JaswinderSurgeet7ਇੰਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈ। ਸੇਵਾਦਾਰ ਮੈਂਨੂੰ ...
(20 ਅਪਰੈਲ 2021)

 

ਸਕੂਲ ਵਿੱਚ ਅੱਧੀ ਛੁੱਟੀ ਹੋਣ ਦੀ ਘੰਟੀ ਵੱਜ ਚੁੱਕੀ ਸੀਸਰਦੀਆਂ ਦੇ ਮੌਸਮ ਵਿੱਚ ਅਰਾਮ ਨਾਲ ਸਕੂਲ ਦੇ ਪਾਰਕ ਵਿੱਚ ਬੈਠਾ ਮੈਂ ਆਸੇ ਪਾਸੇ ਖੇਡਦੇ ਬੱਚੇ ਦੇਖ ਰਿਹਾ ਸਾਂਡਿਗਦੇ, ਉੱਠਦੇ, ਢਹਿੰਦੇ ਬੱਚਿਆਂ ਦੀਆਂ ਕਿਲਕਾਰੀਆਂ ਨੇ ਅਜਬ ਜਿਹਾ ਸ਼ੋਰ ਛੇੜਿਆ ਹੋਇਆ ਸੀ ਤੇ ਇਹ ਸ਼ੋਰ ਮੇਰੇ ਕੰਨਾਂ ਨੂੰ ਖਾ ਨਹੀਂ ਰਿਹਾ ਸੀ ਸਗੋਂ ਭਾਅ ਰਿਹਾ ਸੀਇੰਨੇ ਨੂੰ ਇੱਕ ਅਵਾਜ਼ ਨੇ ਮੇਰੀ ਬਿਰਤੀ ਭੰਗ ਕਰ ਦਿੱਤੀਦਸਵੀਂ ਜਮਾਤ ਦਾ ਇੱਕ ਵਿਦਿਆਰਥੀ ਮੈਂਨੂੰ ਮੁਖ਼ਾਤਿਬ ਸੀ, “ਸਰ, ਛੁੱਟੀ ਚਾਹੀਦੀ ਐ

ਮੈਂ ਉਸ ਨੂੰ ਛੁੱਟੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, “ਸਰ, ਘਰੇ ਕੰਮ ਐ

“ਕੀ ਕੰਮ ਐ”? ਮੇਰਾ ਅਗਲਾ ਸਵਾਲ ਸੀਪਹਿਲਾਂ ਤਾਂ ਬੱਚਾ ਚੁੱਪ ਕਰ ਗਿਆ ਪਰ ਫਿਰ ਨੀਵੀਂ ਜਿਹੀ ਪਾ ਕੇ ਦੱਸਣ ਲੱਗਾ ਕਿ ਉਸਨੇ ਆਪਣੇ ਪਿਤਾ ਨਾਲ ਜੇਲ ਵਿੱਚ ਮੁਲਾਕਾਤ ਕਰਨ ਜਾਣਾ ਹੈਪਿਛਲੇ ਦਿਨੀਂ ਉਸਦੇ ਪਿਤਾ ਦੀ ਗੁਆਂਢੀ ਨਾਲ ਇੱਕ ਸਾਂਝੀ ਕੰਧ ਪਿੱਛੇ ਤਕਰਾਰ ਹੋ ਗਈ ਸੀ, ਜਿਹੜੀ ਕਿ ਇੱਕ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਈ ਸੀਗੁਆਂਢੀ ਜ਼ੋਰਾਵਰ ਸਨਸੋ ਕਈ ਦਿਨਾਂ ਤੋਂ ਉਸਾ ਪਿਤਾ ਹਵਾਲਾਤੀ ਦੇ ਤੌਰ ’ਤੇ ਜੇਲ ਵਿੱਚ ਸੀਮੈਂ ਛੁੱਟੀ ਦੇ ਦਿੱਤੀ ਤੇ ਦੁਬਾਰਾ ਫਿਰ ਦੁੜੰਗੇ ਮਾਰਦੇ ਬੱਚਿਆਂ ਦੀਆਂ ਕਿਲਕਾਰੀਆਂ ਵਿੱਚ ਲੀਨ ਹੋ ਗਿਆ

“ਸਰ, ਛੁੱਟੀ ਚਾਹੀਦੀ ਐ” ਇਹ ਦਸਵੀਂ ਜਮਾਤ ਦੀ ਕੋਮਲਪ੍ਰੀਤ (ਕਲਪਿਤ ਨਾਮ) ਸੀ

“ਕਿਉਂ, ਕਿਸ ਲਈ?” ਮੈਂ ਥੋੜ੍ਹੇ ਜਿਹੇ ਸਖ਼ਤ ਲਹਿਜ਼ੇ ਨਾਲ ਪੁੱਛਿਆਬੱਚੀ ਪਹਿਲਾਂ ਤਾਂ ਘਬਰਾ ਗਈ ਫਿਰ ਘੱਗੀ ਜਿਹੀ ਅਵਾਜ਼ ਵਿੱਚ ਬੋਲੀ, “ਸਰ, ਮੇਰੀ ਮੰਮੀ ਬਿਮਾਰ ਐ, ਘਰੇ ਹੋਰ ਕੋਈ ਨੀ” ਬੱਚੀ ਦੇ ਇਸ ਤਰਲੇ ਭਰੀ ਅਵਾਜ਼ ਨੇ ਮੇਰਾ ਲਹਿਜ਼ਾ ਨਰਮ ਕਰ ਦਿੱਤਾਮੈਂ ਉਸਦੇ ਸਿਰ ’ਤੇ ਹੱਥ ਧਰ ਕੇ ਪੁੱਛਿਆ, “ਬੇਟੇ, ਤੇਰੇ ਬਾਕੀ ਘਰ ਦੇ ਕਿੱਥੇ ਨੇ?”

ਬੱਚੀ ਨੇ ਹਟਕੋਰੇ ਭਰਦੀ ਨੇ ਦੱਸਿਆ ਕਿ ਡੈਡੀ ਪਿਛਲੇ ਸਾਲ ਇੱਕ ਦੁਰਘਟਨਾ ਵਿੱਚ ਪੂਰੇ ਹੋ ਗਏ ਸਨ ਦੋ ਭਰਾ ਦਿਹਾੜੀ ਕਰਨ ਜਾਂਦੇ ਹਨ ਤੇ ਹੁਣ ਉਸਦੀ ਮਾਂ ਕਈ ਦਿਨਾਂ ਤੋਂ ਬਿਮਾਰ ਸੀਉਸ ਨੂੰ ਛੁੱਟੀ ਦੇਣ ਤੋਂ ਸਿਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ

ਹੁਣ ‘ਜੇਲ੍ਹ’ ‘ਮੁਲਾਕਾਤ’ ‘ਐਕਸੀਡੈਂਟ’ ਜਿਹੇ ਸ਼ਬਦਾਂ ਨੇ ਮੇਰੇ ਮਨ ਵਿੱਚ ਘੁੰਮਣਾ ਸ਼ੁਰੁ ਕਰ ਦਿੱਤਾਬੱਚਿਆਂ ਦੀਆਂ ਕਿਲਕਾਰੀਆਂ ਕਿਧਰੇ ਵਿਸਰ ਗਈਆਂਉਦਾਸੀ ਤੇ ਨਿਰਾਸ਼ਤਾ ਨੇ ਘੇਰ ਲਿਆਇੰਨੇ ਨੂੰ ਸੇਵਾਦਾਰ ਚਾਹ ਦਾ ਕੱਪ ਦੇਣ ਆ ਗਿਆਮੈਂ ਉਦਾਸ ਮਨ ਨਾਲ ਘੁੱਟਾਂ ਭਰਨ ਲੱਗਾਅਜੇ ਦੋ ਤਿੰਨ ਘੁੱਟਾਂ ਹੀ ਭਰੀਆਂ ਸਨ ਕਿ ਕੰਨਾਂ ਵਿੱਚ ਫਿਰ ਇੱਕ ਅਵਾਜ਼ ਗੂੰਜੀ, “ਸਰ, ਘਰੇ ਜਾਣਾ ਹੈ

ਮੈਂ ਘਰ ਜਾਣ ਦਾ ਕਾਰਨ ਪੁੱਛਿਆ

“ਸਰ, ਡੈਡੀ ਨੂੰ ਹਸਪਤਾਲ ਲੈ ਕੇ ਜਾਣਾ ਹੈ” ਫਿਰ ਮੇਰੇ ਹੋਰ ਕੋਈ ਸਵਾਲ ਪੁੱਛੇ ਬਿਨਾਂ ਹੀ ਉਹ ਵਿਦਿਆਰਥੀ ਦੱਸਣ ਲੱਗਾ ਕਿ ਡੈਡੀ ਦੇ ਗੁਰਦੇ ਖਰਾਬ ਹਨਉਨ੍ਹਾਂ ਨੂੰ ਹਰ ਹਫ਼ਤੇ ਡਾਇਲਾਸਿਸ ਲਈ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ... ਮੈਂ ਵਿਦਿਆਰਥੀ ਨੂੰ ਛੁੱਟੀ ਦੇਣ ਤੋਂ ਜਵਾਬ ਨਾ ਦੇ ਸਕਿਆਜਾਂਦੇ ਹੋਏ ਨੂੰ ਜਦ ਮੈਂ ਪਿੱਛੋਂ ਦੇਖਿਆ ਤਾਂ ਉਸਦੇ ਅਗਾਂਹ ਨੂੰ ਝੁਕੇ ਹੋਏ ਮੋਢੇ ਦੇਖ ਕੇ ਮੇਰਾ ਮਨ ਹੋਰ ਵੀ ਉਦਾਸ ਹੋ ਗਿਆ

ਛੁੱਟੀ ਖਤਮ ਹੋਣ ਵਿੱਚ ਪੰਦਰਾਂ ਕੁ ਮਿੰਟ ਰਹਿ ਗਏ ਸਨਚਾਹ ਪੀਣੀ ਵਿੱਚੇ ਛੱਡ ਕੇ ਮੈਂ ਬੱਚਿਆਂ ਦੀ ਛੁੱਟੀ ਦੇ ‘ਕਾਰਨਾਂ’ ਦੀ ਫਿਕਰਮੰਦੀ ਵਿੱਚ ਉਲਝਿਆ ਪਿਆ ਸੀ ਕਿ ਇੰਨੇ ਨੂੰ ਮੇਰੇ ਮੋਬਾਇਲ ਫ਼ੋਨ ਦੀ ਘੰਟੀ ਵੱਜੀਇੱਕ ਹਉਕੇ ਭਿੱਜੀ ਅਵਾਜ਼ ਮੇਰੇ ਕੰਨੀਂ ਪਈ, “ਸਰ ਬੋਲਦਾ ਹੈ?”

ਮੇਰਾ ਉੱਤਰ ਉਡੀਕੇ ਬਿਨਾਂ ਹੀ ਫਿਰ ਉਹ ਬੋਲਣ ਲੱਗੀ, “ਮੈਂ ਵੀਨਾ (ਅਸਲ ਨਾਮ ਹੋਰ) ਦੀ ਮੰਮੀ ਬੋਲਦੀ ਆਂ, ਕੁੜੀ ਨੂੰ ਛੁੱਟੀ ਚਾਹੀਦੀ ਐ ਮਹੀਨੇ ਦੀ

“ਕਿਉਂ? ਘਰੇ ਸੁੱਖ ਤਾਂ ਹੈ?” ਮੇਰੇ ਇੰਨਾ ਪੁੱਛਣ ਤੇ ਜਿਵੇਂ ਉਹ ਫਿੱਸ ਹੀ ਪਈ ਤੇ ਰੋਂਦੀ ਰੋਂਦੀ ਨੇ ਦੱਸਿਆ ਕਿ ਅੱਜ ਹੀ ਸ਼ਹਿਰੋਂ ਰਿਪੋਟ ਆਈ ਹੈ, ਵੀਨਾ ਨੂੰ ਕੈਂਸਰ ...” ਤੇ ਬਾਕੀ ਗੱਲ ਉਹਦੇ ਗਲੇ ਵਿੱਚ ਹੀ ਦਮ ਤੋੜ ਗਈਸੁਣ ਕੇ ਮੇਰੇ ਸਿਰ ਨੂੰ ਇੱਕ ਝਟਕਾ ਜਿਹਾ ਲੱਗਾ, ਜਿਵੇਂ ਕਿਸੇ ਨੇ ਸਿਰ ’ਤੇ ਹਥੌੜਾ ਮਾਰ ਦਿੱਤਾ ਹੋਵੇਮੈਂ ‘ਠੀਕ ਐ’, ‘ਠੀਕ ਐ’ ਕਹਿ ਕੇ ਮੋਬਾਇਲ ਫ਼ੋਨ ਬੰਦ ਕਰ ਦਿੱਤਾਲੜਕੀ ਨੂੰ ਆਪਣੇ ਕੋਲ ਬੁਲਾਇਆਖਾਲੀ ਖਾਲੀ ਅੱਖਾਂ ਵਾਲੇ ਬੇਰੌਣਕੇ ਚਿਹਰੇ ਨੂੰ ਧਿਆਨ ਨਾਲ ਤੱਕਿਆ ਤੇ ਉਸ ਨੂੰ ਘਰ ਤੋਰ ਦਿੱਤਾ

ਮੈਂ ਪਿਛਲੇ ਵੀਹ ਸਾਲਾਂ ਤੋਂ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਿਹਾ ਹਾਂਅਕਸਰ ਹੀ ਮੇਰਾ ਵਿਦਿਆਰਥੀਆਂ ਦੇ ਛੁੱਟੀ ਲੈਣ ਦੇ ਅਜਿਹੇ ਕਾਰਨਾਂ ਜਾਂ ਇਨ੍ਹਾਂ ਵਰਗੇ ਹੋਰ ਦੁਖਦ ਕਾਰਨਾਂ ਨਾਲ ਵਾਹ ਪੈਂਦਾ ਰਹਿੰਦਾ ਹੈਨਿੱਕੀਆਂ ਵੱਡੀਆਂ ਬਿਮਾਰੀਆਂ ਵਿੱਚ ਇਹ ਲੋਕ ਘਿਰੇ ਹੀ ਰਹਿੰਦੇ ਹਨਸਰਕਾਰੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਜਾਂ ਤਾਂ ਇਹ ਓਹੜ ਪੋਹੜ ਤਕ ਹੀ ਸੀਮਿਤ ਰਹਿੰਦੇ ਹਨ ਜਾਂ ਧਾਗੇ ਤਵੀਤਾਂ ਵਿੱਚ ਉਲਝੇ ਰਹਿੰਦੇ ਹਨਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਇਨ੍ਹਾਂ ਵਿੱਚ ਪੁੱਜਤ ਹੀ ਨਹੀਂ ਹੈਮੈਂਨੂੰ ਦੋ ਕੁ ਸਾਲ ਪੁਰਾਣੀ ਗੱਲ ਅੱਜ ਵੀ ਯਾਦ ਹੈਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਿਛਲੇ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਹੀ ਸੀਨਾਲ ਦੇ ਵਿਦਿਆਰਥੀਆਂ ਨੇ ਪੁੱਛਣ ’ਤੇ ਦੱਸਿਆ ਕਿ ਉਸ ਨੂੰ ਚਮੜੀ ਦੀ ਕੋਈ ਬਿਮਾਰੀ ਹੈਅਗਲੇ ਦਿਨ ਉਸਦੇ ਪਿਤਾ ਨੂੰ ਬੁਲਾਇਆ ਗਿਆਇਲਾਜ ਦੇ ਬਾਰੇ ਜਦ ਮੈਂ ਤੇ ਮੇਰੇ ਸਾਥੀ ਅਧਿਆਪਕ ਨੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇੱਕ ਕਰਨੀ ਵਾਲੇ ਸਾਧ ਤੋਂ ਥੌਲਾ ਕਰਾ ਰਹੇ ਹਨ ਤੇ ਨਾਲੇ ਪਿੰਡ ਦੇ ਇੱਕ ਵੈਦ ਤੋਂ ਦੇਸੀ ਦਵਾਈ ਲੈ ਰਹੇ ਹਨਸੁਣ ਕੇ ਅਸੀਂ ਝਟਕਾ ਜਿਹਾ ਖਾਧਾਮੇਰੇ ਸਾਥੀ ਅਧਿਆਪਕ ਨੇ ਤੁਰੰਤ ਫੋਨ ਜ਼ਰੀਏ ਆਪਣੇ ਇੱਕ ਜਾਣ ਪਛਾਣ ਵਾਲੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਲ ਗੱਲ ਕੀਤੀਫੀਸ ਵਗੈਰਾ ਵੀ ਘੱਟ ਲੈਣ ਦੀ ਸਿਫਾਰਿਸ਼ ਕੀਤੀਪਿਤਾ ਨੂੰ ਲੜਕੀ ਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਕਿਹਾਬਾਅਦ ਵਿੱਚ ਡਾਕਟਰ ਨੇ ਦੱਸਿਆ ਕਿ ਜੇ ਲੜਕੀ ਹੋਰ ਦੇਰ ਕਰ ਦਿੰਦੀ ਤਾਂ ਚਮੜੀ ਦੇ ਰੋਗ ਨੇ ਹੋਰ ਗੰਭੀਰ ਹੋ ਜਾਣਾ ਸੀ

ਇਨ੍ਹਾਂ ਸਰਕਾਰੀ ਸਕੂਲਾਂ ਦੇ ਬਹੁ ਗਿਣਤੀ ਵਿਦਿਆਰਥੀ ਆਰਥਿਕ ਅਤੇ ਸਮਾਜਿਕ ਤੌਰ ’ਤੇ ਲਿਤਾੜੇ ਪਰਿਵਾਰਾਂ ਵਿੱਚੋਂ ਆਉਂਦੇ ਹਨਇਨ੍ਹਾਂ ਲਈ ਜ਼ਿੰਦਗੀ ਦਾ ਅਰਥ ਬੱਸ ਦੋ ਵਕਤ ਦੀ ਰੋਟੀ ਹੈਗਰੀਬੀ ਦੀ ਦਲਦਲ ਵਿੱਚ ਧਸੇ ਇਨ੍ਹਾਂ ਲੋਕਾਂ ਕੋਲ ਨਿਕਲਣ ਦਾ ਕੋਈ ਰਾਹ ਨਹੀਂਅਸਲ ਵਿੱਚ ਇਨ੍ਹਾਂ ਨੂੰ ਰਾਹ ਦਿੱਤਾ ਹੀ ਨਹੀਂ ਜਾਂਦਾਅੰਦਰਖਾਤੇ ‘ਉਤਲੇ ਲੋਕ’ ਚਾਹੁੰਦੇ ਹੀ ਨਹੀਂ ਕਿ ਇਹ ਲੋਕ ‘ਜਿਉਣ ਜੋਗੀ’ ਹਾਲਤ ਵਿੱਚ ਹੋ ਜਾਣ

‘ਵੋਟਾਂ ਦੀ ਰੁੱਤ’ ਵੇਲੇ ਵੱਡੇ ਵੱਡੇ ਨਾਅਰੇ ਗੂੰਜਦੇ ਹਨਗਰੀਬੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨਫ਼ਰਸ਼ ਤੋਂ ਅਰਸ਼ ਤਕ ਲਿਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨਨਾਅਰੇ ਵੀ ਅਜਿਹੇ ਮਨੋਵਿਗਿਆਨਕ ਢੰਗ ਨਾਲ ਸਿਰਜੇ ਜਾਂਦੇ ਹਨ ਕਿ ਇੱਕ ਵਾਰ ਤਾਂ ਸੁਣਕੇ ਇਉਂ ਲਗਦਾ ਹੈ ਕਿ ਬੱਸ ਹੁਣ ਤਾਂ ਬੇੜਾ ਪਾਰ ਹੋਇਆ ਕਿ ਹੋਇਆ ਪਰ ਕੁਝ ਨਹੀਂ ਬਦਲਦਾਇਹ ਸਾਰਾ ਕੁਝ ਧੂੰਏਂ ਦਾ ਪਹਾੜ ਹੁੰਦਾ ਹੈ ਜਿਸਨੇ ਇੱਕ ਖਾਸ ਸਮੇਂ ਬਾਅਦ ਛਟ ਜਾਣਾ ਹੁੰਦਾ ਹੈ ਤੇ ਇਹ ਕੁਚੱਕਰ ਲਗਾਤਾਰ ਚੱਲੀ ਜਾ ਰਿਹਾ ਹੈ

ਸੇਵਾਦਾਰ ਨੇ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਲਗਾ ਦਿੱਤੀਬੱਚਿਆਂ ਨੇ ਜਮਾਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾਮੈਂ ਉੱਠ ਕੇ ਆਪਣੀ ਜਮਾਤ ਵਿੱਚ ਚਲਾ ਗਿਆਵਿਦਿਆਰਥੀ ਨੂੰ ਪੜ੍ਹਾਉਣ ਵਿੱਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ ‘ਮੰਮੀ ਬਿਮਾਰ ਐ’, ‘ਵੀਨਾ ਨੂੰ ਕੈਂਸਰ ਐ’, ‘ਡੈਡੀ ਦੇ ਗੁਰਦੇ ਖਰਾਬ ਨੇ’, ਇਹ ਵਾਕ ਮਨ ਵਿੱਚ ਖੌਰੂ ਪਾਈ ਜਾਂਦੇ ਸਨਇੰਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈਸੇਵਾਦਾਰ ਮੈਂਨੂੰ ਮੁਖ਼ਾਤਿਬ ਸੀ, “ਸਰ, ਤੁਹਾਨੂੰ ਪ੍ਰਿਸੀਪਲ ਨੇ ਬੁਲਾਇਆ

ਮੈਂ ਦਫਤਰ ਵੱਲ ਚੱਲ ਪਿਆ ਅੱਧੀ ਛੁੱਟੀ ਤੋਂ ਬਾਅਦ ਦੀ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਜਿਸਟਰ ਪ੍ਰਿੰਸੀਪਲ ਦੇ ਮੇਜ਼ ’ਤੇ ਪਿਆ ਸੀਮੈਂ ਆਪਣੇ ਬੁਲਾਉਣ ਦਾ ਕਾਰਨ ਸਮਝ ਗਿਆਇੰਨੇ ਨੂੰ ਪ੍ਰਿੰਸੀਪਲ ਨੇ ਮੈਂਨੂੰ ਮੁਖ਼ਾਤਿਬ ਹੁੰਦੇ ਹੋਏ ਆਖਿਆ ਕਿ ਤੁਹਾਡੀ ਜਮਾਤ ਦੇ ਚਾਰ ਵਿਦਿਆਰਥੀ ਅੱਧੀ ਛੁੱਟੀ ਤੋਂ ਬਾਅਦ ਗੈਰਹਾਜ਼ਰ ਹਨਵਿਦਿਆਰਥੀਆਂ ਦੇ ਛੁੱਟੀ ਲੈਣ ਦਾ ਸਾਰਾ ਘਟਨਾਕ੍ਰਮ ਇੱਕ ਦਮ ਮੇਰੇ ਮਨ ਵਿੱਚ ਲਿਸ਼ਕਿਆਪ੍ਰਿੰਸੀਪਲ ਨੂੰ ਮੈਂ ਸਾਰੀ ਗੱਲ ਸਮਝਾਈ ਤੇ ਅੰਤ ਵਿੱਚ ਮੂੰਹੋਂ ਸਹਿਜ ਸੁਭਾਅ ਨਿੱਕਲਿਆ, “ਸਰ, ਉਹ ਗੈਰਹਾਜ਼ਰ ਨਹੀਂ, ਉਹ ਤਾਂ ਚਾਰੇ ਮੇਰੇ ਜ਼ਿਹਨ ਵਿੱਚ ਹਾਜ਼ਰ ਨੇ

ਪ੍ਰਿੰਸੀਪਲ ਹੈਰਾਨੀ ਦੇ ਭਾਵ ਨਾਲ ਮੇਰੇ ਵੱਲ ਵੇਖਣ ਲੱਗਾ ਤੇ ਮੈਂ ਦਫਤਰ ਵਿੱਚੋਂ ਬਾਹਰ ਆ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2720)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)