“ਦੇਖੋ, ਮੈਂ ਤੇ ਪਿਕਸੀ ਜਿੰਨਾ ਚਿਰ ਕਾਇਮ ਹਾਂ, ਇਸੇ ਘਰ ਵਿੱਚ ਰਹਾਂਗੇ। ਜਦੋਂ ਅਸੀਂ ਨਾ ਰਹੇ, ਇਹ ਘਰ ...”
(24 ਜਨਵਰੀ 2022)
ਇਕੱਲਤਾ ਦੀਆਂ ਰਾਤਾਂ ਬਹੁਤ ਲੰਬੀਆਂ ਹੁੰਦੀਆਂ ਹਨ। ਇਕੱਲਤਾ ਤਾਂ ਆਪਣੇ ਆਪ ਵਿੱਚ ਹੀ ਇੱਕ ਸਰਾਪ ਹੈ। ਇਕੱਲਤਾ ਦੇ ਦਿਨ ਵੀ ਕੋਈ ਛੋਟੇ ਨਹੀਂ ਹੁੰਦੇ ਪਰ ਦਿਨ ਤਾਂ ਟੀ.ਵੀ. ਵਗੈਰਾ ਦੇਖ ਕੇ ਲੰਘ ਜਾਂਦਾ ਹੈ ਜਾਂ ਕਿਸੇ ਯਾਰ ਮਿੱਤਰ ਨਾਲ ਗੱਲਾਂ ਮਾਰ ਕੇ ਲੰਘ ਜਾਂਦਾ ਹੈ, ਰਾਤ ਲੰਘਾਉਣੀ ਬੜੀ ਔਖੀ ਹੈ। ਖਾਸ ਕਰਕੇ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਤਾਂ ਹੋਰ ਵੀ ਔਖੀ ਹੈ। ਪੂਰੀ ਟਿਕੀ ਹੋਈ ਦਸੰਬਰ ਦੀ ਰਾਤ ਸੀ। ਪਿਛਲੇ ਕਈ ਦਿਨ ਬਰਫ ਪੈਂਦੀ ਰਹੀ ਸੀ ਅਤੇ ਧਰਤੀ ਉੱਤੇ ਬਰਫ ਦੀ ਸਫੈਦ ਚਿੱਟੀ ਚਾਦਰ ਵਿਛੀ ਹੋਈ ਸੀ। ਰਾਤ ਨੂੰ ਜਾਂ ਤਾਂ ਫਰਿੱਜ ਦੀ ਘੂੰ ਘੂੰ ਸੁਣਦੀ ਸੀ ਜਾਂ ਫਰਨੈਸ ਦੇ ਚੱਲਣ ਜਾਂ ਖੜ੍ਹਨ ਦੀ ਆਵਾਜ਼। ਹੌਲ਼ੀ ਹੌਲ਼ੀ ਕੰਧਾਂ ਨੂੰ ਟੋਹ ਟੋਹ ਕੇ ਪੌੜੀਆਂ ਉੱਤਰਿਆ। ਬਾਰਾਂ ਵਜੇ ਉੱਠ ਕੇ ਸੀਤੋ (ਜੁਆਕਾਂ ਦੀ ਮਾਂ) ਨੇ ਨੀਂਦ ਵਾਲੀ ਦੂਜੀ ਗੋਲ਼ੀ ਲੈ ਲਈ ਸੀ। ਸ਼ਾਇਦ ਪਹਿਲਾਂ ਲਈ ਗੋਲ਼ੀ ਸਰੀਰਕ ਪੀੜ ਨੂੰ ਘੱਟ ਨਹੀਂ ਸੀ ਕਰ ਸਕੀ। ਉਸ ਨੂੰ ਸ਼ੂਗਰ, ਆਰਥਰਾਈਟਸ (ਜੋੜਾਂ ਦਾ ਦਰਦ), ਜਾਂ ਉਹ ਕਿਹੜੀ ਬਮਾਰੀ ਹੈ, ਜੋ ਨਹੀਂ ਹੈ। ਜਦੋਂ ਦਾ ਜੁਆਕਾਂ ਨੇ ਆਲ੍ਹਣਾ ਛੱਡਿਆ ਹੈ, ਉਹ ਠੀਕ ਨਹੀਂ ਰਹੀ। ਮੈਂਨੂੰ ਪਤਾ ਸੀ ਕਿ ਉਹਨੇ ਦੂਜੀ ਗੋਲ਼ੀ ਲੈਣ ਤੋਂ ਬਾਅਦ ਚਾਰ ਪੰਜ ਵਜੇ ਤਕ ਨਹੀਂ ਉੱਠਣਾ। ਉਸਦੀ ਨੀਂਦ ਨਾ ਖਰਾਬ ਹੋ ਜਾਵੇ, ਇਸ ਕਰਕੇ ਮੈਂ ਭੋਰਾ ਵੀ ਖੜਕਾ ਨਹੀਂ ਕਰਦਾ। ਥੱਲੇ ਜਾ ਕੇ ਖਿੜਕੀ ਦੇ ਪਰਦੇ ਚੱਕੇ। ਬਾਹਰ ਚਿੱਟਾ ਹੀ ਚਿੱਟਾ ਦਿਸਦਾ ਸੀ। ਹੌਲ਼ੀ ਹੌਲ਼ੀ ਜਾ ਕੇ ਸੋਫੇ ’ਤੇ ਬੈਠ ਗਿਆ। ਟੀ. ਵੀ. ਔਨ ਨਹੀਂ ਕੀਤਾ, ਮਤੇ ਸੀਤੋ ਦੀ ਅੱਖ ਖੁੱਲ੍ਹ ਜਾਵੇ। ਮਨੁੱਖ ਦਾ ਮਨ ਵੀ ਅਜੀਬ ਸ਼ੈ ਹੈ, ਰੌਲ਼ੇ ਵਿੱਚ ਇਕੱਲਤਾ ਭਾਲਦਾ ਹੈ ਅਤੇ ਇਕੱਲਤਾ ਵਿੱਚ ਰੌਲ਼ਾ। ਮਨ ਅਜੀਬੋ ਗਰੀਬ ਕਸ਼ਮਕਸ਼ ਵਿੱਚ ਪੈ ਗਿਆ। ਚਿੱਤ ਨੇ ਵਕਤ ਨੂੰ ਪੁੱਠਾ ਗੇੜਾ ਦੇ ਦਿੱਤਾ।
ਉਦੋਂ ਬੱਚੇ ਛੋਟੇ ਛੋਟੇ ਸਨ। ਉਸ ਦਿਨ ਘਰ ਵਿੱਚ ਖੂਬ ਰੌਲ਼ਾ ਸੀ। ਸਭ ਤੋਂ ਵੱਡਾ ਬੰਟੀ ਆਪਦੀ ਭੈਣ ਦੇ ਚਿੱਪਸ ਖਾ ਗਿਆ। ਅਸੀਂ ਜਦੋਂ ਵੀ ਗਰੌਸਰੀ ਲਿਆਂਉਦੇ, ਤਿੰਨੇ ਬੱਚੇ ਆਪੋ ਆਪਦੇ ਚਿੱਪਸ ਲੁਕੋ ਦਿੰਦੇ। ਸੀਮਾ ਅਤੇ ਅਮਨ ਨਾਲ਼ੋਂ ਬੰਟੀ ਵੱਡਾ ਹੋਣ ਕਰਕੇ ਦੋਵਾਂ ਛੋਟਿਆਂ ਨਾਲ ਧੱਕਾ ਕਰ ਜਾਂਦਾ। ਗੁਸਲਖਾਨਾ ਸਾਫ ਕਰਕੇ ਜਦੋਂ ਸੀਤੋ ਬਾਹਰ ਆਈ, ਬੱਚਿਆਂ ਦੀ ਚਿਪਸਾਂ ਪਿੱਛੇ ਹੁੰਦੀ ਲੜਾਈ ਦੇਖ ਕੇ ਮੇਰੇ ਵੱਲ ਵੇਖ ਕੇ ਬੋਲੀ, “ਜਾ ਕੇ ਬੱਚਿਆਂ ਨੂੰ ਚਿਪਸ ਹੋਰ ਲਿਆ ਦਿੰਦੇ, ਕਿਵੇਂ ਸਵੇਰ ਦੇ ਅਖ਼ਬਾਰ ’ਤੇ ਚਿਮਟੇ ਪਏ ਹੋ, ਅਖ਼ਬਾਰਾਂ ਨੇ ਕਿਹੜਾ ਦੁੱਧ ਦੇਣਾ ਹੈ?”
ਮੈਂ ਅਖਬਾਰ ਪਰੇ ਕਰਕੇ ਸੀਤੋ ਵੱਲ ਝਾਕਿਆ। ਬੱਚੇ ਫੇਰ ਮਾਂ ਦੇ ਉਦਾਲ਼ੇ ਹੋ ਗਏ, “ਮੰਮੀ ਅਸੀਂ ਨੀ ਹੁਣ ਚਿਪਸ ਲੈਣੇ, ਸਾਨੂੰ ਤਾਂ ਮਕਡੌਨਲਡ ਦੇ ਲੈ ਕੇ ਚੱਲੋ।”
ਸੀਤੋ ਫੇਰ ਮੇਰੇ ਵੱਲ ਵੇਖਣ ਲੱਗੀ। ਇਸ ਤੋਂ ਪਹਿਲਾਂ ਕਿ ਸੀਤੋ ਕੁਝ ਕਹਿੰਦੀ, ਮੈਂ ਬੱਚਿਆਂ ਨੂੰ ਮਕਡੌਨਲਡ ਦੇ ਲੈ ਤੁਰਿਆ। ਕਦੇ ਕਦੇ ਮੈਂਨੂੰ ਲੱਗਦਾ ਕਿ ਰੋਟੀ ਇੱਕ ਸਾਂਝ ਦਾ ਨਾਂ ਹੈ। ਜਦੋਂ ਬੱਚੇ ਰੋਟੀ ਨਹੀਂ ਖਾਂਦੇ ਤਾਂ ਇਹਨਾਂ ਦੀ ਅਤੇ ਸਾਡੀ ਸਾਂਝ ਕਿੰਨਾ ਚਿਰ ਰਹੂਗੀ? ਮੈਂ ਕਦੇ ਕਦੇ ਸੀਤੋ ਨੂੰ ਕਹਿੰਦਾ, “ਇਹਨਾਂ ਨੂੰ ਕਹਿ ਰੋਟੀ ਖਾਇਆ ਕਰਨ, ਪੰਜਾਬੀ ਬੋਲਿਆ ਕਰਨ। ਚਾਹੇ ਪੰਜਾਬੀ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢਿਆ ਕਰਨ।”
ਸੀਤੋ ਮੇਰੇ ਵੱਲ ਦੇਖਦੀ। ਮੈਂ ਸਮਝ ਜਾਂਦਾ ਕਿ ਉਹ ਕੀ ਕਹਿ ਰਹੀ ਹੁੰਦੀ- ‘ਜਾਣ ਦੇ ਵੱਡਿਆ ਲੇਖਕਾ, ਜੁਆਕਾਂ ’ਤੇ ਆਪਦੀਆਂ ਫਿਲਾਸਫੀਆਂ ਨਾ ਘੋਟਿਆ ਕਰ।’ ਬੱਚੇ ਆਪਸ ਵਿੱਚ ਕਦੇ ਵੀ ਪੰਜਾਬੀ ਨਹੀਂ ਬੋਲਦੇ ਤੇ ਸਾਡੇ ਨਾਲ ਵੀ ਟੁੱਟੀ ਫੁੱਟੀ ਪੰਜਾਬੀ ਬੋਲਦੇ। ਟੈਲੀਵਿਜ਼ਨ ’ਤੇ ਸੈਸਮੀ ਸਟਰੀਟ ਜਾਂ ਨਿੰਜਾ ਟਰਟਲ ਦੇ ਸ਼ੋ ਦੇਖਦੇ ਰਹਿੰਦੇ। ਮੈਂਨੂੰ ਮੇਰੇ ਬਚਪਨ ਦੇ ਦਿਨ ਯਾਦ ਆ ਜਾਂਦੇ। ਸਾਡੀ ਮਾਂ ਚੀਕਣੀ ਮਿੱਟੀ ਦੇ ਊਠ, ਬਲਦ, ਰੇਹੜੀ ਬਣਾ ਕੇ ਦਿੰਦੀ ਸੀ ਅਤੇ ਅਸੀਂ ਦੋਵੇਂ ਭੈਣ ਭਰਾ ਉਹਨਾਂ ਨੂੰ ਸੁਹਾਗ ਪਟਾਰੀ ਵਾਂਗ ਸੰਭਾਲ਼ ਕੇ ਰੱਖਦੇ ਸੀ। …
ਬੱਚੇ ਸਕੂਲ ਜਾਂਦੇ, ਵੱਡੀਆਂ ਵੱਡੀਆਂ ਫਰਮਾਇਸ਼ਾਂ ਕਰਦੇ। ਨਾਈਕੀ ਦੇ ਬੂਟ, ਟੌਮੀ ਹਿੱਲ ਫਿੱਗਰ ਦੀਆਂ ਸ਼ਰਟਾਂ। ਇੱਕ ਦਿਨ ਮੈਂ ਨਿੱਕੇ, ਅਮਨ ਨੂੰ ਕਿਹਾ, “ਤੁਸੀਂ ਕਿੰਨੇ ਲੱਕੀ ਹੋ, ਤੁਹਾਨੂੰ ਤਾਂ ਦੋ ਤਿੰਨ ਸਾਲ ਦੀ ਉਮਰ ਵਿੱਚ ਸਾਈਕਲ ਮਿਲ਼ ਜਾਂਦਾ ਹੈ, ਮੈਂ ਤਾਂ ਸੱਤਵੀਂ ਜਮਾਤ ਤਕ ਸਕੂਲ ਵੀ ਨੰਗੇ ਪੈਰੀਂ ਗਿਆ ਸੀ।”
ਨਿੱਕਾ ਬੋਲਿਆ, “ਡੈਡੀ, ਉਹ ਤੁਹਾਡਾ ਟਾਈਮ ਸੀ ਅਤੇ ਇਹ ਸਾਡਾ ਟਾਈਮ ਹੈ।”
ਮੈਂ ਉਸ ਨੂੰ ਕਿਵੇਂ ਸਮਝਾਉਂਦਾ ਕਿ ਪੁੱਤ ਇਹ ਟਾਈਮ ਦੀ ਗੱਲ ਨਹੀਂ, ਇਹ ਮਾਂ ਬਾਪ ਦਾ ਮੁੜ੍ਹਕਾ ਹੈ, ਜਿਹੜਾ ਡਾਲਰਾਂ ਵਿੱਚ ਬਦਲ ਕੇ ਤੁਹਾਡੇ ਲਈ ਸਭ ਕੁਝ ਹਾਜ਼ਰ ਕਰਦਾ ਹੈ। - ਬੱਚੇ ਹਨ, ਵੱਡੇ ਹੋ ਕੇ ਸਭ ਸਮਝ ਜਾਣਗੇ - ਸੀਤੋ ਦੀ ਹਮੇਸ਼ਾ ਇਹੀ ਦਲੀਲ ਹੁੰਦੀ।
ਬੱਚੇ ਵੱਡੇ ਹੋ ਗਏ। ਉਨ੍ਹਾਂ ਦੇ ਵਿਆਹਾਂ ਦਾ ਫਿਕਰ ਹੋਣ ਲੱਗਾ। ਪੜ੍ਹਕੇ ਨਿਆਣੇ ਇੰਨੇ ਸਿਆਣੇ ਹੋ ਗਏ ਹਨ ਕਿ ਰੈਸਟੋਰੈਂਟ ਜਾਣ ’ਤੇ ਸਾਨੂੰ ਮੈਨਰਜ਼ ਸਿਖਾਉਣ ਲੱਗੇ। ਪਰ ਬਿੱਲ ਅਸੀਂ ਹੀ ਦਿੰਦੇ। ਬੰਟੀ ਡਿਗਰੀ ਕਰਕੇ ਤੇਲ ਦੀ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ। ਤਨਖ਼ਾਹ ਸੱਠ ਹਜ਼ਾਰ ਡਾਲਰ ਹੈ ਪਰ ਘਰੇ ਕੋਈ ਪੈਸਾ ਨਾ ਦਿੰਦਾ। ਸੀਮਾ ਨੂੰ ਵੀ ਡਿਗਰੀ ਕਰਨ ਤੋਂ ਬਾਅਦ ਜੌਬ ਮਿਲ਼ ਗਈ। ਬੇਸ਼ਕ ਜੌਬ ਉਸਦੇ ਪਸੰਦ ਦੀ ਤਾਂ ਨਹੀਂ ਸੀ ਪਰ ਤਨਖ਼ਾਹ ਚੰਗੀ ਸੀ।
ਛੋਟੇ ਦੀ ਡਿਗਰੀ ਦਾ ਆਖ਼ਰੀ ਸਾਲ ਹੈ। ਬੰਟੀ ਨੇ ਬੀ. ਐੱਮ. ਡਬਲਯੂ. ਕਾਰ ਲੈ ਲਈ ਹੈ। ਸੱਤ ਸੌ ਮਹੀਨੇ ਦੀ ਕਿਸ਼ਤ ਹੈ। ਬੰਟੀ ਤੋਂ ਥੋੜ੍ਹੇ ਹੀ ਦਿਨਾਂ ਬਾਦ ਸੀਮਾ ਨੇ ਵੀ ਆਪਦੀ ਕਾਰ ਲੈ ਆਈ ਹੈ। ਜੇ ਕਹੀਦਾ, ਘਰੇ ਤਾਂ ਕੋਈ ਪੈਸਾ ਦਿਓ, ਤਾਂ ਬਹਾਨਾ ਹੁੰਦਾ ਕਾਰ ਦੀ ਕਿਸ਼ਤ, ਕਾਰ ਦਾ ਇੰਸ਼ੋਰੈਂਸ ਅਤੇ ਸਟੂਡੈਂਟ ਲੋਨ। ਮੈਂ ਅਜੇ ਵੀ ਓਵਰ ਟਾਈਮ ਲਾਉਂਦਾ। ਸੋਚਦਾ, ਜਦੋਂ ਕੈਨੇਡਾ ਵਿੱਚ ਪੱਕਾ ਹੋ ਗਿਆ ਸੀ, ਮੈਂ ਬਾਪੂ ਨੂੰ ਕਿਹਾ ਸੀ, ਕੋਈ ਕੰਮ ਨਾ ਕਰ, ਚਿੱਟੇ ਕੱਪੜੇ ਪਾ ਕੇ ਸੱਥ ਵਿੱਚ ਬੈਠਿਆ ਕਰ। ਪਰ ਮੈਂਨੂੰ ਪਤਾ ਸੀ ਮੈਂਨੂੰ ਇਹ ਲਫ਼ਜ ਸੁਣਨ ਨੂੰ ਨਹੀਂ ਮਿਲਣੇ। ਜੇ ਮੈਂ ਕਹਿੰਦਾ, ਪੁੱਤ ਕੀ ਤੁਸੀਂ ਸਾਨੂੰ ਬੁਢਪੇ ਵਿੱਚ ਸਾਂਭਿਆ ਕਰੋਗੇ? ਤਾਂ ਜਵਾਬ ਮਿਲ਼ਦਾ, “ਡੈਡ ਇੱਥੇ ਕਿੰਨੇ ਵਧੀਆ ਕੇਅਰ ਹੋਮ ਹਨ, ਉਹਨਾਂ ਵਿੱਚ ਜਾ ਕੇ ਆਪਣੀ ਉਮਰ ਦੇ ਲੋਕਾਂ ਵਿੱਚ ਅਰਾਮ ਨਾਲ ਰਿਹਾ ਕਰਿਓ।”
ਕੇਅਰ ਹੋਮ ਦੀ ਇਕੱਲਤਾ ਡਰਾਉਂਦੀ। ਵੀਕ-ਐਂਡ ਆਉਂਦਾ, ਜੀਅ ਕਰਦਾ ਕਿ ਸਾਰੀ ਫੈਮਲੀ ਘੱਟੋ ਘੱਟ ਇਕੱਠੇ ਬੈਠ ਕੇ ਨਾਸ਼ਤਾ ਤਾਂ ਕਰ ਲਈਏ, ਪਰ ਨਹੀਂ, ਨਾਸ਼ਤਾ ਕਰਨ ਲਈ ਪਾਰਕਿਨਜ਼, ਜਾਂ ਡੈਨੀ (ਰੈਸਟੋਰੈਂਟ) ਵਿੱਚ ਜਾਣਾ, ਜਿੱਥੇ ਘੱਟੋ ਘੱਟ ਖਰਚਾ ਸੱਤਰ ਜਾਂ ਅੱਸੀ ਡਾਲਰ ਆਉਂਦਾ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਸੀ ਕਿਉਂਕਿ ਬਿੱਲ ਤਾਂ ਡੈਡੀ ਨੇ ਹੀ ਦੇਣਾ ਹੁੰਦਾ ਸੀ। ਗੱਲ ਖਾਣ ਪੀਣ ਦੀ ਨਹੀਂ, ਬਹਿ ਕੇ ਗੱਲਾਂ ਕਰਨ ਦੀ ਹੁੰਦੀ ਸੀ ਪਰ ਬੱਚੇ ਤਾਂ ਵਟਸਐਪ ਜਾਂ ਫੇਸਬੁੱਕ ’ਤੇ ਬਿਜ਼ੀ ਹੁੰਦੇ ਸਨ। ਮੈਂ ਤੇ ਸੀਤੋ ਇੱਕ ਦੂਜੇ ਵੱਲ ਝਾਕੀ ਜਾਂਦੇ। ਇਹ ਵੀ ਨਹੀਂ ਕਹਿ ਸਕਦੇ ਸੀ ਕਿ ਨਾਸ਼ਤੇ ਦਾ ਬਿੱਲ ਹੀ ਦੇ ਦਿਓ। ਪਰ ਅਸੀਂ ਕਿੰਨੇ ਲਾਚਾਰ ਹੁੰਦੇ ਕਿ ਕੁਝ ਵੀ ਹੋਵੇ, ਬੱਚੇ ਘਰ ਰਹਿਣ ’ਤੇ ਸਾਨੂੰ ਮਿਲ਼ਦੇ ਗਿਲ਼ਦੇ ਰਹਿਣ। ਇੱਕ ਦਿਨ ਮੈਂ ਸੀਤੋ ਨੂੰ ਕਿਹਾ, “ਕਿਊਬਾ ਦੀ ਟਿਕਟ ਸੇਲ ’ਤੇ ਲੱਗੀ ਹੈ, ਦੋ ਜਣਿਆਂ ਦੀ ਦੋ ਹਜ਼ਾਰ ਵਿੱਚ। ਮੇਰਾ ਜੀਅ ਕਰਦਾ ਹੈ ਦੇਖਾਂ, ਕਿ ਜਿੱਥੇ ਕਾਸਟਰੋ ਤੇ ਚੀ-ਗੁਵੇਰਾ ਇਨਕਲਾਬ ਦੀ ਅਗਵਾਈ ਕਰਦੇ ਰਹੇ ਸਨ।”
ਪਰ ਸੀਤੋ ਨੂੰ ਫਿਕਰ ਸੀ, ਜੇਕਰ ਬੰਟੀ ਦੀ ਬਹੂ ਪੇਟ ਤੋਂ ਹੋ ਗਈ ਤਾਂ ਦੋ ਹਜ਼ਾਰ ਦਾ ਖ਼ਰਚ ਸਿਰ ’ਤੇ ਪੈਣਾ। ਮੈਂ ਚੁੱਪ ਕਰ ਰਿਹਾ।
ਅੰਤਲਾ ਪੜਾਅ ਆ ਗਿਆ ਹੈ। ਬੰਟੀ, ਸੀਮਾ ’ਤੇ ਅਮਨ ਆਪੋ ਆਪਣੇ ਆਲ੍ਹਣਿਆਂ ਵਿੱਚ ਚਲੇ ਗਏ ਹਨ। ਅਸੀਂ ਇਕੱਲੇ ਰਹਿ ਗਏ। ਕਦੇ ਕਦੇ ਸੀਮਾ ਸਾਡਾ ਹਾਲ ਪੁੱਛਦੀ ਹੈ। ਉਂਝ ਆਪਣੇ ਬੱਚੇ ਸੰਭਾਉਣ ਲਈ ਬੰਟੀ ਜਾਂ ਅਮਨ ਵੀ ਘੌਲ਼ ਨਹੀਂ ਕਰਦੇ। ਬੰਟੀ, ਜਿਹੜਾ ਮੇਰੇ ਨਾਲ ਹਮੇਸ਼ਾ ਪੈੱਗ ਖੜਕਾਇਆ ਕਰਦਾ ਸੀ, ਹੁਣ ਹਫਤਾ ਹਫਤਾ ਭਰ ਫੋਨ ਵੀ ਨਹੀਂ ਕਰਦਾ। ਮੇਰੀ ਬੰਟੀ ਨਾਲ ਸਕਾਚ ਦੀ ਸਾਂਝ ਸੀ ਜਦ ਕਿ ਅਮਨ ਬੀਅਰ ਦਾ ਸ਼ੌਕੀਨ ਸੀ। ਅਮਨ ਦੇ ਨਾਲ ਮੈਂਨੂੰ ਬੀਅਰ ਪੀਣੀ ਪੈਂਦੀ ਸੀ ਜਦ ਕਿ ਪੰਜਾਬ ਦੇ ਜੰਮ-ਪਲ ਚੌਲਾਂ ਜਾਂ ਜੌਆਂ ਦੇ ਪਾਣੀ ਨੂੰ ਬਿੱਲਕੁਲ ਪਸੰਦ ਨਹੀਂ ਕਰਦੇ। ਪਰ ਅਮਨ ਦੀ ਖੁਸ਼ੀ ਦੀ ਖਾਤਰ ਮੈਂ ਜੌਆਂ ਦਾ ਪਾਣੀ ਵੀ ਚਟਖ਼ਾਰੇ ਲੈ ਲੈ ਪੀਂਦਾ।
ਦਿਲ ਘੁੰਮਦਾ ਹੈ, ਵਕਤ ਪਿੱਛੇ ਮੁੜਦਾ ਹੈ, ਮੈਂ ਬਲਵੰਤ ਨੱਤ, ਭੁਪਿੰਦਰ, ਲਖਵੀਰ, ਰਾਮਪਾਲ ਕਾਲਜ ਦੇ ਟੂਰ ਵੇਲੇ ਘਰ ਦੀ ਕੱਢੀ ਸ਼ਰਾਬ ਪੀਂਦੇ। ਸਿਰਫ ਆਰਥਿਕ ਫਿਕਰਮੰਦੀ ਸੀ, ਨਹੀਂ ਤਾਂ ਜ਼ਿੰਦਗੀ ਲੁਤਫ਼ ਸੀ। ਮੈਂ ਕਿਉਂ ਇੱਥੇ ਆਇਆ? ਮੈਂ ਕੀ ਖੱਟਿਆ? ਸਵਾਲ ਹਨ ਜਿਨ੍ਹਾਂ ਦਾ ਮੇਰੇ ਕੋਲ਼ ਜਵਾਬ ਨਹੀਂ।
ਪਿਕਸੀ, ਮੇਰਾ ਕਤੂਰਾ ਵੀ ਮੇਰੇ ਉੱਠਣ ਨਾਲ ਜਾਗ ਪਿਆ ਸੀ। ਮੈਂ ਉਸਦੀ ਪਿੱਠ ’ਤੇ ਹੱਥ ਫੇਰਿਆ, ਉਹ ਬੜਾ ਹੀ ਨਿਮਣ ਲੱਗਾ। ਮੇਰਾ ਹੱਥ ਚੁੰਮ ਕੇ ਮੇਰੀ ਬੁੱਕਲ਼ ਵਿਚ ਆ ਬੈਠਿਆ।
ਮੈਂ ਉੱਪਰ ਗਿਆ। ਸੀਤੋ ਦੇ ਘੁਰਾੜੇ ਘਟ ਗਏ ਸਨ। ਉਹਨੇ ਪਾਸਾ ਵੱਟਦਿਆਂ ਮਿਹਣਾ ਜਿਹਾ ਮਾਰਿਆ, “ਤੁਹਾਨੂੰ ਤਾਂ ਨਾ ਜਵਾਨੀ ਵਿੱਚ ਅਰਾਮ ਸੀ ਤੇ ਨਾ ਹੁਣ ਬੁਢਾਪੇ ਵਿੱਚ ਚੈਨ।” ਮੇਰੇ ਕੋਲ਼ ਇਸਦਾ ਕੋਈ ਜਵਾਬ ਨਹੀਂ ਸੀ। ਪੌੜੀਆਂ ਉੱਤਰ ਕੇ ਮੈਂ ਫਿਰ ਲਿਵਿੰਗ ਰੂਮ ਵਿੱਚ ਆ ਗਿਆ।
ਸੀਤੋ ਬਿਮਾਰ ਹੈ। ਇਕੱਲਾ ਹੀ ਉਸਦੀ ਦੇਖਭਾਲ਼ ਕਰਦਾ। ਬੱਚਿਆਂ ਨੂੰ ਫੋਨ ਕਰਕੇ ਦੱਸਦਾ, ਤੁਹਾਡੀ ਮਾਂ ਬਿਮਾਰ ਹੈ। ਫੂਨ ਤਾਂ ਉਹਨਾਂ ਨੂੰ ਮਗਰੋਂ ਪਹੁੰਚਦਾ ਹੈ, ਪਰ ਬਹਾਨੇ ਪਹਿਲਾਂ ਸੁੱਝ ਜਾਂਦੇ ਹਨ। ਕਿਸੇ ਦੇ ਬੱਚਿਆਂ ਦੀਆਂ ਗੇਮਾਂ ਹੋ ਰਹੀਆਂ ਹਨ, ਕਿਸੇ ਨੇ ਕੰਮ ਦੇ ਨਾਲ ਨਾਲ਼ ਕੋਈ ਛੋਟਾ ਮੋਟਾ ਕੋਰਸ ਸ਼ੁਰੂ ਕੀਤਾ ਹੋਇਆ ਹੈ।
ਮੈਂ ਸੀਤੋ ਨੂੰ ਹਸਪਤਾਲ਼ ਭਰਤੀ ਕਰਾ ਦਿਤਾ। ਸੀਤੋ ਨੇ ਤਾਕੀਦ ਕੀਤੀ, “ਬੱਚਿਆਂ ਨਾਲ ਮੇਰੀ ਗੱਲ ਕਰਾ।”
ਸੀਤੋ ਬੱਚਿਆਂ ਨੂੰ ਕਹਿੰਦੀ, ਮੈਂਨੂੰ ਆ ਕੇ ਮਿਲ਼ ਜਾਵੋ। ਬੱਚੇ ਫੇਰ ਬਹਾਨੇ ਕਰਨ ਲੱਗੇ। ਸੀਮਾ ਨੂੰ ਦੱਸਿਆ, ਤੇਰੀ ਮਾਂ ਸਖ਼ਤ ਬਿਮਾਰ ਹੈ। ਉਹ ਮਿਲਣ ਆ ਗਈ। ਮਾਂਵਾਂ ਧੀਆਂ ਗਲ਼ ਲੱਗ ਕੇ ਰੋਈਆਂ। ਪਰ ਸੀਮਾ ਵੀ ਕਬੀਲਦਾਰ ਹੈ, ਉਸ ਨੂੰ ਵਾਪਸ ਜਾਣਾ ਪਿਆ।
ਡਾਕਟਰ ਨੇ ਪੁੱਛਿਆ, “ਅੰਗਦਾਨ ਦਾ ਫਾਰਮ ਭਰਿਆ ਹੈ।”
ਮੇਰੀ ਭੁੱਬ ਨਿੱਕਲ਼ ਗਈ। ਮੇਰੀ ਸੀਤੋ ਅਜੇ ਜਿਉਂਦੀ ਹੈ, ਇਹ ਹੁਣੇ ਹੀ ਉਸਦੇ ਅੰਗ ਭਾਲ਼ਦੇ ਹਨ। ਪਰ ਸ਼ਾਇਦ ਜੋ ਡਾਕਟਰ ਨੂੰ ਦਿਸ ਰਿਹਾ ਸੀ, ਉਹ ਮੈਂਨੂੰ ਨਹੀਂ ਸੀ ਦਿਸ। ਸੀਤੋ ਨੂੰ ਲਗਾਤਾਰ ਦੌਰੇ ਪੈਣ ਲੱਗੇ। ਜਦ ਵੀ ਹੋਸ਼ ਆਉਂਦੀ, ਬੱਚਿਆਂ ਦਾ ਨਾਂ ਲੈਂਦੀ। ਮੈਂ ਬਹਾਨੇ ਲਾਉਂਦਾ ਰਹਿੰਦਾ।
ਟੈਕਸੀ ਲੈ ਕੇ ਘਰ ਆਇਆ। ਆਪਣੇ ਵਿਆਹ ਦੀ ਐਲਬਮ ਦੇਖੀ। ਪੁਰਾਣੀਆਂ ਯਾਦਾਂ ਫਰੋਲਣ ਲੱਗਾ। ਕੰਧਾਂ ’ਤੇ ਸੀਤੋ ਅਤੇ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ। ਜੀਅ ਕੀਤਾ, ਸਾਰੀਆਂ ਫੋਟੋਆਂ ਲਾਹ ਕੇ ਪਾੜ ਦਿਆਂ। ਪਿਕਸੀ ਮੇਰੀਆਂ ਲੱਤਾਂ ਨੂੰ ਚਿੰਬੜ ਗਿਆ। ਲੱਗਿਆ ਪਿਆਰ ਮਨੁੱਖਾਂ ਵਿੱਚੋਂ ਖਤਮ ਹੋ ਗਿਆ ਹੈ, ਪਰ ਜਾਨਵਰਾਂ ਵਿੱਚ ਅਜੇ ਵੀ ਕਾਇਮ ਹੈ। ਜੀਅ ਕੀਤਾ ਪਿਕਸੀ ਪੁੱਛਾਂ, “ਮਾਂ ਕਿੱਥੇ ਹੈ?” ਪਿਕਸੀ ਸੀਤੋ ਨੂੰ ਆਪਦੀ ਮਾਂ ਹੀ ਸਮਝਦਾ ਹੈ। ਚਾਰ ਹਫਤਿਆਂ ਦਾ ਸੀ ਜਦ ਅਸੀਂ ਪਿਕਸੀ ਲਿਆਂਦਾ ਸੀ। ਹਰ ਵੇਲੇ ਸੀਤੋ ਦੇ ਮਗਰ ਮਗਰ ਫਿਰਦਾ ਰਹਿੰਦਾ ਸੀ। ਜੇਕਰ ਉਹ ਰਸੋਈ ਵਿੱਚ ਹੁੰਦੀ, ਪਿਕਸੀ ਰਸੋਈ ਵਿੱਚ ਚਲਿਆ ਜਾਂਦਾ ਅਤੇ ਜੇਕਰ ਬਾਹਰ ਗਾਰਡਨ ਵਿੱਚ ਹੁੰਦੀ ਤਾਂ ਬਾਹਰ ਘਾਹ ’ਤੇ ਬੈਠਾ ਸੀਤੋ ਨੂੰ ਦੇਖਦਾ ਰਹਿੰਦਾ ਤੇ ਚਿੜੀਆਂ ਨੂੰ ਭੌਂਕਦਾ ਰਹਿੰਦਾ।
ਮੇਰੇ ਕੋਲ਼ ਪਿਕਸੀ ਦੀਆਂ ਅੱਖਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ। ਪਿਕਸੀ ਨੂੰ ਗਰਾਜ ਦੇ ਡੋਰ ਕੋਲ਼ ਲਿਜਾ ਕੇ ਉਸਦਾ ਖਾਣਾਫੂਡ ਪਾਇਆ। ਪਰ ਉਹਨੇ ਖਾਧਾ ਨਹੀਂ। ਮੈਂ ਫਿਰ ਹਸਪਤਾਲ਼ ਚਲਾ ਗਿਆ। ਸੀਤੋ ਦੀਆਂ ਅੱਖਾਂ ਨੇ ਫਿਰ ਉਹੀ ਸਵਾਲ ਕੀਤਾ। ਮੈਂ ਕਿਹਾ, “ਬੱਚੇ ਆ ਜਾਣਗੇ ਤੂੰ ਦਿਲ ਕਿਉਂ ਛੱਡਦੀ ਹੈਂ?”
ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਸੀਮਾ ਫਿਰ ਆਪਣੀ ਮਾਂ ਕੋਲ਼ ਆ ਗਈ। ਮਾਂ ਅਤੇ ਧੀ ਨੇ ਜ਼ੁਬਾਨ ਨਾਲ ਨਹੀਂ, ਅੱਖਾਂ ਨਾਲ ਗੱਲਾਂ ਕੀਤੀਆਂ। ਸੀਮਾ ਨੇ ਮੇਰੇ ਵੱਲ ਇਵੇਂ ਝਾਕਿਆ, ਜਿਵੇਂ ਕਹਿ ਰਹੀ ਹੋਵੇ, “ਡੈਡ ਤੁਸੀਂ ਮੇਰੀ ਮਾਂ ਦਾ ਖਿਆਲ ਨਹੀਂ ਰੱਖਿਆ।”
ਮੈਂਨੂੰ ਲੱਗਿਆ ਜਿਵੇਂ ਸਭ ਪਾਸਿਆਂ ਤੋਂ ਮੈਂ ਹੀ ਦੋਸ਼ੀ ਹੋਵਾਂ।
ਸੀਤੋ ਸਫਰ ਪੂਰਾ ਕਰ ਗਈ। ਬੱਚੇ ਆ ਗਏ ਹਨ। ਦੋਵੇਂ ਨੂੰਹਾਂ ਵੀ ਆ ਗਈਆਂ। ਘਰ ਨੂੰ ਸੰਵਾਰਨ ਦਾ ਕੰਮ ਸ਼ੁਰੂ ਹੋ ਗਿਆ। ਯਾਰ ਮਿੱਤਰ ਅਫਸੋਸ ਕਰਨ ਲਈ ਆਉਣ ਲੱਗੇ।
ਜਿਹੜੀਆਂ ਲੜਾਈਆਂ ਆਪਣੇ ਬੱਚਿਆਂ ਵਿੱਚ ਹੁੰਦੀਆਂ ਸਨ, ਹੁਣ ਉਹੀ ਲੜਾਈਆਂ ਪੋਤਿਆਂ ਦੋਹਤਿਆਂ ਵਿੱਚ ਹੁੰਦੀਆਂ ਦੇਖਣ ਲੱਗਾ। ਸ਼ਾਮ ਨੂੰ ਦੋਵੇਂ ਮੁੰਡੇ ਮੇਰੇ ਇਕੱਲੇ ਨਾਲ ਗੱਲਾਂ ਕਰਦੇ ਬਹੁਤ ਅਫਸੋਸ ਜ਼ਾਹਰ ਕਰਦੇ ਕਿ ਉਹ ਟਾਈਮ ਸਿਰ ਨਹੀਂ ਆ ਸਕੇ। ਮੈਂ ਚੁੱਪ ਰਹਿੰਦਾ।
ਘਰ ਦੇ ਕਾਗਜ਼ਾਂ ਦੀ ਫੋਲਾ ਫਾਲੀ ਸ਼ੁਰੂ ਹੋ ਗਈ। ਬੜੇ ਖੁਸ਼ ਹੁੰਦੇ, ਜਦ ਦੇਖਦੇ ਕਿ ਘਰ ਤਾਂ ਸਾਰਾ ਪੇਅਡ-ਅੱਪ ਹੈ। ਮਨ ਵਿੱਚ ਘਰ ਦੀ ਕੀਮਤ ਦਾ ਅੰਦਾਜ਼ਾ ਲਾਉਂਦੇ। ਹੁਣ ਦੋਵੇਂ ਹੀ ਖਿੱਚ ਕਰਨ ਲੱਗੇ ਕਿ ਮੈਂ ਉਹਨਾਂ ਕੋਲ਼ ਰਹਾਂ। ਬੇਟੀ ਕੋਈ ਗੱਲ ਨਾ ਕਰਦੀ, ਬੱਸ ਇੱਕ ਨੁੱਕਰ ਵਿੱਚ ਬੈਠੀ ਰੋਈ ਜਾਂਦੀ।
ਮੁੰਡਿਆਂ ਨੇ ਗੱਲ ਤੋਰੀ, “ਡੈਡ ਇੱਡੇ ਵੱਡੇ ਘਰ ਦਾ ਕੀ ਕਰੋਗੇ? ਹੁਣ ਇਹਨੂੰ ਵੇਚ ਕੇ ਸਾਡੇ ਕੋਲ਼ ਆ ਜਾਵੋ।”
ਸੀਮਾ ਉਹਨਾਂ ਨੂੰ ਭੱਜ ਕੇ ਪੈ ਗਈ, “ਮਾਂ ਦਾ ਸਿਵਾ ਤਾਂ ਠੰਢਾ ਹੋ ਜਾਣ ਦੇਵੋ, ਆ ਗਏ ਵੰਡੀਆਂ ਪਾਉਣ?”
ਹਾਰ ਕੇ ਮੈਂਨੂੰ ਚੁੱਪ ਕਰਾਉਣੇ ਪਏ, “ਦੇਖੋ ਮੈਂ ਤੇ ਪਿਕਸੀ ਜਿੰਨਾ ਚਿਰ ਕਾਇਮ ਹਾਂ, ਇਸੇ ਘਰ ਵਿੱਚ ਰਹਾਂਗੇ। ਜਦੋਂ ਅਸੀਂ ਨਾ ਰਹੇ, ਇਹ ਘਰ ਬੇ-ਘਰਿਆਂ ਨੂੰ ਜਾਵੇਗਾ।”
ਹੁਣ ਸਾਰਿਆਂ ਦੇ ਚਿਹਰਿਆਂ ਤੋਂ ਪਿਤਾ ਪਿਆਰ ਗਾਇਬ ਹੋ ਗਿਆ। ਵਾਪਸ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਸਮਾਨ ਇਕੱਠਾ ਕਰਨ ਦੀ ਭੱਜ-ਦੌੜ ਤੇਜ਼ ਹੋ ਗਈ। ਦੋਵੇਂ ਨੂੰਹਾਂ ਫਿਰ ਕੋਲ਼ ਆ ਗਈਆਂ, “ਡੈਡੀ ਸੋਚ ਲਓ, ਇੱਥੇ ਇਕੱਲਿਆਂ ਦਾ ਜੀਅ ਨਹੀਂ ਲੱਗਣਾ।”
ਮੇਰਾ ਮਨ ਨੇ ਜਵਾਬ ਦਿੱਤਾਮ, “ਇਸ ਘਰ ਵਿੱਚ ਸੀਤੋ ਦੀਆਂ ਯਾਦਾਂ ਹਨ। ਉਸਦੇ ਸਾਹਾਂ ਦੀ ਮਹਿਕ ਹੈ। ਉਸਦੀ ਹੋਂਦ ਮੈਂਨੂੰ ਮਹਿਸੂਸ ਹੁੰਦੀ ਹੈ। ਇਸ ਘਰ ਤੋਂ ਦੂਰ ਜਾ ਕੇ ਤਾਂ ਮੈਂ ਜਿਊਂਦਾ ਹੀ ਮਰ ਜਾਵਾਂਗਾ।”
ਬੱਚੇ ਸਮਾਨ ਗੱਡੀਆਂ ਵਿੱਚ ਰੱਖਣ ਲੱਗੇ। ਮੈਂ ਪਿਕਸੀ ਨੂੰ ਲੈ ਕੇ ਬਾਹਰ ਨੂੰ ਚਲਾ ਗਿਆ। ਏਅਰਪੋਰਟ ਵੱਲ ਦੇਖਿਆ, ਇੱਕ ਹੋਰ ਏਅਰ-ਇੰਡੀਆ ਦਾ ਜਹਾਜ਼ ਏਅਰਪੋਰਟ ’ਤੇ ਲੈਂਡ ਹੋ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3304)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)