GurminderKSidhu7ਹਰ ਕੋਈ ਆਪੋ-ਆਪਣੀ ਸਲਾਹ ਦਿੰਦਾ। ਨੇੜੇ-ਤੇੜੇ ਦੇ ਹਸਪਤਾਲਾਂ ਵਿੱਚ ਫੋਨ ਕੀਤੇ ...
(30 ਜਨਵਰੀ 2020)

 

ਉੰਨ੍ਹੀਵੇਂ ਵਰ੍ਹੇ ਵਿੱਚ ਪੱਬ ਧਰਦਿਆਂ ਹੀ ਮੇਰੇ ਬੇਟੇ ਰਿਸ਼ਮ ਨੇ ਨਵਾਂ ਕਾਈਨੈਟਿਕ ਹਾਂਡਾ ਲਿਆ ਤਾਂ ਉਹਨੂੰ ਮੋਹਾਲੀ ਤੋਂ ਲੁਧਿਆਣੇ ਮਾਸੀ ਦੇ ਘਰ ਜਾਣ ਦਾ ਚਾਅ ਚੜ੍ਹ ਗਿਆਅੱਤਵਾਦ ਦੀਆਂ ਕਹਿਰਵਾਨ ਵਾਰਦਾਤਾਂ ਤੇ ਸੜਕ-ਹਾਦਸਿਆਂ ਤੋਂ ਖ਼ੌਫਜ਼ਦਾ ਅਸੀਂ ਬਥੇਰਾ ਹੋੜਦੇ ਰਹੇ, ਪਰ ਉਹਦੇ ਚਾਅ ਦੇ ਹੜ੍ਹ ਨੂੰ ਕੋਈ ਵੱਟ-ਬੰਨਾ ਨਾ ਰੋਕ ਸਕਿਆ ਆਖਿਰ ਉਤਲੇ ਜਿਹੇ ਮਨੋਂ ਆਗਿਆ ਦੇਣੀ ਹੀ ਪਈਚੜ੍ਹਦੀ ਜਵਾਨੀ, ਮੂੰਹਜ਼ੋਰ ਜੋਸ਼, ਜੋ ਠਾਣ ਲਿਆ ਕਰ ਕੇ ਹੀ ਰਹਿਣਾ, ਪਤਾ ਨਹੀਂ ਰਾਤੀਂ ਰਿਸ਼ਮ ਸੁੱਤਾ ਵੀ ਕਿ ਨਾ, ਸਾਝਰੇ ਹੀ ਉੱਠ ਖੜੋਤਾਸਵੇਰੇ ਛੇ ਵਜੇ ਸੂਟ-ਬੂਟ ਕੱਸ ਕੇ ਆ ਗਿਆ

“ਕੁਝ ਖਾ-ਪੀ ਤਾਂ ਜਾ ...” ਮੇਰੇ ਵਾਰ ਵਾਰ ਇਸਰਾਰ ਕਰਨ ਉੱਤੇ ਦੁੱਧ ਦਾ ਗਲਾਸ ਗਟ੍ਹਕਦਾ ਹੋਇਆ ਰਿਸ਼ਮ ਬੋਲਿਆ, “ਪਰੌਂਠੇ ਤਾਂ ਹੁਣ ਮਾਸੀ ਦੇ ਹੀ ਖਾਊਂਗਾ ...

ਵਿਹੜੇ ਵਿੱਚੋਂ ਹੀ ਸਕੂਟਰ ਉੱਤੇ ਲੱਤ ਦਿੱਤੀ ਤੇ ਪਲਾਂ ਵਿੱਚ ਅੱਖੋਂ ਓਝਲ ਪਰਮਾਤਮਾ ਅੱਗੇ ਉਹਦੀ ਖ਼ੈਰ-ਸੁੱਖ ਦੀ ਜੋਦੜੀ ਕਰਦਿਆਂ ਕਮਰੇ ਵਿੱਚ ਆਈ ਤੇ ਆਪਣੀ ਭੈਣ ਪਰਮਿੰਦਰ ਨੂੰ ਫੋਨ ਡਾਇਲ ਕਰ ਦਿੱਤਾ, “ਆਉਂਦੈ ਤੇਰਾ ਭਾਣਜਾ ਉੱਡਿਆ ਨਵੇਂ ਸਕੂਟਰ ’ਤੇ, ਉਹਦੇ ਉੱਪੜਦੇ ਈ ਖ਼ਬਰ ਕਰ ਦਈਂ ...”

ਗਿਆਰਾਂ ਕੁ ਵਜੇ ਤੱਕ ਬੇਟੇ ਦਾ ਫੋਨ ਨਾ ਆਇਆ ਤਾਂ ਪਰੇਸ਼ਾਨੀਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ

“ਕਿਉਂ ਟੈਂਸ਼ਨ ਕਰੀ ਜਾਨੀ ਐਂ? ਲੱਗਿਆ ਹੋਊ ਮਾਸੀ ਨਾਲ ਜੱਕੜ ਮਾਰਨ ਡਿਹਾ। ਥੋੜ੍ਹਾ ਸਬਰ ਰੱਖਿਆ ਕਰ” ਮੇਰਾ ਜੀਵਨ ਸਾਥੀ ਡਾ. ਬਲਦੇਵ ਇੱਕ ਕੁਰਸੀ ਉੱਤੇ ਚੜ੍ਹ ਕੇ ਬੋਗਨਵਿਲੇ ਦੀਆਂ ਡਾਲੀਆਂ ਥਾਂ-ਸਿਰ ਕਰਦਾ ਬੋਲਿਆ

ਦੋ ਕੁ ਵਜੇ ਘੰਟੀ ਖੜਕੀ, ਛੋਟੀ ਭੈਣ ਦੀ ਬੁਝੀ ਬੁਝੀ ਜਿਹੀ ’ਵਾਜ ਆਈ, “ਭੈਣ ਜੀ! ਅਜੇ ਤੱਕ ਨਹੀਂ ਆਇਆ ਰਿਸ਼ਮ, ਮੈਂ ਤਾਂ ਤਿੰਨ ਵਾਰ ਚੌਂਕ ਤੱਕ ਵੀ ਗੇੜਾ ਲਾ ਆਈ ਆਂ

“ਜਾਹ ਜਾਂਦੀਏ! ਕਿਤੇ ਉਹੀ ਗੱਲ ਨਾ ਹੋਵੇ!” ਮੇਰੀ ਦੇਹ ਜਿਵੇਂ ਮਿੱਟੀ ਹੋ ਕੇ ਕਿਰ ਗਈ ਕੰਨ ਸਾਂ-ਸਾਂ ਕਰਨ ਲੱਗੇ

“ਫਿਕਰ ਦੀਏ ਪੰਡੇ! ਐਵੇਂ ਨਾ ਸਿਰੇ ਦੀਆਂ ਸੋਚ ਲਿਆ ਕਰ, ਰਾਹ ਵਿੱਚ ਕਿਸੇ ਦੋਸਤ ਦੇ ਰੁਕ ਗਿਆ ਹੋਣੈ।” ਬਲਦੇਵ ਨੇ ਆਪਣੇ ਚਿੰਤਾਵਾਨ ਚਿਹਰੇ ਉੱਤੇ ਨਕਾਬ ਪਾਉਂਦਿਆਂ ਦਿਲਾਸਾ ਦਿੱਤਾ

“ਪਰ ਹੁਣ ਤਾਂ ਅੱਠ ਘੰਟੇ ਹੋ ’ਗੇ ਗਏ ਨੂੰ, ਹੁਣ ਤੱਕ ਤਾਂ ਪਹੁੰਚਣਾ ਚਾਹੀਦਾ ਸੀ

“ਵਾਹਿਗੁਰੂ ਉੱਤੇ ਭਰੋਸਾ ਰੱਖ, ਕੁਛ ਨਹੀਂ ਹੁੰਦਾ ਤੇਰੇ ਪੁੱਤ ਨੂੰ

ਪਰ ਬੋਲ ਬਲਦੇਵ ਦੇ ਵੀ ਭਰੜਾਏ ਹੋਏ ਸਨ

ਸੈੱਲ ਫੋਨ ਤਾਂ ਉਦੋਂ ਹੁੰਦੇ ਹੀ ਨਹੀਂ ਸਨ, ਜੋ ਸਿੱਧਾ ਰਿਸ਼ਮ ਨੂੰ ਮਿਲਾ ਲੈਂਦੇ ਬੈਠੇ ਪਾਠ ਕਰਦੇ ਰਹੇ ਬਲਦੇਵ ਰਿਸ਼ਮ ਦੇ ਦੋਸਤਾਂ ਦੇ ਘਰੀਂ ਜਾ ਆਇਆ, ਮੈਂ ਗੁਰਦੁਆਰੇ ਹੋ ਆਈ ਅਸੀਂ ਤੇ ਮੇਰੀ ਭੈਣ-ਜੀਜੇ ਨੇ ਏਧਰੋਂ ਉੱਧਰੋਂ ਇਸ ਸੜਕ ਉੱਤੇ ਹੋਏ ਕਿਸੇ ਐਕਸੀਡੈਂਟ ਬਾਰੇ ਵੀ ਪਤਾ ਕੀਤਾ, ਪਰ ਕੋਈ ਉੱਘ-ਸੁੱਘ ਨਾ ਮਿਲੀ

ਮੈਂਨੂੰ ਮੁੜ ਮੁੜ ਕੇ ਉਹ ਕੁਲੱਛਣੀ ਘੜੀ ਯਾਦ ਆ ਰਹੀ ਸੀ, ਜਦੋਂ ਸੀ.ਆਰ.ਪੀ. ਵਾਲੇ ਉਹਨੂੰ ਕਾਫੀ ਦੂਰ ਤੱਕ ਘੜੀਸਦੇ ਹੋਏ ਸੜਕ ਦੇ ਦੂਜੇ ਪਾਸੇ ਖੜ੍ਹੇ ਆਪਣੇ ਅਫਸਰ ਕੋਲ ਲੈ ਗਏ ਸਨਵਿਸ਼ੇਸ਼ ਵਰਦੀ-ਹੁਕਮ ਲਾਗੂ ਹੋਣ ਕਰਕੇ ਉਹ ਕੇਸਰੀ ਪਗੜੀ ਬੰਨ੍ਹੀ ਸਾਈਕਲ ਉੱਤੇ ਆਪਣੇ ਸਕੂਲ ਜਾ ਰਿਹਾ ਸੀ ਕਿ ਅਗਲਿਆਂ ਨੂੰ ਕੋਈ ਸ਼ੱਕ ਹੋ ਗਿਆਉਸ ਘੜੀ ਉਹਦੇ ਬਸਤੇ ਵਿੱਚੋਂ ਨਿਕਲਿਆ ਸ਼੍ਰੇਣੀ +1 ਦਾ ਸਕੂਲੀ ਪਛਾਣ-ਕਾਰਡ ਹੀ ਉਹਨੂੰ ਬਚਾ ਸਕਿਆ ਸੀਉਹਨੀਂ ਦਿਨੀਂ ਚੰਗੇਰੀ ਵਿੱਦਿਆ ਹਾਸਿਲ ਕਰਨ ਲਈ ਰਿਸ਼ਮ ਕਿਸੇ ਜਮਾਤੀ ਨਾਲ ਚੰਡੀਗੜ੍ਹ ਕਿਰਾਏ ਦੇ ਚੁਬਾਰੇ ਵਿੱਚ ਰਹਿੰਦਾ ਸੀਸਗਲੀਆਂ ਬਿਰਤੀਆਂ ਨੂੰ ਚੌਕੰਨਾ ਕਰਦੀ ਇਸ ਹਿਰਦੇਵੇਧਕ ਘਟਨਾ ਦੀ ਸੋਅ ਮਿਲੀ ਤਾਂ ਅਸੀਂ ਤਾਬੜਤੋੜ ਰਾਜਪੁਰੇ ਵਾਲੇ ਮਕਾਨ ਨੂੰ ਜਿੰਦਾ ਲਾ ਕੇ ਮੋਹਾਲੀ ਆ ਟਿਕੇ ਸਾਂ ਤੇ ਮੁੰਡੇ ਨੂੰ ਆਪਣੇ ਖੰਭਾਂ ਹੇਠ ਲੁਕੋ ਲਿਆ ਸੀ ਫਿਰ ਜਦੋਂ ਤੱਕ ਮੇਰੀ ਤਬਦੀਲੀ ਮੋਹਾਲੀ ਨੇੜਲੀ ਡਿਸਪੈਂਸਰੀ ਵਿੱਚ ਨਹੀਂ ਹੋ ਗਈ, ਮੈਂ ਰੋਜ਼ ਦੋ-ਤਿੰਨ ਬੱਸਾਂ ਬਦਲ ਕੇ ਰਾਜਪੁਰੇ ਸਿਵਲ ਹਸਪਤਾਲ ਪਹੁੰਚਦੀ ਸਾਂ ਬਲਦੇਵ ਦੀ ਡਿਸਪੈਂਸਰੀ ਵਾਲਾ ਪੰਧ ਵੀ ਲੰਮੇਰਾ ਹੋ ਗਿਆ ਸੀ

ਫਿਰ ਉਹ ਵਾਕਿਆ ਦਿਮਾਗ ਵਿੱਚ ਖ਼ਲਲ ਪਾਉਣ ਲੱਗਿਆ ਜਦੋਂ ਮੈਂ ਉਹਨੂੰ ਇੱਕ ਰਾਤ ਤੰਦੂਰ ਉੱਤੇ ਰੋਟੀਆਂ ਲੁਆਉਣ ਭੇਜ ਬੈਠੀ ਸਾਂ ਤੇ ਰਾਹ ਵਿੱਚ ਦੋਂਹ ਸਿੰਘਾਂ ਨੇ ਉਹਨੂੰ ਪੰਥ ਦੇ ਭਲੇ ਖਾਤਿਰ ਆਪਣੇ ਨਾਲ ਰਲਣ ਲਈ ਜ਼ੋਰ ਦਿੱਤਾ ਸੀ ਉਹ ‘ਕੋਈ ਨਾ, ਸਲਾਹ ਕਰੂੰਗਾ’ ਦਾ ਬਹਾਨਾ ਲਾ ਕੇ ਤੇ ਉਹਨਾਂ ਨੂੰ ਘਚਾਨੀ ਜਿਹੀ ਦੇ ਕੇ ਪੁੱਠੇ ਰਸਤਿਉਂ ਘਰ ਆ ਗਿਆ ਸੀ

“ਹੇ ਸਰਬਸ਼ਕਤੀਮਾਨ! ਸੁੱਖ ਰੱਖੀਂ! ਤੂੰ ਹੀ ਬਖਸ਼ਿਐ, ਹੁਣ ਉਹਦਾ ਵਾਲ ਵਿੰਗਾ ਨਾ ਹੋਣ ਦੇਵੀਂ” ਮੇਰੇ ਕੋਲ ਇਸ ਅਰਦਾਸ ਤੋਂ ਸਿਵਾ ਕਰਨ ਲਈ ਹੋਰ ਕੁਝ ਵੀ ਨਹੀਂ ਸੀ “ਜਿਸ ਕੇ ਸਿਰ ਊਪਰ ਤੂੰ ਸੁਆਮੀ ...” ਦੀ ਟੇਪ ਲਾ ਕੇ ਮੈਂ ਆਪਣੇ ਡੁੱਬਦੇ ਦਿਲ ਨੂੰ ਠੁੰਮ੍ਹਣਾ ਦੇ ਰਹੀ ਸਾਂ

ਉਹਦੇ ਦੋਸਤ ਤੇ ਕੁਝ ਹੋਰ ਹਮਦਰਦ ਸਾਡੇ ਘਰ ਆ ਕੇ ਬੈਠ ਗਏ ਹਰ ਕੋਈ ਆਪੋ-ਆਪਣੀ ਸਲਾਹ ਦਿੰਦਾ। ਨੇੜੇ-ਤੇੜੇ ਦੇ ਹਸਪਤਾਲਾਂ ਵਿੱਚ ਫੋਨ ਕੀਤੇ, ਮੈਂ ਕਦੇ ਅੰਦਰ ਜਾਂਦੀ ਕਦੇ ਬਾਹਰ, ਸੋਚਣ-ਸ਼ਕਤੀ ਬਿਲਕੁਲ ਹੀ ਜਵਾਬ ਦੇ ਗਈ ਸੀਉਹਨੀਂ ਦਿਨੀਂ ਪੁਲੀਸ ਤੱਕ ਪਹੁੰਚ ਕਰਨੀ ਕਿਸੇ ਮੁਸੀਬਤ ਨੂੰ ਸੱਦਾ ਦੇਣ ਵਰਗੀ ਗਲਤੀ ਸੀ

ਸ਼ਾਮੀਂ ਸੱਤ ਕੁ ਵਜੇ ਮੇਰੀ ਭੈਣ ਟੱਲੀ ਵਾਂਗ ਟਣਕੀ, “ਲੈ ਪਹੁੰਚ ਗਿਆ ਹੈ ਤੇ ਇਸੇ ਤੋਂ ਸੁਣ ਇਹਦੀ ਹੱਡਬੀਤੀ ...”

ਮੈਂ ਜਿਵੇਂ ਕਿਸੇ ਸੁਨਾਮੀ ਦੀਆਂ ਛੱਲਾਂ ਵਿੱਚੋਂ ਕੰਢੇ ਉੱਤੇ ਆ ਲੱਗੀ, ਬਲਦੇਵ ਦੀਆਂ ਅੱਖਾਂ ਵਿੱਚ ਡੱਕੇ ਹੰਝੂ ਗੱਲ੍ਹਾਂ ਉੱਤੇ ਉੱਤਰ ਆਏਅੱਗੋਂ ਰਿਸ਼ਮ ਦੇ ਮਾਣ-ਮੱਤੇ ਬੋਲ ਸਨ, “ਮੰਮੀ! ਮੈਂ ਤਾਂ ਬੜੇ ਮਜ਼ੇ ਨਾਲ ਸਕੂਟਰ ਉੱਤੇ ਫਰਾਟੇ ਮਾਰਦਾ ਜਾ ਰਿਹਾ ਸੀ, ਮੋਰਿੰਡੇ ਤੋਂ ਥੋੜ੍ਹਾ ਪਹਿਲਾਂ ਪਿਸ਼ਾਬ ਦੀ ਹਾਜਤ ਹੋਈ, ਕਾਈਨੈਟਿਕ ਸੜਕ ਕਿਨਾਰੇ ਖੜ੍ਹਾ ਕਰਕੇ ਮੈਂ ਪਰ੍ਹਾਂ ਝਾੜੀਆਂ ਵੱਲ ਚਲਿਆ ਗਿਆਮੱਧਮ ਜਿਹੀ ਹੂੰਅ ... ਹੂੰਅ ਸੁਣ ਰਹੀ ਸੀ, ਉੱਥੇ ਜਾ ਕੇ ਦੇਖਿਆ ਤਾਂ ਡਿਗੇ ਹੋਏ ਮੋਟਰਸਾਈਕਲ ਕੋਲ ਇੱਕ ਬੰਦਾ ਕਰਾਹ ਰਿਹਾ ਸੀ ... ਜ਼ਖਮੀ ...”

“ਅੱਛਾ ...? ...ਫੇਰ?” ਬਲਦੇਵ ਨੂੰ ਕੰਨ ਨੇੜੇ ਕਰਕੇ ਸੁਣਨ ਦੀ ਕੋਸ਼ਿਸ਼ ਕਰਦੇ ਦੇਖ ਮੈਂ ਫੋਨ ਨੂੰ ਸਪੀਕਰ ਉੱਤੇ ਲਾ ਲਿਆ

“ਮੈਂ ਉਹਨੂੰ ਬੁਲਾਉਣ ਜਾਂ ਹੋਰ ਹੈਲਪ ਕਰਨ ਦੀ ਬੜੀ ਟਰਾਈ ਕੀਤੀ, ਪਰ ਉਹ ਸੈਮੀ-ਕਾਨਸ਼ੀਅਸ ਸੀ, ਕੁਛ ਨਾ ਬੋਲਿਆ, ਫਿਰ ਮੈਂ ਸੜਕ ਦੇ ਵਿਚਕਾਰ ਖੜੋ ਕੇ ਕਾਰਾਂ-ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਨਾ ਰੁਕਿਆ, ਦੋ ਕਾਰਾਂ ਵਾਲੇ ਰੁਕੇ ਵੀ ਤਾਂ ਉਹਨਾਂ ਇਹੋ ਜਿਹੇ ਕੇਸ ਨੂੰ ਲਿਜਾਣ ਤੋਂ ਰਿਫਿਊਜ਼ ਕਰ ’ਤਾ

“ਫਿਰ ਤਾਂ ਬੜੀ ਮੁਸ਼ਕਿਲ ਸਥਿਤੀ ਬਣ ’ਗੀ ਬੇਟਾ ...” ਬਲਦੇਵ ਗੱਲਬਾਤ ਵਿੱਚ ਸ਼ਾਮਲ ਹੋ ਗਿਆ

“ਮੈਂਨੂੰ ਤਾਂ ਪਾਪਾ! ਕੁਛ ਸਮਝ ਨਾ ਆਵੇ ਕਿ ਕੀ ਕਰਾਂ? ਕਾਈਨੈਟਿਕ ਸਟਾਰਟ ਕਰਕੇ ਮੋਰਿੰਡੇ ਪੁਲੀਸ ਚੌਕੀ ਪਹੁੰਚ ਕੇ ਸਾਰੀ ਕੰਡੀਸ਼ਨ ਦੱਸੀਉਹ ਕਹਿੰਦੇ ਕਿ ਪੁੱਤ, ਸਕੂਟਰ ਕਰ ਖੜ੍ਹਾ ਤੇ ਬਹਿ ਸਾਡੇ ਨਾਲ ਜੀਪ ’ਤੇ ... ਮਰਦਾ ਕੀ ਨਾ ਕਰਦਾ, ਬਹਿਣਾ ਪਿਆ ...”

“ਉਫ ... ਇਹ ਪੁਲੀਸ ਵੀ ਨਾ ...” ਮੈਂਨੂੰ ਬੁਖਲਾਹਟ ਵਿੱਚ ਲਫਜ਼ ਹੀ ਨਹੀਂ ਔੜ ਰਹੇ ਸਨਸ਼ਾਇਦ ਆਵਾਜ਼ ਵੀ ਕੰਬ ਰਹੀ ਸੀ

“ਮੰਮੀ! ਪਹਿਲਾਂ ਇਹ ਸੁਣ ਲੋ ਬਈ ਸਭ ਕੁਛ ਠੀਕ ਐ, ਅਪਸੈੱਟ ਨਾ ਹੋਵੋ ...”

“ਚੱਲ ਤੂੰ ਅੱਗੇ ਦੱਸ ... ਤੇਰੀ ਮਾਂ ਤਾਂ ਐਵੇਂ ...” ਸ਼ਬਦ ਬਲਦੇਵ ਤੋਂ ਵੀ ਗੁਆਚ ਰਹੇ ਸਨ

“ਅੱਗੇ ਕੀ, ਬੱਸ ਉਸੇ ਥਾਂ ਪਹੁੰਚ ਗਏ, ਹੁਣ ਤਾਂ ਉਹ ਬੰਦਾ ਜਮਾਂ ਈ ਬੇਹੋਸ਼ ਸੀ, ਖ਼ੂਨ ਨਾਲ ਲਥਪਥ ਸਿਪਾਹੀਆਂ ਨੇ ਉਹਨੂੰ ਗੱਡੀ ਵਿੱਚ ਪਾ ਲਿਆ ਤੇ ਮੈਨੂੰ ਕਹਿੰਦੇ ਕਿ ਕਾਕਾ, ਜਾਂ ਤਾਂ ਸਾਡੇ ਨਾਲ ਹਸਪਤਾਲ ਚੱਲ, ਨਹੀਂ ਤਾਂ ਉਦੋਂ ਤੱਕ ਠਾਣੇ ਬੈਠਣਾ ਪਊ ਜਦੋਂ ਤੱਕ ਇਹਦੇ ਬਿਆਨ ਨਹੀਂ ਲੈ ਲੈਂਦੇ

“ਹਾਇ ਰੱਬਾ ...” ਮੈਥੋਂ ਫਿਰ ਬੋਲੇ ਬਿਨਾਂ ਨਾ ਰਹਿ ਹੋਇਆ

“ਬੱਸ ਮੰਮੀ-ਪਾਪਾ! ਮੈਂ ਸੋਚਿਆ ਹਸਪਤਾਲ ਜਾਣਾ ਈ ਠੀਕ ਐ, ਨਾਲੇ ਖ਼ਬਰੇ ਖ਼ੂਨ-ਖਾਨ ਦੀ ਲੋੜ ਪਵੇ ਪਰ ਉਹ ਤਾਂ ਪਈ ਨੀ, ਸਿਪਾਹੀਆਂ ਨੇ ਡਾਕਟਰ ਦੀ ਪਰਚੀ ਵੀ ਮੈਂਨੂੰ ਫੜਾ ’ਤੀ, ਚੱਲ ਮੇਰੇ ਕੋਲ ਪੈਸੇ ਹੈਗੇ ਸੀ, ਜਿਹੜੇ ਮੰਮੀ ਤੁਸੀਂ ਦਿੱਤੇ ਸੀ ਸਵੇਰੇ, ਦਵਾਈਆਂ-ਦਵੂਈਆਂ ਲਿਆ ’ਤੀਆਂ

“ਓ ਪੈਸਿਆਂ ਦੀ ਛੱਡ ਤੂੰ ਬੇਟਾ! ਇਹ ਦੱਸ ਫਿਰ ਬਣਿਆ ਕੀ?” ਮੈਂ ਛੇਤੀ ਤੋਂ ਛੇਤੀ ਸਭ ਜਾਣਨ ਲਈ ਕਾਹਲੀ ਸੀ।

“ਬੱਸ ਮੰਮੀ ਜੀ! ਗੁਲੂਕੋਜ਼ ਲੱਗ ਗਿਆ, ਪੱਟੀਆਂ ਹੋ ’ਗੀਆਂ, ਹੋਰ ਟਰੀਟਮੈਂਟ ਹੁੰਦੀ ਰਹੀ, ਅਸੀਂ ਬਰਾਂਡੇ ਵਿੱਚ ਬੈਠੇ ਰਹੇ, ਅਖੀਰ ਆ ਈ ਗਿਆ ਉਹ ਬੰਦਾ ਹੋਸ਼ ਚ, ਪੁਲਸ ਨੂੰ ਬਿਆਨ ਦੇ ’ਤਾ ਬਈ ਸੜਕ ਉੱਤੇ ਕੋਈ ਵੱਡਾ ਰੋੜਾ ਪਿਆ ਸੀ, ਜਿਹਤੋਂ ਬੁੜ੍ਹਕ ਕੇ ਮੋਟਰਸਾਈਕਲ ਦੂਰ ਝਾੜੀਆਂ ਵਿੱਚ ਜਾ ਪਿਆ ਤੇ ਉਹ ਡਿੱਗ ਕੇ ਜ਼ਖਮੀ ਹੋ ਗਿਆ

“ ਸ਼ੁਕਰ ਐ ਵਾਹਿਗੁਰੂ ... ਸੱਚੇ ਪਾਤਸ਼ਾਹ ...” ਮੇਰੇ ਤੜਪਦੇ ਕਾਲਜੇ ਨੂੰ ਠੰਢ ਪੈ ਗਈ

“ਹੋਰ ਸੁਣੋ! ਸਿਪਾਹੀ ਨੇ ਮੈਂਨੂੰ ਖਿੱਚ ਕੇ ਉਹਦੇ ਸਾਹਮਣੇ ਕਰ ’ਤਾ, ਕਹਿੰਦਾ ਇਸ ਮੁੰਡੇ ਨੇ ਤਾਂ ਨਹੀਂ ਕੀਤਾ ਐਕਸੀਡੈਂਟ?”

“ ... ਫੇਰ?”

“ਉਹ ਹੁਣ ਪੂਰੀ ਹੋਸ਼ ਵਿੱਚ ਸੀ, ਬਿਲਕੁਲ ਠੀਕ-ਠਾਕ, ਕਹਿੰਦਾ, “ਨਹੀਂ ਜੀ, ਸੜਕ ਤੇ ਤਾਂ ਉਦੋਂ ਕੋਈ ਨਹੀਂ ਸੀ, ਇਹ ਮੁੰਡਾ ਵੀ ਨਹੀਂ’, ਤਾਂ ਕਿਤੇ ਮੇਰੀ ਬੰਦ-ਖਲਾਸੀ ਹੋਈ

“ਲੱਖ ਲੱਖ ਸ਼ੁਕਰ ਪਰਮਾਤਮਾ ਦਾ ... ਤੇ ਤੂੰ ਉਵੇਂ ਈ ਭੁੱਖਣ-ਭਾਣਾ ...”

“ਨਾ ਜੀ ਨਾ! ਜਦੋਂ ਦਾ ਆਇਆਂ ਮਾਸੀ ਦਬਾ ਸੱਟ ਚਾਰੀ ਜਾਂਦੀ ਐ। ਗਲ ਤਾਈਂ ਰਜਾ ’ਤਾ, ਬੱਸ ਧੁੰਨੀ ਥਾਣੀ ਬਾਹਰ ਨਿੱਕਲਣ ਆਲੈ ਮਾਲ-ਮੱਤਾ” ਰਿਸ਼ਮ ਖਿੜਖਿੜਾਇਆ

“ਹੁਣ ਹਿੜ-ਹਿੜ ਕਰੀ ਜਾਂਦਾ ਹੈਂ, ਜੇ ਉਸ ਬੰਦੇ ਨੂੰ ਕੁਛ ਹੋ ਜਾਂਦਾ ਤਾਂ ਰਗੜਿਆ ਗਿਆ ਸੀ ਤੂੰ ਤੇ ਨਾਲੇ ਅਸੀਂ ਸਾਰੇ ...” ਮਾਸੀ ਦਾ ਪਿਆਰ ਚਿੰਤਾ ਵਿੱਚ ਡਿੱਕੋਡੋਲੇ ਖਾ ਰਿਹਾ ਸੀ

“ਕੋਈ ਨਾ ਪਰਮਿੰਦਰ! ਏਹਦੇ ਕਰਕੇ ਕਿਸੇ ਮਾਂ ਦਾ ਪੁੱਤ ਬਚ ਵੀ ਤਾਂ ਗਿਐ ... ਸ਼ਾਬਾਸ਼ ਬੇਟਾ ...ਸ਼ਾਬਾਸ਼!”

“ਵੈੱਲ ਡੰਨ ਜਵਾਨ! ...! ... ਕੀਪ ਇਟ ਅੱਪ ...” ਬਲਦੇਵ ਨੇ ਫੌਜੀਆਂ ਵਰਗੇ ਬੁਲੰਦ ਅੰਦਾਜ਼ ਵਿੱਚ ਕਿਹਾ ਤੇ ਸਾਡੇ ਦੋਵਾਂ ਦੇ ‘ਫ਼ਿਕਰ’ ਦੀ ਥਾਂ ‘ਫ਼ਖ਼ਰ’ ਨੇ ਲੈ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1912)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਗੁਰਮਿੰਦਰ ਸਿੱਧੂ

ਡਾ. ਗੁਰਮਿੰਦਰ ਸਿੱਧੂ

Mohali, Punjab, India.
Phone: (91 - 98720 - 03658)
Email: (gurmindersidhu13@gmail.cm)