HarmitVidiarthi7ਆਉਂਦਿਆਂ ਹੀ ਉਹਨੇ ਮੈਂਨੂੰ ਜੱਫੀ ਵਿੱਚ ਲੈ ਕੇ ਘੁੱਟਿਆ ਤੇ ਫਿਰ ਬੋਲਿਆ, “ਕਿਨ੍ਹਾਂ ਵਿੱਚੋਂ ਏਂ ਤੂੰ ਕਾਕਾ? ...”
(14 ਮਾਰਚ 2022)
ਮਹਿਮਾਨ: 42.

 

HarmeetV16 ਫਰਵਰੀ 1993 … ਦਿਨ ਸਨਿੱਚਰਵਾਰ … ਫਿਰੋਜ਼ਪੁਰ ਦਾ ਸਿਵਲ ਹਸਪਤਾਲ, ਮੇਰੇ ਦਾਦਾ ਜੀ ਸ. ਗੁਰਦਿੱਤ ਸਿੰਘ ਦਾਖਲ ਸਨ ਇੱਥੇਹਾਲਤ ਬਹੁਤ ਗੰਭੀਰ … ਬੇਹੋਸ਼ੀ ਦੀ ਅਵਸਥਾਅਚਾਨਕ ਅੱਖਾਂ ਪੁੱਟਦੇ ਤਾਂ ਪਰਿਵਾਰ ਦੇ ਚਿਹਰਿਆਂ ’ਤੇ ਆਸ ਦੇ ਦੀਵੇ ਜਗਣ ਲੱਗਦੇਕਰੀਬ ਸੌ ਵਰ੍ਹਿਆਂ ਦੇ ਬਜ਼ੁਰਗ ਸਥਿਰ ਅਵਾਜ਼ ਵਿੱਚ ਬੋਲੇ, “ਮਾਮਦੀਨ ਨੂੰ ਬੁਲਾਓ, ਮਾਮਦੀਨ ਕਿੱਥੇ ਹੈ?”

ਸਾਡੇ ਚਿਹਰਿਆਂ ’ਤੇ ਹੈਰਾਨੀ ਆਣ ਬੈਠੀ, “ਕੌਣ ਮਾਮਦੀਨ?” ... ਤੇ ਦਾਦਾ ਜੀ ਨੇ ਆਖਰੀ ਸਾਹ ਲਿਆ

ਅੰਤਿਮ ਰਸਮਾਂ ਨਿਭਾਉਂਦਿਆਂ ਇਹ ਸਵਾਲ ਹਰ ਪਲ ਮੇਰੇ ਜ਼ਿਹਨ ਵਿੱਚ ਪੁੜਿਆ ਰਿਹਾ, ਭਲਾ ਇਹ ਮਾਮਦੀਨ ਕੌਣ ਹੋਇਆ? ਕੁਝ ਦਿਨਾਂ ਬਾਅਦ ਖੇਤ ਗਿਆਦੁਪਹਿਰ ਦੀ ਰੋਟੀ ਮਗਰੋਂ ਸੰਘਣੀ ਨਿੰਮ ਥੱਲੇ ਆਰਾਮ ਕਰਦੇ ਵੱਡੇ ਤਾਏ ਦਰਸ਼ਨ ਸਿੰਘ ਨਾਲ ਮੈਂ ਗੱਲੀਂ ਪੈ ਗਿਆਦਾਦੇ ਦੀ ਮਿਹਨਤ, ਦ੍ਰਿੜ੍ਹਤਾ, ਦਲੇਰੀ ਅਤੇ ਸਖਾਵਤ ਦੀਆਂ ਚੱਲਦੀਆਂ ਗੱਲਾਂ ਵਿੱਚ ਮੈਂ ਆਪਣਾ ਸਵਾਲ ਦਾਗ ਦਿੱਤਾ, “ਤਾਇਆ! ਭਲਾ ਇਹ ਮਾਮਦੀਨ ਕੌਣ ਸੀ? ਜਿਹਨੂੰ ਚੇਤੇ ਕਰਦਾ ਬਾਪੂ ਤੁਰ ਗਿਆ?”

“ਮਾਮਦੀਨ ...” ਤਾਏ ਦੀ ਆਵਾਜ਼ ਜਿਵੇਂ ਡੂੰਘੇ ਖੂਹ ਦੇ ਧੁਰ ਅੰਦਰੋਂ ਕਿਤਿਓਂ ਆ ਰਹੀ ਹੋਵੇ, “ਆਪਣੇ ਪਿਛਲੇ ਪਿੰਡ ਜੰਡਵਾਲੇ ਦਾ ਤੇਲੀ ਸੀ, ਬਾਪੂ ਦਾ ਲੰਗੋਟੀਆ ਯਾਰ, 24ਘੰਟੇ ਦਾ ਸਾਥ। ’ਲਾਕੇ ਵਿੱਚ ਤੇਲੀ ਤੇ ਮਹਾਜਨ ਦੀ ਯਾਰੀ ਦੀਆਂ ਗੱਲਾਂ ਹੁੰਦੀਆਂ ਸਨ।” ਮੈਂ ਚੁੱਪ ਚਾਪ ਸੁਣ ਰਿਹਾ ਸਾਂ ਤੇ ਤਾਇਆ, ਤਾਇਆ ਤਾਂ ਸ਼ਾਇਦ ਜੰਡਵਾਲੇ ਪਹੁੰਚ ਗਿਆ ਸੀਦਾਦੇ ਤੋਂ ਬਹੁਤ ਕੁਝ ਸੁਣਿਆ ਸੀ ਜੰਡਵਾਲੇ ਬਾਰੇਉਦੋਂ ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਚੂਨੀਆਂ ਕਸਬੇ ਦੇ ਕੋਲ ਸੀ ਜੰਡਵਾਲਾ। ਹੁਣ ਤਾਂ ਕਸੂਰ ਜ਼ਿਲ੍ਹਾ ਬਣ ਗਿਆ ਅਤੇ ਚੂਨੀਆਂ ਤਹਿਸੀਲ ਹੋ ਗਈ ਹੈ

1947 ਪਾਕਿਸਤਾਨ ਲਈ ਨਵਾਂ ਮੁਲਕ ਲੈ ਕੇ ਆਇਆ ਤੇ ਹਿੰਦੁਸਤਾਨ ਲਈ ਆਜ਼ਾਦੀ ਪਰ ਪੰਜਾਬੀਆਂ ਲਈ ਉਜਾੜਾਜੰਡਵਾਲੇ ਦੇ ਸ਼ਾਹ ਫ਼ਕੀਰ ਹੋ ਕੇ ਫ਼ਿਰੋਜ਼ਪੁਰ ਆਣ ਵਸੇਬੜੀ ਮਿਹਨਤ ਕੀਤੀਪੁੱਤਰਾਂ ਵੀ ਵੀਹ ਪੁਗਾ ਛੱਡੀਪਰਿਵਾਰ ਰੰਗੀਂ ਭਾਗੀਂ ਵਸਣ ਲੱਗਾਚਾਰ ਬੰਦੇ ਸਲਾਹ ਲੈਂਦੇ ਸਰਦਾਰ ਗੁਰਦਿੱਤ ਸਿੰਘ ਦੀ ਪਰ ਦਾਦੇ ਦੇ ਮਨ ਵਿੱਚ ਜੰਡਵਾਲਾ ਖੁੱਭਿਆ ਹੋਇਆ ਸੀ

ਰੋਜ਼ ਨਵੀਂ ਕਥਾ ਛਿੜਦੀ, ਕੋਈ ਪੁਰਾਣਾ ਕਿੱਸਾ, ਫ਼ਿਰੋਜ਼ਪੁਰ ਸ਼ਹਿਰ ਦੀ ਭੱਟੀਆਂ ਵਾਲੀ ਬਸਤੀ ਵਿੱਚ ਜੰਡਵਾਲਾ ਵਸਦਾ, ਨੱਚਦਾਜੰਡਵਾਲੇ ਦਾ ਜ਼ਿਕਰ ਮੇਰੇ ਦਾਦੇ ਦਾ ਨਿੱਤਨੇਮ ਸੀ ਪਰ ਮਾਮਦੀਨ ਦਾ ਜ਼ਿਕਰ ਕਦੇ ਨਹੀਂ ਸੁਣਿਆ ਸੀਸਾਡੇ ਬਾਲ ਮਨਾਂ ਨੂੰ ਵਿੱਸਰ ਗਿਆ ਹੋਣਾ ਏ ਜਾਂ ਦਾਦਾ ਹੀ ਆਪਣੀ ਯਾਰੀ ਨੂੰ ਮਨ ਹੀ ਮਨ ਧਿਆਉਂਦਾ ਰਿਹਾ ਹੋਣਾ ਏ …

ਦਿਲ ਕੇ ਆਈਨੇ ਮੇਂ ਹੈ ਤਸਵੀਰ ਏ ਯਾਰ‘
ਜਬ ਜ਼ਰਾ ਗਰਦਨ ਝੁਕਾਈ ਦੇਖ ਲੀ

ਖ਼ੈਰ ਹੁਣ ਮਾਮਦੀਨ ਮੇਰੇ ਜ਼ਿਹਨ ਵਿੱਚ ਪੁੜ ਗਿਆਮਨ ਹੀ ਮਨ ਮੈਂ ਅਹਿਦ ਕੀਤਾ, ਕਦੇ ਨਾ ਕਦੇ ਜ਼ਰੂਰ ਜਾਵਾਂਗਾ ਜੰਡਵਾਲੇ, ਮਾਮਦੀਨ ਨੂੰ ਲੱਭਾਂਗਾ ਤੇ ਉਸ ਨੂੰ ਆਖਾਂਗਾ ਕਿ ਤੇਰੇ ਯਾਰ ਨੇ ਯਾਰੀ ਪੁਗਾਈ ਹੈ, ਆਖਰੀ ਸਾਹ ਤਕ ਯਾਦ ਕਰਦਾ ਰਿਹਾ ਤੈਨੂੰ

“ਆਹ ਖੜ੍ਹਾ ਜੰਡਵਾਲਾ, ਫ਼ਿਰੋਜ਼ਪੁਰੋਂ 40 ਕਿਲੋਮੀਟਰ ਚੂਨੀਆਂ ਤੇ ਉਹਦੇ ਨਾਲ ਸਿਰਫ਼ ਚਾਰ ਮੀਲ ਤੇ ਬਾਹੀ ਜੰਡਵਾਲੇ ਦੀ।” ਮੈਂ ਸੋਚਦਾ ਰਹਿੰਦਾ ਪਰ ਜੰਡਵਾਲਾ ਕੋਈ ਚੰਡੀਗੜ੍ਹ, ਦਿੱਲੀ ਜਾਂ ਪਟਿਆਲਾ ਥੋੜ੍ਹੀ ਸੀ, ਟਿਕਟ ਲਈ, ਗੱਡੀ ਬੈਠੇ ’ਤੇ ਪਹੁੰਚ ਗਏਜੰਡਵਾਲੇ ਅਤੇ ਫ਼ਿਰੋਜ਼ਪੁਰ ਵਿਚਾਲੇ ਇੱਕ ਲੀਕ ਹੈਇਸ ਲੀਕ ਤੋਂ ਪਾਰ ਜਾਣ ਲਈ ਪਹਿਲਾਂ ਪਾਸਪੋਰਟ ਚਾਹੀਦਾ ਹੈ, ਫਿਰ ਜਾਣ ਦਾ ਸਬੱਬ ਤੇ ਨਾਲੇ ਵੀਜ਼ਾ ਚਾਹੀਦਾ ਹੈਸਿਰਫ਼ ਜਾਨਵਰ, ਪੰਛੀ ਤੇ ਹਵਾਵਾਂ ਆਪਣੀ ਮਰਜ਼ੀ ਨਾਲ ਲੀਕੋਂ ਆਰ/ਪਾਰ ਆ ਜਾ ਸਕਦੇ ਹਨਬੰਦੇ ਕੋਲ ਭਲਾ ਇੰਨੀ ਆਜ਼ਾਦੀ ਕਿੱਥੇ?

1998 ਵਿੱਚ ਪਾਸਪੋਰਟ ਵਾਲਾ ਕੰਡਾ ਵੀ ਕੱਢ ਦਿੱਤਾਯਾਰਾਂ ਦੋਸਤਾਂ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, “ਹੂੰ … ਤਿਆਰੀਆਂ ਕਨੇਡੇ ਸੈਟਲ ਹੋਣ ਦੀਆਂ।”

ਮੈਂ ਚੁੱਪ ਰਹਿੰਦਾਕੀ ਆਖਦਾ, “ਘਰ ਦੀ ਸਰਦਾਰੀ ਛੱਡ ਕੇ ਭਲਾ ਗ਼ੈਰਾਂ ਦੀ ਗੁਲਾਮੀ ਕੌਣ ਕਰੇ?” (ਮੈਂ ਹੁਣ ਦੀ ਗੱਲ ਨਹੀਂ ਕਰ ਰਿਹਾ, ਹੁਣ ਤਾਂ ਸਾਰਾ ਪੰਜਾਬ ਇਸੇ ਰਾਹੇ ਭੱਜ ਤੁਰਿਆ ਏ ਬੱਸ ਅਮਰੀਕਾ ਕੈਨੇਡਾ ਦੀ ਪੀ.ਆਰ. ਚਾਹੀਦੀ ਏ, ਕਰਵਾ ਜੋ ਮਰਜ਼ੀ ਲਵੋ। ਜਾਅਲੀ ਵਿਆਹ ਤਾਂ ਬੜੀ ਛੋਟੀ ਜਿਹੀ ਗੱਲ ਏ।)

ਮੈਂਨੂੰ ਤਾਂ ਅੱਚਵੀ ਲੱਗੀ ਹੋਈ ਸੀ ਵਾਹਗਿਓਂ ਪਾਰ ਜਾਣ ਦੀਸਬੱਬ ਬਣਿਆ 2007 ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇਭਾਈ ਮਰਦਾਨਾ ਫਾਊਂਡੇਸ਼ਨ ਵਾਲੇ ਹਰਪਾਲ ਸਿੰਘ ਭੁੱਲਰ ਹੋਰਾਂ ਵੀਜ਼ਾ ਲਵਾ ਦਿੱਤਾਉੱਧਰਲੇ ਲੇਖਕਾਂ ਦੇ ਨਾਂ ਪਤੇ ਫੋਨ ਨੰਬਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇਫ਼ੈਸਲਾਬਾਦ ਵਾਲੇ ਅੰਜੁਮ ਸਲੀਮੀ ਨੂੰ ਸੁਨੇਹਾ ਘੱਲਿਆ, “ਮੈਂ ਆ ਰਿਹਾ ਹਾਂ।”

ਜਾਣ ਵਾਲਾ ਦਿਨ ਵੀ ਆ ਗਿਆਪ੍ਰੋ਼. ਕੁਲਦੀਪ ਮੇਰਾ ਹਮਸਫ਼ਰ ਸੀਅਟਾਰੀ /ਵਾਹਗੇ ਦੀ ਲੀਕ ਪਾਰ ਕਰਦਿਆਂ ਫਿਲਮਾਂ ਡਰਾਮਿਆਂ ਕਿਤਾਬਾਂ ਰਾਹੀਂ ਜਾਣਿਆ 1947 ਮੇਰੇ ਅੰਦਰ ਗ਼ਰਦਿਸ਼ ਕਰਨ ਲੱਗਾਮੰਟੋ ਦਾ ‘ਟੋਭਾ ਟੇਕ ਸਿੰਘ’ ਜਿਵੇਂ ਮੇਰੇ ਨਾਲ ਨਾਲ ਤੁਰ ਰਿਹਾ ਸੀ, “ਉਪੜ ਦੀ ਗੁੜ-ਗੁੜ ਦੀ ਏਕਸੀ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਪਾਕਿਸਤਾਨ ਐਂਡ ਹਿੰਦੋਸਤਾਨ ਆਫ ਦੀ ਦੁਰ ਫਿੱਟੇ ਮੂੰਹ।”

ਪਰਲੇ ਪਾਰ ਨਾਜ਼ ਸਾਨੂੰ ਲੈਣ ਆਇਆ ਹੋਇਆ ਸੀ, ਐਜਾਜ਼ ਉੱਲਾ ਨਾਜ਼ਮੈਂ ਉਸ ਨੂੰ ਦੋਹਾਂ ਪੰਜਾਬਾਂ ਦਾ ਗ਼ੈਰ ਸਰਕਾਰੀ ਸਫ਼ੀਰ ਆਖਦਾ ਹਾਂਅਸੀਂ ਉਸਦੇ ਹਵਾਲੇ ਸਾਂ ਤੇ ਉਸ ਨੇ ਆਪਣਾ ਆਪ ਸਾਡੇ ਹਵਾਲੇ ਕਰ ਦਿੱਤਾ

ਮਾਡਰਨ ਕਲੌਨੀ ਪੀਕੋ ਰੋਡ, ਕੋਟ ਲੱਖਪਤ ਵਾਲਾ ਸੰਧੂ ਹਾਊਸ ਸਾਡਾ ਟਿਕਾਣਾ ਸੀਬੇਗਾਨਗੀ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀਹਰ ਪਾਸੇ ਅਪਣੱਤ, ਮੁਹੱਬਤ ਹੀ ਮੁਹੱਬਤ … ਯਾਰ ਮਿਲੇ, ਯਾਰ ਬਣੇਐਜਾਜ਼ ਤਵੱਕਲ, ਮੁਹੰਮਦ ਨਦੀਮ ਭਾਭਾ, ਖੋਜਗੜ੍ਹੀਆ ਯਾਰ ਤੇ ਮੇਰਾ ਗਰਾਂਈ ਇਕਬਾਲ ਕੈਸਰ, ਇਬਾਦ ਨਬੀਲ ਸ਼ਾਦ, ਗ਼ੁਜ਼ਰਾਂਵਾਲੇ ਦਾ ਤਾਜ ਜ਼ਾਹਿਦ ਮੁਮਤਾਜ਼, ਕਰਾਮਤ ਅਲੀ ਮੁਗ਼ਲ, ਨਸਰੀਨ ਅੰਜੁਮ ਭੱਟੀ, ਕੰਵਲ ਮੁਸ਼ਤਾਕ, ਅਫ਼ਜ਼ਲ ਸਾਹਿਰ ਅਯੂਬ ਕੈਸਰ ਕਿੰਨੇ ਕੁ ਨਾਂ ਲਵਾਂਰਾਤਾਂ ਛੋਟੀਆਂ ਤੇ ਯਾਰ ਬਥੇਰੇ ਨਜਮ ਹੁਸੈਨ ਸਈਯਦ, ਬਾਬਾ ਨਜਮੀ ਅਤੇ ਮਕਸੂਦ ਸਾਕਿਬ ਨੂੰ ਮਿਲਣਾ ਕਿਸੇ ਜ਼ਿਆਰਤ ਤੋਂ ਘੱਟ ਨਹੀਂ ਸੀ। (ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਹੋਰ ਗੁਰੂਧਾਮਾਂ ਦੀ ਯਾਤਰਾ ਵੀ ਇਸ ਫੇਰੀ ਦਾ ਹਿੱਸਾ ਸੀ ਪਰ ਉਹ ਇਸ ਮਜ਼ਬੂਨ ਦਾ ਵਿਸ਼ਾ ਨਹੀਂ … ਫਿਰ ਕਦੇ)

ਨਾਜ਼ ਦੇ ਪਿਤਾ ਬਿਸ਼ਨ ਸੰਧੂ ਵਿੱਚੋਂ ਮੈਂਨੂੰ ਆਪਣੇ ਦਾਦੇ ਦੇ ਨਕਸ਼ ਨਜ਼ਰ ਆਉਂਦੇ। (ਇੱਧਰਲੇ ਪੰਜਾਬੀਆਂ ਨਾਲ ਉਨ੍ਹਾਂ ਦੀ ਮੁਹੱਬਤ ਦੇ ਕਿੱਸੇ ਮਰਹੂਮ ਤਲਵਿੰਦਰ ਸੁਣਾ ਸਕਦਾ ਸੀ। ਹੁਣ ਗੁਰਤੇਜ ਕੋਹਾਰਵਾਲਾ ਸੁਣਾ ਸਕਦਾ ਹੈ ਜਾਂ ਰਮਨਦੀਪ ਸੰਧੂ।)

ਮੇਰੀ ਜੰਡਵਾਲਾ ਵੇਖਣ ਦੀ ਪਿਆਸ ਹੋਰ ਤਿੱਖੀ ਹੁੰਦੀ ਜਾ ਰਹੀ ਸੀ ਪਰ ਕੋਈ ਸਬੱਬ ਹੀ ਨਹੀਂ ਬਣ ਰਿਹਾ ਸੀਦਿਨ ਮੁੱਕ ਰਹੇ ਸਨਜਿਸ ਵੇਲੇ ਇਕਬਾਲ ਕੈਸਰ ਨੂੰ ਮੇਰੀ ਪਿਆਸ ਦਾ ਅਹਿਸਾਸ ਹੋਇਆ, ਉਹ ਲਾਹੌਰ ਵਿੱਚ ਮੇਰੀ ਆਖਰੀ ਰਾਤ ਸੀਉਹਨੇ ਤਜੱਮਲ ਕਲੀਮ ਨੂੰ ਫੋਨ ਖੜਕਾ ਦਿੱਤਾ, “ਸ਼ਾਇਰ ਏ ਬਹੁਤ ਪਿਆਰਾ, ਦੋਸਤ ਉਸ ਤੋਂ ਵੀ ਵੱਧ, ਚੂਨੀਆਂ ਦਾ ਏ।” ਕੈਸਰ ਨੇ ਦੱਸਿਆ

“ਇਹ ਕਿਹੜੀ ਗੱਲ ਏ, ਕਰੋ ਤਿਆਰੀ, ਮੈਂ ਹੁਣੇ ਆ ਕੇ ਲੈ ਜਾਂਦਾ ਹਾਂ। ਦਸ ਵੱਜੇ ਨੇ, ਰਾਤੀਂ ਇੱਕ ਵਜੇ ਨੂੰ ਜੰਡਵਾਲੇ ਹੋਵਾਂਗੇ।” ਤਜੱਮਲ ਦੇ ਉਮਾਹ ਨੇ ਮੈਂਨੂੰ ਖੇੜੇ ਵਿੱਚ ਲੈ ਆਂਦਾਅਗਲੀ ਸਵੇਰ ਮੇਰੀ ਵਾਪਸੀ, ਦਿਲ ’ਤੇ ਪੱਥਰ ਰੱਖ ਲਿਆਇੰਝ ਇੱਕ ਹੋਰ ਫੇਰੀ ਦਾ ਬਹਾਨਾ ਵੀ ਬਣਿਆ ਰਿਹਾ

(ਤੁਸੀਂ ਕਹੋਗੇ ਗੱਲ ਤਾਂ ਮਾਮਦੀਨ ਦੀ ਕਰਨੀ ਸੀ, ਹੋਰ ਈ ਕਥਾ ਛੇੜ ਕੇ ਬਹਿ ਗਿਆਕੀ ਕਰਾਂ, ਦੋਸਤੋ ਇਹ ਸੱਧਰਾਂ ਦਾ ਸਫ਼ਰ ਹੈ, ਮਨ ਦੀਆਂ ਅੱਚਵੀਆਂ, ਬੇਚੈਨੀਆਂ ਦਾ ਸਫ਼ਰਨਾਮਾਖ਼ੈਰ …)

ਨਵੰਬਰ 2008 … ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ … ਆਪਾਂ ਫਿਰ ਵਾਹਗਿਓਂ ਪਾਰ … ਲਾਹੌਰ ਦੇ ਟੇਸ਼ਨ ’ਤੇ ਨਾਜ਼ ਭਾਅ ਦੇ ਨਾਲ ਇਸ ਵਾਰ ਅਕਰਮ ਸ਼ੇਖ ਸੀ … ਰੂਹ ਵਾਲਾ ਬੰਦਾ।

(ਹੁਣੇ ਫਰਵਰੀ ਵਿੱਚ ਅਸੀਂ ਸਾਰੇ ਇਕੱਠੇ ਸਾਂ ਫ਼ਿਰੋਜ਼ਪੁਰਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਤੇ ਤਜੱਮਲ ਕਲੀਮ, ਅੰਜੁਮ ਸਲੀਮੀ, ਨਸਰੀਨ ਅੰਜੁਮ ਭੱਟੀ, ਜ਼ਾਹਿਦ ਮੁਮਤਾਜ਼, ਨਾਜ਼, ਸ਼ੇਖ ਇਮਰਾਨਾ ਮੁਸ਼ਤਾਕ ਅਤੇ ਉਸਦੀ ਬੇਟੀ) ਟਿਕਾਣਾ ਫਿਰ ਉਹੀ ਮਾਡਰਨ ਕਲੌਨੀ ਪੀਕੋ ਰੋਡ, ਕੋਟ ਲੱਖਪਤ ਵਾਲਾ ਸੰਧੂ ਹਾਊਸ ਨਾਜ਼ ਭਾਅ ਦਾ ਘਰ

ਅਗਲੇ ਦਿਨ ਸਵੇਰੇ ਸਵੇਰੇ ਤਜੱਮਲ ਵੀ ਆ ਗਿਆਘੁੱਟ ਕੇ ਪਈਆਂ ਜੱਫੀਆਂ ਅਜੇ ਖੁੱਲ੍ਹੀਆਂ ਵੀ ਨਹੀਂ ਸਨ ਕਿ ਤਜੱਮਲ ਨੇ ਕਿਹਾ, “ਅੱਜ ਹੀ ਚੱਲੀਏ ਜੰਡਵਾਲੇ?”

ਅੰਨ੍ਹਾ ਕੀ ਭਾਲੇ, ਦੋ ਅੱਖਾਂਮੇਰੇ ਲਈ ਤਾਂ ਇਹ ਮੇਰੇ ਖ਼ਾਬ ਨੂੰ ਤਾਬੀਰ ਮਿਲਣ ਵਾਲੀ ਗੱਲ ਸੀਤਜੱਮਲ ਦੇ ਸ਼ਗਿਰਦ ਤਸਦੱਕ ਭੱਟੀ ਨੇ ਡਰਾਇਵਿੰਗ ਸੀਟ ਸੰਭਾਲੀ ਤੇ ਗੱਡੀ ਛਾਂਗਾ ਮਾਂਗਾ ਦੇ ਜੰਗਲ ਨੂੰ ਲੰਘਦੀ ਚੂਨੀਆਂ ਦੇ ਰਾਹ ਪੈ ਗਈਪੰਜਾਬੀ ਦੇ ਪਿਆਰੇ ਸ਼ਾਇਰ ਰਾਣਾ ਸਈਯਦ ਅਖ਼ਤਰ ਨੇ ਸਾਨੂੰ ਜੀਅ ਆਇਆਂ ਨੂੰ ਕਿਹਾ

ਦੋ ਗੱਡੀਆਂ ਦਾ ਛੋਟਾ ਜਿਹਾ ਕਾਫ਼ਲਾ ਚੂਨੀਆਂ ਤੋਂ ਜੰਡਵਾਲੇ ਦੇ ਰਾਹ ਨੂੰ ਪੈ ਗਿਆਮੇਰੇ ਮਨ ਦੀ ਸਕਰੀਨ ਤੇ ਦਾਦਾ ਗੁਰਦਿੱਤ ਸਿੰਘ ਬੋਲ ਰਿਹਾ ਸੀ, “ਮਾਮਦੀਨ ਨੂੰ ਬੁਲਾਓਮਾਮਦੀਨ ਕਿੱਥੇ ਹੈ।”

ਕਾਰ ਦੀ ਬਰੇਕ ਲੱਗੀ ਤਾਂ ਮੇਰੀਆਂ ਸੋਚਾਂ ਦੀ ਲੜੀ ਟੁੱਟੀਇਹ ਜੰਡਵਾਲੇ ਦੀ ਸੱਥ ਸੀਮੈਂ ਕਾਰ ਵਿੱਚੋਂ ਉੱਤਰਦਿਆਂ ਮਨ ਹੀ ਮਨ ਆਪਣੇ ਵੱਡਿਆਂ ਦੀ ਜੰਮਣ ਭੋਏਂ ਨੂੰ ਸਜਦਾ ਕੀਤਾਆਲੇ ਦੁਆਲੇ ਦੇ ਲੋਕ ਨੇੜੇ ਆ ਗਏਉੱਚੀ ਆਵਾਜ਼ ਵਿੱਚ ‘ਸਤਿ ਸ੍ਰੀ ਅਕਾਲ ਸਰਦਾਰ ਜੀ’ ਕਹਿੰਦੇ, ਖ਼ੈਰ ਸੁੱਖ ਪੁੱਛਦੇਇਉਂ ਵਾਹਵਾ ਇਕੱਠ ਹੋ ਗਿਆਕਿਸੇ ਨੇ ਪੁੱਛਿਆ, “ਸਰਦਾਰ ਜੀ ਵੱਡਿਆਂ ਦੇ ਘਰ ਬਾਰ ਤੱਕਣ ਆਏ ਓ?” ਮੇਰੇ ਹਾਂ ਕਹਿਣ ’ਤੇ ਉਸਨੇ ਇੱਕ ਮੁੰਡਾ ਭੇਜਿਆ, “ਜਾਹ ਬਾਬੇ ਹਾਕਮ ਨੂੰ ਬੁਲਾ ਕੇ ਲਿਆ, ਉਹਨੂੰ ਕੁੱਲ ਪਿੰਡ ਦਾ ਪਤੈ, ਪੁਰਾਣਾ ਬੰਦੈ

ਨਿੱਕੇ ਕੱਦ ਵਾਲਾ ਬਾਬਾ ਹਾਕਮ ਆ ਗਿਆ74-75 ਸਾਲ ਉਮਰ, ਚਿਹਰੇ ’ਤੇ ਇੱਕ ਚਾਅਆਉਂਦਿਆਂ ਹੀ ਉਹਨੇ ਮੈਂਨੂੰ ਜੱਫੀ ਵਿੱਚ ਲੈ ਕੇ ਘੁੱਟਿਆ ਤੇ ਫਿਰ ਬੋਲਿਆ, “ਕਿਨ੍ਹਾਂ ਵਿੱਚੋਂ ਏਂ ਤੂੰ ਕਾਕਾ?”

ਮੈਂ ਸਰਦਾਰ ਗੁਰਦਿੱਤ ਸਿੰਘ ਦਾ ਪੋਤਾ …” ਫਿਕਰਾ ਅਜੇ ਪੂਰਾ ਨਹੀਂ ਹੋਇਆ ਸੀਬਾਬਾ ਇੱਕ ਦਮ ਬੋਲਿਆ, “ਤੂੰ ਦਰਸ਼ਨ ਦਾ ਪੁੱਤ ਏਂ?

“ਨਹੀਂ”

“ਜਗੀਰੇ ਦਾ?” ਬਾਬਾ ਮੇਰੇ ਬਜ਼ੁਰਗਾਂ ਦੇ ਨਾਂ ਇੰਝ ਲੈ ਰਿਹਾ ਸੀ ਜਿਵੇਂ ਉਹ ਅਜੇ ਕੱਲ੍ਹ ਹੀ ਵਿਛੜੇ ਹੋਣ

“ਮੈਂ ਜਗੀਰ ਸਿੰਘ ਤੋਂ ਛੋਟੇ ਅਮਰੀਕ ਸਿੰਘ ਦਾ ਪੁੱਤਰ ਆਂ।”

ਪਰ ਬਾਬਾ ਤਾਂ ਜਿਵੇਂ 61 ਸਾਲ ਪਿੱਛੇ ਪਰਤ ਗਿਆ ਸੀ, ਸ਼ਾਇਦ ਆਪਣੇ ਯਾਰਾਂ ਨਾਲ ਵਿਚਰਨ ਲੱਗ ਪਿਆ ਸੀਇੰਨੇ ਲੰਮੇ ਅਰਸੇ ਵਿੱਚ ਉਸ ਨੂੰ ਨਾ ਦਰਸ਼ਨ ਵਿੱਸਰਿਆ ਸੀ ਨਾ ਜਗੀਰਉਹਨੇ ਮੇਰੇ ਵੱਡੇ ਵੱਡੇਰਿਆਂ ਦਾ ਇਕੱਲੇ ਇਕੱਲੇ ਦਾ ਨਾਂ ਲੈ ਕੇ ਹਾਲ ਪੁੱਛਿਆਫਿਰ ਉਹ ਮੈਂਨੂੰ ਉਸ ਘਰ ਵੱਲ ਲੈ ਤੁਰਿਆ ਜੋ ਕਦੇ ਸਾਡਾ ਹੁੰਦਾ ਸੀਮੈਂ ਆਜ਼ਾਦੀ ਤੋਂ ਇੱਕੀ ਸਾਲ ਬਾਅਦ ਜੰਮਿਆ ਬੰਦਾ, ਜਿਸ ਨੂੰ ਉਜਾੜੇ ਬਾਰੇ ਸਿਰਫ਼ ਕਿਤਾਬੀ ਗਿਆਨ ਸੀ, ਭਰੀਆਂ ਅੱਖਾਂ ਨਾਲ ਅੰਦਰ ਵੜਿਆ ਸਾਂ, ਜੇ ਮੇਰੇ ਨਾਲ ਬਾਪੂ ਗੁਰਦਿੱਤ ਸਿੰਘ ਹੁੰਦਾ ਫਿਰ ...।

ਬਾਬੇ ਹਾਕਮ ਦੇ ਵਿਹੜੇ ਦੀ ਉਹ ਸ਼ਾਮ ਰੂਹਾਂ ਦੇ ਵਸਲ ਦੀ ਸ਼ਾਮ ਸੀਪੁਰਾਣੀਆਂ ਯਾਦਾਂ ਸਨ, ਬਾਬਾ ਹਾਕਮ ਦੀ ਅੱਲ੍ਹੜ ਵਰੇਸ ਦੇ ਕਿੱਸੇ ਸਨ ਜਿਨ੍ਹਾਂ ਵਿੱਚ ਮੇਰੇ ਵੱਡੇ ਵਡੇਰੇ ਵੀ ਸ਼ਾਮਲ ਸਨ। ਮੇਰੇ ਦਾਦੇ ਦੀ ਵਡਿਆਈ ਸੀ, ਮੇਰੇ ਖਾਨਦਾਨ ਦੀ ਸਿਫ਼ਤ ਸਾਲਾਹ ਸੀ। ਪਿੰਡ ਵਾਲਿਆਂ ਦੀ ਮੁਹੱਬਤ ਸੀ, ਤਜੱਮਲ ਕਲੀਮ, ਰਾਣਾ ਸਈਯਦ ਅਤੇ ਤਸਦੱਕ ਭੱਟੀ ਦੀ ਗਵਾਹੀ ਸੀਉਹ ਬੜੀ ਭਰੀ ਭਰੀ ਸ਼ਾਮ ਸੀ ਪਰ … ਕਿਤੇ ਕੋਈ ਸੱਖਣਾਪਨ ਸੀਬਾਬੇ ਹਾਕਮ ਦੇ ਵੱਡੇ ਵਿਹੜੇ ਵਿੱਚ ਗੁਰਦਿੱਤ ਸਿੰਘ ਦੇ ਪੋਤਰੇ ਨੂੰ ਵੇਖਣ/ਮਿਲਣ ਆਈ ਭੀੜ ਵਿੱਚ ‘ਮਾਮਦੀਨ ਕਿੱਥੇ ਸੀ?’

ਮੈਂ ਬਾਬਾ ਹਾਕਮ ਨੂੰ ਮਾਮਦੀਨ ਬਾਰੇ ਪੁੱਛਿਆਉਹਨੇ ਮੈਂਨੂੰ ਕੋਈ ਜਵਾਬ ਨਾ ਦਿੱਤਾਕੋਲ ਬੈਠੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਮਾਮਦੀਨ ਦੇ ਮੁੰਡੇ ਨੂੰ ਬੁਲਾ ਲਿਆਵੇਮੈਂਨੂੰ ਸਮਝ ਆ ਗਈ ਸੀਮਾਮਦੀਨ ਨਾਂ ਦਾ ਭੌਰ ਵੀ ਉਡਾਰੀ ਮਾਰ ਚੁੱਕਾ ਸੀਮਾਮਦੀਨ ਦਾ ਪੁੱਤਰ ਆਇਆਬਾਬੇ ਨੇ ਉਹਨੂੰ ਮੇਰੇ ਬਾਰੇ ਦੱਸਿਆਉਹ ਧਾਅ ਕੇ ਮੇਰੇ ਵੱਲ ਹੋਇਆ। ਨਾ ਦੁਆ ਸਲਾਮ, ਨਾ ਫਤਿਹ ਬੁਲਾਈ, ਬੱਸ ਗਲਵੱਕੜੀ ਪੈ ਗਈ। ਪੱਕੀ ਪੀਡੀ ਗਲਵੱਕੜੀਅਸਾਂ ਦੋਹਾਂ ਦੀਆਂ ਅੱਖਾਂ ਸਿੱਲੀਆਂ ਸਨ, ਤੇ ਸ਼ਾਇਦ ਸਭ ਦੀਆਂ ਹੀ, ਜੋ ਉੱਥੇ ਹਾਜ਼ਰ ਸਨ

ਇਹ ਦੋਂਹ ਬੰਦਿਆਂ ਦੀ ਮਿਲਣੀ ਨਹੀਂ ਸੀਇਹ ਉਸ ਅਹਿਸਾਸ ਦੀ ਜੱਫੀ ਸੀ ਜੋ ਕਦੇ ਗੁਰਦਿੱਤ ਸਿੰਘ ਅਤੇ ਮਾਮਦੀਨ ਵਿਚਾਲੇ ਧੜਕਦਾ ਸੀ, ਹੁਣ ਉਹਨਾਂ ਦੀਆਂ ਉਲਾਦਾਂ ਵਿੱਚ ਰੁਮਕਿਆ ਸੀਪਿਆਰ ਦਾ, ਸਾਂਝ ਦਾ, ਯਾਰੀ ਦਾ ਅਹਿਸਾਸਇਸ ਨੇ ਇਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਨਾ ਹੈਤਦੇ ਤਾਂ ਬੇਵਸਾਹੀ ਦੇ ਬੱਦਲ ਛਟਣਗੇਮੁਹੱਬਤਾਂ ਦੀ ਕਿਣਮਿਣ ਹੋਵੇਗੀ ਜਿਸ ਵਿੱਚ ਅਸੀਂ ਪੰਜਾਬੀ ਭਿੱਜ ਭਿੱਜ ਜਾਵਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3427)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਮੀਤ ਵਿਦਿਆਰਥੀ

ਹਰਮੀਤ ਵਿਦਿਆਰਥੀ

Firozpur, Punjab, India.
Phone: (91 - 98149 - 76926)