GurminderKSidhu7ਇਸ ਪੇਸ਼ਕਾਰੀ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ...
(30 ਸਤੰਬਰ 2021)

 

ਲੋਕਗੀਤ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ 146 ਸਫ਼ਿਆਂ ਦਾ ਨਾਵਲ ‘ਖਿੱਦੋ’ ਸੁਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਸਿੰਘ ਭੁੱਲਰ ਦੀ ਅਜਿਹੀ ਕਿਤਾਬ ਹੈ, ਜੋ ਉਸਦੀਆਂ ਸਾਰੀਆਂ ਕਿਤਾਬਾਂ ਤੋਂ ਵੱਖਰੀ ਹੈਉਸਦੀਆਂ ਹੀ ਨਹੀਂ, ਇਹ ਸਾਰਿਆਂ ਦੀਆਂ ਸਾਰੀਆਂ ਕਿਤਾਬਾਂ ਤੋਂ ਵੱਖਰੀ ਹੈਇਹ ਇੱਕ ਅਜਿਹਾ ਰਚਨਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਉਹ ਨਹੀਂ ਰਹਿੰਦੇ, ਜੋ ਇਸ ਨੂੰ ਪੜ੍ਹਨ ਤੋਂ ਪਹਿਲਾਂ ਸਉ। ਇਹ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦੀ ਹੈਸਭ ਤੋਂ ਪਹਿਲਾਂ ਤਾਂ ਇਹਦਾ ਸਰਵਰਕ-ਚਿੱਤਰ ਹੀ ਬੇਹੱਦ ਹੈਰਤਅੰਗੇਜ਼ ਹੈ, ਰਹੱਸਮਈ ਹੈ, ਇਸ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਸੁਣੀਂਦੀਆਂ ਨੇ, ਬਹੁਤ ਸਾਰੀਆਂ ਕਹਾਣੀਆਂ ਹਾਕਾਂ ਮਾਰਦੀਆਂ ਨੇਇਹ ਹਾਕਾਂ ਲੇਖਕ ਦੇ ਕਾਵਿਮਈ ਸਮਰਪਣ ਨੂੰ ਪੜ੍ਹ ਕੇ ਹੋਰ ਤਿੱਖੀਆਂ ਹੋ ਜਾਂਦੀਆਂ ਨੇ:

“ਸਮਰਪਣ
ਉਸ ਦੇ ਨਾਂ
ਜੋ ਲਾਲਸਾਵਾਂ ਦੇ ਸਮੁੰਦਰ ਵਿੱਚ
ਡੁੱਬਿਆ ਨਹੀਂ

ਤਿਲਾਂਜਲੀ!
ਉਸ ਦੇ ਲਈ
ਜੋ ਇਸ ਲਈ ਮਰ ਗਿਆ
ਕਿ ਖੱਫਣ ਮਖ਼ਮਲ ਦਾ ਹੈ

ਬੱਸ ਫਿਰ, ਪਾਠਕ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ ਕਿ ਉਹ ਸਾਰੇ ਕੰਮਕਾਰ ਛੱਡ ਕੇ ਇਹਨਾਂ ਹਾਕਾਂ ਦਾ ਸੱਚ ਲੱਭਣ ਲਈ ਇਸ ਪੁਸਤਕ ਦੇ ਪੰਨਿਆਂ ਵਿੱਚ ਗੁਆਚ ਜਾਵੇ! ਤੇ ਜਦੋਂ ਸੱਚ ਲੱਭਦਾ ਹੈ, ਵਿਸ਼ਵਾਸ ਦਾ ਸ਼ੀਸ਼ਾ ਤ੍ਰੇੜਿਆ ਜਾਂਦਾ ਹੈ। ਤ੍ਰੇੜਿਆ ਹੀ ਨਹੀਂ ਜਾਂਦਾ ਚਕਨਾਚੂਰ ਹੁੰਦਾ ਹੈ, ਉਹ ਵੀ ਕੜੱਕ ਕਰ ਕੇ। ਇਸ ਕੜੱਕ ਦੀ ਆਵਾਜ਼ ਕੰਨਾਂ ਨੂੰ ਹੀ ਨਹੀਂ, ਆਤਮਾ ਨੂੰ ਵੀ ਕੰਬਣੀ ਛੇੜ ਦਿੰਦੀ ਹੈ। ਸ਼ੀਸ਼ੇ ਦੀਆਂ ਕਿਰਚਾਂ ਚੁਭਦੀਆਂ ਨੇ, ਸੰਵੇਦਨਾ ਲਹੂ ਲੁਹਾਣ ਹੁੰਦੀ ਹੈਇਹ ਨਾਵਲ ਸਾਡੇ ਸਮਿਆਂ ਦਾ ਕੁਰਖਤ ਦਸਤਾਵੇਜ਼ ਹੈ, ਇਹ ਦਸਤਾਵੇਜ਼ ਤਿਆਰ ਕਰਨ ਲਈ ਦਲੇਰੀ ਕਲਮ ਬਣਦੀ ਹੈ, ਸਿਦਕ ਤੇ ਸਿਰੜ ਸਿਆਹੀ ਬਣਦੇ ਨੇ‘ਖਿੱਦੋ’ ਬਾਰੇ ਜਾਣਕਾਰੀ ਦਿੰਦਿਆਂ ਨਾਵਲਕਾਰ ਸਾਨੂੰ ਬਚਪਨ ਵੱਲ ਲੈ ਜਾਂਦਾ ਹੈ, ਸਾਡੇ ਸਭ ਦੇ ਬਚਪਨ ਵੱਲ, ਸੱਚਮੁੱਚ ਇਹ ਘੁੰਗਰੂ ਵਾਲੀ ਖਿੱਦੋ ਇੱਕ ਇਨਾਮ ਵਾਂਗ ਹੁੰਦੀ ਸੀ, ਨਵੀਂ ਖਿੱਦੋ ਮਿਲਣੀ ਤਾਂ ਚਾਅ ਚੁੱਕਿਆ ਨਾ ਜਾਣਾ, ਭੱਜ ਕੇ ਬਾਹਰ ਜਾ ਕੇ ਆਪਣੇ ਹਾਣੀਆਂ ਨੂੰ ਦਿਖਾਉਣੀ, ਸਾਂਭ ਸਾਂਭ ਰੱਖਣੀ, ਕਿਸੇ ਕਿਸੇ ਦੀ ਮਾਮੀ ਚਾਚੀ ਇਹ ਖਿੱਦੋ ਬਣਾਉਣ ਵਿੱਚ ਮਾਹਿਰ ਹੁੰਦੀ ਸੀ, ਉਸ ਤੋਂ ਮਿਲੀ ਰੰਗ-ਬਿਰੰਗੀ ਖਿੱਦੋ ਤਾਂ ਹੋਰ ਵੀ ਵੱਡਾ ਇਨਾਮ ਜਾਪਦੀਹੋਣਾ ਤਾਂ ਇਹ ਚਾਹੀਦਾ ਸੀ ਕਿ ਇਨਾਮ ਸਨਮਾਨ ਵੀ ਉਸੇ ‘ਖਿੱਦੋ’ ਵਾਂਗ ਹੁੰਦੇ, ਜਿਹੜੇ ਲਿਖਤ ਨੂੰ ਹੁਲਾਰਾ ਦਿੰਦੇ, ਨਵੀਂ ਊਰਜਾ ਬਖਸ਼ਦੇ, ਅਗਲੇ ਵਿੱਚ ਉਸ ਤੋਂ ਵੀ ਵਧੀਆ ਲਿਖਣ ਦਾ ਉਤਸ਼ਾਹ ਭਰਦੇ, ਇੱਕ ਦੂਜੇ ਨੂੰ ਦਿਖਾਉਣ ਦਾ ਚਾਅ ਹੁੰਦਾ, ਫ਼ਖ਼ਰ ਹੁੰਦਾ, ਦੂਜਿਆਂ ਨੂੰ ਵੀ ਇਨਾਮ ਲੈਣ ਵਾਲੇ ਤੋਂ ਪ੍ਰੇਰਨਾ ਮਿਲਦੀ, ਆਪ ਮਿਹਨਤ ਕਰਕੇ ਇਸ ਉੱਚੇ ਮੁਕਾਮ ਤਕ ਪਹੁੰਚਣ ਦੀ ਰੀਝ ਜਾਗਦੀ, ਇਹ ਰੀਝ ਇੱਕ ਸਾਰਥਕ ਕੋਸ਼ਿਸ਼ ਬਣਦੀ, ਪ੍ਰਾਪਤੀ ਬਣਦੀਪਰ ਹੋਇਆ ਇਸ ਤੋਂ ਬਿਲਕੁਲ ਉਲਟ, ਇਨਾਮਾਂ ਸਨਮਾਨਾਂ ਦੀ ਘਟੀਆ ਕਾਰਜ-ਸ਼ੈਲੀ ਬਾਰੇ ਭਿਣਕ ਤਾਂ ਅਕਸਰ ਕੰਨੀਂ ਪੈਂਦੀ ਸੀ, ਸਾਹਿਤਕ ਸੱਥਾਂ ਵਿੱਚ ਨਿੱਕੀ ਨਿੱਕੀ ਚਰਚਾ ਵੀ ਹੁੰਦੀ ਸੀ, ਪਰ ਮੈਂਨੂੰ ਲੱਗਦਾ ਕਿ ਲੋਕ ਐਵੇਂ ਸ਼ਗੂਫੇ ਛੱਡਦੇ ਨੇ, ਇੰਝ ਕਿਵੇਂ ਹੋ ਸਕਦਾ ਹੈ? ਇਸਦੇ ਅਸਲੀਅਤ ਹੋਣ ਉੱਤੇ ਯਕੀਨ ਹੀ ਨਾ ਹੁੰਦਾ, ਜਸਬੀਰ ਭੁੱਲਰ ਦਾ ਸ਼ੁਕਰੀਆ ਕਿ ਉਸਨੇ ਇਸ ਸ਼ੱਕ ਨੂੰ ਯਕੀਨ ਵਿੱਚ ਬਦਲਿਆ, ਉਹ ਵੀ ਇਸ ਤਰ੍ਹਾਂ ਕਿ ਰੂਹ ਅੰਦਰਲੀ ਤਹਿ ਤਕ ਹਿੱਲ ਗਈ ਐ, ਤੋਬਾ! ਇੰਨੀਆਂ ਗਲੀਜ਼ ਕਿਰਦਾਰ? ਇੰਨੀ ਲਾਲਸਾ? ਇੰਨੀ ਗਿਰਾਵਟ? ਕੀ ਇਹ ਸਾਹਿਤ ਦੀ ਦੁਨੀਆਂ ਹੈ? ਪੰਜਾਬੀ ਸਾਹਿਤ ਦੀ ਦੁਨੀਆਂ? ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸਾਹਿਤਕਾਰ, ਖ਼ੂਬਸੂਰਤ ਸਮਾਜ ਸਿਰਜਣ ਦੇ ਜ਼ਿੰਮੇਵਾਰ ਸਾਹਿਤਕਾਰ, ਸਮਾਜ ਦੇ ਦਰਪਣ ਹੋਣ ਦਾ ਮਾਣ ਹੰਢਾਉਣ ਵਾਲੇ ਸਾਹਿਤਕਾਰ … ਤੇ ਇਹਨਾਂ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਅਦਾਰੇ, ਸੰਸਥਾਵਾਂ, ਸਰਕਾਰਾਂ, ਤੇ ਉਹਨਾਂ ਦਾ ਸੱਚ ਇੰਨਾ ਗੰਦਾ? ਇੰਨਾ ਬਦਬੂਦਾਰ? ਕਿ ਇਨਾਮ, ਸਨਮਾਨ ਲੈਣ ਉੱਤੇ ਹੀ ਨਹੀਂ, ਸਾਹਿਤਕਾਰ ਹੋਣ ਉੱਤੇ ਵੀ ਸ਼ਰਮ ਆਉਂਦੀ ਹੈਕੀ ਸੋਚਣਗੇ ਉਹ ਲੋਕ ਜਿਹੜੇ ਸਿੱਧੇ ਤੌਰ ਉੱਤੇ ਸਾਹਿਤ ਨਾਲ ਨਹੀਂ ਜੁੜੇ ਹੋਏ? ਕੀ ਆਮ ਲੋਕਾਂ ਵਿੱਚ ਵਿਚਰਦਿਆਂ ਸਿਰ ਨਹੀਂ ਝੁਕੇਗਾ ਸਾਹਿਤ-ਕਰਮੀਆਂ ਦਾ? ਕਹਿੰਦੇ ਨੇ ਇੱਕ ਮੱਛੀ ਸਾਰੇ ਪਾਣੀ ਨੂੰ ਗੰਧਲਾ ਕਰ ਦਿੰਦੀ ਹੈ ਤੇ ਇੱਥੇ ਤਾਂ ਬਹੁਤੀਆਂ ਮੱਛੀਆਂ…… ਇਹਨਾਂ ਮੱਛੀਆਂ ਦੀ ਹਕੀਕਤ ਇਸ ਨਾਵਲ ਨੂੰ ਪੜ੍ਹ ਕੇ ਹੀ ਜਾਣੀ ਜਾ ਸਕਦੀ ਹੈਜਸਬੀਰ ਭੁੱਲਰ ਨੇ ਜਿਸ ਤਰ੍ਹਾਂ ਅੱਖਰਾਂ ਦੀ ਚੁੰਝ ਨੂੰ ਨਿਡਰਤਾ ਦੇ ਲੋਹੇ ਨਾਲ ਮੜ੍ਹਾ ਕੇ ਇਹ ਸੱਚ ਸਿਰਫ ਕਾਗਜ਼ ਉੱਤੇ ਹੀ ਨਹੀਂ, ਸਮੇਂ ਦੀ ਹਿੱਕ ਉੱਤੇ ਉੱਕਰ ਦਿੱਤਾ ਹੈ, ਇਹ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ

ਇਸ ਪੇਸ਼ਕਾਰੀ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਤੋਂ ਹੁੰਦੀ ਹੈ, ਇਹ ਚੋਣ ਕਰਨ ਲਈ ਬਣੇ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਦੇ ਬਹੁਤ ਦਿਨ ਪਹਿਲਾਂ ਤੋਂ, ਇਨਾਮਾਂ ਦੇ ਤਲਬਗਾਰਾਂ ਦੀ ਭੱਜ-ਦੌੜ ਤੋਂ, ਉਹਨਾਂ ਵੱਲੋਂ ਹਰ ਹਰਬਾ ਵਰਤਣ ਤੋਂ, ਇੱਕ ਤਰ੍ਹਾਂ ਇਨਾਮ ਲਈ ਗਿੜਗਿੜਾਉਣ ਤੋਂ, ਇਹੋ ਜਿਹੀਆਂ ਜੁਗਾੜਬੰਦੀਆਂ ਜੋ ਨਾ ਕਿਆਸੀਆਂ ਨਾ ਸੁਣੀਆਂ, ਕਈ ਕਈ ਸਾਲ ਪਹਿਲਾਂ ਦੀ ਯੋਜਨਾਬੰਦੀ … ਉਫ …!

ਇਹ ਨਾਵਲ ਅੰਤਾਂ ਦਾ ਹੈਰਾਨ ਕਰਦਾ ਹੈ, ਪ੍ਰੇਸ਼ਾਨ ਵੀ ਕਰਦਾ ਹੈ, ਨਾਇਕ ਦੀ ਪਤਨੀ ਐਮੀਂ ਦਾ ਸਵਾਲ, “ਇਨਾਮ ਤਾਂ ਸ਼ਾਬਾਸ਼ ਵਾਂਗ ਹੁੰਦੇ ਨੇ, ਕੋਈ ਇਹਨੂੰ ਭੀਖ ਵਾਂਗ ਵੀ ਮੰਗਦਾ ਹੁੰਦਾ ਏ?” ਸ਼ਾਇਦ ਸਾਰੇ ਸੁਹਿਰਦ ਲੇਖਕਾਂ ਪਾਠਕਾਂ ਦਾ ਸਵਾਲ ਹੈ, ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ ਇਹ ਨਾਵਲ, ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ ’ਤੇ ਬਹੁਤ ਕੁਝ ਉਹ ਵੀ ਹੈ ਜੋ ਸਤਰਾਂ ਦੇ ਵਿਚਾਲੇ ਲਿਖਿਆ ਪਿਆ ਹੈ, ਜੋ ਅਣਦਿਸਦਾ ਹੈ, ਪਰ ਪੜ੍ਹਿਆ ਜਾਣਾ ਚਾਹੀਦਾ ਹੈਔਰਤ ਦਾ ਸ਼ੋਸ਼ਣ ਸਕੂਲਾਂ, ਕਾਲਜਾਂ, ਦਫਤਰਾਂ, ਹਸਪਤਾਲਾਂ, ਸੜਕਾਂ, ਭੱਠਿਆ, ਠਾਣਿਆਂ ਆਦਿ ਵਿੱਚ ਤਾਂ ਪੜ੍ਹਿਆ ਸੁਣਿਆ ਸੀ, ਪਰ ਸਮਾਜ ਦੇ ਰਾਹ-ਦਸੇਰੇ ਸਾਹਿਤਕ ਅਦਾਰੇ ਵੀ ਇਸ ਤੋਂ ਮੁਕਤ ਨਹੀਂ, ਇਸ ਗੁੱਝੇ ਤੇ ਕੌੜੇ ਭੇਤ ਤੋਂ ਪਰਦਾ ਇਹ ਨਾਵਲ ਹੀ ਚੁੱਕਦਾ ਹੈ, ਇਹ ਵੀ ਪ੍ਰਤੱਖ ਕਰਦਾ ਹੈ ਕਿ ਉਹ ਔਰਤਾਂ ਵੀ ਹੈਗੀਆਂ ਨੇ ਜੋ ਫੋਕੀ ਸ਼ੁਹਰਤ ਲਈ ਮਰਦ ਦੀ ਹਵਸ ਦਾ ਸ਼ਿਕਾਰ ਬਣਨ ਲਈ ਤਿਆਰ ਨੇ, ਆਪਣੀ ਦੇਹ ਦਾ ਪੂਰਾ ਮੁੱਲ ਵੱਟਦੀਆਂ ਨੇ, ਵੱਡੇ ਰੁਤਬਿਆਂ ਅਤੇ ਇਨਾਮਾਂ ਸਾਹਮਣੇ ਜਿਹਨਾਂ ਨੂੰ ਆਪਣੀ ਇੱਜ਼ਤ ਆਬਰੂ ਦੀ ਕੋਈ ਪਰਵਾਹ ਨਹੀਂਇਸ ਨਾਵਲ ਦੀ ਖਿੜਕੀ ਵਿੱਚੋਂ ਜਿਹੜਾ ਸਾਹਿਤ-ਸੰਸਾਰ ਦਿਸਦਾ ਹੈ, ਉਸ ਵਿੱਚ ਜਿਸਦਾ ਵੀ ਦਾਅ ਲੱਗਦਾ ਹੈ, ਉਹੀ ਵਰਤਣਾ ਚਾਹੁੰਦਾ ਹੈ ਔਰਤ ਨੂੰ, ਇੱਥੋਂ ਤਕ ਕਿ ਪ੍ਰਕਾਸ਼ਕ ਵੀਪੀ.ਐੱਚ.ਡੀਆਂ ਦੇ ਕੱਚੇ ਚਿੱਠੇ ਖੁੱਲ੍ਹ ਰਹੇ ਨੇ, ‘ਕੌਮੀ ਕਵੀ ਦਰਬਾਰ’ ਦੀਆਂ ਅੰਦਰਲੀਆਂ ਕਾਰਗੁਜ਼ਾਰੀਆਂ ਪਰਦੇ ਪਾੜ ਪਾੜ ਬਾਹਰ ਆ ਰਹੀਆਂ ਨੇ, ਭਾਰਤੀ ਸਾਹਿਤ ਅਕਾਦਮੀ ਦੇ ਪੰਜਾਬੀ ਲੇਖਕਾਂ ਨੂੰ ਮਿਲਦੇ ਪੁਰਸਕਾਰਾਂ ਦੀ ਗੰਢ-ਤੁੱਪ ਪ੍ਰਗਟ ਹੋ ਰਹੀ ਹੈ, ਨੌਕਰੀਆਂ ਦੀ ਧਾਂਦਲੀ ਨਮੂਦਾਰ ਹੋ ਰਹੀ ਹੈ ’ਤੇ ਇੱਕ ਅਨੁਭੂਤੀ ਪਾਠਕ ਦੇ ਕਾਲਜੇ ਵਿੱਚ ਛੁਰੀਆਂ ਫੇਰਦੀ ਹੈ ਕਿ ਇਸ ਦੇਸ਼ ਵਿੱਚ ਯੋਗਤਾ ਦਾ ਕੋਈ ਮੁੱਲ ਨਹੀਂ, ਕੋਈ ਲੋੜ ਨਹੀਂ, ਕੋਈ ਮਤਲਬ ਹੀ ਨਹੀਂਕਾਲਜਾਂ ਵਿੱਚ ਪੰਜਾਬੀ ਪੜ੍ਹਾਉਂਦੇ ਪ੍ਰੋਫੈਸਰਾਂ ਦਾ ਪੰਜਾਬੀ ਸਾਹਿਤ ਦੇ ਗਿਆਨ ਬਾਰੇ ਮਿਆਰ ਇਸੇ ਧਾਂਦਲੀ ਦੀ ਦੇਣ ਦਿਖਾਈ ਦੇ ਰਿਹਾ ਹੈ, ਇਹ ਉਹ ਦੁਨੀਆਂ ਹੈ ਜਿੱਥੇ ਬਾਥਰੂਮ ਲੁਕ-ਲੁਕ ਕੇ ਫੋਨ ਕਰਨ ਦੇ ਕੰਮ ਆਉਂਦੇ ਨੇ ਤੇ ਫਿਰ ਇੱਕ ‘ਸਮਝ’ ਪੱਲੇ ਨਾਲ ਬੱਝ ਜਾਂਦੀ ਹੈ ਕਿ ਜਿਹਨਾਂ ਉੱਚ-ਦੁਮਾਲੜੀਆਂ ਹਸਤੀਆਂ ਦਾ ਤੁਸੀਂ ਬਹੁਤ ਅਦਬ ਸਤਿਕਾਰ ਕਰਦੇ ਸੀ, ਉਹਨਾਂ ਨੂੰ ਨਫਰਤ ਕਰਨ ਦਾ ਵੇਲਾ ਆ ਗਿਆ ਹੈ

ਉਂਜ ‘ਖਿੱਦੋ’ ਵਿਚਲੀ ਕਹਾਣੀ ਬਹੁਤ ਖ਼ੂਬਸੂਰਤ ਵੀ ਹੈ, ਕਵਿਤਾ ਵਿੱਚ ਗੁੰਨ੍ਹ ਕੇ ਲਿਖੀ ਹੋਈ, ਮੁਹੱਬਤ ਦੀ ਸਿਖਰ ਤਲਾਸ਼ਦੀ, ਸਮੇਂ ਦੀਆਂ ਸਿਤਮਜ਼ਰੀਫੀਆਂ ਨਾਲ ਦਸਤ-ਪੰਜਾ ਲੈਂਦੀਕਵਿਤਾ ਆਪਣੇ ਅਸਲ ਰੂਪ ਵਿੱਚ ਵੀ ਹਾਜ਼ਰ ਹੈ ਇੱਥੇ, ਲੇਖਕ ਦੇ ਵਧੀਆ ਕਵੀ ਹੋਣ ਦੀ ਗਵਾਹੀ ਭਰਦੀ, ਇਸ ਨਾਵਲ ਦੇ ਪ੍ਰਭਾਵ ਨੂੰ ਹੋਰ ਵੀ ਗੂੜ੍ਹਾ ਤੇ ਹੁਸੀਨ ਕਰਦੀਦਿਲਕਸ਼ ਵਾਰਤਾਲਾਪ ਥਾਂ ਥਾਂ ਉੱਤੇ ਰੂਹ ਦੀਆਂ ਤਰਬਾਂ ਛੇੜਦੀ ਹੈ:

ਨਜ਼ਮ ਸੁਣ ਕੇ ਨਸੀਬ ਕੁਝ ਚਿਰ ਚੁੱਪ ਰਹੀ, ਫਿਰ ਉਹ ਹੱਸੀ ਵੀ ਤੇ ਰੋਈ ਵੀ, ਜਿਵੇਂ ਬਾਤਾਂ ਵਿੱਚ ਹੁੰਦਾ ਹੈ

“ਤੂੰ ਹੱਸੀ ਕਿਉਂ ਸੈਂ?”

“ਇਸ ਲਈ ਕਿ ਤੂੰ ਮੇਰੀਆਂ ਇੱਛਾਵਾਂ ਦਾ ਰਾਜਕੁਮਾਰ ਏਂ।” ਨਸੀਬ ਅੱਥਰੂ ਪੂੰਝਦਿਆਂ ਮੁੜ ਹੱਸੀ

“ਤੇ ਫਿਰ ਰੋਈ ਕਿਉਂ?”

“ਇਸ ਲਈ ਕਿ ਪਿਆਰ ਵਿੱਚ ਬੜਾ ਕੁਝ ਹੋਰ ਤਰ੍ਹਾਂ ਵੀ ਹੋ ਜਾਂਦਾ ਏ”-ਪੰਨਾ 37

ਇਹ, “ਕੁਝ ਹੋਰ ਤਰ੍ਹਾਂ ਵੀ ਹੋ ਜਾਂਦਾ ਏ” ਜਿਵੇਂ ਅੱਗੇ ਜਾ ਕੇ ਵਾਪਰਨ ਵਾਲੇ ਕਿਸੇ ਭਾਣੇ ਵੱਲ ਇਸ਼ਾਰਾ ਹੈ, ਭਾਣਾ, ਜਿਹੜਾ ਵਾਪਰਦਾ ਵਾਪਰਦਾ ਰਹਿ ਗਿਆ

ਖਿੱਦੋ ਜਿਸ ਹੁਨਰਵੰਦੀ ਨਾਲ ਬਣਾਈ ਜਾਂਦੀ ਸੀ, ਨਾਵਲ ਉਸ ਤੋਂ ਕਿਤੇ ਵੱਧ ਹੁਨਰਵੰਦੀ ਨਾਲ ਬੁਣਿਆ ਗਿਆ ਹੈ, ਇਸ ਤਰ੍ਹਾਂ ਕੀਲ ਲੈਂਦਾ ਹੈ ਕਿ ਆਪਣੇ ਗੋਡੇ-ਮੁਢੋਂ ਉੱਠਣ ਹੀ ਨਹੀਂ ਦਿੰਦਾ, ਉਤਸੁਕਤਾ ਤੇ ਦਿਲਚਸਪੀ ਲਗਾਤਾਰ ਬਣੀ ਰਹਿੰਦੀ ਹੈ‘ਖਿੱਦੋ’ ਦੀ ਹੋਣੀ ਨੂੰ ਬਿਆਨ ਕਰਦੀ ਜਸਬੀਰ ਭੁੱਲਰ ਦੀ ਅੱਖਰਕਾਰੀ ਖਿਦੋ ਦੇ ਸੂਤ ਵਿੱਚ ਚਮਕਦੇ ਗੋਟੇ ਵਾਂਗ ਜਾਪਦੀ ਹੈ

ਇਸਦੀਆਂ ਲੀਰਾਂ ਵਿੱਚੋਂ ਬੜਾ ਕੁਝ ਵੱਖਰਾ ਜਿਹਾ, ਵਿਕੋਲਿਤਰਾ ਜਿਹਾ ਵੀ ਲੱਭਦਾ ਹੈ, ਭਾਵੇਂ ਕਿ ਉਹ ਵੀ ਭਾਵਨਾਵਾਂ ਨੂੰ ਹਾਕਲ਼-ਬਾਕਲ਼ ਹੀ ਕਰਦਾ ਹੈਜਿਵੇਂ ਕਿ ਇੱਕ ਮਹੱਤਵਪੂਰਨ ਪਾਤਰ ‘ਕਿਸ਼ੋਰੀ ਲਾਲ’ ਵੱਲੋਂ ਨਿੱਕੇ ਨਿੱਕੇ ਟੋਟਕੇ/ਬਾਤਾਂ ਸੁਣਾ ਕੇ ਆਪਣੀ ‘ਯੋਜਨਾ’ਸਮਝਾਉਣ ਦਾ ਨਵੇਕਲਾ ਤੇ ਪ੍ਰਭਾਵਸ਼ਾਲੀ ਲਹਿਜ਼ਾ, ਪਰ ਉਹ ‘ਯੋਜਨਾ’ਜ਼ਿੰਦਗੀ ਨਾਲ, ਸੋਹਣੇ ਸੁਚੱਜੇ ਜਿਊਣ-ਢੰਗ ਨਾਲ ਬੇਵਫਾਈ ਕਰਦੀ ਹੈਕਹਾਣੀ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਵੱਲ ਵਧ ਰਹੀ ਹੈਢਾਹ-ਭੰਨ ਦੀ ਕਾਰਵਾਈ ਵਿੱਚ ਜੋ ਜੋ ਘਿਨਾਉਣੇ ਕੌਤਕ ਵਾਪਰਦੇ ਨੇ, ਉਹਨਾਂ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ, ਘੱਟ ਤੋਂ ਘੱਟ ਕਿਸੇ ਸਧਾਰਨ, ਸਾਊ ਸ਼ਖਸ ਨੇ ਤਾਂ ਬਿਲਕੁਲ ਹੀ ਨਹੀਂਇਸ ਵਰਤਾਰੇ ਦੇ ਇੱਕ ਹੋਰ ਬੇਹੱਦ ਮਹੱਤਵਪੂਰਨ ਪਾਤਰ ‘ਹੀਰਾ’ ਦੇ ਆਖਰੀ ਸਮੇਂ ਦੇ ਬੋਲ ਵੀ ਲੂੰ ਕੰਡੇ ਖੜ੍ਹੇ ਕਰਨ ਵਾਲੇ ਨੇ, “ਗਲੀਜ਼ ਸੁੰਡੀਆਂ ਵਰਗੇ ਨੇ ਸਾਰੇ ਇਨਾਮ-ਸਨਮਾਨ, ਪ੍ਰਤਿਭਾ ਨੂੰ ਕੁਤਰ ਦਿੰਦੇ ਨੇ … ਪਾੜ ਖਾਂਦੇ ਨੇ ਸਿਰਜਣਾ ਨੂੰਉਹਨਾਂ ਨੂੰ ਕਹੀਂ ਬੰਦ ਕਰ ਦੇਣ ਸਾਰੇ ਇਨਾਮ! ਬੌਣੇ ਹੋ ਜਾਂਦੇ ਨੇ ਲੇਖਕ! … ਲੇਖਕ ਹੋਣਾ ਹੀ ਬੰਦ ਕਰ ਦਿੰਦੇ ਨੇ … ”

ਨਾਵਲ ਦਾ ਅੰਤ ਬੇਹੱਦ ਦੁਖਦਾਈ ਹੈ, ਦਿਮਾਗ ਨੂੰ ਸੁੰਨ ਕਰ ਕੇ ਕੇ ਰੱਖ ਦਿੰਦਾ ਹੈ, ਪਰ ਇਸ ਤੋਂ ਬਿਨਾਂ ਹੋਰ ਕੋਈ ਅੰਤ ਹੋ ਵੀ ਨਹੀਂ ਸੀ ਸਕਦਾਕਾਸ਼! ਇਹ ਅੰਤ ਹੋਰਨਾਂ ਨੂੰ ਚਾਨਣ ਕਰੇ ਤੇ ਉਹ ਅੰਨ੍ਹੀ ਕਾਮਨਾ ਦੇ ਘੋੜੇ ਦੀਆਂ ਵਾਗਾਂ ਪਿਛਾਂਹ ਨੂੰ ਮੋੜ ਲੈਣਅੰਦਰਲੇ ਸਕੈੱਚ ਇਸ ਕੋਝੇ ਵਰਤਾਰੇ ਨੂੰ ਆਪਣੇ ਅੰਦਾਜ਼ ਨਾਲ ਬਿਆਨ ਕਰਦੇ ਨੇ, ਇਹਨਾਂ ਵਿੱਚ ਹਵਸ ਦੀਆਂ ਲਕੀਰਾਂ ਨੇ, ਜਬਰ ਦੇ ਪਰਛਾਵੇਂ ਨੇ, ਬਘਿਆੜੀ ਬਿਰਤੀਆਂ ਦੇ ਅਕਸ ਨੇ, ਬੇਵਸੀ ਦੀ ਵੇਦਨਾ ਹੈ, ਚੀਖਾਂ ਨੇ, ਹਉਕੇ ਨੇ ਤੇ ਹੋਰ ਬਹੁਤ ਕੁਝ ਹੈਚਿੱਤਰਕਾਰ ਦਾ ਕਮਾਲ ਮੂੰਹੋਂ ਬੋਲਦਾ ਹੈ ਤੇ ਨਾਵਲ ਦੇ ਅਰਥਾਂ ਨੂੰ ਹੋਰ ਵਿਸ਼ਾਲ ਕਰਦਾ ਹੈ

ਇਸ ਲਿਖਤ ਨੂੰ ਮਨੋਰੰਜਕ ਤੇ ਹੰਢਣਸਾਰ ਬਣਾਉਣ ਲਈ ਲੇਖਕ ਨੇ ਜ਼ਰੂਰ ਕਲਪਨਾ ਦਾ ਪਲੇਥਣ ਲਾਇਆ ਹੋਵੇਗਾ, ਨਾਂ ਵੀ ਵੱਖਰੇ ਨਾਂਵਾਂ ਦੇ ਉਹਲੇ ਲੁਕੋ ਦਿੱਤੇ ਨੇ, ਪਰ ਸਭ ਕੁਝ ਸਮਝ ਆਉਂਦਾ ਹੈ, ਬਾਖ਼ੂਬੀ ਸਮਝ ਆਉਂਦਾ ਹੈ, ਇਹ ਪਰਦਾ ਬਹੁਤ ਮਹੀਨ ਹੈ, ਇਹ ਉਹਨਾਂ ਬੱਦਲਾਂ ਵਾਂਗ ਬਿਲਕੁਲ ਨਹੀਂ ਜੋ ਚੰਦ ਨੂੰ ਲੁਕੋ ਲੈਂਦੇ ਨੇ, ਜਿਹਨਾਂ ਵਿੱਚੋਂ ਚੰਦ ਗਾਹੇ ਬਗਾਹੇ ਝਲਕਾਰੇ ਮਾਰਦਾ ਰਹਿੰਦੈ ਤੇ ਜਦੋਂ ਵੱਸ ਚੱਲੇ ਪੂਰੇ ਜਲੌਅ ਨਾਲ ਪ੍ਰਗਟ ਹੋ ਜਾਂਦਾ ਹੈ, ਪਰ ਉਹ ਕ੍ਰਿਸ਼ਮਾ ਤਾਂ ਗੋਰੀ ਗੋਰੀ ਚਾਨਣੀ ਦਿੰਦਾ ਹੈ, ਸੀਤਲਤਾ ਵਰਸਾਉਂਦੈਹਾਂ, ਇਹ ਸੂਰਜ ਵਾਂਗ ਜ਼ਰੂਰ ਹੋ ਸਕਦਾ ਹੈ, ਜੋ ਚਾਨਣ ਤਾਂ ਦਿੰਦਾ ਹੀ ਹੈ, ਨਾਲ ਸੇਕ ਵੀ, ਤੇ ਸੇਕ ਵੀ ਇਹੋ ਜਿਹਾ ਜਿਹੜਾ ਜੇ ਹੱਦੋਂ ਬਾਹਰ ਹੋ ਜਾਵੇ ਤਾਂ ਭਾਂਬੜ ਬਣਨ ਦੀ ਸਮਰੱਥਾ ਰੱਖਦੈ ਜਾਂ ਫਿਰ ਇਹ ਕੋਈ ਵਿਸਫੋਟ ਹੈ ਜਿਸ ਨਾਲ ਲੁਕਿਆ ਹੋਇਆ ਸੱਚ ਲਟ-ਲਟ ਕਰਦਾ ਬਾਹਰ ਆ ਗਿਆ ਹੈਰੱਬ ਕਰੇ! ਇਹ ਅਗਨੀ ਕਿਸੇ ਹੱਸਦੇ ਵਸਦੇ ਘਰ ਨੂੰ ਸੁਆਹ ਦੀ ਢੇਰੀ ਨਾ ਬਣਾਵੇ, ਜੇ ਕਰੇ ਤਾਂ ਸਿਰਫ ਇਹ ਕਿ ਉਹਨਾਂ ਸਾਰੀਆਂ ਲਾਲਸਾਵਾਂ ਨੂੰ ਸਾੜ ਕੇ ਰਾਖ ਕਰ ਦੇਵੇ ਜਿਹੜੀਆਂ ਇਨਾਮਾਂ ਸਨਮਾਨਾਂ ਦੇ ਮੱਥੇ ਦਾ ਕਲੰਕ ਬਣ ਗਈਆਂ ਨੇ ਅਤੇ ਸਬੰਧਤ ਵਿਅਕਤੀ ਇਮਾਨਦਾਰੀ ਤੇ ਉਚੀਆ ਸੁੱਚੀਆਂ ਕਦਰਾਂ ਕੀਮਤਾਂ ਦੇ ਨਿਰਮਲ ਜਲ ਵਿੱਚ ਜ਼ਮੀਰ ਨੂੰ ਧੋ ਕੇ ਕੇ ਸਾਹਿਤ ਦੀ ਸੁੱਚਮਤਾ ਤੇ ਇਨਾਮਾਂ ਦੇ ਵਕਾਰ ਅਤੇ ਆਨ-ਸ਼ਾਨ ਨੂੰ ਬਹਾਲ ਕਰ ਸਕਣਸ਼ਾਇਦ ਲੇਖਕ ਦੀ ਵੀ ਇਹ ਕਿਤਾਬ ਲਿਖਣ ਦੀ ਇਹੋ ਮਨਸ਼ਾ ਹੋਵੇ! ਇਹ ਕਿਤਾਬ ਲਿਖ ਕੇ ਉਸ ਨੇ ਉਹ ਫ਼ਰਜ਼ ਅਦਾ ਕਰ ਦਿੱਤਾ ਹੈ, ਜਿਹੜਾ ਹਰ ਉਸ ਸ਼ਖਸ ਦਾ ਫ਼ਰਜ਼ ਸੀ, ਜਿਹੜਾ ਇਸ ਸਾਹਿਤਕ ਭ੍ਰਿਸ਼ਟਾਚਾਰ ਨੂੰ ਅੰਦਰੋਂ ਜਾਣਦਾ ਸੀਇਉਂ ਲੇਖਕ ਨੇ ਤਾਂ ਆਪਣੇ ਸਿਰ ਤੋਂ ਮਾਂ-ਬੋਲੀ ਪੰਜਾਬੀ ਦਾ ਕਰਜ਼ ਲਾਹ ਦਿੱਤਾ ਹੈ, ਕਲਮ ਦਾ ਧਰਮ ਨਿਭਾ ਦਿੱਤਾ ਹੈ, ਉਹ ਸੁਰਖ਼ਰੂ ਵੀ ਜ਼ਰੂਰ ਮਹਿਸੂਸ ਕਰਦਾ ਹੋਏਗਾਇਹ ਸ਼ਾਇਦ ਪਹਿਲੀ ਵਾਰ ਹੋਵੇ ਕਿ ਕਿਸੇ ਇੱਕ ਦੇ ਸੁਰਖ਼ਰੂ ਹੋਣ ਨਾਲ ਕਈਆਂ ਦੀਆਂ ਨੀਂਦਾਂ ਉੱਡ ਗਈਆਂ ਹੋਣ ’ਤੇ ਉੱਖੜੀਆਂ ਨੀਂਦਾਂ ਵਾਲੇ ਮੰਦਾ ਚੰਗਾ ਕੁਝ ਵੀ ਬੋਲ ਸਕਦੇ ਹੁੰਦੇ ਨੇ, ਜਦੋਂ ਕਿ ਕਰਨਲ ਜਸਬੀਰ ਭੁੱਲਰ ਬਹੁਤ ਸਾਰੀ ਸ਼ਾਬਾਸ਼, ਵੱਡੇ ਸਾਰੇ ਧੰਨਵਾਦ ਤੇ ਦਿਲ ਦੇ ਧੁਰ ਅੰਦਰੋਂ ਨਿੱਕਲੇ ਸਲਾਮ ਦਾ ਹੱਕਦਾਰ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3046)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਗੁਰਮਿੰਦਰ ਸਿੱਧੂ

ਡਾ. ਗੁਰਮਿੰਦਰ ਸਿੱਧੂ

Mohali, Punjab, India.
Phone: (91 - 98720 - 03658)
Email: (gurmindersidhu13@gmail.cm)