HarmitVidiarthi7ਗੱਲ ਸਿਰਫ਼ ਲੈਕਚਰਾਰਾਂ ਦੀ ਪੱਕੀ ਭਰਤੀ ਦੀ ਨਹੀਂ ਹੈ। ਜੇ ਸਰਕਾਰੀ ਕਾਲਜਾਂ ...
(15 ਸਤੰਬਰ 2021)

 

ਪਿਆਰੇ ਪੰਜਾਬੀਓ,

ਮੈਂ ਪੰਜਾਬ ਬੋਲਦਾ ਹਾਂ …
ਹਾਂ ਹਾਂ ਪੰਜਾਬ!

ਜਿਸਦੀ ਗ਼ੈਰਤ, ਬਹਾਦਰੀ, ਅਕਲਮੰਦੀ ਅਤੇ ਦੂਰਅੰਦੇਸ਼ੀ ਦੀਆਂ ਕਥਾਵਾਂ ਵਿਸ਼ਵ ਦੇ ਹਰ ਖਿੱਤੇ ਵਿੱਚ ਲੋਕ ਕਥਾਵਾਂ ਵਾਂਗ ਚਰਚਿਤ ਰਹੀਆਂ ਨੇਮੈਂ ਪੰਜਾਬ ਹਾਂ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਸ਼ਬਦ ਨਾਲ ਇਸ ਇਲਾਕੇ ਦਾ ਰਿਸ਼ਤਾ ਬਹੁਤ ਗੂੜ੍ਹਾ ਸੀਮੈਂ ਪੰਜਾਬ ਹਾਂ, ਜਿਸਦੇ ਇਤਿਹਾਸ ਦਾ ਹਰ ਪੰਨਾ ਲਹੂ ਨਾਲ ਤਰ ਹੈਮੈਂ ਪੰਜਾਬ ਹਾਂ, ਜੋ ਜ਼ਾਲਮ ਨੂੰ ਵੰਗਾਰਨ ਲਈ ਸਿਰ ਤਲੀ ’ਤੇ ਧਰ ਕੇ ਮੈਦਾਨ ਏ ਜੰਗ ਵਿੱਚ ਕੁੱਦ ਸਕਦਾ ਸਾਂ।”

ਮੈਂ ਇਸ ਮੁਲਕ ਨੂੰ ਨਿੱਤ ਦਿਹਾੜੇ ਪਿਉ ਦੀ ਜਗੀਰ ਸਮਝ ਕੇ ਲੁੱਟਣ ਆਉਂਦੇ ਧਾੜਵੀਆਂ ਦਾ ਮੂੰਹ ਮੋੜਿਆਸਿਕੰਦਰ, ਗਜ਼ਨਵੀ, ਨਾਦਰ ਸ਼ਾਹ ਤੇ ਅਬਦਾਲੀਆਂ ਨਾਲ ਮੱਥਾ ਮੈਂ ਹੀ ਲਾਉਂਦਾ ਸਾਂ, ਹਿੱਕ ਡਾਹ ਕੇ ਲੜਦਾ ਸਾਂਆਹ ਅਜੇ ਕੱਲ੍ਹ ਦੀਆਂ ਗੱਲਾਂ ਨੇ, ਗੋਰੇ ਨੂੰ ਇਸ ਮੁਲਕ ਵਿੱਚੋਂ ਕੱਢਣ ਲਈ ਮੇਰੀਆਂ ਕੁਰਬਾਨੀਆਂ ਦੀ ਫ਼ਹਿਰਿਸਤ ਕਿਸੇ ਦੇ ਵੀ ਹੋਸ਼ ਉਡਾਉਣ ਲਈ ਕਾਫ਼ੀ ਹੋ ਸਕਦੀ ਹੈ

1947 ਵਿੱਚ ਦੇਸ਼ ਨੂੰ ਆਜ਼ਾਦੀ ਮਿਲੀ, ਮੈਂਨੂੰ ਵੰਡ, ਵੱਢ-ਟੁੱਕ, ਸਾੜ-ਫੂਕ, ਉਜਾੜੇ, ਲੁੱਟਾਂ ਖੋਹਾਂ ਤੇ ਹੋਰ ਪਤਾ ਨਹੀਂ ਕੀ ਕੀ ਬਦ ਬਲਾਵਾਂਉੱਧਰ ਦੇਸ਼ ਵਿੱਚ ਝੂਲਦੇ ਤਿਰੰਗੇ ਨੂੰ ਸਲਾਮੀ ਦੇਣ ਲਈ ਢੋਲ ਵੱਜ ਰਹੇ ਸਨ, ਇੱਧਰ ਮੈਂ ਸਾੜੇ ਫੂਕੇ ਗਏ, ਲਹੂ ਵਿੱਚ ਭਿੱਜੇ ਇਸ ਖਿੱਤੇ ਵਿੱਚੋਂ ਆਪਣੇ ਆਪ ਨੂੰ ਲੱਭ ਰਿਹਾ ਸਾਂਮੇਰਾ ਦੋ ਤਿਹਾਈ ਹਿੱਸਾ ਮੇਰੇ ਨਾਲੋਂ ਲਾਹ ਦਿੱਤਾ ਗਿਆ ਸੀਕੱਲ੍ਹ ਨੂੰ ਮੇਰੇ ਇਸੇ ਅਲੱਗ ਕੀਤੇ ਹਿੱਸੇ ਨੂੰ ਮੇਰਾ ਦੁਸ਼ਮਣ ਬਣਾਉਣ ਦੀਆਂ ਸਾਜ਼ਿਸ਼ਾਂ ਵੀ ਕਦੋਂ ਦੀਆਂ ਰਚੀਆਂ ਜਾ ਚੁੱਕੀਆਂ ਸਨਖ਼ੈਰ …

ਮੈਂ ਆਪਣੇ ਟੁੱਟੇ ਭੱਜੇ ਜੁੱਸੇ ਨੂੰ ਸੰਭਾਲਿਆਆਪਣੇ ਵਿਰਸੇ ਨੂੰ ਯਾਦ ਕੀਤਾਇੱਕ ਵਾਰ ਫੇਰ ਧੁਰਲ ਮਾਰ ਕੇ ਉੱਠਿਆਆਜ਼ਾਦ ਮੁਲਕ ਵਿੱਚ ਵੀ ਆਪਣੀ ਬੋਲੀ ਲਈ ਲੜਿਆਪੰਜਾਬੀ ਸੂਬਾ ਤਾਂ ਬਣਵਾ ਲਿਆ ਪਰ ਇੱਕ ਵਾਰ ਫੇਰ ਵੰਡਿਆ ਗਿਆਅਸਲ ਵਿੱਚ ਮੇਰੀ ਤਾਰੀਖ ਵੰਡ ਦਰ ਵੰਡ ਦਰ ਵੰਡ ਦੀ ਤਾਰੀਖ ਹੈਪੰਜਾਬੀ ਸੂਬੇ ਲਈ ਲੜਨ ਵਾਲਿਆਂ ਦੇ ਜਲਸਿਆਂ ਵਿੱਚ ਨਾਅਰੇ ਲਾਉਣ ਵਾਲੇ ਅਣਭੋਲ ਹੀ ‘ਪੰਜਾਬੀ ਸੂਬਾ – ਜ਼ਿੰਦਾਬਾਦ’ ਦੀ ਥਾਂ ‘ਸੂਬੀ ਪੰਜਾਬਾ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਸਨ ਤੇ ਇੱਕ ਸੂਬੀ ਉਹਨਾਂ ਨੂੰ ਮਿਲ ਗਈ

ਮੈਂ ਇਸ ਵੇਲੇ ਬਹੁਤ ਸਾਰੀਆਂ ਬਿਮਾਰੀਆਂ ਨਾਲ ਘਿਰਿਆ ਹੋਇਆ ਹਾਂ ਪਰ ਸਭ ਤੋਂ ਵੱਡੀ ਬਿਮਾਰੀ ਹੈ ਕਿ ਹਕੂਮਤਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਨੂੰ ਵੰਗਾਰਨ ਵਾਲੇ ਮੇਰੇ ਬੱਚੇ ਅੱਜ ਉਹਨਾਂ ਦੇ ਇਸ਼ਾਰਿਆਂ ’ਤੇ ਨੱਚਦੇ ਹਨਸੱਤਾ ਦੇ ਨੇੜੇ ਰਹਿਣ ਦੀ ਲਾਲਸਾ ਨੇ ਮੇਰੇ ਪੁੱਤਰਾਂ ਦੀ ਗੈਰਤ ਨੂੰ ਤਬਾਹ ਕਰ ਦਿੱਤਾ ਹੈਮੇਰੇ ਪਿੰਡਾਂ ਵਿੱਚੋਂ ਭਾਈਚਾਰਾ ਖੰਭ ਲਾ ਕੇ ਉੱਡ ਗਿਆ ਹੈਸਿਆਸਤ ਲਈ ਜਵਾਨੀ ਇਸਤੇਮਾਲ ਦੀ ਸ਼ੈਅ ਹੈਬੇਰੁਜ਼ਗਾਰ, ਮੁੱਦਿਆਂ ਤੋਂ ਭਟਕੀ, ਨਸ਼ੇ ਦੀ ਚਾਟ ’ਤੇ ਲੱਗੀ ਜਵਾਨੀ ਸਿਆਸਤਦਾਨਾਂ ਨੂੰ ਬੜੀ ਰਾਸ ਆਉਂਦੀ ਹੈਸਿਆਸੀ ਆਕਾਵਾਂ ਦੇ ਹਰ ਐਬ ਦੇ ਪਰਦੇ ਢਕਦੀ ਹੈ

ਇਹ ਜਵਾਨੀ ਤਬਾਹ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਤਬਾਹ ਕਰਨ ਲਈ ਕਿੰਨੀ ਲੰਮੀ ਯੋਜਨਾ ’ਤੇ ਕੰਮ ਕੀਤਾ ਜਾਂਦਾ ਹੈ, ਇਸਦੀ ਜਿਉਂਦੀ ਜਾਗਦੀ ਮਿਸਾਲ ਪੰਜਾਬ ਦੇ ਸਰਕਾਰੀ ਕਾਲਜ ਹਨਪੰਜਾਬ ਵਿੱਚ ਕੁਲ 47 ਸਰਕਾਰੀ ਕਾਲਜ ਹਨਆਬਾਦੀ ਦੇ ਲਿਹਾਜ਼ ਨਾਲ ਕਰੀਬ 6 ਲੱਖ ਦੀ ਆਬਾਦੀ ਮਗਰ ਇੱਕ ਕਾਲਜ, ਜਦੋਂ ਕਿ ਹਰਿਆਣੇ ਵਿੱਚ ਡੇਢ ਲੱਖ ਦੀ ਆਬਾਦੀ ਮਗਰ ਇੱਕ ਕਾਲਜ (2.5 ਕਰੋੜ ਆਬਾਦੀ ਅਤੇ 170 ਕਾਲਜ) ਅਤੇ ਹਿਮਾਚਲ ਵਿੱਚ ਕਰੀਬ ਇੱਕ ਲੱਖ ਦੀ ਆਬਾਦੀ ਮਗਰ ਇੱਕ ਕਾਲਜ (9500000 ਦੀ ਆਬਾਦੀ ਅਤੇ 94 ਕਾਲਜ) ਹੈਵੈਸੇ ਕਦੇ ਪੰਜਾਬ ਵਿੱਚ 54 ਕਾਲਜ ਹੁੰਦੇ ਸਨਆਬਾਦੀ ਲਗਾਤਾਰ ਵਧ ਰਹੀ ਹੈ ਪਰ ਕਾਲਜ ਨਿਰੰਤਰ ਘਟ ਰਹੇ ਹਨ

ਇਹਨਾਂ 47 ਕਾਲਜਾਂ ਲਈ ਲੈਕਚਰਾਰਾਂ ਦੀਆਂ 1873 ਪੋਸਟਾਂ ਮਨਜ਼ੂਰ ਹਨਇਸ ਵੇਲੇ 347 ਲੈਕਚਰਾਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 39 ਲੈਕਚਰਾਰ ਚੰਡੀਗੜ੍ਹ ਦੇ ਕਾਲਜਾਂ ਵਿੱਚ ਡੈਪੂਟੇਸ਼ਨ ’ਤੇ ਗਏ ਹਨ ਅਤੇ ਸਿਟੀ ਬਿਊਟੀਫੁੱਲ ਦਾ ਆਨੰਦ ਲੈ ਰਹੇ ਹਨਬਾਕੀ 308 ਲੈਕਚਰਾਰਾਂ ਵਿੱਚੋਂ 170 ਲੈਕਚਰਾਰ 9 ਵੱਡੇ ਸ਼ਹਿਰੀ ਕਾਲਜਾਂ ਵਿੱਚ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਇਹਨਾਂ ਸ਼ਹਿਰੀ ਕਾਲਜਾਂ ਵਿੱਚ ਹਾਲਤ ਠੀਕ ਹੈ308 ਵਿੱਚੋਂ 170 ਲੈਕਚਰਾਰਾਂ ਦਾ ਸ਼ਹਿਰੀ ਕਾਲਜਾਂ ਵਿੱਚ ਹੋਣਾ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਉੱਚ ਸਿੱਖਿਆ ਦੇ ਸੱਤਿਆਨਾਸ ਦੀ ਕਹਾਣੀ ਬਾ ਅਵਾਜ਼ੇ ਬੁਲੰਦ ਕਹੀ ਜਾ ਰਹੀ ਹੈ47 ਵਿੱਚੋਂ 11 ਕਾਲਜ ਅਜਿਹੇ ਨੇ ਜਿਨ੍ਹਾਂ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਾਰ ਨਹੀਂ10 ਕਾਲਜਾਂ ਵਿੱਚ ਸਿਰਫ਼ ਇੱਕ ਇੱਕ ਪਰਮਾਨੈਂਟ ਲੈਕਚਰਾਰ ਹੈਛੇ ਕਾਲਜਾਂ ਵਿੱਚ ਦੋ ਦੋ ਪੱਕੇ ਪ੍ਰੋਫੈਸਰ

ਪੰਝੀ ਵਿਸ਼ੇ ਅਜਿਹੇ ਨੇ ਜਿੰਨਾ ਦਾ ਇੱਕ ਵੀ ਪੱਕਾ ਪ੍ਰੋਫੈਸਰ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਨਹੀਂ ਹੈਮਾਂ ਬੋਲੀ ਦੀ ਦੁਹਾਈ ਪਾਉਣ ਵਾਲੇ ਸੂਬੇ ਦੇ 47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪਰਮਾਨੈਂਟ ਲੈਕਚਰਾਰ ਹਨ, ਹਿੰਦੀ ਦੇ 10, ਬਾਇਲੋਜੀ ਦੇ 2, ਮਿਊਜ਼ਿਕ ਦੇ 8, ਅੰਗਰੇਜ਼ੀ ਦੇ 79, ਸਰੀਰਕ ਸਿੱਖਿਆ ਦੇ 13, ਹਿਸਾਬ ਦੇ 14, ਅੱਜ ਦੇ ਡਿਜੀਟਲ ਇੰਡੀਆ ਵਿੱਚ ਕੰਪਿਊਟਰ ਦੇ 4 ਲੈਕਚਰਾਰ ਹੀ ਪਰਮਾਨੈਂਟ ਹਨਬਾਕੀ ਦੇ ਵਿਸ਼ਿਆਂ ਦਾ ਵੀ ਅੱਲ੍ਹਾ ਬੇਲੀ ਹੈ

ਹੁਣ ਸਵਾਲ ਇਹ ਹੈ ਕਿ ਇੰਨੇ ਕੁ ਅਧਿਆਪਕਾਂ ਨਾਲ ਇਹ ਕਾਲਜ ਚੱਲ ਕਿਵੇਂ ਰਹੇ ਹਨ? ਇਹਨਾਂ ਕਾਲਜਾਂ ਨੂੰ ਹੁਣ ਤਕ ਚਲਾ ਰਹੇ ਨੇ ਐਡਹਾਕ ਲੈਕਚਰਾਰ, ਗੈਸਟ ਫੈਕਲਟੀ, ਠੇਕੇ ਤੇ ਰੱਖੇ ਅਧਿਆਪਕਜਾਂ ਇਉਂ ਸਮਝ ਲਵੋ ਕਿ ਐੱਮ.ਏ., ਐੱਮ.ਫਿਲ਼, ਪੀ.ਐੱਚ.ਡੀ., ਬੰਧੂਆ ਮਜ਼ਦੂਰਸਾਲ ਵਿੱਚ ਸੱਤ ਮਹੀਨੇ ਦੀ ਨੌਕਰੀ, 10 ਹਜ਼ਾਰ ਤੋਂ 21,600 ਤਕ ਦੀ ਤਨਖਾਹ, ਜਿਹੜੀ ਛੇ ਛੇ ਮਹੀਨੇ ਮਿਲਦੀ ਹੈਪੰਦਰਾਂ ਪੰਦਰਾਂ ਸਾਲ ਤੋਂ ਦਿਹਾੜੀਦਾਰ ਜਿੰਨੀ ਤਨਖਾਹ ’ਤੇ ਕੰਮ ਕਰਦਿਆਂ ਕਾਲਿਆਂ ਤੋਂ ਧੌਲੇ ਆ ਗਏਭੁੱਖ ਦਿਨ ਬ ਦਿਨ ਪੱਕੀ ਹੁੰਦੀ ਗਈ ਪਰ ਨੌਕਰੀ ਕੱਚੀ ਰਹੀ

ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਭਰਤੀ ਹੀ ਨਹੀਂ ਹੋਈਇੰਝ ਸਮਝੋ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਨਾਂ ’ਤੇ ਭ੍ਰਿਸ਼ਟ ਸਿਆਸੀ ਲੋਕ ਪੰਜਾਬ ਦੀ ਜਵਾਨੀ ਦੀਆਂ ਦੋ ਦੋ ਪੀੜ੍ਹੀਆਂ ਖਾ ਗਏ ਨੇਐਦੂੰ ਪਹਿਲਾਂ ਇੱਕ ਪੀੜ੍ਹੀ ਪੰਜਾਬ ਦੇ ਅੰਬਰ ’ਤੇ ਫੈਲਿਆ ਦਹਿਸ਼ਤ ਦਾ ਕਾਲਾ ਦੌਰ ਖਾ ਗਿਆ ਸੀ

ਆਪਣੀ ਵੱਟ ਤੋਂ ਮੁੱਠ ਮਿੱਟੀ ਚੁੱਕਣ ਵਾਲੇ ਦਾ ਸਿਰ ਪਾੜ ਦੇਣ ਵਾਲਿਓ, ਤੁਹਾਡੀਆਂ ਦੋ ਪੀੜ੍ਹੀਆਂ ਨੂੰ ਸਰਕਾਰਾਂ ਦੀਆਂ ਕਾਰਪੋਰੇਟੀ ਨੀਤੀਆਂ ਨੇ ਖਾ ਲਿਆਸਿਆਸਤਦਾਨ, ਬਿਊਰੋਕਰੇਟ ਅਤੇ ਕਾਰਪੋਰੇਟ ਨੇ ਅਜਿਹੀ ਗਲਵੱਕੜੀ ਪਾਈ ਕਿ ਪਾਣੀ ਸਾਡੇ ਸਿਰ ਤਕ ਆ ਗਿਆਨੇਤਾਵਾਂ ਨਾਲ ਫੋਟੋਆਂ ਖਿਚਾਉਣ ਦੀ ਲਾਲਸਾ ਨੇ ਸਾਨੂੰ ਅੰਨ੍ਹੇ ਕਰ ਦਿੱਤਾਅਸੀਂ ਆਪਣੇ ਕਾਤਲਾਂ ਦੀਆਂ ਰੈਲੀਆਂ ਵਿੱਚ ਉਹਨਾਂ ਦੇ ‘ਜ਼ਿੰਦਾਬਾਦ ਮੁਰਦਾਬਾਦ’ ਦੇ ਨਾਅਰੇ ਲਾਉਣ ਵਿੱਚ ਮਸਰੂਫ਼ ਰਹੇਉਹਨਾਂ ਦੀ ਜਿੱਤ ਲਈ ਆਪਣੇ ਪਿੰਡਾਂ ਥਾਂਵਾਂ ’ਤੇ ਆਪਣੇ ਭਰਾਵਾਂ ਦੇ ਲਹੂ ਨਾਲ ਹੋਲੀ ਖੇਡਦੇ ਅਸੀਂ ਆਪਣਾ ਆਪ ਹਾਰ ਗਏਇਸ ਨਿਜ਼ਾਮ ਨੂੰ ਗਾਲ੍ਹਾਂ ਕੱਢਦਿਆਂ ਅਸੀਂ ਆਇਲਟਸ ਸੈਂਟਰਾਂ ਵਿੱਚ ਆਪਣੀ ਛਿੱਲ ਵੀ ਲੁਹਾਈ ਅਤੇ ਜ਼ਲੀਲ ਵੀ ਹੋਏਅੰਬੈਸੀਆਂ ਵਿੱਚ ਸਾਡੀ ਪੱਤ ਰੁਲੀਸਾਡੇ ਮੁੱਕਿਆਂ ਵਰਗੇ ਹੱਥ ਵੀਜ਼ਾ ਅਫਸਰਾਂ ਦੇ ਸਾਹਮਣੇ ਜੁੜਨ ਲਈ ਮਜਬੂਰ ਹੋ ਗਏ

ਛੋਟੇ ਜ਼ਿਮੀਦਾਰੋ, ਬੇਜ਼ਮੀਨੇ ਮਜ਼ਦੂਰੋ, ਦਲਿਤੋ, ਛੋਟੇ ਦੁਕਾਨਦਾਰੋ, ਰੇੜ੍ਹੀ ਫੜੀ ਲਾਉਣ ਵਾਲਿਉ, ਇਹਨਾਂ ਕਾਲਜਾਂ ਦੇ ਬੰਦ ਹੋਣ ਦਾ ਮਤਲਬ ਤੁਹਾਡੇ ਬੱਚਿਆਂ ਲਈ ਗਿਆਨ ਦੀ ਖੁੱਲ੍ਹਦੀ ਇੱਕ ਅੱਧ ਖਿੜਕੀ ਦਾ ਵੀ ਪੱਕੇ ਤੌਰ ’ਤੇ ਬੰਦ ਹੋ ਜਾਣਾ ਹੈਇਹਨਾਂ ਸਰਕਾਰੀ ਸੰਸਥਾਵਾਂ ਨੂੰ ਅਣਗੌਲੇ ਕਰਕੇ ਸਰਕਾਰਾਂ ਨੇ ਆਪਣਾ ਰਾਹ ਚੁਣ ਲਿਆ ਹੈਆਪਣੇ ਮਨਸੂਬੇ ਸਾਫ਼ ਕਰ ਦਿੱਤੇ ਹਨਯਾਦ ਰੱਖਿਓ! ਸਰਕਾਰਾਂ ਦੀ ਮਨਸ਼ਾ ਤੁਹਾਨੂੰ ਵਿੱਦਿਆ ਹਾਸਲ ਕਰਨ ਤੋਂ ਰੋਕਣਾ ਹੀ ਨਹੀਂ ਹੈ, ਸਗੋਂ ਹਰ ਤਰ੍ਹਾਂ ਨਾਲ ਤੁਹਾਨੂੰ ਜ਼ਿੰਦਗੀ ਵਿੱਚੋਂ ਖਾਰਿਜ ਕਰ ਦੇਣਾ ਹੈਹੁਣ ਫੈਸਲਾ ਤੁਸੀਂ ਕਰਨਾ ਹੈ

ਰੇਤਾ, ਬੱਜਰੀ, ਸ਼ਰਾਬ, ਥਾਣਾ, ਕਚਹਿਰੀ, ਛੱਬੀਆਂ, ਸੱਤ ਇਕਵੰਜਾ ਵਿੱਚ ਰੁੱਝੇ ਸਾਡੇ ਆਕਾਵਾਂ ਨੂੰ ਕਦੇ ਯਾਦ ਹੀ ਨਹੀਂ ਆਇਆ ਕਿ ਪੜ੍ਹਾਈ ਵੀ ਜ਼ਰੂਰੀ ਹੈਨਹੀਂ ਨਹੀਂ, ਉਸ ਨੂੰ ਯਾਦ ਤਾਂ ਸੀ ਪਰ ਸਰਕਾਰੀ ਸੰਸਥਾਵਾਂ ਦੇ ਉਜਾੜੇ ਦੀ ਨੀਂਹ ਤੇ ਉੱਸਰੇ ਮੁਨਾਫ਼ੇ ਦੇ ਭਰ ਵਗਦੇ ਦਰਿਆਵਾਂ ਵਰਗੇ ਪ੍ਰਾਈਵੇਟ ਵਿੱਦਿਅਕ ਕਾਰਖਾਨਿਆਂ ਵਿੱਚ ਉਸਦੀ ਵੀ ਤਾਂ ਹਿੱਸੇਦਾਰੀ ਹੈਫਿਰ ਭਲਾ ਉਸ ਨੂੰ ਸਰਕਾਰੀ ਅਦਾਰਿਆਂ ਦਾ ਫ਼ਿਕਰ ਕਿਉਂ ਹੋਵੇਗਾਨਾਲੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਉਹ ਨੌਜਵਾਨ ਤਾਂ ਉਸਦੀਆਂ ਰੈਲੀਆਂ, ਰੋਡ ਸ਼ੋਆਂ ਵਿੱਚ ਉਸਦੀ ਸਭ ਤੋਂ ਮਜ਼ਬੂਤ ਧਿਰ ਹੈ

ਇਸ ਦੌਰ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਆਪਣੇ ਕਤਲ ਅਸੀਂ ਹਥਿਆਰ ਵੀ ਆਪ ਬਣੇ ਅਤੇ ਆਪਣੀ ਮੌਤ ਦਾ ਜਸ਼ਨ ਵੀ ਆਪ ਹੀ ਮਨਾਇਆਸਾਡੇ ਜਿੰਨਾ ਸਿਆਣਾ ਵੀ ਕੋਈ ਹੋਣਾ ਹੈ?

ਅਜੇ ਵੀ ਡੁੱਲ੍ਹੇ ਬੇਰਾਂ ਦਾ ਜ਼ਿਆਦਾ ਕੁਝ ਨਹੀਂ ਵਿਗੜਿਆਕੀ ਅਸੀਂ ਆਪਣੀ ਹੋਣੀ ਦੇ ਸਵਾਲਾਂ ਸੰਗ ਭਿਨਣ ਲਈ ਤਿਆਰ ਹੋ ਸਕਦੇ ਹਾਂ?

ਗੱਲ ਸਿਰਫ਼ ਲੈਕਚਰਾਰਾਂ ਦੀ ਪੱਕੀ ਭਰਤੀ ਦੀ ਨਹੀਂ ਹੈਜੇ ਸਰਕਾਰੀ ਕਾਲਜਾਂ, ਕਾਂਸਟੀਚੂਐਂਟ ਕਾਲਜਾਂ, ਯੂਨੀਵਰਸਿਟੀਆਂ, ਰੀਜਨਲ ਸੈਂਟਰਾਂ ਵਿਚਲੀਆਂ ਸਾਰੀਆਂ ਖਾਲੀ ਪੋਸਟਾਂ ਨੂੰ ਭਰਨ ਦੀ ਲੜਾਈ ਵਿੱਢੀ ਜਾ ਸਕੇ ਤਾਂ ਕੋਈ ਯੋਗਤਾ ਪ੍ਰਾਪਤ ਨੌਜਵਾਨ ਵਿਹਲਾ ਨਹੀਂ ਰਹੇਗਾ। ਫਿਰ ਵੀ ਮੇਰੀ ਵਿੱਦਿਅਕ ਗੱਡੀ ਨੂੰ ਪਟੜੀ ’ਤੇ ਚੜ੍ਹਦਿਆਂ ਘੱਟੋ ਘੱਟ ਇੱਕ ਦਹਾਕਾ ਲੱਗੇਗਾਪੰਜਾਬ ਦੀ ਕੋਈ ਧਿਰ ਕੀ ਲੰਮੇ ਸਮੇਂ ਦੀ ਰਣਨੀਤੀ ਤਿਆਰ ਕਰਨ ਦੇ ਸਮਰੱਥ ਹੈ? ਪੰਜਾਬ ਦੇ ਸੁੰਨੇ ਕਾਲਜਾਂ ਦੀਆਂ ਖੰਡਰ ਬਣਨ ਵੱਲ ਵਧ ਰਹੀਆਂ ਇਮਾਰਤਾਂ ਵਿੱਚੋਂ ਇਸ ਸਵਾਲ ਦੀ ਗੂੰਜ ਉੱਠ ਰਹੀ ਹੈ:

ਮੈਂ ਇਹ ਗੂੰਜ ਸੁਣ ਰਿਹਾ ਹਾਂ, ਕੀ ਤੁਹਾਨੂੰ ਇਹ ਗੂੰਜ ਸੁਣਾਈ ਦੇ ਰਹੀ ਹੈ?

ਮਰਹੂਮ ਸ਼ਿਵ ਕੁਮਾਰ ਸ਼ਰਮਾ ਦੀ ਆਵਾਜ਼ ਵੀ ਸੁਣਨੀ ਹੀ ਪਵੇਗੀ:

“ਸਹਾਰਾ ਕਿਸ ਤੋਂ ਮੰਗਾਂ ਮੈਂ ਸਹਾਰਾ ਕੌਣ ਦਿੰਦਾ ਹੈ,
ਇਹ ਤਾਂ ਸੁਪਨਾ ਹੈ ਭਲਾ ਸੁਪਨਾ ਉਧਾਰਾ ਕੌਣ ਦਿੰਦਾ ਹੈ।

ਲਹਿਰਾਂ ਤੋਂ ਜੇ ਲਿਆ ਕੰਢਾ ਤਾਂ ਲੜ ਕੇ ਤਰ ਕੇ ਲੈਣਾ ਏ,
ਬਿਨਾਂ ਲੜਿਆਂ, ਬਿਨਾਂ ਤਰਿਆਂ ਕਿਨਾਰਾ ਕੌਣ ਦਿੰਦਾ ਏ।

ਤੁਹਾਡਾ ਆਪਣਾ ... ਲੀਰੋ ਲੀਰ ਹੋਇਆ ਪੰਜਾਬ!
ਵਾਇਆ … ਹਰਮੀਤ ਵਿਦਿਆਰਥੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3007)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਹਰਮੀਤ ਵਿਦਿਆਰਥੀ

ਹਰਮੀਤ ਵਿਦਿਆਰਥੀ

Firozpur, Punjab, India.
Phone: (91 - 98149 - 76926)