GurminderKSidhu7ਅਸ਼ਵਨੀ ਤੇ ਅਸ਼ੋਕ ਮੁਹੱਲੇ ਵਾਲਿਆਂ ਨੂੰ ਸੂਹ ਲੱਗਣ ਦਿੱਤੇ ਬਿਨਾਂ ਦਵਾਈਆਂ ਲਿਆਉਂਦੇ ...
(4 ਜਨਵਰੀ 2018)

 

ਅਜੋਕੀਆਂ ਵੱਢੀਆਂ ਟੁੱਕੀਆਂ ਪੌਣਾਂ ਵਿਚ ਬ੍ਰਹਿਮੰਡੀ ਸਾਂਝਾਂ ਦੀ ਸਰਗਮ ਛੇੜਦੇ ਰਿਸ਼ਤੇ ਗੰਧਲੇ ਮਾਹੌਲ ਨੂੰ ਧੋਣ ਲਈ ਚੰਦ ਦੀ ਟਿੱਕੀ ਬਣ ਸਕਦੇ ਹਨ, ਉਹਨਾਂ ਵਖਤਾਂ ਵਿਚ ਵੀ ਜਦੋਂ ਸਿਆਸਤਾਂ ਦੀਆਂ ਚਾਣਕਯ-ਚਾਲਾਂ, ਮਜ਼ਹਬਾਂ ਦੀਆਂ ਬੰਦਸ਼ਾਂ, ਇਨਸਾਨਾਂ ਨੂੰ ਅਣਦਿਸਦੀਆਂ ਹੱਥਕੜੀਆਂ ਨਾਲ ਨੂੜ ਦੇਣਇਹੋ ਜਿਹੇ ਮਹਿਕਦੇ ਰਿਸ਼ਤੇ ਮੇਰੀ ਖ਼ੁਸ਼ਨਸੀਬੀ ਵੀ ਬਣੇ ਹਨ

ਸੰਨ 1978 ਵਿਚ ਮੈਨੂੰ ਅੰਬਾਲੇ ਦੇ ਲਾਰਡ ਮਹਾਂਬੀਰ ਜੈਨ ਹਸਪਤਾਲ ਵਿਚ ਲੇਡੀ-ਡਾਕਟਰ ਵਜੋਂ ਪਹਿਲੀ ਨੌਕਰੀ ਮਿਲੀਚੰਡੀਗੜ੍ਹੋਂ ਰੋਜ਼ ਆਇਆ-ਜਾਇਆ ਨਹੀਂ ਜਾ ਸਕਦਾ ਸੀ, ਮੈਂ ਆਪਣੀ ਫਾਰਮਾਸਿਸਟ ਨੂੰ ਨਾਲ ਲੈ ਕੇ ਨੇੜਲੇ ਮੁਹੱਲਿਆਂ ਵਿਚ ਕਮਰਾ ਲੱਭਣ ਲੱਗੀਕਿਰਾਏ ਲਈ ਖਾਲੀ ਕਮਰੇ ਵਾਲੇ ਪਹਿਲਾਂ ਤਾਂ ਅੰਦਰ ਵਾੜ ਲੈਣ, ਨਾਂ-ਥਾਂ ਪੁੱਛਣ ਤੇ ਫਿਰ ਕੋਈ ਬਹਾਨਾ ਲਾ ਕੇ ਜਵਾਬ ਦੇ ਦੇਣਸਾਰੇ ਦਿਨ ਦੀ ਤਲਾਸ਼ ਦੀਆਂ ਥੱਕੀਆਂ ਹਾਰੀਆਂ ਅਸੀਂ ਲੱਤਾਂ ਘੜੀਸਦੀਆਂ ਕਲਾਲ ਮਾਜਰੀ ਦੇ ਇਕ ਮਕਾਨ ਤੱਕ ਜਾ ਪਹੁੰਚੀਆਂਇਹ ਘਰ ਸ਼ਰਮਾ ਜੀ ਦਾ ਸੀ ਤੇ ਉਹ ਬੜੇ ਦਿਆਲੂ ਸੁਣੀਂਦੇ ਸਨ, ਉਹਨਾਂ ਕਿਹਾ, “ਕਮਰਾ ਤੋ ਦੇ ਦੇਂਗੇ, ਪਰ ਆਪ ਸਿੱਖ ਹੋ, ਮੀਟ-ਅੰਡਾ ਖਾਂਦੇ ਹੋਵੈਂ ... ਹਮ ਤਾਂ ਇਹ ਸ਼ੈਆਂ ਗ੍ਰਹਿ ਮਾ ਨਾ ਵਾੜਦੇ ...।”

ਕੋਈ ਗੱਲ ਨਹੀਂ ਅੰਕਲ ਜੀ! ਮੀਟ-ਆਂਡਾ ਖਾਣਾ ਮੇਰੇ ਲਈ ਜ਼ਰੂਰੀ ਨਹੀਂ, ਮੈਂ ਹੱਥ ਵੀ ਨਹੀਂ ਲਾਊਂਗੀ।”

ਸ਼ੁਕਰ ਹੋਇਆ ਕਿ ਕਮਰਾ ਮਿਲ ਗਿਆ, ਨਾਲ ਛੋਟੀ ਜਿਹੀ ਰਸੋਈ। ਥੋੜ੍ਹਾ ਬਹੁਤਾ ਰੋਟੀ ਪਕਾਉਣ ਦਾ ਸਮਾਨ ਟਿਕਾ ਕੇ ਮੈਂ ਡੇਰੇ ਲਾ ਲਏ

ਅੱਜ ਤਾਂ ਬੇਟਾ! ਭੋਜਨ ਸਾਡੇ ਵੱਲ ਈ ਕਰ ਲੇਵੇਂ।” ਮਕਾਨ-ਮਾਲਕਣ ਬੜੀ ਅਪਣੱਤ ਨਾਲ ਬੋਲੀ

ਅਗਲੀ ਸਵੇਰ ਮੈਂ ਰਸੋਈ ਵਿਚ ਵੜ ਕੇ ਭਾਂਡਿਆਂ ਵਾਲੀ ਬੋਰੀ ਖੋਲ੍ਹਣ ਹੀ ਲੱਗੀ ਸੀ ਕਿ ਉਹਨਾਂ ਦੀ ਧੀ ਰੂਪਾ ਆ ਗਈ, “ਛੋੜੋ ਭੈਣ ਜੀ, ਕਹਾਂ ’ਕੱਲੇ ਹੱਥ ਸਾੜੋਂਗੇ ...।”

ਨਹੀਂ ਮੈਂ ਕਰ ...” ਅਜੇ ਮੈਂ ਵਾਕ ਵੀ ਪੂਰਾ ਨਹੀਂ ਬੋਲਿਆ ਸੀ ਕਿ ਉਹਨਾਂ ਦੀ ਨਿੱਕੀ ਧੀ ਆਦਰਸ਼ ਜਿਸ ਨੂੰ ਉਹ ਸਾਰੇ ‘ਨਿੱਕੋ’ ਕਹਿੰਦੇ ਸਨ, ਮੈਨੂੰ ਧੂਹ ਕੇ ਆਪਣੀ ਰਸੋਈ ਵਿਚ ਲੈ ਗਈ, ਜਿੱਥੇ ਉਹਨਾਂ ਦੀ ਮਾਂ ਸਟੋਵ ’ਤੇ ਗੋਭੀ ਦੇ ਪਰਾਉਂਠੇ ਪਕਾ ਰਹੀ ਸੀ

ਆ ਜਾ ਬੇਟੀ! ਯਹੀਂ ਖਾ ਲਿਆ ਕਰੈਂ, ਕਿਤਨਾ ਕੁ ਖਾਵੈ ਤੂੰ, ਇਤਨਾ ਭੋਜਨ ਤੋ ਵੈਸੇ ਈ ਵਧ ਜਾਵੈ।”

ਕਈ ਵਾਰ ਯਤਨ ਕੀਤੇ, ਪਰ ਉਹਨਾਂ ਮੈਨੂੰ ਖਾਣਾ ਨਾ ਬਣਾਉਣ ਦਿੱਤਾਕਿਰਾਏ ਵਿਚ ਵਾਧੂ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ “ਅੰਨ ਵੀ ਵੇਚਾ ਕਰੇ ਕੋਈ?” ਕਹਿ ਕੇ ਮੈਨੂੰ ਨਿਰੁੱਤਰ ਕਰ ਦਿੰਦੇਮੈਂ ਕੋਈ ਸਾਲ ਭਰ ਉਸ ਘਰ ਰਹੀ ਤੇ ਮੇਰੇ ਭਾਂਡੇ ਬੋਰੀ ਵਿਚ ਹੀ ਬੰਨ੍ਹੇ ਪਏ ਰਹੇਉਸ ਵਾਰ ਸਿਆਲਾਂ ਵਿਚ ਠੰਢ ਵੀ ਕੜਾਕੇ ਦੀ ਪਈਮੈਂ ਦੂਹਰੇ-ਤੀਹਰੇ ਸਵੈਟਰਾਂ-ਸ਼ਾਲਾਂ ਦੇ ਬਾਵਜੂਦ ਠੁਰ-ਠੁਰ ਕਰਦੀ ਫਿਰਦੀ, ਦੰਦਬੀੜ ਵੱਜਦੀ ਰਹਿੰਦੀ ਤੇ ਜ਼ੁਕਾਮ ਐਸਾ ਹੋਇਆ ਕਿ ਗੋਲੀਆਂ ਦੇ ਬੁੱਕ ਡਕਾਰ ਕੇ ਵੀ ਹਟਣ ਦਾ ਨਾਂ ਨਾ ਲਵੇਇਕ ਦਿਨ ਸ਼ਰਮਾ ਜੀ, ਜਿਹਨਾਂ ਨੂੰ ਮੈਂ ਬੱਚਿਆਂ ਦੀ ਰੀਸੇ ਪਿਤਾ ਜੀ ਆਖਣ ਲੱਗ ਪਈ ਸਾਂ, ਬੋਲੇ, “ਅੱਗੇ ਪੁੱਤਰ! ਕੈਸੇ ਰਾਜ਼ੀ ਹੋਵੈ ਤੇਰਾ ਜ਼ੁਕਾਮ?”

ਉੱਬਲੇ ਆਂਡਿਆਂ ਨਾਲ ...” ਮੈਂ ਝਕਦੀ ਜਿਹੀ ਬੋਲੀ

ਕੋਈ ਪਰਵਾਹ ਨਾ, ਤੂੰ ਖਾ ਲਿਆ ਕਰੈਛਿਲੜਾਂ ਭਲੀ ਤਰ੍ਹਾਂ ਲਿਫਾਫੇ ਮਾ ਛੁਪਾ ਕੇ ਡਸਟਬਿਨ ਮਾ ਸੁੱਟ ਛੋੜਿਆ ਕਰੈ, ਅੜੋਸ-ਪੜੋਸ ਮਾ ਕਿਸੀ ਕੋ ਖ਼ਬਰ ਨਾ ਲੱਗੈ।”

ਪਰ ਮੈਨੂੰ ਏਦਾਂ ਕਰਨਾ ਬਿਲਕੁਲ ਚੰਗਾ ਨਾ ਲੱਗਿਆ ਤੇ ਆਹਿਸਤਾ ਆਹਿਸਤਾ ਆਪੇ ਠੀਕ ਹੋ ਗਈ

ਉਦੋਂ ਮੇਰਾ ਜੀਵਨ ਸਾਥੀ ਬਲਦੇਵ ਉੱਤਰ ਪ੍ਰਦੇਸ਼ ਦੇ ‘ਸੀਤਾਪੁਰ ਆਈ ਹਸਪਤਾਲ’ ਵਿਚ ਨੇਤਰ-ਰੋਗਾਂ ਦੇ ਮਾਹਿਰ ਦਾ ਕੋਰਸ ਕਰਦਾ ਸੀਇਕ ਵਾਰ ਉਹ ਮਿਲਣ ਆਇਆ ਤਾਂ ਤਿੰਨ ਕੁ ਦਿਨ ਉੱਥੇ ਰਿਹਾ ਤੇ ਅਸੀਂ ਘਰ ਦੇ ਚੌਹਾਂ ਬੱਚਿਆਂ ਨੂੰ ਨਾਲ ਲੈ ਕੇ ਉੱਥੋਂ ਦੀਆਂ ਦੇਖਣਯੋਗ ਥਾਵਾਂ, ਬਜ਼ਾਰ ਆਦਿ ਵਿਚ ਘੁੰਮਦੇ ਫਿਰਦੇ ਰਹੇਰਾਤ ਨੂੰ ਨਿੱਕੋ ਬੋਲੀ, “ਤੋ ਸਰਦਾਰ ਭਾਈ ਸਾਹਬ ਜੈਸੇ ਹੋਵੈਂ? ਹਮ ਤਾਂ ਬੱਸ ਮਾ ਜੇ ਕੋਈ ਸਰਦਾਰ ਆ ਕੇ ਸੀਟ ਪਰ ਬਹਿ ਜਾਵੈ ਤੋ ਉਠ ਕੇ ਦੂਰ ਜਾ ਕੇ ਖੜ੍ਹੀਆਂ ਹੋ ਜਾਵੈਂ, ਚਾਹੇ ਖਲੋ ਕੇ ਕਿਤਨਾ ਹੀ ਆਗੇ ਜਾਣਾ ਪਵੈ, ਭਾਈ ਸਾਹਬ ਤਾਂ ਇਤਨੇ ਅੱਛੇ ...”

ਸਰਦਾਰ ਤੇਰੇ ਭਾਈ ਸਾਹਬ ਜੈਸੇ ਈ ਹੁੰਦੇ ਐ ਨਿੱਕੋ, ਹੁਣ ਤਾਂ ਲਹਿ ਗਿਆ ਨਾ ਡਰ?”

ਹਾਂ ਭੈਣ ਜੀ, ਪਰ ਹਮੇਂ ਤੋ ਯਹੀ ਸਿਖਾਇਆ ਗਿਆ ...”

ਬਹੁਤ ਕੁਝ ਉਲਟ-ਪੁਲਟ ਸਿਖਾਇਆ ਜਾਂਦੈ, ਪਰ ਆਪਾਂ ਤਾਂ ਪੜ੍ਹੇ ਲਿਖੇ ਆਂ ਨਾ! ... ਸਮਝਦਾਰ ... ਆਪਾਂ ਨੂੰ ਆਪਣੀ ਸਮਝ ਮੁਤਾਬਕ ਚੱਲਣਾ ਚਾਹੀਦੈ ... ਹੈ ਨਾ ਨਿੱਕੋ ਰਾਣੀ?”

ਉਂਜ ਇਹੋ ਜਿਹੇ ਸਿਖਾਉਣ ’ਤੇ ਮੈਂ ਦੰਗ ਵੀ ਹੋਈ ਤੇ ਦੁਖੀ ਵੀ

ਰੱਖੜੀ ਵਾਲੇ ਦਿਨ ਵੱਡੇ ਅਸ਼ਵਨੀ ਤੇ ਛੋਟੇ ਅਸ਼ੋਕ ਨੇ ਆਪਣੀਆਂ ਭੈਣਾਂ ਦੇ ਨਾਲ ਨਾਲ ਮੈਥੋਂ ਵੀ ਰੱਖੜੀ ਬੰਨ੍ਹਵਾਈ ਤੇ ਮੇਰੇ ਨਾਂਹ-ਨੁੱਕਰ ਕਰਦਿਆਂ ਵੀ ਮੇਰੀ ਹਥੇਲੀ ’ਤੇ ਸੌ ਰੁਪਏ ਰੱਖ ਕੇ ਮੁੱਠੀ ਮੀਚ ਦਿੱਤੀਉਸ ਦਿਨ ਮੈਂ ਪਹਿਲੀ ਵਾਰ ਕਿਸੇ ਮੱਥੇ ਉੱਤੇ ਤਿਲਕ ਲਾਉਣ ਦਾ ਸ਼ਗਨ ਨਿਭਾਇਆ

ਤਿੰਨ ਕੁ ਸਾਲ ਦਾ ਮੇਰਾ ਬੇਟਾ ਉਦੋਂ ਦਾਦਾ-ਦਾਦੀ ਕੋਲ ਚੰਡੀਗੜ੍ਹ ਰਹਿੰਦਾ ਸੀ, ਮੈਂ ਸਨਿੱਚਰਵਾਰ ਸ਼ਾਮ ਨੂੰ ਘਰ ਜਾ ਕੇ ਸੋਮਵਾਰ ਸਵੇਰੇ ਅੰਬਾਲੇ ਆ ਜਾਂਦੀਕਦੀ ਕਦੀ ਬੇਟਾ ਏਨੀ ਰਿਹਾੜ ਕਰਦਾ ਕਿ ਮੈਨੂੰ ਨਾਲ ਲਿਆਉਣਾ ਪੈਂਦਾ। ਮੈਂ ਡਿਊਟੀ ’ਤੇ ਜਾਣ ਤੋਂ ਪਹਿਲਾਂ ਇਤਮੀਨਾਨ ਨਾਲ ਉਹਨੂੰ ਕਲਾਲ-ਮਾਜਰੀ ਛੱਡ ਦਿੰਦੀਸਾਰੇ ਉਹਨੂੰ ਪੂਰੇ ਲਾਡ-ਪਿਆਰ ਨਾਲ ਰੱਖਦੇ। ਅਸ਼ੋਕ ਉਹਨੂੰ ਪਾਰਕਾਂ ਵਿਚ ਘੁਮਾ ਲਿਆਉਂਦਾ, ਝੂਲਿਆਂ ਉੱਤੇ ਝੂਟੇ ਦਿਵਾ ਲਿਆਉਂਦਾਹੱਟੀਆਂ ਤੋਂ ਚੀਜ਼ੀਆਂ ਖੁਆ ਲਿਆਉਂਦਾ। ਮੇਰੇ ਘਰ ਆਉਣ ’ਤੇ ਵੀ ਮੁੰਡਾ ਮੈਨੂੰ ਅਣਗੌਲ ਕੇ ਉਹਨਾਂ ਸਾਰਿਆਂ ਨਾਲ ਹੀ ਪਰਚਿਆ ਰਹਿੰਦਾ

ਫਰਵਰੀ 1979 ਵਿਚ ਮੈਨੂੰ ਪੰਜਾਬ ਸਰਕਾਰ ਦੀ ਨੌਕਰੀ ਮਿਲ ਗਈਅੰਬਾਲਾ ਛੱਡਣਾ ਪਿਆ। ਸਾਰੇ ਮੇਰੇ ਗਲ਼ ਨੂੰ ਚੁੰਬੜ ਚੁੰਬੜ ਕੇ ਰੋਏਰੱਖੜੀ ਦਾ ਤਿਉਹਾਰ ਜਦੋਂ ਵੀ ਆਉਂਦਾ, ਦੋਵੇਂ ਭਰਾ ਸੁੱਚੇ ਮੂੰਹ ਮੈਨੂੰ ਉਡੀਕਦੇ ਰਹਿੰਦੇ, ਮੈਂ ਕਿਤੇ ਵੀ ਹੋਵਾਂ ਹਰ ਹਾਲਤ ਵਿਚ ਉੱਥੇ ਪਹੁੰਚਦੀ। ਮੇਰੇ ਤੋਂ ਬਾਅਦ ਦੂਜੀਆਂ ਭੈਣਾਂ ਰੱਖੜੀ ਬੰਨ੍ਹਦੀਆਂ ਤੇ ਫਿਰ ਹੀ ਉਹ ਅੰਨ-ਜਲ ਮੂੰਹ ਨੂੰ ਲਾਉਂਦੇ

1984 ਦੇ ਕਾਲੇ ਵਰ੍ਹੇ ਸਾਕਾ ਨੀਲਾ-ਤਾਰਾ ਵੇਲੇ ਅਸੀਂ ਮਸੂਰੀ ਫਸ ਗਏ। ਪੰਜਾਬ ਨੂੰ ਸਾਰੇ ਰਾਹ ਬੰਦ ਸਨ। ਬੱਸਾਂ ਬਦਲ ਬਦਲ ਕੇ ਦਿੱਲੀ ਪਹੁੰਚੇਅੰਤਰ-ਰਾਜੀ ਬੱਸ ਅੱਡੇ ਉੱਤੇ ਸਿੱਖ ਵਜਾ-ਕਤਾ ਕਰਕੇ ਸਾਨੂੰ ਗਿਲਾਜ਼ਤ ਭਰੀਆਂ ਤਨਜ਼ਾਂ ਸੁਣਨੀਆਂ ਪਈਆਂਹਰਿਆਣਾ ਰੋਡਵੇਜ਼ ਦੀ ਬੱਸ ਵਿਚ ਵੀ ਸਾਡੇ ਉੱਤੇ ਫਬਤੀਆਂ ਕਸੀਆਂ ਗਈਆਂਕਿਸੇ ਤਰ੍ਹਾਂ ਅੰਬਾਲੇ ਪਹੁੰਚੇਘਰ ਦੇ ਜੀਆਂ ਨੇ ਸਾਨੂੰ ਫੁੱਲਾਂ ਵਾਂਗ ਬੋਚਿਆਉਹਨਾਂ ਰੱਤ-ਚੋਂਦੇ ਦਿਹਾੜਿਆਂ ਵਿਚ ਇਕ ਤਾਂ ਉਂਜ ਹੀ ਅੰਤਾਂ ਦੇ ਦਰਦ ਅਤੇ ਤਣਾਓ ਵਿੱਚੋਂ ਗੁਜ਼ਰ ਰਹੇ ਸਾਂ, ਉੱਤੋਂ ਬਲਦੇਵ ਨੂੰ ਪੰਜ ਭੱਠ ਬੁਖਾਰ ਤੇ ਪੀਲੀਆ ਹੋ ਗਿਆਚਾਰ ਕੁ ਸਾਲਾਂ ਦੀ ਧੀ ਦਿਲਦੀਪ ਤਾਂ ਦੁੱਧ ਦੀ ਐਲਰਜੀ ਹੋਣ ਕਰਕੇ ਪਹਿਲਾਂ ਹੀ ਦਮੇ ਨਾਲ ਪੀੜਿਤ ਸੀ। ਉਸੇ ਦੀ ਹਵਾ-ਬਦਲੀ ਲਈ ਪਹਾੜਾਂ ’ਤੇ ਗਏ ਸਾਂ ਤੇ ਹੁਣ ਪੰਜਾਬ ਉੱਤੇ ਟੁੱਟੇ ਦੁੱਖਾਂ ਦੇ ਪਹਾੜਾਂ ਨੇ ਸਾਨੂੰ ਦੇਸ਼ ਦੀ ਸ਼ੱਕੀ ਜਿਹੀ ਗਲੀ ਦੇ ਇਕ ਮਿਹਰਬਾਨ ਘਰ ਵਿਚ ਲਿਆ ਧਰਿਆ ਸੀ

ਅਸ਼ਵਨੀ ਤੇ ਅਸ਼ੋਕ ਮੁਹੱਲੇ ਵਾਲਿਆਂ ਨੂੰ ਸੂਹ ਲੱਗਣ ਦਿੱਤੇ ਬਿਨਾਂ ਦਵਾਈਆਂ ਲਿਆਉਂਦੇਕੁੜੀ ਲਈ ਬਿਨਾਂ ਦੁੱਧ ਵਾਲੀ ਖਾਧ-ਖੁਰਾਕ ਦਾ ਇੰਤਜ਼ਾਮ ਕਰਦੇ। ਰੂਪਾ ਨਿੱਕੋ ਦੱਬੀ ਘੁੱਟੀ ਆਵਾਜ਼ ਵਿਚ ਬੋਲਦੀਆਂ ਹੋਈਆਂ ਰੋਟੀ-ਸਬਜ਼ੀ ਪੁੱਛਦੀਆਂਸਾਨੂੰ ਅੰਦਰੇ-ਅੰਦਰ ਰੱਖਿਆ ਜਾਂਦਾ ਤੇ ਸਾਰਾ ਪਰਿਵਾਰ ਇਸੇ ਕੋਸ਼ਿਸ਼ ਵਿਚ ਰਹਿੰਦਾ ਕਿ ਕਿਸੇ ਨੂੰ ਸਾਡੇ ਉੱਥੇ ਹੋਣ ਦੀ ਭਿਣਕ ਨਾ ਲੱਗੇ। ਆਏ ਗਏ ਨੂੰ ਉਹ ਬੂਹੇ ਤੋਂ ਹੀ ਗੱਲਾਂਬਾਤਾਂ ਨਾਲ ਟਾਲ਼ ਦਿੰਦੇਕਰਫਿਊ ਥੋੜ੍ਹਾ ਜਿਹਾ ਖੁੱਲ੍ਹਣ ਲੱਗਿਆ ਤਾਂ ਅਸ਼ੋਕ, ਨਹੀਂ ਸੱਚ ਮੇਰਾ ਛੋਟਾ ਵੀਰ ਆਪਣੇ ਕਿਸੇ ਭਰੋਸੇਯੋਗ ਦੋਸਤ ਦੀ ਟੈਕਸੀ ਲਿਆਇਆ ਤੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਪਿੰਡਾਂ ਵਿਚ ਦੀ ਸਾਨੂੰ ਰਾਜਪੁਰੇ ਸਾਡੀ ਰਿਹਾਇਸ਼ ’ਤੇ ਛੱਡ ਕੇ ਗਿਆ

ਮੁੰਡਿਆਂ ਦੇ ਵਿਆਹਾਂ ਵੇਲੇ ਵਹੁਟੀਆਂ ਦੇ ਪੇਕਿਆਂ ਤੋਂ ਆਪਣੀਆਂ ਧੀਆਂ ਵਾਂਗ ਹੀ ਮੇਰੇ ਲਈ ਸੂਟ ਮੰਗਾਏ ਗਏਕੁੜੀਆਂ ਦੇ ਵਿਆਹਾਂ ਸਮੇਂ ਮੈਂ ਵੱਡੀਆਂ ਭੈਣਾਂ ਵਾਂਗ ਵਰਤੀਅੱਜ ਕਲ੍ਹ ਇਹ ਪਰਿਵਾਰ ਚੰਡੀਗੜ੍ਹ ਵਸਦਾ ਹੈ, ਨੂੰਹਾਂ ਅਤੇ ਜਵਾਈ ਵੀ ਸਾਨੂੰ ਸਕਿਆਂ ਤੋਂ ਵੱਧ ਮਾਣ-ਤਾਣ ਦਿੰਦੇ ਨੇ ਤੇ ਇਹ ਮੋਹ-ਪਿਆਰ ਦਾ ਰਿਸ਼ਤਾ ਉਸੇ ਸ਼ਿੱਦਤ ਨਾਲ ਜਿਉਂਦਾ ਹੈ

*****

(957)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਗੁਰਮਿੰਦਰ ਸਿੱਧੂ

ਡਾ. ਗੁਰਮਿੰਦਰ ਸਿੱਧੂ

Mohali, Punjab, India.
Phone: (91 - 98720 - 03658)
Email: (gurmindersidhu13@gmail.cm)