BalvirKReehal7ਮੇਰੀਆਂ ਕਹਾਣੀਆਂ ਦੀਆਂ ਨਾਇਕਾਵਾਂ ਕਿੰਨੀਆਂ ਵੀ ਉਦਾਸ ਹੋਣਇਕੱਲਤਾ ਤੇ ਆਰਥਿਕ ਸਥਿਤੀ ਨਾਲ ਜੂਝ ...KulbirBadesron2
(27 ਮਈ 2022)
ਮਹਿਮਾਨ: 351.


KulbirBadesron2ਕੁਲਬੀਰ ਬਡੇਸਰੋਂ ਇੱਕ ਪ੍ਰਸਿੱਧ ਕਲਾਕਾਰ
, ਕਹਾਣੀਕਾਰ, ਵਾਰਤਕਕਾਰ ਤੇ ਕਵਿੱਤਰੀ ਹੈਕੁਲਬੀਰ ਬਡੇਸਰੋਂ ਦੇ ਪਿਤਾ ਜੀ ਦਾ ਨਾਂਅ ਸ੍ਰੀ ਗੁਰਬਚਨ ਸਿੰਘ, ਮਾਤਾ ਜੀ ਨਾਂਅ ਸ੍ਰੀਮਤੀ ਰਾਜ ਕੌਰ, ਦਾਦਾ ਜੀ ਦਾ ਨਾਂਅ ਸ੍ਰੀ ਕਲਾ ਸਿੰਘ ਤੇ ਦਾਦੀ ਜੀ ਦਾ ਨਾਂਅ ਸ੍ਰੀਮਤੀ ਆਸ ਕੌਰ ਸੀ। ‘ਬਡੇਸਰੋਂ’ ਕੁਲਬੀਰ ਦਾ ਜੱਦੀ ਪਿੰਡ ਹੈਇਸ ਛੋਟੇ ਜਿਹੇ ਪਿੰਡ ਤੋਂ ਉੱਪਰ ਉੱਠ ਕੇ ਕੁਲਬੀਰ ਨੇ ਇਸ ਪਿੰਡ ਦਾ ਨਾਂਅ ਦੇਸਾਂ ਪਰਦੇਸਾਂ ਵਿੱਚ ਰੌਸ਼ਨ ਕਰ ਦਿੱਤਾ। ‘ਬਡੇਸਰੋਂ’ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ ਤੇ ਤਹਿਸੀਲ ਗੜਸ਼ੰਕਰ ਵਿੱਚਕੁਲਬੀਰ ਬਡੇਸਰੋਂ ਬਹੁਪੱਖੀ ਪ੍ਰਤਿਭਾ ਦੀ ਮਾਲਿਕ ਹੈਸਕੂਲ ਵਿੱਚ ਕਲਚਰਲ ਪ੍ਰੋਗਰਾਮਾਂ ਵਿੱਚ, ਡਾਂਸ ਮੁਕਾਬਲੇ ਵਿੱਚ ਹਿੱਸਾ ਲਿਆ। ਕਾਲਿਜ ਵਿੱਚ ਜਾ ਕੇ ਯੁਵਕ ਮੇਲਿਆਂ ਵਿੱਚ ਨਾਟਕ ਖੇਡੇ, ਐਥਲੀਟ ਬਣ ਕੇ ਸੂਬਾ ਪੱਧਰ ’ਤੇ ਖੇਡਾਂ ਵਿੱਚ ਭਾਗ ਲੈ ਕੇ ਸਰਟੀਫਿਕੇਟ ਜਿੱਤੇਫੇਰ ਅੱਗੇ ਚੱਲ ਕੇ ਪੜ੍ਹਾਈ ਦੇ ਨਾਲ ਨਾਲ ਰੇਡੀਓ ਲਈ, ਟੀ. ਵੀ. ਲਈ ਡਰਾਮਿਆਂ ਵਿੱਚ ਹਿੱਸਾ ਲੈਣਾ, ਰੇਡੀਓ ’ਤੇ ਕਹਾਣੀਆਂ ਪੜ੍ਹਨਾ, ਫੇਰ ਟੀ. ਵੀ. ’ਤੇ ਅਨਾਊਂਸਰ ਸਿਲੈਕਟ ਹੋ ਜਾਣਾਨਾਲ ਨਾਲ ਪੜ੍ਹਾਈ ਕਰਨਾ, ਐੱਮ. ਏ., ਐੱਮ. ਫਿਲ. ਕਰ ਲੈਣਾ ਤੇ ਦੂਰਦਰਸ਼ਨ ’ਤੇ ਸਰਕਾਰੀ ਨੌਕਰੀ ਵੀ ਪਾ ਲੈਣਾਫੇਰ ਨੌਕਰੀ ਕਰਦਿਆਂ ਵੀ ਕੁਲਬੀਰ ਨੇ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਐਕਟਿੰਗ ਕੀਤੀ, ਡਾਕੂਮੈਂਟਰੀਆਂ ਤੇ ਨਾਟਕਾਂ ਵਿੱਚ ਹਿੱਸਾ ਲਿਆ, ਮਸ਼ਹੂਰ ਹਸਤੀਆਂ ਨਾਲ ਇੰਟਰਵਿਊਜ਼ ਕੀਤੀਆਂ, ਰੋਜ਼ਗਾਰ ਸਮਾਚਾਰ ਪੜ੍ਹੇ ’ਤੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਨਿਰਦੇਸ਼ਨ ਦਿੱਤਾਫੇਰ ਸੱਤ ਕੁ ਸਾਲ ਨੌਕਰੀ ਕਰਨ ਤੋਂ ਬਾਅਦ ਕੁਲਬੀਰ ਨੇ ਦੂਰਦਰਸ਼ਨ ਦੀ ਨੌਕਰੀ ਤਿਆਗ ਕੇ ਮੁੰਬਈ ਦੇ ਵੱਡੇ ਪਰਦੇ ਵੱਲ ਰੁਖ਼ ਕਰ ਲਿਆ ਤੇ ਉੱਥੇ ਵੀ ਤਰੱਕੀ ਕੀਤੀਅੱਜ ਕਰਦੇ ਹਾਂ ਕੁਲਬੀਰ ਨਾਲ ਉਸਦੇ ਬਹੁਪੱਖੀ ਜੀਵਨ ਦੀਆਂ ਪਰਤਾਂ ਦੀਆਂ ਗੱਲਾਂ

? ਕੁਲਬੀਰ ਜੀ, ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਪੜ੍ਹਦੇ ਸਮੇਂ ਨਾਟਕਾਂ ਵਿੱਚ ਹਿੱਸਾ ਲੈਂਦੇ ਸੀ, ਤੁਹਾਡਾ ਝੁਕਾਅ ਐਕਟਿੰਗ ਵੱਲ ਕਿਵੇਂ ਹੋਇਆ? ਕੀ ਤੁਹਾਡੇ ਘਰ ਵਿੱਚ ਪਹਿਲਾਂ ਵੀ ਕੋਈ ਐਕਟਿੰਗ ਵਾਲੇ ਪਾਸੇ ਸੀ?

TumKionUdasHo1- ਨਹੀਂ ਬਲਵੀਰ ਜੀ, ਸਾਡੇ ਘਰ ਵਿੱਚ ਤਾਂ ਕੋਈ ਵੀ ਐਕਟਿੰਗ ਵਾਲੇ ਪਾਸੇ ਨਹੀਂ ਸੀਮੇਰੇ ਪਾਪਾ ਜੀ ਸ੍ਰੀ ਗੁਰਬਚਨ ਸਿੰਘ ਜੀ ਤਹਿਸੀਲਦਾਰ ਸਨਮੇਰੀ ਮਾਂ, ਜਿਸ ਨੂੰ ਅਸੀਂ ‘ਬੀਜੀ’ ਕਹਿੰਦੇ ਸਾਂ, ਘਰੇਲੂ ਔਰਤ ਸੀਅਸੀਂ ਅੱਠ ਭੈਣ-ਭਰਾ ਸਾਂਚਾਰ ਭੈਣਾਂ, ਚਾਰ ਭਰਾਮੈਥੋਂ ਵੱਡੀਆਂ ਦੋ ਭੈਣਾਂ ਤੇ ਦੋ ਭਰਾ, ਪਹਿਲਾਂ ਪੜ੍ਹਦੇ ਸਨ, ਫੇਰ ਵਿਦੇਸ਼ਾਂ ਵਿੱਚ ਚਲੇ ਗਏ ਤੇ ਉੱਥੇ ਵੈੱਲ ਸੈਟਲਡ ਹੋ ਗਏਮੈਥੋਂ ਛੋਟੇ ਦੋ ਭਰਾ ਤੇ ਇੱਕ ਭੈਣ ਸਕੂਲ ਵਿੱਚ ਪੜ੍ਹਦੇ ਸਨ ਜਦ ਮੈਂ ਮਾਹਿਲਪੁਰ ਕਾਲਿਜ ਪਰੈੱਪ ਵਿੱਚ ਦਾਖ਼ਲਾ ਲਿਆਉਦੋਂ ਅਸੀਂ ਨਵਾਂ ਨਵਾਂ ਬਲੈਕ ਐਂਡ ਵ੍ਹਾਈਟ ਟੀ. ਵੀ. ਲਿਆ ਸੀ ਤੇ ਮੈਨੂੰ ਟੀ. ਵੀ. ’ਤੇ ਨਾਟਕ ਵੇਖਣੇ ਬੜੇ ਚੰਗੇ ਲੱਗਦੇ ਸਨ ਮੈਨੂੰ ਯਾਦ ਹੈ ਕਈ ਵੇਰ ਅੱਧੀ ਰਾਤ ਨੂੰ ਉੱਠ ਕੇ ਟੀ. ਵੀ. ’ਤੇ ਪਾਕਿਸਤਾਨੀ ਡਰਾਮੇ, ਜੋ ਪਤਾ ਨਹੀਂ ਮੈਂ ਕਿਵੇਂ ਲੱਭ ਲਏ ਸਨ ਕਿ ਜੋ ਟੈਲੀਕਾਸਟ ਹੁੰਦੇ ਸਨ, ਵੇਖਦੀ ਸਾਂਫਿਲਮਾਂ ਵੇਖਣੀਆਂ ਵੀ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਸਨਸਾਡੇ ਪਿੰਡ ਬਡੇਸਰੋਂ ਦੇ ਨੇੜੇ ਗੜ੍ਹਸ਼ੰਕਰ ਵਿੱਚ ਇੱਕ ਸਿਨੇਮਾ ਹੁੰਦਾ ਸੀ, ਕਈ ਵੇਰ ਮੈਂ ਤੇ ਮੇਰੀ ਛੋਟੀ ਭੈਣ ਬੇਵੀ, ਅਸੀਂ ਉੱਥੇ ਫਿਲਮ ਵੇਖਣ ਜਾਂਦੀਆਂ ਸਾਂ ਤਾਂ ਆ ਕੇ ਮੈਂ ਪੂਰੇ ਪਰਿਵਾਰ ਸਾਹਮਣੇ ਉਸ ਵੇਖੀ ਫਿਲਮ ਦੇ ਇੱਕ ਇੱਕ ਸੀਨ ਨੂੰ ਐਕਟ ਕਰ ਕੇ ਵਿਖਾਉਦੀ ਸਾਂ, ਇੰਨ ਬਿੰਨ, ਐਕਟਿੰਗ ਕਰ ਕੇਪਰ ਘਰ ਵਿੱਚ ਕਿਸੇ ਨੇ ਮੇਰੇ ਇਸ ਗੁਣ ਵੱਲ ਜਾਂ ਐਕਟਿੰਗ ਦੇ ਰੁਝਾਨ ਵੱਲ ਧਿਆਨ ਨਹੀਂ ਦਿੱਤਾਸਾਰਾ ਪਰਿਵਾਰ ਪੜ੍ਹਨ ਲਿਖਣ ਵੱਲ ਹੀ ਧਿਆਨ ਦੇਣ ਵਾਲਾ ਸੀਸੋ ਮੈਂ ਆਪਣਾ ਇਹ ਸ਼ੌਕ ਸਕੂਲ ਕਾਲਿਜਾਂ ਵਿੱਚ ਹੋਣ ਵਾਲੇ ਕਲਚਰਲ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਪੂਰਾ ਕਰਦੀ ਸਾਂਮਾਹਿਲਪੁਰ ਕਾਲਿਜ ਪੜ੍ਹਦਿਆਂ, ਯੂਥ ਫੈਸਟੀਵਲ ਵਿੱਚ ਖੇਡੇ ਜਾਣ ਵਾਲਾ ਆਈ. ਸੀ. ਨੰਦਾ ਦਾ ਨਾਟਕ ‘ਦੂਜੀ ਦੁਲਹਨ’ ਵਿੱਚ ਮੈਂ ਲੀਡ ਰੋਲ ਕੀਤਾ ਸੀ ਤੇ ਇਹ ਨਾਟਕ ਫੈਸਟੀਵਲ ਵਿੱਚ ਪਹਿਲੇ ਨੰਬਰ ’ਤੇ ਆਇਆ ਸੀਫੇਰ ਬਾਅਦ ਵਿੱਚ ਮੈਂ ਟੀ. ਵੀ. ਅਤੇ ਰੇਡੀਓ ਉੱਤੇ ਬਹੁਤ ਨਾਟਕਾਂ ਵਿੱਚ ਹਿੱਸਾ ਲਿਆ ਤੇ ਦੂਰਦਰਸ਼ਨ ’ਤੇ ਨੌਕਰੀ ਕਰਦਿਆਂ ਤੇ ਅਨਾਊਂਸਰ ਬਣਨ ਤੋਂ ਬਾਅਦ ਮੈਂ ਦੋ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ, ‘ਗੁੱਡੋ’ ਤੇ ‘ਬਦਲਾ ਜੱਟੀ ਦਾ

? ਜਲੰਧਰ ਦੂਰਦਰਸ਼ਨ ’ਤੇ ਤੁਸੀਂ ਚੰਗੀ ਭਲੀ ਨੌਕਰੀ ਕਰ ਰਹੇ ਸੀ, ਨਾਲ ਨਾਲ ਅਭਿਨੈ ਦਾ ਸ਼ੌਕ ਵੀ ਪੂਰਾ ਕਰ ਰਹੇ ਸੀ, ਫੇਰ ਕੀ ਕਾਰਨ ਰਿਹਾ ਕਿ ਨੌਕਰੀ ਛੱਡ ਕੇ ਮੁੰਬਈ ਚਲੇ ਗਏ?

-ਨੌਕਰੀ ਤਾਂ ਠੀਕ ਸੀ, ਪਰ ਅਭਿਨੈ ਦਾ ਸ਼ੌਕ ਪੂਰੀ ਤਰ੍ਹਾਂ ਪੂਰਾ ਨਹੀਂ ਹੋ ਰਿਹਾ ਸੀਮੈਂ ਨੌਕਰੀ ਦੇ ਦੌਰਾਨ ਦੋ ਫਿਲਮਾਂ ‘ਗੁੱਡੋ’ ਤੇ ‘ਬਦਲਾ ਜੱਟੀ ਦਾ’ ਵਿੱਚ ਕਰੈਕਟਰ ਰੋਲ ਕੀਤੇ ਪਰ ਸਰਕਾਰੀ ਨੌਕਰੀ ਵਿੱਚ ਹੋਣ ਕਾਰਨ ਮੈਨੂੰ ਦੋਨੋਂ ਵਾਰ ਦਫਤਰ ਵੱਲੋਂ ‘ਮੈਮੋ’ ਭਾਵ ਨੋਟਿਸ ਜਾਰੀ ਕਰ ਦਿੱਤੇ ਗਏਸੋ ਮੇਰਾ ਮਨ ਬੜਾ ਖਰਾਬ ਹੋਇਆਮੇਰੇ ਮਨ ਅੰਦਰ ਇੱਕ ਅੱਚਵੀ ਲੱਗੀ ਰਹਿੰਦੀ ਸੀ, ਲੱਗਦਾ ਸੀ ਮੈਂ ਦਸ ਤੋਂ ਪੰਜ ਵਾਲੀ ਨੌਕਰੀ ਲਈ ਨਹੀਂ ਬਣੀ ਹਾਂਫਿਰ ਇੱਕ ਦਿਨ ਆਇਆ, ਮੈਂ ਫ਼ੈਸਲਾ ਕਰ ਹੀ ਲਿਆ ਕਿ ਮੈਂ ਹੁਣ ਹੋਰ ਨੌਕਰੀ ਨਹੀਂ ਕਰਨੀ, ਫਰੀਲਾਂਸ ਕੰਮ ਕਰਨਾ ਹੈ ਤੇ ਉਹ ਵੀ ਐਕਟਿੰਗ ਦਾਸੋ ਅੱਜ ਤੋਂ ਪੱਚੀ ਸਾਲ ਪਹਿਲਾਂ ਮੈਂ ਨੌਕਰੀ ਛੱਡ ਕੇ ਮੁੰਬਈ ਸ਼ਿਫਟ ਹੋ ਗਈਮੁੰਬਈ ਆ ਕੇ ਮੈਂ ਇੱਕ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ, ਦੋ ਦਰਜਨ ਤੋਂ ਵੱਧ ਹਿੰਦੀ ਫਿਲਮਾਂ, ਇੱਕ ਦਰਜਨ ਤੋਂ ਵੱਧ ਪੰਜਾਬੀ ਸੀਰੀਅਲ, ਦੋ ਦਰਜਨ ਤੋਂ ਵੱਧ ਹਿੰਦੀ ਸੀਰੀਅਲ, ਅਣਗਿਣਤ ਐਪੀਸੋਡਿਕ ਕਹਾਣੀਆਂ, ਚਾਰ ਦਰਜਨ ਤੋਂ ਵੱਧ ਕਮਰਸ਼ੀਅਲਜ਼ ਭਾਵ ਐਡ ਫਿਲਮਾਂ ’ਤੇ ਬਹੁਤ ਸਾਰੀਆਂ ਵੀਡੀਓਜ਼ ਤੇ ਅਣਗਿਣਤ ਪਾਇਲਟਾਂ ਵਿੱਚ ਕੰਮ ਕੀਤਾ ਤੇ ਅਣਗਿਣਤ ਹਿੰਦੀ ਤੇ ਪੰਜਾਬੀ ਲੜੀਵਾਰਾਂ ਵਿੱਚ, ਜੋ ਕਿ ਹੋਰ ਭਾਸ਼ਾਵਾਂ ਤੋਂ ਡੱਬ ਹੁੰਦੇ ਸਨ, ਵਿੱਚ ਆਵਾਜ਼ ਦਿੱਤੀਇੱਕ ਵੱਡੇ ਪੈਮਾਨੇ ਦੇ ਸਟੇਜ ਪਲੇਅ ‘ਬਾਬਾ ਬੰਦਾ ਸਿੰਘ ਬਹਾਦੁਰ’ ਦੇ 1997 ਵਿੱਚ ਅਮਰੀਕਾ ਕੈਨੇਡਾ ਵਿੱਚ ਇੱਕ ਦਰਜਨ ਤੋਂ ਵੱਧ ਸ਼ੋਅ ਕੀਤੇਇਸ ਤੋਂ ਇਲਾਵਾ ਅੱਧੀ ਦਰਜਨ ਹਿੰਦੀ ਤੇ ਪੰਜਾਬੀ ਫਿਲਮਾਂ ਦੀ ਕਥਾ ਪਟਕਥਾ ਤੇ ਡਾਇਲਾਗਜ਼ ਲਿਖੇਅੱਜ ਕੱਲ੍ਹ ਮੈਂ ਵੈੱਬ ਸੀਰੀਜ਼ ਕਰ ਰਹੀ ਹਾਂ ਜਿਵੇਂ ਤਨੁਜਾ ਚੰਦਰਾ ਦਾ ‘ਹਸ਼ ਹਸ਼’ ਐਮਾਜ਼ੋਨ ਓ.ਟੀ.ਟੀ. ਲਈਤੇ ਸਕੈੱਚ ਤੇ ਐਡ ਫਿਲਮਾਂ ਕਰ ਰਹੀ ਹਾਂ

? ਕੀ ਤੁਸੀਂ ਆਪਣੇ ਫਿਲਮੀ ਕਰੀਅਰ ਤੋਂ ਸੰਤੁਸ਼ਟ ਹੋ? ਜੋ ਸੁਪਨਾ ਵੇਖ ਕੇ ਤੁਸੀਂ ਮੁੰਬਈ ਗਏ ਸੀ, ਪੂਰਾ ਹੋਇਆ?

ਹਾਂ ਜੋ ਸੁਪਨਾ ਲੈ ਕੇ ਮੈਂ ਮੁੰਬਈ ਆਈ ਸਾਂ ਉਹ ਤਾਂ ਪੂਰਾ ਹੋਇਆ ਹੈ, ਭਾਵ ਮੈਂ ਐਕਟਿੰਗ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਸਾਂ, ਸੋ ਬਣਾਇਆਇਸ ਤਰ੍ਹਾਂ ਨਹੀਂ ਹੋਇਆ ਕਿ ਬਣਨ ਲਈ ਆਈ ਸਾਂ ਐਕਟਰੈਸ ਪਰ ਬਣਨਾ ਪਿਆ ਡਾਇਰੈਕਟਰ ਜਾਂ ਕੋਆਰਡੀਨੇਟਰ ਜਾਂ ਸਕਰਿਪਟ ਰਾਈਟਰ ਆਦਿਕਿਉਂਕਿ ਜ਼ਿਆਦਾਤਰ ਐਕਟਰਾਂ ਨਾਲ ਇੰਜ ਹੁੰਦਾ ਹੈ ਕਿ ਉਹ ਐਕਟਰ ਬਣਨ ਆਏ ਸਨ ਪਰ ਐਕਟਿੰਗ ਦਾ ਇੰਨਾ ਕੰਮ ਨਹੀਂ ਮਿਲਿਆ ਤਾਂ ਮਹਾਂਨਗਰ ਵਿੱਚ ਸਰਵਾਈਵ ਕਰਨ ਲਈ ਬਣ ਗਏ ਕੁਝ ਹੋਰ ਮੈਨੂੰ ਕੰਮ ਦੀ ਕਦੀ ਕਮੀ ਨਹੀਂ ਰਹੀਲਗਾਤਾਰ ਮੈਨੂੰ ਕੰਮ ਮਿਲਦਾ ਰਿਹਾ ਤੇ ਮੈਂ ਕਰਦੀ ਰਹੀਬਲਕਿ ਹੁਣ ਮੈਂ ਥੋੜ੍ਹਾ ਚੂਜ਼ੀ ਹੋ ਗਈ ਹਾਂਹੁਣ ਮੈਂ ਆਪਣੀ ਪਸੰਦ ਦਾ ਹੀ ਕੰਮ ਕਰਦੀ ਹਾਂਪਹਿਲਾਂ ਤਾਂ ਕਿਉਂਕਿ ਬੱਚੇ ਪਾਲਣੇ ਸਨ, ਘਰ-ਬਾਰ ਬਣਾਉਣਾ ਸੀ, ਤਾਂ ਜੋ ਵੀ ਕੰਮ ਮਿਲਦਾ ਗਿਆ ਕਰਦੀ ਗਈ ਭਾਵ ਬਹੁਤ ਮਿਹਨਤ ’ਤੇ ਬਹੁਤ ਕੰਮ ਕੀਤਾਬਾਕੀ ਰਹੀ ਸੰਤੁਸ਼ਟੀ ਦੀ ਗੱਲ, ਤਾਂ ਉਸ ਬਾਰੇ ਮੈਂ ਮਿਰਜ਼ਾ ਗ਼ਾਲਿਬ ਦਾ ਇਹ ਸ਼ਿਅਰ ਕਹਿਣਾ ਚਾਹਾਂਗੀ ਕਿ “ਹਜ਼ਾਰੋਂ ਖ਼ਵਾਹਿਸ਼ੇਂ ਐਸੀ ਕਿ ਹਰ ਖ਼ਵਾਹਿਸ਼ ਪੇ ਦਮ ਨਿਕਲੇਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਭੀ ਕਮ ਨਿਕਲੇ

ਮੈਂ ਅਸਲ ਵਿੱਚ ਅੰਡਰ-ਰੇਟਿਡ ਐਕਟਰੈਸ ਰਹੀ ਹਾਂ ਭਾਵ ਮੈਂ ਐਕਟਿੰਗ ਵਿੱਚ ਕੰਮ ਜਿੰਨਾ ਕੀਤਾ, ਓਨਾ ਕਰੈਡਿਟ ਸ਼ਾਇਦ ਨਹੀਂ ਮਿਲਿਆਜਿਵੇਂ ਜਦ ਸਟਾਰ ਦੀ ਗੱਲ ਚੱਲਦੀ ਹੈ ਤਾਂ ਲੋਕ ਇਕਦਮ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਦਾ ਨਾਂਅ ਲੈਣਗੇ ਪਰ ਸੈਫ਼ ਅਲੀ ਖ਼ਾਨ ਨੂੰ ਭੁੱਲ ਜਾਣਗੇਪਰ ਵੇਖਿਆ ਜਾਏ ਤਾਂ ਸੈਫ਼ ਅਲੀ ਖ਼ਾਨ ਨੇ ਵੀ ਬਹੁਤ ਕੰਮ ਕੀਤਾ ਹੈ, ਤੇ ਬਹੁਤ ਅੱਛਾ ਐਕਟਰ ਵੀ ਹੈਸੋ ਇਸ ਸਟਾਰਿਜ਼ਮ ਦੀ ਭੇਡ-ਚਾਲ ਤੋਂ ਤੁਸੀਂ ਪਿੱਛਾ ਨਹੀਂ ਛੁਡਾ ਸਕਦੇਪਰ ਇਸ ਤੋਂ ਬਚਣ ਲਈ ਤੇ ਆਪਣੇ ਮਨ ਦੀ ਸ਼ਾਂਤੀ ਲਈ ਇਹੀ ਚੰਗਾ ਹੈ ਕਿ ਇਸ ਸਟਾਰਿਜ਼ਮ ਦੀ ਦੌੜ ਵਿੱਚ ਪਓ ਹੀ ਨਾ, ਬੱਸ ਚੁੱਪ-ਚਾਪ ਅੱਛਾ ਕੰਮ ਕਰਦੇ ਜਾਓ ਤਾਂ ਮਨ ਸੰਤੁਸ਼ਟ ਰਹੇਗਾਤੇ ਮੈਂ ਇਹੀ ਕਰਦੀ ਹਾਂ

? ਹਾਂ ਇਸਦਾ ਜ਼ਿਕਰ ਤੁਸੀਂ ਆਪਣੀ ਕਹਾਣੀ ‘ਮਜਬੂਰੀ’ ਵਿੱਚ ਵੀ ਕੀਤਾ ਹੈ ਕਿ ਤੁਸੀਂ ਖ਼ੁਸ਼ ਹੋ ਕਿ ਘੱਟੋ ਘੱਟ ਤੁਸੀਂ ਉਹ ਤਾਂ ਕਰ ਰਹੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਸੀ

ਬਿਲਕੁਲਜੌਬ ਸੈਟਿਸਫ਼ੈਕਸ਼ਨ ਬਹੁਤ ਜ਼ਰੂਰੀ ਹੈਜਿਵੇਂ ਜਦ ਮੈਂ ਦੂਰਦਰਸ਼ਨ ਵਿੱਚ ਨੌਕਰੀ ਕਰਦੀ ਸਾਂ, ਇਸਦੇ ਬਾਵਜੂਦ ਕਿ ਮੈਂ ਕੈਮਰੇ ਸਾਹਮਣੇ ਵੀ ਆਉਂਦੀ ਸਾਂ, ਪਰ ਜ਼ਿਆਦਾਤਰ ਕੰਮ ਤਾਂ ਫਾਇਲ ਵਰਕ ਹੀ ਹੁੰਦਾ ਸੀ ਜਾਂ ਰਿਕਾਰਡਿੰਗ ਕਰਨ ਵੇਲੇ ਕੈਮਰੇ ਦੇ ਪਿੱਛੇ ਰਹਿਣ ਦਾਤਾਂ ਮੈਨੂੰ ਜੌਬ ਸੈਟਿਸਫ਼ੈਕਸ਼ਨ ਨਹੀਂ ਸੀ, ਤਕਰੀਬਨ ਰੋਜ਼ ਮੇਰੇ ਮਨ ਵਿੱਚ ਦਫਤਰ ਤੋਂ ਘਰ ਮੁੜਦਿਆਂ ਇੱਕ ਲਾਈਨ ਗੂੰਜਦੀ ਸੀ, “ਗਯਾ ਆਜ ਕਾ ਦਿਨ ਭੀ, ਉਦਾਸ ਕਰਕੇ ਮੁਝੇ” ਪਰ ਜਦ ਮੈਂ ਮੁੰਬਈ ਆ ਗਈ ਤਾਂ ਕਿਸੇ ਇੱਕ ਦਿਨ ਵੀ ਮੈਂ ਪਛਤਾਵੇ ਦੇ ਇੱਕ ਪਲ ਵਿੱਚ ਵੀ ਨਹੀਂ ਗਈਬਲਕਿ ਇੱਥੇ ਤਾਂ ਮੈਂ ਸਟ੍ਰਗਲ ਨੂੰ ਵੀ, ਮਿਹਨਤ ਨੂੰ ਵੀ ਇੰਜੁਆਇ ਕਰਦੀ ਸਾਂ, ਲੱਗਦਾ ਸੀ ਮੈਂ ਆਪਣੇ ਮਨ ਪਸੰਦ ਦੇ ਕੰਮ ਲਈ ਸਟ੍ਰਗਲ ਕਰ ਰਹੀ ਹਾਂ

? ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਰੁਝੇਵੇਂ ਭਰੇ ਕਿੱਤੇ ਕਾਰਨ ਤੁਸੀਂ ਓਨਾ ਸਾਹਿਤ ਨਹੀਂ ਰਚ ਸਕੇ ਜਿੰਨਾ ਰਚ ਸਕਦੇ ਸੀ?

ਬਲਦੇਵ ਸਿੰਘ ਧਾਲੀਵਾਲ ਹੋਰਾਂ ਨੂੰ ਮੈਂ ਦੋ ਹਜ਼ਾਰ ਉੰਨੀ ਵਿੱਚ ਦਿੱਲੀ, ਸਟੇਜ ’ਤੇ ਕਹਿੰਦਿਆਂ ਸੁਣਿਆ ਸੀ ਕਿ ਜ਼ਿਆਦਾਤਰ ਪੰਜਾਬੀ ਲੇਖਕ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹਨਅਧਿਆਪਨ ਦੇ ਕਿੱਤੇ ਨਾਲ ਜੁੜ ਕੇ ਉਨ੍ਹਾਂ ਨੂੰ ਕਾਫ਼ੀ ਸਮਾਂ ਮਿਲ ਜਾਂਦਾ ਹੈ ਲਿਖਣ ਦਾ ਤੇ ਪੜ੍ਹਨ ਦਾਪਰ ਐਕਟਿੰਗ ਦੇ ਕਰੀਅਰ ਵਿੱਚ ਸਮੇਂ ਦੀ ਘਾਟ ਰਹਿੰਦੀ ਹੈਮੇਰੀ ਨਵੀਂ ਕਿਤਾਬ ‘ਤੁਮ ਕਿਉਂ ਉਦਾਸ ਹੋ?’ ਮੇਰੀ ਪਿਛਲੀ ਕਿਤਾਬ ‘ਕਬ ਆਏਂਗੀ?’ ਦੇ ਚੌਦ੍ਹਾਂ ਸਾਲਾਂ ਬਾਅਦ ਆਈ, ਪਰ ਇਸਦਾ ਕਾਰਨ ਸਿਰਫ਼ ਸਮੇਂ ਦੀ ਘਾਟ ਹੀ ਨਹੀਂ ਰਿਹਾ, ਇਸਦਾ ਕਾਰਨ ਮੇਰੀ ਪਿਛਲੀ ਕਿਤਾਬ ‘ਕਦੋਂ ਆਏਂਗੀ?’ ਜੋ ਕਿ ਕਹਾਣੀਆਂ ਦੀ ਹੀ ਕਿਤਾਬ ਸੀ, ਦਾ ਪੰਜਾਬੀ ਸਾਹਿਤ ਜਗਤ ਵੱਲੋਂ ਇੰਨਾ ਨੋਟਿਸ ਨਾ ਲਏ ਜਾਣਾ ਵੀ ਸੀਸੋ ਮੇਰੀ ਲਿਖਣ ਪ੍ਰਤੀ ਥੋੜ੍ਹੀ ਉਪਰਾਮਤਾ ਵੀ ਹੋ ਗਈ ਸੀ, ਉਦਾਸੀਨਤਾ ਵੀ ਜਿਹਨੂੰ ਤੁਸੀਂ ਕਹਿ ਸਕਦੇ ਹੋਪਰ ਹੁਣ ਇਸ ਨਵੇਂ ਕਹਾਣੀ-ਸੰਗ੍ਰਹਿ ਨੂੰ ਜਿੰਨਾ ਪਿਆਰ ਪੰਜਾਬੀ ਸਾਹਿਤ ਜਗਤ ਤੇ ਪਾਠਕਾਂ ਵੱਲੋਂ ਮਿਲਿਆ ਹੈ, ਉਸ ਨਾਲ ਮੇਰੇ ਮਨ ਵਿੱਚ ਜੋ ਗ਼ਿਲਾ ਸੀ ਉਹ ਸਮਝੋ ਦੂਰ ਹੋ ਗਿਆ ਹੈ

? ਤੁਹਾਨੂੰ ਕੀ ਕਾਰਨ ਲੱਗਦਾ ਹੈ ਕਿ ਤੁਹਾਡੇ ਪਹਿਲੇ ਦੋ ਕਹਾਣੀ-ਸੰਗ੍ਰਹਿਆਂ ਨੂੰ, ਇੱਕ ਨਾਵਲਿਟ ਨੂੰ ਤੇ ਇੱਕ ਕਾਵਿ ਸੰਗ੍ਰਹਿ ਨੂੰ ਓਨੀ ਪ੍ਰਸਿੱਧੀ ਕਿਉਂ ਨਹੀਂ ਮਿਲੀ, ਜਿੰਨੀ ਹੁਣ ਤੁਹਾਡੇ ਤੀਜੇ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਨੂੰ ਮਿਲੀ ਹੈ?

ਮੇਰਾ ਸਭ ਤੋਂ ਪਹਿਲਾ ਨਾਵਲਿਟ ‘ਦਾਇਰੇ’ ਤਾਂ ਉਦੋਂ ਛਪਿਆ ਸੀ ਜਦ ਮੈਂ ਕਾਲਿਜ ਵਿੱਚ ਪੜ੍ਹਦੀ ਸਾਂ, ਯਾਨਿ ਸੰਨ 1985 ਵਿੱਚਦੂਰਦਰਸ਼ਨ ਵਿੱਚ ਨੌਕਰੀ ਕਰਦਿਆਂ ਮੇਰੀਆਂ ਤਿੰਨ ਕਿਤਾਬਾਂ ਆਈਆਂ1987 ਵਿੱਚ ਕਹਾਣੀ ਸੰਗ੍ਰਹਿ ‘ਇਕ ਖ਼ਤ ਪਾਪਾ ਦੇ ਨਾਂਅ’ ਜਿਸ ਵਿੱਚ ਚੌਦਾਂ ਕਹਾਣੀਆਂ ਸਨ1990 ਵਿੱਚ ਆਈ ਮੇਰੀ ਤੀਜੀ ਕਿਤਾਬ ‘ਹਉਕੇ ਦੀ ਭਟਕਣ’ ਜੋ ਕਿ ਕਾਵਿ-ਸੰਗ੍ਰਹਿ ਸੀ1991 ਵਿੱਚ ਮੈਂ ਬੱਚਿਆਂ ਲਈ ਕੁਝ ਕਹਾਣੀਆਂ ਅਨੁਵਾਦ ਕੀਤੀਆਂ, ਹੋਰ ਭਾਸ਼ਾਵਾਂ ਤੋਂ, ਤੇ ਉਸ ਨੂੰ ਕਿਤਾਬੀ ਰੂਪ ਵਿੱਚ ਛਪਵਾਇਆ ‘ਪੀਲੀ ਬੱਤਖ਼’ ਦੇ ਨਾਂਅ ਹੇਠ2006 ਵਿੱਚ ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਇਕ ਖ਼ਤ ਪਾਪਾ ਦੇ ਨਾਂਅ’ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਦੂਜੇ ਐਡੀਸ਼ਨ ਦੇ ਰੂਪ ਵਿੱਚ ਛਾਪਿਆ ਤੇ ਸਿਰਲੇਖ ਬਦਲ ਦਿੱਤਾ ‘ਪਲੀਜ਼ ਮੈਨੂੰ ਪਿਆਰ ਦਿਓ’ ਦੇ ਰੂਪ ਵਿੱਚਓਦੋਂ ਤੀਕਰ ਮੈਂ ਮੁੰਬਈ ਵੀ ਸ਼ਿਫਟ ਹੋ ਚੁੱਕੀ ਸਾਂ ਤੇ ਇੱਥੇ ਆ ਕੇ 2006 ਵਿੱਚ ਮੈਂ ਕਹਾਣੀ-ਸੰਗ੍ਰਹਿ ਛਪਵਾਇਆ ‘ਕਦੋਂ ਆਏਂਗੀ?’ ਦੇ ਰੂਪ ਵਿੱਚ ਤੇ 2008 ਵਿੱਚ ਇਸੇ ਕਹਾਣੀ-ਸੰਗ੍ਰਹਿ ਨੂੰ ਹਿੰਦੀ ਵਿੱਚ ਛਪਵਾਇਆ ‘ਕਬ ਆਓਗੀ?’ ਅਕਸ਼ਰ ਸ਼ਿਲਪੀ ਪ੍ਰਕਾਸ਼ਨ ਦਿੱਲੀ ਤੋਂਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਓਨੀ ਪ੍ਰਸਿੱਧੀ ਨਾ ਮਿਲਣ ਦਾ ਕਾਰਨ, ਪ੍ਰਮੋਸ਼ਨ ਦੀ ਕਮੀ ਦਾ ਹੋਣਾ, ਮੈਂ ਮੰਨਦੀ ਹਾਂ ਮੈਨੂੰ ਲੱਗਦਾ ਸੀ ਕਿ ਕਿਤਾਬ ਜਦੋਂ ਛਪ ਜਾਂਦੀ ਹੈ ਤਾਂ ਉਸ ਨੂੰ ਪ੍ਰਮੋਟ ਕਰਨਾ, ਵੱਧ ਤੋਂ ਵੱਧ ਪਾਠਕਾਂ ਤਕ ਪਹੁੰਚਾਉਣ ਦਾ ਕੰਮ ਸਿਰਫ਼ ਪ੍ਰਕਾਸ਼ਕ ਦਾ ਹੀ ਹੁੰਦਾ ਹੈਪਰ ਇਹ ਸੋਝੀ ਮੈਨੂੰ ਬਹੁਤ ਦੇਰ ਨਾਲ ਹੋਈ ਕਿ ਕਿਤਾਬ ਲਿਖ ਕੇ ਛਪਵਾ ਲੈਣ ਨਾਲ ਲੇਖਕ ਦਾ ਕੰਮ ਖ਼ਤਮ ਨਹੀਂ ਹੁੰਦਾ ਬਲਕਿ ਵੱਧ ਤੋਂ ਵੱਧ ਪਾਠਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਲੇਖਕ ਨੂੰ ਹੀ ਕਰਨੀ ਪੈਂਦੀ ਹੈਸਿਰਫ਼ ਪਾਠਕਾਂ ਤਕ ਹੀ ਨਹੀਂ, ਲੇਖਕਾਂ ਤਕ ਤੇ ਆਲੋਚਕਾਂ ਤਕ ਵੀ ਕਿਤਾਬ ਪੁੱਜਦੀ ਕਰਨਾ, ਸਾਰੀਆਂ ਅਖ਼ਬਾਰਾਂ, ਮੈਗਜ਼ੀਨਾਂ ਨੂੰ ਭੇਜਣਾ ਜਾਂ ਪ੍ਰਕਾਸ਼ਕ ਰਾਹੀਂ ਭਿਜਵਾਉਣਾ ਵੀ ਲੇਖਕ ਦੀ ਹੀ ਜ਼ਿੰਮੇਵਾਰੀ ਹੁੰਦੀ ਹੈਸੋ ਇਹ ਕਮੀ ਮੇਰੀਆਂ ਪਹਿਲੀਆਂ ਕਿਤਾਬਾਂ ਵੇਲੇ ਰਹੀਮੇਰੇ ਪਹਿਲੇ ਦੋ ਕਹਾਣੀ-ਸੰਗ੍ਰਹਿ ‘ਇਕ ਖ਼ਤ ਪਾਪਾ ਦੇ ਨਾਂਅ’ ਤੇ ‘ਕਦੋਂ ਆਏਂਗੀ?’ ਦੀਆਂ ਕਹਾਣੀਆਂ ਵੀ ਖ਼ੂਬਸੂਰਤ ਸਨਤਾਂ ਹੀ ਤਾਂ ਜਦ ਅਚਾਨਕ ਕਿਤਿਓਂ ਮੇਰਾ ਕਹਾਣੀ-ਸੰਗ੍ਰਹਿ ‘ਕਦੋਂ ਆਏਂਗੀ?’ ਦੇਸ ਰਾਜ ਕਾਲੀ ਹੋਰਾਂ ਦੇ ਹੱਥ ਲੱਗਿਆ ਤਾਂ ਉਨ੍ਹਾਂ ਨੇ ਇਸ ਸੰਗ੍ਰਹਿ ਦੀਆਂ ਕਹਾਣੀਆਂ ਬਾਰੇ ਬਹੁਤ ਕਮਾਲ ਦੀ ਪੋਸਟ ਫ਼ੇਸਬੁਕ ’ਤੇ ਪਾਈ, ਜਿਸ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਤੇ ਮੁੜ ਮੇਰਾ ਰੁਝਾਨ ਲਿਖਣ ਵੱਲ ਹੋਇਆ

? ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਨਵੇਂ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਨੂੰ ਇੰਨੀ ਪ੍ਰਸਿੱਧੀ ਮਿਲਣ ਦਾ ਕਾਰਨ ਸੋਸ਼ਲ ਮੀਡੀਆ ਵੀ ਹੈ?

-ਦੇਖੋ, ਸੋਸ਼ਲ ਮੀਡੀਆ ਸਿਰਫ਼ ਮੇਰੀ ਇਕੱਲੀ ਲਈ ਹੀ ਤਾਂ ਨਹੀਂਸੋਸ਼ਲ ਮੀਡੀਆ ਤਾਂ ਸਭ ਲਈ ਹੈ ਨਾਫੇਰ ਤਾਂ ਹਰ ਕਿਤਾਬ ਸੋਸ਼ਲ ਮੀਡੀਆ ਰਾਹੀਂ ਪ੍ਰਸਿੱਧੀ ਖੱਟ ਸਕਦੀ ਹੈਸੋਸ਼ਲ ਮੀਡੀਆ ਲੇਖਕਾਂ ਨਾਲ, ਪਾਠਕਾਂ ਨਾਲ, ਜੁੜਨ ਦਾ ਜ਼ਰੀਆ ਜ਼ਰੂਰ ਹੈ, ਪਰ ਤੁਸੀਂ ਇੱਕ ਵਾਰ, ਦੋ ਵਾਰ, ਤਿੰਨ ਵਾਰ ਸੋਸ਼ਲ ਮੀਡੀਆ ਯਾਨਿ ਫ਼ੇਸਬੁਕ ’ਤੇ ਆਪਣੀ ਕਿਤਾਬ ਵਿਖਾ ਸਕਦੇ ਹੋ, ਪਰ ਜੇ ਕੋਈ ਤੁਹਾਡੀ ਕਿਤਾਬ ਨੂੰ ਪੜ੍ਹੇਗਾ ਹੀ ਨਹੀਂ, ਉਸ ’ਤੇ ਲਿਖੇਗਾ ਹੀ ਨਹੀਂ ਤਾਂ ਤੁਸੀਂ ਲਿਖਾਓਗੇ ਕੀ? ਤੇ ਤੁਸੀਂ ਕਿਸੇ ਨੂੰ ਮਜਬੂਰ ਵੀ ਨਹੀਂ ਕਰ ਸਕਦੇ ਕਿ ਮੇਰੀ ਕਿਤਾਬ ’ਤੇ ਲਿਖੋਕਿਤਾਬ ਲੇਖਕਾਂ ਅਤੇ ਆਲੋਚਕਾਂ ਤਕ ਪਹੁੰਚੇਗੀ, ਤੇ ਜੇ ਕਿਤਾਬ ਵਿੱਚ ਦਮ ਹੋਏਗਾ ਤਾਂ ਉਸ ’ਤੇ ਲਿਖਿਆ ਜਾਏਗਾਮੇਰੀ ਕਿਤਾਬ ‘ਤੁਮ ਕਿਉਂ ਉਦਾਸ ਹੋ?ਤੇ ਹੁਣ ਤਕ, ਭਾਵ ਅੱਠਾਂ ਮਹੀਨਿਆਂ ਵਿੱਚ ਤਿੰਨ ਦਰਜਨ ਤੋਂ ਵੱਧ ਲੇਖਕਾਂ ਤੇ ਆਲੋਚਕਾਂ ਨੇ ਆਰਟੀਕਲ ਲਿਖੇ ਹਨ, ਰੀਵਿਊ ਲਿਖੇ ਹਨ, ਜਿਨ੍ਹਾਂ ਵਿੱਚ ਕੁਝ ਨਾਂਅ ਹਨ- ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਸਰਬਜੀਤ ਕੌਰ ਸੰਧਾਵਾਲੀਆ, ਡਾ. ਮਨਜੀਤ ਕੌਰ, ਡਾ. ਚੰਦਰ ਪ੍ਰਕਾਸ਼, ਡਾ. ਬਲਬੀਰ ਸਿੰਘ, ਡਾ. ਅਮਰਜੀਤ ਕੌਂਕੇ, ਡਾ. ਧਰਮਪਾਲ ਸਾਹਿਲ, ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਹਰਿੰਦਰ ਸਿੰਘ, ਪੂਨਮ ਸਿੰਘ ‘ਪ੍ਰੀਤ ਲੜੀ’, ਅਰਤਿੰਦਰ ਕੌਰ ਸੰਧੂ ‘ਏਕਮ’, ਵਿਸ਼ਾਲ ‘ਅੱਖਰ’, ਡਾ. ਰਜਨੀਸ਼ ਬਹਾਦਰ ਸਿੰਘ ‘ਪ੍ਰਵਚਨ’, ਅਤਰਜੀਤ ਜੀ ‘ਪਰਵਾਜ਼’, ਭਗਵੰਤ ਰਸੂਲਪੁਰੀ ‘ਕਹਾਣੀ-ਧਾਰਾ’, ਡਾ. ਬਲਦੇਵ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੇਦੀ, ਡਾ. ਪਰਮਜੀਤ ਢੀਂਗਰਾ, ਪੁਸ਼ਵਿੰਦਰ ਕੌਰ, ਕਮਲ ਗਿੱਲ, ਪ੍ਰਭਜੋਤ ਕੌਰ, ਦਿਲਪ੍ਰੀਤ ਕੌਰ ਚਾਹਲ, ਪ੍ਰੇਮ ਮਾਨ ਜੀ, ਨਿਰੰਜਣ ਬੋਹਾ ਜੀ, ਸਿਮਰਨ ਧਾਲੀਵਾਲ, ਮੇਜਰ ਮਾਂਗਟ ਜੀ, ਰਾਜਿੰਦਰ ਆਤਿਸ਼ ਜੀ, ਕਰਮਜੀਤ ਦਿਓਨ, ਰਾਜਵਿੰਦਰ ਸਿੰਘ ਰਾਜਾ, ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ, ਰਵਿੰਦਰ ਚੋਟ, ਰਜਨੀਸ਼ ਜੱਸ, ਹਰਕੀਰਤ ਕੌਰ ਚਹਿਲ, ਰੂਪ ਦਬੁਰਜੀ, ਪ੍ਰੋ. ਪਰਬਿੰਦਰ ਸਿੰਘ, ਪਿਆਰਾ ਸਿੰਘ ਕੁੱਦੋਵਾਲ, ਦੇਸ ਰਾਜ ਕਾਲੀ ਤੇ ਹੋਰ ਵੀ ਕਈ ਲੇਖਕਾਂ ਤੇ ਚਿੰਤਕਾਂ ਤੇ ਪਾਠਕਾਂ ਨੇ ਇਸ ਕਿਤਾਬ ਦਾ ਨੋਟਿਸ ਲਿਆਜਿਨ੍ਹਾਂ ਲੇਖਕਾਂ ਤੇ ਚਿੰਤਕਾਂ ਨੇ ਇਸ ਕਿਤਾਬ ਦੀ ਕੋਈ ਇੱਕ ਜਾਂ ਦੋ ਕਹਾਣੀਆਂ ਬਾਰੇ ਲਿਖਿਆ ਉਨ੍ਹਾਂ ਵਿੱਚ ਕੁਝ ਵਿਸ਼ੇਸ਼ ਨਾਂਅ ਮੈਂ ਇੱਥੇ ਦੱਸਣਾ ਚਹਾਂਗੀ, ਜਿਵੇਂ ਨਿੱਕੀ ਕਹਾਣੀ ਦੇ ਮੋਢੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਬੇਟੀ ਸੁਰਿੰਦਰ ਕੌਰ ਜੀ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਜੀ ਦੀ ਨੂੰਹ ਪ੍ਰਵੀਨ ਕੌਰ ਜੀ, ਡਾ. ਕਰਮਜੀਤ ਸਿੰਘ ‘ਚਿਰਾਗ਼’ ਮੈਗਜ਼ੀਨ ਦੇ ਐਡੀਟਰ, ਦੀਪਤੀ ਬਬੂਟਾ, ਬਲਵੀਰ ਕੌਰ ਰੀਹਲ, ਸੁਕੀਰਤ, ਜਸਵੀਰ ਸਿੰਘ ਰਾਣਾ, ਪ੍ਰੋ. ਐੱਚ. ਐੱਸ. ਡਿੰਪਲ, ਨਿਰਮਲ ਜਸਵਾਲ, ਦਰਸ਼ਨ ਜੋਗਾ, ਜਤਿੰਦਰ ਹਾਂਸ, ਬਲਦੇਵ ਸਿੰਘ ਸੜਕਨਾਮਾ ਜੀ, ਕਿਰਪਾਲ ਕਜ਼ਾਕ ਜੀ, ਬਲਬੀਰ ਕੌਰ ਸੰਘੇੜਾ, ਕੇ. ਤ੍ਰਿਪਤਾ ਸਿੰਘ ਤੇ ਹੋਰ ਵੀ ਬਹੁਤ ਸਾਰੇ ਨਾਂਅ ਹਨਫੇਰ ਇਸ ਤੋਂ ਇਲਾਵਾ ਬਹੁਤ ਸਾਰੇ ਰੇਡੀਓ ਤੇ ਟੀ. ਵੀ. ਚੈਨਲਾਂ ’ਤੇ ਵੀ ਇਸ ਕਿਤਾਬ ’ਤੇ ਗੱਲਬਾਤ ਤੇ ਚਰਚਾ ਹੋਈ। ‘ਦ ਲਿਟਰੇਰੀ ਰਿਫ਼ਲੈਕਸ਼ਨ’ ਕੈਨੇਡਾ ਤੋਂ ਸੁਰਜੀਤ ਕੌਰ ਜੀ ਤੇ ਗੁਰਮੀਤ ਪਨਾਗ ਹੋਰਾਂ ਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਇਸ ਕਿਤਾਬ ’ਤੇ ਵੈਬੀਨਾਰ ਕਰਵਾਏ ਗਏਮਜਬੂਰੀ’, ‘ਆਕਰੋਸ਼’, ‘ਬਕ-ਬਕ’, ‘ਤੁਮ ਕਿਉਂ ਉਦਾਸ ਹੋ?’ ਕਹਾਣੀਆਂ ਦੇ ਵਿਸ਼ੇ ਬਿਲਕੁਲ ਨਵੇਂ ਹਨ, ਜੋ ਅੱਜ ਤਕ ਪੰਜਾਬੀ ਸਾਹਿਤ ਵਿੱਚ ਆਏ ਹੀ ਨਹੀਂ ਸਨ, ਭਾਵ ਫਿਲਮੀ ਪਰਦੇ ਦੀ ਪਿੱਠ-ਭੂਮੀ ਨਾਲ ਸੰਬੰਧਿਤ ਵਿਸ਼ੇ ’ਤੇ ਉਸੇ ਪਿੱਠ-ਭੂਮੀ ਦੀ ਭਾਸ਼ਾ … …ਤੁਹਾਨੂੰ ਇਹ ਵਿਸ਼ੇ ਕਿਵੇਂ ਸੁੱਝੇ?

ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪੰਝੀ ਵਰ੍ਹੇ ਪਹਿਲਾਂ ਮੈਂ ਪੰਜਾਬ ਛੱਡ ਕੇ ਮੁੰਬਈ ਸ਼ਿਫਟ ਹੋ ਗਈ ਸਾਂ, ਤੇ ਇੱਥੇ ਆ ਕੇ ਇੱਕ ਆਰਟਿਸਟ ਵਜੋਂ ਮੈਂ ਫਿਲਮਾਂ ਤੇ ਸੀਰੀਅਲਾਂ, ਐਡ ਫਿਲਮਾਂ ਵਿੱਚ ਕੰਮ ਕਰਨ ਲੱਗ ਪਈਸੋ ਜੋ ਵੀ ਲੇਖਕ ਜਿੱਥੇ ਰਹਿੰਦਾ ਹੈ, ਜਿਸ ਵੀ ਕਿੱਤੇ ਵਿੱਚ ਹੁੰਦਾ ਹੈ, ਉਸਦਾ ਪ੍ਰਭਾਵ ਕਬੂਲਦਾ ਹੈ ਤੇ ਫੇਰ ਉਸੇ ਪਿੱਠ-ਭੂਮੀ ਦੀਆਂ ਕਹਾਣੀਆਂ ਲਿਖਦਾ ਹੈਜਿਵੇਂ ਪਰਵਾਸੀ ਲੇਖਕ ਵਿਦੇਸ਼ਾਂ ਵਿੱਚ ਵੱਸ ਕੇ ਜੋ ਅਨੁਭਵ ਲੈਂਦੇ ਹਨ, ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਉੱਥੇ ਜਾ ਕੇ ਸਾਡੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਹੋ ਜਾਂਦੀ ਹੈ ਜਾਂ ਆਪਣੇ ਦੇਸ਼ ਦੇ ਵਿਗੋਚੇ ਨੂੰ ਕਿਵੇਂ ਮਹਿਸੂਸਦੇ ਹਨ, ਉਹ ਸਭ ਉਨ੍ਹਾਂ ਦੀ ਲੇਖਣੀ ਵਿੱਚ ਆ ਜਾਂਦਾ ਹੈਉਨ੍ਹਾਂ ਦੀ ਭਾਸ਼ਾ ਵੀ ਉਹੀ ਉਨ੍ਹਾਂ ਦੀ ਲੇਖਣੀ ਵਿੱਚ ਆਉਂਦੀ ਹੈਉਸੇ ਤਰ੍ਹਾਂ ਮੈਂ ਆਪਣਾ ਸੂਬਾ ਛੱਡ ਕੇ ਦੂਜੇ ਸੂਬੇ ਦੇ ਫਿਲਮੀ ਕਿੱਤੇ ਨੂੰ ਆਪਣਾ ਕੇ ਜੋ ਜੋ ਅਨੁਭਵ ਲਏ, ਉਨ੍ਹਾਂ ਤੋਂ ਹੀ ਮੇਰੀਆਂ ਇਹ ਕਹਾਣੀਆਂ ਉਪਜੀਆਂਮੇਰੇ ਪਿਛਲੇ ਕਹਾਣੀ-ਸੰਗ੍ਰਹਿ ‘ਕਦੋਂ ਆਏਂਗੀ?’ ਵਿੱਚ ਵੀ ਦੋ ਕਹਾਣੀਆਂ ‘ਤੂੰ’ ਤੇ ‘ਕਦੋਂ ਆਏਂਗੀ?’ ਫਿਲਮਾਂ ਤੇ ਸੀਰੀਅਲਾਂ ਦੀ ਪਿੱਠ-ਭੂਮੀ ’ਤੇ ਲਿਖੀਆਂ ਹੋਈਆਂ ਕਹਾਣੀਆਂ ਹਨ, ਕਿਉਂਕਿ ਉਹ ਕਹਾਣੀ-ਸੰਗ੍ਰਹਿ ‘ਕਦੋਂ ਆਏਂਗੀ?’ ਵੀ ਮੈਂ ਮੁੰਬਈ ਵਿੱਚ ਆ ਕੇ ਹੀ ਲਿਖਿਆ ਸੀ 2006 ਵਿੱਚਬਾਕੀ ਰਹੀ ਭਾਸ਼ਾ ਦੀ ਗੱਲ ਤਾਂ ਉਹ ਵੀ ਉਹੀ ਆਏਗੀ ਜਿਸ ਸੂਬੇ, ਖੇਤਰ ਦੀ ਕਹਾਣੀ ਹੋਏਗੀਫਿਲਮਾਂ ਤੇ ਸੀਰੀਅਲਾਂ ਦੇ ਪਰਦੇ ਦੇ ਪਿੱਛੇ ਜੋ ਪਰਦੇ ਹਨ, ਲੁਕਵੀਆਂ ਗੱਲਾਂ ਹਨ, ਹਨੇਰੇ ਕੋਨੇ ਹਨ, ਉੱਥੇ ਕਿਹੋ ਜਿਹੀ ਭਾਸ਼ਾ ਵਰਤੀ ਜਾਂਦੀ ਹੈ, ਉਹੀ ਮੈਂ ਆਪਣੀਆਂ ਉਨ੍ਹਾਂ ਕਹਾਣੀਆਂ ਵਿੱਚ ਵਿਖਾਈ ਹੈ ਜੋ ਫਿਲਮਾਂ ਤੇ ਸੀਰੀਅਲਾਂ ਨਾਲ ਸੰਬੰਧ ਰੱਖਦੀਆਂ ਹਨ ਡਾ. ਚੰਦਰ ਅਦੀਬ ਹੋਰਾਂ ਮੇਰੀ ਕਿਤਾਬ ’ਤੇ ਜੋ ਆਰਟੀਕਲ ਲਿਖਿਆ, ਉਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ‘ਮੈਂ ਨਵੀਂ ਸ਼ਬਦਾਵਲੀ ਪੰਜਾਬੀ ਸਾਹਿਤ ਵਿੱਚ ਲਿਆਂਦੀ ਹੈ ਹੋਰ ਵੀ ਚਿੰਤਕਾਂ ਤੇ ਲੇਖਕਾਂ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ‘ਮੇਰੇ ਕਹਾਣੀ-ਸੰਗ੍ਰਹਿ ਵਿੱਚ ਨਵੇਂ ਵਿਸ਼ੇ ’ਤੇ ਨਵੇਂ ਸ਼ਬਦ ਪੜ੍ਹਨ ਲਈ ਮਿਲਦੇ ਹਨ ਤੇ ਮੇਰੇ ਇਸ ਕਹਾਣੀ-ਸੰਗ੍ਰਹਿ ਨਾਲ ਪੰਜਾਬੀ ਸਾਹਿਤ ਹੋਰ ਅਮੀਰ ਹੋਇਆ ਹੈ

ਬਾਕੀ ਜਦੋਂ ਮੈਂ ਕਹਾਣੀ ‘ਬਕ-ਬਕ’ ਵਿੱਚ ਇੱਕ ਡਰਾਈਵਰ, ਜੋ ਕਿ ਯੂ. ਪੀ. ਤੋਂ ਹੈ, ਬੋਲਦਾ ਵਿਖਾਇਆ ਹੈ, ਤਾਂ ਉਹ ਯੂ. ਪੀ. ਦੀ ਭਾਸ਼ਾ ਬੋਲਦਾ ਹੈਜਦੋਂ ਕਹਾਣੀ ‘ਦੋ ਔਰਤਾਂ’ ਵਿੱਚ ਇੱਕ ਪੰਜਾਬੀ ਪਤੀ ਆਪਣੀ ਪਤਨੀ ਨੂੰ ਗਾਲ੍ਹ ਕੱਢਦਾ ਹੈ ਜਾਂ ਖਿਝਦਾ ਹੈ ਤਾਂ ਉਹੀ ਵਿਖਾਇਆ ਹੈ ਜੋ ਪੰਜਾਬ ਵਿੱਚ ਆਮ ਵਰਤਾਰਾ ਮਿਲਦਾ ਹੈਇੱਕ ਪਾਤਰ ਹਰਲੀਨ ਜੋ ਲੰਡਨ ਵਿੱਚ ਵਸੀ ਹੋਈ ਹੈ, ਕਈ ਵਰ੍ਹਿਆਂ ਤੋਂ, ਜਦੋਂ ਉਹ ਬੋਲਦੀ ਵਿਖਾਈ ਹੈ ਤਾਂ ਉਸ ਦੇ ਬੋਲਣ ਵਿੱਚ ਅੰਗਰੇਜ਼ੀ ਦੇ ਸ਼ਬਦ ਆਉਂਦੇ ਹਨਸੋ ਮੈਂ ਮਹਾਰਾਸ਼ਟਰ, ਯੂ. ਪੀ., ਪੰਜਾਬ ਤੇ ਲੰਡਨ, ਚਾਰੋਂ ਥਾਂਵਾਂ ਦੇ ਲੋਕ ਜਿਵੇਂ ਬੋਲਦੇ ਹਨ, ਓਵੇਂ ਹੀ ਆਪਣੇ ਉਨ੍ਹਾਂ ਪਾਤਰਾਂ ਦੇ ਮੂੰਹੋਂ ਸੰਵਾਦ ਬੁਲਵਾਏ ਹਨਇਸੇ ਕਰਕੇ ਫਿਲਮੀ ਦੁਨੀਆ ਦੀ ਪਿੱਠ-ਭੂਮੀ ’ਤੇ ਲਿਖੀਆਂ ਚਾਰ ਕਹਾਣੀਆਂ ‘ਤੁਮ ਕਿਉਂ ਉਦਾਸ ਹੋ?’, ‘ਮਜਬੂਰੀ’, ‘ਆਕਰੋਸ਼’, ‘ਬਕ-ਬਕ’ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਬਿਲਕੁਲ ਨਵੇਂ ਵਿਸ਼ੇ ’ਤੇ ਨਵੇਂ ਸ਼ਬਦਾਂ ਵਾਲੀਆਂ ਕਹਾਣੀਆਂ ਹਨ

? ਜਦੋਂ ਤੁਸੀਂ ਇਹ ਕਹਾਣੀ-ਸੰਗ੍ਰਹਿ ਲਿਖ ਰਹੇ ਸੀ, ਕੀ ਤੁਸੀਂ ਸੋਚਿਆ ਸੀ ਕਿ ਇਸ ਨੂੰ ਇੰਨਾ ਪਿਆਰ ਮਿਲੇਗਾ ਤੇ ਤੁਹਾਡੀਆਂ ਕਹਾਣੀਆਂ ਇੰਨੀ ਚਰਚਾ ਵਿੱਚ ਆਉਣਗੀਆਂ?

ਤੁਸੀਂ ਸਹੀ ਕਹਿ ਰਹੇ ਹੋ ਕਿ ਮੇਰੀਆਂ ਪਿਛਲੀਆਂ ਲਿਖੀਆਂ ਫਿਲਮੀ ਪਿੱਠ-ਭੂਮੀ ਦੀਆਂ ਕਹਾਣੀਆਂ ਇੰਨੀ ਚਰਚਾ ਵਿੱਚ ਨਹੀਂ ਰਹੀਆਂ ਜਿੰਨੀਆਂ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਦੀਆਂ ਕਹਾਣੀਆਂ ਚਰਚਾ ਵਿੱਚ ਹਨਇਸਦਾ ਇੱਕ ਕਾਰਨ ਮੈਂ ਸਮਝਦੀ ਹਾਂ ਸ਼ਾਇਦ ਇਹ ਵੀ ਰਿਹਾ ਕਿ ਇਹ ਕਹਾਣੀਆਂ ਸੰਗ੍ਰਹਿ ਵਿੱਚ ਸ਼ਾਮਿਲ ਹੋਣ ਤੋਂ ਇੱਕ ਇੱਕ, ਦੋ ਦੋ ਮਹੀਨੇ ਪਹਿਲਾਂ ਪੰਜਾਬੀ ਵਿੱਚ ਛਪਦੇ ਸਿਰਮੌਰ ਮੈਗਜ਼ੀਨਾਂ ਵਿੱਚ ਵੀ ਛਪੀਆਂ, ਜਿਵੇਂ ‘ਬਕ-ਬਕ’ ‘ਸਮਕਾਲੀ ਸਾਹਿਤ’ ਵਿੱਚ, ‘ਆਕਰੋਸ਼’ ‘ਸਿਰਜਣਾ’ ਵਿੱਚ ਤੇ ‘ਮਜਬੂਰੀ’ ‘ਕਹਾਣੀ-ਧਾਰਾ’ ਵਿੱਚਸੋ ਇਨ੍ਹਾਂ ਮੈਗਜ਼ੀਨਾਂ ਵਿੱਚ ਛਪਣ ਕਾਰਨ ਇਹ ਕਹਾਣੀਆਂ ਵੱਧ ਤੋਂ ਵੱਧ ਪਾਠਕਾਂ ਤੇ ਚਿੰਤਕਾਂ ਤਕ ਪਹੁੰਚੀਆਂ, ਤੇ ਫਿਰ ਕਿਤਾਬੀ ਰੂਪ ਵਿੱਚ ਆਉਣ ਤੋਂ ਬਾਅਦ ਇਸ ਕਿਤਾਬ ’ਤੇ ਵੱਧ ਤੋਂ ਵੱਧ ਲਿਖਿਆ ਗਿਆ ਤੇ ਸਲਾਹਿਆ ਗਿਆਵਰਨਾ ਲੇਖਿਕਾ ਤਾਂ ਮੈਂ ਉਹੀ ਹਾਂ ਨਾ, ਜਿਸਨੇ ਕਹਾਣੀਆਂ ‘ਤੂੰ’ ਤੇ ‘ਕਦੋਂ ਆਏਂਗੀ?’ ਲਿਖੀਆਂ ਸਨ, ਤੇ ਹੁਣ ‘ਆਕਰੋਸ਼’, ‘ਮਜਬੂਰੀ’, ‘ਤੁਮ ਕਿਉਂ ਉਦਾਸ ਹੋ?’ ਤੇ ‘ਬਕ-ਬਕ’ ਲਿਖੀਆਂ ਹਨ

? ਤੁਹਾਡੇ ’ਤੇ ਇਹ ਵੀ ਦੋਸ਼ ਲੱਗਦਾ ਹੈ ਕਿ ਤੁਹਾਡੀਆਂ ਕਹਾਣੀਆਂ, ਤੁਹਾਡੀ ਸਵੈ-ਜੀਵਨੀ ਦੇ ਅੰਸ਼ ਸਮੇਟੀ ਲੱਗਦੀਆਂ ਹਨਤੁਹਾਡਾ ਇਸ ਬਾਰੇ ਕੀ ਕਹਿਣਾ ਹੈ?

-ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਲੇਖਕ ਆਪਣੇ ਆਪ ਨੂੰ ਆਪਣੀ ਲੇਖਣੀ ਵਿੱਚੋਂ ਮਨਫ਼ੀ ਕਰ ਸਕਦਾ ਹੈਜੋ ਅਨੁਭਵ ਇੱਕ ਲੇਖਕ ਹੰਢਾਉਂਦਾ ਹੈ, ਜੋ ਪੀੜ, ਜੋ ਤਕਲੀਫ਼, ਜੋ ਤਸੀਹੇ ਜਾਂ ਜੋ ਖੁਸ਼ੀ ਉਹ ਆਪਣੇ ਮਨ ’ਤੇ ਮਹਿਸੂਸਦਾ ਹੈ, ਜਿਸ ਸਮੇਂ ਨੂੰ ਉਹ ਆਪਣੀ ਉਮਰ ਦੇ ਵਰ੍ਹੇ ਦਿੰਦਾ ਹੈ, ਆਪਣਾ ਖ਼ੂਨ ਪਸੀਨਾ ਦਿੰਦਾ ਹੈ, ਉਹ ਸਮਾਂ ਉਹ ਆਪਣੀ ਲੇਖਣੀ ਤੋਂ ਪਰ੍ਹਾਂ ਕਰ ਕੇ, ਹੋਰ ਲਿਖੇਗਾ ਕੀ? ਜੇ ਉਹ ਕੁਝ ਹੋਰ ਲਿਖੇਗਾ, ਉਹ ਨਹੀਂ ਲਿਖੇਗਾ ਜੋ ਉਸਨੇ ਆਪਣੇ ਤਨ ਮਨ ’ਤੇ ਸਿਹਾ, ਤਾਂ ਫੇਰ ਉਸਦਾ ਕਥਾਰਸਿਸ ਕਿਵੇਂ ਹੋਵੇਗਾ? ਸਵੈ-ਜੀਵਨੀ ਲਿਖਣੀ ਤਾਂ ਸੌਖੀ ਹੁੰਦੀ ਹੈ ਸਿੱਧੀ ਸਾਦੀ ਆਪਣੀ ਜੀਵਨ-ਗਾਥਾ ਲਿਖ ਦਿਓਪਰ ਕਹਾਣੀ ਵਿੱਚ ਭਾਵੇਂ ਸਵੈ-ਜੀਵਨੀ ਦੀਆਂ ਛੋਹਾਂ ਆ ਵੀ ਜਾਣ ਪਰ ਕਹਾਣੀ ਤਾਂ ਬੁਣਨੀ ਪਏਗੀ ਨਾਹਰ ਕਹਾਣੀ ਦੇ ਅੰਤ ਵਿੱਚ ਜੋ ਟਵਿਸਟ ਆਉਂਦਾ ਹੈ, ਉਹ ਤਾਂ ਲੇਖਕ ਦੀ ਕਲਾ ਦੀ ਬਣਤਰ ਹੈ ਨਾ? ਪਾਠਕਾਂ ਤੇ ਚਿੰਤਕਾਂ ਨੂੰ ਜੇ ਮੇਰੀਆਂ ਕਹਾਣੀਆਂ ਵਿੱਚ ਸਵੈ-ਜੀਵਨੀ ਵਰਗੀਆਂ ਦਿਲਚਸਪ ਛੋਹਾਂ ਦਿਸ ਰਹੀਆਂ ਹਨ ਤਾਂ ਮੈਂ ਇਸ ਨੂੰ ਆਪਣੀਆਂ ਕਹਾਣੀਆਂ ਲਈ ਕੰਪਲੀਮੈਂਟ ਹੀ ਮੰਨਦੀ ਹਾਂਕਿਉਂਕਿ ਮੇਰੀ ਕਹਾਣੀਆਂ ਵਿੱਚ ਸਵੈ-ਜੀਵਨੀ ਵਰਗਾ ਕਥਾ-ਰਸ ਤੇ ਦਿਲਚਸਪੀ ਹੈਬਾਕੀ ਇਹ ਵੀ ਨਹੀਂ ਕਿ ਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਸਵੈ ਦੀ ਹੀ ਗੱਲ ਕੀਤੀ ਗਈ ਹੈਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਸਵੈ ਤੋਂ ਪਰੇ ਦੀ ਵੀ ਗੱਲ ਕੀਤੀ ਗਈ ਹੈ, ਮਾਨਵੀ ਸਰੋਕਾਰਾਂ ਦੀ ਵੀ ਗੱਲ ਕੀਤੀ ਗਈ ਹੈ, ਜਿਵੇਂ ਕਹਾਣੀ ‘ਮਜਬੂਰੀ’ ਵਿੱਚ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਘੱਟ ਮਿਹਨਤਾਨੇ ਵਿੱਚ ਵੱਧ ਸਮਾਂ ਦੇ ਕੇ ਕੰਮ ਕਰਦੇ ਹਨ ਤੇ ਪ੍ਰੋਡਿਊਸਰਾਂ ਦੇ ਛੜਯੰਤਰਾਂ ਦੇ ਸ਼ਿਕਾਰ ਹੁੰਦੇ ਹਨ, ਉਹ ਲੋਕ ਹਨ ਆਰਟਿਸਟ ਤੇ ਟੈਕਨੀਸ਼ੀਅਨਕਹਾਣੀ ‘ਤੁਮ ਕਿਉਂ ਉਦਾਸ ਹੋ?’ ਵਿੱਚ ਬਾਲ-ਮਜ਼ਦੂਰੀ ਦੀ ਤ੍ਰਾਸਦੀ ਦੀ ਗੱਲ ਤੋਰੀ ਗਈ ਹੈਕਹਾਣੀ ‘ਬਕ-ਬਕ’ ਵਿੱਚ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਕੀ ਕੀ ਵਾਪਰਿਆ, ਜਦੋਂ ਬੰਦਾ ਹਰ ਪਾਸਿਓਂ ਬੇਵੱਸ ਸੀ ਤਾਂ ਕਿਵੇਂ ਕੋਈ ਉਦੋਂ ਨਿੱਤਰਦਾ ਹੈ ਜਿਵੇਂ ‘ਕੋਈ ਹਰਿਆ ਬੂਟ ਰਹਿਓ ਰੀ’ ਤੇ ਮਾਨਵਤਾ ਦਾ ਸੁਨੇਹਾ ਵੀ। ‘ਫੇਰ’ ਕਹਾਣੀ ਵਿੱਚ ਮਨੁੱਖੀ ਸੁਭਾਅ ਦੀ ਕਮਜ਼ੋਰੀ ਜੋ ਆਮ ਵੇਖਣ ਵਿੱਚ ਮਿਲਦੀ ਹੈ, ਉਸਦਾ ਬਿਆਨ ਹੈਮੇਰਾ ਮਤਲਬ ਹੈ ਕਿ ਸਿਰਫ਼ ਨਿੱਜ ਜਾਂ ਸਵੈ ਦੀ ਗੱਲ ਨਹੀਂ, ਸਮੁੱਚੇ ਸਮਾਜ ਵਿੱਚ ਜਾਂ ਸਾਡੇ ਆਲੇ-ਦੁਆਲੇ ਵਿੱਚ ਕੀ ਵਾਪਰਦਾ ਹੈ, ਉਸਦਾ ਵੀ ਜ਼ਿਕਰ ਛੂਹਿਆ ਗਿਆ ਹੈ

? ਤੁਸੀਂ ਕਿਨ੍ਹਾਂ ਲੇਖਕਾਂ ਤੋਂ ਪ੍ਰਭਾਵਿਤ ਹੋ?

ਸਮੇਂ ਦੇ ਨਾਲ ਬੰਦੇ ਦੀ ਪਸੰਦ ਬਦਲਦੀ ਰਹਿੰਦੀ ਹੈਬਚਪਨ ਵਿੱਚ ਮੈਂ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਹੋਰਾਂ ਤੋਂ ਬਹੁਤ ਪ੍ਰਭਾਵਿਤ ਸਾਂਕਿਉਂਕਿ ਉਦੋਂ ਮੇਰੀ ਸਭ ਤੋਂ ਵੱਡੀ ਭੈਣ ਹਰਦੀਸ਼ ਕੌਰ ਜੋ ਬਾਅਦ ਵਿੱਚ ਕੈਨੇਡਾ ਵਿੱਚ ਸੈਟਲ ਹੋ ਗਈ, ਉਹ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹਿਆ ਕਰਦੀ ਸੀਉਸਨੇ ਇੱਕ ਕਿਤਾਬਾਂ ਦੀ ਦੁਕਾਨ ਦੀ ਮੈਂਬਰਸ਼ਿੱਪ ਲਈ ਹੋਈ ਸੀ ਤੇ ਕਿਰਾਏ ’ਤੇ ਉੱਥੋਂ ਨਾਵਲ ਮੰਗਵਾ ਕੇ ਪੜ੍ਹਿਆ ਕਰਦੀ ਸੀਉਹ ਨਾਵਲ ਉਸ ਲਈ ਮੈਂ ਹੀ ਲੈ ਕੇ ਆਉਂਦੀ ਸਾਂ। ਉਦੋਂ ਅਸੀਂ ਗੁਰਦਾਸਪੁਰ ਰਹਿੰਦੇ ਸਾਂ। ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦੀ ਸਾਂਸਕੂਲ ਤੋਂ ਮੁੜਦਿਆਂ ਮੈਂ ਪਹਿਲਾ ਨਾਵਲ ਮੋੜ ਕੇ ਨਵਾਂ ਨਾਵਲ ਲੈ ਆਉਂਦੀ ਸਾਂ ਤੇ ਭੈਣ ਜੀ ਹਰ ਨਾਵਲ ਪੜ੍ਹ ਕੇ, ਬੜੇ ਪਿਆਰ ਨਾਲ ਉਸਦੀ ਕਹਾਣੀ ਸਾਨੂੰ ਸਾਰੇ ਭੈਣਾਂ-ਭਰਾਵਾਂ ਨੂੰ ਸੁਣਾਇਆ ਕਰਦੀ ਸੀਤੇ ਮੈਂ ਉਨ੍ਹਾਂ ਨਾਵਲਾਂ ਦੇ ਪਾਤਰਾਂ ਨੂੰ ਆਪਣੇ ਮਨ ਵਿੱਚ ਬਿਠਾ ਲੈਂਦੀ ਸਾਂ ਤੇ ਉਨ੍ਹਾਂ ਨਾਲ ਗੱਲਾਂ ਕਰਦੀ ਸਾਂ … … ਮੇਰੀਆਂ ਸ਼ੁਰੂ ਸ਼ੁਰੂ ਦੀਆਂ ਕਹਾਣੀਆਂ ਜੋ ਮੈਂ ਦਸਵੀਂ-ਗਿਆਰ੍ਹਵੀਂ ਕਲਾਸ ਤਕ ਜਾਂਦਿਆਂ ਲਿਖੀਆਂ, ਤੇ ਜੋ ‘ਹਾਣੀ’ ਤੇ ‘ਸਮਰਾਟ’ ਵਰਗੇ ਪਰਚਿਆਂ ਵਿੱਚ ਛਪੀਆਂ ਵੀ, ਪਰ ਮੈਂ ਕਿਸੇ ਕਹਾਣੀ-ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਕੀਤੀਆਂ ਕਿਉਂਕਿ ਮੈਨੂੰ ਉਹ ਕਹਾਣੀਆਂ ਥੋੜ੍ਹੀਆਂ ਕੱਚੀਆਂ ਜਿਹੀਆਂ ਲੱਗੀਆਂਉਹ ਕਹਾਣੀਆਂ ਨਾਨਕ ਸਿੰਘ ਜੀ ਦੇ ਨਾਵਲਾਂ ਤੋਂ ਪ੍ਰਭਾਵਿਤ ਸਨ

ਫੇਰ ਟੀਨਏਜ ਆਈ ਤਾਂ ਮੈਨੂੰ ਅੰਮ੍ਰਿਤਾ ਪ੍ਰੀਤਮ ਬਹੁਤ ਚੰਗੀ ਲਗਦੀ ਸੀ … … ਫੇਰ ਅੱਗੇ ਚੱਲ ਕੇ ਮੈਨੂੰ ਦਲੀਪ ਕੌਰ ਟਿਵਾਣਾ ਚੰਗੀ ਲੱਗਣ ਲੱਗ ਪਈ ਤੇ ਸੁਖਵੰਤ ਕੌਰ ਮਾਨ ਵੀ … … ਪਰ ਜਦ ਮੈਂ ਅਜੀਤ ਕੌਰ ਨੂੰ ਨਿੱਠ ਕੇ ਪੜ੍ਹਿਆ ਤਾਂ ਲੱਗਿਆ ਕਿ ਜਿਵੇਂ ਉਸਦੀਆਂ ਲਿਖਤਾਂ ਨੂੰ ਪੜ੍ਹਦਿਆਂ ਦਿਲੋ-ਦਿਮਾਗ਼ ’ਤੇ ਟੂਣਾ ਛਿੜਕਿਆ ਜਾਂਦਾ ਹੈ ਓਵੇਂ ਕਿਸੇ ਹੋਰ ਨੂੰ ਪੜ੍ਹ ਕੇ ਨਹੀਂ ਹੁੰਦਾਉਸਦੀਆਂ ਲਿਖਤਾਂ ਵਿੱਚ ਨਾ ਤਾਂ ਫ਼ੈਂਟਸੀ ਲਗਦੀ ਹੈ ਨਾ ਹੀ ਦੁਹਰਾਓਉਹ ਜੇ ਦਿਲ ਦੀਆਂ ਗੱਲਾਂ ਕਰਦੀ ਹੈ ਤਾਂ ਰਾਜਨੀਤੀ ਤੇ ਆਪਣੇ ਸਮੇਂ ਦੇ ਸਰੋਕਾਰਾਂ ਦੇ ਵੀ ਮੁੱਦੇ ਉਠਾਉਂਦੀ ਹੈ ਤੇ ਬਿੰਦਾਸ ਉਠਾਉਂਦੀ ਹੈ, ਬੇਬਾਕ ਹੋ ਕੇ, ਨਿਡਰਤਾ ਨਾਲਉਸਦੀ ਸ਼ੈਲੀ, ਕਥਾ-ਰਸ ਤੇ ਭਾਸ਼ਾ, ਸਭ ਤੋਂ ਮੈਂ ਪ੍ਰਭਾਵਿਤ ਰਹੀ ਹਾਂ ਤੇ ਇੰਜ ਹੀ ਬਲਵੰਤ ਗਾਰਗੀ ਤੋਂ ਵੀਰਾਬਿੰਦਰ ਨਾਥ ਟੈਗੋਰ, ਮਾਨਵ ਕੌਲ, ਵੀਨਾ ਵਰਮਾ, ਸ਼ਿਵਾਨੀ, ਪ੍ਰੇਮ ਪ੍ਰਕਾਸ਼, ਚੇਤਨ ਭਗਤ, ਕੁਲਵੰਤ ਸਿੰਘ ਵਿਰਕ, ਬਲਦੇਵ ਸਿੰਘ ਸੜਕਨਾਮਾ, ਗੁਲਜ਼ਾਰ, ਸੁਰਜੀਤ ਪਾਤਰ, ਕੈਫ਼ੀ ਆਜ਼ਮੀ, ਜਾਵੇਦ ਅਖ਼ਤਰ, ਬਸ਼ੀਰ ਬਦਰ, ਖ਼ਲੀਲ ਉਰ ਰਹਿਮਾਨ ਕਮਰ, ਰਮਨ ਸੰਧੂ, ਕਿਰਪਾਲ ਕਜ਼ਾਕ, ਗੁਰਬਚਨ ਸਿੰਘ ਭੁੱਲਰ … … ਇਸ ਤਰ੍ਹਾਂ ਹੋਰ ਵੀ ਕਈ ਨਾਂਅ ਹਨ, ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੁੰਦੀ ਹਾਂ, ਪਸੰਦ ਕਰਦੀ ਹਾਂ

? ਅੱਜ ਦੀ ਕਹਾਣੀ ਬਾਰੇ ਕੀ ਕਹੋਗੇ? ਖ਼ਾਸ ਤੌਰ ’ਤੇ ਨਾਰੀ ਕਹਾਣੀਕਾਰਾਂ ਬਾਰੇ ਤੁਹਾਡੇ ਕੀ ਖ਼ਿਆਲ ਹਨ? ਕਿਹੋ ਜਿਹੀ ਕਹਾਣੀ ਲਿਖੀ ਜਾ ਰਹੀ ਹੈ?

ਅੱਜ ਦੀ ਕਹਾਣੀ ਦਾ ਭਵਿੱਖ ਉੱਜਲ ਹੈਕਾਫ਼ੀ ਅੱਛੀ ਕਹਾਣੀ ਲਿਖੀ ਜਾ ਰਹੀ ਹੈ। ਨਵੇਂ ਨਵੇਂ ਤਜਰਬੇ ਹੋ ਰਹੇ ਹਨ, ਜਿਵੇਂ ਜਸਵੀਰ ਸਿੰਘ ਰਾਣਾ, ਭਗਵੰਤ ਰਸੂਲਪੁਰੀ, ਬਿੰਦਰ ਬਸਰਾ, ਸਿਮਰਨ ਧਾਲੀਵਾਲ, ਦੀਪ ਦੇਵਿੰਦਰ, ਸਾਂਵਲ ਧਾਮੀ, ਗੁਰਮੀਤ ਕੜਿਆਲਵੀ ਆਦਿ ਬੜੀਆਂ ਅੱਛੀਆਂ ਕਹਾਣੀਆਂ ਲਿਖ ਰਹੇ ਹਨਹਰਪ੍ਰੀਤ ਰੇਖਾ, ਕੇਸਰਾ ਰਾਮ, ਪਰਗਟ ਸਤੌਜ, ਬਲਬੀਰ ਪਰਵਾਨਾ, ਬਲਬੀਰ ਮਾਧੋਪੁਰੀ ਸਭ ਕਮਾਲ ਲਿਖ ਰਹੇ ਹਨਤੇ ਨਾਰੀ ਕਹਾਣੀਕਾਰਾਂ ਦੀ ਨਵੀਂ ਪੌਦ ਵਿੱਚ ਹਰਕੀਰਤ ਕੌਰ ਚਹਿਲ, ਪਵਿੱਤਰ ਕੌਰ ਮਾਟੀ, ਬਲਵੀਰ ਕੌਰ ਰੀਹਲ, ਦੀਪਤੀ ਬਬੂਟਾ, ਸਰਘੀ, ਕੇ. ਤ੍ਰਿਪਤਾ ਸਿੰਘ, ਵਿਸ਼ਵ ਜੋਤੀ ਧੀਰ, ਅੰਜਨਾ ਸ਼ਿਵਦੀਪ ਆਦਿ ਸਭ ਅੱਛੀ ਕਹਾਣੀ ਲਿਖ ਰਹੀਆਂ ਹਨ

? ਨਵਾਂ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਤੋਂ ਬਾਅਦ ਵੀ ਕੁਝ ਨਵਾਂ ਲਿਖਿਆ ਹੈ?

- ‘ਤੁਮ ਕਿਉਂ ਉਦਾਸ ਹੋ?’ ਕਹਾਣੀ-ਸੰਗ੍ਰਹਿ ਤੋਂ ਬਾਅਦ ਮੈਂ ਕੁਝ ਕਵਿਤਾਵਾਂ ਲਿਖੀਆਂ, ਜਿਵੇਂ ‘ਲਾਕ-ਡਾਊੁਨ’ ਤੇ ‘ਮਾਂ’, ਜੋ ਕਿ ਵੱਖ-ਵੱਖ ਥਾਂਈਂ ਛਪੀਆਂਵਾਰਤਕ ਵਿੱਚ ਇੱਕ ਰੇਖਾ-ਚਿੱਤਰ ‘ਮਾਸੂਮ ਤੇ ਬੇਬਾਕ - ਅਰੁਣਾ ਇਰਾਨੀ’ ਲਿਖਿਆ ਜੋ ਕਿ ‘ਤਾਸਮਨ’ ਦੇ ‘ਨਾਰੀ ਵਿਸ਼ੇਸ਼ ਅੰਕ ਜਨਵਰੀ-ਮਾਰਚ 2022’ ਵਿੱਚ ਛਪਿਆ ਤੇ ਪਾਠਕਾਂ ਨੇ ਬਹੁਤ ਪਸੰਦ ਕੀਤਾਵੱਡੀਆਂ ਸ਼ਖ਼ਸੀਅਤਾਂ ਵਿੱਚੋਂ ਬਲਦੇਵ ਸਿੰਘ ਧਾਲੀਵਾਲ ਹੋਰਾਂ ਤੇ ਸੁਕੀਰਤ ਹੋਰਾਂ ਇਹ ਰੇਖਾ-ਚਿੱਤਰ ਪੜ੍ਹ ਕੇ ਮੈਨੂੰ ਮੈਸੇਜ ਲਿਖ ਭੇਜੇ ਕਿ ਇਹ ਬਹੁਤ ਅੱਛਾ ਲਿਖਿਆ ਹੋਇਆ ‘ਰੇਖਾ-ਚਿੱਤਰ’ ਹੈ ਤੇ ਮੈਨੂੰ ਹੋਰ ਵੀ ਇਹੋ ਜਿਹੇ ਰੇਖਾ-ਚਿੱਤਰ ਲਿਖਣੇ ਚਾਹੀਦੇ ਹਨ। ‘ਤਾਸਮਨ’ ਦੇ ਸਹਾਇਕ ਸੰਪਾਦਕ ਡਾ. ਸੁਮੀਤ ਸ਼ੰਮੀ ਹੋਰਾਂ ਫੋਨ ਕਰ ਕੇ ਮੈਨੂੰ ਕਿਹਾ ਕਿ “ਇਹ ਰੇਖਾ-ਚਿੱਤਰ ਸਿਰਫ਼ ਤੁਸੀਂ ਹੀ ਲਿਖ ਸਕਦੇ ਸੀ, ਇੰਨਾ ਭਾਵਪੂਰਤ ਤੇ ਦਿਲਚਸਪ

ਬਹੁਤ ਸਾਰੇ ਪਾਠਕਾਂ ਦੇ ਮੈਸੇਜ ਆਏ ਕਿ ਮੈਂ ਹੋਰ ਵੀ ਫਿਲਮੀ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ ਲਿਖਾਂ ਤੇ ਇਹ ਰੇਖਾ-ਚਿੱਤਰ ਉਨ੍ਹਾਂ ਨੂੰ ਬੇਹੱਦ ਪਸੰਦ ਆਇਆ ਹੈ, ਵਗੈਰਾ ਵਗੈਰਾਹਾਲਾਂਕਿ ਇਸ ਰੇਖਾ-ਚਿੱਤਰ ਤੋਂ ਪਹਿਲਾਂ ਵੀ ਦੋ ਰੇਖਾ-ਚਿੱਤਰ ਲਿਖ ਚੁੱਕੀ ਹਾਂ ‘ਮੇਰੇ ਪਾਪਾ’ ਤੇ ‘ਮੇਰੀ ਦਾਦੀ ਦੀਆਂ ਯਾਦਾਂ ਵਿੱਚੋਂ’ ਜਿਨ੍ਹਾਂ ਵਿੱਚੋਂ ‘ਮੇਰੇ ਪਾਪਾ’ ਰੇਖਾ-ਚਿੱਤਰ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ 2011 ਵਿੱਚ ਨਿੰਦਰ ਘੁਗਿਆਣਵੀ ਨੇ ‘ਚੋਣਵੇਂ ਪੰਜਾਬੀ ਰੇਖਾ-ਚਿੱਤਰ’ ਕਿਤਾਬ ਵਿੱਚ ਇਸ ਨੂੰ ਸ਼ਾਮਿਲ ਵੀ ਕੀਤਾ ਸੀਪਰ ਫਿਲਮੀ ਸ਼ਖ਼ਸੀਅਤ ’ਤੇ ਲਿਖਿਆ ਇਹ ਮੇਰਾ ਪਹਿਲਾ ਰੇਖਾ-ਚਿੱਤਰ ਹੈ ਜੋ ਕਿ ਮੈਂ ਅਰੁਣਾ ਇਰਾਨੀ ’ਤੇ ਲਿਖਿਆ ਤੇ ਇਹ ਮੈਂ ਆਪਣੇ ਨਵੇਂ ਕਹਾਣੀ-ਸੰਗ੍ਰਹਿ ਤੋਂ ਬਾਅਦ ਲਿਖਿਆ

? ਤੁਸੀਂ ਆਪਣੀ ਲਿਖਤ ਦੀ ਸਮਾਜ ਵਿੱਚ ਕੀ ਭੂਮਿਕਾ ਸਮਝਦੇ ਹੋ?

ਮੇਰੀ ਲਿਖਤ ਦੀ ਸਮਾਜ ਵਿੱਚ ਅਹਿਮ ਭੂਮਿਕਾ ਹੋ ਸਕਦੀ ਹੈ ਕਿਉਂਕਿ ਮੇਰੀਆਂ ਜ਼ਿਆਦਾਤਰ ਕਹਾਣੀਆਂ ਸਕਾਰਾਤਮਕ ਸੁਨੇਹਾ ਦਿੰਦੀਆਂ ਹਨ, ਮਾਨਵਤਾ ਦਾ ਸੁਨੇਹਾ ਦਿੰਦੀਆਂ ਹਨਜਿਵੇਂ ਮੇਰੀ ਕਹਾਣੀ ਹੈ ‘ਬਕ-ਬਕ

ਮੇਰੀਆਂ ਕਹਾਣੀਆਂ ਦੀਆਂ ਨਾਇਕਾਵਾਂ ਕਿੰਨੀਆਂ ਵੀ ਉਦਾਸ ਹੋਣ, ਇਕੱਲਤਾ ਤੇ ਆਰਥਿਕ ਸਥਿਤੀ ਨਾਲ ਜੂਝ ਵੀ ਕਿਉਂ ਨਾ ਰਹੀਆਂ ਹੋਣ ਪਰ ਫਿਰ ਵੀ ਉਹ ਮਿਹਨਤ ਕਰ ਕੇ ਤੇ ਸਿਰ ਉੱਚਾ ਕਰ ਕੇ ਜੀਣ ਦਾ ਰਾਹ ਅਪਨਾਉਂਦੀਆਂ ਹਨ ਭਾਵੇਂ ਉਹ ਸਿੰਗਲ ਮਦਰ ਹੀ ਕਿਉਂ ਨਾ ਹੋਣਜ਼ਿੰਦਗੀ ਦੇ ਉਤਰਾਅ-ਚੜ੍ਹਾ ਤੋਂ ਹਾਰ ਨਾ ਮੰਨਣ ਵਾਲੀਆਂ ਹਾਂ-ਪੱਖੀ ਸੋਚ ਰੱਖਣ ਵਾਲੀਆਂ ਹਨਹਾਲਾਤ ਤੋਂ ਘਬਰਾ ਕੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨਹੀਂ ਵਿਖਾਈਆਂ, ਖ਼ੁਦਕੁਸ਼ੀ ਵਾਲੇ ਪਾਸੇ ਵੀ ਨਹੀਂ ਜਾਂਦੀਆਂ ਸਗੋਂ ਹਰ ਉਦਾਸੀ, ਹਰ ਡਿਪਰੈਸ਼ਨ ਤੋਂ ਨਿਕਲ ਕੇ ਜੀਊਣ ਦਾ ਬਲਕਿ ਭਰਪੂਰ ਜੀਊਣ ਦਾ ਰਾਹ ਚੁਣਦੀਆਂ ਹਨਜਿਵੇਂ ਕਹਾਣੀਆਂ ‘ਆਕਰੋਸ਼’, ‘ਮਜਬੂਰੀ’, ‘ਦੋ ਔਰਤਾਂ’, ‘ਮਾਂ ਨੀ

ਮਜਬੂਰੀ’ ਕਹਾਣੀ ਵਿੱਚ ਫਿਲਮੀ ਪਰਦੇ ਦੇ ਪਿੱਛੇ ਹੁੰਦੀਆਂ ਚਲਾਕੀਆਂ, ਧੋਖੇ ਤੇ ਸਟਾਰਿਜ਼ਮ ਦੀ ਦੌੜ ਵਿੱਚ ਪਿੱਛੇ ਰਹਿ ਜਾਣ ਦੀਆਂ ਤਕਲੀਫ਼ਾਂ ਦੇ ਬਾਵਜੂਦ ਕਹਾਣੀ ਦੀ ਨਾਇਕਾ ਨੂੰ ਇਹ ਕਹਿੰਦਿਆਂ ਵਿਖਾਇਆ ਹੈ ਕਿ ਉਸ ਨੂੰ ਜੌਬ ਸੈਟਿਸਫ਼ੈਕਸ਼ਨ ਹੈਯਾਨਿ ਮਾਰੂ ਸਥਿਤੀਆਂ ਵਿੱਚ ਵੀ ਕੋਈ ਆਸ਼ਾ ਦੀ ਕਿਰਨ ਲੱਭ ਲੈਣਾ, ਮੇਰੀਆਂ ਲਿਖਤਾਂ ਦਾ ਸੁਨੇਹਾ ਹੈ ਸਮਾਜ ਨੂੰ

? ਮਾਣ-ਸਨਮਾਨ ਮਿਲੇ ਤੁਹਾਨੂੰ?

ਇਸ ਸਵਾਲ ’ਤੇ ਮੇਰੇ ਦਿਲ ਦਾ ਰੁੱਗ ਭਰਿਆ ਜਾਂਦਾ ਹੈਮਾਣ-ਸਨਮਾਨ ਤਾਂ ਦੂਰ ਮੈਨੂੰ ਤਾਂ ਕਈ ਵੇਰ ਨਾਰੀ ਕਹਾਣੀਕਾਰਾਂ ਦੀ ਗਿਣਤੀ ਵਿੱਚ ਹੀ ਭੁੱਲ ਜਾਂਦੇ ਸਨ

ਭਾਵੇਂ ਮੇਰਾ ਨਵਾਂ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਚੌਦ੍ਹਾਂ ਸਾਲਾਂ ਦੇ ਵਕਫ਼ੇ ਬਾਅਦ ਛਪਿਆ ਹੈ ਪਰ ਇਸਦਾ ਇਹ ਵੀ ਮਤਲਬ ਨਹੀਂ ਕਿ ਮੈਂ ਚੌਦ੍ਹਾਂ ਸਾਲ ਬਿਲਕੁਲ ਸਾਹਿਤ ਤੋਂ ਦੂਰ ਹੀ ਰਹੀਟਾਵੀਂ-ਟਾਵੀਂ ਮੇਰੀ ਕੋਈ ਕਹਾਣੀ ਕਦੀ ਕਿਸੇ ਦੀ ਸੰਪਾਦਿਤ ਕਿਤਾਬ ਵਿੱਚ ਲੱਗੀ, ਕਦੀ ਕਿਸੇ ਹੋਰ ਸੰਸਥਾ ਵੱਲੋਂ ਛਾਪੀ ਗਈ ਕਿਤਾਬ ਵਿੱਚਚੌਦਾਂ ਵਰ੍ਹੇ ਪਹਿਲਾਂ ਦੋ ਕਹਾਣੀ-ਸੰਗ੍ਰਹਿ ਤੇ ਇੱਕ ਨਾਵਲਿਟ ਤੇ ਇੱਕ ਕਾਵਿ-ਸੰਗ੍ਰਹਿ ਤੇ ਦੋ ਬੱਚਿਆਂ ਲਈ ਅਨੁਵਾਦਿਤ ਕਹਾਣੀਆਂ ਦੀਆਂ ਕਿਤਾਬਾਂ ਛਪ ਚੁੱਕੀਆਂ ਹਨਪਰ ਮੈਨੂੰ ਲੱਗਦਾ ਹੈ ਕਿ ਕਿਉਂਕਿ ਪੰਜਾਬ ਤੋਂ ਦੂਰ ਮਹਾਰਾਸ਼ਟਰ ਵਿੱਚ ਬੈਠੀ ਹਾਂ, ਸਾਰੀਆਂ ਸਾਹਿਤ-ਸਭਾਵਾਂ ਤੋਂ ਦੂਰ ਹਾਂਜਦੋਂ ਪੰਜਾਬ ਸਾਂ ਉਦੋਂ ਇੰਨੀ ਸੋਝੀ ਹੀ ਨਹੀਂ ਸੀ ਕਿ ਸਾਹਿਤਕ ਫੰਕਸ਼ਨਾਂ ਵਿੱਚ, ਸਾਹਿਤ ਸਭਾਵਾਂ ਵਿੱਚ ਜਾਂਦੇ ਰਹਿਣਾ ਚਾਹੀਦਾ ਹੈਲੇਖਕਾਂ ਨੂੰ, ਚਿੰਤਕਾਂ ਨੂੰ ਮਿਲਣਾ ਚਾਹੀਦਾ ਹੈਉਦੋਂ ਮੈਂ ਆਪਣੀ ਨੌਕਰੀ ਤੇ ਘਰੇਲੂ ਉਲਝਣਾਂ ਵਿੱਚ ਹੀ ਉਲਝੀ ਰਹੀਹੁਣ ਵੈਸੇ ਹੀ ਦੂਰ ਹਾਂ ਤਾਂ ਵੀ ਉਹੀ ਗੱਲ ਹੈ ਕਿ ‘ਅੱਖਾਂ ਤੋਂ ਦੂਰ ਤਾਂ ਦਿਲ ਤੋਂ ਦੂਰ

ਉਹ ਤਾਂ ਭਲਾ ਹੋਵੇ ਸੋਸ਼ਲ ਮੀਡੀਆ ਦਾ, ਜਿਸ ’ਤੇ ਮੈਂ ਪੰਜਾਬੀ ਲੇਖਕਾਂ, ਚਿੰਤਕਾਂ, ਪਾਠਕਾਂ ਨਾਲ ਜੁੜਿਆ ਮਹਿਸੂਸ ਕਰਦੀ ਹਾਂ

ਮੈਨੂੰ ਐਕਟਰ ਵਜੋਂ ਤਾਂ ਮੁੰਬਈ, ਸੂਰਤ, ਅਮਰੀਕਾ, ਦੁਬਈ ਵਿੱਚ ਸਨਮਾਨ ਦਿੱਤੇ ਗਏ ਪਰ ਲੇਖਿਕਾ ਵਜੋਂ ਤਾਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਸਨਮਾਨ ਹਨ, ਜਿਵੇਂ 1994 ਵਿੱਚ ਕੈਨੇਡਾ ਗਈ ਸਾਂ ਤਾਂ ‘ਇੰਡੋ ਕਨੇਡੀਅਨ ਟਾਈਮਜ਼ ਟਰੱਸਟ’ ਨੇ ਸਨਮਾਨਿਤ ਕੀਤਾ ਸੀ2009 ਵਿੱਚ ‘ਨਵਾਂ ਜ਼ਮਾਨਾ’ ਪੁਸਤਕ ਸੱਭਿਆਚਾਰ ਵੱਲੋਂ ਕਰਵਾਏ ਬਿਹਤਰੀਨ ਕਹਾਣੀ ਮੁਕਾਬਲੇ ਵਿੱਚ ਮੇਰੀ ਕਹਾਣੀ ਵੀ ਚੁਣੀ ਗਈ ਸੀ2017 ਵਿੱਚ ਯੂ. ਕੇ. ਵਿਖੇ, ‘ਰਾਈਟਰਜ਼ ਐਸੋਸੀਏਸ਼ਨ’ ਵੱਲੋਂ ਸੰਵਾਦ ਰਚਾਉਣਾ, ਸਾਥੀ ਲੁਧਿਆਣਵੀ ਹੋਰਾਂ ਵੱਲੋਂ ‘ਸਨਰਾਈਜ਼ ਟੀ. ਵੀ.’ ਤੇ ਹੋਰ ਰੇਡੀਓ ਚੈਨਲਾਂ ’ਤੇ ਬੁਲਾਏ ਜਾਣਾ, 2019 ਵਿੱਚ ਹੀ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਬੁਲਾਏ ਜਾਣਾ ਤੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਵੱਲੋਂ ਰੂ-ਬ-ਰੂ ਕਰਵਾਉਣਾ ਤੇ 2019 ਵਿੱਚ ‘ਪੰਜਾਬੀ ਅਕਾਦਮੀ ਦਿੱਲੀ’ ਵੱਲੋਂ ‘ਪੰਜਾਬੀ ਹੈਰੀਟੇਜ ਫੈਸਟੀਵਲ’ ਵਿੱਚ ਬੁਲਾਉਣਾ ਤੇ ਮੰਚ ’ਤੇ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ ਵੀ ਮੇਰੇ ਲਈ ਸਨਮਾਨ ਵਾਲੀ ਗੱਲ ਹੀ ਹੈ2021 ਵਿੱਚ ‘ਮਹਿਲਾ ਕਾਵਯ ਮੰਚ ਚੰਡੀਗੜ੍ਹ’ ਵੱਲੋਂ ਵੀ ਸਨਮਾਨਿਤ ਕੀਤਾ ਗਿਆ

? ਆਖ਼ਿਰ ਵਿੱਚ ਤੁਸੀਂ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?

ਮੈਂ ਪਾਠਕਾਂ ਦਾ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਾਂਗੀ ਕਿ ਉਨ੍ਹਾਂ ਨੇ ਮੇਰੇ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਨੂੰ ਇੰਨਾ ਪਿਆਰ ਦਿੱਤਾ ਹੈਪਰ ਮੈਂ ਇਹ ਕਹਿਣਾ ਚਾਹਾਂਗੀ ਕਿ ਕਿਤਾਬਾਂ ਖ਼ਰੀਦ ਕੇ ਪੜ੍ਹਨ ਦੀ ਆਦਤ ਪਾਓਅਸੀਂ ਪੀਜ਼ਾ, ਬਰਗਰ ਖਾਣ ਲਈ ਤਾਂ ਦੋ ਚਾਰ ਸੌ ਝੱਟ ਖ਼ਰਚ ਕਰ ਲੈਂਦੇ ਹਾਂ ਪਰ ਕਿਤਾਬ ਚਾਹੁੰਦੇ ਹਾਂ ਕਿ ਕਿਤਿਓਂ ਮੁਫ਼ਤ ਹੀ ਮਿਲ ਜਾਵੇਮੇਰੇ ਮੋਬਾਇਲ ਦੇ ਮੈਸੇਂਜਰ ਐਪ ’ਤੇ ਲਗਭਗ ਰੋਜ਼ ਹੀ ਇੱਕ-ਦੋ ਮੈਸੇਜ ਆਏ ਹੁੰਦੇ ਹਨ ਕਿ “ਕਿਤਾਬ ਪੜ੍ਹਨਾ ਚਾਹੁੰਦੇ ਹਾਂ, ਕਿਰਪਾ ਕਰ ਕੇ ਭੇਜ ਦਿਓਦੋਸਤੋ, ਜੋ ਕਿਤਾਬ ਤੁਸੀਂ ਪੜ੍ਹਨਾ ਚਾਹੁੰਦੇ ਹੋ, ਉਹ ਖ਼ਰੀਦੋ ਮੁਫ਼ਤ ਝਾਕ ਨਾ ਰੱਖੋਇਸ ਨਾਲ ਤੁਹਾਨੂੰ ਵੀ ਚੰਗਾ ਲੱਗੇਗਾ ਤੇ ਲੇਖਕ ਨੂੰ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3591)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਵੀਰ ਕੌਰ ਰੀਹਲ

ਬਲਵੀਰ ਕੌਰ ਰੀਹਲ

Assistant Professor Punjabi Dept.,
Sri Guru Gobind Singh Khalsa College,
Mahilpur. Hoshiarpur, Punjab, India.
Tel: (91 - 94643 - 30803)
Email: (balvirkaurrehal@gmail.com)