NirmalSKandhalvi7ਹੁਣ ਉੱਤਰੇਂਗਾ ਵੀ ਕਿ ਚੁੱਕ ਕੇ ਸੁੱਟਾਂ ਬਾਹਰ?” ਨੌਜਵਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਕੰਡਕਟਰ ਹੱਲੇ ਨਾਲ਼ ...
(15 ਜੁਲਾਈ 2022)
ਮਹਿਮਾਨ: 727.


ਉਡੀਕ ਕਰਦਿਆਂ ਕਰਦਿਆਂ ਅਖੀਰ ਪੰਜਾਬ ਰੋਡਵੇਜ਼ ਦੀ ਖਟਾਰਾ ਜਿਹੀ ਬੱਸ ਆ ਹੀ ਗਈ। ਬੋਨਟ ’ਤੇ ਬੈਠੇ ਕੰਡਕਟਰ ਕੋਲੋਂ ਟਿਕਟ ਲੈ ਕੇ ਮੈਂ ਸੀਟ ਦੀ ਤਲਾਸ਼ ਕਰਨ ਲੱਗਿਆ। ਥੋੜ੍ਹਾ ਜਿਹਾ ਅਗਾਂਹ ਹੋਇਆ ਤਾਂ ਇਕ ਸੀਟ ਖਾਲੀ ਮਿਲ ਗਈ। ਖਿੜਕੀ ਵਲ ਦੇ ਪਾਸੇ ਯੂ.ਪੀ. ਜਾਂ ਬਿਹਾਰ ਦਾ ਇਕ ਨੌਜਵਾਨ ਬੈਠਾ ਸੀ ਜਿਹਨਾਂ ਨੂੰ ਆਮ ਤੌਰ ’ਤੇ ਪੰਜਾਬ ਵਿਚ ‘ਭਈਏ’ ਕਹਿ ਕੇ ਬੁਲਾਇਆ ਜਾਂਦਾ ਹੈ। ਉਸ ਨੇ ਅੱਖਾਂ ਬੰਦ ਕਰ ਕੇ ਆਪਣਾ ਸਿਰ ਖਿੜਕੀ ਦੇ ਸ਼ੀਸ਼ੇ ਨਾਲ਼ ਟਿਕਾਇਆ ਹੋਇਆ ਸੀ। ਕੁੱਕੜ ਵਾਂਗ ਅੱਧੀਆਂ ਕੁ ਅੱਖਾਂ ਖੋਲ੍ਹ ਕੇ ਉਸ ਨੇ ਦੇਖ ਲਿਆ ਕਿ ਇਕ ਹੋਰ ਸਵਾਰੀ ਬੈਠਣ ਲਈ ਆ ਹੈ। ਉਹ ਥੋੜ੍ਹਾ ਜਿਹਾ ਖਿੜਕੀ ਵਲ ਨੂੰ ਹੋਰ ਸਰਕ ਗਿਆ।

ਨੌਜਵਾਨ ਕੋਈ ਬਾਈ ਤੇਈ ਸਾਲ ਦਾ ਗੱਭਰੂ ਸੀ। ਉਸ ਨੇ ਨਵੇਂ ਕੱਪੜੇ ਪਾਏ ਹੋਏ ਸਨ ਭਾਵੇਂ ਕਿ ਸਸਤੇ ਜਿਹੇ ਹੀ ਸਨ। ਬੋਦੇ ਨੂੰ ਤੇਲ ਨਾਲ ਵਾਹਵਾ ਚੋਪੜਿਆ ਹੋਇਆ ਸੀ ਅਤੇ ਸਸਤੇ ਜਿਹੇ ਇਤਰ ਦੀ ਖ਼ੁਸ਼ਬੂ ਵੀ ਉਸ ਪਾਸੋਂ ਆ ਰਹੀ ਸੀ। ਇੰਜ ਲਗਦਾ ਸੀ ਜਿਵੇਂ ਕਿ ਉਹ ਕਿਧਰੇ ਵਾਂਢੇ ਜਾ ਰਿਹਾ ਸੀ।

ਮੈਂ ਬੱਸ ਅੱਡੇ ਵਿੱਚੋਂ ਖ਼ਰੀਦੀ ਹੋਈ ਅਖ਼ਬਾਰ ਪੜ੍ਹਨ ਵਿੱਚ ਮਗਨ ਹੋ ਗਿਆ। ਅਖ਼ਬਾਰ ਵਿਚ ਇਕ ਲੇਖ ਪੰਜਾਬ ਵਿਚ ਵਧ ਰਹੀ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਬਾਰੇ ਸੀ ਜਿਸ ਵਿਚ ਲੇਖਕ ਨੇ ਇਸ ਮਸਲੇ ਦੀ ਚੀਰ-ਫਾੜ ਕਰ ਕੇ ਪੰਜਾਬ ਨੂੰ ਦਰਪੇਸ਼ ‘ਖ਼ਤਰਿਆਂ’ ਦਾ ਜ਼ਿਕਰ ਕੀਤਾ ਹੋਇਆ ਸੀ। ਮੈਂ ਜਿਉਂ ਜਿਉਂ ਇਸ ਲੇਖ ਨੂੰ ਪੜ੍ਹਦਾ ਗਿਆ, ਤਿਉਂ ਤਿਉਂ ਮੇਰੇ ਖ਼ੁਦ ਇੰਗਲੈਂਡ ਵਿਚ ਇਕ ਪਰਵਾਸੀ ਹੋਣ ਦੇ ਸੰਤਾਪ ਦੀ ਕਹਾਣੀ ਫ਼ਿਲਮ ਦੀ ਤਰ੍ਹਾਂ ਦਿਮਾਗ਼ ਵਿੱਚ ਘੁੰਮਦੀ ਗਈ ਕਿ ਕਿਵੇਂ ਨਸਲਵਾਦੀ ਗੋਰੇ ਸਾਊਥ ਏਸ਼ੀਆਈ ਪਰਵਾਸੀਆਂ ਨੂੰ ‘ਪਾਕੀ-ਪਾਕੀ’ ਕਹਿ ਕੇ ਚਿੜਾਉਂਦੇ ਰਹਿੰਦੇ ਹਨ ਤੇ ਕਈ ਵਾਰ ਜਿਸਮਾਨੀ ਹਮਲੇ ਵੀ ਕਰਦੇ ਹਨ, ਜਿਨ੍ਹਾਂ ਵਿਚ ਜਾਨਾਂ ਵੀ ਚਲੇ ਜਾਂਦੀਆਂ ਹਨ। ਨਸਲਵਾਦੀ ਗੋਰੇ ਇਹ ਵੀ ਪਰਚਾਰ ਕਰਦੇ ਰਹਿੰਦੇ ਹਨ ਕਿ ਇਹਨਾਂ ‘ਕਾਲ਼ੇ’ ਲੋਕਾਂ ਨੇ ਉਹਨਾਂ ਦੀਆਂ ਨੌਕਰੀਆਂ ਤੇ ਘਰ-ਬਾਰ ਖੋਹ ਲਏ ਹਨ।

ਮੈਂ ਸੋਚ ਰਿਹਾ ਸਾਂ ਕਿ ਸਿਧਾਂਤ ਕਿਵੇਂ ਦੇਸ਼, ਕਾਲ ਅਤੇ ਸੀਮਾ ਤੋਂ ਆਜ਼ਾਦ ਹੁੰਦੇ ਹਨ।

ਬੱਸ ਦੀ ਰਫ਼ਤਾਰ ਹੌਲ਼ੀ ਹੋ ਗਈ, ਸ਼ਾਇਦ ਕੋਈ ਅੱਡਾ ਨੇੜੇ ਆ ਰਿਹਾ ਸੀ। ਨੌਜਵਾਨ ਥੋੜ੍ਹਾ ਸਾਵਧਾਨ ਹੋਇਆ ਤੇ ਪੈਰਾਂ ਵਿੱਚ ਪਏ ਬੈਗ ਨੂੰ ਚੁੱਕ ਕੇ ਜਦੋਂ ਉਹ ਸੀਟ ਤੋ ਉੱਠਣ ਲੱਗਾ ਤਾਂ ਝਰੜ ਕਰ ਕੇ ਉਸ ਦੀ ਕਮੀਜ਼ ਦੀ ਖੱਬੀ ਬਾਂਹ ਦਾ ਲੰਗਾਰ ਲਹਿ ਗਿਆ। ਉਸ ਦੀ ਕਮੀਜ਼ ਸ਼ਾਇਦ ਕਿਸੇ ਮੇਖ ਆਦਿਕ ਵਿੱਚ ਅੜ ਗਈ ਸੀ। ਨੌਜਵਾਨ ਦਾ ਮੂੰਹ ਇੰਜ ਉੱਤਰ ਗਿਆ ਜਿਵੇਂ ਉਸ ਦੀ ਜੇਬ ਕੱਟੀ ਗਈ ਹੋਵੇ।

“ਕੰਡਕਟਰ ਸਾਬ ਦੇਖ ਤੇਰੀ ਬੱਸ ਕੀ ਖਿੜਕੀ ਨੇ ਮੇਰੀ ਕਮੀਜ਼ ਫਾੜ ਦੀ।” ਇੰਨਾ ਕਹਿ ਕੇ ਉਸ ਨੇ ਆਪਣੀ ਫਟੀ ਹੋਈ ਕਮੀਜ਼ ਕੰਡਕਟਰ ਨੂੰ ਦਿਖਾਈ।

“ਸਾਲ਼ਿਆ ਮੁਕਲਾਵਾ ਤਾਂ ਨਹੀਂ ਲੈਣ ਚੱਲਿਆ, ਉੱਤਰ ਥੱਲੇ। ਛੇਤੀ ਕਰ, ਅਸੀਂ ਪਹਿਲਾਂ ਹੀ ਲੇਟ ਆਂ।” ਕੰਡਕਟਰ ਨੇ ਦਬਕਾ ਮਾਰਿਆ।

“ਲੇਟ ਹੋ ਤੋ ਮੈਂ ਕਿਆ ਕਰੂੰ, ਮੇਰਾ ਗਰੀਬ ਕਾ ਨੁਕਸਾਨ ਕਰ ਦੀਆ।” ਉਸ ਨੇ ਰੁਆਂਸਾ ਜਿਹਾ ਹੁੰਦਿਆਂ ਕਿਹਾ।

“ਮੈਂ ਸਾਲ਼ਿਆ ਬਜਾਜੀ ਦੀ ਹੱਟੀ ਖੋਲ੍ਹੀ ਬੈਠਾਂ ਏਥੇ, ਤੈਨੂੰ ਕਿਹਾ ਥੱਲੇ ਉੱਤਰ, ਨਖ਼ਰੇ ਨਾ ਕਰ ਬਹੁਤੇ।” ਕੰਡਕਟਰ ਹੁਣ ਵਧੇਰੇ ਗੁੱਸੇ ਵਿੱਚ ਸੀ। ਪਰ ਨੌਜਵਾਨ ਟੱਸ ਤੋਂ ਮੱਸ ਨਾ ਹੋਇਆ ਤੇ ਉਂਜ ਹੀ ਖੜ੍ਹਾ ਰਿਹਾ।

ਉਸ ਨੂੰ ਆਕੜਿਆ ਦੇਖ ਕੇ ਕੰਡਕਟਰ ਗਰਜਿਆ, “ਸਾਲ਼ਿਓ, ਲੁੱਟ ਲੁੱਟ ਖਾਈ ਜਾਨੇ ਓਂ ਪੰਜਾਬ ਨੂੰ, ਕਮੀਜ਼ ਪਾਟ ਗਈ ਤਾਂ ਕਿਹੜਾ ਕਹਿਰ ਆ ਗਿਆ, ਸਾਲ਼ਾ ਕਿੱਦਾਂ ਕਿਰਲੇ ਆਂਗੂੰ ਆਕੜਿਆ ਖੜ੍ਹੈ।” ਕੰਡਕਟਰ ਦੀਆਂ ਹੁਣ ਗੁੱਸੇ ਨਾਲ਼ ਮੁੱਛਾਂ ਫਰਕ ਰਹੀਆਂ ਸਨ।

“ਲੂਟ ਕੇ ਨਹੀਂ ਖਾਤੇ ਕਿਸੀ ਕਾ, ਸੁਬਾਹ ਸੇ ਸ਼ਾਮ ਤੀਕ ਗਦਹੋਂ ਕੀ ਤਰਹ ਕਾਮ ਕਰਤੇ ਹੈਂ, ਤੁਮ ਲੋਗੋਂ ਕੋ ਹਮਰਾ ਜ਼ਰੂਰਤ ਹੂਈ ਤੋ ਹਮ ਯਹਾਂ ਆਵੇਂ। ਯਹਾਂ ਸੇ ਬੀ ਤੋਂ ਲੋਗ ਇੰਗਲੈਂਡ ਅਮਰੀਕਾ ਭਾਗਤੇ ਹੈਂ ਔਰ ਉਧਰ ਹੋਟਲੋਂ ਮੇਂ ਬਰਤਨ ਮਾਂਜਤੇ ਹੈਂ। ਜਉ ਪੰਜਾਬੀ ਲੋਗ ਇਧਰ ਹੀ ਕਾਮ ਕਰਤੇ ਹੋਤੇ ਤੋ ਹਮ ਕਾਹੇ ਕੋ ਆਤੇ। ਮੁਫ਼ਤ ਮੇਂ ਕੋਈ ਬੀ ਕਿਸੀ ਕੋ ਕੁਛ ਨਾਹੀਂ ਦੇਤ ਹੈ ਬਾਬੂ, ਮਾਲਕ ਲੋਗ ਚਮੜੀ ਉਧੇੜ ਕੇ ਹੀ ਪਈਸਾ ਦੇਤ ਹੈ।”

ਨੌਜਵਾਨ ਨੂੰ ਸ਼ਾਇਦ ‘ਲੁੱਟ ਲੁੱਟ ਕੇ ਖਾਣ’ ਦੇ ਮਿਹਣੇ ਨੇ ਅੰਦਰ ਤਾਈਂ ਜ਼ਖ਼ਮੀ ਕਰ ਦਿੱਤਾ ਸੀ। ਉਸ ਨੇ ਆਪਣੇ ਦਿਲ ਦੀ ਭੜਾਸ ਕੱਢ ਲਈ ਸੀ। ਕਿਸੇ ਵੀ ਸਵਾਰੀ ਨੇ ਉਹਨਾਂ ਦੇ ਝਗੜੇ ਵਿੱਚ ਦਖ਼ਲ ਨਾ ਦਿੱਤਾ।

“... ... ਖ਼ਸਮਾ, ਹੁਣ ਉੱਤਰੇਂਗਾ ਵੀ ਕਿ ਚੁੱਕ ਕੇ ਸੁੱਟਾਂ ਬਾਹਰ?” ਨੌਜਵਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਕੰਡਕਟਰ ਹੱਲੇ ਨਾਲ਼ ਉਹਦੇ ਵਲ ਵਧਿਆ ਤੇ ਉਸ ਨੇ ਨੌਜਵਾਨ ਨੂੰ ਬਾਹੋਂ ਫੜ ਕੇ ਬਾਹਰ ਨੂੰ ਧੱਕਾ ਦੇ ਦਿੱਤਾ। ਨੌਜਵਾਨ ਲੜਖੜਾਇਆ ਪਰ ਸੜਕ ’ਤੇ ਡਿਗਣੋਂ ਬਚ ਗਿਆ। ਬੱਸ ਤੁਰ ਪਈ। ਮੈਂ ਖਿੜਕੀ ਥਾਣੀਂ ਪਿਛਾਂਹ ਮੁੜ ਕੇ ਦੇਖਿਆ ਨੌਜਵਾਨ ਅਜੇ ਵੀ ਬਾਂਹ ਉਲਾਰੀ ਉੱਥੇ ਹੀ ਖੜ੍ਹਾ ਸੀ ਜਿਵੇਂ ਵਿਦਰੋਹ ਦਾ ਝੰਡਾ ਬਰਦਾਰ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3688)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਿਰਮਲ ਸਿੰਘ ਕੰਧਾਲਵੀ

ਨਿਰਮਲ ਸਿੰਘ ਕੰਧਾਲਵੀ

Phone: (44 - 75783 - 89725)
Email: (singhnuk@yahoo.co.uk)