JaswinderSurgeet7ਹੋਰ ਸੁਣਾ ਫਿਰ ਸੇਵਕ ਸਿਆਂ, ਕੀ ਕਹਿੰਦੀ ਐ ਗੁਰਾਂ ਦੀ ਬਾਣੀ? ...
(19 ਜੂਨ 2022)
ਮਹਿਮਾਨ: 70.


ਉਹ ਜਦੋਂ ਹੱਸਦਾ ਹੈ ਤਾਂ ਲਗਦਾ ਹੈ ਜਿਵੇਂ ਸਾਰੀ ਕਾਇਨਾਤ ਹੀ ਉਹਦੇ ਹਾਸੇ ਵਿੱਚ ਸ਼ਾਮਿਲ ਹੋ ਜਾਂਦੀ ਹੋਵੇ
ਨਿਰਛਲ ਹਾਸਾ! ਪੁਰੇ ਦੀ ਪੌਣ ਜਿਹਾ ਹਾਸਾ! ਤੇ ਉਹਦੇ ਹਾਸੇ ਵਿੱਚ ਮੇਰਾ ਸਕੂਲ ਸਦਾ ਹੀ ਰੰਗਿਆ ਰਹਿੰਦਾ ਹੈਸਕੂਲ ਦੇ ਕਿਸੇ ਕੰਮ ਕਾਜ ਵਿੱਚ ਖਿਝਿਆਂ ਖਪਿਆਂ ਨੂੰ ਜਦੋਂ ਸੇਵਕ ਦਾ ਰੂਹਾਨੀ ਹਾਸਾ ਸੁਣਾਈ ਦਿੰਦਾ ਹੈ ਤਾਂ ਸੋਚੀਦਾ ਹੈ, “ਕਿਉਂ ਐਵੇਂ ਕਲਪੀ ਜਾਨੇ ਆਂ, ਜੋ ਕਰਨੈਂ, ਹੱਸ ਖੇਡ ਕੇ ਕਰੋ।” ਸੱਚਮੁੱਚ ਹੀ ਸੇਵਕ ਦੇ ਹਾਸੇ ਨੇ ਸਾਡੇ ਸਕੂਲ ਵਿੱਚ ਇੱਕ ਊਰਜਾ ਮੰਡਲ ਸਿਰਜਿਆ ਹੋਇਆ ਹੈ, ਇੱਕ ਮਹਿਫ਼ਲ ਲਾਈ ਹੋਈ ਹੈਉਹਨੂੰ ਕਦੇ ਅਸੀਂ ਉਦਾਸ ਨਹੀਂ ਵੇਖਿਆਕਦੇ ਉਹਦੇ ਮੱਥੇ ’ਤੇ ਸ਼ਿਕਨ ਨਹੀਂ ਵੇਖੀਜੇ ਤੁਸੀਂ ਉਦਾਸ ਹੋਂ, ਨਿਰਾਸ਼ ਹੋਂ ਤਾਂ ਦੋ ਘੜੀਆਂ ਉਸਦੇ ਘੇਰੇ ਵਿੱਚ ਆ ਜਾਓ ਤਾਂ ਪ੍ਰਸੰਨ ਚਿੱਤ ਹੋ ਜਾਵੋਂਗੇਕਦੇ ਕਦੇ ਮੈਂ ਸੋਚਦਾ ਹਾਂ ਕਿ ੳਸੇਵਕ ਕੋਲ ਇਹੋ ਜਿਹਾ ਕਿਹੜਾ ਕਾਰੂੰ ਦਾ ਖਜ਼ਾਨਾ ਹੈ ਕਿ ਇਹ ਭਲਾਮਾਣਸ ਬਾਰਾਂ ਮਹੀਨੇ ਤੀਹ ਦਿਨ ਖੁਸ਼ ਹੀ ਰਹਿੰਦਾ ਹੈ। ਮੈਂ ਇਉਂ ਸੋਚਦਾ ਹਾਂ, ਜਿਵੇਂ ਖੁਸ਼ ਰਹਿਣਾ ਕੋਈ ਅਲੋਕਾਰੀ ਘਟਨਾ ਹੋਵੇਓਸ਼ੋ ਇੱਕ ਥਾਂ ਆਪਣੇ ਪ੍ਰਵਚਨ ਵਿੱਚ ਆਖਦੇ ਨੇ, “ਦੁਖੀ ਬੰਦੇ ਨੂੰ ਦੇਖ ਕੇ ਕੋਈ ਇਹ ਨਹੀਂ ਕਹੇਗਾ ਕਿ ਤੁਸੀਂ ਦੁਖੀ ਕਿਉਂ ਹੋਂ? …. ਜਿਵੇਂ ਦੁਖੀ ਰਹਿਣਾ ਸੁਭਾਵਿਕ ਹੋਵੇਹਾਂ, ਪਰ ਕਿਸੇ ਨੂੰ ਹੱਸਦਾ ਖੇਡਦਾ ਵੇਖ ਕੇ ਅਸੀਂ ਜ਼ਰੂਰ ਪੁੱਛਾਂਗੇ, ਕੀ ਮਾਜਰਾ ਐ, ਬੜੇ ਖੁਸ਼ ਦਿਖਾਈ ਦੇ ਰਹੇ ਹੋਂ?ਅਸੀਂ ਜਿਵੇਂ ਤਸਵੀਰ ਨੂੰ ਉਲਟੀ ਕਰਕੇ ਵੇਖਣ ਦੇ ਆਦੀ ਹੋ ਗਏ ਹੋਈਏ

ਸੇਵਕ ਮੇਰੇ ਸਕੂਲ ਵਿੱਚ ਪਿਛਲੇ ਪੰਜ, ਛੇ ਸਾਲਾਂ ਤੋਂ ਚੌਂਕੀਦਾਰੇ ਦਾ ਕੰਮ ਕਰਦਾ ਹੈਸਰਕਾਰੀ ਨਹੀਂ, ਸਕੂਲ ਪੱਧਰ ’ਤੇ ਹੀ ਪੀ.ਟੀ.ਏ. ਫੰਡ ਵਿੱਚੋਂ ਰੱਖਿਆ ਹੋਇਆ ਹੈਮਾਣ ਭੱਤਾ ਗੁਜ਼ਾਰੇ ਜੋਗਰਾਬੱਸ, ਦੋ ਵਕਤ ਦੀ ਰੋਟੀਪਰ ਦਿਲ ਦਾ ਧਨੀਮਰੂੰ ਮਰੂੰ ਕਰਨ ਤੋਂ ਕੋਹਾਂ ਦੂਰਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਤੇ ਹਾਸਾ ਉਹਦਾ ਟਰੇਡ ਮਾਰਕਜਿਸ ਦਿਨ ਉਹ ਨਾ ਆਵੇ, ਉਸ ਦਿਨ ਮੇਰਾ ਸਕੂਲ ਉਦਾਸ ਰਹਿੰਦਾ ਹੈ, ਬੁਝਿਆ ਬੁਝਿਆ ਰਹਿੰਦਾ ਹੈ

ਅਕਸਰ ਮੈਨੂੰ ਖਿਆਲ ਆਉਂਦਾ ਹੈ, ਸਧਾਰਨ ਜਿਹਾ ਇਹਦਾ ਘਰ ਹੈ, ਮਸਾਂ ਵੇਲਾ ਪੂਰਾ ਕਰਦਾ ਹੈ, ਤੇ ਫਿਰ ਵੀ ਇਹ ਸਾਰਾ ਦਿਨ ਚਾਅ ਦੇ ਘੋੜੇ ਕਿਵੇਂ ਚੜ੍ਹਿਐ ਰਹਿੰਦੈ ਹੈ? ਇੱਕ ਦਿਨ ਮੈਂ ਸੇਵਕ ਨੂੰ ਪੁੱਛ ਹੀ ਲਿਆ, “ਸੇਵਕ, ਗੱਲ ਸੁਣ, ਤੇਰੇ ਆਲੀ ਕਾਟੋ ਸਦਾ ਫੁੱਲਾਂ ’ਤੇ ਈ ਰਹਿੰਦੀ ਐ, ਤੂੰ ਕੋਈ ਨਸ਼ਾ ਤਾਂ ਨੀ ਕਰਦਾ?”

ਮੇਰੀ ਸਵਾਲ ਸੁਣ ਕੇ ਪਹਿਲਾਂ ਤਾਂ ਸੇਵਕ ਆਪਣਾ ਲਟਬੌਰਾ ਹਾਸਾ ਹੱਸਿਆਵਾਹਵਾ ਚਿਰ ਹੱਸੀ ਗਿਆਚਿਹਰਾ ਚਮਕਣ ਲੱਗ ਪਿਆਫਿਰ ਕਹਿੰਦਾ, “ਸਰ, ਆਹ ਅਣਤੋਲੀ ਧਰਤੀ ’ਤੇ ਖੜ੍ਹੇ ਆਂ, ਜੇ ਅਜੇ ਤਕ ਕਿਸੇ ਨਸ਼ੇ ਨੂੰ ਹੱਥ ਵੀ ਲਾਇਆ ਹੋਵੇ… ਆਪਾਂ ਤਾਂ ਸਰ, ਊਈਂ ਰੰਗਾਂ ਵਿੱਚ ਰੰਗੇ ਰਹੀਦੈ … ਤੇ ਸਰ, ਨਾਲ਼ੇ ਇੱਥੋਂ ਲੈ ਵੀ ਕੀ ਜਾਣੈਂ, ਆਹ ਜਿਹੜੇ ਚਾਰ ਦਿਹਾੜੇ ਮਿਲੇ ਐ, ਆਪਣਾ ਮੌਜ ਕਰੋ।”

ਇਹ “ਊਈਂ” ਵਿੱਚ ਹੀ ਰੰਗਾਂ ਵਿੱਚ ਰੰਗਿਆ ਰਹਿੰਦੈ… ਤੇ ਇੱਕ ਸਾਡੇ ਵਰਗੇ ਨੇ, ਸਭ ਕੁਝ ਹੁੰਦੇ ਹੋਏ ਵੀ ਬੇਰੰਗਾ ਜੀਵਨ ਭੋਗੀ ਜਾਦੇ ਹਾਂ। ਚਿਹਰਿਆਂ ’ਤੇ ਸਦਾ ਸ਼ਾਮ ਛਾਈ ਰਹਿੰਦੀ ਐਉਂਝ ਕਹਿਣ ਨੂੰ ਕੀ ਨਹੀਂ ਸਾਡੇ ਕੋਲ! ਚੰਗੀਆਂ ਤਨਖਾਹਾਂ ਨੇ, ਚੰਗੇ ਬੈਂਕ ਬੈਲੈਂਸ ਨੇ, ਧੀਆਂ, ਪੁੱਤ … ਡਾਕਟਰ, ਇੰਜਨੀਅਰ! ਫਿਰ ਵੀ ਖਾਲੀ ਦੇ ਖਾਲੀਜਿਵੇਂ ਜ਼ਿੰਦਗੀ ਵਿੱਚ ਕੋਈ ਚਾਅ ਨਾ ਰਹਿ ਗਿਆ ਹੋਵੇ, ਕੋਈ ਖੁਸ਼ੀ ਨਾ ਰਹਿ ਗਈ ਹੋਵੇਗੁਆਚੇ ਗੁਆਚੇ‘ਥੈਂਕ ਯੂ, ਸੌਰੀ’ ਦੀਆਂ ਵਲਗਣਾਂ ਵਿੱਚ ਵਲੇ ਹੋਏ

ਸੇਵਕ, ਤੂੰ ਕਦੇ ਕਦੇ ਸੋਚਦਾ ਤਾਂ ਹੋਵੇਂਗਾ ਕਿ ਆਪ ਤਾਂ ਇਹ ਚੰਗੀਆਂ ਤਨਖਾਹਾਂ ਲੈਂਦੇ ਨੇ, ਤੇ ਮੇਰੇ ਪੱਲੇ ਕੀ ਪੈਂਦਾ ਹੈ?” ਮੈਂ ਇੱਕ ਦਿਨ ਸੇਵਕ ਨੂੰ ਟੋਹਣ ਦੀ ਮਨਸ਼ਾ ਨਾਲ ਪੁੱਛਿਆਸੁਣ ਕੇ ਇੱਕ ਵਾਰ ਤਾਂ ਉਹ ਚੁੱਪ ਕਰ ਗਿਆ, ਚਿਹਰਾ ਗੰਭੀਰ ਹੋ ਗਿਆ, ਫਿਰ ਬੋਲਿਆ, “ਸਰ, ਐਵੇਂ ਝੂਠ ਮਾਰਾਂ, ਪਹਿਲਾਂ ਤਾਂ ਮਨ ਵਿੱਚ ਆਉਂਦਾ ਸੀ ਬਈ ਆਪਾਂ ਕੀ ਰੱਬ ਦੇ ਮਾਂਹ ਮਾਰੇ ਐ, ਪਰ ਹੁਣ ਨੀ।”

“ਨਾ ਹੁਣ ਕਿਉਂ ਨੀ?” ਮੈਂ ਹੈਰਾਨੀ ਨਾਲ ਪੁੱਛਿਆ

“ਮਾਇਆ ਵਾਲਿਆਂ ਦਾ ਹਾਲ ਵੀ ਸਰ ਵੇਖੀ ਜਾਨੇਂ ਆਂ, ਚੀਕ ਚਿਹਾੜਾ ਉਨ੍ਹਾਂ ਦੇ ਵੀ ਘਰੀਂ ਪੈਂਦਾ ਰਹਿੰਦਾ ਐਬਾਕੀ ਤਮ੍ਹਾਂ ਤਾਂ ਮਰਦੀ ਨੀ ਬੰਦੇ ਦੀ ਕਦੇ।”

ਮੈਂ ਸੇਵਕ ਦੀਆਂ ਫਲਸਫਾਨਾ ਗੱਲਾਂ ’ਤੇ ਹੈਰਾਨ ਹੁੰਦਾ ਹਾਂ, ਇਹ ਇੰਨਾ ਕੁਝ ਕਿਵੇਂ ਜਾਣਦਾ ਹੈ? ਕੀ ਸਹਿਜ ਸੁਭਾਅ ਹੀ ਸਮਝ ਹੈ ਇਹਨੂੰ? ਮੈਂ ਇੱਕ ਦਿਨ ਸੇਵਕ ਨੂੰ ਉਸਦੀ ਪੜ੍ਹਾਈ ਬਾਰੇ ਪੁੱਛਿਆਸੇਵਕ ਬੋਲਿਆ, “ਸਰ, ਦਸ ਜਮਾਤਾਂ ਪਾਸ ਆਂ।”

“ਬੰਦਾ ਤਾਂ ਤੂੰ ਪੜ੍ਹਨ ਵਾਲਾ ਸੀ, ਗਾਂਹ ਕਿਉਂ ਨੀ ਪੜ੍ਹਿਆ?” ਮੈਂ ਅਗਲਾ ਸਵਾਲ ਪੁੱਛਿਆ

“ਸਰ, ਕੀ ਦੱਸਾਂ, ਪੜ੍ਹਨਾ ਤਾਂ ਮੈਂ ਚਾਹੁੰਦਾ ਸੀ, ਬੱਸ ਘਰ ਦੇ ਹਾਲਾਤ ਨੇ ਘੇਰ ਲਿਆ ਛੋਟੇ ਹੁੰਦਿਆਂ ਪਿਉ ਗੁਜ਼ਰ ਗਿਆਵੱਡਾ ਹੋਣ ਕਰਕੇ ਘਰ ਦੀ ਕਬੀਲਦਾਰੀ ਮੇਰੇ ’ਤੇ ਆ-ਗੀਊਂ ਸਰ, ਪੜ੍ਹਾਈ ਵਿੱਚ ਵਾਹਵਾ ਹੁਸ਼ਿਆਰ ਸੀ ਮੈਂ, ਜਮਾਤ ਦਾ ਮਨੀਟਰ ਹੁੰਦਾ ਸੀ।”

“ਹੁਣ ਪਛਤਾਵਾ ਤਾਂ ਹੁੰਦਾ ਹੋਊ?

“ਜੋ ਬੀਤ ਈ ਗਿਆ ਜੀ, ਉਹਦਾ ਕਾਹਦਾ ਪਛਤਾਵਾ? ਗਾਂਹ ਹੁਣ ਆਪਣੇ ਮੁੰਡੇ ਨੂੰ ਪੜ੍ਹਾਵਾਂਗੇ।”

ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠਾ ਸਾਂ ਸੇਵਕ ਮੈਨੂੰ ਬੈਠਾ ਵੇਖ ਮੇਰੇ ਕੋਲ ਆ ਕੇ ਬੈਠ ਗਿਆਹਥਲਾ ਕੰਮ ਨਿਬੇੜਦਿਆਂ ਮੈਂ ਗੱਲ ਤੋਰੀ, “ਹੋਰ ਸੁਣਾ ਫਿਰ ਸੇਵਕ ਸਿਆਂ, ਕੀ ਕਹਿੰਦੀ ਐ ਗੁਰਾਂ ਦੀ ਬਾਣੀ?”

“ਗੁਰਾਂ ਦੀ ਬਾਣੀ ਤਾਂ ਸਰ ਬਥੇਰਾ ਕੁਛ ਕਹਿੰਦੀ ਐ, ਪਰ ਬੰਦਾ ਸੁਣਦਾ ਈ ਨੀ।” ਸੇਵਕ ਜਿਵੇਂ ਮੇਰੇ ਸਵਾਲ ਦਾ ਜਵਾਬ ਦੇਣ ਲਈ ਪਹਿਲਾਂ ਹੀ ਤਿਆਰ ਬੈਠਾ ਹੋਵੇ।

“ਲੈ ਸੁਣਦਾ ਕਿਉਂ ਨੀ, ਰੋਜ਼ ਤਾਂ ਆਪਾਂ ਸੁਣਦੇ ਆਂ।”

“ਉਹ ਸੁਣਨਾ ਕੀ ਸੁਣਨਾ ਹੋਇਆ, ਗੱਲ ਤਾਂ ਇੱਥੋਂ ਸੁਣਨ ਦੀ ਐ ...।” ਇੰਨਾ ਆਖਦਿਆਂ ਸੇਵਕ ਨੇ ਆਪਣੇ ਸੱਜੇ ਹੱਥ ਦੀ ਉਂਗਲ ਆਪਣੇ ਦਿਲ ’ਤੇ ਧਰੀ

“ਐਥੋਂ ਸੁਣਨ ਦੀ ਵਿਹਲ ਕੀਹਦੇ ਕੋਲ ਐ?” ਉਸੇ ਲਹਿਜ਼ੇ ਮੈਂ ਬੋਲਿਆ

“ਤਾਂਹੀਓਂ ਤਾਂ ਫਿਰ ...” ਤੇ ਫਿਰ ਸੇਵਕ ਜਿਵੇਂ ਕਿਸੇ ਵੇਗ ਵੱਸ ਵਹਿ ਤੁਰਿਆ, “ਇਹਨੂੰ ਦਿਨ ਰਾਤ ਭਟਕਣਾ ਲੱਗੀ ਰਹਿੰਦੀ ਐ … ਆਹ ਵੀ ਕਰ-ਲਾਂ … ਔਹ ਵੀ ਕਰ-ਲਾਂ … ਆਹ ਵੀ ਮੇਰਾ … ਔਹ ਵੀ ਮੇਰਾ … ਕਦੇ ਇੱਧਰ ਨੂੰ ਭੱਜ … ਕਦੇ ਓਧਰ ਨੂੰ ਭੱਜ … ਫੇਰ ਸਰ ਸੋਨੂੰ ਪਤਾ ਈ ਐ, ਸਾਰੀ ਉਮਰ ਇਸੇ ਘੁੰਮਣਘੇਰੀ ਵਿੱਚ ਪਿਆ ਰਹਿੰਦੈ ਕੋਹਲੂ ਦੇ ਬੈਲ ਵਾਂਗਜਦੋਂ ਸੁਰਤ ਆਉਣ ਲਗਦੀ ਐ, ਉਦੋਂ ਨੂੰ ‘ਵੱਡੇ ਘਰੋਂ’ ਵਾਜ ਵੱਜ ਜਾਂਦੀ ਐ ਫਿਰ ਝਾਕਦੈ ਤਾਂਹ ਠਾਂਹ ...।” ਇੰਨਾ ਆਖ ਕੇ ਸੇਵਕ ਚੁੱਪ ਕਰ ਗਿਆ। ਕੁਝ ਪਲ ਚੁੱਪ ਰਿਹ, ਫਿਰ ਇੱਕ ਹਾਸਾ ਉੱਠਿਆ, ਚੌਂਕਾਅ ਦੇਣ ਵਾਲਾ ਹਾਸਾ… ਤੇ ਉਹ ਹਾਸਾ ਕਮਰਿਓਂ ਨਿਕਲ ਸਮੁੱਚੀ ਫਿਜ਼ਾ ਵਿੱਚ ਫੈਲ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3636)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)