“ਅਗਾਂਹ ਤੋਂ ਖ਼ਿਆਲ ਰੱਖਿਉ।ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ...”
(28 ਮਾਰਚ 2021)
(ਸ਼ਬਦ: 1060)
ਨਵੰਬਰ 1991 ਵਿੱਚ ਮੈਂਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਯੂ.ਕੇ. ਤੋਂ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਿਵਾਰ ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿੱਚ ਉਸ ਵੇਲੇ ਹਾਲਾਤ ਬੜੇ ਖਰਾਬ ਸਨ। ਇੱਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਸਨ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਦਿਆਂ ਸਾਰ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ’ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇੱਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ, ਅਜੇ ਤਕ ਸਭ ਠੀਕਠਾਕ ਚੱਲ ਰਿਹਾ ਸੀ।
ਭੋਗ ਪੁਰ ਇੱਕ ਰਿਸ਼ਤੇਦਾਰੀ ਵਿੱਚ ਕੁਝ ਹਫ਼ਤੇ ਹੋਏ ਇੱਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਿਵਾਰ ਸਸਕਾਰ ’ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਂਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇੱਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬੱਸ ’ਤੇ ਜਾਇਆ ਜਾਵੇ। ਇਸ ਨਾਲ ਇੱਕ ਤਾਂ ਮੈਂਨੂੰ ਆਪਣਾ ਸਕੂਲ ਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬੱਸਾਂ ਵਿੱਚ ਹੀ ਘੁੰਮਿਆ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲ ਜਾਂਦਾ। ਕਾਰ ਵਿੱਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬੱਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬੱਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਬੱਸ ਭੋਗ ਪੁਰ ਜਾ ਕੇ ਹੀ ਰੁਕੇਗੀ, ਰਾਹ ਦੀ ਸਵਾਰੀ ਨਾ ਹੋਵੇ ਕੋਈ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬੱਸ ਪਹਿਲਾਂ ਹੀ ਸਵਾਰੀਆਂ ਨਾਲ਼ ਆਫਰੀ ਪਈ ਸੀ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇੱਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਂਨੂੰ ਯਾਦ ਆਇਆ ਕਿ ਬਚਪਨ ਵਿੱਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ਵਿੱਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿੱਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ? ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣਾ ਹੈ, ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ’ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣਾ ਹੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੂੰ ਵੱਡਾ ਨੋਟ ਦਿੰਦਾ ਤਾਂ ਬੱਸ ਉਸ ਦੇ ਗਲ਼ ਹੀ ਪੈ ਜਾਂਦਾ। ਕਿਸੇ ਬਜ਼ੁਰਗ ਦਾ, ਔਰਤ ਦਾ ਵੀ ਖ਼ਿਆਲ ਨਹੀੰ ਸੀ ਕਰ ਰਿਹਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿੱਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿੱਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ’ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ਵਿੱਚ ਬੋਲਿਆ? ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼, ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ?ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ’ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦਾ ਹੈ। ਗੱਲ ਅਸੂਲ ਦੀ ਐ, ਤੁਸੀਂ ਕੋਠੀਆਂ ਤਾਈਂ ਪਹੁੰਚ ਗਏ।”
ਬੱਸ ਦੀਆਂ ਪਿਛਲੀਆਂ ਸੀਟਾਂ ’ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬੱਸਾਂ ਵਿੱਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ, ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬੱਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿੱਤੇ ਸਨ। ਉਹਨਾਂ ਗੰਨਮੈਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ? ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ਵਿੱਚੋਂ ਪਿਆਵਾਂ?”
“ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ, ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ? ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਵਿੱਚ ਕਿਹਾ।
“ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਮੈਂਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ, ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬੱਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬੱਸ ਵਿੱਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬੱਸ ਵਿੱਚ ਚੜ੍ਹਨ ਵਾਲੇ ਧੁੱਸ ਦੇ ਕੇ ਚੜ੍ਹਨਾ ਚਾਹੁੰਦੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਡਰਾਈਵਰ ਰੇਸ ਪੈਡਲ ਵਾਰ ਵਾਰ ਦੱਬ ਕੇ ਬੱਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ। ਸ਼ਾਇਦ ਉਹ ਆਪਣੀ ਭਾਸ਼ਾ ਵਿੱਚ ਸਵਾਰੀਆਂ ਨੂੰ ਛੇਤੀ ਕਰੋ, ਛੇਤੀ ਕਰੋ ਕਹਿ ਰਿਹਾ ਸੀ। ਮੈਂਨੂੰ ਇੰਗਲੈਂਡ ਦੀਆਂ ਬੱਸਾਂ ਦੇ ਡਰਾਈਵਰ ਯਾਦ ਆ ਰਹੇ ਸਨ ਜੋ ਕਿ ਉੰਨਾ ਚਿਰ ਬੱਸ ਨਹੀਂ ਤੋਰਦੇ ਜਿੰਨਾ ਚਿਰ ਸਵਾਰੀਆਂ ਸੀਟਾਂ ’ਤੇ ਬੈਠ ਨਾ ਜਾਣ ਖ਼ਾਸ ਕਰ ਕੇ ਜੇ ਵਡੇਰੀ ਉਮਰ ਦੀਆਂ ਸਵਾਰੀਆਂ ਹੋਣ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬੱਸ ਵਿੱਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ’ਤੇ ਇੱਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬੱਸ ਵਿੱਚ ਹੀ ਆਏ ਸਨ, ਸ਼ਾਇਦ ਪਿਛਲੀ ਬਾਰੀ ਉੱਤਰੇ ਸਨ, ਕਹਿਣ ਲੱਗੇ?ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਕੀ ਹਾਲਾਤ ਚੱਲ ਰਹੇ ਨੇ ਇੱਥੇ! ਪੁਲਿਸ ਦੇ ਕੰਮ ਵਿੱਚ ਅੜਿੱਕਾ ਡਾਹੁਣ ਦੇ ਕੇਸ ਵਿੱਚ ਤੁਹਾਡੇ ’ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ, ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇੱਕ ਐੱਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।”
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ਵਿੱਚ ਪੜ੍ਹੀਆਂ ਹੋਈਆਂ ਅਜਿਹੀਆਂ ਖ਼ਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ਬੱਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ। ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ਰਾਜ਼ੀ ਖ਼ੁਸ਼ੀ ਆਪਣੇ ਪਰਿਵਾਰ ਵਿੱਚ ਵਾਪਸ ਜਾਉ। ਅੱਛਾ, ਸਤਿ ਸ੍ਰੀ ਅਕਾਲ।” ਤੇ ਇੰਨਾ ਕਹਿ ਕੇ ਸਰਦਾਰ ਜੀ ਇੱਕ ਦੁਕਾਨ ਵਿੱਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ’ਤੇ ਪਸੀਨਾ ਆ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2673)
(ਸਰੋਕਾਰ ਨਾਲ ਸੰਪਰਕ ਲਈ: