RanjeetLehra7ਖਰਚੇ ਦੀ ਗੱਲ ਸੁਣ ਕੇ ਰਾਜਪਾਲ ਘਬਰਾ ਗਈ। ਸਾਡੇ ਕੋਲ ਤਾਂ ਇੰਨੀਆਂ ਠੀਕਰੀਆਂ ...
(19 ਅਪਰੈਲ 2020)

 

ਅਗਸਤ, 2006 ਦੀ ਇੱਕ ਰਾਤ। ਅੱਧੀ ਰਾਤ ਤੋਂ ਬਾਅਦ ਦੋ ਕੁ ਵਜੇ ਦਾ ਸਮਾਂ। ਰੁਕ-ਰੁਕ ਪੈਂਦੀ ਬਾਰਸ਼ ਅਤੇ ਬਾਰਸ਼ ਦੌਰਾਨ ਗਰਜਦੇ ਬੱਦਲਾਂ ਦਰਮਿਆਨ ਅਚਾਨਕ ਜ਼ੋਰਦਾਰ ਧਮਾਕੇ ਨਾਲ ਅਸਮਾਨੀ ਬਿਜਲੀ ਲਹਿਰੇ ਦੇ ਬਾਲਮੀਕ ਮੰਦਰ ਦੇ ਗੁੰਬਦ ’ਤੇ ਆਣ ਡਿੱਗੀ। ਧਮਾਕਾ ਇੰਨਾ ਜੋਰਦਾਰ ਸੀ ਕਿ ਕੰਨਾਂ ਦੇ ਕੀੜੇ ਨਿਕਲ ਗਏ ਤੇ ਸਾਰੀ ਦੇਹ ਕੰਬ ਉੱਠੀ। ਬਿਜਲੀ ਦਾ ਡਿੱਗਣਾ ਤੇ ਦੇਹ ਦਾ ਕੰਬਣਾ ‘ਕੁੱਬੇ ਦੇ ਲੱਤ ਸੂਤ ਆਉਣ’ ਵਾਂਗ ਮੇਰੇ ਲਈ ਜੀਵਨਦਾਨੀ ਹੋ ਨਿੱਬੜਿਆ।

ਮਈ ਦੇ ਸ਼ੁਰੂਆਤੀ ਦਿਨਾਂ ਵਿੱਚ ਵਿਆਹ ਦੀ ਇੱਕ ਪਾਰਟੀ ਵਿੱਚ, ਤਪਦੇ ਚੁਬਾਰੇ ਵਿੱਚ ਬੈਠ ਕੇ, ਘਰ ਦੀ ਕੱਢੀ ਘਟੀਆ ਜਿਹੀ ਸ਼ਰਾਬ ਦੇ ਲਾਏ ਦੋ ਕੁ ਲੰਡੂ ਜਿਹੇ ਪੈੱਗਾਂ ਨੇ ਘਰ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਲਈ ਖ਼ਤਰੇ ਦਾ ਅਲਾਰਮ ਵਜਾ ਦਿੱਤਾ। ਦਿਲ ਦੀ ਜਨਮਜਾਤ ਬਿਮਾਰੀ ਕਰਕੇ ਛਾਤੀ ਵਿੱਚੋਂ ਖੂਨ ਆਉਣ ਦੀ ਹਰ ਤਿਮਾਹੀ-ਛਿਮਾਹੀ ਆ ਖੜ੍ਹਨ ਵਾਲੀ ਸਮੱਸਿਆ ਨੇ ਸ਼ਾਮਾਂ ਹੋਣ ਤੋਂ ਪਹਿਲਾਂ ਹੀ ਘੇਰਾ ਪਾ ਲਿਆ। ਪਹਿਲਾਂ ਥੋੜ੍ਹਾ-ਥੋੜ੍ਹਾ ਵਗਣ ਵਾਲਾ ਖੂਨ ਚਾਰ ਕੁ ਦਿਨਾਂ ਬਾਅਦ ਛੱਲਾਂ ਮਾਰ ਕੇ ਘੁੱਟਾਂ ਦੇ ਰੂਪ ਵਿੱਚ ਬਾਹਰ ਆਉਣ ਲੱਗ ਪਿਆ। ਦਵਾਈਆਂ ਦੇ ਨਾਲ-ਨਾਲ ਰਾਤ ਨੂੰ ਦੋ-ਚਾਰ ਘੰਟੇ ਆਕਸੀਜਨ ਲਾਉਣ ਦਾ ਪਹਿਲਾਂ ਤੋਂ ਚੱਲਦਾ ਅਮਲ ਹੁਣ ਹੋਰ ਵਧਾ ਦਿੱਤਾ ਗਿਆ ਸੀ। ਲਹਿਰੇ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਮੇਰੇ ਮਿੱਤਰ ਡਾ. ਅਜੈ ਕੁਮਾਰ ਹੋਰਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਜਦੋਂ ਕਹਾਣੀ ਸੂਤ ਨਾ ਆਈ ਤਾਂ ਇੱਕ ਦਿਨ ਦੇਰ ਸ਼ਾਮ ਨੂੰ ਮੈਂ ਆਪਣੇ ਦੋਸਤ ਤੇ ਦਿਲ ਦੇ ਮਾਹਿਰ ਡਾਕਟਰ ਧਰਮਵੀਰ ਗਾਂਧੀ ਨਾਲ ਗੱਲ ਕਰਨ ਲਈ ਫੋਨ ਲਾਇਆ, ਪਰ ਉਨ੍ਹਾਂ ਫੋਨ ਨਾ ਚੁੱਕਿਆ। ਫਿਰ ਕੁਝ ਹੀ ਪਲਾਂ ਬਾਅਦ ਉਨ੍ਹਾਂ ਦਾ ਫੋਨ ਆਇਆ। ਮੈਂ ਉਨ੍ਹਾਂ ਨੂੰ ਖੂਨ ਆਉਣ ਤੇ ਵਾਰ-ਵਾਰ ਦਿਲ ਦੀ ਧੜਕਣ ਵਧਣ ਅਤੇ ਸਾਹ ਔਖਾ-ਔਖਾ ਹੋਣ ਬਾਰੇ ਦੱਸ ਦਿੱਤਾ। ਉਨ੍ਹਾਂ ਕਿਹਾ, ਘੌਲ ਨਹੀਂ ਕਰਨੀ ਅੱਗੇ ਰਾਤ ਆ ਰਹੀ ਹੈ, ਫਟਾਫਟ ‘ਪਟਿਆਲਾ ਹਾਰਟ ਸੈਂਟਰ’ ਪਹੁੰਚੋ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਤੇ ਡਾ. ਗੁਰਪ੍ਰੀਤ ਸਿੰਘ ਕਿਸੇ ਮੈਡੀਕਲ ਕਾਨਫਰੰਸ ਵਿੱਚ ਦਿੱਲੀ ਹਾਂ, ਡਾ. ਸਿੱਧੂ ਸਾਹਿਬ ਹੁਣੇ ਹਸਪਤਾਲ ਫੋਨ ਕਰ ਦੇਣਗੇ, ਬਿਨਾਂ ਕੋਈ ਪੈਸਾ ਜਮ੍ਹਾਂ ਕਰਵਾਏ ਤੇਰਾ ਇਲਾਜ ਤੁਰੰਤ ਸ਼ੁਰੂ ਹੋ ਜਾਵੇਗਾ।

ਸਰਕਾਰੀ ਐਂਬੂਲੈਂਸ ਲੈ ਕੇ ਹਰੀ ਸਿੰਘ ਅੜਕਵਾਸ ਤੁਰੰਤ ਪਹੁੰਚ ਗਿਆਨਾਮਦੇਵ ਭੁਟਾਲ, ਤਰਸੇਮ ਭੋਲੂ, ਜਗਦੀਸ਼ ਪਾਪੜਾ, ਜਗਜੀਤ ਭੁਟਾਲ ਤੇ ਮਾਸਟਰ ਈਸ਼ਵਰ ਸਿੰਘ ਵਰਗੇ ਦੋਸਤਾਂ ਸਮੇਤ ਸਾਰਾ ਮੁਹੱਲਾ ਇਕੱਠਾ ਹੋ ਗਿਆ। ਮੈਂਨੂੰ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵਿੱਚ ਪਾਉਣ ਤੋਂ ਵਧੇਰੇ ਔਖਾ ਸੀ ਆਕਸੀਜ਼ਨ ਦੇ ਵੱਡੇ ਸਲੰਡਰ ਨੂੰ ਐਂਬੂਲੈਂਸ ਵਿੱਚ ਟਿਕਾਉਣਾ ਤੇ ਪਕੜ ਕੇ ਰੱਖਣਾ। ਮੈਂਨੂੰ ਸਟਰੈਚਰ ’ਤੇ ਪਾ ਕੇ ਜਦੋਂ ਸਾਰੇ ਇੱਕ-ਦੂਜੇ ਨੂੰ ਕਹਿਣ ਲੱਗੇ, ਓ ਫਲਾਣਿਆਂ ਤੂੰ ਅੱਗੇ ਲੱਗ, ਤੂੰ ਪਿੱਛੇ ਲੱਗ, ਤਾਂ ਸੁਣ ਕੇ ਮੇਰੇ ਕੰਨ ਹੱਸਣ ਬਈ ਐਡਾ ਕਿੱਡਾ ਕੁ ਭਲਵਾਨ ਚੁੱਕਣਾ! ਇੱਕ ਬੰਦਾ ਕੁੱਛੜ ਚੁੱਕੇ ਤੇ ਐਂਬੂਲੈਂਸ ਵਿੱਚ ਪਾ ਆਵੇ। ਮੈਂ ਸੋਚ ਹੀ ਸਕਦਾ ਸੀ ਬੋਲਣ ਵਾਲੀ ਹਾਲਤ ਤਾਂ ਹੈ ਨਹੀਂ ਸੀ, ਨਹੀਂ ਤਾਂ ਕਹਿ ਹੀ ਦਿੰਦਾ। ਖੈਰ, ਪਟਿਆਲਾ ਹਾਰਟ ਵਿੱਚ ਦੋ-ਤਿੰਨ ਦਿਨ ਰੱਖ ਕੇ ਟਰੀਟਮੈਂਟ ਦੇਣ ਤੇ ਇਨਫੈਕਸ਼ਨ ਕੰਟਰੋਲ ਕਰਨ ਤੋਂ ਬਾਅਦ ਮੈਂਨੂੰ ਛੁੱਟੀ ਕਰ ਦਿੱਤੀ ਗਈ। ਖੂਨ ਤੁਰੰਤ ਬੰਦ ਕਰਨ ਦੀ ਮੈਂਨੂੰ ਕੋਈ ਖਾਸ ਦਵਾਈ ਨਹੀਂ ਦਿੱਤੀ ਗਈ, ਇਸ ਨੇ ਹੌਲੀ-ਹੌਲੀ ਇਨਫੈਕਸ਼ਨ ਵਗੈਰਾ ਘਟਣ ਨਾਲ ਆਪੇ ਹੌਲੀ-ਹੌਲੀ ਬੰਦ ਹੋਣਾ ਹੁੰਦਾ ਹੈ। ਹਸਪਤਾਲੋਂ ਵਾਪਸ ਆਉਣ ਤੋਂ ਬਾਅਦ ਖੂਨ ਆਉਣਾ ਘਟ ਤਾਂ ਗਿਆ ਪਰ ਬੰਦ ਨਾ ਹੋਇਆ।

ਪਹਿਲਾਂ ਦਿਨ ਬੀਤੇ, ਫਿਰ ਹਫ਼ਤੇ ਤੇ ਫਿਰ ਮਹੀਨੇ ਬੀਤਣ ਲੱਗੇ। ਖੂਨ ਦੀਆਂ ਘੁੱਟਾਂ ਆਉਣੀਆਂ ਭਾਵੇਂ ਬੰਦ ਹੋ ਗਈਆਂ ਪਰ ਖੂਨ ਅੰਦਰੇ-ਅੰਦਰ ਸਿੰਮਦਾ ਰਹਿੰਦਾ ਤੇ ਥੋੜ੍ਹੇ-ਥੋੜ੍ਹੇ ਚਿਰ ਬਾਅਦ ਗੰਢਾਂ ਜਿਹੀਆਂ ਬਣ ਕੇ ਸਾਰਾ ਦਿਨ ਨਿਕਲਦਾ ਰਹਿੰਦਾ। ਆਕਸੀਜਨ ਚੱਲਦੀ ਰਹਿੰਦੀ। ਭਰੇ ਸਲੰਡਰ ਆਉਂਦੇ ਰਹਿੰਦੇ ਤੇ ਖਾਲੀ ਹੋ-ਹੋ ਜਾਂਦੇ ਰਹਿੰਦੇ। ਹਾਲਤ ਇਹ ਹੋ ਗਈ ਕਿ ਮੈਂ ਦੋ ਕਮਰਿਆਂ ਦੇ ਮਕਾਨ ਦੇ ਇੱਕ ਕਮਰੇ ਦੇ ਮੰਜੇ ਤੱਕ ਸਿਮਟ ਕੇ ਰਹਿ ਗਿਆ। ਕਹਿਰ ਦੀ ਗਰਮੀ ਤੋਂ ਬਚਾਅ ਲਈ ਪਤਨੀ ਵਾਰ-ਵਾਰ ਪਾਣੀ ਵਿੱਚ ਨਿਚੋੜ ਕੇ ਪੱਗ ਮੇਰੇ ਉੱਪਰ ਪਾਉਂਦੀ ਰਹਿੰਦੀ। ਮੰਜੇ ਦੇ ਨਾਲ ਹੀ ਫੱਟੀ ’ਤੇ ਬਿਠਾ ਕੇ ਦੋ-ਦੋ ਵਾਰ ਨਹਾ ਦਿੰਦੀ। ਪਤਾ ਲੈਣ ਵਾਲੇ ਦੋਸਤ-ਮਿੱਤਰ ਤੇ ਰਿਸ਼ਤੇ-ਨਾਤੇਦਾਰ ਦੂਜੇ ਕਮਰੇ ਵਿੱਚ ਆਉਂਦੇ ਰਹਿੰਦੇ। ਮੇਰੇ ਕੋਲ ਇੱਕ-ਦੋ ਮਿੰਟ ਸਿਰਫ਼ ਉਨ੍ਹਾਂ ਨੂੰ ਹੀ ਆਉਣ ਦਿੱਤਾ ਜਾਂਦਾ ਜਿਨ੍ਹਾਂ ਨੂੰ ਮਿਲਣ ਦੀ ਮੇਰੀ ਇੱਛਾ ਹੁੰਦੀ। ਇਨ੍ਹਾਂ ਦਿਨਾਂ ਵਿੱਚ ਨਾਮਦੇਵ ਭੁਟਾਲ ਸ਼ਾਮ ਨੂੰ ਜਾਂਦਾ ਤੇ ਸਵੇਰੇ ਉੱਠਦਾ ਹੀ ਫੋਨ ਕਰਕੇ ਪੁੱਛਦਾ ਕਿ ਰਾਤ ਕਾਮਰੇਡ ਕਿਵੇਂ ਰਿਹਾ? ਮਾ. ਈਸ਼ਵਰ ਤੇ ਸ਼ਾਂਤੀ ਸਵੇਰੇ-ਸ਼ਾਮ ਹਰ ਵਕਤ ਹਾਜ਼ਰ ਰਹਿੰਦੇ। ਕਈ ਦੋਸਤ-ਮਿੱਤਰ ਮੱਲੋਮੱਲੀ ਮੇਰੀ ਮਦਦ ਲਈ ਪੈਸੇ ਸੁੱਟ ਕੇ ਵੀ ਗਏ ਤੇ ਸਾਡੀ ਪੀ.ਡਬਲਯੂ.ਡੀ. ਫੀਲਡ ਵਰਕਰਜ਼ ਯੂਨੀਅਨ ਦੇ ਸਾਥੀਆਂ ਨੇ ਵੀ ਫੰਡ ਭੇਜਿਆ।

ਮੇਰੀ ਨਿੱਘਰਦੀ ਹਾਲਤ ਨੂੰ ਦੇਖ ਕੇ ਇੱਕ ਦਿਨ ਮੇਰੀ ਪਤਨੀ ਰਾਜਪਾਲ ਨੇ ਡਾ. ਗਾਂਧੀ ਨੂੰ ਫੋਨ ਲਾ ਲਿਆ। ਮੇਰੀ ਹਾਲਤ ਬਾਰੇ ਸੁਣ ਕੇ ਉਹ ਕਹਿਣ ਲੱਗੇ, ‘ਕੁਝ ਦਿਨ ਹੋਰ ਉਡੀਕਦੇ ਹਾਂ, ਨਹੀਂ ਤਾਂ ਐਸਕਾਰਟ ਹਸਪਤਾਲ, ਦਿੱਲੀ ਭੇਜਾਂਗੇ। ਉਹ ਖੂਨ ਆਉਣ ਵਾਲੀ ਨਾਲੀ ਵਿੱਚ ਜਖ਼ਮ ਵਾਲੀ ਥਾਂ ’ਤੇ ਸਟੈਂਟ ਪਾ ਦੇਣਗੇ।’

70-75 ਹਜ਼ਾਰ ਰੁਪਏ ਦੇ ਖਰਚੇ ਦੀ ਗੱਲ ਸੁਣ ਕੇ ਰਾਜਪਾਲ ਘਬਰਾ ਗਈ। ਸਾਡੇ ਕੋਲ ਤਾਂ ਇੰਨੀਆਂ ਠੀਕਰੀਆਂ ਵੀ ਨਹੀਂ ਸਨ। ਉਹਨੇ ਤੁਰੰਤ ਮੇਰੇ ਦੋਸਤ ਕੁਲਵੰਤ ਕਿਸ਼ਨਗੜ੍ਹ ਵਾਲੇ ਨੂੰ ਫੋਨ ਲਾਇਆ ਤੇ ਰੋਣ ਲੱਗੀ। ਤੁਰੰਤ ਕੁਲਵੰਤ ਪਹੁੰਚ ਗਿਆ। ਉਹਨੇ ਕਿਹਾ ਜਦੋਂ ਡਾਕਟਰ ਕਹਿਣ ਤੁਸੀਂ ਲੈ ਕੇ ਚੱਲ ਪਿਓ, ਪੈਸੇ ਲੈ ਕੇ ਪਹੁੰਚਣਾ ਸਾਡਾ ਕੰਮ ਹੈ। ਇੱਕ ਦਿਨ ਪਤਾ ਲੈਣ ਆਏ ਬਜ਼ੁਰਗ ਸਾਥੀ ਘਣਸ਼ਾਮ ਜੋਸ਼ੀ ਨੇ ਹੌਸਲਾ ਦਿੰਦੇ ਹੋਏ ਰਾਜਪਾਲ ਨੂੰ ਕਿਹਾ, “ਵੀਰ, ਜਾਨ ਤਾਂ ਆਪਾਂ ਦੇ ਨੀ ਸਕਦੇ ਪਰ ਪੈਸੇ ਕੰਨੀਓਂ ਨੀ ਕਾਮਰੇਡ ਨੂੰ ਜਾਣ ਦਿੰਦੇ।”

ਇਸੇ ਉਡੀਕ ਵਿੱਚ ਉਹ ਦਿਨ ਆ ਗਿਆ ਜਿਸ ਦਿਨ ਰਾਤ ਨੂੰ ਬਿਜਲੀ ਬਾਲਮੀਕ ਮੰਦਰ ’ਤੇ ਆਣ ਡਿੱਗੀ। ਮੈਂ ਕਮਰੇ ਤੋਂ ਰਤਾ ਕੁ ਬਾਹਰ ਹੋ ਕੇ ਪਿਸ਼ਾਬ ਕਰਕੇ ਆ ਕੇ ਮੰਜੇ ’ਤੇ ਪਿਆ ਹੀ ਸੀ ਕਿ ਜ਼ੋਰਦਾਰ ਧਮਾਕੇ ਨਾਲ ਮੇਰੀ ਸਾਰੀ ਦੇਹ ਕੰਬ ਗਈ। ਸਾਰਾ ਆਲਾ-ਦੁਆਲਾ ਅੱਗ ਦੇ ਗੋਲੇ ਵਾਂਗ ਲਾਲੋ-ਲਾਲ ਹੋ ਗਿਆ ਜਾਪਿਆ। ਸ਼ਹਿਰ ਦੇ ਕਿਸੇ ਪਾਸੇ ਕਾਵਾਂ-ਰੌਲੀ ਪਈ ਵੀ ਸੁਣਾਈ ਦਿੱਤੀ। ਦੇਰ ਬਾਅਦ ਆਈ ਨੀਂਦ ਵਿੱਚੋਂ ਸਵੇਰ ਨੂੰ ਜਦੋਂ ਉੱਠਿਆ ਤਾਂ ਅੰਦਰੋਂ ਲੁੱਕ ਵਾਂਗ ਕਾਲ਼ੇ ਹੋਏ ਖੂਨ ਦੀਆਂ ਖਾਸੀਆਂ ਗੰਢਾਂ ਨਿਕਲੀਆਂ। ਤੇ ਫਿਰ ਦੁਪਹਿਰ ਤੀਕ ਅੰਦਰੋਂ ਸਿਮਦਾ ਖੂਨ ਬਿਲਕੁਲ ਬੰਦ ਹੋ ਗਿਆ। ਇੰਝ ਅਸਮਾਨੀ ਬਿਜਲੀ ਦਾ ਡਿੱਗਣਾ ਮੇਰੇ ਲਈ ‘ਕੁੱਬੇ ਦੇ ਲੱਤ ਸੂਤ’ ਆਉਣ ਵਾਲੀ ਗੱਲ ਹੋ ਨਿੱਬੜੀ। ਅਸਲ ਵਿੱਚ ਨਾ ਮੌਤ ਨੇ ਮੇਰਾ ਕਦੇ ਪਿੱਛਾ ਛੱਡਿਆ ਹੈ ਤੇ ਨਾ ਮੈਂ ਆਸ ਦਾ ਕਦੇ ਪੱਲਾ ਛੱਡਿਆ ਹੈ। ਬੱਸ ਇਸੇ ਕਰਕੇ ਕੋਈ ਨਾ ਕੋਈ ਬਹਾਨਾ, ਜ਼ਿੰਦਗੀ ਜ਼ਿੰਦਾਬਾਦ ਕਰੀ ਰੱਖਦਾ ਹੈ।

ਬਿਮਾਰੀ ਕੋਈ ਵੀ ਹੋਵੇ, ਹਾਲਾਤ ਕਿੰਨੇ ਵੀ ਮਾੜੇ ਹੋਣ, ਥੋੜ੍ਹੀ ਸਾਵਧਾਨੀ, ਥੋੜ੍ਹੀ ਇੱਛਾ ਸ਼ਕਤੀ, ਸਭ ਨੂੰ ਮਾਤ ਦੇ ਜਾਂਦੀ ਹੈ, ਉਹ ਭਾਵੇਂ ਕੋਰੋਨਾ ਵਾੲਰਿਸ ਹੀ ਕਿਉਂ ਨਾ ਹੋਵੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2066)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)