JaswinderSurgeet7ਫਿਰ ਅਚਾਨਕ ਜਿਵੇਂ ਮੇਰੇ ਅੰਦਰ ਕੁਝ ਧੁਖਦਾ ਧੁਖਦਾ ਭਾਂਬੜ ਬਣ ਗਿਆ ਹੋਵੇ, “ਤੈਂਨੂੰ ਜਦੋਂ ਕਹਿ-ਤਾ ...
(5 ਜੁਲਾਈ 2022)
ਮਹਿਮਾਨ: 301.


ਪੜ੍ਹਾਉਂਦੇ ਪੜ੍ਹਾਉਂਦੇ ਅਚਾਨਕ ਮੇਰਾ ਧਿਆਨ ਅਮਨ ਵੱਲ ਗਿਆ
ਮੈਂਨੂੰ ਉਹ ਉਦਾਸ ਦਿਸੀ“ਕੀ ਗੱਲ ਪੁੱਤਰ, ਉਦਾਸ ਲੱਗਦੀਂ ਏਂ।” ਮੈਂ ਕਵਿਤਾ ਪੜ੍ਹਾਉਣੀ ਵਿੱਚੇ ਛੱਡ ਕੇ ਅਮਨ ਨੂੰ ਪੁੱਛਿਆ

“ਨਹੀਂ ਸਰ” ਕਹਿ ਕੇ ਉਹ ਗੱਲ ਟਾਲ ਗਈਮੈਂ ਬੱਚਿਆਂ ਸਾਹਮਣੇ ਜ਼ਿਆਦਾ ਪੁੱਛ ਪੜਤਾਲ ਕਰਨੀ ਵਾਜਿਬ ਨਾ ਸਮਝੀ ਤੇ ਮੁੜ ਕਵਿਤਾ ਪੜ੍ਹਾਉਣੀ ਸ਼ੁਰੂ ਕਰ ਦਿੱਤੀਉਂਝ ਬਿੰਦੇ ਝੱਟੇ ਮੇਰਾ ਧਿਆਨ ਅਮਨ ਦੇ ਉੱਤਰੇ ਚਿਹਰੇ ਵੱਲ ਜਾਵੇ ਇੰਨੇ ਨੂੰ ਘੰਟੀ ਵੱਜ ਗਈ

“ਅਮਨ, ਗੱਲ ਸੁਣ” ਇੰਨਾ ਆਖ ਕੁੜੀ ਨੂੰ ਮੈਂ ਆਪਣੇ ਨਾਲ ਸਟਾਫ ਰੂਮ ਲੈ ਗਿਆ “ਕੀ ਗੱਲ ਐ ਪੁੱਤਰ?” ਮੈਂ ਸਵਾਲ ਦੁਹਰਾਇਆ

“ਸਰ, ਪਲੀਜ਼ ਤੁਸੀਂ ਮੇਰੇ ਡੈਡੀ ਨਾਲ ਗੱਲ ਕਰ ਲੋ।” ਏਨਾ ਆਖ ਅਮਨ ਵਾਪਸ ਚਲੀ ਗਈ

ਕੁੜੀ ਦੇ ਬੋਲਾਂ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾਇਹੋ ਜਿਹੀ ਕੀ ਗੱਲ ਹੋਵੇਗੀ ਜੋ ਇਹ ਡੈਡੀ ਨਾਲ ਗੱਲ ਕਰਨ ਨੂੰ ਕਹਿੰਦੀ ਐ? ਮੈਂ ਲਗਤੇ ਲਾਉਣ ਲੱਗਿਆ ਇੰਨੇ ਨੂੰ ਇੱਕ ਘਬਰਾਇਆ ਜਿਹਾ ਵਿਅਕਤੀ ਸਟਾਫ ਰੂਮ ਵਿੱਚ ਦਾਖਲ ਹੋਇਆ ਤੇ ਕਹਿਣ ਲੱਗਾ, “ਨਾਂ ਕਟਾਉਣੈ ਕੁੜੀ ਦਾ ਮਾਸਟਰ ਜੀ।”

“ਕਿਹੜੀ ਕੁੜੀ ਦਾ?” ਨਾਲ ਹੀ ਮੈਂ ਉਸ ਵਿਅਕਤੀ ਨੂੰ ਬੈਠਣ ਦਾ ਇਸ਼ਾਰਾ ਕੀਤਾ

“ਜੋਤੀ ਦਾ।”

“ਕਿਉਂ ਕੀ ਗੱਲ?”

ਬੱਸ ਜੀ, ਕੀ ਦੱਸੀਏ, ਘਰ ਦੀਆਂ ਸੌ ਮਜਬੂਰੀਆਂ ਹੁੰਦੀਐਂਏਹਦੀ ਮਾਂ ਬਿਮਾਰ ਰਹਿੰਦੀ ਐ, ਦਮੇ ਦੀ ਮਰੀਜ਼ ਐਪਹਿਲਾਂ ਤਾਂ ਮੇਰੀ ਮਾਂ ਬੈਠੀ ਸੀ, ਉਹ ਮਾੜਾ ਮੋਟਾ ਘਰ ਦੇ ਕੰਮ ਧੰਦੇ ਵਿੱਚ ਹੱਥ ਵਟਾ ਦਿੰਦੀ ਸੀ, ਪਿਛਲੇ ਮਹੀਨੇ ਉਹ ਪੂਰੀ ਹੋ-ਗੀਹੁਣ ਘਰ ਦਾ ਔਖੈ।”

“ਕੁੜੀ ਤੇਰੀ ਹੁਸ਼ਿਆਰ ਐ, ਨਾਂ ਨਾ ਕਟਾਓ ਉਹਦਾ।” ਮੈਂ ਕੁੜੀ ਦਾ ਨਾਮ ਨਹੀਂ ਕੱਟਣਾ ਚਾਹੁੰਦਾ ਸੀਪਰ ਉਹ ਮੇਰੀ ਗੱਲ ’ਤੇ ਆ ਨਹੀਂ ਰਿਹਾ ਸੀਮੈਂ ਜੋਤੀ ਨੂੰ ਬੁਲਾਇਆ, “ਹਾਂ ਬੇਟੇ, ਕੀ ਚਾਹੁੰਦੀ ਐਂ ਤੂੰ?”

ਕੁੜੀ ਪਿਉ ਵੱਲ ਝਾਕ ਕੇ ਚੁੱਪ ਕਰ ਗਈ “ਦੱਸ ਬੇਟਾ।” ਮੈਂ ਆਪਣਾ ਸਵਾਲ ਦੁਹਰਾਇਆ

“ਸਰ, ਮੈਂ ਪੜ੍ਹਨਾ ਚਾਹੁੰਦੀ ਆਂ।”

“ਮਾਸਟਰ ਜੀ, ਕੁੜੀ ਨੂੰ ਕੀ ਕਹਿਣੈਂ, ਜਦੋਂ ਸਰਦਾ ਈ ਨੀ ਘਰੇ।” ਪਿਉ ਖਿਝ ਕੇ ਬੋਲਿਆ

“ਮੈਂ ਸਰ, ਡੈਡੀ ਨੂੰ ਘਰੇ ਵੀ ਕਿਹਾ ਸੀ ਕਿ ਦੋਨੇਂ ਕੰਮ ਹੀ ਕਰ ਲੂੰ, ਘਰ ਦਾ ਵੀ ਤੇ ਸਕੂਲ ਦਾ ਵੀਮੈਂ ਮਾਂ ਦਾ ਵੀ ਖਿਆਲ ਰੱਖੂੰਪਰ ਮੈਨੂੰ ਪੜ੍ਹਨ ਦਿਓ।” ਕੁੜੀ ਬੋਲੀਬਾਕੀ ਬਚਿਆ ਉਹਦੇ ਕਿਰਦੇ ਹੰਝੂਆਂ ਨੇ ਬੋਲ ਦਿੱਤਾ

**

“ਹਾਂ, ਦੱਸੋ ਬੇਬੇ, ਕਿਵੇਂ ਆਏ?” ਇੰਨਾ ਆਖਦਿਆਂ ਮੇਰਾ ਧਿਆਨ ਬੇਬੇ ਨਾਲ ਨਾਲ ਆਈ ਲੜਕੀ ’ਤੇ ਵੀ ਗਿਆ

“ਕੁੜੀ ਦਾਖਲ ਕਰਾਉਣੀ ਐ ਭਾਈ।”

“ਤੇਰੀ ਪੋਤੀ ਐ ਬੇਬੇ?”

“ਪੋਤੀ ਕਾਹਨੂੰ ਐ ਭਾਈ, ਦੋਹਤੀ ਐ ਮੇਰੀ।”

“ਦੋਹਤੀ! ... ਫੇਰ ਇੱਥੇ ਕਿਵੇਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ

“ਕੀ ਦੱਸੀਏ ਪੁੱਤ, ਪਰ੍ਹੌਣਾ ਤੰਗ ਕਰਦਾ ਸੀ ਕੁੜੀ ਨੂੰ, ਦਾਰੂ ਪੀ ਕੇ ਕੁੱਟਦਾ ਮਾਰਦਾ ਸੀ ਪਹਿਲਾਂ ਤਾਂ ਕੁੜੀ ਝੱਲੀ ਗਈ, ਜਦੋਂ ਅੱਗੇ ਈ ਅੱਗੇ ਵਧੀ ਗਿਆ, ਫੇਰ ਹਾਰ ਕੇ ਪੇਕੀਂ ਆ-ਗੀ।”

“ਹਾਂ ਬੇਟੇ, ਕੀ ਨਾਂ ਤੇਰਾ?”

ਵੀਰਪਾਲ।” ਕੁੜੀ ਹੌਲੀ ਜਿਹੇ ਬੋਲੀ

“ਕੀ ਗੱਲ ਬੇਬੇ, ਕੁੜੀ ਉਦਾਸ ਕਿਉਂ ਲਗਦੀ ਐ?”

ਏਹਦਾ ਭਾਈ ਓਥੇ ਸਕੂਲ ਵਿੱਚ ਜੀਅ ਲੱਗਿਆ ਸੀ, ਜਿੱਦੇਂ ਦਾ ਨਾਂ ਕਟਾਇਐ, ਇਹ ਓਦੇਂ ਦੀ ਓਦਰੀ ਪਈ ਐ।”

“ਤੇਰਾ ਬਹੁਤ ਜੀਅ ਲੱਗਿਆ ਸੀ ਬੇਟੇ ਉਸ ਸਕੂਲ ਵਿੱਚ?” ਮੈਂ ਕੁੜੀ ਨੂੰ ਪਿਆਰ ਨਾਲ ਪੁੱਛਿਆ।

“ਹਾਂ ਜੀ ਸਰ, ਬਹੁਤ, ਨਾਲੇ ਸਰ, ਮੇਰੀਆਂ ਸਾਰੀਆਂ ਸਹੇਲੀਆਂ ਤਾਂ ਉੱਥੇ ਰਹਿ ਗਈਆਂ, ਮੇਰੇ ਸਾਰੇ ਟੀਚਰ ਵੀ ਓਥੇ ਰਹਿ ਗਏ ਇੱਥੇ ਮੇਰਾ ਕੌਣ ਐਂ!”

“ਕੋਈ ਨਾ ਬੇਟੇ, ਇੱਥੇ ਵੀ ਤੇਰੀਆਂ ਸਹੇਲੀਆਂ ਬਣ ਜਾਣਗੀਆਂ।” ਮੈਂ ਕੁੜੀ ਦਾ ਦਿਲ ਧਰਾਇਆ

“ਇਹੀ ਤਾਂ ਭਾਈ ਅਸੀਂ ਏਹਨੂੰ ਸਮਝਾਉਣੇ ਆਂ, ਪਰ ਸੁਣਦੀ ਨੀ ਸਾਡੀ ਗੱਲ ਬੱਸ, ਜਿੱਦੇਂ ਦੀ ਇਹ ਇੱਥੇ ਆਈ ਐ, ਆਹੀ ਰਟ ਲਾਈ ਜਾਂਦੀ ਐ ਅੱਜ ਵੀ ਨੀ ਇਹ ਸਕੂਲ ਆਉਂਦੀ ਸੀ, ਮਸਾਂ ਲਿਆਂਦੀ ਐ।” ਫਿਰ ਬੇਬੇ ਕੁੜੀ ਵੱਲ ਹੋ ਗਈ, “ਤੈਂਨੂੰ ਕਿੱਦੇਂ ਦੇ ਸਮਝਾਈ ਜਾਨੇਂ ਆਂ, ਬਈ ਨਹੀਂ ਤੂੰ ਓਥੇ ਹੁਣ ਲੱਗ ਸਕਦੀ, ਕਿਉਂ ਨੀ ਤੇਰੇ ਖਾਨੇ ਗੱਲ ਪੈਂਦੀ।”

“ਜਦੋਂ ਬੇਬੇ ਮੈਂ ਕਹਿ-ਤਾ, ਬਈ ਨਹੀਂ ਲੱਗਣਾ ਮੈਂ ਇੱਥੇ, ... ਸਰ, ਤੁਸੀਂ ਈ ਸਮਝਾ ਦਿਉ ਨਾ ਮੇਰੀ ਬੇਬੇ ਨੂੰ, ਮੇਰਾ ਪਤਾ ਕਿੰਨਾ ਜੀਅ ਲੱਗਿਐ ਉਸ ਸਕੂਲ ਵਿੱਚ, ਮੈਂ ਛੇਵੀਂ ਤੋਂ ਪੜ੍ਹਦੀ ਆਂ ਓਥੇਮੇਰੀ ਗੱਲ ਨੂੰ ਕੋਈ ਸਮਝਦਾ ਈ ਨੀ।”

ਕੁੜੀ ਇੰਨਾ ਕਹਿੰਦਿਆਂ ਸਾਰ ਡੁਸਕਣ ਲੱਗ ਪਈਮੇਰਾ ਚਿੱਤ ਭੈੜਾ ਹੋ ਗਿਆਬੇਬੇ ਵੀ ਮਸੋਸੀ ਜਿਹੀ ਹੋ ਕੇ ਬੈਠ ਗਈ

***

“ਨਾ, ਐਨੀ ਤੁਹਾਨੂੰ ਕਾਹਦੀ ਕਾਹਲੀ ਪਈ ਐ ਕੁੜੀ ਵਿਆਹੁਣ ਦੀ? ਤੇ ਨਾਲੇ ਕੋਈ ਉਮਰ ਐ ਇਹਦੀ ਵਿਆਹ ਕਰਨ ਦੀ?ਮੈਂ ਕੁੜੀ ਦੇ ਬਾਪ ਨੂੰ ਸਖ਼ਤ ਲਹਿਜ਼ੇ ਵਿੱਚ ਬੋਲਦਿਆਂ ਕਿਹਾ

“ਉਹ ਤਾਂ ਸੋਡੀ ਗੱਲ ਠੀਕ ਐ ਮਾਸਟਰ ਜੀ, ਪਰ ਮਜਬੂਰੀ ਐ।”

“ਨਾ, ਐਹ ਜੀ ਕੀ ਮਜਬੂਰੀ ਆ-ਗੀ?” ਮੇਰਾ ਲਹਿਜ਼ਾ ਉਵੇਂ ਦਾ ਉਵੇਂ ਸੀ

“ਕੁੜੀ ਮਾਸਟਰ ਜੀ, ਪਿਛਲੇ ਸਾਲ ਅਸੀਂ ਮੰਗ-ਤੀ ਸੀ, ਹੁਣ ਮੁੰਡੇ ਆਲ਼ੇ ਕਾਹਲੀ ਕਰਦੇ ਐ ਅਸੀਂ ਤਾਂ ਕਿਹਾ ਸੀ, ਕੁੜੀ ਨੂੰ ਬਾਰ੍ਹਵੀਂ ਤਾਂ ਕਰ ਲੈਣ ਦਿਓ, ਪਰ ਉਹ ਮੰਨਣ, ਤਾਂ ਈ ਐ ਨਾ ਇੱਕ ਰੱਬ ਸੋਡਾ ਭਲਾ ਕਰੇ, ਮੁੰਡੇ ਦੀ ਮਾਂ ਤੋਂ ਹੁਣ ਕੰਮ ਨੀ ਹੁੰਦਾ।”

ਮੈਂ ਉਸ ਬੰਦੇ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁੜੀ ਦਾ ਅਜੇ ਵਿਆਹ ਨਾ ਕਰੇ, ਉਹਨੂੰ ਪੜ੍ਹਨ ਦੇਵੇਕਿਵੇਂ ਨਾ ਕਿਵੇਂ ਮੁੰਡੇ ਵਾਲਿਆਂ ਨੂੰ ਸਮਝਾਵੇਪਰ ਉਹ ਮੇਰੀ ਕਿਸੇ ਗੱਲ ’ਤੇ ਨਹੀਂ ਆ ਰਿਹਾ ਸੀਮੈਂਨੂੰ ਉਹ ਮਜਬੂਰ ਵੀ ਲੱਗਿਆਹਾਰ ਕੇ ਮੈਂ ਹਥਿਆਰ ਸੁੱਟ ਦਿੱਤੇ

… ਤੇ ਫਿਰ ਮੇਰੇ ਵੇਂਹਦੇ ਵੇਂਹਦੇ ਅਮਨ ਭਿੱਜੀਆਂ ਅੱਖਾਂ ਲਈ ਸਕੂਲ ਦੇ ਮੁੱਖ ਦਰਵਾਜ਼ਿਓਂ ਬਾਹਰ ਨਿਕਲ ਗਈ

**

ਸਕੂਲੋਂ ਘਰ ਆ ਕੇ ਅਜੇ ਬੈਠਾ ਹੀ ਸੀ ਕਿ ਮੇਰੀ ਬੇਟੀ ਭੱਜੀ ਭੱਜੀ ਆਈ, ਜਿਵੇਂ ਮੈਨੂੰ ਹੀ ਉਡੀਕ ਰਹੀ ਹੋਵੇ ਬੋਲੀ, “ਪਾਪਾ ਚੱਲੀਏ?”

ਕਿੱਥੇ ਬੇਟੇ?”

“ਲੈ, ਤੁਸੀਂ ਭੁੱਲ ਵੀ ਗਏ ਰਾਤ ਤੁਸੀਂ ਕੀ ਵਾਅਦਾ ਕੀਤਾ ਸੀ?”

“ਅੱਛਾ, ਅੱਛਾ, ਫਿਲਮ ਦਿਖਾਉਣ ਦਾ!”

“ਹਾਂ, ਹਾਂ, ਚੱਲੋ ਬੱਸ।”

“ਅੱਜ ਨੀ ਬੇਟੇ।”

“ਅੱਜ ਕਿਉਂ ਨੀ ਪਾਪਾ?”

ਅੱਜ ਮੂਡ ਨੀ, ਕੱਲ੍ਹ ਚੱਲਾਂਗੇ।”

“ਲੈ-ਜੋ-ਗਾਂਹ, ਕੁੜੀ ਕਿੱਦੇਂ ਦੀ ਬਿਰ ਬਿਰ ਕਰੀ ਜਾਂਦੀ ਐ।” ਮੇਰੀ ਪਤਨੀ ਰਸੋਈ ਵਿੱਚੋਂ ਬੋਲੀ

“ਹਾਂ ਪਾਪਾ, ਅੱਜ ਜਾਣਾ ਈ ਜਾਣਾ ਹੈ, ਕੋਈ ਬਹਾਨਾ ਨੀ ਚੱਲਣਾ।”

ਬੇਟੀ ਮੇਰੇ ਖਹਿੜੇ ਪਈ ਹੋਈ ਸੀਮੈਂ ਉਹਨੂੰ ਸਮਝਾਉਂਦਾ ਰਿਹਾ ਪਰ ਉਹ ਜ਼ਿਦ ’ਤੇ ਅੜੀ ਹੋਈ ਸੀਫਿਰ ਅਚਾਨਕ ਜਿਵੇਂ ਮੇਰੇ ਅੰਦਰ ਕੁਝ ਧੁਖਦਾ ਧੁਖਦਾ ਭਾਂਬੜ ਬਣ ਗਿਆ ਹੋਵੇ, “ਤੈਂਨੂੰ ਜਦੋਂ ਕਹਿ-ਤਾ, ਅੱਜ ਨਹੀਂ ਜਾਣਾ, ਤੈਂਨੂੰ ਫਿਲਮਾਂ ਦੀ ਪਈ ਐ, ਓਧਰ ਰੋਣੇ ਨੀ ਮੁੱਕਣ ਡਹੇ।”

ਬੇਟੀ ਠਠੰਬਰ ਕੇ ਮਾਂ ਦੇ ਗਲੇ ਚਿੰਬੜ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3667)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)