HarmitVidiarthi7“ਵੱਖ ਵੱਖ ਪੜਾਵਾਂ ਵਿੱਚੋਂ ਲੰਘਦਿਆਂ, ਹਕੂਮਤੀ ਜਬਰ ਨਾਲ ਟਕਰਾਉਂਦਿਆਂ, ਆਪੋ ਵਿਚਲੇ ...”
(22 ਅਗਸਤ 2021)

 

ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਤੱਕ

ਸਾਊਥ ਦੀ ਹਿੰਦੀ ਵਿੱਚ ਡੱਬ ਫਿਲਮ ਨਾਟ ਆਊਟ” ਵੇਖ ਰਿਹਾ ਸਾਂ ਕਿਸਾਨ ਪਰਿਵਾਰ ਵਿੱਚੋਂ ਆਈ ਕੁਸ਼ੱਲਿਆ ਮੰਜੂਨਾਥ ‘ਵੂਮੈਨ ਆਫ਼ ਦੀ ਮੈਚ’ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਬੋਲ ਰਹੀ ਹੈ, “ਅਸੀਂ ਗਿਆਰਾਂ ਪਲੇਅਰ ਵਰਲਡ ਕੱਪ ਜਿੱਤਣ ਆਏ ਹਾਂ ਸਾਰਾ ਦੇਸ਼ ਸਾਡੇ ਪਿੱਛੇ ਖੜਾ ਹੈਕੀ ਕਿਸਾਨਾਂ ਦੀ ਲੜਾਈ ਦੀ ਜਿੱਤ ਲਈ ਕੋਈ ਖੜ੍ਹਾ ਹੈ?” ਫਿਲਮ ਵਿੱਚ ਉਹ ਇਹ ਗੱਲ ਆਪਣੇ ਪਰਿਵਾਰ ਦੇ ਪ੍ਰਸੰਗ ਵਿੱਚ ਕਰ ਰਹੀ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜ੍ਹਾ ਹੈ

9 ਅਗਸਤ 2020 ਤੋਂ ਪੰਜਾਬ ਦੀਆਂ ਸੜਕਾਂ, ਰੇਲ ਪਟੜੀਆਂ, ਰਿਲਾਇੰਸ ਦੇ ਪੰਪਾਂ ਅਤੇ ਮਾਲਜ਼ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੂੰ 12 ਮਹੀਨੇ ਹੋ ਚੁੱਕੇ ਨੇਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠਿਆਂ ਨੂੰ ਵੀ ਸਾਢੇ ਅੱਠ ਮਹੀਨੇ ਹੋ ਚੁੱਕੇ ਹਨ, ਤਕਰੀਬਨ 245 ਦਿਨਪੋਹ ਮਾਘ ਦਾ ਕੱਕਰ, ਮਾਈਨਸ ਡਿਗਰੀ ਟੈਂਪਰੇਚਰ, ਮੀਂਹ, ਭਰ ਗਰਮੀ, ਲੂ, ਹਨੇਰੀਆਂ, ਕੀ ਨਹੀਂ ਜਰਿਆਸਰਕਾਰਾਂ ਦੁਆਰਾ ਘੋਸ਼ਿਤ ਅੰਨਦਾਤੇ ਨੇ ਖੁੱਲ੍ਹੇ ਅਸਮਾਨ ਥੱਲੇ ਬਿਸਤਰੇ ਲਾ ਕੇ ਕੱਟੇ ਨੇ

ਲੜਾਈ ਵਕਤ ਦੀ ਹਕੂਮਤ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਇਰਾਦੇ ਨਾਲ ਲਿਆਂਦੇ ਤਿੰਨ ਕਿਸਾਨ ਵਿਰੋਧੀ ਲੋਕ ਮਾਰੂ ਬਿੱਲਾਂ ਦੇ ਖ਼ਿਲਾਫ਼ ਚੱਲ ਰਹੀ ਹੈਨਿੱਤ ਦਿਹਾੜੇ ਨਵੇਂ ਰੰਗ ਬਦਲਣ ਤੋਂ ਬਾਅਦ ਇਹ ਮੋਰਚਾ ਹੁਣ ਸਹਿਜ ਰੌਂਅ ਵਿੱਚ ਚੁੱਕਾ ਹੈਸ਼ੰਭੂ, ਟਿੱਕਰੀ, ਸ਼ਾਹਜਹਾਂਪੁਰ, ਗ਼ਾਜ਼ੀਪੁਰ ਨੂੰ ਪਿਕਨਿਕ ਸਪਾਟ ਸਮਝ ਕੇ ਸੈਲਫੀਆਂ ਖਿਚਾਉਣ ਵਾਲੇ ਘਰੋ ਘਰੀਂ ਚੁੱਕੇ ਨੇਇਸਦੇ ਬਾਵਜੂਦ ਇਹਨਾਂ ਬਾਰਡਰਾਂ ’ਤੇ ਜਾਣ ਵਾਲਿਆਂ ਦੇ ਵਾਹਨਾਂ ਦੀ ਲੜੀ ਟੁੱਟਣ ਵਿੱਚ ਨਹੀਂ ਰਹੀਇਹੀ ਇਸ ਲੜਾਈ ਦੀ ਤਾਕਤ ਹੈ

ਇਸ ਲੜਾਈ ਨੂੰ ਖਾਲਿਸਤਾਨੀ, ਸਿਰਫ਼ ਪੰਜਾਬੀ, ਪਾਕਿਸਤਾਨੀ, ਚੀਨੀ, ਸਿੱਖ ਬਨਾਮ ਕਾਮਰੇਡ, ਪੰਜਾਬ ਬਨਾਮ ਦੇਸ਼, ਪੰਜਾਬ ਬਨਾਮ ਹਰਿਆਣਾ, ਸਤਲੁਜ ਜਮੁਨਾ ਲਿੰਕ ਨਹਿਰ, ਜਥੇਬੰਦੀਆਂ ਬਨਾਮ ਨੌਜਵਾਨ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਕੋਈ ਅੰਤ ਨਹੀਂ ਰਿਹਾ ਪਰ ਸਰਕਾਰ ਦਾ ਹਰ ਹਰਬਾ ਫੇਲ ਰਿਹਾ ਕਿਉਂਕਿ ਲੜਾਈ ਕਿਸਾਨ ਲੜ ਰਿਹਾ ਹੈ ਤੇ ਹਰ ਉਹ ਭਾਈਚਾਰਾ ਜਿਸ ਨੂੰ ਮਿੱਟੀ ਨਾਲ ਮੋਹ ਹੈ, ਇਸ ਲੜਾਈ ਨੂੰ ਆਪਣੀ ਲੜਾਈ ਸਮਝ ਰਿਹਾ ਹੈ

ਮਿੱਟੀ ਨੂੰ ਮੋਹ ਕਰਨ ਵਾਲਿਆਂ ਦੀ ਲੜਾਈ ਸਿਰਫ਼ ਹਕੂਮਤ ਨਾਲ ਨਹੀਂ ਹੈਜੇ ਗੱਲ ਸਿਰਫ਼ ਏਨੀ ਕੁ ਹੁੰਦੀ ਤਾਂ ਹੁਣ ਤੱਕ ਮੁੱਕ ਗਈ ਹੁੰਦੀਸਰਕਾਰ ਕਾਰਪੋਰੇਟਾਂ ਦੀ ਰਖੇਲ ਹੈ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਦੀ ਗੁਲਾਮਨੱਬੇਵਿਆਂ ਦੇ ਸ਼ੁਰੂ ਵਿੱਚ ਗੈਟ ਵਰਗੇ ਸਮਝੌਤਿਆਂ ਅਤੇ ਡੰਕਲ ਡਰਾਫ਼ਟ ਦੇ ਖ਼ਿਲਾਫ਼ ਬੋਲਣ ਵਾਲੇ ‘ਕਾਮਰੇਡ’ ਲੋਕਾਂ ਨੂੰ ਪਾਗਲ ਲੱਗਦੇ ਸਨ ਪਰ ਉਹਨਾਂ ਸਮਝੌਤਿਆਂ ਦੇ ਅਸਰ ਪਹਿਲਾਂ ਹੌਲੀ ਹੌਲੀ ਤੇ 2014 ਤੋਂ ਬਾਅਦ ਤੇਜ਼ੀ ਨਾਲ ਸਾਡੇ ਸਾਹਮਣੇ ਰਹੇ ਹਨ

ਨਿਮਨ ਅਤੇ ਮੱਧ ਸ਼੍ਰੇਣੀ ਦੇ ਹਾਲਾਤ ਦਿਨ ਬਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨਹਜ਼ਾਰਾਂ ਕੁਰਬਾਨੀਆਂ ਦੇ ਕੇ ਤਿਆਰ ਕੀਤੇ ਪਬਲਿਕ ਸੈਕਟਰ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਮਲੀਆਮੇਟ ਕੀਤਾ ਜਾ ਰਿਹਾ ਹੈਘਰ ਦੇ ਭਾਂਡੇ ਵੇਚ ਕੇ ਅਯਾਸ਼ੀ ਦਾ ਸਾਮਾਨ ਖਰੀਦਿਆ ਜਾ ਰਿਹਾ ਹੈਰੇਲਵੇ, ਏਅਰਪੋਰਟ, ਬੰਦਰਗਾਹਾਂ, ਪੈਟਰੋਲੀਅਮ ਸਭ ਕੁਝ ਇੱਕ ਇੱਕ ਕਰਕੇ ਵੇਚਿਆ ਜਾ ਰਿਹਾ ਹੈ

ਇੱਕ ਸਵਾਲ ਹਰ ਵਿਅਕਤੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਸਰਕਾਰੀ ਅਦਾਰੇ ਸੱਚਮੁੱਚ ਘਾਟੇ ਵਿੱਚ ਹਨ ਤਾਂ ਪ੍ਰਾਈਵੇਟ ਵਪਾਰੀ ਇਸ ਘਾਟੇ ਦੇ ਸੌਦੇ ਨੂੰ ਕਿਉਂ ਖਰੀਦਣ ਲਈ ਤਰਲੋਮੱਛੀ ਹੋ ਰਿਹਾ ਹੈ ਤੇ ਜੇ ਸਰਕਾਰੀ ਅਦਾਰੇ ਮੁਨਾਫ਼ੇ ਵਿੱਚ ਹਨ ਤਾਂ ਸਰਕਾਰ ਇਹਨਾਂ ਨੂੰ ਵੇਚਣ ਲਈ ਕਿਉਂ ਪੱਬਾਂ ਭਾਰ ਹੋਈ ਖਲੋਤੀ ਹੈ?

ਅਜਿਹੇ ਸਮਿਆਂ ਵਿੱਚ ਸਰਕਾਰ ਦੀਆਂ ਪਾਲਸੀਆਂ ਦਾ ਵਿਰੋਧ ਨਾ ਹੋਵੇ, ਇਸ ਲਈ ਹਕੂਮਤ ਹਰ ਰੋਜ਼ ਨਵੇਂ ਮਸਲੇ ਉਛਾਲਦੀ ਹੈਇਹਨਾਂ ਮਸਲਿਆਂ ਦੇ ਵਾਵਰੋਲਿਆਂ ਵਿੱਚ ਅਸਲੀ ਸਵਾਲ ਗੁੰਮ ਗੁਆਚ ਜਾਂਦੇ ਨੇਜਿਨ੍ਹਾਂ ਦੇ ਸਿਰ ਅਸਲ ਸੁਆਲਾਂ ਨੂੰ ਲੋਕਾਂ ਦੇ ਸਨਮੁੱਖ ਰੱਖ ਕੇ ਲੋਕਾਂ ਦੀ ਲਾਮਬੰਦੀ ਕਰਨ ਦੀ ਜ਼ਿੰਮੇਵਾਰੀ ਸੀ, ਉਹ ਫਾਸ਼ੀਵਾਦ ਦੀਆਂ ਭੂਲ ਭੂਲਈਆਂ ਵਿੱਚ ਅਜਿਹੇ ਗੁਆਚੇ ਕਿ ਬਾਕੀ ਸਾਰੇ ਮਸਲਿਆਂ ਨੂੰ ਵਿਸਾਰ ਹੀ ਦਿੱਤਾ

ਮਨੁੱਖੀ ਜ਼ਿੰਦਗੀ ਕਿਉਂਕਿ ਦਿਨ ਬਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ, ਆਮ ਆਦਮੀ ਨੂੰ ਜ਼ਿੰਦਗੀ ਦੇ ਚੱਕਰ ਵਿੱਚੋਂ ਬਾਹਰ ਧੱਕ ਦੇਣ ਵਾਲੀਆਂ ਨੀਤੀਆਂ ਬਣ ਰਹੀਆਂ ਹਨਪ੍ਰਾਈਵੇਟ ਸਕੂਲ, ਹਸਪਤਾਲ ਪ੍ਰਾਈਵੇਟ ਟਰਾਂਸਪੋਰਟ, ਸ਼ਾਪਿੰਗ ਮਾਲ, ਪੀ ਵੀ ਆਰ, ਐਕਸਪ੍ਰੈਸ ਵੇ (ਕਦੇ ਨਿਗਾਹ ਮਾਰ ਕੇ ਵੇਖਿਓ ਇਹਨਾਂ ਸਾਰੀਆਂ ਥਾਵਾਂ ’ਤੇ ਕੌਣ ਲੋਕ ਹੁੰਦੇ ਹਨ) ਜ਼ਿੰਦਗੀ ਦੇ ਹਰ ਖੇਤਰ ਵਿੱਚੋਂ ਸਾਧਾਰਨ ਆਦਮੀ ਦੀ ਵਿਦਾਇਗੀ ਦਾ ਸਕ੍ਰੀਨਪਲੇ ਲਿਖਿਆ ਜਾ ਚੁੱਕਾ ਹੈਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਦੀ ਹਕੂਮਤ ਦਾ ਵਿਚਾਰ ਤਹਿਸ ਨਹਿਸ ਹੋ ਚੁੱਕਾ ਹੈਸਮਾਜ ਦਾ ਚੌਥਾ ਥੰਮ੍ਹ ਹੋਣ ਦਾ ਅਭਿਮਾਨ ਕਰਨ ਵਾਲਾ ਮੀਡੀਆ ਵੀ ਵਾਚ ਡੌਗ ਦੀ ਥਾਂ ਪੂਛ ਹਿਲਾਉਣ ਵਾਲਾ ਡੌਗੀ ਬਣ ਕੇ ਰਹਿ ਗਿਆ ਹੈਰਾਜਨੀਤਿਕ ਲੋਕ, ਕਾਰਪੋਰੇਟ, ਮੀਡੀਆ, ਪੁਲਿਸ, ਬਿਊਰੋਕਰੇਸੀ, ਸਭ ਆਮ ਲੋਕਾਂ ਦੇ ਖ਼ਿਲਾਫ਼ ਬਣੇ ਮੋਰਚੇ ਦੇ ਭਾਈਵਾਲ ਬਣ ਗਏਸੁਖ ਸੁਵਿਧਾਵਾਂ ਦੇ ਨਾਂ ’ਤੇ ਲੋਕਾਂ ਨੂੰ ਆਪੋ ਵਿੱਚ ਤੋੜ ਕੇ ਇਕੱਲਿਆਂ ਕਰ ਦੇਣ ਦਾ ਪ੍ਰਾਜੈਕਟ ਜੋਰਾਂ ਸ਼ੋਰਾਂ ’ਤੇ ਹੈਆਨਲਾਈਨ ਸ਼ਾਪਿੰਗ, ਆਨਲਾਈਨ ਬਿਲਿੰਗ, ਆਨਲਾਈਨ ਮੂਵੀ, ਹਰ ਉਹ ਥਾਂ ਜਿੱਥੇ ਚਾਰ ਜੀਅ ਰਲ ਕੇ ਬੈਠ ਸਕਦੇ ਹੋਣ, ਗੱਲ ਕਰ ਸਕਦੇ ਹੋਣ, ਉਹਦਾ ਖ਼ਾਤਮਾ ਕਰਨ ਲਈ ਬਾਜ਼ਾਰ ਪੱਬਾਂ ਭਾਰ ਹੈਆਨਲਾਈਨ ਐਜੂਕੇਸ਼ਨ ਚੱਲ” ਰਹੀ ਹੈਆਉਣ ਵਾਲੇ ਦਿਨਾਂ ਵਿੱਚ ਆਨਲਾਇਨ ਸਸਕਾਰ ਅਤੇ ਭੋਗਾਂ ਦਾ ਟਰੈਂਡ ਵੀ ਛੇਤੀ ਵੇਖਣ ਨੂੰ ਮਿਲੇਗਾ

ਅਜਿਹੇ ਸਮਿਆਂ ਵਿੱਚ ਇਕਬਾਲ ਦੇ ਕਹਿਣ ਅਨੁਸਾਰ - ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ

ਸਰਕਾਰ ਸਿਆਸੀ ਵਿਰੋਧੀਆਂ ਨੂੰ ਨਿੱਸਲ ਕਰਕੇ, ਯੂਨੀਵਰਸਿਟੀਆਂ ਨੂੰ ਲੋਕਾਂ ਵਿੱਚ ਬੱਦੂ ਕਰਕੇ, ਵਿਰੋਧ ਦੀ ਹਰ ਆਵਾਜ਼ ਨੂੰ ਪਿੰਜਰੇ ਪਾ ਕੇ ਆਪਣੇ ਖਾਸ ਯਾਰਾਂ ਦੇ ਮੁਨਾਫ਼ੇ ਦੀ ਹਾਬੜ ਪੂਰੀ ਕਰਨ ਲਈ ਕਿਸਾਨੀ ਨੂੰ ਕਾਰਪੋਰਟਾਂ ਦੀ ਗੁਲਾਮ ਬਨਾਉਣ ਲਈ ਤਿੰਨ ਕਾਲੇ ਕਾਨੂੰਨ ਲੈ ਕੇ ਆਈਸਰਕਾਰ ਨੂੰ ਇਹ ਵਿਸ਼ਵਾਸ ਸੀ ਕਿ ਕਰੋਨਾ ਦਾ ਸਮਾਂ ਹੈ, ਲੋਕ ਡਰਾ ਦਿੱਤੇ ਗਏ ਨੇਕੋਈ ਇਹਨਾਂ ਦੇ ਵਿਰੋਧ ਵਿੱਚ ਘਰੋਂ ਬਾਹਰ ਨਹੀਂ ਨਿਕਲੇਗਾ

ਹੋਇਆ ਇਸ ਦੇ ਉਲਟ ਇਹ ਬਿੱਲ ਆਉਂਦੇ ਸਾਰ ਹੀ ਪੰਜਾਬ ਨੇ ਅੰਗੜਾਈ ਲਈ, ਇੱਕ ਨਵੀਂ ਊਰਜਾ ਨਾਲ ਪੰਜਾਬ ਜਾਗਿਆਹਕੂਮਤਾਂ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਨਤਮਸਤਕ ਵੇਖ ਕਿਸਾਨੀ ਨੇ ਲੰਬੀ ਲੜਾਈ ਦੀ ਲਾਮਬੰਦੀ ਸ਼ੁਰੂ ਕਰ ਲਈਲੋਕਾਂ ਨੇ ਸੜਕਾਂ, ਰੇਲ ਪਟੜੀਆਂ, ਟੋਲ ਪਲਾਜ਼ਿਆਂ, ਰਿਲਾਇੰਸ ਪੰਪ ਅਤੇ ਮਾਲਜ਼ ਘੇਰ ਲਏਪੰਜਾਬ ਦੀਆਂ ਦੋਵਾਂ ਵੱਡੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਇਲਾਕਿਆਂ ਵਿੱਚ ਮੋਰਚੇ ਲਾਏ ਗਏ(ਟੋਲ ਪਲਾਜ਼ਿਆਂ ਦੇ ਮਾਮਲੇ ਵਿੱਚ ਪੌਣੇ ਨੌਂ ਮਹੀਨਿਆਂ ਤੋਂ ਪੰਜਾਬ ਵਿੱਚ ਕਿਸਾਨਾਂ ਦੀ ਹਕੂਮਤ ਹੈ) ਨਸ਼ੇੜੀ, ਭਗੌੜਾ, ਗੈਰਜ਼ਿੰਮੇਵਾਰ, ਗੈਂਗਸਟਰ ਵਰਗੀਆਂ ਹੋਰ ਕਈ ਕਲਗੀਆਂ ਲਾਈ ਫਿਰਦੀ ਪੰਜਾਬ ਦੀ ਜਵਾਨੀ ਪੰਜਾਬ ਦੀਆਂ ਸੜਕਾਂ ਰੋਕਦੀ, ਕੱਲ੍ਹਾ ਕੱਲ੍ਹਾ ਅਡਾਨੀ ਦੀਆਂ ਰੇਲਾਂ ਡੱਕਦਾ ਦਿੱਲੀ ਦੇ ਰਾਹ ਪੈ ਗਿਆ

ਇਸ ਅੰਦੋਲਨ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਸ ਲੜਾਈ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਭਰਪੂਰ ਸ਼ਮੂਲੀਅਤ ਦਾ ਹੋਣਾ ਹੈਔਰਤਾਂ ਇਸ ਲੜਾਈ ਵਿੱਚ ਦਰਸ਼ਕ/ਸਰੋਤਿਆਂ ਵਜੋਂ ਨਹੀਂ, ਸਗੋਂ ਮੁਕੰਮਲ ਅੰਦੋਲਨਕਾਰੀਆਂ ਵਜੋਂ ਹਾਜ਼ਰ ਨੇਸਟੇਜ ਚਲਾਉਂਦੀਆਂ, ਰਣਨੀਤੀ ਬਣਾਉਂਦੀਆਂ, ਲਾਮਬੰਦੀ ਕਰਦੀਆਂ, ਅੰਦੋਲਨ ਦੀ ਗਾਥਾ ਸੁਣਾਉਂਦੀਆਂ ਇਸ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰ ਰਹੀਆਂ ਸਨ

ਮਜਾਜ਼ ਲਖਨਵੀ ਦੇ ਉਸ ਸੁਪਨੇ ਵਿੱਚ ਕਲਪਨਾ ਕੀਤੀ ਔਰਤ ਇਸ ਅੰਦੋਲਨ ਵਿੱਚ ਸਾਕਾਰ ਹੋ ਰਹੀ ਹੈ:

ਤੇਰੇ ਮਾਥੇ ਪੇ ਯੇ ਆਂਚਲ ਬਹੁਤ ਹੀ ਖ਼ੂਬ ਹੈ ਲੇਕਿਨ,
ਤੂ ਇਸ ਆਂਚਲ ਸੇ ਏਕ ਪਰਚਮ ਬਣਾ ਲੇਤੀ ਤੋ ਅੱਛਾ ਥਾ

ਅੱਠ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਜਾਰੀ ਹੈਅੰਦੋਲਨ ਨੂੰ ਬੇਪਨਾਹ ਸਹਿਯੋਗ ਅਤੇ ਸਮਰਥਨ ਮਿਲਿਆ ਹੈਇਸ ਕਿਸਮ ਦੇ ਅੰਦੋਲਨ ਰੋਜ਼ ਨਹੀਂ ਉਸਾਰੇ ਜਾ ਸਕਦੇਸਮੁੱਚਾ ਦੇਸ਼ ਹੀ ਨਹੀਂ ਸਮੁੱਚੇ ਵਿਸ਼ਵ ਦਾ ਜਨ ਸਾਧਾਰਨ ਇਸ ਅੰਦੋਲਨ ਵੱਲ ਵੇਖ ਰਿਹਾ ਹੈਇਸ ਦੀ ਸਫ਼ਲਤਾ ਦੀ ਕਾਮਨਾ ਕਰ ਰਿਹਾ ਹੈਇਸ ਅੰਦੋਲਨ ਦੀ ਸਫ਼ਲਤਾ ਵਿੱਚੋਂ ਉਸ ਨੂੰ ਆਪਣੀ ਬੰਦ ਖਲਾਸੀ ਦੀ ਨਵੀਂ ਲੜਾਈ ਦੇ ਨਕਸ਼ ਨਜ਼ਰ ਰਹੇ ਹਨਜਦੋਂ ਇਸ ਕਿਸਮ ਦੇ ਵੱਡੇ ਅੰਦੋਲਨਾਂ ਦੀ ਉਸਾਰੀ ਹੁੰਦੀ ਹੈ ਤਾਂ ਹਰ ਧਿਰ ਉਸ ਵਿੱਚੋਂ ਆਪਣੀ ਸਪੇਸ ਲੱਭਣ ਦਾ ਯਤਨ ਕਰਦੀ ਹੈਆਪਣੇ ਪ੍ਰਭਾਵ ਘੇਰੇ ਨੂੰ ਹੋਰ ਚੌੜਾ ਕਰਨ ਦੀ ਇੱਛਾ/ਲਾਲਸਾ ਕੋਈ ਧਿਰ ਨਹੀਂ ਛੱਡ ਸਕਦੀ ਪਰ ਅਜਿਹਾ ਕਰਦਿਆਂ ਜੇ ਅੰਦੋਲਨ ਨੂੰ ਢਾਹ ਲੱਗਦੀ ਹੋਵੇ ਤਾਂ ਹਕੂਮਤਾਂ ਲਈ ਖੁਸ਼ੀ ਅਤੇ ਲੜਨ ਵਾਲਿਆਂ ਲਈ ਫਿਕਰਮੰਦੀ ਦਾ ਮੌਕਾ ਹੁੰਦਾ ਹੈਇਸ ਅੰਦੋਲਨ ਨੂੰ ਨੌਜਵਾਨ ਬਨਾਮ ਜਥੇਬੰਦੀਆਂ ਬਣਾਉਣ ਲਈ ਪੂਰਾ ਟਿੱਲ ਲੱਗਾ ਹੋਇਆ ਹੈ ਜਿਵੇਂ ਜਥੇਬੰਦੀਆਂ ਨੌਜਵਾਨ ਵਿਰੋਧੀ ਹੋਣ ਅਤੇ ਨੌਜਵਾਨ ਕਿਸਾਨ ਜਥੇਬੰਦੀਆਂ ਖ਼ਿਲਾਫ਼ ਡਾਂਗ ਫੜੀ ਬੈਠੇ ਹੋਣਇਹ ਬਿਰਤਾਂਤ ਵੀ ਬਾਕੀ ਫੈਲਾਏ ਗਏ ਬਿਰਤਾਂਤਾਂ ਵਾਂਗ ਫੇਲ ਹੋਵੇਗਾਇਹ ਅੰਦੋਲਨ ਸਾਡੀਆਂ ਨਸਲਾਂ ਅਤੇ ਫ਼ਸਲਾਂ ਦੀ ਸਲਾਮਤੀ ਦਾ ਅੰਦੋਲਨ ਹੈ

ਇਹ ਉਹ ਲੜਾਈ ਹੈ ਜਿਹੜੀ ਜੇ ਕਿਸਾਨ ਅੰਦੋਲਨ ਹਾਰਦਾ ਹੈ ਤਾਂ ਸੱਤਾ ਦੀ ਚੜ੍ਹ ਮੱਚੇਗੀਕਿਸੇ ਹੋਰ ਅੰਦੋਲਨ ਨੂੰ ਖੜ੍ਹਾ ਹੁੰਦਿਆਂ ਜਿੰਨਾ ਸਮਾਂ ਲੱਗੇਗਾ, ਉਦੋਂ ਤੱਕ ਦੇਸ਼ ਦੇ ਹਾਲਾਤ ਕੀ ਹੋ ਜਾਣਗੇ, ਹਰ ਜਾਗਦੀ ਅੱਖ ਭਲੀਭਾਂਤ ਵੇਖ ਤੇ ਸਮਝ ਸਕਦੀ ਹੈਵੱਖ ਵੱਖ ਪੜਾਵਾਂ ਵਿੱਚੋਂ ਲੰਘਦਿਆਂ, ਹਕੂਮਤੀ ਜਬਰ ਨਾਲ ਟਕਰਾਉਂਦਿਆਂ, ਆਪੋ ਵਿਚਲੇ ਵਿਚਾਰਧਾਰਕ ਵਖਰੇਵਿਆਂ ਨਾਲ ਖਹਿੰਦਿਆਂ ਇਹ ਅੰਦੋਲਨ ਇੱਥੋਂ ਤੱਕ ਪੁੱਜਾ ਹੈ ਕਿ ਚੰਡੀਗੜ੍ਹ ਵਰਗੇ ਪੱਥਰਾਂ ਦੇ ਸ਼ਹਿਰ ਵਿੱਚ ਰੋਜ਼ ਸ਼ਾਮ ਚੌਂਕਾਂ ਵਿੱਚ ਅੰਦੋਲਨ ਦੀ ਹਿਮਾਇਤ ਵਿੱਚ ਬੈਨਰ ਫੜ ਕੇ ਖੜ੍ਹੇ ਲੋਕ ਆਮ ਹੀ ਨਜ਼ਰ ਆਉਂਦੇ ਹਨਉਹ ਵੀ ਇੱਕ ਅੱਧ ਚੌਂਕ ਵਿੱਚ ਨਹੀਂ, ਸਗੋਂ ਹਰੇਕ ਚੌਂਕ ਵਿੱਚ ਹੀ

ਆਪਣਾ ਵਿਸ਼ਵਾਸ਼ ਗੁਆ ਚੁੱਕੀਆਂ ਰਾਜਸੀ ਧਿਰਾਂ ਲਗਾਤਾਰ ਭੰਬਲਭੂਸਾ ਪੈਦਾ ਕਰਨ ਦਾ ਯਤਨ ਕਰ ਰਹੀਆਂ ਨੇਆਪਣੇ ਆਪ ਨੂੰ ਕਿਸਾਨਾਂ ਦਾ ਖ਼ੈਰ ਖ਼ਾਹ ਸਿੱਧ ਕਰਨ ਲਈ ਦਮਗਜੇ ਮਾਰੇ ਜਾ ਰਹੇ ਹਨ

ਰਾਜਸੀ ਪਾਰਟੀਆਂ ਲਈ ਮੁੱਖ ਸਵਾਲ ਸਿਰਫ਼ ਮੁਨਾਫ਼ੇ ਵਿੱਚ ਹਿੱਸੇਦਾਰੀ ਦਾ ਹੈਧਰਤ ਪੁੱਤਰਾਂ ਲਈ ਹੋਂਦ ਦੀ ਲੜਾਈ ਹੈਇਸ ਫ਼ਰਕ ਨੂੰ ਸਮਝੇ ਬਗੈਰ ਆਮ ਲੋਕਾਂ ਨੂੰ ਸਮਝਾਏ ਬਿਨਾਂ ਪਾਰ ਉਤਾਰਾ ਨਹੀਂ ਹੋਣਾਨਵਤੇਜ ਭਾਰਤੀ ਵਾਰ ਵਾਰ ਚੇਤੇ ਰਿਹਾ ਹੈ:

ਮੈਂ ਜਿੱਥੇ ਵੀ ਹਾਂ,
ਦਿੱਲੀ ਦੀਆਂ ਬਰੂਹਾਂ ’ਤੇ ਹਾਂ

ਉਹੀ ਨਵਤੇਜ ਭਾਰਤੀ ਫਿਰ ਆਖਦਾ ਹੈ:

ਮੈਂ ਆਪਣੇ ਆਪ ਨੂੰ ਪੁੱਛਦਾ ਹਾਂ,
ਜੇ ਦਿੱਲੀ ਵਿਚ ਨਹੀਂ,
ਤਾਂ ਕਿੱਥੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2967)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਮੀਤ ਵਿਦਿਆਰਥੀ

ਹਰਮੀਤ ਵਿਦਿਆਰਥੀ

Firozpur, Punjab, India.
Phone: (91 - 98149 - 76926)