KailashSharma6ਢਿੱਡੋਂ ਪਦਮਨੀ ਬਹੁਤ ਖੁਸ਼ ਸੀ ਕਿ ਉਸ ਦੀ ਯੋਜਨਾ ਬਿਨਾਂ ਕਿਸੇ ਮੁਸ਼ਕਲ ਦੇ ਸਿਰੇ ਚੜ੍ਹ ਗਈ ...
(9 ਅਪਰੈਲ 2022)

 

ਪਦਮਨੀ ਉੱਤੇ ਪ੍ਰਮਾਤਮਾ ਦੀ ਬਹੁਤ ਕ੍ਰਿਪਾ ਸੀ। ਹਰ ਖੁਸ਼ੀ ਉਸ ਦੀ ਝੋਲੀ ਵਿੱਚ ਸੀ। ਸਿਆਣੇ ਕਹਿੰਦੇ ਨੇ, ‘ਤਾਕਤ ਜਾਂ ਪੈਸੇ ਦਾ ਨਸ਼ਾ ਕੋਈ-ਕੋਈ ਸੰਭਾਲ ਸਕਦਾ ਹੈ।’ ਪਦਮਨੀ ਕੋਲ ਇਹ ਦੋਵੇਂ ਨਸ਼ੇ ਸਨ। ਵਧੀਆ ਸਰਕਾਰੀ ਨੌਕਰੀ ਸੀ ਤੇ ਪੈਸੇ ਦੀ ਵੀ ਕੋਈ ਘਾਟ ਨਹੀਂ। ਰਾਜ ਕੁਮਾਰਾਂ ਵਰਗੇ ਸੋਹਣੇ ਪੁੱਤਰ ਦੀ ਦਾਤ ਉਸ ਨੂੰ ਪ੍ਰਾਪਤ ਸੀ। ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੀ, ਬੁਲੰਦੀਆਂ ਹਾਸਲ ਕਰ ਲੈਂਦੀ। ਆਮ ਲੋਕਾਂ ਵਾਂਗ ਪ੍ਰਮਾਤਮਾ ਦੀਆਂ ਬਖਸ਼ੀਆਂ ਇਨ੍ਹਾਂ ਦਾਤਾਂ ਨੇ ਉਸ ਦੇ ਦਿਮਾਗ ਨੂੰ ਕੁਝ ਜ਼ਿਆਦਾ ਹੀ ਅਸਮਾਨ ’ਤੇ ਚੜ੍ਹਾਇਆ ਹੋਇਆ ਸੀ। ਲੋਕਾਂ ਨੂੰ ਟਿੱਚ ਜਾਣਦੀ ਅਕਸਰ ਉਹ ਕਹਿੰਦੀ, “ਲੋਕ ਤਾਂ ਐਵੇਂ ਕਿਸਮਤਭਰੋਸੀ ਬਣੇ ਫਿਰਦੇ ਨੇ। ਮੈਂ ਜੋ ਵੀ ਚਾਹਾਂ ਕਰ ਸਕਦੀ ਹਾਂ। ਕੋਈ ਹੋਣੀ ਜਾਂ ਕਿਸਮਤ ਨਹੀਂ ਹੁੰਦੀ। ਇਹ ਸਭ ਵਿਹਲੜ ਤੇ ਨਿਕੰਮੇ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ, ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ। ਮੈਂ ਆਪਣੇ ਇਕਲੌਤੇ ਪੁੱਤਰ ਦੀ ਜ਼ਿੰਦਗੀ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਨਾਲ ਭਰ ਦਿਆਂਗੀ, ਇਹ ਮੇਰਾ ਵਾਇਦਾ ਏ ਉਸ ਨਾਲ।”

ਆਪਣੇ ਪੁੱਤਰ ਕੁਨਾਲ ਦਾ ਪਾਲਣ-ਪੋਸ਼ਣ ਉਸ ਨੇ ਬੜੇ ਚਾਵਾਂ ਨਾਲ ਕੀਤਾ। ਕਿਸੇ ਵੀ ਚੀਜ਼ ਦੀ ਉਸ ਨੂੰ ਕਮੀ ਨਹੀਂ ਸੀ ਆਉਣ ਦਿੰਦੀ। ਜੇਕਰ ਕਮੀ ਰਹਿ ਜਾਂਦੀ ਤਾਂ ਉਹ ਸੀ ਸਿਰਫ ਮਾਂ ਦੇ ਸਾਥ ਦੀ ਕਿਉਂਕਿ ਪਦਮਨੀ ਅਕਸਰ ਕਲੱਬਾਂ ਵਿੱਚ ਜਾਣ ਤੇ ਵੱਡੇ-ਵੱਡੇ ਲੋਕਾਂ ਨਾਲ ਮੇਲ-ਮਿਲਾਪ ਵਧਾਉਣ ਦੀ ਸ਼ੁਕੀਨ ਸੀ। ਕੁਨਾਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਦਮਨੀ ਨੇ ਆਪਣੀ ਵਾਕਫੀਅਤ ਦੇ ਜ਼ੋਰ ਨਾਲ ਕੁਨਾਲ ਲਈ ਵਧੀਆ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ। ਸ਼ੁਰੂ ਵਿੱਚ ਕੁਨਾਲ ਦਾ ਕੰਮ ਵਿੱਚ ਮਨ ਨਹੀਂ ਸੀ ਲੱਗਦਾ ਕਿਉਂਕਿ ਬਚਪਨ ਤੋਂ ਹੀ ਉਸ ਨੂੰ ਬਣੇ-ਬਣਾਏ ਕੰਮ ਹੀ ਮਿਲਦੇ ਰਹੇ ਸਨ। ਮਿਹਨਤ ਕਰਨ ਦੀ ਉਸ ਨੂੰ ਆਦਤ ਹੀ ਨਹੀਂ ਸੀ ਪਈ। ਅਚਾਨਕ ਦਫਤਰ ਵਿੱਚ ਉਸ ਦਾ ਮੇਲ ਚਾਂਦਨੀ ਨਾਂ ਦੀ ਲੜਕੀ ਨਾਲ ਹੋਇਆ। ਚਾਂਦਨੀ ਰੱਜ ਕੇ ਸੋਹਣੀ ਹੋਣ ਦੇ ਨਾਲ-ਨਾਲ ਨਿਮਰ ਸੁਭਾਅ ਦੀ ਮਾਲਕ, ਖੁਸ਼ਦਿਲ ਲੜਕੀ ਸੀ। ਪਹਿਲੀ ਮਿਲਣੀ ਵਿੱਚ ਹੀ ਕੁਨਾਲ ਦਾ ਦਿਲ ਚਾਂਦਨੀ ’ਤੇ ਆ ਗਿਆ। ਉਸ ਨੂੰ ਮਹਿਸੂਸ ਹੋਇਆ ਜਿਵੇਂ ਚਾਂਦਨੀ ਪ੍ਰਮਾਤਮਾ ਵੱਲੋਂ ਉਸ ਲਈ ਹੀ ਸੁਗਾਤ ਬਣ ਕੇ ਆਈ ਸੀ। ਹੌਲੀ-ਹੌਲੀ ਕੁਨਾਲ ਦਾ ਦਿਲ ਦਫਤਰ ਵਿੱਚ ਜ਼ਿਆਦਾ ਲੱਗਣ ਲੱਗ ਪਿਆ ਤੇ ਚਾਂਦਨੀ ਨਾਲ ਮੁਲਾਕਾਤਾਂ ਦਾ ਸਿਲਸਲਾ ਵਧਦਾ ਗਿਆ। ਦੋਵੇਂ ਇਸ ਤਰ੍ਹਾਂ ਮਹਿਸੂਸ ਕਰਨ ਲੱਗੇ ਜਿਵੇਂ ਉਹ ਇੱਕ-ਦੂਜੇ ਲਈ ਹੀ ਬਣੇ ਹੋਣ। ਦੋਵਾਂ ਨੇ ਮਨ ਹੀ ਮਨ ਇੱਕ-ਦੂਜੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ।

ਇੱਕ ਦਿਨ ਕੁਨਾਲ ਨੇ ਸਮਾਂ ਵੇਖ ਕੇ ਆਪਣੀ ਮਾਂ ਨੂੰ ਚਾਂਦਨੀ ਬਾਰੇ ਦੱਸਦਿਆਂ, ਉਸ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਵੀ ਸੁਣਾ ਦਿੱਤਾ। ਪਦਮਨੀ ਨੇ ਗੁੱਸੇ ਤੇ ਹੈਰਾਨੀ ਨਾਲ ਕੁਨਾਲ ਵੱਲ ਵੇਖਿਆ ਪਰ ਜਲਦੀ ਹੀ ਆਪਣੇ ’ਤੇ ਕਾਬੂ ਪਾਉਂਦਿਆਂ ਮੁਸਕਰਾਹਟ ਨਾਲ, ਚਾਂਦਨੀ ਨੂੰ ਮਿਲਾਉਣ ਲਈ ਕਿਹਾ। ਅੰਦਰੋਂ ਉਹ ਬਹੁਤ ਦੁਖੀ ਸੀ ਕਿ ਉਸ ਦੀ ਮਰਜ਼ੀ ਬਗੈਰ ਕੁਨਾਲ ਨੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਦੀ ਜੁਰਅਤ ਵੀ ਕਿਵੇਂ ਕੀਤੀ। ਕੁਨਾਲ ਦੋ ਕੁ ਦਿਨਾਂ ਬਾਅਦ ਹੀ ਚਾਂਦਨੀ ਨੂੰ ਆਪਣੇ ਘਰ ਲੈ ਕੇ ਆਇਆ, ਆਪਣੀ ਮਾਂ ਨੂੰ ਮਿਲਾਉਣ ਲਈ। ਚਾਂਦਨੀ ਦੇ ਸੁਹੱਪਣ ਨੂੰ ਵੇਖ ਕੇ ਇੱਕ ਵਾਰ ਤਾਂ ਪਦਮਨੀ ਦੇ ਹੋਸ਼ ਉੱਡ ਗਏ। ਉਸ ਨੂੰ ਲੱਗਾ ਕਿ ਚਾਂਦਨੀ ਲਗਭਗ ਉਨ੍ਹਾਂ ਸਾਰੇ ਗੁਣਾਂ ’ਤੇ ਪੂਰੀ ਉੱਤਰਦੀ ਸੀ ਜੋ ਉਹ ਆਪਣੀ ਨੂੰਹ ਵਿੱਚ ਚਾਹੁੰਦੀ ਸੀ। ਚਾਂਦਨੀ ਨਾਲ ਮੁਲਾਕਾਤ ਦੌਰਾਨ ਪਦਮਨੀ ਨੇ ਉਸ ਦਾ ਥਾਂ-ਟਿਕਾਣਾ ਪੁੱਛ ਲਿਆ। ਚਾਂਦਨੀ ਹੁਣ ਅਕਸਰ ਉਨ੍ਹਾਂ ਦੇ ਘਰ ਆਉਣ ਲੱਗ ਪਈ। ਉੱਧਰ ਪਦਮਨੀ ਨੇ ਆਪਣੀ ਪੱਧਰ ’ਤੇ ਚਾਂਦਨੀ ਦੇ ਪਿਛੋਕੜ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ। ਪੜਤਾਲ ਤੋਂ ਪਦਮਨੀ ਨੂੰ ਪਤਾ ਲੱਗਾਾ ਕਿ ਚਾਂਦਨੀ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਪਦਮਨੀ ਨੂੰ ਉਸ ਦਾ ਪੈਸੇ ਦੇ ਲਾਲਚ ਵਾਲਾ ਪੌਦਾ ਮੁਰਝਾਇਆ ਹੁੰਦਾ ਦਿਸਣ ਲੱਗਾ। ਮਨ ਹੀ ਮਨ ਉਸ ਨੇ ਇਸ ਰਿਸ਼ਤੇ ਨੂੰ ਖਤਮ ਕਰਨ ਦੀ ਠਾਣ ਲਈ।

ਕੁਝ ਦਿਨਾਂ ਬਾਅਦ ਪਦਮਨੀ ਨੇ ਕੁਨਾਲ ’ਤੇ ਆਪਣੇ ਲਾਡ-ਪਿਆਰ ਦੀ ਬਾਰਸ਼ ਕਰਦੇ ਹੋਏ ਕਿਹਾ, “ਚਾਂਦਨੀ ਉਸ ਦੇ ਯੋਗ ਨਹੀਂ ਹੈ, ਇਹ ਰਿਸ਼ਤਾ ਨਹੀਂ ਹੋ ਸਕਦਾ। ਕੁਨਾਲ ਨੂੰ ਉਸ ਨਾਲ ਆਪਣੇ ਸੰਬੰਧ ਤੋੜ ਦੇਣੇ ਚਾਹੀਦੇ ਹਨ।” ਇਹ ਸੁਣਦਿਆਂ ਹੀ ਕੁਨਾਲ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਬੱਦਲ ਫਟ ਗਏ ਹਨ, ਝੱਖੜ-ਤੁਫਾਨ ਆਪਣਾ ਕਹਿਰ ਵਰਸਾ ਰਹੇ ਹਨ ਤੇ ਉਹ ਧਰਤੀ ਦੇ ਅੰਦਰ ਧਸਦਾ ਜਾ ਰਿਹਾ ਹੈ। ਉਹ ਸੁੰਨ ਜਿਹਾ ਹੋ ਗਿਆ। ਉੱਧਰ ਪਦਮਨੀ ਨੇ ਕਿਸੇ ਹੋਰ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਉਸ ਦੀਆਂ ਇੱਛਾਵਾਂ ਦੀ ਪੂਰਤੀ ਕਰ ਸਕੇ ਤੇ ਇੱਧਰ ਇਨ੍ਹਾਂ ਦੋਵਾਂ ਨੂੰ ਵੱਖ ਕਰਨ ਦਾ ਫੈਸਲਾ ਕਰ ਲਿਆ।

ਕੁਨਾਲ ਕੁਝ ਉਦਾਸ ਜਿਹਾ ਰਹਿਣ ਲੱਗ ਪਿਆ ਪਰ ਆਉਣ ਵਾਲੇ ਤੁਫਾਨ ਤੋਂ ਬੇਖਬਰ ਚਾਂਦਨੀ ਉਸੇ ਤਰ੍ਹਾਂ ਆਉਂਦੀ ਰਹੀ। ਕੁਨਾਲ ਨੇ ਆਪਣੀ ਮਾਂ ਨੂੰ ਚਾਂਦਨੀ ਨਾਲ ਹੀ ਵਿਆਹ ਕਰਵਾਉਣ ਬਾਰੇ ਫਿਰ ਕਹਿ ਦਿੱਤਾ। ਉਸ ਤੋਂ ਬਾਅਦ ਪਦਮਨੀ ਨੇ ਦੁਬਾਰਾ ਕਦੇ ਵੀ ਇਸ ਬਾਰੇ ਗੱਲ ਨਾ ਕੀਤੀ ਤੇ ਚਾਂਦਨੀ ਬੇ ਰੋਕ-ਟੋਕ ਉਨ੍ਹਾਂ ਦੇ ਘਰ ਆਉਂਦੀ ਰਹੀ। ਕੁਨਾਲ ਨੂੰ ਲੱਗਾ ਜਿਵੇਂ ਉਸ ਦੀ ਮਾਂ ਨੇ ਇਸ ਰਿਸ਼ਤੇ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੋਵੇ। ਉਹ ਫਿਰ ਪਹਿਲਾਂ ਵਾਂਗ ਹੀ ਖੁਸ਼ ਰਹਿਣ ਲੱਗ ਪਿਆ। ਉੱਧਰ ਪਦਮਨੀ ਨੇ ਇੱਕ ਅਮੀਰ ਘਰ ਦੀ, ਤਮੰਨਾ ਨਾਂ ਦੀ ਲੜਕੀ ਲੱਭ ਲਈ ਜੋ ਕਿਸੇ ਵੀ ਪੱਖ ਤੋਂ ਚਾਂਦਨੀ ਦੇ ਪਾਸਕੂ ਵੀ ਨਹੀਂ ਸੀ। ਸਿਰਫ ਇੱਕੋ ਹੀ ਖੂਬੀ ਉਸ ਦੀ ਸੀ ਕਿ ਉਹ ਇੱਕ ਅਮੀਰ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ। ਪਦਮਨੀ ਨਾਲੋਂ ਅਧਿਕ ਉਨ੍ਹਾਂ ਕੋਲ ਪੈਸਾ ਸੀ ਤੇ ਉਨ੍ਹਾਂ ਦੀ ਵਾਕਫੀਅਤ ਵੀ ਪਦਮਨੀ ਨਾਲੋਂ ਕਿਤੇ ਵੱਧ। ਕੁਨਾਲ ਨਾਲ ਉਸ ਦਾ ਜੋੜ ਬਿਲਕੁਲ ਫਿੱਟ ਨਹੀਂ ਸੀ ਪਰ ਪਦਮਨੀ ਨੂੰ ਲੱਗਿਆ ਕਿ ਇਹ ਹੀ ਉਸ ਦੇ ਸੁਪਨਿਆਂ ਦੀ ਰਾਣੀ ਸੀ ਜੋ ਉਸ ਦੇ ਲਾਲਚ ਰੂਪੀ ਪੌਦੇ ਨੂੰ ਪੂਰੀ ਤਰ੍ਹਾਂ ਪ੍ਰਫੁਲਿਤ ਕਰ ਸਕਦੀ ਸੀ। ਹੁਣ ਇੱਕੋ ਸਮੱਸਿਆ ਪਦਮਨੀ ਦੇ ਸਾਹਮਣੇ ਸੀ, ਚਾਂਦਨੀ ਨੂੰ ਕੁਨਾਲ ਤੋਂ ਵੱਖ ਕਰਨ ਦੀ, ਉਹ ਵੀ ਬਿਨਾ ਆਪਣੀ ਹੋਂਦ ਦਾ ਪਤਾ ਲੱਗੇ।

ਪਦਮਨੀ ਨੇ ਇੱਕ ਦਿਨ ਬਹਾਨੇ ਨਾਲ ਕੁਨਾਲ ਨੂੰ ਨਾਲ ਲੈ ਕੇ ਤਮੰਨਾ ਦੇ ਘਰ ਫੇਰਾ ਪਾਇਆ ਤੇ ਕਿਸੇ ਦਿਨ ਆਪਣੇ ਘਰ ਆਉਣ ਲਈ ਸੱਦਾ ਵੀ ਦੇ ਦਿੱਤਾ। ਇਸ ਤਰ੍ਹਾਂ ਦੋਵਾਂ ਪਰਿਵਾਰਾਂ ਵਿੱਚ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ। ਤਮੰਨਾ ਤੇ ਕੁਨਾਲ ਆਪਸ ਵਿੱਚ ਖੁੱਲ੍ਹ ਕੇ ਗੱਲ ਵੀ ਕਰਨ ਲੱਗ ਪਏ। ਗੱਲਾਂ-ਗੱਲਾਂ ਵਿੱਚ ਪਦਮਨੀ ਨੇ ਇੱਕ ਦਿਨ ਤਮੰਨਾ ਦੇ ਮਾਪਿਆਂ ਨਾਲ ਤਮੰਨਾ ਤੇ ਕੁਨਾਲ ਦੇ ਰਿਸ਼ਤੇ ਦੀ ਗੱਲ ਵੀ ਛੇੜੀ। ਤਮੰਨਾ ਦੇ ਮਾਪਿਆਂ ਨੇ ਵੀ ਹਾਮੀ ਭਰ ਦਿੱਤੀ ਕਿਉਂਕਿ ਪਦਮਨੀ ਵੀ ਅਮੀਰ ਸੀ ਤੇ ਉਨ੍ਹਾਂ ਦੀ ਲੜਕੀ ਉਸ ਦੀ ਨੂੰਹ ਬਣ ਕੇ ਖੁਸ਼ੀ ਵਾਲੀ ਜ਼ਿੰਦਗੀ ਬਤੀਤ ਕਰ ਸਕਦੀ ਸੀ। ਇੱਕ ਦਿਨ ਤਮੰਨਾ ਨੇ ਪਦਮਨੀ ਨੂੰ ਦੱਸਿਆ ਕਿ ਕੁਨਾਲ ਉਸ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਿਹਾ। ਪਦਮਨੀ ਨੇ ਤਮੰਨਾ ਨੂੰ ਕੁਨਾਲ ਦੇ ਸ਼ਰਮੀਲੇ ਸੁਭਾਅ ਦਾ ਹਵਾਲਾ ਦਿੰਦਿਆਂ ਕੁਨਾਲ ਨਾਲ ਫੋਨ ’ਤੇ ਅਕਸਰ ਗੱਲਬਾਤ ਕਰਨ ਲਈ ਕਿਹਾ ਤਾਂ ਜੁ ਕੁਨਾਲ ਉਸ ਵਿੱਚ ਰੁਚੀ ਲੈਣ ਲੱਗ ਪਵੇ। ਆਪਣੀ ਮਾਂ ਦੀਆਂ ਸਾਰੀਆਂ ਯੋਜਨਾਵਾਂ ਤੋਂ ਬੇਖਬਰ ਕੁਨਾਲ, ਤਮੰਨਾ ਨਾਲ ਫੋਨ ਤੇ ਖੁੱਲ਼੍ਹ ਕੇ ਗੱਲ ਵੀ ਕਰ ਲੈਂਦਾ ਤੇ ਕਈ ਵਾਰ ਇਕੱਲਾ ਵੀ ਉਨ੍ਹਾਂ ਦੇ ਘਰ ਹੋ ਆਉਂਦਾ ਤਾਂ ਜੁ ਆਪਣੀ ਮਾਂ ਨੂੰ ਖੁਸ਼ ਰੱਖ ਸਕੇ।

ਇੱਕ ਦਿਨ ਚਾਂਦਨੀ ਉਨ੍ਹਾਂ ਦੇ ਘਰ ਆਈ ਹੋਈ ਸੀ। ਪਦਮਨੀ ਨੇ ਅੰਦਰੋਂ ਜਾ ਕੇ ਤਮੰਨਾ ਨੂੰ ਕੁਨਾਲ ਨਾਲ ਗੱਲ ਕਰਨ ਲਈ ਕਹਿੰਦੇ ਹੋਏ, ਉਸ ਨਾਲ ਇਸ ਤਰ੍ਹਾਂ ਪਿਆਰ ਦੀਆਂ ਗੱਲਾਂ ਕਰਨ ਲਈ ਕਿਹਾ ਜਿਵੇਂ ਦੋ ਆਸ਼ਕ ਆਪਸ ਵਿੱਚ ਕਰਦੇ ਨੇ। ਨਾਲ ਹੀ ਤਾਕੀਦ ਕੀਤੀ ਕਿ ਇਹ ਫੋਨ ਕੁਨਾਲ ਦੇ ਮੋਬਾਇਲ ’ਤੇ ਨਹੀਂ ਪਦਮਨੀ ਦੇ ਮੋਬਾਇਲ ’ਤੇ ਕਰੇ, ਉਹ ਆਪੇ ਕੁਨਾਲ ਨਾਲ ਗੱਲ ਕਰਵਾ ਦੇਵੇਗੀ। ਜਦੋਂ ਤਮੰਨਾ ਦਾ ਫੋਨ ਆਇਆ ਤਾਂ ਪਦਮਨੀ ਨੇ ਫੋਨ ਆਨ ਕਰ ਕੇ ਕੁਨਾਲ ਨੂੰ ਗੱਲ ਕਰਨ ਲਈ ਕਿਹਾ। ਜਦੋਂ ਕੁਨਾਲ ਨੇ ਹੈਲੋ ਕਿਹਾ ਹੀ ਸੀ ਕਿ ਤਮੰਨਾ ਨੇ ਕੁਨਾਲ ਨਾਲ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਹ ਸੁਣਦਿਆਂ ਹੀ ਚਾਂਦਨੀ ਦੇ ਚਿਹਰੇ ਦੀਆਂ ਉੱਡਦੀਆਂ ਹਵਾਈਆਂ, ਉਸ ਨੂੰ ਕੁਨਾਲ ਦੀ ਬੇਵਫਾਈ ਦਾ ਅਹਿਸਾਸ ਦਵਾ ਰਹੀਆਂ ਸਨ। ਕੁਨਾਲ ਦਾ ਵੀ ਹਾਲ ਵੇਖਣ ਹੀ ਵਾਲਾ ਸੀ ਜੋ ਉਸ ਦੀ ਚਾਂਦਨੀ ਪ੍ਰਤੀ ਬੇਵਫਾਈ ਦਾ ਸਬੂਤ ਪੱਕਾ ਹੋਣ ਦੀ ਪੁਸ਼ਟੀ ਕਰ ਰਿਹਾ ਸੀ। ਢਿੱਡੋਂ ਪਦਮਨੀ ਬਹੁਤ ਖੁਸ਼ ਸੀ ਕਿ ਉਸ ਦੀ ਯੋਜਨਾ ਬਿਨਾਂ ਕਿਸੇ ਮੁਸ਼ਕਲ ਦੇ ਸਿਰੇ ਚੜ੍ਹ ਗਈ ਸੀ। ਪਦਮਨੀ, ਚਾਂਦਨੀ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਚਾਂਦਨੀ ਦੇ ਸਿਰ ’ਤੇ ਹੱਥ ਫੇਰਦੀ ਹੋਈ ਕਹਿਣ ਲੱਗੀ, “ਚਾਂਦਨੀ, ਤੂੰ ਮੇਰੀ ਧੀ ਵਰਗੀ ਏਂ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕੁਨਾਲ ਵੀ ਇਹੋ ਜਿਹਾ ਹੋਵੇਗਾ। ਮੈਂ ਅੱਜ ਮਹਿਸੂਸ ਕੀਤਾ ਏ ਕਿ ਅੱਜ-ਕੱਲ੍ਹ ਦੇ ਲੜਕੇ ਕਿਸ ਤਰ੍ਹਾਂ ਲੜਕੀਆਂ ਨੂੰ ਮੁਹੱਬਤ ਦੇ ਸੁਪਨੇ ਵਿਖਾ ਕੇ ਚਕਨਾਚੂਰ ਕਰ ਦਿੰਦੇ ਹਨ। ਮੈਨੂੰ ਤਾਂ ਡਰ ਲੱਗ ਰਿਹਾ ਏ ਕਿ ਪਤਾ ਨਹੀਂ ਇਸ ਤਰ੍ਹਾਂ ਦੀਆਂ ਕਿੰਨੀਆਂ ਕੁੜੀਆਂ ਨੂੰ ਸਬਜ਼ਬਾਜ਼ ਵਿਖਾਏ ਹੋਣੇ ਨੇ ਇਸ ਨੇ। ਇੱਕ ਮਾਂ ਹੋਣ ਦੇ ਨਾਤੇ ਮੇਰੀ ਤੈਨੂੰ ਇਹੋ ਹੀ ਸਲਾਹ ਏ ਕਿ ਇਸਦਾ ਖਹਿੜਾ ਛੱਡ ਤੇ ਕਿਤੇ ਹੋਰ ਆਪਣਾ ਘਰ ਵਸਾ ਕੇ ਵਧੀਆ ਜ਼ਿੰਦਗੀ ਦਾ ਆਨੰਦ ਲੈ। ਕੀ ਹੋਇਆ ਜੇ ਤੂੰ ਮੇਰੀ ਨੂੰਹ ਨਹੀਂ ਬਣ ਸਕੀ ਪਰ ਧੀ ਤੂੰ ਮੇਰੀ ਸਦਾ ਹੀ ਰਹੇਂਗੀ।” ਇਹ ਕਹਿੰਦਿਆਂ ਹੀ ਪਦਮਨੀ ਨੇ ਘੁੱਟ ਕੇ ਉਸ ਨੂੰ ਆਪਣੇ ਗੱਲ ਨਾਲ ਲਾ ਕੇ ਉਸ ਦਾ ਮੱਥਾ ਚੁੰਮਿਆ। ਸਿਆਣੇ ਕਹਿੰਦੇ ਨੇ ਮੁਹੱਬਤ ਇੱਕ ਕੱਚੇ ਧਾਗੇ ਵਾਂਗ ਹੁੰਦੀ ਏ ਜਿਸ ਨੂੰ ਕੇਵਲ ਵਿਸ਼ਵਾਸ ਹੀ ਮਜ਼ਬੂਤ ਰੱਖਦਾ ਹੈ। ਜੇਕਰ ਬੇਵਫਾਈ ਦਾ ਜ਼ਰਾ ਕੁ ਝਟਕਾ ਵੀ ਲੱਗੇ ਤਾਂ ਇਹ ਧਾਗਾ ਇੱਕਦਮ ਟੁੱਟ ਜਾਂਦਾ ਹੈ। ਚਾਂਦਨੀ ਆਪਣੇ ਟੁੱਟੀ ਹੋਈ ਮੁਹੱਬਤ ਦੇ ਟੁਕੜਿਆਂ ਨੂੰ ਸੰਭਾਲਦੀ ਹੋਈ ਪਦਮਨੀ ਤੋਂ ਵਿਦਾਇਗੀ ਲੈ ਕੇ ਘਰ ਵੱਲ ਨੂੰ ਚੱਲ ਪਈ। ਰਸਤੇ ਵਿੱਚ ਰਹਿ-ਰਹਿ ਕੇ ਚਾਂਦਨੀ ਨੂੰ ਕੁਨਾਲ ਦੀ ਬੇਵਫਾਈ ’ਤੇ ਗੁੱਸਾ ਵੀ ਆ ਰਿਹਾ ਸੀ ਤੇ ਨਾਲ ਹੀ ਹੈਰਾਨੀ ਵੀ ਹੋ ਰਹੀ ਸੀ ਕਿ ਕੁਨਾਲ ਹੈ ਤਾਂ ਇਹੋ ਜਿਹਾ ਨਹੀਂ ਸੀ ਤੇ ਨਾ ਹੀ ਕਦੇ ਇਸ ਤਰ੍ਹਾਂ ਦੇ ਵਤੀਰੇ ਦੀ ਬੋਅ ਉਸ ਕੋਲੋਂ ਮਹਿਸੂਸ ਹੋਈ ਸੀ। ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਕਿਤੇ ਵੀ ਸ਼ਾਦੀ ਨਹੀਂ ਕਰੇਗੀ ਕਿਉਂਕਿ ਉਹ ਕੁਨਾਲ ਨੂੰ ਆਪਣਾ ਪਤੀ ਮੰਨ ਚੁੱਕੀ ਸੀ। ਇਸ ਲਈ ਉਸ ਦੇ ਪਿਆਰ ਦੇ ਸਹਾਰੇ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰੇਗੀ। ਉੱਧਰ ਕੁਨਾਲ ਦਾ ਇਹ ਸੋਚ-ਸੋਚ ਕੇ ਬਹੁਤ ਬੁਰਾ ਹਾਲ ਸੀ ਕਿ ਇਹ ਕੀ ਤੇ ਕਿਵੇਂ ਹੋ ਗਿਆ? ਚਾਂਦਨੀ ਉਸ ਦੀ ਗੱਲ ਸੁਣੇ ਬਗੈਰ ਹੀ ਰਿਸ਼ਤਾ ਤੋੜ ਗਈ ਸੀ।

ਸਮਾਂ ਆਪਣੀ ਚਾਲੇ ਤੁਰਦਾ ਗਿਆ। ਪਦਮਨੀ ਦੇ ਬਾਰ-ਬਾਰ ਕੁਨਾਲ ਨੂੰ ਸਮਝਾਉਣ ’ਤੇ ਹੌਲੀ-ਹੌਲੀ ਉਹ ਸੰਭਲਣ ਲੱਗਾ। ਆਖਰਕਾਰ ਕੁਨਾਲ ਤੇ ਤਮੰਨਾ ਦੀ ਸਗਾਈ ਹੋ ਗਈ। ਪਦਮਨੀ ਦੇ ਖੁਸ਼ੀ ਵਿੱਚ ਪੈਰ ਭੁੰਜੇ ਨਹੀਂ ਸਨ ਲੱਗ ਰਹੇ ਕਿਉਂਕਿ ਉਹ ਪੂਰੀ ਤਰ੍ਹਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਈ ਸੀ। ਸ਼ਾਨੋ-ਸ਼ੌਕਤ ਨਾਲ ਦੋਵਾਂ ਦੀ ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਵੀ ਕੁਨਾਲ ਕੁਝ ਉੱਖੜਿਆ-ਉੱਖੜਿਆ ਜਿਹਾ ਰਹਿੰਦਾ। ਤਮੰਨਾ ਨੇ ਇਸ ਬਾਰੇ ਆਪਣੀ ਸੱਸ ਨਾਲ ਵੀ ਗੱਲ ਕੀਤੀ ਪਰ ਉਸ ਦੇ ਇਹ ਕਹਿਣ ’ਤੇ ਕਿ ਕੰਮ ਦੀ ਬਹੁਤਾਤ ਕਰਕੇ ਸ਼ਾਇਦ ਉਸ ਦਾ ਵਤੀਰਾ ਇਸ ਤਰ੍ਹਾਂ ਦਾ ਹੋਵੇਗਾ। ਅਸਲੀ ਕਾਰਨ ਤੋਂ ਬੇਖਬਰ ਤਮੰਨਾ, ਕੁਨਾਲ ਦੇ ਵਤੀਰੇ ਵਿੱਚ ਤਬਦੀਲੀ ਦਾ ਇੰਤਜ਼ਾਰ ਕਰਨ ਲੱਗੀ। ਉੱਧਰ ਕੁਨਾਲ ਦੇ ਮਨ ’ਤੇ ਚਾਂਦਨੀ ਹੀ ਸਦਾ ਛਾਈ ਰਹਿੰਦੀ। ਉਹ ਸੋਚਦਾ ਕਿਤੇ ਇੱਕ ਵਾਰ ਚਾਂਦਨੀ ਨਾਲ ਮੇਲ ਹੋ ਜਾਵੇ ਤਾਂ ਕਿ ਉਹ ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕਰ ਸਕੇ। ਆਖਰਕਾਰ ਇੱਕ ਦਿਨ ਉਹ ਚਾਂਦਨੀ ਨੂੰ ਮਿਲਣ ਵਿੱਚ ਕਾਮਯਾਬ ਹੋ ਗਿਆ। ਉਸ ਨੇ ਆਪਣੀ ਸਫਾਈ ਵਿੱਚ ਬਹੁਤ ਕਿਹਾ ਪਰ ਚਾਂਦਨੀ ’ਤੇ ਇਸਦਾ ਕੋਈ ਪ੍ਰਭਾਵ ਨਾ ਪਿਆ। ਹੌਲੀ-ਹੌਲੀ ਉਨ੍ਹਾਂ ਦਾ ਮੇਲ ਫਿਰ ਵਧਣ ਲੱਗਾ। ਕੁਨਾਲ ਦੇ ਰੋਜ਼ਾਨਾ ਘਰ ਦੇਰ ਨਾਲ ਆਉਣ ਕਾਰਨ ਤਮੰਨਾ ਦੇ ਮਨ ਵਿੱਚ ਕਈ ਕਿਸਮ ਦੇ ਗਲਤ ਵਿਚਾਰਾਂ ਨੇ ਆਪਣੀ ਆਮਦ ਵਧਾ ਦਿੱਤੀ। ਇੱਕ ਦਿਨ, ਉਸ ਨੇ ਕੁਨਾਲ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ। ਉਸ ਨੂੰ ਪਤਾ ਲੱਗ ਗਿਆ ਕਿ ਕੁਨਾਲ, ਚਾਂਦਨੀ ਦੇ ਪਿੱਛੇ ਜਾਂਦਾ ਸੀ ਤੇ ਇਹੀ ਉਸ ਦੇ ਉੱਖੜੇ-ਉੱਖੜੇ ਰਹਿਣ ਦਾ ਕਾਰਨ ਸੀ। ਇੱਕ ਦਿਨ ਮੌਕਾ ਵੇਖ, ਤਮੰਨਾ ਨੇ ਕੁਨਾਲ ਨੂੰ ਉਸ ਦੇ ਚਾਂਦਨੀ ਨਾਲ ਸੰਬੰਧਾਂ ਬਾਰੇ ਪੁੱਛਿਆ। ਕੁਨਾਲ ਨੇ ਬਿਨਾ ਕਿਸੇ ਹਿਚਕਚਾਹਟ ਦੇ ਉਸ ਨੂੰ ਸਭ ਕੁਝ ਦੱਸ ਦਿੱਤਾ। ਕੁਨਾਲ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਸ਼ਾਦੀ ’ਤੇ ਇੱਕ ਵਾਰ ਉਸ ਦੀ ਮਾਂ ਨੇ ਇਤਰਾਜ਼ ਕੀਤਾ ਸੀ, ਪਰ ਉਸ ਤੋਂ ਬਾਅਦ ਸਾਡੇ ਮਿਲਣ ’ਤੇ ਉਸ ਨੂੰ ਕੋਈ ਵੀ ਇਤਰਾਜ਼ ਨਹੀਂ ਸੀ। ਚਾਂਦਨੀ ਬਿਨਾ ਕਿਸੇ ਰੋਕ-ਟੋਕ ਦੇ ਉਨ੍ਹਾਂ ਦੇ ਘਰ ਆਉਂਦੀ ਰਹੀ। ਉਸ ਦਿਨ ਜਦੋਂ ਤੂੰ ਮੇਰੇ ਨਾਲ ਫੋਨ ’ਤੇ ਗੱਲਾਂ ਕੀਤੀਆਂ ਤਾਂ ਚਾਂਦਨੀ ਉਸ ਸਮੇਂ ਮੇਰੇ ਕੋਲ ਹੀ ਬੈਠੀ ਸੀ। ਚਾਂਦਨੀ ਤਾਂ ਕੀ, ਕੋਈ ਵੀ ਲੜਕੀ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਸ ਦੇ ਪਿਆਰ ਵਿੱਚ ਕੋਈ ਦੂਜੀ ਲੜਕੀ ਭਾਈਵਾਲ ਬਣੇ। ਮੈਨੂੰ ਅੱਜ ਤਕ ਇਹ ਸਮਝ ਨਹੀਂ ਲੱਗ ਸਕੀ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਮਨ ਹੀ ਮਨ ਤਮੰਨਾ ਨੂੰ ਸਮਝ ਲੱਗਣ ਲੱਗੀ ਕਿ ਕੁਨਾਲ ’ਤੇ ਚਾਂਦਨੀ ਦੇ ਪਿਆਰ ਨੂੰ ਲੀਰੋ-ਲੀਰ ਕਰਨ ਵਾਲੀ ਅਸਲ ਵਿੱਚ ਉਸ ਦੀ ਮਾਂ ਹੀ ਹੈ ਕਿਉਂਕਿ ਉਸ ਨੇ ਹੀ ਇਹ ਸਭ ਕਰਨ ਲਈ ਉਸ ਨੂੰ ਕਿਹਾ ਸੀ। ਤਮੰਨਾ ਨੇ ਚਾਂਦਨੀ ਨੂੰ ਮਿਲਣ ਦਾ ਸੋਚਿਆ। ਉਸ ਦੇ ਅੰਦਰ ਦੀ ਔਰਤ ਜਾਗ ਚੁੱਕੀ ਸੀ। ਲੱਭਦੀ-ਲੁਭਾਉਂਦੀ ਤਮੰਨਾ ਇੱਕ ਦਿਨ ਚਾਂਦਨੀ ਦੇ ਘਰ ਚਲੀ ਗਈ। ਚਾਂਦਨੀ ਦੇ ਘਰ ਦੀ ਹਾਲਤ ਵੇਖ ਤਮੰਨਾ ਨੂੰ ਪਦਮਨੀ ਦੁਆਰਾ ਰਚੀ ਲੀਲਾ ਦਾ ਕਾਰਨ ਨਜ਼ਰ ਆਉਣ ਲੱਗਾ। ਚਾਂਦਨੀ ਨੂੰ ਉਸ ਨੇ ਆਪਣੇ ਬਾਰੇ ਦੱਸਦਿਆਂ ਘਰ ਆਉਣ ਦਾ ਸੱਦਾ ਦਿੱਤਾ। ਚਾਂਦਨੀ ਨੇ ਇਹ ਸੱਦਾ ਠੁਕਰਾਉਂਦਿਆਂ ਕਿਹਾ, “ਮੈਂ ਨਹੀਂ ਚਾਹੁੰਦੀ ਕਿ ਕੁਨਾਲ ਦੀ ਜ਼ਿੰਦਗੀ ਵਿੱਚ ਕੋਈ ਹੋਰ ਦੁੱਖ ਆਉਣ। ਮੈਂ ਉਸ ਨੂੰ ਅੱਜ ਵੀ ਬੇਹੱਦ ਮੁਹੱਬਤ ਕਰਦੀ ਹਾਂ ਤੇ ਤੈਨੂੰ ਇਹੋ ਬੇਨਤੀ ਕਰਦੀ ਹਾਂ ਕਿ ਕੁਨਾਲ ਨੂੰ ਇੰਨਾ ਪਿਆਰ ਦੇਵੀਂ ਕਿ ਉਹ ਮੈਨੂੰ ਭੁੱਲ ਜਾਵੇ।”

ਤਮੰਨਾ ਦੀ ਜ਼ਿਦ ਅੱਗੇ ਚਾਂਦਨੀ ਦੀ ਇੱਕ ਨਾ ਚੱਲੀ। ਤਮੰਨਾ ਨੇ ਆਪਣੇ-ਆਪ ਨੂੰ ਉਸ ਦੀ ਭੈਣ ਦੱਸਦਿਆਂ ਸਿਰਫ ਇੱਕ ਵਾਰ ਹੀ ਆਉਣ ਦਾ ਵਾਸਤਾ ਪਾਇਆ। ਆਖਰ ਚਾਂਦਨੀ ਆਉਣ ਲਈ ਮੰਨ ਗਈ।

ਨੀਯਤ ਮਿਤੀ ਨੂੰ ਨੀਯਤ ਸਮੇਂ ’ਤੇ ਚਾਂਦਨੀ ਉਨ੍ਹਾਂ ਦੇ ਘਰ ਪਹੁੰਚ ਗਈ। ਚਾਂਦਨੀ ਨੂੰ ਆਪਣੇ ਸਾਹਮਣੇ ਵੇਖ ਕੇ ਕੁਨਾਲ ਤੇ ਪਦਮਨੀ ਠਠੰਬਰ ਗਏ। ਤਮੰਨਾ ਨੇ ਅੱਗੇ ਹੋ ਕੇ ਚਾਂਦਨੀ ਦਾ ਹੱਥ ਫੜ ਕੇ ਪਦਮਨੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਜੋ ਫੋਨ ਮੈਂ ਕੀਤਾ ਸੀ ਤੇ ਜੋ ਕੁਝ ਵੀ ਕਿਹਾ ਸੀ, ਉਹ ਇਨ੍ਹਾਂ ਦੇ ਕਹਿਣ ’ਤੇ ਕਿਹਾ ਸੀ, ਜਿਸ ਨੇ ਤੁਹਾਡੀ ਮੁਹੱਬਤ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਇਹ ਇਸ ਲਈ ਕਿ ਇਹ ਨਹੀਂ ਸੀ ਚਾਹੁੰਦੀ ਕਿ ਤੁਹਾਡੀ ਸ਼ਾਦੀ ਹੋਵੇ ਕਿਉਂਕਿ ਤੂੰ ਗਰੀਬ ਸੀ। ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਚਾਹਤਾਂ ਗਰੀਬ ਦੀ ਝੌਂਪੜੀ ਵਿੱਚ ਰਹਿਣ ਵਾਲਿਆਂ ਦੀਆਂ ਵੀ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੀਆਂ ਮਹਿਲਾਂ ਵਾਲਿਆਂ ਦੀਆਂਪੈਸੇ ਦੀ ਭੁੱਖ ਦੀ ਪੂਰਤੀ ਲਈ ਇਸ ਨੇ ਤੁਹਾਡੀ ਜ਼ਿੰਦਗੀ ਵੀ ਦਾਅ ’ਤੇ ਲੱਗਾ ਦਿੱਤੀ।”

ਚਾਂਦਨੀ ਦਾ ਹੱਥ ਫੜ ਕੇ ਕੁਨਾਲ ਦੇ ਹੱਥ ਫੜਾਉਂਦਿਆਂ ਚਾਂਦਨੀ ਵੱਲ ਵੇਖ ਕੇ ਤਮੰਨਾ ਨੇ ਕਿਹਾ, “ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰੋ। ਮੈਂ ਤੇਰੀ ਭੈਣ ਹੋਣ ਦਾ ਫਰਜ਼ ਨਿਭਾਇਆ ਹੈ।” ਇਹ ਕਹਿੰਦਿਆਂ ਹੀ ਤਮੰਨਾ ਜਾਣ ਲਈ ਤਿਆਰ ਹੋਣ ਲੱਗੀ।

ਕੁਨਾਲ ਨੇ ਆਪਣੀ ਮਾਂ ਨੂੰ ਸਿਰਫ ਇੰਨਾ ਹੀ ਕਿਹਾ, “ਮੈਂ ਤਾਂ ਸੁਣਿਆ ਸੀ ਕਿ ਮਾਵਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੰਦੀਆਂ ਨੇ ਪਰ ਤੂੰ ਤਾਂ ਆਪਣੀ ਖੁਸ਼ੀ ਨੂੰ ਪੂਰਿਆਂ ਕਰਨ ਲਈ ਮੇਰੀ ਮੁਹੱਬਤ ਨੂੰ ਹੀ ਕੁਰਬਾਨ ਕਰ ਦਿੱਤਾ ਹੈ।” ਇਹ ਕਹਿੰਦਿਆਂ ਹੀ ਕੁਨਾਲ ਚਾਂਦਨੀ ਨੂੰ ਲੈ ਕੇ ਬਾਹਰ ਨਿਕਲਣ ਲੱਗਾ ਕਿ ਪਦਮਨੀ ਉਨ੍ਹਾਂ ਨੂੰ ਰੋਕਣ ਦੀ ਇਸ ਤਰ੍ਹਾਂ ਕੋਸ਼ਿਸ਼ ਕਰ ਰਹੀ ਸੀ ਜਿਵੇਂ ਮਾਂ ਹੋਣ ਦੇ ਫਰਜ਼ ਦੀ ਹੋਈ ਕੁਤਾਹੀ ਕਾਰਨ ਉਸ ਨੂੰ ਪਛਤਾਵਾ ਲੱਗ ਰਿਹਾ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3491)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

Amritsar, Punjab, India.
Phone: (91 - 98774 - 66607)
Email: (kailashchanderdss@gmail.com)