰਘ, ਇਕ ਗੁਰਸਿੱਖ, ਲੰਮੇ ਕੱਦ ਵਾਲਾ, ਸੋਹਣਾ ਅਤੇ ਮਿਹਨਤੀ ਬੰਦਾ ਸੀ ਜੋ 1940 ਦੇ ਆਸ-ਪਾਸ ਹੀ ਸੁਰਗਵਾਸ ਹੋ ਗਿਆ ਸੀ

ਅੱਸੀਵਿਆਂ ਵਿਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਦੇ ਮੌਕੇ ਤੇ, ਮੇਰਾ ਪਾਕਿਸਤਾਨ ਜਾਣ ਦਾ ਅਵਸਰ ਬਣਿਆ ਤਾਂ ਪਿਤਾ ਜੀ ਨੇ ਭੂਆ ਦੇ ਪਿੰਡ ਰੋਸੇ ਭੈਲ, ਜੋ ਰਾਏ ਵਿੰਡ (ਜ਼ਿਲ੍ਹਾ ਕਸੂਰ) ਦੇ ਨੇੜੇ ਹੈ, ਦੇ ਪਤੇ ਤੇ ਖਤ ਲਿਖ ਕੇ ਉਹਨਾਂ ਨੂੰ ਖਬਰ ਕਰ ਦਿੱਤੀ, “ਮੇਰਾ ਪੁੱਤ, ਡਾਕਟਰ ਮਨਜੀਤ ਸਿੰਘ (ਬੱਲ) ਸਿੱਖ ਯਾਤਰੂਆਂ ਦੇ ਜਥੇ ਨਾਲ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਆ ਰਿਹਾ ਹੈ, ਤੁਸੀਂ ਲਾਹੌਰ ਦੇ ਗੁਰਦਵਾਰੇ ਆ ਕੇ ਉਹਨੂੰ ਲੱਭ ਲੈਣਾ ਤੇ ਮਿਲਣਾ ਜ਼ਰੂਰ।

ਖਤ ਤੇ ਯਾਤਰਾ ਦੀਆਂ ਤਰੀਕਾਂ ਵੀ ਲਿਖ ਦਿਤੀਆਂ। ਪਿੰਡ ਰੋਸੇ ਭੈਲ ਪਹਿਲਾਂ ਜ਼ਿਲ੍ਹਾ ਲਾਹੌਰ ਵਿਚ ਪੈਂਦਾ ਸੀ ਪਰ ਹੁਣ ਤਹਿਸੀਲ ਕਸੂਰ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਤੋਂ ਬਾਅਦ ਇਹ ਕਸੂਰ ਅਧੀਨ ਆ ਗਿਆ ਹੈ

ਜਥੇ ਨੇ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਤੋਂ ਹੋ ਕੇ, ਆਖਰ ਵਿਚ ਦੋ ਦਿਨ ਗੁਰਦਵਾਰਾ ਡੇਰਾ ਸਾਹਿਬ ਲਾਹੌਰ ਠਹਿਰਨਾ ਸੀ। ਲਾਹੌਰ, ਅਸੀਂ ਸ਼ਾਮ ਨੂੰ ਲੇਟ ਪੁੱਜੇ ਭੂਆ ਅਤੇ ਬਾਕੀ ਰਿਸਤੇਦਾਰਾਂ ਨੂੰ ਲੱਭਣ ਲਈ, ਅਗਲੇ ਦਿਨ ਸਵੇਰੇ ਤੜਕੇ ਹੀ ਮੈਂ ਗੁਰਦਵਾਰੇ ਤੋਂ ਬਾਹਰ ਜਾ ਕੇ ਸੜਕ ਤੇ ਟਹਿਲਣ ਲੱਗਾ ਗੇਟ ਸਾਹਮਣੇ ਕੁਝ ਪਾਕਿਸਤਾਨੀ ਲੋਕ ਖੜ੍ਹੇ ਸਨ ਜੋ ਜਥੇ ਵਿੱਚੋਂ ਕਿਸੇ ਨਾ ਕਿਸੇ ਨੂੰ ਲੱਭ ਰਹੇ ਸਨ। ਅਪਣੇ ਰਿਸ਼ਤੇਦਾਰਾਂ ਵਿੱਚੋਂ ਮੈਂ ਕਿਸੇ ਨੂੰ ਵੀ ਨਹੀਂ ਸਾਂ ਪਛਾਣਦਾ ਪਰ ਮੈਨੂੰ ਪਿਤਾ ਜੀ ਨੇ ਦੱਸਿਆ ਹੋਇਆ ਸੀ, “ਤੇਰੀ ਭੂਆ ਦੇ ਛੋਟੇ ਪੁੱਤ (ਬਾਰੂ) ਦੀ ਇੱਕੋ ਈ ਲੱਤ ਆ ਤੇ ਉਹ ਭੌੜੀਆਂ ਨਾਲ ਤੁਰਦੈ ਪਰ ਇਸ ਸਮੇਂ ਤੱਕ ਗੁਰਦਵਾਰੇ ਦੇ ਬਾਹਰ ਮੈਨੂੰ ਮਿਲਣ ਵਾਲਾ ਕੋਈ ਨਹੀਂ ਸੀ

ਪਤਾ ਨਹੀਂ ਖਤ ਮਿਲਿਆ ਏ ਕਿ ਨਹੀਂ ਹੋ ਸਕਦੈ ਖਤ ਮਿਲਿਆ ਈ ਨਾ ਹੋਵੇ ਜੇ ਮਿਲਿਆ ਹੋਵੇ ਤਾਂ ਹੋ ਸਕਦੈ ਪਿੰਡ ਦੂਰ ਹੋਵੇ ਸ਼ਾਇਦ ਆ ਜਾਣ , ਸ਼ਾਇਦ ਨਾ ਵੀ ਪੁੱਜ ਸੱਕਣ , ਕੀ ਪਤਾ ਆਰਥਿਕ ਹਾਲਤ ਕਿਸ ਤਰ੍ਹਾਂ ਦੇ ਹੋਣ , ਕਿਰਾਇਆ ਖਰਚ ਸਕਦੇ ਹੋਣ ਕਿ ਨਾ ,” ਸੋਚਦਾ ਹੋਇਆ ਇੱਧਰ ਉੱਧਰ ਵੇਖ ਕੇ ਮੈਂ ਵਾਪਸ ਗੁਰਦਵਾਰੇ ਦੇ ਅੰਦਰ ਚਲਾ ਗਿਆ ਗੇਟ ਦੇ ਅੰਦਰਵਾਰ, ਮਲਾਈ ਵਾਲੇ ਗਰਮ ਦੁੱਧ ਦੀ ਕੜਾਹੀ ਵਾਲੇ ਹਲਵਾਈ ਨੂੰ ਆਪਣਾ ਨਾਂ-ਪਤਾ ਦੱਸ ਕੇ,ਜੇ ਕੋਈ ਮੈਨੂੰ ਮਿਲਣ ਵਾਲਾ ਆਵੇ ਤਾਂ ਦੂਸਰੀ ਮੰਜ਼ਿਲ ਤੇ 25 ਨੰਬਰ ਕਮਰੇ ਵਿਚ ਦੱਸ ਦੇਵੀਂ,ਆਖ ਕੇ ਪਿੱਛੇ ਮੁੜ-ਮੁੜ ਵੇਖਦਾ ਹੋਇਆ ਮੈਂ ਆਪਣੇ ਕਮਰੇ ਵੱਲ ਚਲਾ ਗਿਆ ਇਸ਼ਨਾਨ ਕੀਤਾ ਤੇ ਤਿਆਰ ਹੋ ਕੇ ਲੰਗਰ ਵਿੱਚੋਂ ਚਾਹ-ਪਾਣੀ ਪੀਤਾ, ਪਰ ਮੇਰਾ ਧਿਆਨ ਉੱਥੇ ਹੀ ਸੀ ਕਿ ਉਹ ਪਿੰਡੋਂ ਆ ਕੇ ਬਾਹਰ ਮੇਰਾ ਇੰਤਜ਼ਾਰ ਨਾ ਕਰਦੇ ਰਹਿਣ

ਕਮਰੇ ਵਿਚ ਬੈਠੇ ਨੂੰ ਕੋਈ ਸੁਨੇਹਾ ਨਾ ਮਿਲਿਆ ਦਸ ਵਜੇ ਫਿਰ ਗੇਟ ਦਾ ਇਕ ਚੱਕਰ ਲਾਇਆ, ਕੋਈ ਗੱਲ ਨਾ ਬਣੀ ਕਮਰੇ ਵਿਚ ਕੁਝ ਦੇਰ ਆਰਾਮ ਕੀਤਾਸਵਾ ਬਾਰਾਂ ਵਜੇ ਜਾਗ ਖੁੱਲ੍ਹੀ ਤਾਂ ਫਿਰ ਗੇਟ ਵੱਲ ਭੱਜਿਆ ਹੁਣ ਤੱਕ ਗੇਟ ਦੇ ਬਾਹਰ ਕਾਫੀ ਭੀੜ ਜਮ੍ਹਾਂ ਹੋ ਚੁੱਕੀ ਸੀ। ਬਾਹਰ ਖੜ੍ਹੇ ਲੋਕ, ਗੁਰਦਵਾਰੇ ਦੇ ਅੰਦਰੋਂ ਨਿਕਲਣ ਵਾਲੇ ਹਰੇਕ ਸਿੱਖ-ਯਾਤਰੂ ਨੂੰ ਉਹਦੇ ਪਿੰਡ ਜਾਂ ਸ਼ਹਿਰ ਬਾਰੇ ਪੁੱਛ ਰਹੇ ਸਨ। ਮੈਨੂੰ ਵੀ ਕਈਆਂ ਨੇ ਪੁੱਛਿਆ ਪਰ ਉਹਨਾਂ ਵਿਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਲੋਕਾਂ ਦਰਮਿਆਨ ਖੜ੍ਹਾ ਇਕ ਪਾਕਿਸਤਾਨੀ ਬੰਦਾ ਅੱਗੇ ਵਧਿਆ ਤੇ ਮੈਨੂੰ ਆਖਣ ਲੱਗਾ, “ਸਰਦਾਰ ਜੀ, ਇੱਥੇ ਕਿਸੇ ਪਿੰਡ ਦੇ ਇਕ ਟੱਬਰ ਦੇ ਕੁਝ ਲੋਕ, ਅੰਬਰਸਰ ਦੇ ਕਿਸੇ ਡਾਕਟਰ ਨੂੰ ਮਿਲਣਾ ਚਾਹੁੰਦੇ ਨੇ , ਉਹ ਕੱਲ੍ਹ ਵੀ ਸਾਰਾ ਦਿਨ ਇੱਥੇ ਖੜ੍ਹੇ ਰਹੇ ਸੀ , ਤੇ ਉਹਨਾਂ ਦਾ ਇਕ ਬੰਦਾ ਅੱਜ ਵੀ ਇਕ ਚੱਕਰ ਲਗਾ ਗਿਐ , ਸ਼ਾਇਦ ਫੇਰ ਆਊਗਾ , ਤੁਸੀਂ ਕਿਸੇ ਐਸੇ ਡਾਕਟਰ ਨੂੰ ਜਾਣਦੇ ਓ ਤਾਂ ਸੁਨੇਹਾ ਦੇ ਦਿਓ।

ਮੇਰੀ ਉਤਸੁਕਤਾ ਵਧ ਗਈ। ਦਿਲ ਦੀ ਧੜਕਣ ਤੇਜ਼ ਹੋ ਗਈ। ਉਹਨਾਂ ਨੂੰ ਢੂੰਡਣ ਲਈ ਮੈਂ ਇੱਧਰ ਉੱਧਰ ਨਜ਼ਰ ਘੁਮਾਈ, “ਅੰਬਰਸਰ ਦਾ ਡਾਕਟਰ ਤੇ ਮੈਂ ਈ ਆਂ। ਮੈਂ ਕੁਝ ਉੱਚੀ ਆਵਾਜ਼ ਵਿਚ ਬੋਲਿਆ

ਭਾਈ ਜਾਨ ਤੁਸੀਂ ਓ, ਹੱਛਾ? ਹੁਣ ਇੱਥੇ ਈ ਰਹਿਓ , ਮੈਨੂੰ ਉਹਨਾਂ ਦੀ ਪਛਾਣ ਏਂ, ਮੈਂ ਲੱਭ ਕੇ ਲਿਆਉਨਾ ਉਹਨਾਂ ਨੂੰ

ਸ਼ਾਇਦ ਉਸ ਨੂੰ ਵੀ ਕਾਹਲੀ ਪੈ ਰਹੀ ਸੀ ਕਿ ਮੈਂ ਉਹਨਾਂ ਨੂੰ ਜਲਦ ਤੋਂ ਜਲਦ ਮਿਲ ਪਵਾਂ।

ਜਦੋਂ ਵੀ ਉਹ ਬੰਦਾ ਮੈਨੂੰ ਮਿਲੂ ,  ਮੈਂ ਦੱਸ ਦਊਂ ਵਈ ਅੰਬਰਸਰ ਵਾਲੇ ਡਾਕਟਰ ਨੇ ਨਾਭੀ ਪੱਗ ਬੰਨ੍ਹੀ ਹੋਈ ਏ , ਤੇ ਕੱਦ ਕੁਝ ਛੋਟਾ ਏ।

ਹੁਣ ਮੈਨੂੰ ਲੱਗਣ ਲੱਗ ਪਿਆ ਸੀ ਕਿ ਵਿਛੜੀ ਹੋਈ ਭੂਆ ਦੇ ਅੱਜ ਦਰਸ਼ਨ ਹੋ ਜਾਣਗੇ ਦਿਨ ਸਮੇਂ ਗੁਰਦਵਾਰੇ ਦਾ ਗੇਟ ਤਾਂ ਖੁੱਲ੍ਹਾ ਹੀ ਰਹਿੰਦਾ ਸੀ ਪਰ ਆਮ ਪਾਕਿਸਤਾਨੀਆਂ ਨੂੰ ਅੰਦਰ ਆਉਣ ਦੀ ਮਨਾਹੀ ਸੀ ਗੇਟ ਤੋਂ ਬਾਹਰ ਖੜ੍ਹੇ ਅਤੇ ਆਉਣ ਜਾਣ ਵਾਲੇ ਲੋਕਾਂ ਤੇ ਨਜ਼ਰ ਟਿਕਾਈ ਮੈਂ ਦੁੱਧ ਵਾਲੇ ਹਲਵਾਈ ਕੋਲ ਖੜ੍ਹੇ ਗਾਹਕਾਂ ਅਤੇ ਹੋਰ ਲੋਕਾਂ ਦਰਮਿਆਨ ਖਲੋ ਗਿਆ। ਦਿਲ ਵਿਚ ਬੇਚੈਨੀ ਸੀ ਲੋਕ ਅਨਾਰਕਲੀ ਬਜ਼ਾਰ, ਸ਼ਾਹੀ ਕਿਲ੍ਹੇ ਤੇ ਮੀਨਾਰ-ਏ ਪਾਕਿਸਤਾਨ ਵੇਖਣ ਜਾਣ ਬਾਰੇ ਗੱਲਾਂ ਕਰ ਰਹੇ ਸਨ ਪਰ ਮੇਰੇ ਦਿਲੋ-ਦਿਮਾਗ ਵਿਚ ਇੱਕੋ ਹੀ ਗੱਲ ਘੁੰਮ ਰਹੀ ਸੀ ਕਿ ਮੈਨੂੰ ਕਦੋਂ ਮੇਰੀ ਭੂਆ ਦਿਸੇਗੀ, ਕਦੋਂ ਬਾਕੀ ਪਰਿਵਾਰ ਮਿਲੇਗਾ ਤਲਖੀ ਦੀ ਹਾਲਤ ਵਿਚ ਮੈਂ ਕਦੀ ਗੇਟ ਤੋਂ ਬਾਹਰ ਤੇ ਕਦੀ ਅੰਦਰ  ਜਾਂਦਾ, ਤੇ ਕਦੀ ਫਿਰ ਹਲਵਾਈ ਕੋਲ ਖੜ੍ਹੇ ਲੋਕਾਂ ਵਿਚ ਜਾ ਰਲਦਾ ਟਾਇਮ, ਇਕ ਤੋਂ ਉੱਪਰ ਹੋ ਚੁੱਕਾ ਸੀ

ਅਚਾਨਕਗੇਟ ਤੇ ਖੜ੍ਹਾ ਸੰਤਰੀ ਮੇਰੇ ਕੋਲ ਆ ਕੇ, ਬਾਹਰ ਗੇਟ ਦੇ ਸਾਹਮਣੇ ਖਲੋਤੇ ਲੋਕਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, “ਸਰਦਾਰ ਸਾਹਿਬ ਔਹ ਬਾਹਰ ਖਲੋਤਾ ਮੁੰਡਾ ਧਾਨੂੰ ਮਿਲਣਾ ਚਾਹੁੰਦੈ , ਓਹਦੀ ਗੱਲ ਸੁਣ ਲਓ

ਮੈਂ ਇਕ ਦਮ ਬਾਹਰ ਵੱਲ ਨੂੰ ਭੱਜਿਆ। 18-19 ਸਾਲ ਦਾ ਮੁੰਡਾ ਪੁੱਛਣ ਲੱਗਾ, “ਭਾਈ ਜਾਨ ਤੁਸੀਂ ਅੰਬਰਸਰ ਦੇ ਪਿੰਡ ਵੱਡੇ ਬੱਲਾਂ ਤੋਂ , ਡਾਕਟਰ ਓ?

ਮੈਂ ਹਾਂ ਵਿਚ ਜਵਾਬ ਦਿੱਤਾ ਤਾਂ ਉਸਦਾ ਚਿਹਰਾ ਖਿੜ ਗਿਆ। ਮੈਨੂੰ ਜੱਫੀ ਪਾਉਂਦਾ ਹੋਇਆ ਉਹ ਬੋਲਿਆ, “ਚਾਚਾ, ਅਸੀਂ ਤੇ ਧਾਨੂੰ ਪਰਸੋਂ ਦੇ ਲੱਭਣ ਡਹੇ ਆਂ , ਮੈਂ ਰਫੀਕ ਆਂ, ਧਾਡੇ ਭਰਾ ਬਾਰੂ ਦਾ ਮੁੰਡਾ , ਸਾਰਾ ਟੱਬਰ ਪਰਸੋਂ ਦਾ ਇੱਥੇ ਲੌਰ੍ਹ ਵਿਚ ਈ ਆ ,” ਕਹਿੰਦਾ ਕਹਿੰਦਾ ਉਹ ਮੈਨੂੰ ਮੀਨਾਰ-ਏ ਪਾਕਿਸਤਾਨ ਦੀ ਦਿਸ਼ਾ ਵੱਲ ਨੂੰ ਲੈ ਤੁਰਿਆ।

ਔਹ ਵੇਖ ਸਾਰੇ ਬੈਠੇ, ਅੱਬਾ, ਅੰਮੀ, ਦਾਦੀ ਤੇਰੀ ਭੂਆ, ਚਾਚਾ ਤਾਰੂ, ਚਾਚੀ ਤੇ ਬਾਕੀ ਸਾਰੇ ਭੈਣ ਭਰਾਉਸਨੇ ਬੋਲਦਿਆਂ ਬੋਲਦਿਆਂ ਹੱਥ ਹਿਲਾ ਕੇ ਇਸ਼ਾਰਾ ਕਰਕੇ, ਸਭ ਨੂੰ ਦੱਸ ਦਿੱਤਾ ਕਿ ਜਿਸਦੀ ਉਡੀਕ ਸੀ, ਉਹ ਮਿਲ ਗਿਆ ਹੈ। ਸਾਨੂੰ ਦੋਹਵਾਂ ਇਕੱਠਿਆਂ ਨੂੰ ਵੇਖ ਕੇ ਵੀ ਉਹਨਾਂ ਨੂੰ ਪਤਾ ਲੱਗ ਗਿਆ।

ਯਕੀਨ ਜਿਹਾ ਨਹੀਂ ਸੀ ਆ ਰਿਹਾ ਕਿ ਮੈਂ ਕਿੱਥੇ ਹਾਂ, ਸਾਰੇ ਆਪਣੇ, ਨਜ਼ਦੀਕੀ ਖੂਨ ਦਾ ਰਿਸ਼ਤਾ ਇੰਨੇ ਸਾਲਾਂ ਦਾ ਹੋ  ਗਿਆ ਹਾਂ, ਇਹਨਾਂ ਨੂੰ ਅੱਜ ਪਹਿਲੀ ਵਾਰ ਮਿਲ ਰਿਹਾ ਹਾਂ ਮੈਂ ਅਤੇ ਰਫੀਕ ਉਹਨਾਂ ਵੱਲ ਵਧ ਰਹੇ ਸਾਂ ਤੇ ਉਹ ਸਾਡੇ ਵੱਲਸ਼ਾਹੀ ਕਿਲ੍ਹੇ ਦੀ ਕੰਧ ਦੇ ਕੋਲ ਅਸੀਂ ਮਿਲ ਪਏ ਭੂਆ ਨੂੰ ਪਛਾਨਣ ਵਿਚ ਬਿਲਕੁਲ ਹੀ ਕੋਈ ਮੁਸ਼ਕਲ ਪੇਸ਼ ਨਾ ਆਈ, ਚਿਹਰਾ-ਮੁਹਰਾ ਮੇਰੇ ਤੋਂ ਵੱਡੀ ਭੈਣ ਅਮਰਜੀਤ ਕੌਰ ਵਰਗਾ ਸੀ, ਉਮਰ 65-70 ਸਾਲ ਦੀ ਹੋਊ। ਕਦੀ ਇੰਜ ਲਗਦਾ ਸੀ ਕਿ ਉਹ ਮੇਰੀ ਦਾਦੀ ਹੈ। ਮੈਨੂੰ ਆਪਣੀ ਦਾਦੀ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿਉਂਕਿ ਜਦ ਉਹਦੀ ਮੌਤ ਹੋਈ, ਮੈਂ ਸੱਤਵੀਂ ਜਮਾਤ ਵਿਚ ਸਾਂ

ManjitBalA5ਮੈਂ ਭੂਆ ਨਾਲ ਲਿਪਟ ਗਿਆ ਤੇ ਬਾਕੀ ਸਾਰੇ ਮੇਰੇ ਨਾਲ ਸਾਰਿਆਂ ਦੀਆਂ ਅੱਖਾਂ ਵਿਚ ਅੱਥਰੂਆਂ ਦਾ ਦਰਿਆ ਸੀ ਇਕ ਲੱਤ ਵਾਲਾ ਭੌੜੀਆਂ ਨਾਲ ਤੁਰਨ ਵਾਲਾ ਬਾਰੂ ਅਤੇ ਉਹਦੇ ਤੋਂ ਵੱਡੀ ਉਮਰ ਵਾਲਾ ਤਾਰੂ, 42-45 ਦਰਮਿਆਨ ਹੋਣਗੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਅਤੇ ਨਿਆਣਿਆਂ ਨਾਲ ਜਾਣ-ਪਛਾਣ ਕਰਵਾਈ ਉਹਨਾਂ ਦੱਸਿਆ ਕਿ ਉਹਨਾਂ ਨੂੰ ਖਤ ਤਾਂ ਸਮੇਂ ਸਿਰ ਮਿਲ ਗਿਆ ਸੀ, ਪਰ ਜਥੇ ਦੇ ਟੂਰ ਪ੍ਰੋਗਰਾਮ ਬਾਰੇ ਪੂਰੀ ਜਾਣ ਕਾਰੀ ਨਹੀਂ ਸੀ, ਇਸੇ ਕਰਕੇ ਉਹ ਟੱਬਰ ਸਮੇਤ ਦੋ ਦਿਨਾਂ ਤੋਂ ਲਾਹੌਰ ਵਿਚ ਡੇਰੇ ਲਾਈ ਬੈਠੇ ਸਨ।

“ਡਾਕਟਰ ਭਰਾਵਾ, ਪਹਿਲਾਂ ਤਾਂ ਮੈਂ ਵੀ ਬਾਰਾ ਸਿੰਘ ਸਾਂ, … ਇਹ ਭਾਈ ਵੀ ਤਾਰਾ ਸਿੰਘ ਸੀ, … ਮਾਮੇ ਨੇ ਸਾਡੇ ਬਾਪ ਨਰੈਣ ਸਿੰਹੁ ਬਾਰੇ ਵੀ ਦੱਸਿਆ ਹੌਣੈ ...” ਬਾਰੂ ਕੁਝ ਜਾਣ-ਪਛਾਣ ਕਰਾਉਣ ਲੱਗਾ, “ਅਸੀਂ ਨਿੱਕੇ ਨਿੱਕੇ ਸਾਂ ’47 ਦੇ ਰੌਲੇ ਪੈ ਗਏ , ਪਹਿਲੋਂ ਤਾਂ ਬੇਬੇ ਨੇ ਸੋਚਿਆ ਪਈ ਕੋਈ ਗੱਲ ਨਹੀਂ , ਇਹੋ ਜਿਹੇ ਰੌਲੇ ਪਹਿਲਾਂ ਵੀ ਕਈ ਵਾਰ ਪਏ ਨੇ , ਨਾਲੇ ਬਾਪ ਦੀ ਮੌਤ ਹੋ ਜਾਣ ਕਰਕੇ ਇਹਨੇ ਸੋਚਿਆ ਕਿ ਛੋਟੇ ਛੋਟੇ ਨਿਆਣੇਂ ਲੈ ਕੇ ਕਿਵੇਂ ਜਾਵਾਂ , ਇੱਥੇ ਈ ਬੈਠੇ ਰਹੇ ਬੱਸ , ਹੁਣ ਤਾਂ ਪੱਕੇ ਪਾਕਿਸਤਾਨੀ ਹਾਂ ਪਰ ਆਪਣੇ ਪਿੰਡ ਨੰਗਲ ਢੇਸੀਆਂ (ਮਜੀਠੇ ਲਾਗੇ) ਤੇ ਨਾਨਕਾ ਪਿੰਡ ਵੱਡੇ ਬੱਲਾਂ (ਬੱਲ ਕਲਾਂ) ਦੀ ਬੜੀ ਯਾਦ ਆਉਂਦੀ ਆ ।”ਭਰਾ ਬਾਰੂ ਇੱਕੋ ਸਾਹੇ ਕਈ ਕੁਝ ਦੱਸ ਗਿਆ।

ਮੈਨੂੰ ਚਾਹ ਪਾਣੀ ਪਿਆਉਣ ਲਈ, ਸਾਰੇ ਜਣੇ ਤੁਰਦੇ ਤੁਰਦੇ ਇਕ ਰੀਫਰੈਸ਼ਮੈਂਟ ਵਾਲੀ ਦੁਕਾਨ ’ਤੇ ਪੁੱਜੇ  ਕੱਪੜੇ-ਲੱਤੇ ਅਤੇ ਬੋਲ-ਚਾਲ ਤੋਂ ਲਗਦਾ ਸੀ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਭੂਆ ਦੇ ਪੁੱਤ (ਭਰਾਵਾਂ ਤਾਰੂ ਅਤੇ ਬਾਰੂ) ਦੇ ਦੱਸਣ ਮੁਤਾਬਿਕ ਉਹਨਾਂ ਦੀ ਪਿੰਡ ਵਿਚ ਥੋੜ੍ਹੀ ਜਿਹੀ ਜ਼ਮੀਨ ਹੈ ਤੇ ਕੁਝ ਹਿੱਸੇ-ਠੇਕੇ ਤੇ ਲੈ ਕੇ ਵਾਹੀ ਕਰਦੇ ਹਨ। ਉਂਜ ਵਾਹੀ ਵਾਸਤੇ ਕੋਈ ਆਧੁਨਿਕ ਮਸ਼ੀਨਰੀ (ਟ੍ਰੈਕਟਰ) ਵਗੈਰਾ ਨਹੀਂ ਹੈ ਅਸੀਂ ਮਿਹਨਤੀ ਪਰਿਵਾਰ ਵਿੱਚੋਂ ਹਾਂ, ਪਾਕਿਸਤਾਨ ਵਾਲੇ ਇਸ ਟੱਬਰ ਨੂੰ ਵੀ ਹੇਠਲੇ ਜਾਂ ਹੇਠਲੇ-ਮੱਧ ਵਰਗ ਦਾ ਕਹਿ ਸਕਦੇ ਹਾਂ

ਭੂਆ ਜੱਸੀ ਮੇਰੇ ਬਿਲਕੁਲ ਨਾਲ ਬਹਿ ਕੇ ਹਾਲ-ਚਾਲ ਪੁੱਛਣ ਲੱਗੀ, “ਸੁਣਾ ਪੁੱਤ, ਮੇਰੇ ਵੀਰ ਸੰਤਾ ਸਿੰਹੁ ਦਾ, ਤੇ ਭਾਬੀ ਪ੍ਰੀਤੋ (ਪ੍ਰੀਤਮ ਕੌਰ) ਦਾ ਕੀ ਹਾਲ ਆ?

ਮੇਰੇ ਮਾਤਾ ਪਿਤਾ ਦਾ ਨਾਂ ਲੈਂਦਿਆਂ ਉਹਦੀਆਂ ਅੱਖਾਂ ਇਕ ਵਾਰ ਫੇਰ ਗਲੇਡੂਆਂ ਨਾਲ ਭਰ ਗਈਆਂ ਮੈਂ ਵੀ ਭਾਵਕ ਹੋ ਗਿਆ ਪਰ ਅਪਣੀ ਆਦਤ ਮੁਤਾਬਿਕ ਮੈਂ ਬੋਲਿਆ, “ਸਭ ਚੜ੍ਹਦੀ ਕਲਾ ਵਿਚ ਨੇ, ... ਵਾਪਸ ਜਾ ਕੇ ਤੁਹਾਡੇ ਸਾਰਿਆਂ ਬਾਰੇ ਉਹਨਾਂ ਨੂੰ ਦੱਸਾਂਗਾ

ਛੋਟੇ-ਵੱਡੇ ਸਾਰੇ, ਮੈਨੂੰ ਬਾਕੀ ਭੈਣਾਂ-ਭਰਾਵਾਂ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਬਾਰੇ ਪੁੱਛ ਰਹੇ ਸਨ। ਜਵਾਨ ਮੁੰਡੇ ਇੰਡੀਆ ਅਤੇ ਬੰਬੇ (ਫਿਲਮ ਸਿਟੀ) ਬਾਰੇ ਗੱਲਾਂ ਪੁੱਛਣਾ ਚਾਹੁੰਦੇ ਸਨ ਇੰਨੇ ਨੂੰ ਭੂਆ ਨੇ ਹੁਕਮ ਛੱਡਿਆ, “ਚੱਲੋ ਵੇ ਮੁੰਡਿਓ, ਪਹਿਲਾਂ ਈ ਬੜਾ ਟੈਮ ਹੋ ਗਿਐ ਪਿੰਡ ਜਾਣ ਲਈ ਕੋਈ ਗੱਡੀ ਲਿਆਓ, ਬਾਕੀ ਗੱਲਾਂ ਉੱਥੇ ਜਾ ਕੇ ਕਰ ਲਿਓ

ਟਾਇਮ ਡੇਢ ਪੌਣੇ ਦੋ ਦਾ ਹੋਏਗਾ ਭਾਵੇਂ ਮੈਂ ਉਹਨਾਂ ਨਾਲ ਵੱਧ ਤੋਂ ਵੱਧ ਸਮਾਂ ਰਹਿਣਾ ਚਾਹੁੰਦਾ ਸਾਂ ਪਰ ਮੇਰਾ ਵੀਜ਼ਾ ਤਾਂ ਲਾਹੌਰ ਦਾ ਹੀ ਸੀ। ਕਾਨੂੰਨੀ ਤੌਰ ਤੇ ਮੈਂ ਸ਼ਹਿਰੋਂ ਬਾਹਰ ਨਹੀਂ ਸਾਂ ਜਾ ਸਕਦਾਸ਼ਾਮ ਨੂੰ ਛੇ-ਸਾਢੇ ਛੇ ਵਜੇ ਗੁਰਦਵਾਰੇ ਦੇ ਅੰਦਰ ਹਾਜ਼ਰ ਹੋਣਾ ਪੈਂਦਾ ਸੀ। ਪਾਸਪੋਰਟ ਵੀ ਗੁਰਦਵਾਰੇ ਵਿਚ ਪ੍ਰਬੰਧਕਾਂ ਅਤੇ ਪ੍ਰਸ਼ਾਸਕਾਂ ਕੋਲ ਜਮ੍ਹਾਂ ਸਨ ਵੱਡੇ ਭਰਾ ਤਾਰੂ ਦੇ ਕਹਿਣ ਮੁਤਾਬਿਕ ਪਿੰਡ ਦਾ ਪੈਂਡਾ ਡੇਢ-ਦੋ ਘੰਟੇ ਦਾ ਸੀ ਉਹਨਾਂ ਨੂੰ ਸਾਰਾ ਕੁਝ ਸਮਝਾ ਕੇ ਮੈਂ ਪਿੰਡ ਜਾਣ ਦੀ ਆਪਣੀ ਅਸਮਰੱਥਤਾ ਪ੍ਰਗਟਾਈ ਪਰ ਕੋਈ ਵੀ ਮੇਰੀ ਇਹ ਗੱਲ ਸੁਣਨ ਜਾਂ ਮੰਨਣ ਨੂੰ ਤਿਆਰ ਨਹੀਂ ਸੀ ਮੇਰੀ ਤਾਂ ਉਹ ਹਾਲਤ ਬਣ ਗਈ ਸੀ:

ਮੈਂ ਇਧਰ ਜਾਊਂ ਯਾ ਉਧਰ ਜਾਊਂ,
ਬੜੀ ਮੁਸ਼ਕਿਲ ਮੇਂ ਹੂੰ ਮੈਂ ਕਿਧਰ ਜਾਊਂ

ਵਕਤ ਰੋਕੇ ਹੈ ਮੁਝੇ ਸ਼ੌਕ ਉਧਰ ਖੈਂਚੇ ਹੈ,
ਕਿਆ ਖਬਰ ਥੀ ਕਭੀ ਇਸ ਦਿਲ ਕੀ ਯਿਹ ਹਾਲਤ ਹੋਗੀ

ਕਈ ਖਿਆਲ ਮਨ ਵਿਚ ਆਉਣ ਲੱਗੇ, “ਕੀ ਪਤਾ ਜਿੰਦਗੀ ਵਿਚ ਫਿਰ ਕਦੀ ਭੂਆ ਨੂੰ ਮਿਲਣ ਦਾ ਮੌਕਾ ਮਿਲਣੈ ਕਿ ਨਹੀਂ, … ਇਹ ਸਾਰਾ ਟੱਬਰ ਦੋ ਦਿਨਾਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਨੇ, … ਮੈਨੂੰ ਲੱਭਦੇ ਲੱਭਦੇ ਕਈ ਵਾਰ ਸ਼ੁਦਾਈਆਂ ਵਾਂਗ ਕਈਆਂ ਲੋਕਾਂ ਨੂੰ ਪੁੱਛਦੇ ਰਹੇ ਨੇ, … ਮੁਲਕਾਂ ਦੀਆਂ ਇਹ ਸਰਹੱਦਾਂ ਇਹ ਕਾਨੂੰਨ ਇਹ ਸਰਹੱਦਾਂ ਟੁੱਟ ਕਿਓਂ ਨਹੀਂ ਜਾਂਦੀਆਂ …। ਜੇ ਮੈਂ ਪਿੰਡ ਚਲਾ ਜਾਵਾਂ ਤਾਂ ਮੈਂ ਕਿਸੇ ਗਲਤ ਕੰਮ ਵਾਸਤੇ ਤਾਂ ਨਹੀਂ ਜਾ ਰਿਹਾ ਵਾਹਿਗੁਰੂ ਆਪੇ ਹੀ ਮਦਦ ਕਰੇਗਾ ਉਹਨੇ ਚਾਹਿਆ ਤਾਂ ਕੋਈ ਸਮੱਸਿਆ ਨਹੀਂ ਆਵੇਗੀ

ਮੈਂ ਰਿਸਕ ਲੈਣ ਦਾ ਮਨ ਬਣਾ ਲਿਆ ਇੰਡੀਆ ਤੋਂ ਲਿਆਂਦੇ ਹੋਏ ਕੱਪੜੇ/ਸੂਟਾਂ ਵਾਲਾ ਲਿਫਾਫਾ ਗੁਰਦਵਾਰੇ ਦੇ ਕਮਰੇ ਵਿੱਚੋਂ ਚੁੱਕ ਲਿਆਂਦਾ ਤੇ ਭੂਆ ਨੂੰ ਫੜਾ ਦਿੱਤਾ ਤਿੰਨ ਆਟੋ ਰਿਕਸ਼ਾ ਮੰਗਵਾਏ ਗਏ ਇਕ ਆਟੋ ਵਿਚ ਮੇਰੇ ਨਾਲ ਭੂਆ, ਭਰਾ ਤਾਰੂ ਤੇ ਲੜਕਾ ਰਫੀਕ ਅਤੇ ਬਾਕੀਆਂ ਵਿਚ ਟੱਬਰ ਦੇ ਬਾਕੀ ਮੈਂਬਰ ਬੈਠ ਗਏ ਪੇਕੇ ਘਰ / ਭਰਾ ਦੇ ਘਰੋਂ ਆਏ ਹੋਏ ਸੂਟ ਅਤੇ ਹੋਰ ਕੱਪੜਿਆਂ ਨੂੰ ਭੂਆ ਕਦੀ ਮੱਥੇ ਨੂੰ ਲਾਉਂਦੀ ਤੇ ਕਦੀ ਚੁੰਮਦੀ

ਲਾਹੌਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਲੰਘਦੇ ਹੋਏ ਅਸੀਂ ਮੁਲਤਾਨ ਰੋਡ ਤੇ ਪੁੱਜ ਗਏ ਖੱਬੇ ਹੱਥ ਬਣੀਆਂ ਬਿਲਡਿੰਗਾਂ ਵੱਲ ਇਸ਼ਾਰਾ ਕਰਕੇ ਭਰਾ ਤਾਰੂ ਬੋਲਿਆ, “ਆਹ ਵੇਖ ਡਾਕਟਰਾਇੱਥੇ ਫਿਲਮਾਂ ਬਣਦੀਆਂ ਨੇ, ਇਹਨੂੰ ਕਹਿੰਦੇ ਨੇ ਬਾਰੀ ਸਟੁਡੀਓ

ਸਾਡੇ ਅੱਗੇ ਜਾ ਰਹੇ ਇਕ ਰੇਹੜੇ ਕਰਕੇ ਆਟੋ ਰਿਕਸ਼ਾ ਕੁਝ ਮਧਮ ਗਤੀ ਵਿਚ ਹੋ ਗਿਆ। ਮੈਂ ਥੋੜ੍ਹੀ ਜਿਹੀ ਧੌਣ ਬਾਹਰ ਕੱਢ ਕੇ ਵੇਖਿਆ, ਇਕ ਵੱਡਾ ਸਾਰਾ ਸਾਈਨ-ਬੋਰਡ ਨਜ਼ਰ ਆਇਆ ਜਿਸ ਤੇ ਅੰਗਰੇਜ਼ੀ ਅਤੇ (ਸ਼ਾਇਦ ਉਰਦੂ ਵਿਚ ਵੀ) ਲਿਖਿਆ ਹੋਇਆ ਸੀ, ਬਾਰੀ ਫਿਲਮ ਸਟੁਡੀਓਜ਼, ਮੁਲਤਾਨ ਰੋਡ ਲਾਹੌਰਇਸ ਬਾਰੇ ਨਨਕਾਣਾ ਸਾਹਿਬ ਵਿਚ ਵੀ ਕਿਸੇ ਪਾਕਿਸਤਾਨੀ ਨੇ ਦੱਸਿਆ ਸੀ ਕਿ ਪਾਕਿਸਤਾਨ ਦੀਆਂ 80 ਫੀਸਦੀ ਫਿਲਮਾਂ ਲਾਹੌਰ ਬਣਦੀਆਂ ਹਨ ਤੇ ਬਾਕੀ ਦੀਆਂ ਕਰਾਚੀ ਵਿਚ। ਲਾਹੌਰ ਬਣਨ ਵਾਲੀਆਂ ਜ਼ਿਆਦਾ ਪੰਜਾਬੀ ਫਿਲਮਾਂ ਹੀ ਹੁੰਦੀਆਂ ਹਨ

ਮੁਲਤਾਨ ਰੋਡ ’ਤੇ ਆਟੋ ਰਿਕਸ਼ਾ ਆਪਣੀ ਚਾਲੇ ਚਲਦਾ ਜਾ ਰਿਹਾ ਸੀ। ਮੇਰੇ ਮਨ ਵਿਚ ਭੂਆ ਦੇ ਘਰ ਦੇ ਵਾਤਾਵਰਣ ਦੀ ਕਲਪਨਾ ਸੀ, ਮਿੱਟੀ ਦਾ ਘਰ ਹੋਵੇਗਾ, ਡੰਗਰ ਹੋਣਗੇ, ਦੁਆਲੇ ਪੈਲੀਆਂ ਹੋਣਗੀਆਂ … ਵਗੈਰਾ ਵਗੈਰਾਨਾਲ ਹੀ ਇਹ ਵੀ ਖਿਆਲ ਆਉਂਦਾ ਸੀ, “ਜੇ ਕੋਈ ਸਕਿਓਰਟੀ ਵਾਲਾ ਪੁੱਛੇ, ਸਰਦਾਰਾ ਕਿੱਥੋਂ ਆਇਐਂ? ਪਾਸਪੋਰਟ ਕਿੱਥੇ ਈ? ਤਾਂ ਕੀ ਜਵਾਬ ਦੇਵਾਂਗਾ, ਸਿੱਖ ਤਾਂ ਪੱਗ ਕਰਕੇ ਦੂਰੋਂ ਈ ਪਛਾਣਿਆਂ ਜਾਂਦਾ ਏ” ਫਿਰ ਵਿਚਾਰ ਆਉਂਦੀ, “ਕੋਈ ਗੱਲ ਨਹੀਂ, ... ਇਹ ਬੜੇ ਮਹਿਮਾਨ ਨਿਵਾਜ਼ ਨੇ, ਸਭ ਨੂੰ ਪਤੈ ਕਿ ਦੋਹਵਾਂ ਮੁਲਕਾਂ ਦੇ ਬਾਸ਼ਿੰਦਿਆਂ ਦੀਆਂ ਖੂਨ ਦੀਆਂ ਰਿਸ਼ਤੇਦਾਰੀਆਂ ਨੇ, … ਫਿਰ ਭਰਾ ਤਾਰੂ ਤੇ ਬਾਰੂ ਵੀ ਤਾਂ ਇਸ ਇਲਾਕੇ ਵਿਚ ਚੌਧਰੀ ਅਖਵਾਉਂਦੇ ਨੇ, ਗੁਰਦਵਾਰੇ ਲੇਟ ਪਹੁੰਚਾਂਗਾ ਤਾਂ ਉੱਥੇ ਵੀ ਸੱਚ ਸੱਚ ਦੱਸ ਦੇਵਾਂਗਾ ਵੈਸੇ ਵੀ ਮੈਂ ਕੋਈ ਗਲਤ ਕੰਮ ਵਾਸਤੇ ਤਾਂ ਨਹੀਂ ਜਾ ਰਿਹਾ

ਬਾਅਦ ਦੁਪਹਿਰ ਦੇ ਤਿੰਨ-ਸਾਢੇ ਤਿੰਨ ਦਾ ਸਮਾਂ ਸੀ ਆਟੋ ਰਿਕਸ਼ਾ ਦੇ ਪੌਲੀਥੀਨ ਵਾਲੇ ਰੌਸ਼ਨਦਾਨ ਵਿੱਚੋਂ ਬਾਹਰ ਵੱਲ ਨਜ਼ਰ ਮਾਰੀ ਤਾਂ ਦੇਖਿਆ ਕਿ ਆਲੇ ਦੁਆਲੇ ਸਾਰੀ ਜ਼ਮੀਨ ਕੱਲਰ-ਬੰਜਰ ਹੀ ਸੀ, ਕੋਈ ਖਾਸ ਖੇਤੀ-ਬਾੜੀ ਨਹੀਂ ਸੀ, ਭਾਰਤੀ ਪੰਜਾਬ ਦੇ ਮੁਕਾਬਲੇ ਬਹੁਤ ਹੀ ਪਛੜਿਆ ਸੀ ਇਹ ਇਲਾਕਾ। ਥੋੜ੍ਹਾ ਅੱਗੇ ਗਏ ਤਾਂ ਸੜਕ ਦੇ ਦੋਹੀਂ ਪਾਸੀਂ ਫੌਜ ਦੀ ਫੀਲਡ ਐਕਸਰਸਾਇਜ਼ ਦਾ ਪੜਾਅ ਸੀ।ਇਕ ਵਾਰ ਫਿਰ ਦਿਲ ਡਰਿਆ, ਪਰ ਇਕ-ਡੇਢ ਕਿਲੋਮੀਟਰ ਵਿਚ ਫੈਲੇ ਇਸ ਫੌਜੀ ਟਿਕਾਣੇ ਨੂੰ ਅਸੀਂ ਸੁੱਖੀਂ ਸਾਂਦੀ ਪਾਰ ਕਰ ਗਏ

ਰਾਏ ਵਿੰਡ ਪੁੱਜਦਿਆਂ ਤਕਰੀਬਨ ਚਾਰ ਵੱਜ ਗਏ ਹੋਣਗੇ। ਇਹ ਕਸਬਾ, ਲਾਹੌਰ ਤੋਂ ਕਰਾਚੀ ਜਾਣ ਵਾਲੀ ਮੇਨ ਰੇਲਵੇ ਲਾਇਨ ਅਤੇ ਮੁੱਖ ਸੜਕ ਤੇ ਸਥਿਤ ਹੈਰੇਲਵੇ ਸਟੇਸ਼ਨ ਹੈਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਇੱਥੇ ਕਾਫੀ ਵੱਡਾ ਫਾਰਮ ਹੈ। ਸਾਡਾ ਆਟੋ ਰਿਕਸ਼ਾ ਇਕ ਛੋਟੇ ਜਿਹੇ ਬਜ਼ਾਰ ਵਿਚ, ਇਕ ਕੱਪੜੇ ਵਾਲੀ ਦੁਕਾਨ ਦੇ ਸਾਹਮਣੇ ਰੁਕਿਆ, ਭਰਾ ਤਾਰੂ ਨੇ ਡਰਾਇਵਰ ਨੂੰ ਪਹਿਲਾਂ ਹੀ ਰਸਤਾ ਸਮਝਾਇਆ ਹੋਇਆ ਸੀ, ਦੂਜੇ ਦੋਵੇਂ ਆਟੋ ਉੱਥੇ ਨਹੀਂ ਰੁਕੇ

ਇਹ ਵੀ ਆਪਣੀ ਈ ਦੁਕਾਨ ਆ।” ਭਰਾ ਨੇ ਅੰਦਰ ਵੱਲ ਇਸ਼ਾਰਾ ਕਰਦਿਆਂ ਕਿਹਾ, ਤੇ ਅੰਦਰੋਂ 34-35 ਸਾਲ ਦੀ ਉਮਰ ਦਾ ਬੰਦਾ, ਇਕ ਦਮ ਬਾਹਰ ਆ ਕੇ ਮੈਨੂੰ ਮਿਲਣ ਲੱਗਾ।

ਇਹ ਅਨਵਰ ਆ, ਸਾਡਾ ਭਰਾ (ਚਾਚੇ ਦਾ ਪੁੱਤ), ਆਹ ਨਾਲ ਈ ਇਹਨਾਂ ਦਾ ਘਰ ਏ, ਉੱਥੇ ਚਲਦੇ ਆਂ, ਕੁਝ ਚਿਰ ਚਾਚੀ ਕੋਲ ਬਵ੍ਹਾਂਗੇਤੈਨੂੰ ਪਤਾ ਈ ਹੋਣੈ, ਚਾਚੀ ਵੀ ਅਜਨਾਲੇ ਦੇ ਲਾਗੇ ਪਿੰਡ ਚਮਿਆਰੀ ਦੀ ਆ

ਮੈਨੂੰ ਯਾਦ ਆ ਗਿਆ, ਪਿਤਾ ਜੀ ਨੇ ਇਕ ਵਾਰ ਦੱਸਿਆ ਸੀ ਕਿ ਤੇਰੀ ਭੂਆ ਦੀ ਦਰਾਣੀ ਦੇ ਪੇਕੇ ਚਮਿਆਰੀ ਪਿੰਡ ਵਿਚ ਹਨ ਜਦੋਂ ਮੈਂ ਨੌਵੀਂ ਜਾਂ ਦਸਵੀਂ ਜਮਾਤ ਵਿਚ ਸਾਂ ਤਾਂ ਉਦੋਂ ਸ਼ਾਇਦ ਇਹਨਾਂ ਦਾ ਇਕ ਭਰਾ ਸਾਡੇ ਪਿੰਡ, ਵੱਡੇ ਬੱਲਾਂ (ਬੱਲ ਕਲਾਂ) ਵਾਲੇ ਘਰ ਵੀ ਅਇਆ ਸੀ।

ਭੂਆ ਦੀ ਦਰਾਣੀ ਵੀ ਤਾਂ ਭੂਆ ਈ ਹੁੰਦੀ ਹੈ, ਉਂਜ ਉਹਦੇ ਭਰਾ-ਪੇਕੇ ਵੀ ਸਾਡੇ ਜ਼ਿਲ੍ਹੇ ਵਿਚ ਹੀ ਹਨ ਦੁਕਾਨ ਦੇ ਨਾਲ ਵਾਲਾ ਦਰਵਾਜ਼ਾ ਹੀ ਉਹਨਾਂ ਦਾ ਘਰ ਸੀ। ਅੰਦਰ ਦਾਖਲ ਹੋਏ ਪੀੜ੍ਹੀ ਤੇ ਬੈਠੀ ਇਹ ਭੂਆ, ਸੂਤ ਦੀਆਂ ਛੱਲੀਆਂ ਅਟੇਰ ਰਹੀ ਸੀ। ਇਕ ਪਾਸੇ ਚਰਖਾ ਪਿਆ ਹੋਇਆ ਸੀ। ਮੇਰੀ ਪੱਗ ਵੇਖ ਕੇ ਉਸਨੇ ਮੈਨੂੰ ਪਛਾਣ ਲਿਆ। ਤਾਰੂ ਤੇ ਬਾਰੂ ਭਰਾਵਾਂ ਨੇ ਅਨਵਰ ਅਤੇ ਆਪਣੀ ਚਾਚੀ ਨੂੰ ਪਹਿਲਾਂ ਹੀ ਮੇਰੇ ਬਾਰੇ ਦੱਸਿਆ ਹੋਇਆ ਸੀ। ਮੈਂ ਮੱਥਾ ਟੇਕਿਆ, ਉਹਨਾਂ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ, ਅੱਖਾਂ ਇਕ ਵਾਰ ਫੇਰ ਸਮੁੰਦਰ ਬਣ ਗਈਆਂ

ਹਾਲ-ਚਾਲ ਦੀ ਰਾਜੀ ਖੁਸ਼ੀ ਤੋਂ ਬਾਅਦ ਅਨਵਰ ਦੀ ਪਤਨੀ ਚਾਹ ਲੈ ਆਈ। ਮੈਂ ਘੜੀ-ਮੁੜੀ ਘੜੀ ਵੱਲ ਵੇਖ ਰਿਹਾ ਸਾਂ, ਕਿਉਂਕਿ ਰਾਤ ਨੂੰ ਡੇਰਾ ਸਾਹਿਬ ਗੁਰਦਵਾਰੇ ਜ਼ਰੂਰ ਪੁੱਜਣਾ ਸੀ ਇਹ ਘਰ, ਇਕ ਮੱਧ ਸਮਾਜਕ ਵਰਗ ਦਾ ਸੀ ਤਕਰੀਬਨ ਅੱਧੇ ਘੰਟੇ ਦੇ ਇਸ ਪੜਾ ਤੋਂ ਬਾਅਦ ਅਸੀਂ ਪਿੰਡ ਰੋਸੇ ਭੈਲ ਨੂੰ ਜਾਣ ਲਈ ਚੱਲ ਪਏ। ਆਟੋ ਰਿਕਸ਼ਾ ’ਤੇ ਸਵਾਰ ਹੋਣ ਤੋਂ ਪਹਿਲਾਂ ਥੋੜ੍ਹੇ ਕਦਮ ਤੁਰਿਆ ਤਾਂ ਕੁਝ ਫਾਸਲੇ ਤੇ ਚਾਹ ਦਾ ਇਕ ਖੋਖਾ ਵੇਖ ਕੇ ਮੈਂ ਖੜ੍ਹਾ ਹੋ ਗਿਆ ਜਾਂ ਇਓਂ ਕਹਿ ਲਈਏ ਕਿ ਖੋਖੇ ਵਾਲੇ ਨੇ ਸਿੱਖ ਸਰਦਾਰ ਵੇਖ ਕੇ, ਮੈਨੂੰ ਰੋਕ ਲਿਆ ਜਾਣਕਾਰੀ ਵਧਾਉਣ ਲਈ ਮੈਂ ਵੀ ਰੁਕ ਗਿਆ। ਉਹ ਮੁੰਡਾ-ਖੁੰਡਾ ਸੀ, ਸਿੱਧਾ ਬੰਬੇ ਦੀਆਂ ਗੱਲਾਂ ਹੀ ਪੁੱਛਣ ਲੱਗ ਪਿਆ। ਕੁਝ ਹਦ ਤੱਕ ਮੈਂ ਉਸ ਨੂੰ ਜਵਾਬ ਦੇ ਸਕਿਆ। ਨਾਲ ਵਾਲੀ ਟੁੱਟੀ-ਭੱਜੀ ਕੰਧ ਤੇ ਪਏ ਤਿੰਨ ਕੱਪ ਵੇਖ ਕੇ ਜਦ ਮੈਂ ਉਹਨੂੰ ਇਹਨਾਂ ਕੱਪਾਂ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ, “ਜੇ ਕੋਈ ਚੂੜ੍ਹਾ ਚਾਹ ਪੀਣ ਵਾਸਤੇ ਆਵੇ ਤਾਂ ਇਹ ਕੱਪ ਉਹਦੇ ਵਾਸਤੇ ਹਨ

ਇਹ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਵੀ ਹੋਈ ਤੇ ਸ਼ਰਮਿੰਦਗੀ ਵੀ ਕਿ ਪਾਕਿਸਤਾਨ ਵਿਚ ਅਜੇ ਵੀ ਇੰਨੀ ਹਦ ਤੱਕ ਛੂਆ ਛੂਤ ਹੈ?

ਰਾਏ ਵਿੰਡ ਤੋਂ ਰੋਸੇ ਭੈਲ ਜਾਣ ਲਈ ਬਾਹਰ ਨਿਕਲੇ ਤਾਂ ਅੱਗੇ ਕੋਈ ਸੜਕ ਨਹੀਂ ਸੀ। ਬੇ-ਅਬਾਦ ਅਤੇ ਬੰਜਰ ਜ਼ਮੀਨ ਵਿੱਚੋਂ ਰਾਹ ਇੰਜ ਬਣਿਆ ਹੋਇਆ ਸੀ ਜਿਵੇਂ ਪਾਣੀ ਜਿਸ ਪਾਸੇ ਨੂੰ ਵਗ ਪਵੇ ਉਸੇ ਪਾਸੇ ਵੱਲ ਨਦੀ-ਨਾਲਾ ਬਣ ਜਾਂਦਾ ਹੈ। ਜਿੱਧਰ ਨੂੰ ਟਾਂਗੇ ਜਾਂ ਰੇਹੜੇ ਦੀਆਂ ਲੀਹਾਂ ਪੈ ਗਈਆਂ, ਉੱਧਰ ਹੀ ਰਾਹ ਬਣ ਗਿਆ। ਕਈ-ਕਈ ਪਹੇ ਨਾਲੋ-ਨਾਲ ਬਣੇ ਹੋਏ ਸਨ ਉਹ ਰਸਤਾ ਯਾਦ ਕਰਕੇ ਮੈਨੂੰ ਬਸੀਰ ਬਦਰ ਦਾ ਸ਼ੇਅਰ ਯਾਦ ਆ ਜਾਂਦਾ ਹੈ,

ਹਮ ਤੋ ਦਰਿਆ ਹੈਂ ਹਮੇਂ ਆਪਣਾ ਹੁਨਰ ਮਾਲੂਮ ਹੈ,
ਜਿਸ ਤਰਫ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ

ਇਸ ਪੱਖੋਂ ਇਕ ਵਾਰ ਫਿਰ ਮਹਿਸੂਸ ਹੋਇਆ ਕਿ ਇਸ ਪੰਜਾਬ ਵਿਚ ਵਿਕਾਸ ਬਹੁਤ ਹੀ ਘੱਟ ਹੋਇਆ ਹੈ

ਪਿੰਡੋਂ ਬਾਹਰਵਾਰ ਬਣੇ ਕੁਝ ਕੱਚੇ ਤੇ ਅੱਧ-ਪਚੱਧੇ ਪੱਕੇ ਕੋਠਿਆਂ ਕੋਲ, ਆਟੋ ਰਿਕਸ਼ਾ ਜਾ ਰੁਕਿਆ ਇੰਡੀਆ ਤੋਂ ਆਉਣ ਵਾਲੇ ਖਾਸ ਰਿਸ਼ਤੇਦਾਰ ਯਾਨੀ ਮੇਰੇ ਪਹੁੰਚਣ ਦੀ ਖਬਰ ਉੱਥੇ ਪਹਿਲਾਂ ਹੀ ਪੁੱਜ ਚੁੱਕੀ ਸੀ। ਬਾਕੀ ਦੋਵੇਂ ਆਟੋ ਰਿਕਸ਼ਾ ਰਾਏ ਵਿੰਡ ਨਹੀਂ ਸਨ ਰੁਕੇ, ਸਿੱਧੇ ਇੱਥੇ ਘਰ ਹੀ ਆ ਗਏ ਸਨ। ਇੱਥੇ ਤਾਂ ਵਿਆਹ ਵਾਲਾ ਮਾਹੌਲ ਬੋਣਿਆ ਹੋਇਆ ਸੀ ਲਾਹੌਰ ਜਾਂ ਹੋਰ ਕਈ ਸ਼ਹਿਰਾਂ ਵਿਚ ਤਾਂ ਭਾਰਤ ਤੋਂ ਸਿੱਖ ਮਹਿਮਾਨ ਆਉਂਦੇ ਜਾਂਦੇ ਹੀ ਰਹਿੰਦੇ ਹਨ ਪਰ ਇਸ ਛੋਟੇ ਅਤੇ ਪਛੜੇ ਹੋਏ ਪਿੰਡ ਵਿਚ ਸ਼ਾਇਦ ਮੈਂ ਪਹਿਲਾ ਹੀ ਸਿੱਖ ਅਤੇ ਭਾਰਤੀ ਮਹਿਮਾਨ ਸਾਂ ਕਾਫੀ ਲੋਕ ਇਕੱਠੇ ਹੋਏ ਸਨ ਵਿਹੜਾ ਬਹੁਤ ਖੁੱਲ੍ਹਾ ਸੀ ਪਰ ਕੋਈ ਵਲਗਣ ਨਹੀਂ ਸੀ ਵਲ਼ੀ ਹੋਈ। ਆਲੇ ਦੁਆਲੇ ਦੋਹਵਾਂ ਭਰਾਂਵਾ ਦੇ ਘਰ ਸਨ, … ਕੱਚੀ ਜਗਾਹਇਕ ਪਾਸੇ ਕੁਝ ਮਹੀਆਂ, ਗਾਵਾਂ, ਕੱਟੀਆਂ ਤੇ ਵੱਛੀਆਂ ਸਨ, ਦੂਜੇ ਇਕ ਪਾਸੇ ਕੁਕੜੀਆਂ ਦਾ ਖੁੱਡਾ ਸੀ ਜਿਹਦੇ ਨੇੜੇ ਤੇੜੇ ਕੁੱਕੜ, ਕੁੱਕੜੀਆਂ ਅਤੇ ਕੁਝ ਚੂਚੇ ਚੁਗਦੇ ਫਿਰਦੇ ਸਨ ਪੀਣ ਵਾਲੇ ਪਾਣੀ ਦੇ ਸੋਮੇ ਵਜੋਂ ਦੋਹਵਾਂ ਘਰਾਂ ਦੇ ਵਿਚਕਾਰ ਇਕ ਖੂਹੀ ਸੀ ਛੋਟੇ ਬੱਚੇ, ਜਿਹਨਾਂ ਬਾਰੇ ਮੈਨੂੰ ਪਤਾ ਨਹੀਂ ਸੀ, ਖਸ਼ੀ ਵਿਚ ਇੱਧਰ ਉੱਧਰ ਨੱਚ-ਭੁੜਕ ਰਹੇ ਸਨ ਬੜਾ ਹੀ ਕੁਦਰਤੀ ਦ੍ਰਿਸ਼ ਸੀ ਮੈਨੂੰ ਇਸ ਤਰ੍ਹਾਂ ਦਾ ਵਾਤਾਵਰਣ ਬਹੁਤ ਪਸੰਦ ਹੈ, ਸਾਡਾ ਪਰਿਵਾਰ ਵੀ ਤਾਂ ਪਿੰਡ ਵਿਚ ਹੀ ਰਹਿੰਦਾ ਹੈ। ਮੇਰੇ ਬੈਠਣ ਵਾਸਤੇ ਉੱਚੇ ਪਾਵਿਆਂ ਵਾਲੇ ਸਾਣੇ ਮੰਜੇ ’ਤੇ ਤਲਾਈ ’ਤੋਂ ਦੀ, ਡੱਬੀਆਂ ਵਾਲਾ ਖੇਸ ਵਿਛਾਇਆ ਹੋਇਆ ਸੀ

ਤਾਰੂ , ਇਕ ਕੁੱਕੜ ਫੜ ਵੇ ,ਅਤਿਅੰਤ ਖੁਸ਼ ਭੂਆ ਉੱਚੀ ਅਵਾਜ਼ ਵਿਚ ਬੋਲੀ

ਚਾਹ ਬਣਦੀ ਤੱਕ ਕੁੱਕੜ ਦੀ ਧੌਣ ਮਰੋੜ ਦੇ, ਤੇ ਧਰ ਦੇ ਚੁੱਲ੍ਹੇ ’ਤੇ, … ਮੁੰਡੇ ਨੂੰ ਭੁੱਖ ਲੱਗੀ ਹੋਣੀ ਏਂ

ਮੈਂ ਫਿਰ ਘੜੀ ਵੱਲ ਵੇਖਿਆ, ਨਵੰਬਰ ਦਾ ਮਹੀਨਾ ਹੋਣ ਕਰਕੇ ਸਾਢੇ ਪੰਜ ਵਜੇ ਹੀ ਹਨੇਰਾ ਹੋਣਾ ਸ਼ਰੂ ਹੋ ਗਿਆ ਸੀ। ਮੈਂ ਬਹੁਤ ਸਮਝਾਇਆ ਕਿ ਕੁੱਕੜ ਰਿੱਝਣ ਤੱਕ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਹੈ, ਫਿਰ ਵੀ ਮੇਰੇ ਕਹਿੰਦਿਆਂ ਕਹਿੰਦਿਆਂ ਭਰਾ ਤਾਰੂ ਨੇ ਦੋ ਮਿੰਟਾਂ ਵਿਚ ਹੀ ਕੁੱਕੜ ਵੱਢ ਦਿੱਤਾ ਮੈਂ ਮਜਬੂਰ ਸਾਂ, ਥੋੜ੍ਹਾ ਜਿਹਾ ਗੁੱਸਾ ਵੀ ਜ਼ਾਹਰ ਕੀਤਾ ਤੇ ਵਾਪਸ ਲਾਹੌਰ ਆਉਣ ਲਈ ਮੰਜੇ ਤੋਂ ਉੱਠ ਖੜ੍ਹਾ ਹੋਇਆ, ਉਂਜ ਮੁਰਗੇ ਦਾ ਤੜਕਾ ਚੁੱਲ੍ਹੇ ਉੱਤੇ ਰੱਖਿਆ ਜਾ ਚੁੱਕਾ ਸੀ ਮੇਰੀ ਮਜਬੂਰੀ ਨੂੰ ਕੁਝ ਹੱਦ ਤੱਕ ਸਮਝਦਿਆਂ ਭਰਾ ਤਾਰੂ ਦੀ ਘਰਵਾਲੀ ਬੋਲੀ, “ਅੱਛਾ, ਪਹਿਲਾਂ ਆਂਡੇ ਉਬਾਲ ਦੇਨੇ ਆਂ, ਜੇ ਟੈਮ ਹੋਇਆ ਤਾਂ ਦੋ ਬੋਟੀਆਂ ਮੁਰਗੇ ਦੀਆਂ ਵੀ ਖਾ ਲੈਣਾ

ਬੜੀ ਫੁਰਤੀ ਨਾਲ ਉਸਨੇ ਕੰਧ ਨਾਲ ਲਟਕਾਏ ਹੋਏ ਛਿੱਕੂ ਵਿੱਚੋਂ ਦਸ, ਤਾਜ਼ੇ ਦੇਸੀ ਆਂਡੇ ਕੱਢੇ ਤੇ ਸਟੋਵ ਤੇ ਉਬਲਣੇ ਰੱਖ ਦਿੱਤੇ। ਮੈਨੂੰ ਕੁਝ ਹੌਸਲਾ ਹੋਇਆ ਕਿ ਚਲੋ ਮੇਰੀ ਮਜਬੂਰੀ ਨੂੰ ਕਿਸੇ ਨੇ ਤਾਂ ਸਮਝਿਆ ਹੈ ਮੈਂ ਕੁਝ ਰਾਹਤ ਮਹਿਸੂਸ ਕੀਤੀ ਕਿ ਜਲਦੀ ਵਾਪਸ ਨਿਕਲ ਸਕਾਂਗਾ

ਮੰਜੇ ਤੋਂ ਉੱਠ ਕੇ ਮੈਂ ਵਿਹੜੇ ਵਿਚ ਫਿਰਨਾ ਚਾਹਿਆ, ਸਾਰਿਆਂ ਦਾ ਧਿਆਨ ਮੇਰੇ ਵਿਚ ਸੀ। ਭਰਾ ਤਾਰੂ ਦਾ ਘਰ ਜਿੱਥੇ ਮੈਨੂੰ ਬਿਠਾਇਆ ਗਿਆ ਸੀ, ਇੱਟਾਂ ਅਤੇ ਗਾਰੇ ਦੀ ਚਿਣਾਈ ਵਾਲਾ ਇਕ ਵੱਡਾ ਕਮਰਾ ਸੀ ਜੋ ਅੰਦਰੋਂ ਅਤੇ ਬਾਹਰੋਂ ਪਲਸਤਰ ਨਹੀਂ ਸੀ ਕੀਤਾ ਹੋਇਆ ਤੁਰਦਾ ਫਿਰਦਾ ਮੈਂ ਕਮਰੇ ਦੇ ਅੰਦਰ ਵੜ ਗਿਆ। ਪਿਛਵਾੜੇ ਵਾਲੀ ਕੰਧ ਦੇ ਜਿਸ ਹਿੱਸੇ ਤੇ ਅਲਮਾਰੀ ਦੀ ਜਗਾਹ ਵਾਸਤੇ ਚਾਰ ਇੰਚੀ ਚਿਣਾਈ ਸੀ, ਉੱਥੋਂ ਝੀਤਾਂ ਵਿੱਚੋਂ ਦੀ ਰੌਸ਼ਨੀ ਵੀ ਨਜ਼ਰ ਆ ਰਹੀ ਸੀ ਇਕ ਪਾਸੇ ਵੱਡੀ ਪੇਟੀ, ਉਸ ਉੱਤੇ ਦੋ ਟਰੰਕ, ਕਿੱਲੀਆਂ ਨਾਲ ਟੰਗੇ ਹੋਏ ਕੱਪੜੇ-ਲੱਤੇ, ਖੇਤੀ ਬਾੜੀ ਦੇ ਕੁਝ ਸੰਦ ਤੇ ਦੋ ਮੰਜੀਆਂ ਤੇ ਘਰ ਦਾ ਸਮਾਨ ਤੇ ਹੋਰ ਨਿੱਕੜ-ਸੁੱਕੜ ਪਿਆ ਸੀ

ਇੰਨੇ ਨੂੰ ਆਂਡੇ ਉੱਬਲ ਗਏ। ਭੂਆ ਨੇ ਆਪ ਉੱਠ ਕੇ ਕਾਹਲੀ ਨਾਲ ਪਰੌਂਠੇ ਪਕਾਉਣੇ ਸ਼ੁਰੂ ਕਰ ਦਿੱਤੇ ਮੈਂ ਦੁਬਾਰਾ ਮੰਜੇ ਤੇ ਆ ਬੈਠਾ ਮੇਜ਼-ਪੋਸ਼ ਵਿਛਾ ਕੇ ਮੰਜੇ ਲਾਗੇ ਇਕ ਮੇਜ਼ ਰੱਖ ਦਿੱਤਾ ਗਿਆ, ਜਿਸ ਉੱਤੇ ਇਕ ਥਾਲੀ ਵਿਚ ਦਸ ਉੱਬਲੇ ਹੋਏ ਆਂਡੇ, ਲੂਣ, ਤੇ ਕੁੱਟੀ ਹੋਈ ਕਾਲੀ ਮਿਰਚ ਪੇਸ਼ ਹੋ ਗਈ ਤੇ ਦੂਸਰੀ ਥਾਲੀ ਵਿਚ ਦੇਸੀ ਘਿਓ ਨਾਲ ਸਰਗਲਾ, ਚੋਪੜਿਆ ਹੋਇਆ ਵੱਡਾ ਪਰੌਂਠਾ। ਭੁੱਖ ਵੀ ਬੜੀ ਚਮਕੀ ਹੋਈ ਸੀ ਤੇ ਇੰਨੇ ਪਿਆਰ ਅਤੇ ਰੂਹ ਨਾਲ, ਸਕੀ ਭੂਆ ਦੇ ਹੱਥਾਂ ਦਾ ਬਣਿਆ ਹੋਇਆ ਪਰੌਂਠਾ ਜੋ ਇਸ ਜ਼ਿੰਦਗੀ ਵਿਚ ਪਹਿਲੀ ਅਤੇ ਸ਼ਾਇਦ ਆਖਰੀ ਵਾਰ ਨਸੀਬ ਹੋ ਰਿਹਾ ਸੀ, ਦਾ ਸੁਆਦ ਬਿਆਨ ਕਰਨ ਲਈ ਸ਼ਬਦ ਮੁੱਕ ਗਏ ਹਨ

ਉਂਜ ਮੇਰਾ ਇੱਥੋਂ ਜਾਣ ਨੂੰ ਬਿਲਕੁਲ ਜੀਅ ਨਹੀਂ ਸੀ ਕਰ ਰਿਹਾ, ਭੂਆ-ਭਤੀਜੇ ਦਾ ਰਿਸ਼ਤਾ ਹੀ ਐਸਾ ਹੁੰਦਾ ਹੈ। ਪਰ ਕੀ ਕੀਤਾ ਜਾ ਸਕਦੈ, … ਹੁਣ ਤਾਂ ਉਹ ਪਾਕਿਸਤਾਨੀ ਨੇ, ਮੈਂ ਭਾਰਤੀ ਹਾਂ ਪਾਸਪੋਰਟ ਵੀਜੇ ਪਾਬੰਦੀਆਂ ਸਰਹੱਦਾਂ ਕਾਨੂੰਨ ਮਜਬੂਰੀਆਂ।

ਵਿਛੜਨ ਦਾ ਸਮਾਂ ਆ ਗਿਆ ਸੀ ਹਨੇਰਾ ਹੋ ਚੁੱਕਾ ਸੀ। ਅਣ-ਮੰਨਿਆ, ਮਾਯੂਸ ਤੇ ਮਜਬੂਰ ਜਿਹਾ, ਮੈਂ ਮੰਜੇ ਤੋਂ ਉੱਠਿਆ, ਤੇ ਲਾਹੌਰ ਵਾਪਸ ਆਉਣ ਦੀ ਤਿਆਰੀ ਕਰਨ ਲੱਗਾ। ਭੂਆ ਨੂੰ ਪਤਾ ਸੀ ਕਿ ਇਸ ਨੂੰ ਜਾਣਾ ਹੀ ਪੈਣਾ ਹੈ। ਮਸੋਸੀ ਜਿਹੀ ਉਹ ਕਮਰੇ ਦੇ ਅੰਦਰ ਗਈ ਤੇ ਪੇਟੀ ਉੱਤੇ ਪਏ ਟਰੰਕ ਵਿੱਚੋਂ ਇਕ ਗਰਮ ਡੱਬੀਆਂ ਵਾਲਾ ਖੇਸ ਕੱਢ ਲਿਆਈ, “ਆਹ ਲੈ ਪੁੱਤ, ...” ਉਹਦੇ ਕੋਲੋਂ ਗਲੇਡੂ ਸਾਂਭੇ ਨਾ ਗਏ, ਖੇਸ ਦੀਆਂ ਕੁਝ ਡੱਬੀਆਂ ਸਿੱਲ੍ਹੀਆਂ ਹੋ ਗਈਆਂ, “ਆਪਣੀ ਭੂਆ ਦੀ ਆਹ ਨਿਸ਼ਾਨੀ ਲੈ ਜਾ ...”

ਤੇ ਖੇਸ ਉੱਤੇ ਸੌ ਸੌ ਦੇ ਦੋ ਨੋਟ ਰੱਖ ਕੇ ਡੁਸਕਦੀ ਹੋਈ ਬੋਲੀ, “ਸੌ ਵੀਰ , ਤੇ ਸੌ ਮੇਰੀ ਭਾਬੀ ਨੂੰ ਦੇ ਦੇਵੀਂ

ਮੈਂ ਉਹਨਾਂ ਕੋਲੋਂ ਵਿਦਾਈ ਲਈਮੇਰੇ ਕੋਲੋਂ ਵੀ ਇਹ ਮਾਹੌਲ ਸਹਾਰਿਆ ਨਹੀਂ ਸੀ ਜਾ ਰਿਹਾ। ਭਰਾ ਤਾਰੂ ਤੇ ਬਾਰੂ, ਮੈਂਨੂੰ ਲਾਹੌਰ, ਡੇਰਾ ਸਾਹਿਬ ਗੁਰਦਵਾਰੇ ਦੇ ਗੇਟ ਤੱਕ ਛੱਡਣ ਆਏ। ਅੱਠ ਵੱਜ ਚੁੱਕੇ ਸਨ ਪਰ ਨੇਕ ਦਿਲ ਡਿਊਟੀ-ਅਫਸਰ ਨੇ ਸਿਰਫ ਇੰਨਾ ਹੀ ਕਿਹਾ, “ਕਾਫੀ ਦੇਰ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਕੱਲ੍ਹ ਵਕਤ ਸਿਰ ਆ ਜਾਣਾ।”

ਡੱਬੀਆਂ ਵਾਲਾ ਖੇਸ ਹੁਣ ਵੀ ਮੇਰੇ ਕੋਲ, ਮੇਰੇ ਘਰ ਹੈ, ਜਿਸ ਦਾ ਅੱਜ ਕਲ੍ਹ ਮੇਰਾ ਬੇਟਾ ਮਹਿਤਾਬ ਵਿਸਾਹ ਨਹੀਂ ਖਾਂਦਾ, ਕਿਉਂਕਿ ਉਸ ਨੂੰ ਇਸ ਬਾਰੇ ਵਿਸਥਾਰ ਸਹਿਤ ਪਤਾ ਹੈ।

*****

(373)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)