PiaraSKuddowal7ਜੀਵਨ ਇੱਕ ਦਮ ਪੰਜਾਹ ਸਾਲ ਪਿੱਛੇ ਚਲਾ ਗਿਆ। ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ...
(11 ਜੁਲਾਈ 2022)
ਮਹਿਮਾਨ: 656. 


8
ਜੁਲਾਈ 2022 ਨੂੰ ਕੈਨੇਡਾ ਦੀ ਇੱਕ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਰੋਜ਼ਰਜ਼ ਕਮਿਊਨੀਕੇਸ਼ਨ ਦਾ ਇੰਟਰਨੈੱਟ ਤੇ ਫ਼ੋਨ ਨੈੱਟਵਰਕ ਬੰਦ ਸੀ। ਨਾ ਕੰਪਿਊਟਰ ਚੱਲ ਰਿਹਾ ਸੀ, ਨਾ ਫ਼ੋਨ ਅਤੇ ਨਾ ਹੀ ਇਸ ਨੈੱਟਵਰਕ ਉੱਪਰ ਚੱਲਣ ਵਾਲੇ ਟੀਵੀ ਅਤੇ ਕੋਈ ਐਪ ਚੱਲ ਰਹੀ ਸੀ। ਸਵੇਰੇ ਉੱਠਦਿਆਂ ਸਾਰ ਹੀ ਪਤਾ ਲੱਗਾ। ਸਾਰੇ ਮੋਡਮ ਚੈੱਕ ਕੀਤੇ, ਦੁਬਾਰਾ ਚਾਲੂ ਕੀਤੇ, ਕੁਝ ਨਹੀਂ ਹੋਇਆ। ਇੰਟਰਨੈੱਟ ਨਾ ਹੋਣ ਕਰਕੇ ਬੱਚੇ ਕੀ, ਵੱਡੇ ਵੀ ਕਮਲਿਆਂ ਵਾਂਗ ਇੱਧਰ ਉੱਧਰ ਫਿਰ ਰਹੇ ਸਨ। ਕੁਝ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਬੱਚਿਆਂ ਨੂੰ ਪੇਪਰ ਪੈੱਨ ਦੇ ਕੇ ਡਰਾਇੰਗ ਕਰਨ ਲਈ ਆਖਿਆ, ਪਰ ਉਹ ਵੀ ਕਿੰਨਾ ਕੁ ਚਿਰ। ਬਾਹਰ ਗਰਮੀ ਹੋਣ ਕਰਕੇ ਜ਼ਿਆਦਾ ਧੁੱਪ ਵਿੱਚ ਵੀ ਨਹੀਂ ਖੇਡ ਸਕਦੇ ਸਨ।

ਜੀਵਨ ਇੱਕ ਦਮ ਪੰਜਾਹ ਸਾਲ ਪਿੱਛੇ ਚਲਾ ਗਿਆ। ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ਅੱਜ ਕੱਲ੍ਹ ਦੇ ਮਾਪਿਆਂ ਵੱਲੋਂ ਬੱਚਿਆਂ ਦੇ ਪਾਲਣ ਪੋਸ਼ਣ ’ਤੇ ਸਵਾਲ ਉਠਾ ਦਿੰਦੇ ਹਾਂ। ਅਖੇ, ਬੱਚਿਆਂ ਨੂੰ ਟੀ ਵੀ ਲਾ ਕੇ ਜਾਂ ਆਈਪੈਡ ਵਗੈਰਾ ਦੇ ਕੇ ਮਾਪੇ ਆਪਣੇ ਕੰਮ ਕਰਦੇ ਰਹਿੰਦੇ ਹਨ ਜਾਂ ਗੱਲਾਂ ਮਾਰਦੇ ਰਹਿੰਦੇ ਹਨ। ਪਰ ਜ਼ਰਾ ਸੋਚੋ, ਇਸ ਯੁਗ ਵਿੱਚ ਇੰਟਰਨੈੱਟ ਜਾਂ ਸੈੱਲ ਫ਼ੋਨ ਤੋਂ ਬਿਨਾਂ ਜੀਵਨ ਕਿੰਨਾ ਕੁ ਸੰਭਵ ਹੈ? ਕਿੰਨੇ ਹੀ ਕਾਰੋਬਾਰ ਹੀ ਬੰਦ ਗਏ ਸਨ। ਕਈ ਦਫਤਰਾਂ ਵਿੱਚ ਛੁੱਟੀ ਵਰਗਾ ਮਾਹੌਲ ਸੀ। ਉਹ ਨਾ ਤਾਂ ਘਰ ਜਾ ਸਕਦੇ ਸਨ ਤੇ ਨਾ ਕੰਮ ਕਰ ਸਕਦੇ ਸਨ। ਕਈ ਥਾਂਈਂ ਕੰਪਨੀ ਬੌਸ ਨੇ ਅਚਾਨਕ ਮੀਟਿੰਗ ਬੁਲਾ ਕੇ ਲੈਕਚਰ ਦੇਣਾ ਸ਼ੁਰੂ ਕੀਤਾ। ਨਵੀਆਂ ਤਜਵੀਜ਼ਾਂ ’ਤੇ ਚਰਚਾ ਕੀਤੀ। ਦਫਤਰ ਦੇ ਸਟੋਰ ਵਿੱਚ ਪਈਆਂ ਪੁਰਾਣੀਆਂ ਫਾਈਲਾਂ ਨੂੰ ਫਰੋਲਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਹਦਾਇਤ ਕੀਤੀ ਕਿ ‘ਜਾ ਚੁੱਕੇ ਗਾਹਕਾਂ’ ਨੂੰ ਫੋਨ ਕਰਕੇ ਵਾਪਸ ਕੰਪਨੀ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇ।

ਸਾਡੇ ਦਫਤਰ ਵਿੱਚ ਇੱਕ ਕੁੜੀ ਦੇ ਸੈੱਲ ਫੋਂਨ ਤੇ ਨੈੱਟਵਰਕ ਚੱਲ ਰਿਹਾ ਸੀ। ਉਹ ਮੁਸਕਰਾ ਕੇ ਸਭ ਵੱਲ ਵੇਖ ਰਹੀ ਸੀ। ਜਿਵੇਂ ਸਭ ਦਾ ਮਜ਼ਾਕ ਉਡਾ ਰਹੀ ਹੋਵੇ। ਪਰ ਉਹ ਵੀ ਚੁੱਪ ਕਰਕੇ ਬੈਠੀ ਸੀ ਕਿਉਂਕਿ ਜਿਹੜੇ ਦੋਸਤਾਂ ਨਾਲ ਉਹ ਗੱਲ ਕਰਨਾ ਚਾਹੁੰਦੀ ਸੀ, ਉਹਨਾਂ ਦਾ ਨੈੱਟਵਰਕ ਵੀ ਡਾਊਨ ਸੀ। ਗੈਸ ਸਟੇਸ਼ਨਾਂ (ਪੈਟਰੋਲ ਪੰਪਾਂ) ’ਤੇ ਗੈਸ ਸਿਰਫ ਕੈਸ਼ ’ਤੇ ਮਿਲ ਰਹੀ ਸੀ। ਸਟੋਰਾਂ ਦਾ ਕੰਮ ਕਾਜ ਵੀ ਠੱਪ ਸੀ ਕਿਉਂਕਿ ਕਰੈਡਿਟ ਕਾਰਡ ਮਸ਼ੀਨਾਂ ਨਹੀਂ ਚੱਲ ਰਹੀਆਂ ਸਨ। ਮੰਨੋ ਭਾਵੇਂ ਨਾ ਮੰਨੋ, ਸੋਸ਼ਲ ਮੀਡੀਆ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਜਾਣੇ ਅਣਜਾਣੇ ਅਸੀਂ ਇਸਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਾਂ। ਅੱਜ ਇੰਟਰਨੈੱਟ ਤੋਂ ਬਿਨਾਂ ਜੀਵਨ ਅਤੇ ਕੰਮ ਕਾਜ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਇੱਕ ਦਿਨ ਨੈੱਟਵਰਕ ਨਹੀਂ ਚੱਲਿਆ ਤਾਂ ਅਨੇਕਾਂ ਤਕਲੀਫਾਂ ਵਿੱਚੋਂ ਗੁਜ਼ਰਨਾ ਪਿਆ।

ਸੋਸ਼ਲ ਮੀਡੀਆ ਜੇ ਇੱਕ ਗੇਟਵੇ (Gateway) ਹੈ ਤਾਂ ਇਹ ਇੱਕ ਗੈੱਟ ਅਵੇ (Get Away) ਵੀ ਹੈ। ਇੱਕ ਪਾਸੇ ਸੋਸ਼ਲ ਮੀਡੀਆ ਸਾਰੇ ਸੰਸਾਰ ਨੂੰ ਗਲੋਬਲ ਪਿੰਡ ਵਿੱਚ ਬਦਲ ਰਿਹਾ ਹੈ। ਪਲ ਪਲ ਦੀ ਖਬਰ ਸਾਡੇ ਸੈੱਲ ਫ਼ੋਨਾਂ ਵਿੱਚ ਪਹੁੰਚ ਰਹੀ ਹੈ। ਇੰਟਰਨੈੱਟ ਰਾਹੀਂ ਦੁਨੀਆਂ ਕੋਨੇ ਕੋਨੇ ਦਾ ਗਿਆਨ ਸਾਡੇ ਤਕ ਆ ਰਿਹਾ ਹੈ। ਸੰਸਾਰ ਗਿਆਨਵਾਨ ਬਣ ਰਿਹਾ ਹੈ। ਦੂਜੇ ਪਾਸੇ ਜੇ ਕੋਈ ਸਮਾਜਿਕ ਮਿਲਵਰਤਣ ਤੋਂ ਦੂਰ ਰਹਿ ਕੇ ਆਪਣੀ ਹੀ ਦੁਨੀਆਂ ਵਿੱਚ ਮਸਤ ਰਹਿਣਾ ਚਾਹੁੰਦਾ ਹੈ ਤਾਂ ਉਹ ਵੀ ਰਹਿ ਸਕਦਾ ਹੈ। ਆਪਣੇ ਘਰ ਵਿੱਚ ਬੈਠਾ ਬੰਦਾ, ਘਰਦਿਆਂ ਤੋਂ ਭਾਵੇਂ ਦੂਰ ਹੋਵੇ ਪਰ ਬਾਕੀ ਦੁਨੀਆਂ ਦੇ ਚੁੱਪ-ਚਾਪ ਨੇੜੇ ਹੋ ਸਕਦਾ ਹੈ। ਚੁੱਪ ਰਹਿਣੇ ਲਗਦੇ ਲੋਕ ਪੁਰਾਣੇ ਵਕਤਾਂ ਵਾਂਗ ਬੁੱਧੂ ਨਹੀਂ ਬਲਕਿ ਹੁਸ਼ਿਆਰ ਗਿਣੇ ਜਾਂਦੇ ਹਨ।

ਅੱਜ ਸੋਸ਼ਲ ਮੀਡੀਆ ਰੋਜ਼ਾਨਾ ਜ਼ਿੰਦਗੀ ਜੀਊਣ ਸਭ ਤੋਂ ਜ਼ਰੂਰੀ ਅੰਗ ਬਣ ਚੁੱਕਾ ਹੈ। ਇਸ ਕਰਕੇ ਸੋਸ਼ਲ ਮੀਡੀਆ ਨੂੰ ‘ਫਲੋਟਿੰਗ ਮੀਡਿਆ’ ਵੀ ਕਿਹਾ ਜਾਂਦਾ ਹੈ। 21ਵੀਂ ਸਦੀ ਵਿੱਚ ਸੋਸ਼ਲ ਮੀਡੀਆ ਉਹ ਤੇਜ਼ ਸੰਚਾਰ ਸਾਧਨ ਹੈ ਜੋ ਪੂਰੀ ਦੁਨੀਆਂ ਨੂੰ ਸਕਿੰਟਾਂ ਵਿੱਚ ਕਿਸੇ ਵੀ ਮਨੁੱਖ ਨੂੰ ਜੋੜਨ ਦੀ ਸਮਰੱਥਾ ਰੱਖਦਾ ਹੈ, ਬਸ਼ਰਤੇ ਕਿ ਉਸ ਕੋਲ ਇੱਕ ਸਮਾਰਟ ਫੋਨ, ਲੈਪ-ਟੌਪ ਜਾਂ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੂਲਤ ਮੁਹਈਆ ਹੋਵੇ। ਵੈਸੇ ਇਹ ਸਹੂਲਤ ਨਾ ਹੋਵੇ ਇਸਦੀ ਕਲਪਨਾ ਕਰਨਾ ਵੀ ਮੁਸ਼ਕਲ ਅਤੇ ਬਹੁਤ ਅਸੱਭਯ ਜਿਹਾ ਲੱਗਣ ਲੱਗ ਪਿਆ ਹੈ।

ਸੋਸ਼ਲ ਮੀਡੀਆ ਨੂੰ ਇਲੈਟ੍ਰਾਨਿਕ ਮੀਡੀਆ ਭਾਵ ਬਿਜਲਈ ਜਨ ਸੰਚਾਰ ਸਾਧਨ ਵੀ ਕਹਿ ਸਕਦੇ ਹਾਂ, ਜਿਸ ਰਾਹੀਂ ਸੁਨੇਹੇ, ਤਸਵੀਰਾਂ, ਵੀਡੀਓਜ਼ ਬਹੁਤ ਹੀ ਅਸਾਨੀ ਨਾਲ ਇੱਕ ਦੂਜੇ ਨੂੰ ਭੇਜੇ ਜਾ ਸਕਦੇ ਹਨ। ਅਸਾਨੀ ਨਾਲ ਵਟਸਐਪ, ਸਕਾਇਪ ਰਾਹੀਂ ਫ਼ੋਨਕਾਲ ਅਤੇ ਵੀਡੀਓ ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਜ਼ੂਮ ਮੀਟਿੰਗਾਂ ਕੀਤੀਆਂ ਜਾ ਸਕਦੀਆਂ, ਪੜ੍ਹਾਈ ਕਰਵਾਈ ਜਾ ਸਕਦੀ ਹੈ। ਅੱਜ ਰੋਜ਼ਾਨਾ ਜੀਵਨ ਕੰਮ ਆਉਣ ਵਾਲੀ ਹਰ ਵਸਤੂ ਕਿਸੇ ਨਾ ਕਿਸੇ ਰੂਪ ਵਿੱਚ ਇੰਟਰਨੈੱਟ ਤੋਂ ਪ੍ਰਭਾਵਿਤ ਹੈ। ਇੱਕ ਸਰਵੇ ਅਨੁਸਾਰ ਹਰ ਰੋਜ਼ ਕਰੋੜਾਂ ਲੋਕ ਫੇਸਬੁੱਕ, ਮਾਈਸਪੇਸ, ਇੰਸਟਾਗ੍ਰਾਮ, ਟਵਿਟਰ, ਯੂ-ਟਿਊਬ, ਸਨੈਪਚੈੱਟ ਵਰਗੀਆਂ ਵੈੱਬਸਾਈਟਾਂ ਨਾਲ ਜੁੜ ਰਹੇ ਹਨ। ਅਪਰੈਲ 2022 ਦੀ ਰਿਪੋਰਟ ਅਨੁਸਾਰ 1.960 ਬਿਲੀਅਨ ਤੋਂ ਵੱਧ ਲੋਕ ਹਰ ਰੋਜ਼ ਫੇਸ-ਬੁੱਕ ’ਤੇ ਸਰਗਰਮ ਰਹਿੰਦੇ ਹਨ। 30 ਕਰੋੜ ਤੋਂ ਵੱਧ ਤਸਵੀਰਾਂ, ਵੀਡਿਓਜ਼, ਲਾਈਕਸ ਅਤੇ ਸ਼ੇਅਰ ਕਰਦੇ ਹਨ। ਅਪਰੈਲ 2022 ਦੇ ਰਿਪੋਰਟ ਅਨੁਸਾਰ 1.452 ਬਿਲੀਅਨ ਤੋਂ ਵੱਧ ਲੋਕ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ, ਜਿਸ ’ਤੇ ਵਪਾਰੀ ਆਪਣੇ ਵਪਾਰਕ ਵਿਗਿਆਪਨ ਦੇਣ ਲਈ ਪਹੁੰਚ ਕਰ ਰਹੇ ਹਨ। ਇੰਸਟਾਗਰਾਮ ਚੌਥਾ ਵੱਡਾ ਸੋਸ਼ਲ ਮੀਡੀਆ ਗਿਣਿਆ ਗਿਆ ਹੈ। ਸਮਾਜ ਦੇ ਲਗਭਗ 100 ਬਿਲੀਅਨ ਤੋਂ ਵੱਧ ਸੁਨੇਹੇ ਵਟਸਐਪ ਉੱਤੇ ਹਰ ਰੋਜ਼ ਭੇਜੇ ਜਾਂਦੇ ਹਨ। 2.6 ਬਿਲੀਅਨ ਲੋਕ ਯੂਟਿਊਬ ਦਾ ਫ਼ਾਇਦਾ ਉਠਾ ਰਹੇ ਹਨ।

ਗੂਗਲ ਤੋਂ ਬਾਅਦ ਯੂਟਿਊਬ ਦੂਜਾ ਵੱਡਾ ਸਰਚ ਇੰਜਣ ਮੰਨਿਆ ਜਾਂਦਾ ਹੈ। 332 ਮਿਲੀਅਨ ਤੋਂ ਵੱਧ ਲੋਕ ਸਨੈਪਚੈੱਟ ਦੀ ਵਰਤੋਂ ਹਰ ਰੋਜ਼ ਕਰਦੇ ਹਨ। ਟਵਿਟਰ ਤੇ 290.5 ਮਿਲਿਅਨ ਲੋਕ ਹਰ ਰੋਜ਼ ਹੁੰਦੇ ਹਨ ਅਤੇ ਇਸਦੀ ਗਿਣਤੀ 340 ਮਿਲੀਅਨ ਤਕ ਪਹੁੰਚਣ ਦੀ ਆਸ ਹੈ। ਸੋਸ਼ਲ ਮੀਡੀਆ ਦੀ ਐਡੀ ਵੱਡੀ ਤਾਕਤ ਤੋਂ ਹੁਣ ਮੁਨਕਰ ਨਹੀਂ ਹੋਇਆ ਜਾ ਸਕਦਾ। ਜੋ ਲੋਕ ਸਿਆਣਪ ਨਾਲ ਇਸਦੀ ਵਰਤੋਂ ਕਰ ਰਹੇ ਹਨ, ਉਹ ਆਪ ਵੀ ਤਾਕਤਵਰ ਬਣ ਰਹੇ ਹਨ, ਆਪਣੇ ਵਪਾਰ ਵਿੱਚ ਵੀ ਵਾਧਾ ਕਰ ਰਹੇ ਹਨ।

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬਜ਼ੁਰਗ ਹੁਣ ਇਕੱਲਤਾ ਨਾਲ ਜੂਝਣ ਦੀ ਬਜਾਏ ਔਨਲਾਈਨ ਦੋਸਤਾਂ ਨਾਲ ਗੱਪ-ਸ਼ੱਪ ਕਰ ਰਹੇ ਹਨ। ਇੱਕ ਸਰਵੇ ਅਨੁਸਾਰ ਉਹਨਾਂ ਦੀ ਸਿਹਤ ਵੀ ਬਿਹਤਰ ਰਹਿਣ ਲੱਗੀ ਹੈ। ਉਹਨਾਂ ਯਾਦਦਾਸ਼ਤ ਵੀ ਵਧ ਰਹੀ ਹੈ। ਉਹਨਾਂ ਦੀ ਗੱਲਬਾਤ ਵੀ ਬਦਲ ਗਈ ਹੈ। ਉਹ ਹੁਣ ਅਕਸਰ ਖਿਝਣ ਤੇ ਰਿਸ਼ਤੇਦਾਰਾਂ ਦੀਆਂ ਸ਼ਿਕਾਇਤਾਂ ਕਰਨ ਦੀ ਬਜਾਏ ਖੁਸ਼ ਅਤੇ ਮਸਤ ਰਹਿਣ ਲੱਗੇ ਹਨ। ਉਹ ਬਹੁਤ ਕੁਝ ਉਸਾਰੂ ਵੀ ਕਰ ਰਹੇ ਹਨ। ਕਈ ਬਜ਼ੁਰਗ ਕਵੀ ਤੇ ਲੇਖਕ ਵੀ ਬਣ ਗਏ ਹਨ। ਸਾਡੇ ਟੋਰਾਂਟੋ ਵਿੱਚ ਸਰਦਾਰ ਕਿਰਪਾਲ ਸਿੰਘ ਪੰਨੂੰ ਜੀ ਨੇ ਸੈਂਕੜੇ ਬਜ਼ੁਰਗ ਔਰਤਾਂ ਅਤੇ ਮਰਦਾਂ ਨੂੰ ਕੰਪਿਊਟਰ ਦੀਆਂ ਮੁਢਲੀਆਂ ਕਲਾਸਾਂ ਦੇ ਕੇ ਪੰਜਾਬੀ ਵਿੱਚ ਟਾਇਪ ਕਰਨਾ, ਈਮੇਲ ਕਰਨੀ, ਫੇਸਬੁੱਕ ’ਤੇ ਆਪਣੀ ਕਵਿਤਾ ਲਿਖ ਕੇ ਪਾਉਣੀ ਆਦਿ ਸਿਖਾ ਕੇ ਬਜ਼ੁਰਗਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਹੈ। ਮੈਨੂੰ ਵੀ ਇਹ ਫੌਂਟਸ ਪੰਨੂੰ ਸਾਹਿਬ ਨੇ ਹੀ ਡਾਊਨਲੋਡ ਕਰਕੇ ਦਿੱਤੇ ਅਤੇ ਇਹਨਾਂ ਦੀ ਸਹੀ ਵਰਤੋਂ ਕਰਨੀ ਸਿਖਾਈ। ਪੰਨੂੰ ਸਾਹਿਬ ਵਰਗੇ ਸਿਆਣੇ ਬਜ਼ੁਰਗਾਂ ਦਾ ਧੰਨਵਾਦ ਕਰਨਾ ਬਣਦਾ ਹੈ!

ਮਨੋਰੰਜਨ ਦੇ ਖੇਤਰ ਵਿੱਚ ਯੁਵਾ ਪੀੜ੍ਹੀ ਨਿੱਤ ਨਵੀਆਂ ਪੁਲਾਘਾਂ ਪੁੱਟ ਰਹੀ ਹੈ। ਸੰਗੀਤ, ਗੀਤਕਾਰੀ, ਰੈਪ, ਮਿਕਸ ਗੀਤ ਸੰਗੀਤ ਰਾਹੀਂ ਦਿਨ-ਬਦਿਨ ਨਵੇਂ ਚਿਹਰੇ ਵੇਖਣ ਸੁਣਨ ਨੂੰ ਮਿਲਦੇ ਹਨ। ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਹੀ ਦੁਨੀਆਂ ਭਰ ਵਿੱਚ ਆਪਣਾ ਨਾਮ ਬਣਾ ਸਕਿਆ ਤੇ ਪੰਜਾਬੀ ਸੱਭਿਆਚਾਰ ਨੂੰ ਨਵੇਂ ਮੁਕਾਮ ਤਕ ਪਹੁੰਚਾ ਗਿਆ। ਉਸਦੀ ਦਰਦਨਾਕ ਮੌਤ ਦਾ ਸੋਗ ਦੁਨੀਆਂ ਭਰ ਵਿੱਚ ਮਨਾਇਆ ਗਿਆ। ਕਈ ਹਫਤੇ ਕੰਮ ਵਿੱਚ ਮਨ ਨਹੀਂ ਲੱਗਾ। ਲੋਕਾਂ ਨੂੰ ਲੱਗਾ ਜਿਵੇਂ ਕੋਈ ਘਰ ਦਾ ਜੀਅ ਚਲਾ ਗਿਆ ਹੋਵੇ। ਇਹ ਸੋਸ਼ਲ ਮੀਡੀਆ ਦੀ ਤਾਕਤ ਕਹਿ ਸਕਦੇ ਹਾਂ। ਦੂਰ ਬੈਠੇ, ਦੂਜੀਆਂ ਭਾਸ਼ਾਵਾਂ ਵਰਤਣ ਵਾਲੇ, ਵੱਖਰੇ ਸੱਭਿਆਚਾਰ ਨੂੰ ਪੇਸ਼ ਕਰਨ ਵਾਲੇ ਕਲਾਕਾਰ ਵੀ ਸਾਨੂੰ ਆਪਣੇ ਲਗਦੇ ਹਨ। ਜਿਵੇਂ ‘ਵਾਈ ਦਿਸ ਕੋਲਾਵਰੀ ਕੋਲਾਵਰੀ ਦੀ’ ਗੀਤ ਨੇ ਦਾਨੁਸ਼ ਨੂੰ ਅਤੇ ‘ਗੰਗਨਮ ਸਟਾਈਲ’ ਗੀਤ ਨੇ ਸਾਊਥ ਕੋਰੀਆ ਦੇ ਰੈਪਰ ਸਾਈ (Psy) ਨੂੰ ਰਾਤੋ ਰਾਤ ਦੁਨੀਆਂ ਭਰ ਵਿੱਚ ਪ੍ਰਸਿੱਧ ਕਰ ਦਿੱਤਾ ਸੀ। ਦੁਨੀਆਂ ਇਹਨਾਂ ਗਾਣਿਆਂ ’ਤੇ ਨੱਚਣ ਲੱਗੀ। ਇਸੇ ਤਰ੍ਹਾਂ ਫਿਲਮਾਂ, ਟਿੱਕ ਟੌਕ, ਸਨੈਪਚੈਟ ਆਰਟਿਸਟ, ਮਾਡਲਜ਼, ਪੇਂਟਰਜ਼, ਬਲੌਗ ਲੇਖਕ ਅਤੇ ਸ਼ਾਇਰ ਲਗਾਤਾਰ ਆਪਣਾ ਨਾਮ ਬਣਾ ਰਹੇ ਹਨ। ਕੈਲੇਫੋਰਨੀਆਂ ਦੇ ਨੌਜਵਾਨ ਵਾਇਲਿਨਸਟ ਰਾਗਇੰਦਰ ਸਿੰਘ ਨੂੰ ਫ਼ੈਨਜ਼ ਨੇ ਵਾਇਲਿੰਦਰ ਸਿੰਘ ਬਣਾ ਦਿੱਤਾ ਹੈ। ਪਹਿਲਾ ਸਿੱਖ ਰੈਪ ਸਿੰਗਰ ਫਤਿਹ ਸਿੰਘ ਵੀ ਦੁਨੀਆਂ ਵਿੱਚ ਆਪਣਾ ਨਾਮ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਬਣਾ ਸਕਿਆ। ਬਰੈਂਪਟਨ ਦੀ ਰੂਪੀ ਕੌਰ ਇੱਕ ਸ਼ਾਇਰ ਦੇ ਰੂਪ ਵਿੱਚ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਗਈ। ਉਸਦੀ ਕਵਿਤਾ ਦੀ ਕਿਤਾਬ ਮਿਲੀਅਨਜ਼ ਵਿਕਦੀ ਹੈ। ਇਹ ਸਭ ਸੋਸ਼ਲ ਮੀਡੀਆ ਦੀ ਹੀ ਦੇਣ ਹੈ।

ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਸਕੂਲਾਂ ਕਾਲਜਾਂ ਅਤੇ ਯੂਨੀਵਰਿਸਟੀ ਦੀ ਪੜ੍ਹਾਈ ਜ਼ੂਮ ਰਾਹੀਂ ਜਾਰੀ ਰਹੀ। ਅੰਤਰਰਾਸ਼ਟਰੀ ਵਿਦਿਆਰਥੀ ਵੀ ਆਪਣੇ ਇੱਕ ਇੱਕ, ਦੋ ਦੋ ਸਮੈਸਟਰ ਆਪਣੇ ਮੁਲਕਾਂ ਵਿੱਚ ਪੜ੍ਹ ਕੇ ਯੋਗ ਸਮੇਂ ’ਤੇ ਕੈਨੈਡਾ ਆ ਕੇ ਬਾਕੀ ਰਹਿੰਦੇ ਸਮੈਸਟਰ ਮੁਕੰਮਲ ਕਰ ਸਕੇ। ਬਹੁਤ ਸਾਰੇ ਦਫਤਰਾਂ ਦੇ ਕੰਮ ਕਾਜ ਘਰਾਂ ਤੋਂ ਹੋਣ ਲੱਗੇ, ਜੋ ਅਜੇ ਵੀ ਜਾਰੀ ਹਨ। ਸਮਾਜ ਨੇ ਇੱਕ ਨਵਾਂ ਰੁਝਾਨ ਵੇਖਿਆ ਤੇ ਇਸਦਾ ਆਦੀ ਵੀ ਹੋ ਗਿਆ। ਸਵੇਰੇ ਸ਼ਾਮ ਟਰੈਫਿਕ ਵਿੱਚ ਖਰਚ ਹੋਣ ਵਾਲੇ ਥਕਾਵਟ ਭਰੇ ਘੰਟੇ ਖਤਮ ਹੋਏ ਤੇ ਕੰਮ ਉੱਤੇ ਵਧੇਰੇ ਜ਼ੋਰ ਦਿੱਤਾ ਜਾਣ ਲੱਗਾ। ਪਹਿਲੇ ਕੁਝ ਮਹੀਨੇ ਮੁਸ਼ਕਲਾਂ ਆਈਆਂ ਪਰ ਆਹਿਸਤਾ ਆਹਿਸਤਾ ਸਭ ਸਹਿਜ ਹੋ ਗਿਆ। ਬਹਾਨੇ ਖਤਮ ਹੋ ਗਏ। ਕੰਮ ਆਮ ਵਾਂਗ ਕੀਤਾ ਜਾਣ ਲੱਗਾ।

ਕੋਵਿਡ ਦੌਰਾਨ ਦਿੱਲੀ ਅਤੇ ਪੂਰੇ ਭਾਰਤ ਵਿੱਚ ਆਕਸੀਜਨ ਦੀ ਕਮੀ ਆਈ ਤਾਂ ਦੁਨੀਆਂ ਭਰ ਦੇ ਲੋਕਾਂ ਨੇ ਫਿਕਰ ਕੀਤਾ ਤੇ ਮਦਦ ਲਈ ਅੱਗੇ ਆਏ। ਦਿੱਲੀ ਦੇ ਹੀ ਸ਼ੰਟੀ ਸਿੰਘ ਜੀ ਨੇ ਜਿਸ ਕਦਰ ਕੋਵਿਡ ਨਾਲ ਮਰਨ ਵਾਲਿਆਂ ਦੀਆਂ ਆਖਰੀ ਰਸਮਾਂ ਨਿਭਾਈਆਂ ਜੋ ਆਪਣੀ ਮਿਸਾਲ ਆਪ ਬਣ ਕੇ ਸੋਸ਼ਲ ਮੀਡੀਏ ਵਿੱਚ ਪ੍ਰਗਟ ਹੋਈਆਂ। ਇਸ ਤਰ੍ਹਾਂ ਦੀਆਂ ਅਨੇਕਾਂ ਖਬਰਾਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ। ਲੋਕ ਇੱਕ ਦੂਜੇ ਦੀ ਮਦਦ ਲਈ ਵੀ ਪਹੁੰਚੇ ਅਤੇ ਇਸ ਕੋਵਿਡ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਯਾਗਰੂਕਤਾ ਵੀ ਪੈਦਾ ਹੋਈ, ਜਿਸ ਨਾਲ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਸਹੂਲਤ ਹੋਈ। ਵਿਰੋਧੀ ਵਿਚਾਰ ਵੀ ਆਏ ਗਏ ਹੋਏ।

ਸੋਸ਼ਲ ਮੀਡੀਆ ਰਾਹੀਂ ਖਾਸ ਤੌਰ ’ਤੇ ਫੇਸਬੁੱਕ ਰਾਹੀਂ ਭੁੱਲੇ ਵਿਸਰੇ ਦੋਸਤਾਂ ਨੂੰ ਮਿਲਣਾ ਤੇ ਲੱਭਣਾ ਆਸਾਨ ਹੋ ਗਿਆ। ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ, ਭੂਗੋਲਿਕ ਜਾਣਕਾਰੀ ਹਾਸਲ ਕਰਨਾ ਵੀ ਅਸਾਨ ਹੋ ਗਿਆ। ਵਿਗਿਆਨ ਦੀਆਂ ਕਾਢਾਂ, ਤਕਨੀਕਾਂ, ਨਵੇਂ ਤਰ੍ਹਾਂ ਦੇ ਵਪਾਰ, ਸਟਾਕਸ ਆਦਿ ਦੀ ਜਾਣਕਾਰੀ ਲੈਣਾ ਸੌਖਾ ਹੋ ਗਿਆ। ਇੰਟਰਨੈੱਟ ਤੇ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਲੱਭਣੀਆਂ ਜਾਂ ਕਾਰੋਬਾਰ ਕਰਨੇ ਸਹਿਲ ਹੋ ਗਏ। ਬਸ਼ਰਤੇ ਕਿ ਕੰਮ ਕਰਨ ਜਾਂ ਕਾਰੋਬਾਰ ਕਰਨ ਦੀ ਮਨ ਵਿੱਚ ਠਾਣੀ ਹੋਵੇ। ਕਿਤਾਬਾਂ ਪੜ੍ਹਨੀਆਂ ਤੇ ਹੋਰ ਦੇਸ਼ਾਂ ਦੇ ਲੇਖਕਾਂ ਨੂੰ ਪੜ੍ਹਨਾ ਵੀ ਅਸਾਨ ਹੋ ਗਿਆ ਹੈ। ਉਦਾਹਰਣ ਲਈ ਪਾਕਿਸਤਾਨੀ ਪੰਜਾਬੀ ਸ਼ਾਇਰਾ ਸਫੀਆ ਹੈਯਾਤ ਨੂੰ ਇੱਕ ਜ਼ੂਮ ਮੀਟਿੰਗ ਦੌਰਾਨ ਸੁਣਿਆ ਤੇ ਫਿਰ ਇੰਟਰਨੈੱਟ ਤੇ ਉਸਦੀ ਕਵਿਤਾ ਪੜ੍ਹੀ, “ਜੁੱਤੀ”:

ਮੈਂ ਕਿਹਾ ਅੱਬਾ
ਮੈਨੂੰ ਲੈ ਜਾ
ਔਰਤ ਨੂੰ ਜੁੱਤੀ ਕਹਿਣ ਵਾਲੇ ਦੇ ਨਾਲ
ਮੈਂ ਨਹੀਂ ਰਹਿਣਾ
, ਤੇ
ਅੱਬੇ ਨੇ ਮੇਰੇ ਘਰ ਆਉਣਾ ਛੱਡ ਦਿੱਤਾ।

ਇਸ ਤਰ੍ਹਾਂ ਅਸੀਂ ਦੁਨੀਆਂ ਭਰ ਵਿੱਚ ਕੰਮ ਕਰ ਰਹੇ ਸੰਵੇਦਨਸ਼ੀਲ ਲੋਕਾਂ ਦੇ ਵਿਚਾਰ ਪੜ੍ਹ ਅਤੇ ਸੁਣ ਸਕਦੇ ਹਾਂ। ਉਹਨਾਂ ਦੀ ਸਲਾਹੁਤਾ ਕਰ ਸਕਦੇ ਹਾਂ। ਆਪਣੇ ਵਿਚਾਰ ਰੱਖ ਸਕਦੇ ਹਾਂ। ਸੋਸ਼ਲ ਮੀਡੀਆ ਇੱਕ ਵੱਡਾ ਪਲੇਟਫਾਰਮ ਹੈ ਜਿਸਦੀ ਵਰਤੋਂ ਕਰ ਕੇ ਆਪਣੇ ਕਿਸੇ ਹੁਨਰ ਨੂੰ ਉੱਪਰ ਚੁੱਕ ਸਕਦੇ ਹਾਂ। ਦੂਜਿਆਂ ਨਾਲ ਸਾਂਝਾ ਕਰ ਸਕਦੇ ਹਾਂ। ਸੋਸ਼ਲ ਮੀਡੀਆ ਨੇ ਆਮ ਵਿਅਕਤੀ ਨੂੰ ਪ੍ਰਗਟਾਵਾ ਕਰਨ ਦਾ ਅਧਿਕਾਰ ਦਿੱਤਾ ਹੈ, ਬੋਲਣ ਦੀ ਅਜ਼ਾਦੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਘਰੇਲੂ ਹਿੰਸਾ ਤੋਂ ਲੈ ਕੇ ਦਫਤਰਾਂ ਵਿੱਚ ਹੋ ਰਹੇ ਸ਼ੋਸ਼ਣ ਤਕ ਸੋਸ਼ਲ ਮੀਡੀਆ ਦੀ ਪਹੁੰਚ ਹੋ ਰਹੀ ਹੈ। ਔਰਤਾਂ ਤੇ ਹੇਠਲੇ ਪੱਧਰ ਦੇ ਕਰਮਚਾਰੀਆਂ ਦੇ ਸ਼ੋਸ਼ਣ ਕਰਨ ਦਾ ਦ੍ਰਿਸ਼ ਜੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਵੇ ਤਾਂ ਸ਼ੋਸ਼ਣ ਕਰਤਾਵਾਂ ਨੂੰ ਇਸਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਅੱਜ ਕੱਲ੍ਹ ਪੰਜਾਬ ਵਿੱਚ ਰਿਸ਼ਵਤਖੋਰਾਂ ਦੀ ਖਿਚਾਈ ਹੋ ਰਹੀ ਹੈ। ਅਫਸਰਸ਼ਾਹੀ ਅਤੇ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ। ਸਮਾਜ ਦੀ ਗੰਦਗੀ ਨੂੰ ਸਾਫ ਕਰਨ ਵਿੱਚ ਸੋਸ਼ਲ ਮੀਡੀਆ ਬਹੁਤ ਹੱਦ ਤਕ ਸਹਾਈ ਹੋ ਰਿਹਾ ਹੈ।

ਪਰ ਜ਼ਰਾ ਸੰਭਲ ਕੇ! ਕਿਉਂਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਹੋ ਰਹੀ ਹੈ। ਇਸ ਲਈ ਨਵੇਂ ਕਾਨੂੰਨ ਬਣ ਚੁੱਕੇ ਹਨ ਤੇ ਹੋਰ ਬਣ ਰਹੇ ਹਨ ਤਾਂ ਕਿ ਸੋਸ਼ਲ ਮੀਡੀਆ ਰਾਹੀਂ ਹੋ ਰਹੇ ਆਧੁਨਿਕ ਜੁਰਮਾਂ ਨੂੰ ਰੋਕਿਆ ਜਾ ਸਕੇ, ਗੁਨਾਹਗਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। ਸੋ ਸੋਸ਼ਲ ਮੀਡੀਆ ਦੇ ਫਾਇਦਿਆਂ ਦੇ ਨਾਲ ਨਾਲ ਨੁਕਸ ਵੀ ਬਥੇਰੇ ਹਨ। ਚੰਗੀਆਂ ਦੇ ਨਾਲ ਨਾਲ ਬੁਰੀਆਂ ਸਾਇਟਾਂ ਵੀ ਅਣਗਿਣਤ ਹਨ। ਬਹੁਤ ਸਾਰੇ ਬੱਚੇ, ਨੌਜਵਾਨ, ਔਰਤਾਂ, ਕਈ ਬਜ਼ੁਰਗ ਵੀ ਇਹਨਾਂ ਸਾਇਟਾਂ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਾਈਬਰ ਧੱਕੇਸ਼ਾਹੀ ਵਧ ਰਹੀ ਹੈ। ਪੈਸਿਆਂ ਦੀ ਧੋਖਾਧੜੀ ਹੋ ਰਹੀ ਹੈ। ਤਸਵੀਰਾਂ ਦੀ ਗਲਤ ਵਰਤੋਂ ਹੋ ਰਹੀ ਹੈ। ਕਈ ਗਲਤ ਬੰਦੇ ਦੂਜਿਆਂ ਦਾ ਇਮੇਜ਼ ਖਰਾਬ ਕਰ ਦਿੰਦੇ ਹਨ। ਸੋਸ਼ਲ ਮੀਡੀਆ ਕਾਰਣ ਲੋਕਾਂ ਦੇ ਆਪਸੀ ਸੰਬੰਧਾਂ ਵਿੱਚ ਤਰੇੜਾਂ ਪੈ ਸਕਦੀਆਂ ਹਨ। ਕਈ ਲੋਕਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ ਤੇ ਸਿਹਤ ਵਿਗੜ ਜਾਂਦੀ ਹੈ। ਜਿੱਥੇ ਸੋਸ਼ਲ ਮੀਡੀਆ ਵਿਹਲੜਾਂ ਲਈ ਵੀ ਵਧੀਆ ਟਾਈਮ-ਪਾਸ ਹੈ, ਉੱਥੇ ਵਕਤ ਦੀ ਬੇ-ਵਜਾਹ ਬਰਬਾਦੀ ਵੀ ਹੈ। ਇਸ ਲਈ ਸੋਸ਼ਲ ਮੀਡੀਆ ਨੂੰ ਪਲੱਗ-ਇੰਨ-ਡਰੱਗ ਦਾ ਨਾਂ ਵੀ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਵਿੱਚ ਕਿਸੇ ਅਮਲ ਨਾਲੋਂ ਵੀ ਜ਼ਿਆਦਾ ਨਸ਼ਾ ਹੈ। ਇਸ ਬਾਰੇ ਅਗਲੇ ਲੇਖ ਵਿੱਚ ਵਿਸਤਾਰ ਨਾਲ ਲਿਖਿਆ ਜਾਵੇਗਾ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਅੱਜ ਸੋਸ਼ਲ ਮੀਡੀਆ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ। ਸੋਸ਼ਲ ਮੀਡੀਆ ਸਾਡੇ ਜੀਵਨ ਦਾ ਅੱਤ ਜ਼ਰੂਰੀ ਹਿੱਸਾ ਬਣ ਚੁੱਕਾ ਹੈ, ਚਾਹੇ ਅਸੀਂ ਘਰ ਵਿੱਚ ਹੋਈਏ ਜਾਂ ਬਾਹਰ। ਕੰਮ-ਕਾਜ, ਵਪਾਰ, ਸੈਰ ਸਪਾਟਾ, ਵਿਆਹ ਸ਼ਾਦੀਆਂ, ਕੁਝ ਵੀ ਕਰਨਾ ਹੋਵੇ, ਸੋਸ਼ਲ ਮੀਡੀਆ ਸਾਡਾ ਵੱਡਾ ਸਾਥੀ ਤੇ ਸਾਧਨ ਬਣ ਚੁੱਕਾ ਹੈ ਅਤੇ “ਗੂਗਲ ਬਾਬਾ ਗੁਰੂ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3679)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪਿਆਰਾ ਸਿੰਘ ਕੁੱਦੋਵਾਲ

ਪਿਆਰਾ ਸਿੰਘ ਕੁੱਦੋਵਾਲ

Toronto, Ontario, Canada.
Tel: (647 - 278 - 4477)
Email: (psingh.insurance@gmail.com)