RanjeetLehra7ਹਕੀਕਤ ਇਹ ਹੈ ਕਿ ਹਵਾ ਆਪੇ ਨਹੀਂ ਵਗਦੀ ਹੁੰਦੀਵਗਾਈ ਜਾਂਦੀ ਹੈ। ਉਹ ਜ਼ਹਿਰੀ ਹਵਾ ...
(13 ਜਨਵਰੀ 2023)
ਮਹਿਮਾਨ: 60.


13January23 2ਉਹ
12 ਜਨਵਰੀ 2007 ਦਾ ਦਿਨ ਸੀ ਜਦੋਂ ਮਾਤਾ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਚਲੀ ਗਈਪਰਿਵਾਰ ਤੇ ਗੁਆਂਢ ਦੀਆਂ ਔਰਤਾਂ ਮੰਜੇ ਦੁਆਲੇ ਖੜ੍ਹੀਆਂ ਉਹਦੇ ਬੇਸੁਰਤ ਜਿਹੀ ਪਈ ਦੇ ਮੂੰਹ ਵਿੱਚ ਚਮਚ ਨਾਲ ਪਾਣੀ ਪਾ ਰਹੀਆਂ ਸਨਕਿਸੇ ਨੇ ਮੈਨੂੰ ਕਿਹਾ, “ਵੇ ਤੂੰ ਵੀ ਪਾ ਦੇ, ਕੀ ਪਤਾ ਤੇਰੇ ਹੱਥੋਂ ਹੀ ਆਖ਼ਰੀ ਘੁੱਟ ਪੀ ਕੇ ਛੁਟਕਾਰਾ ਹੋ ਜੇ।”

ਮੈਂ ਪਾਣੀ ਦਾ ਚਮਚਾ ਫੜਿਆ ਤੇ ਬੇਬੇ ਦੇ ਮੂੰਹ ਨੂੰ ਲਾਉਂਦਿਆਂ ਹੱਸਦੇ ਨੇ ਕਿਹਾ, “ਲੈ ਬੇਬੇ, ਪੀ ਪਾਣੀ ’ਤੇ ਚੱਲ ਜਾਹ ਸੁਰਗ ਨੂੰ।” ਤੇ ਸੱਚੀਂ, ਪਾਣੀ ਦੀ ਘੁੱਟ ਅੰਦਰ ਜਾਂਦਿਆਂ ਹੀ ਮਾਤਾ ਦੇ ਪ੍ਰਾਣ-ਪੰਖੇਰੂ ਉਡਾਰੀ ਮਾਰ ਗਏ

ਮਾਂ ਕਿਰਤ ਦਾ ਮੁਜੱਸਮਾ ਸੀਆਪਣੇ ਛੇ ਬੱਚਿਆਂ ਦਾ ਭਵਿੱਖ ਸੰਵਾਰਦੀ ਦੇ ਨਾ ਉਹਦੇ ਸਾਰੀ ਉਮਰ ਨਹੁੰਆਂ ਵਿੱਚੋਂ ਡੰਗਰਾਂ ਦਾ ਗੋਹਾ ਨਿੱਕਲਿਆ, ਨਾ ਹੱਥਾਂ-ਪੈਰਾਂ ਵਿੱਚੋਂ ਬਿਆਈਆਂ ਗਈਆਂ

ਗੁਰਨਾਮ ਕੌਰ ਦਾ ਜਨਮ 1930ਵਿਆਂ ਦੇ ਪਹਿਲੜੇ ਸਾਲਾਂ ਵਿੱਚ ਬੁਢਲਾਡੇ ਨੇੜਲੇ ਪਿੰਡ ਬੱਛੋਆਣਾ ਵਿੱਚ ਹੋਇਆ ਸੀਡਸਕਾ, ਰੱਤਾ, ਹਰਿਆਊ ਵਰਗੇ ਮੁਸਲਿਮ ਵਸੋਂ ਵਾਲੇ ਕਈ ਪਿੰਡ ਬੱਛੋਆਣੇ ਦੇ ਇਰਦ-ਗਿਰਦ ਸਨ1947 ਦੇ ਹੱਲਿਆਂ ਵਾਲੇ ਸਾਲ ਤੇ ਉਹਦੇ ਅੱਗੜ-ਪਿੱਛੜ ਇਨ੍ਹਾਂ ਪਿੰਡਾਂ ਵਿੱਚ ਵੀ ਧਰਮੀ ਮਨੁੱਖ ਧਰਮ ਭੁੱਲ ਕੇ ਸ਼ੈਤਾਨ ਬਣ ਗਏ ਸਨਭਰਾ ਭਰਾਵਾਂ ਦੇ ਵੈਰੀ ਅਤੇ ਦੁੱਖ-ਸੁਖ ਦੇ ਸਾਂਝੀ ਇੱਕ-ਦੂਜੇ ਦੇ ਜਾਨੀ ਦੁਸ਼ਮਣ ਬਣ ਬੈਠੇ ਸਨਧਰਮੀ ਬਾਬਲਾਂ ਨੇ ਧੀਆਂ-ਭੈਣਾਂ ਦੇ ਨਗਨ ਜਲੂਸ ਕੱਢਣ ਅਤੇ ਚੰਮ ਨੋਚਣ ਵਿੱਚ ਭੋਰਾ ਵੀ ਸ਼ਰਮ-ਹਯਾ ਮਹਿਸੂਸ ਨਹੀਂ ਸੀ ਕੀਤੀਇਨ੍ਹਾਂ ਪਿੰਡਾਂ ਵਿੱਚ ਕਤਲ, ਉਧਾਲ਼ੇ, ਬਲਾਤਕਾਰ, ਲੁੱਟ-ਮਾਰ, ਸਾੜ-ਫੂਕ, ਉਜਾੜੇ; ਕੀ ਕੁਝ ਨਹੀਂ ਸੀ ਹੋਇਆਹਰ ਪਾਸੇ ਕੂਕਾਂ-ਕੁਰਲਾਹਟਾਂ ਸਨਬੋਲੇ ਸੋ ਨਿਹਾਲ, ਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇ ਸਨਪਿੰਡਾਂ ਦੀਆਂ ਗਲੀਆਂ ਵਿੱਚ ‘ਮੁਸਲੇ ਆ ’ਗੇ ਓਏ’, ‘ਸਿਖੜੇ ਆ .ਗੇ ਓਏ’, ‘ਘੇਰ ਲਓ ਓਏ, ਜਾਣ ਨਾ ਦਿਓ’ ਦੇ ਲਲਕਾਰੇ ਸਨ

ਲੁੱਟ-ਮਾਰ, ਕਤਲੋਗਾਰਤ, ਉਧਾਲਿਆਂ ਅਤੇ ਉਜਾੜਿਆਂ ਦੇ ਅਜਿਹੇ ਮਨਹੂਸ ਸਮਿਆਂ ਵਿੱਚ ਕੁੜੀਆਂ ਦੀ ਜਿਹੜੀ ਪੀੜ੍ਹੀ ਅੱਲ੍ਹੜ ਬਰੇਸ ਸੀ, ਉਡਾਰ ਹੋ ਰਹੀ ਸੀ, ਉਹ ਕਿਹੋ ਜਿਹੇ ਸ਼ੰਕਿਆਂ, ਸੰਸਿਆਂ ਤੇ ਡਰੂ ਭਾਵਨਾਵਾਂ ਵਾਲੀ ਮਨੋਦਸ਼ਾ ਲੈ ਕੇ ਜਵਾਨ ਹੋਈ ਹੋਵੇਗੀ, ਇਹਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈਮਾਂ ਵੀ ਉਸੇ ਪੀੜ੍ਹੀ ਵਿੱਚੋਂ ਸੀਉਹਦਾ ਵਿਆਹ ਹੱਲਿਆਂ ਵਾਲੇ ਸਾਲਾਂ ਦੇ ਨੇੜੇ-ਤੇੜੇ ਹੋਇਆ ਸੀ

ਮਾਂ ਨੇ ਸਾਡੇ ਨਾਲ ਜਾਂ ਅਸੀਂ ਉਹਦੇ ਨਾਲ ਕਦੇ ਉਨ੍ਹਾਂ ਦਿਨਾਂ ਬਾਰੇ ਬਹੁਤੀ ਗੱਲ ਨਹੀਂ ਸੀ ਕੀਤੀਆਮ ਵਰਤੋਂ ਵਿਹਾਰ ਵਿੱਚ ਅਸੀਂ ਕਦੇ ਇਹ ਮਹਿਸੂਸ ਨਹੀਂ ਸੀ ਕੀਤਾ ਕਿ ਮਾਂ ਕਿਸੇ ਵਿਸ਼ੇਸ਼ ਧਰਮ, ਜਾਤੀ ਜਾਂ ਫ਼ਿਰਕੇ ਦੇ ਲੋਕਾਂ ਨੂੰ ਨਫ਼ਰਤ ਕਰਦੀ ਹੈ ਜਾਂ ਸਾੜਾ ਰੱਖਦੀ ਹੈਹਾਂ, ਉਹਨੇ 1947 ਦੇ ਸਾਲ ਨੂੰ ਕਦੇ ਆਜ਼ਾਦੀ ਦਾ ਸਾਲ ਨਹੀਂ ਸੀ ਕਿਹਾ, ਉਹ ਉਸ ਨੂੰ ਹੱਲਿਆਂ ਵਾਲਾ ਸਾਲ ਹੀ ਕਹਿੰਦੀ ਹੁੰਦੀ ਸੀ

ਖ਼ੈਰ, ਹੱਲਿਆਂ ਨੇ ਉਹਦੀ ਮਾਨਸਿਕਤਾ ’ਤੇ ਕੀ ਅਸਰ ਪਾਇਆ ਸੀ, ਇਹਦਾ ਪਤਾ ਸਾਨੂੰ ਬਹੁਤ ਬਾਅਦ ਵਿੱਚ ਉਹਦੀ ਪਿਛਲੀ ਉਮਰੇ ਲੱਗਿਆ ਸੀਉਹ ਅਸਰ ਉਮਰ ਭਰ ਉਹਦੇ ਅਚੇਤ ਮਨ ਵਿੱਚ ਕਿਤੇ ਦੱਬਿਆ ਪਿਆ ਸੀਜਦੋਂ ਉਹ ਸੱਤਰਾਂ ਕੁ ਸਾਲਾਂ ਦੀ ਸੀ, ਉਹਨੂੰ ਪਹਿਲਾਂ ਮਿਰਗੀ ਦੇ ਦੌਰੇ ਪੈਣ ਲੱਗੇ ਤੇ ਫਿਰ ਉਹਦਾ ਦਿਮਾਗੀ ਸੰਤੁਲਨ ਵਿਗੜ ਗਿਆਵਿਗੜੇ ਦਿਮਾਗੀ ਸੰਤੁਲਨ ਦੀ ਹਾਲਤ ਵਿੱਚ ਉਹ ਜਦੋਂ ਤਾਂ ਸੁਚੇਤ ਅਵਸਥਾ ਵਿੱਚ ਹੁੰਦੀ, ਉਦੋਂ ਤਾਂ ਚੰਗੀਆਂ ਭਲੀਆਂ ਗੱਲਾਂ ਕਰਦੀ, ਤੇ ਜਦੋਂ ਇਕਾਂਤ ਵਿੱਚ ਬੈਠੀ ਅਚੇਤ ਅਵਸਥਾ ਵਿੱਚ ਹੁੰਦੀ ਤਾਂ ਪਤਾ ਨਹੀਂ ਕਦੋਂ ਕਦੋਂ ਦੀਆਂ ਤੇ ਕਿਸ ਕਿਸ ਨਾਲ ਉੱਚੀ ਉੱਚੀ ਗੱਲਾਂ ਕਰਦੀ, ਬਹਿਸਦੀ, ਗਾਲ਼ਾਂ ਕੱਢਦੀਸਾਡੇ ਨਾਲ ਲੱਗਵਾਂ ਘਰ ਮੇਰੇ ਪਟਿਆਲੇ ਰਹਿੰਦੇ ਭਰਾ ਦਾ ਸੀ ਜਿਹੜਾ ਮੇਰੇ ਦੋ ਅਧਿਆਪਕ ਦੋਸਤਾਂ ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀਮਾਂ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ‘ਮੁਸਲਿਆਂ ਦੇ ਮੁੰਡਿਆਂ’ ਨੇ ਉਹਦੇ ਪੁੱਤ ਦੇ ਘਰ ’ਤੇ ਕਬਜ਼ਾ ਕੀਤਾ ਹੋਇਆ ਹੈਉਹ ਜਦੋਂ ਵੀ ਗਲੀ ਵਿੱਚ ਉਨ੍ਹਾਂ ਨੂੰ ਆਉਂਦੇ ਜਾਂਦੇ ਦੇਖਦੀ, ‘ਵੇ ਮੁਸਲੇ ਆ ’ਗੇ, ਮੁਸਲੇ ਆ ’ਗੇ, ਆਈਂ ਵੇ ਗੁਰਚਰਨ, ਆਇਓ ਵੇ ਲੋਕੋ …’ ਕੂਕਦੀਕਦੇ ਕਦੇ ਤਾਂ ਉਹ ਉਨ੍ਹਾਂ ਦੇ ਗੇਟ ’ਤੇ ਸੋਟੀਆਂ ਮਾਰਦੀ, ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਹਿੰਦੀਵਾਰ ਵਾਰ ਸਮਝਾਉਣ ਦੇ ਬਾਵਜੂਦ ਉਹ ਗੱਲ ਉਹਦੇ ਦਿਮਾਗ ਵਿੱਚੋਂ ਨਹੀਂ ਸੀ ਨਿੱਕਲੀ

ਸਵਾਲ ਹੈ ਕਿ ਨਫ਼ਰਤ ਵਿੱਚ ਗੜੁੱਚ ਇਹ ਸ਼ਬਦ ਮਾਂ ਦੇ ਦਿਮਾਗ ਵਿੱਚ ਕਿੱਥੋਂ ਆ ਵੜਿਆ? ਸਾਡੇ ਤਾਂ ਨੇੜੇ ਤੇੜੇ ਮੁਸਲਮਾਨਾਂ ਦਾ ਕੋਈ ਘਰ ਵੀ ਨਹੀਂ ਸੀ ਜਿਸਦੇ ਕਰ ਕੇ ਕਿਸੇ ਅਣਬਣ ਵਿੱਚੋਂ ਅਜਿਹਾ ਹੋ ਸਕਦਾਇਹਦਾ ਇੱਕੋ ਹੀ ਸਰੋਤ ਸੀ ਤੇ ਉਹ ਸੀ 47 ਦੇ ਹੱਲਿਆਂ ਵੇਲੇ ਦਾ ਦਿਮਾਗ ਦੇ ਕਿਸੇ ਕੋਨੇ ਵਿੱਚ ਬੈਠਾ ਖੌਫ਼ ਤੇ ਖੌਫ਼ ਵਿੱਚੋਂ ਪੈਦਾ ਹੋਈ ਨਫ਼ਰਤਇਹ ਗੱਲ ਦੱਸਦੀ ਹੈ ਕਿ ਫ਼ਿਰਕੂ ਤਾਕਤਾਂ ਵੱਲੋਂ ਸਮਾਜ ਵਿੱਚ ਫੈਲਾਈ ਨਫ਼ਰਤ ਲੋਕਾਂ ਦੀ ਮਾਨਸਿਕਤਾ ਨੂੰ ਸਾਲਾਂ ਨਹੀਂ ਦਹਾਕਿਆਂ ਤੇ ਪੀੜ੍ਹੀਆਂ ਤਕ ਮਾਰ ਕਰਦੀ ਹੈਫ਼ਿਰਕੂ ਨਫ਼ਰਤ ਤੇ ਦੰਗਿਆਂ ਦਾ ਦੁਰਪ੍ਰਭਾਵ ਦਹਾਕਿਆਂ ਤਕ ਵੀ ਸਮਾਜੀ ਭਾਈਚਾਰੇ ਨੂੰ ਸਾਵਾਂ ਨਹੀਂ ਹੋਣ ਦਿੰਦਾ

ਸੰਨ 2017 ਵਿੱਚ ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਦਰਾਂ ਪੰਦਰਾਂ ਲੜਕੇ-ਲੜਕੀਆਂ ਦੀ ਸ਼ੌਰਟ ਡਾਕੂਮੈਂਟਰੀ ਫਿਲਮਾਂ ਬਾਰੇ ਵਰਕਸ਼ਾਪ ਲਾਈ ਜਿਸਦੇ ਲਈ ਅਰਜ਼ੀਕਾਰਾਂ ਤੋਂ ਇੱਕ ਮਿੰਟ (60 ਸਕਿੰਟ) ਦੀ ਡਾਕੂਮੈਂਟਰੀ ਮੰਗੀ ਗਈ ਸੀਮੇਰੀ ਧੀ ਅਰਸ਼ਦੀਪ ਸੰਧੂ ਨੇ ਇਸੇ ਥੀਮ ਨੂੰ ਲੈ ਕੇ ਆਪਣੀ ਦਾਦੀ ਦੇ ਅਚੇਤ ਮਨ ਦੀ ਮਨੋਦਸ਼ਾ ਦੀਆਂ ਜੜ੍ਹਾਂ ਫਰੋਲਦੀ ਡਾਕੂਮੈਂਟਰੀ ਬਣਾ ਕੇ ਭੇਜੀ, ਜਿਹੜੀ ਸਲਾਹੀ ਤੇ ਪਰਵਾਨ ਕੀਤੀ ਗਈ ਸੀ

ਉਨ੍ਹਾਂ ਦਿਨਾਂ ਦੇ ਹਾਲਾਤ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਅਸੀਂ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਭਾਈ ਉਦੋਂ ’ਵਾ (ਹਵਾ) ਹੀ ਪਤਾ ਨਹੀਂ ਚੰਦਰੀ ਕਿਹੋ ਜਿਹੀ ਵਗ ਪਈ ਸੀ ਜੀਹਨੇ ਭਾਈਆਂ ਹੱਥੋਂ ਭਾਈ ਮਰਵਾ ਦਿੱਤੇਹਕੀਕਤ ਇਹ ਹੈ ਕਿ ਹਵਾ ਆਪੇ ਨਹੀਂ ਵਗਦੀ ਹੁੰਦੀ, ਵਗਾਈ ਜਾਂਦੀ ਹੈਉਹ ਜ਼ਹਿਰੀ ਹਵਾ ਅੰਗਰੇਜ਼ਾਂ ਦੀ ਥਾਪੜਾ ਪ੍ਰਾਪਤ ਹਿੰਦੂ ਮਹਾਂਸਭਾ ਤੇ ਮੁਸਲਿਮ ਲੀਗ ਨੇ ਦੋ ਕੌਮਾਂ ਦਾ ਸਿਧਾਂਤ ਘੜ ਕੇ, ਹਿੰਦੂਆਂ ਦਾ ਹਿੰਦੋਸਤਾਨ ਅਤੇ ਮੁਸਲਮਾਨਾਂ ਦਾ ਪਾਕਿਸਤਾਨ ਦੇ ਨਾਂ ’ਤੇ ਵਗਾਈ ਸੀ

ਹੁਣ ਫਿਰ ਬਿਲਕੁਲ ਉਵੇਂ ਹੀ ਸੱਤਾ ਦੀ ਸਰਪ੍ਰਸਤੀ ਹੇਠ ਉਹੋ ਜਿਹੀ ਜ਼ਹਿਰੀ ਹਵਾ ਵਗਾਉਣ ਲਈ ਨਿੱਤ ਦਿਨ ਕੋਈ ਨਾ ਕੋਈ ਦੱਬਿਆ ਮੁਰਦਾ ਉਖਾੜਿਆ ਜਾ ਰਿਹਾ ਹੈ। ਕਦੇ ਮੰਦਰ-ਮਸਜਿਦ, ਕਦੇ ਨਾਗਰਿਕਤਾ ਕਾਨੂੰਨ, ਕਦੇ ਲਵ ਜਹਾਦ, ਕਦੇ ਜਬਰੀ ਧਰਮ ਪਰਿਵਰਤਨ, ਕਦੇ ਗਊ ਮਾਸ, ਕਦੇ ਹਿਜਾਬ ਅਤੇ ਕਦੇ ਕੋਈ ਹੋਰਰਾਸ਼ਟਰਵਾਦ ਦੇ ਨਾਂ ’ਤੇ ਨਫ਼ਰਤੀ ਭਾਸ਼ਨਾਂ ਅਤੇ ਫੇਕ ਨਿਊਜ਼ ਦੀ ਜਿਹੜੀ ਬਵਾ ਹਨੇਰੀ ਬਣ ਰਹੀ ਹੈ, ਜੇ ਅਸੀਂ ਵੇਲੇ ਸਿਰ ਉਹਦੇ ਬਾਰੇ ਚੁਕੰਨੇ ਨਾ ਹੋਏ, ਉਹਨੂੰ ਠੱਲ੍ਹਣ ਲਈ ਇੱਕਜੁੱਟ ਨਾ ਹੋਏ ਤਾਂ ਇਹ ਜ਼ਹਿਰੀ ਹਵਾ ਮੁਲਕ ਨੂੰ ਇੱਕ ਹੋਰ ਵੰਡ, ਕਤਲੇਆਮ ਤੇ ਹੱਲਿਆਂ ਵੱਲ ਧੱਕਣ ਤੋਂ ਉਰ੍ਹਾਂ ਰੁਕੇਗੀ ਨਹੀਂ

ਸ਼ੁਕਰ ਹੈ, ਮਾਂ ਨੇ ਆਪਣੇ ਅਚੇਤ ਮਨ ਵਿੱਚ ਦੱਬੇ ਪਏ ਖੌਫ਼ ਅਤੇ ਨਫ਼ਰਤ ਨੂੰ ਜ਼ੁਬਾਨ ’ਤੇ ਲਿਆ ਕੇ ਆਪਣੀ ਔਲਾਦ ਨੂੰ ਵਿਰਾਸਤ ਵਿੱਚ ਨਹੀਂ ਵੰਡਿਆ ਪਰ ਕੀ ਅਸੀਂ ਆਪਣੀ ਔਲਾਦ ਨੂੰ ਵਿਰਾਸਤ ਵਿੱਚ ਧਰਮ ਨਿਰਪੱਖ ਤੇ ਜਮਹੂਰੀ ਭਾਰਤ ਛੱਡ ਕੇ ਜਾ ਸਕਾਂਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3736)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)