“ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ? ...”
(24 ਅਪਰੈਲ 2022)
ਫੇਸਬੁੱਕ ਦੇ ਵੀ ਹਜ਼ਾਰਾਂ ਚਿਹਰੇ ਹਨ, ਇੱਕ ਇੱਕ ਚਿਹਰੇ ਪਿੱਛੇ ਪਤਾ ਨਹੀਂ ਕਿੰਨੇ ਚਿਹਰੇ ਛੁਪੇ ਹੋਏ ਹਨ। ਮੈਂ ਫੇਸਬੁੱਕ ਅਕਾਊਂਟ ਖੋਲ੍ਹ ਕੇ ਕਦੇ ਅਮਰੀਕਾ ਪਹੁੰਚ ਜਾਂਦੀ ਹਾਂ, ਕਦੇ ਕਨੇਡਾ। ਕਦੇ ਆਸਟਰੇਲੀਆ, ਕਦੇ ਜਪਾਨ ਤੇ ਕਦੇ ਹਮਸਾਇਆ ਦੇ ਦੇਸ਼ ਪਾਕਿਸਤਾਨ। ਮੁੱਦਤਾਂ ਦੇ ਵਿੱਛੜੇ ਸਾਥੀ ਫੇਸਬੁੱਕ ’ਤੇ ਪ੍ਰਗਟ ਹੋ ਗਏ ਹਨ। ਕੁਝ ਨਵੀਆਂ ਦੋਸਤੀਆਂ ਬਣ ਗਈਆਂ ਹਨ ਤੇ ਕੁਝ ਪੁਰਾਣੀਆਂ ਬੇਹੀਆਂ ਜਿਹੀਆਂ ਲੱਗਣ ਲੱਗ ਪਈਆਂ ਹਨ।
ਜਦੋਂ ਕਦੇ ਕੋਈ ਪਾਕਿਸਤਾਨੀ ਸਾਥੀ ਫੇਸਬੁੱਕ ’ਤੇ ਮਿਲਦਾ ਹੈ ਤਾਂ ਰੂਹ ਨੂੰ ਸਕੂਨ ਜਿਹਾ ਆ ਜਾਂਦਾ ਹੈ। ਫਿਰ ਮਨ ਵਿੱਚ ਹਉਕਾ ਜਿਹਾ ਉੱਠਦਾ ਹੈ, ਮੇਰੇ ਬਜ਼ੁਰਗਾਂ ਦੇ ਹਮਸਾਏ ਮਿੱਤਰ ਦੋਸਤ ਵੰਡ ਦੀ ਹਨੇਰੇ ਸਮੇਂ ਪਤਾ ਨਹੀਂ ਕਿੱਧਰ ਤੁਰ ਗਏ। ਕਈ ਵਾਰ ਖਿਆਲਾਂ ਵਿੱਚ ਮੈਂ ਆਪਣੇ ਪੁਰਖਿਆਂ ਦੀ ਜੰਮਣ ਭੋਏਂ ਲਾਹੌਰ, ਸੁਪਨਿਆਂ ਵਿੱਚ ਹੀ ਬਾਬੇ ਨਾਨਕ ਨੂੰ ਨਮਸਤਕ ਹੋ ਸਿਜਦਾ ਕਰ ਆਈ ਹਾਂ। ਇਹ ਧਰਤੀ ਤਾਂ ਸਭ ਦੀ ਸਾਂਝੀ ਹੈ। ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਇਹ ਧਰਤੀ ਲੀਕ ਤੋਂ ਬਿਨਾਂ ਸੀ। - ਮੈਂ ਆਪਣੇ ਆਪ ਨੂੰ ਖਿਆਲਾਂ ਤੋਂ ਬਾਹਰ ਕੱਢਦੀ ਹਾਂ।
ਜਦੋਂ ਮੇਰਾ ਮਨ ਕਰਦਾ ਹੈ, ਮੈਂ ਆਪਣੀ ਡੀਪੀ ਬਦਲ ਦਿੰਦੀ ਹਾਂ। ਇਹ ਮੇਰੇ ਮਨ ਦੀ ਮੌਜ ਹੈ, ਮੇਰੀ ਆਪਣੀ ਆਜ਼ਾਦੀ ਹੈ। ਕਦੇ ਮੇਰਾ ਮਨ ਉਦਾਸੀ ਵਿੱਚ ਹੋਵੇ ਤਾਂ ਮੈਂ ਫੇਸਬੁੱਕ ਅਕਾਊਂਟ ਖੋਲ੍ਹਦੀ ਨਹੀਂ। ਮਸੈਂਜਰ ’ਤੇ ਆਏ ਸੁਨੇਹੇ ਤਾਂ ਕਦੇ ਵੇਖੇ ਹੀ ਨਹੀਂ ਹਨ।
ਇੱਕ ਦਿਨ ਬੈਠਿਆਂ ਬੈਠਿਆਂ ਮੇਰਾ ਧਿਆਨ ਮਸੈਂਜਰ ’ਤੇ ਆਏ ਬਹੁਤ ਸਾਰੇ ਸੁਨੇਹਿਆਂ ਵੱਲ ਗਿਆ। ਕਿਸੇ ਅਣਜਾਣ ਦੇ ਸੁਨੇਹੇ ਤਾਂ ਮੈਂ ਪੜ੍ਹਦੀ ਹੀ ਨਹੀਂ, ਨਾ ਹੀ ਕਿਸੇ ਦੀ ਦੋਸਤੀ ਲਈ ਭੇਜੀ ਬੇਨਤੀ ਵੱਲ ਹੀ ਗੌਰ ਕਰਦੀ ਹਾਂ ਪਰ ਇਹ ਤਾਂ ਕਿੰਨੇ ਸਾਰੇ ਸੁਨੇਹੇ ਹਨ। ਮੈਂ ਇੱਕ ਤੋਂ ਬਾਅਦ ਇੱਕ ਸੁਨੇਹਾ ਪੜ੍ਹਦੀ ਜਾਂ ਰਹੀ ਹਾਂ। ਇਹ ਸਾਰੇ ਸੁਨੇਹੇ ਮੁਹੰਮਦ ਸਦੀਕ ਖਾਨ ਅਲਵੀ ਨੇ ਭੇਜੇ ਹਨ। ਅਸਲ ਵਿੱਚ ਇਹ ਸੁਨੇਹੇ ਮੈਨੂੰ ਲੱਗਦਾ ਨਵਾਂਸ਼ਹਿਰ ਨੂੰ ਆਏ ਸਨ। ਅਲਵੀ ਦਾ ਰਿਸ਼ਤਾ ਨਵਾਂ ਸ਼ਹਿਰ ਨਾਲ ਸਦੀਆਂ ਪੁਰਾਣਾ ਸੀ। ਅਲਵੀ ਦੇ ਦਾਦਿਆਂ ਪੜਦਾਦਿਆਂ ਤੇ ਮਾਪਿਆਂ ਦਾ ਪਿੰਡ ਮੇਰੇ ਘਰ ਤੋਂ ਸਿਰਫ ਵੀਹ ਕਿਲੋਮੀਟਰ ਦੀ ਦੂਰੀ ’ਤੇ ਸੀ। ਭਾਵੇਂ ਉਹ ਜੰਮਿਆਂ ਹਿੰਦ-ਪਾਕਿ ਵੰਡ ਤੋਂ ਤਿੰਨ ਸਾਲ ਬਾਅਦ ਸੀ ਪਰ ਉਹਦੇ ਮਾਪਿਆਂ ਨੇ ਉਸ ਨਾਲ ਇੰਨੀਆਂ ਗੱਲਾਂ ਕੀਤੀਆਂ ਸਨ ਕਿ ਉਸ ਦੀ ਰੂਹ ਸਦਾ ਆਪਣੇ ਦਾਦਿਆਂ ਨਾਨਕਿਆਂ ਦੇ ਪਿੰਡ ਵਿੱਚ ਹੀ ਭਟਕਦੀ ਰਹਿੰਦੀ। ਅਲਵੀ ਨੂੰ ਮੇਰੇ ਬਾਰੇ ਫੇਸਬੁੱਕ ਤੋਂ ਪੜ੍ਹ ਕੇ ਲੱਗਾ ਜਿਵੇਂ ਉਸ ਦੀ ਫੌਤ ਹੋ ਚੁੱਕੀ ਦਾਦੀ ਨਾਲ ਮੇਰੀ ਕੋਈ ਸਾਂਝ ਹੋਵੇ।
ਉਹਨਾਂ ਸੁਨੇਹਿਆਂ ਵਿੱਚ ਲਿਖਿਆ ਸੀ, ਮੇਰੇ ਦਾਦਿਆ ਪੜਦਾਦਿਆਂ ਦਾ ਪਿੰਡ ਤੇਰੇ ਪਿੰਡ ਦੇ ਨੇੜੇ ਹੀ ਨਿਆਣਾ ਬੇਟ ਹੈ। ਮੈਂ ਲਾਹੌਰ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਹਾਂ। ਅਲਵੀ ਨੇ ਆਪਣੇ ਸਾਰੇ ਪਰਿਵਾਰ ਦੀ ਵਿੱਦਿਅਕ ਯੋਗਤਾ, ਆਪਣਾ ਅਤਾ-ਪਤਾ ਵੀ ਲਿਖ ਭੇਜਿਆ ਸੀ।
ਉਹ ਹੋ! ਮੈਂ ਮਨ ਹੀ ਮਨ ਸੋਚਿਆ, ਕਿੰਨੇ ਸੁਨੇਹੇ ਆਏ ਹੋਏ ਹਨ। ਦੂਜੇ ਪਾਸੇ ਮਨ ਵਿੱਚ ਡਰ ਵੀ ਪੈਦਾ ਹੋ ਰਿਹਾ ਸੀ ਕਿਤੇ ਕੋਈ ਗਲਤ ਬੰਦਾ ਹੀ ਨਾ ਹੋਵੇ। ਪਰ ਮੈਨੂੰ ਪਤਾ ਨਹੀਂ ਕਿਉਂ ਇਹਨਾਂ ਅੱਖਰਾਂ ਨੇ ਪਿਘਲਾ ਦਿੱਤਾ ਸੀ। “ਮੇਰੇ ਦਾਦਾ ਦਾਦੀ ਇੱਥੇ ਹੀ ਕਬਰਾਂ ਵਿੱਚ ਦਫ਼ਨ ਹਨ।”
ਮੈਂ ਵਿਚਾਰ ਕਰਕੇ ਫੋਨ ਕੀਤਾ। ਅਲਵੀ ਨੂੰ ਮੇਰੀ ਆਵਾਜ਼ ਸੁਣ ਕੇ ਖੁਸ਼ੀ ਚੜ੍ਹ ਗਈ। ਮੇਰੀ ਬੋਲੀ, ਉਹ ਬੋਲੀ ਸੀ ਜੋ ਉਹ ਜੰਮਦੇ ਸਮੇਂ ਤੋਂ ਹੀ ਸੁਣਦਾ ਆ ਰਿਹਾ ਸੀ। ਉਹਦੇ ਮਾਪਿਆਂ ਦੇ ਪਿੰਡੋਂ ਤੇ ਇਲਾਕੇ ਵਿੱਚੋਂ ਕੋਈ ਗੱਲ ਕਰ ਰਿਹਾ ਸੀ। ਮੇਰੀ ਅਵਾਜ਼ ਉਹਨੂੰ ਆਪਣੇ ਮਾਮਿਆ, ਚਾਚਿਆਂ, ਤਾਇਆਂ ਨਾਲ ਰਲਦੀ ਮਿਲਦੀ ਲੱਗ ਰਹੀ ਸੀ ਕਿਉਂਕਿ 75 ਸਾਲਾਂ ਵਿੱਚ ਬੋਲੀ ਵਿੱਚ ਬਹੁਤ ਫ਼ਰਕ ਪੈ ਗਿਆ ਹੈ। “ਮੇਰੇ ਅੱਬਾ ਦਾ ਪਿੰਡ ਨਿਆਣਾ ਬੇਟ ਹੈ, ਤੂੰ ਜਾਣਦੀ ਹੈ?”
ਮੈਨੂੰ ਸਿਆਣੇ ਪਿੰਡ ਬਾਰੇ ਤਾਂ ਪਤਾ ਸੀ ਇਹ ਅੱਜ ਕੱਲ੍ਹ ਬਲਾਚੌਰ ਵਿੱਚ ਹੀ ਰਲ ਗਿਆ ਹੈ ਪਰ ਨਿਆਣੇ ਬਾਰੇ ਨਹੀਂ ਪਤਾ ਸੀ।
“ਨਹੀਂ ਜੀ, ਮੈਨੂੰ ਨਹੀਂ ਪਤਾ।”
“ਇਹ ਬਲਾਚੌਰ ਲਾਗੇ ਹੈ।”
“ਹਾਂ ਜੀ, ਬਲਾਚੌਰ ਤਾਂ ਮੇਰੇ ਘਰੋਂ ਬਹੁਤ ਨੇੜੇ ਹੈ।”
“ਬਸ ਉਹਦੇ ਨੇੜੇ ਹੀ ਹੈ, ਨਿਆਣਾ, ਨਾਨੋਵਾਲ, ਸੁੱਜੋਵਾਲ, ਜਾਡਲਾ, ਜਾਡਲੇ ਮੇਰਾ ਮਾਮਾ ਪੜ੍ਹਦਾ ਸੀ ਤੇ ਅੱਬਾ ਬਲਾਚੌਰ ਪੜ੍ਹੇ ਸਨ। ਉਹ ਸਾਰੇ ਤੇਰੀ ਬੋਲੀ ਬੋਲਦੇ ਹਨ।”
ਮੁਹੰਮਦ ਸਦੀਕ ਖਾਨ ਅਲਵੀ ਦੀ ਖੁਸ਼ੀ ਦੂਣੀ ਹੁੰਦੀ ਜਾ ਰਹੀ ਸੀ, “ਤੂੰ ਇੱਕ ਕੰਮ ਕਰੀਂ ... ਮੇਰੇ ਪਿੰਡ ਜਾ ਕੇ ਆਈਂ। ਉੱਥੇ ਮੇਰੇ ਦਾਦਾ ਦਾਦੀ ਦਫ਼ਨ ਹਨ।”
ਦਾਦਾ ਦਾਦੀ ਰਹਿ ਗਏ ਇੱਥੇ ਹੀ ਤੇ ਬਾਕੀ ਪਰਿਵਾਰ ਚਲਿਆ ਗਿਆ ਉੱਜੜ ਕੇ।
“ਉਹ ਦਿਨ ਮੇਰੇ ਲਈ ਈਦ ਵਾਂਗ ਹੋਵੇਗਾ ਜਿਸ ਦਿਨ ਤੂੰ ਮੇਰੇ ਪਿੰਡ ਜਾਵੇਂਗੀ। ਉੱਥੇ ਦਾ ਇੱਕ ਬਜ਼ੁਰਗ ਹੈ ਕਰਤਾਰਾ ਰਾਮ, ... ਅਜੇ ਉਹ ਜਿਊਂਦਾ ਹੈ। ਤੂੰ ਉਹਨੂੰ ਮਿਲ ਕੇ ਆਵੀਂ, ਉਹ ਤੈਨੂੰ ਸਾਰੀ ਗੱਲ ਜ਼ਰੂਰ ਦੱਸ ਦੇਊ।”
ਅਲਵੀ ਫਿਰ ਕਹਿ ਰਿਹਾ ਸੀ, “ਉੱਥੇ ਮੇਰੇ ਦਾਦਾ ਦਾਦੀ ਦਫ਼ਨ ਹਨ, ਮੇਰਾ ਅੱਧਾ ਪਰਿਵਾਰ ਪਿੱਛੇ ਰਹਿ ਗਿਆ,। ਮੈਂ ਉੱਥੇ ਜੰਮਿਆ ਨਹੀਂ ਪਰ ਉਹ ਮਿੱਟੀ ਮੈਨੂੰ ਅੰਦਰੋਂ ਪੁਕਾਰ ਰਹੀ ਹੈ, ਵੀਜ਼ਾ ਮਿਲਦਾ ਨਹੀਂ।”
ਫੋਨ ਬੰਦ ਹੋ ਚੁੱਕਾ ਸੀ, ਮੇਰਾ ਦਿਮਾਗ ਨਿਆਣਾ ਬੇਟ ਦੀ ਭਾਲ ਕਰਨ ਲੱਗ ਪਿਆ। ਸਭ ਤੋਂ ਵੱਧ ਜਿਸ ਗੱਲ ਨੇ ਪ੍ਰਭਾਵਿਤ ਕੀਤਾ, ਉਹ ਸੀ, ਦਾਦਾ-ਦਾਦੀ ਦੀਆਂ ਕਬਰਾਂ ਦਾ ਪਿੱਛੇ ਰਹਿ ਜਾਣਾ। ਅਲਵੀ ਦੇ ਬਜ਼ੁਰਗਾਂ ਦਾ ਘਰ, ਹਵੇਲੀ, ਉਸ ਦਾ ਅੱਬਾ ਚੌਧਰੀ ਜਿਹੜਾ ਛੇ ਫੁੱਟ ਤੋਂ ਵੀ ਉੱਚਾ ਫੌਜਦਾਰ ਸੀ, ਉਹਨੂੰ ਦਿਮਾਗ ਵਾਰ-ਵਾਰ ਚਿਤਵ ਰਿਹਾ ਸੀ। ਬੇਟ ਦੇ ਲਾਗੇ ਦਰਿਆ ਦੇ ਕੋਲ ਇਹ ਪਿੰਡ ਕਿੱਥੇ ਕੁ ਹੋਵੇਗਾ। ਮੈਂ ਗੂਗਲ ਮੈਪ ’ਤੇ ਸਰਚ ਕਰਦੀ, ਸਰਚ ਮੇਰੀ ਬਲਾਚੌਰ ਜਾ ਕੇ ਰੁਕ ਜਾਂਦੀ। ਮੈਂ ਲਾਗੇ-ਛਾਗੇ ਦੇ ਵਿਦਿਆਰਥੀਆਂ ਨੂੰ ਫੋਨ ਕਰ ਰਹੀ ਸੀ। ਮੇਰੀ ਵਿਦਿਆਰਥਣ ਕੰਗਣਾ ਬੇਟ ਪਿੰਡ ਦੀ ਹੈ, ਉਸ ਨੇ ਆਪਣੀ ਮੰਮੀ ਨਾਲ ਫੋਨ ’ਤੇ ਮੇਰੀ ਗੱਲ ਕਰਵਾਈ। ਪਿੰਡ ਮਿਲ ਗਿਆ ਸੀ, ਭਵਨੀਤ ਦੀ ਮੰਮੀ ਕਹਿਣ ਲੱਗੀ, “ਅਸੀਂ ਤਾਂ ਖੁਦ ਅਜਿਹੀਆਂ ਗੱਲਾਂ ਸੁਣਦੇ ਰਹਿੰਦੇ ਸੀ ਆਪਣੇ ਡੈਡੀ ਤੋਂ। ਮੇਰਾ ਡੈਡੀ ਵੀ ਚੱਕ ਚਾਲੀ ਤੋਂ ਆਇਆ ਸੀ।
ਮੈਂ ਭਵਨੀਤ ਨੂੰ ਤਾਕੀਦ ਕੀਤੀ, “ਭਵਨੀਤ, ਪਿੰਡ ਦੇ ਪੁਰਾਣੇ ਘਰਾਂ, ਮਸਜਿਦ, ਕਬਰਾਂ, ਪਿੰਡ ਦੇ ਮੁੱਖ ਸਥਾਨਾਂ ਦੀਆਂ ਤਸਵੀਰਾਂ ਭੇਜ।”
ਭਵਨੀਤ ਖੁਦ ਇੱਕ ਬਨਵਾਸ ਜਿਹੜਾ ਕਨੇਡਾ ਦੀ ਮਿੱਟੀ ’ਤੇ ਪੰਜਾਬੀਆਂ ਨੂੰ ਮਿਲ ਰਿਹਾ ਹੈ ਉਸ ਦੀ ਤਿਆਰੀ ਕਰ ਰਹੀ ਸੀ ਪਰ ਉਹਦੀ ਮਾਂ ਨੇ ਮੇਰੇ ਨਾਲ ਵੰਡ ਦੀਆਂ ਕਈ ਗੱਲਾਂ ਕੀਤੀਆਂ ਤੇ ਇਹ ਵੀ ਦੱਸਿਆ ਕਿ ਉਹਨਾਂ ਦੇ ਪਿੰਡ ਵੀ ਕੁਝ ਮਹੀਨੇ ਪਹਿਲਾਂ ਪਾਕਿਸਤਾਨੋਂ ਆਏ ਬੰਦੇ ਆਪਣੇ ਪੁਰਖਿਆਂ ਦੇ ਘਰਾਂ ਦੇ ਨਕਸ਼ ਲੱਭਦੇ ਗਏ ਹਨ। ਮੈਨੂੰ ਅਜੇ ਤਕ ਕੋਈ ਤਸਵੀਰ ਨਾ ਮਿਲੀ। ਮੁਹੰਮਦ ਸਦੀਕ ਖਾਨ ਅਲਵੀ ਨੂੰ ਜਿੰਨੀ ਸਿੱਕ ਆਪਣਾ ਪਿੰਡ ਦੇਖਣ ਦੀ ਹੈ ਉੰਨੀ ਹੀ ਸਿੱਕ ਮੇਰੇ ਅੰਦਰ ਵੀ ਜਾਗ ਪਈ। ਮੇਰੇ ਖਿਆਲਾਂ ਵਿੱਚ ਉੱਠਦਿਆਂ ਬੈਠਦਿਆਂ ਮੁਹੰਮਦ ਸਦੀਕ ਖਾਨ ਅਲਵੀ ਦੇ ਵਿੱਛੜੇ ਪਰਿਵਾਰ ਦੀਆਂ ਤਸਵੀਰਾਂ ਘੁੰਮ ਰਹੀਆਂ ਸਨ, ਜੋ ਮੈਂ ਕਦੇ ਵੇਖੀਆਂ ਨਹੀਂ ਸਨ। ਵੰਡ ਦਾ ਸੰਤਾਪ ਪੀੜਤ ਕਰ ਰਿਹਾ ਸੀ।
ਅਲਵੀ ਦੇ ਅੰਦਰ ਜਿੰਨੀ ਕਾਹਲ ਆਪਣੇ ਦਾਦਾ ਦਾਦੀ ਦੀਆਂ ਕਬਰਾਂ ਨੂੰ ਸਿਜਦਾ ਕਰਨ ਦੀ ਹੈ, ਅਜਿਹੀ ਬੇਚੈਨੀ ਨਾਲ ਮੈਂ ਕਈ ਦਿਨ ਪੀੜਤ ਰਹੀ। ਮੈਨੂੰ ਦਿਨ ਰਾਤ ਚੈਨ ਨਹੀਂ ਆ ਰਿਹਾ ਸੀ। ਅਖੀਰ ਕੁਝ ਹੀ ਦਿਨਾਂ ਵਿੱਚ ਮੇਰੀ ਵਿਦਿਆਰਥਣ ਦੇ ਭਰਾ ਦਾ ਨਿਕਾਹ ਵੀ ਉਸ ਹੀ ਪਾਸੇ ਸੀ। ਉਹਨੇ ਮੈਨੂੰ ਵਿਆਹ ’ਤੇ ਸੱਦਿਆ ਹੋਇਆ ਸੀ। ਅਸਲ ਵਿੱਚ ਮੈਂ ਕਦੇ ਨਿਕਾਹ ਹੁੰਦਾ ਨਹੀਂ ਵੇਖਿਆ ਸੀ। ਉੱਥੇ ਮੈਨੂੰ ਰੁਬੀਨਾ ਦੀ ਰਿਸ਼ਤੇਦਾਰ ਮਿਲੀ ਜਿਸਦੀ ਵੰਡ ਵੇਲੇ ਭੈਣ ਪਾਕਿਸਤਾਨ ਚਲੀ ਗਈ, ਮੁੜ ਕਦੇ ਨਹੀਂ ਮਿਲੀ। ਜੈਜੋਂ ਪਿੰਡ ਤੋਂ ਦੋਵੇਂ ਭੈਣਾਂ ਵਿੱਛੜ ਗਈਆਂ। ਮਾਤਾ ਕਹਾਣੀ ਸੁਣਾਉਂਦੀ ਸੁਣਾਉਂਦੀ ਰੋਣ ਲੱਗ ਪਈ। ਅਸੀਂ ਵਿਦਾਈ ਲੈ ਲਈ।
ਅਖੀਰ ਕਰਦਿਆਂ ਕਰਾਉਂਦਿਆਂ ਗੱਡੀ ਜਾਡਲੇ ਪਹੁੰਚ ਗਈ, ਜਿੱਥੇ ਦੇ ਸਰਕਾਰੀ ਸਕੂਲ ਵਿੱਚ ਅਲਵੀ ਦਾ ਮਾਮਾ ਪੜ੍ਹਦਾ ਸੀ ਤੇ ਲਾਹੌਰ ਯੂਨੀਵਰਸਿਟੀ ਵਿੱਚ ਜਾ ਕੇ ਇੰਗਲਿਸ਼ ਵਿਭਾਗ ਦਾ ਮੁਖੀ ਬਣਿਆ।
ਜਾਡਲੇ ਤੋਂ ਬਾਅਦ ਬਲਾਚੌਰ ਲੰਘ ਗਏ। ਰਾਜਨ ਢਾਬੇ ਕੋਲ ਜਾ ਕੇ ਅਸੀਂ ਰਾਹ ਜਾਂਦੇ ਮੁੰਡਿਆਂ ਨੂੰ ਨਿਆਣਾ ਬੇਟ ਦਾ ਰਾਹ ਪੁੱਛਿਆ। ਉਹਨਾਂ ਦੱਸਿਆ, “ਨਾਨੋਵਾਲ ਬੇਟ ਲੰਘ ਕੇ ਪਿੰਡ ਆ ਜਾਵੇਗਾ, ਅਸੀਂ ਵੀ ਉੱਧਰ ਹੀ ਜਾਣਾ ਹੈ।”
ਰਸਤੇ ਜਾਂਦਿਆਂ ਮੇਰਾ ਮਨ ਬਹੁਤ ਉਦਾਸ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਜਾਨ ਲਕੋਂਦੇ ਹੋਏ ਸ਼ਰਨਾਰਥੀ ਸਿਰਾਂ ਉੱਤੇ ਪੰਡਾਂ ਚੁੱਕੀ ਤੁਰੇ ਜਾਂਦੇ ਮੇਰੇ ਦਿਮਾਗ ਵਿੱਚ ਘੁੰਮਣ ਲੱਗ ਪਏ। ਇਹਨਾਂ ਰਸਤਿਆਂ ਤੋਂ ਕਿਵੇਂ ਗਏ ਹੋਣਗੇ ਜਾਨ ਬਚਾ ਕੇ? ਪਤਾ ਹੀ ਨਾ ਲੱਗਾ ਕਦੋਂ ਇੱਕ ਹੰਝੂ ਆ ਕੇ ਮੇਰੀ ਗੱਲ ’ਤੇ ਅਟਕ ਗਿਆ। ਮਨ ਵਿੱਚ ਉਦਾਸੀ ਵਧਦੀ ਜਾ ਰਹੀ ਸੀ। ਖੁੱਲ੍ਹੇ ਅਸਮਾਨ ਵਿੱਚ ਪਿੰਡ ਦਾ ਗੇਟ ਬਣਿਆ ਦਿਖਾਈ ਦਿੱਤਾ। ਅਸੀਂ ਪਿੰਡ ਪਹੁੰਚ ਗਏ। ਮੈਂ ਫੋਨ ਨੂੰ ਲਾਈਵ ਕਰ ਲਿਆ, ਫੇਸਬੁੱਕ ’ਤੇ ਅਲਵੀ ਆਪਣੇ ਪਿੰਡ ਦੀ ਫਿਜ਼ਾ ਵੇਖ ਸਕੇ।
ਮੈਂ ਗੇਟ ਦੀਆਂ ਕੁਝ ਫੋਟੋਆ ਖਿੱਚੀਆਂ। ਗੇਟ ਦੇ ਲਾਗੇ ਨਵੀਂ ਕੋਠੀ ਬਣ ਰਹੀ ਸੀ। ਮਿਸਤਰੀਆਂ ਨੂੰ ਪੁੱਛਿਆ, “ਤੁਹਾਨੂੰ ਕਿਸੇ ਅਜਿਹੇ ਬੰਦੇ ਦਾ ਪਤਾ ਜੋ 47 ਦੀ ਵੰਡ ਦੇ ਉਜਾੜੇ ਬਾਰੇ ਦੱਸ ਸਕੇ?”
“ਅਸੀਂ ਤਾਂ ਨਾਲ ਦੇ ਪਿੰਡੋਂ ਆਏ ਹਾਂ, ਹੁਣ ਤਾਂ ਕੋਈ ਉਸ ਵੇਲੇ ਦਾ ਹੋਣਾ ਨਹੀਂ।”
ਮਿਸਤਰੀ ਕੁਝ ਪਲ ਰੁਕ ਕੇ ਕਹਿਣ ਲੱਗਾ, “ਅਸੀਂ ਪੁਰਾਣੇ ਘਰ ਢਾਹ ਕੇ ਨਵੇਂ ਘਰ ਬਣਾਈਦੇ ਹਨ, ਨਿੱਕੀਆਂ ਇੱਟਾਂ ਦੇ ਹੁੰਦੇ ਹਨ। ਆਹ ਲਾਗੇ ਦੇ ਬਹੁਤੇ ਪਿੰਡ ਮੁਸਲਮਾਨਾਂ ਦੇ ਹੀ ਪਿੰਡ ਸਨ।”
ਜਦ ਨੂੰ ਸਾਇਕਲ ’ਤੇ ਚੜ੍ਹਿਆ ਇੱਕ ਬਜ਼ੁਰਗ ਕੋਲੋਂ ਲੰਘਿਆ। ਉਹਨੂੰ ਅਵਾਜ਼ ਮਾਰੀ, ਉਹ ਮੁੜ ਆਇਆ। ਸਾਈਕਲ ਤੋਂ ਉੱਤਰ ਕੇ ਉਹਨੇ ਆਖਿਆ, “ਮੇਰਾ ਜਨਮ ਤਾਂ ਵੰਡ ਤੋਂ ਬਾਅਦ ਦਾ ਹੈ, ਮੈਨੂੰ ਨਹੀਂ ਕੁਝ ਵੀ ਪਤਾ, ਹਾਂ ਤੁਸੀਂ ਕਰਤਾਰੇ ਦੇ ਘਰੇ ਚਲੇ ਜਾਵੋ, ਉਹ ਸਭ ਕੁਝ ਜਾਣਦਾ ਹੈ।” ਇਹ ਕਹਿ ਕੇ ਉਹ ਮੁੜ ਸਾਈਕਲ ਲੈ ਕੇ ਚਲਿਆ ਗਿਆ।
ਜਿਸ ਸਰਦਾਰ ਦੀ ਕੋਠੀ ਬਣ ਰਹੀ ਸੀ, ਉਹ ਮੋਟਰ ਸਾਈਕਲ ਲੈ ਕੇ ਆ ਗਿਆ ਤੇ ਸਾਨੂੰ ਕਰਤਾਰਾ ਰਾਮ ਦੇ ਘਰ ਲਿਜਾਣ ਲਈ ਤੁਰ ਪਿਆ। ਹਲਕਾ-ਹਲਕਾ ਮੀਂਹ ਪੈਣ ਲੱਗ ਪਿਆ। ਪਤਾ ਨਹੀਂ ਕੁਦਰਤ ਵੀ ਸਾਡੇ ਇਹਨਾਂ ਪਲਾਂ ਵਿੱਚ ਗਮਗੀਨ ਹੋ ਗਈ ਸੀ। ਕਰਤਾਰਾ ਘਰੇ ਹੀ ਸੀ। ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ। ਉਹਨੂੰ ਜਾ ਕੇ ਸਾਰੀ ਘਟਨਾ ਦੱਸੀ। ਉਹਨੇ ਕਮੀਜ਼ ਪਾਈ, ਸਿਰ ’ਤੇ ਪੱਗ ਰੱਖੀ। ਕਰਤਾਰੇ ਦੇ ਪਰਿਵਾਰ ਨੇ ਬਗੈਰ ਪੁੱਛਿਆਂ ਦੱਸਿਆਂ ਸਾਡੀ ਟਹਿਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
“ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ?”
“ਹਾਂ, ਮੈਂ ਜਾਣਦਾ ਹਾਂ। ਉਹ ਛੇ ਫੁੱਟ ਤੋਂ ਵੀ ਉੱਚਾ ਲੰਮਾ ਜਵਾਨ ਸੀ। ਆਹ ਘਰ ਵੀ ਮੇਰੇ ਬਜ਼ੁਰਗਾਂ ਨੇ ਚੌਧਰੀ ਤੋਂ ਹੀ ਲਿਆ ਹੋਇਆ, ਸਾਡਾ ਘਰ ਤਾਂ ਪਿਛਲੇ ਪਾਸੇ ਸੀ।” ਕਰਤਾਰਾ ਰਾਮ ਸਾਨੂੰ ਗਲੀ ਵਿੱਚ ਲੈ ਗਿਆ। ਗਲੀ ਲੰਘ ਕੇ ਕਰਤਾਰੇ ਦਾ ਅਸਲੀ ਘਰ ਸੀ, ਆਹ ਚੌਧਰੀਆਂ ਦੀ ਹਵੇਲੀ ਸੀ। ਅਸੀਂ ਉਹਨਾਂ ਦੇ ਕਾਮੇ ਸੀ।”
ਕਰਤਾਰਾ ਰਾਮ ਸਾਡੇ ਨਾਲ ਝੱਟ ਘੁਲ ਮਿਲ ਗਿਆ। ਉਹ ਆਪਣੇ ਬਚਪਨ ਦੇ ਦੋਸਤਾਂ ਫੁੱਤੂ, ਮੀਆਂ ਆਦਿ ਦੇ ਨਾਮ ਗਿਣਾਉਣ ਲੱਗ ਪਿਆ। ਕਮਰਿਓਂ ਬਾਹਰ ਹੋ ਕੇ ਉਹ ਨਾਲ ਲਗਦੀ ਦੂਜੀ ਗਲੀ ਵਿੱਚ ਲੈ ਗਿਆ, ਜਿੱਥੇ ਮੁਸਲਮਾਨਾਂ ਦੇ ਘਰ ਸਨ। ਉਹ ਬਜ਼ੁਰਗ ਔਰਤਾਂ ਦੇ ਨਾਮ ਵੀ ਜਾਣਦਾ ਸੀ, ਜਿਹੜੀਆਂ ਉੱਜੜ ਕੇ ਜਾ ਚੁੱਕੀਆਂ ਸਨ। ਕਰਤਾਰਾ ਰਾਮ ਕਹਿਣ ਲੱਗਾ, “ਆਹ ਪਿਛਲਾ ਘਰ ਸਾਡਾ ਸੀ, ਜਿੱਥੇ ਮੈਂ ਰਹਿ ਰਿਹਾਂ। ਮੁਹੰਮਦ ਸਦੀਕ ਖਾਨ ਅਲਵੀ ਦੇ ਪਿਤਾ ਦੀ ਹਵੇਲੀ ਸੀ, ਉਹ ਬਹੁਤ ਭਲਾ ਬੰਦਾ ਸੀ।” ਕਰਤਾਰਾ ਮੁਸਲਮਾਨਾਂ ਦੇ ਘਰਾਂ ਵਾਲੀਆਂ ਥਾਂਵਾਂ ਦਿਖਾਉਣ ਲੱਗਾ।
ਗੱਲਾਂ ਕਰਦਿਆਂ ਕਰਦਿਆਂ ਹੀ ਕੋਕ ਦੀਆਂ ਗਲਾਸੀਆਂ ਆ ਗਈਆਂ। ਫਿਰ ਅਸੀਂ ਉਸ ਜਗ੍ਹਾ ਚਲੇ ਗਏ, ਜਿੱਥੇ ਅਲਵੀ ਦਾ ਪਰਿਵਾਰ ਰਹਿੰਦਾ ਸੀ। ਬਹੁਤ ਵੱਡੀ ਹਵੇਲੀ ਸੀ, ਕਿਸੇ ਨਵੇਂ ਮਾਲਕ ਦੀ। ਨਵੇਂ ਮਾਲਕਾਂ ਨੇ, ਜਿਨ੍ਹਾਂ ਨੂੰ ਚੌਧਰੀ ਕਿਹਾ ਜਾਂਦਾ ਸੀ, ਉਹਨਾਂ ਨੇ ਇੱਥੇ ਪਸ਼ੂਆਂ ਲਈ ਬਹੁਤ ਵੱਡੀ ਸ਼ੈੱਡ ਬਣਾਈ ਹੋਈ ਸੀ। ਬਹੁਤ ਸਾਰੇ ਲੋਕ ਬੈਠੇ ਦੁੱਧ ਵਾਲੀ ਗੱਡੀ ਦੀ ਉਡੀਕ ਕਰ ਰਹੇ ਸਨ।
ਕਲਿੱਕ ਕਲਿੱਕ ਕਰ ਕੇ ਮੈਂ ਕੁਝ ਫੋਟੋਆਂ ਖਿੱਚੀਆਂ ਸਨ। ਅਲਵੀ ਨੇ ਦੱਸਿਆ ਸੀ ਪਿੰਡ ਦੇ ਬਾਹਰਲੇ ਪਾਸੇ ਹੀ ਮੇਰੇ ਬਜ਼ੁਰਗ ਦੱਸਦੇ ਸਨ ਕਿ ਘਰ ਹੈ ਪਿੰਡ ਦੇ ਬਾਹਰ ਹੀ ਇਹ ਘਰ ਸੀ। ਮੁਹਾਂਦਰਾ ਬਦਲ ਗਿਆ ਸੀ। ਕੁਝ ਵੀਡਿਓ ਵੀ ਬਣਾਈਆਂ ਨਾਲ ਹੀ ਪਿੰਡ ਦਾ ਸਕੂਲ ਸੀ।
ਅਖੀਰ ਕਰਤਾਰਾ ਰਾਮ ਨਾਲ ਅਲਵੀ ਦੀ ਵੀਡੀਓ ਕਾਲ ਕਰਵਾਈ। ਕਰਤਾਰਾ ਰਾਮ ਤੇ ਅਲਵੀ ਇੱਕ ਦੂਜੇ ਨਾਲ ਇੰਝ ਗੱਲਾਂ ਕਰ ਰਹੇ ਸਨ, ਜਿਵੇਂ ਮੁੱਦਤਾਂ ਤੋਂ ਜਾਣਦੇ ਹੋਣ। ਅਲਵੀ ਭਾਵੇਂ ਵੰਡ ਤੋਂ ਤਿੰਨ ਸਾਲ ਬਾਅਦ ਹੀ ਜੰਮਿਆ ਸੀ ਪਰ ਮਾਪਿਆਂ ਦੇ ਦੇਸ਼ ਵਿਛੋੜੇ ਦੀਆਂ ਗੱਲਾਂ ਸੁਣ ਸੁਣ ਉਹ ਹਰ ਪਲ ਨਿਆਣੇ ਬੇਟ ਬਾਰੇ ਹੀ ਸੋਚਦਾ ਰਹਿੰਦਾ। ਉਸ ਕੋਲ ਦੌਲਤ ਸ਼ੋਹਰਤ ਘਰ ਬਾਰ ਕੰਮਕਾਰ ਨੌਕਰ ਚਾਕਰ ਸਭ ਕੁਝ ਹੈ। ਜੇ ਹੈ ਨਹੀਂ ਤਾਂ ਆਪਣੇ ਮਾਪਿਆਂ ਦੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਦੇ ਨਸੀਬ ਨਹੀਂ ਹਨ। ਸਰਕਾਰਾਂ ਨੂੰ ਅਜਿਹੇ ਲੋਕਾਂ ਨੂੰ ਵੀਜ਼ੇ ਜ਼ਰੂਰ ਦੇਣੇ ਚਾਹੀਦੇ ਹਨ। ਅਲਵੀ ਦੀ ਤੜਫ਼ ਹੀ ਸੀ ਜਿਹੜੀ ਮੈਂ ਨਿਆਣੇ ਬੇਟ ਦੀ ਮਿੱਟੀ ਨੂੰ ਨਮਸਤਕ ਹੋ ਸਕੀ।
ਕਰਤਾਰਾ ਰਾਮ ਨੇ ਵੰਡ ਤੋਂ ਪਹਿਲਾਂ ਦੀਆਂ ਅੰਤਾਂ ਦੀਆਂ ਗੱਲਾਂ ਸੁਣਾਈਆਂ। ਜਿਹੜਾ ਦਰਿਆ ਮੁਹੰਮਦ ਸਦੀਕ ਖਾਨ ਅਲਵੀ ਦੇ ਮਾਪਿਆਂ ਦੇ ਪਿੰਡ ਸ਼ਾਨ ਸੀ, ਉਸ ਦਰਿਆ ’ਤੇ ਕਰਤਾਰਾ ਸਾਨੂੰ ਲਿਜਾਣ ਲਈ ਜ਼ਿੱਦ ਕਰਨ ਲੱਗਾ। ਅਖੀਰ ਕਰਤਾਰੇ ਦੇ ਮੋਹ ਅੱਗੇ ਅਸੀਂ ਹਥਿਆਰ ਸੁੱਟ ਦਿੱਤੇ। ਜਦ ਪੱਤਣ ’ਤੇ ਪਹੁੰਚੇ ਤਾਂ ਸੂਰਜ ਅਸਤ ਹੋ ਰਿਹਾ ਸੀ, ਚਾਰੇ ਪਾਸੇ ਅੰਤਾਂ ਦੀ ਲਾਲੀ ਸੀ।
ਮੇਰੇ ਲਈ ਅੱਜ ਇਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਸ਼ਾਮ ਸੀ। ਅਲਵੀ ਆਖਦਾ ਸੀ, “ਜਿਸ ਦਿਨ ਤੂੰ ਮੇਰੇ ਮਾਪਿਆਂ ਦੇ ਪਿੰਡ ਚਲੀ ਗਈ, ਉਹ ਦਿਨ ਮੇਰੇ ਲਈ ਈਦ ਜਿੰਨੀ ਖੁਸ਼ੀ ਲੈ ਕੇ ਆਵੇਗਾ। ਗੁੱਡੀ, ਮੈਂ ਸਮਝਾਂਗਾ ਤੇਰੀ ਵਿਸਾਖੀ ਵਰਗਾ ਮੇਰੇ ਲਈ ਇਹ ਦਿਨ ਹੋਵੇਗਾ।”
ਕਰਤਾਰਾ ਰਾਮ ਬਹੁਤ ਮੋਹ ਕਰ ਰਿਹਾ ਸੀ। ਸਾਨੂੰ ਆਉਣ ਨਹੀਂ ਦੇ ਰਿਹਾ ਸੀ। ਕਰਤਾਰੇ ਨੇ ਕੁੜੀਆਂ ਨੂੰ ਮੱਲੋਜੋਰੀ ਕੌਫੀ ਬਣਾਉਣ ਲਈ ਕਹਿ ਦਿੱਤਾ।
ਹਨੇਰਾ ਬਹੁਤ ਹੋ ਗਿਆ ਸੀ। ਅਸੀਂ ਕਰਤਾਰੇ ਕੋਲੋਂ ਵਿਦਾ ਲੈਣੀ ਚਾਹੁੰਦੇ ਸੀ ਪਰ ਉਹ ਤਾਂ ਸਾਹਿਤਕ ਬੰਦਾ ਸੀ। ਬਹੁਤ ਸਾਰੇ ਕਿੱਸੇ ਉਸ ਨੂੰ ਯਾਦ ਸਨ। ਵਾਰਿਸ, ਬੁੱਲਾ, ਸ਼ਾਹ ਹੁਸ਼ੈਨ ਉਸ ਨੇ ਅਰਬੀ ਫਾਰਸੀ ਤੋਂ ਪੜ੍ਹ ਕੇ ਮੂੰਹ ਜਵਾਨੀ ਯਾਦ ਕੀਤੇ ਹੋਏ ਸਨ। ਕਈਆਂ ਕਿੱਸਿਆਂ ਦੇ ਬੰਦ ਸੁਣਾਏ। ਅਖੀਰ ਵਿਦਾ ਲਈ। ਇਹ ਵਿਦਾ ਆਖਿਰੀ ਵਿਦਾ ਨਹੀਂ ਸੀ। ਪਤਾ ਨਹੀਂ ਕਿੰਨੀ ਵਾਰ ਅਲਵੀ ਦੇ ਫੌਤ ਹੋ ਚੁੱਕੇ ਦਾਦੇ ਪੜਦਾਦਿਆਂ ਨੂੰ ਸਿਜਦਾ ਕਰਨ ਆਉਣਾ ਹੈ।
ਮੁਹੰਮਦ ਸਦੀਕ ਖਾਨ ਅਲਵੀ ਖੁਸ਼ ਸੀ, ਅਸੀਂ ਉਸ ਦੇ ਮਾਪਿਆਂ ਦੇ ਪਿੰਡੋਂ ਆ ਰਹੇ ਸਾਂ। ਉਸ ਨੇ ਬਹੁਤ ਵਾਰ ਵੀਜ਼ੇ ਲਈ ਅਪਲਾਈ ਕੀਤਾ ਪਰ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਅਲਵੀ ਵਾਰ-ਵਾਰ ਵੀਜ਼ਾ ਨਾ ਮਿਲਣ ’ਤੇ ਨਿਰਾਸ਼ ਹੋ ਜਾਂਦਾ ਸੀ। ਹੁਣ ਅਲਵੀ ਨੇ ਬਾਰ ਕੌਂਸਲ ਰਾਹੀਂ ਆਉਣ ਦੀ ਅਪੀਲ ਕੀਤੀ। 170 ਕਿਲੋਮੀਟਰ ਦੀ ਦੂਰੀ ਨਵਾਂਸ਼ਹਿਰ ਤੋਂ ਲਾਹੌਰ ਦੀ ਸੀ, ਜਿਸ ਨੂੰ ਪਾਰ ਕਰਨ ਲਈ ਪੰਝੱਤਰ ਵਰ੍ਹੇ ਲੱਗ ਗਏ। ਅਲਵੀ ਦੇ ਸੁਪਨਿਆਂ ਵਿੱਚ ਨਿਆਣਾ ਬੇਟ ਅੰਗੜਾਈਆਂ ਲੈ ਰਿਹਾ ਸੀ, ਉਹ ਬੇਚੈਨ ਸੀ। ਉਹ ਮਰਨ ਤੋਂ ਪਹਿਲਾਂ ਇੱਕ ਵਾਰ ਇਸ ਮਿੱਟੀ ਨੂੰ ਆਪਣੇ ਮੱਥੇ ’ਤੇ ਲਾਉਣਾ ਚਾਹੁੰਦਾ ਸੀ।
ਅਖੀਰ ਮੁਹੰਮਦ ਸਦੀਕ ਖਾਨ ਅਲਵੀ ਉਮਰ ਦੇ ਆਖਰੀ ਪੜਾਅ ’ਤੇ ਪਹੁੰਚ ਗਿਆ ਤੇ ਉਸ ਨੂੰ ਵੀਜ਼ਾ ਮਿਲ ਗਿਆ।
ਜਿਉਂ ਜਿਉਂ ਉਹ ਨਿਆਣਾ ਬੇਟ ਦੀ ਜੂਹ ਵੱਲ ਨੂੰ ਵਧ ਰਿਹਾ ਸੀ, ਉਹਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ। ਪਿੰਡ ਦੀ ਜੂਹ ਵਿੱਚ ਵੜਦਿਆਂ ਹੀ ਅਲਵੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗ ਪਏ। ਉਹ ਜ਼ਮੀਨ ’ਤੇ ਹੀ ਮੂਧਾ ਹੋ ਗਿਆ। ਅਲਵੀ ਉਸ ਘਰ ਦੇ ਮੋਹਰੇ ਜਾ ਕੇ ਉੱਚੀ-ਉੱਚੀ ਧਾਹਾਂ ਮਾਰ ਰੋਣ ਲੱਗ ਪਿਆ, ਜਿਹੜਾ ਉਸਦੇ ਪੁਰਖਿਆ ਦਾ ਸੀ। ਉਹ ਉਹਨਾਂ ਗਲੀਆਂ ਨੂੰ ਵੇਖ ਰਿਹਾ ਸੀ, ਜਿਹਨਾਂ ਗਲੀਆਂ ਵਿੱਚੋਂ ਉਸ ਦੀ ਮਾਂ ਦੀ ਡੋਲੀ ਆਈ ਸੀ। ਅਜੇ ਮਾਂ ਦੇ ਮੁਕਲਾਵੇ ਆਏ ਨੂੰ ਕੁਝ ਹੀ ਸਮਾਂ ਹੋਇਆ ਸੀ, ਜਦੋਂ ਚੰਦਰੀ ਵੰਡ ਦੀ ਹਵਾ ਵਗ ਗਈ। ਅਲਵੀ ਅਖੀਰ ਉਸ ਥਾਂ ਪਹੁੰਚ ਗਿਆ ਜਿੱਥੇ ਉਸ ਦੇ ਦਾਦਾ ਦਾਦੀ ਦਫ਼ਨ ਸਨ। ਉਹ ਜ਼ਮੀਨ ’ਤੇ ਝੁਕ ਗਿਆ। ਅਲਵੀ ਦਾ ਗੱਚ ਭਰ ਆਇਆ। ਗੋਡਿਆਂ ਭਾਰ ਬੈਠੇ ਤੋਂ ਉੱਠ ਨਹੀਂ ਹੋ ਰਿਹਾ ਸੀ ਤੇ ਨਾ ਹੀ ਕੁਝ ਮੂੰਹੋਂ ਬੋਲਿਆ ਜਾ ਰਿਹਾ ਸੀ।
ਮੈਂ ਤੇ ਕਰਤਾਰਾ ਰਾਮ ਉਸ ਨੂੰ ਦਿਲਾਸਾ ਦੇ ਰਹੇ ਸਾਂ। ਉਹ ਵਾਪਸ ਆਪਣੇ ਲੀਕੋਂ ਪਾਰ ਦੇਸ਼ ਨੂੰ ਜਾ ਰਿਹਾ ਸੀ। ਅਸੀਂ ਦੋਵੇਂ ਉਹਨੂੰ ਸਹਾਰਾ ਦੇ ਕੇ ਗੱਡੀ ਵੱਲ ਨੂੰ ਲਿਜਾ ਰਹੇ ਸਾਂ। ਅਲਵੀ ਦੀ ਗੱਡੀ ਉਹਨੂੰ ਬਾਹਗੇ ਬਾਰਡਰ ਵੱਲ ਨੂੰ ਲੈ ਕੇ ਤੁਰ ਪਈ।
ਹੁਣ ਹਰ ਸਾਲ ਮੈਂ ਤੇ ਕਰਤਾਰਾ ਰਾਮ ਕਬਰਾਂ ਵਿੱਚ ਦਫ਼ਨ ਅਲਵੀ ਦੇ ਦਾਦਾ ਦਾਦੀ ਨੂੰ ਸਿਜਦਾ ਕਰਨ ਲਈ ਚਾਦਰ ਚੜ੍ਹਾਉਣ ਜਾਂਦੇ ਹਾਂ!
ਬਲਵੀਰ ਕੌਰ ਰੀਹਲ
(ਇਹ ਸੱਚੀ ਘਟਨਾ ’ਤੇ ਅਧਾਰਤ ਕਹਾਣੀ ਹੈ, ਮੈਂ ਇਸਦੀ ਚਸ਼ਮਦੀਦ ਗਵਾਹ ਹਾਂ। ਅਲਵੀ ਖਾਨ ਦਾ ਨਿਆਣਾ ਬੇਟ ਆਉਣਾ ਕਾਲਪਨਿਕ ਹੈ --- ਬਲਵੀਰ ਕੌਰ ਰੀਹਲ)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3524)
(ਸਰੋਕਾਰ ਨਾਲ ਸੰਪਰਕ ਲਈ: