SatinderpalSBawa7ਬਹੁਤ ਘੱਟ ਲੇਖਕਾਂ ਨੇ ਆਪਣੇ ਆਧਾਰ ਸਰੋਤ ਸਪਸ਼ਟ ਕੀਤੇ ਹਨਇਸੇ ਕਰਕੇ ਬਹੁਤ ਸਾਰੀਆਂ ...DhanwantKaur2
(17 ਜੂਨ 2021)

 

DhanwantKaur2ਡਾ. ਧਨਵੰਤ ਕੌਰ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਿਸੇ ਰਸਮੀ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਉਹਨਾਂ ਨੇ ਆਪਣੀਆਂ ਆਲੋਚਨਾਮਕ ਕਿਰਤਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਹੋਈ ਹੈ। ਉਹ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਔਹਦੇ ’ਤੇ ਕੰਮ ਕਰ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਨੇ ਤਿੰਨ ਹਜ਼ਾਰ ਤੋਂ ਵੱਧ ਪੁਸਤਕਾਂ ਛਾਪ ਕੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਨੇ ਆਪਣੀ ਗੋਲਡਨ ਜੁਬਲੀ (2016) ਮੌਕੇ ਉਹਨਾਂ ਅਨੇਕਾਂ ਪੁਸਤਕਾਂ ਦਾ ਪੁਨਰ ਪ੍ਰਕਾਸ਼ਨ ਵੀ ਕੀਤਾ ਸੀ ਜਿਹਨਾਂ ਦੇ ਸੰਸਕਰਣ ਪਬਲੀਕੇਸ਼ਨ ਬਿਊਰ ਵਿੱਚ ਖਤਮ ਹੋ ਚੁੱਕੇ ਸਨ। ਇਸ ਮੌਕੇ ਡਾ. ਧਨਵੰਤ ਕੌਰ ਦੁਆਰਾ ਰਚਿਤ ‘ਪੰਜਾਬੀ ਨਾਵਲਕਾਰ ਸੰਦਰਭ ਕੋਸ਼’ (ਦੂਜਾ ਸੰਸਕਰਨ 2016) ਦਾ ਵੀ ਪੁਨਰ ਪ੍ਰਕਾਸ਼ਨ ਕੀਤਾ ਗਿਆ ਹੈ. ਜਿਹੜਾ ਪੰਜਾਬੀ ਨਾਵਲ ਨਾਲ ਸੰਬੰਧਿਤ ਹੋਏ ਅਕਾਦਮਿਕ ਖੋਜ-ਕਾਰਜ ਵਿੱਚ ਗੌਰਵਮਈ ਸਥਾਨ ਰੱਖਦਾ ਹੈ।

‘ਪੰਜਾਬੀ ਨਾਵਲਕਾਰ ਸੰਦਰਭ ਕੋਸ਼’ ਨੂੰ ਦੋ ਭਾਗਾਂ (ਗੁਰਮੁਖੀ ਅੱਖਰਾਂ ਦੇ ਕ੍ਰਮ ਅਨੁਸਾਰ ਭਾਗ ਪਹਿਲਾ ਓ ਤੋਂ ਗ ਅਤੇ ਭਾਗ ਦੂਜਾ ਵਿੱਚ ਤੋਂ ਫ) ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ 370 ਨਾਵਲਕਾਰ ਅਤੇ 1007 ਨਾਵਲੀ ਕਿਰਤਾਂ ਦਾ ਵਿਵਰਨ ਦਰਜ ਕੀਤਾ ਗਿਆ ਹੈ। ਪੰਜਾਬੀ ਨਾਵਲਕਾਰੀ ਦੇ ਲਗਭਗ ਇੱਕ ਸਦੀ ਦੇ ਇਤਿਹਾਸ (1898-1990) ਨੂੰ ਇਸ ਕੋਸ਼ ਵਿੱਚ ਰੇਖਾਂਕਿਤ ਕੀਤਾ ਗਿਆ ਹੈ ਕਿਉਂਕਿ ਪੰਜਾਬੀ ਨਾਵਲ ਦਾ ਆਰੰਭ ਭਾਈ ਵੀਰ ਸਿੰਘ (1872-1957) ਦੇ ਨਾਵਲ ‘ਸੁੰਦਰੀ’ (1898) ਤੋਂ ਮੰਨਿਆ ਜਾਂਦਾ ਹੈ ਅਤੇ ਹਥਲੇ ਸੰਦਰਭ ਕੋਸ਼ ਵਿੱਚ ਸਾਲ 1990 ਤਕ ਦੇ ਰਚਿਤ ਉਹਨਾਂ ਸਾਰੇ ਪੰਜਾਬੀ ਨਾਵਲਾਂ ’ਤੇ ਚਰਚਾ ਕੀਤੀ ਗਈ ਹੈ ਜਿਹੜੇ ਇਸ ਸਮੇਂ ਦੌਰਾਨ ਰਚੇ ਗਏ ਹਨ। ਡਾ. ਧਨਵੰਤ ਕੌਰ ਦਾ ਮੰਨਣਾ ਹੈ ਕਿ ‘ਪੰਜਾਬੀ ਸਾਹਿਤ ਦੀਆਂ ਵਿਭਿੰਨ ਵੰਨਗੀਆਂ ਦੇ ਸਿਲਸਿਲੇਵਾਰ ਅਧਿਐਨ ਦੇ ਪ੍ਰਸੰਗ ਵਿੱਚ ਕੋਈ ਠੋਸ ਪ੍ਰਾਪਤੀ ਅਜੇ ਸੰਭਵ ਨਹੀਂ ਹੋ ਸਕੀ।’ ਪੰਜਾਬੀ ਵਿੱਚ ਜਿਹੜਾ ਵੀ ਕੰਮ ਇਤਿਹਾਸਕਾਰੀ ਜਾਂ ਕੋਸ਼ਕਾਰੀ ਦੀ ਦ੍ਰਿਸ਼ਟੀ ਤੋਂ ਹੋਇਆ ਹੈ, ਉਹ ਮਧਕਾਲੀ ਪਾਠ ’ਤੇ ਹੀ ਕੇਂਦਰਿਤ ਰਿਹਾ ਹੈ। ਇਸ ਲਈ ਆਧੁਨਿਕ ਸਮੇਂ ਵਿੱਚ ਸੰਦਰਭ ਕੋਸ਼ਾਂ ਦੀ ਮਹੱਤਤਾ ਅਤੇ ਮਹੱਤਵ ਹੋਰ ਵੀ ਵਧ ਗਿਆ ਹੈ। ਡਾ. ਧਨਵੰਤ ਅਨੁਸਾਰ ‘ਆਧੁਨਿਕ ਸੰਵੇਦਨਾ ਨੇ ਮਨੁੱਖ ਨੂੰ ਜਿਹੜੀ ਸਵੈ ਸੋਝੀ ਬਖਸ਼ੀ ਹੈ, ਮਨੁੱਖ ਉਸਦੇ ਸਿਰਜਣਾਤਮਕ ਪ੍ਰਕਾਸ਼ ਲਈ ਸੁਚੇਤ ਪ੍ਰਯਤਨ ਕਰਦਾ ਹੈ। ਇਨ੍ਹਾਂ ਸੁਚੇਤ ਪ੍ਰਯਤਨਾਂ ਅਤੇ ਪ੍ਰਕਾਸ਼ਨ ਦੀ ਸੁਖੈਨਤਾ ਨੇ ਆਧੁਨਿਕ ਸਾਹਿਤ ਨੂੰ ਜਿਹੜਾ ਵਿਸਤਾਰ ਬਖ਼ਸ਼ਿਆ ਹੈ। ਉਸ ਨੂੰ ਕਿਸੇ ਸੁਨਿਸ਼ਚਿਤ ਵਿਉਂਤ ਤਹਿਤ ਸਮਝਣ, ਪਰਖਣ ਤੇ ਸਮੇਟਣ ਲਈ ਸੰਦਰਭ ਕੋਸ਼ਾਂ ਦੀ ਲੋੜ ਮਹਿਸੂਸ ਹੁੰਦੀ ਹੈ।’ ਸੋ ਸੰਦਰਭ ਕੋਸ਼ ਸੁਚੇਤ ਤੌਰ ’ਤੇ ਕਿਸੇ ਰੂਪਾਕਾਰ ਦੇ ਵਿਸਤਾਰਪੂਰਵ ਇਤਿਹਾਸਕ ਕ੍ਰਮ ਨੂੰ ਸਮਝਣ ਲਈ ਤਸ਼ਰੀਹੀ ਹਾਲ-ਹਵਾਲਿਆਂ ਦੀ ਜੁਗਤ ਹੈ, ਜਿਸ ਰਾਹੀਂ ਨਿਸ਼ਚਿਤ ਕਾਲ ਵਿੱਚ ਰਚਿਤ ਸਾਹਿਤ ਦਾ ਵਰਣਨ ਵਿਸਤਾਰ ਦਰਜ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਪੰਜਾਬੀ ਨਾਵਲਾਕਾਰ ਸੰਦਰਭ ਕੋਸ਼ ਮਹੱਤਵਸ਼ੀਲ ਖੋਜ-ਕਾਰਜ ਹੋ ਨਿੱਬੜਦਾ ਹੈ।

ਪੰਜਾਬੀ ਦੀ ਸਿਰਮੌਰ ਨਾਵਲਕਾਰ ਡਾ. ਦਲੀਪ ਕੌਰ ਟਿਵਾਣਾ ਨੇ ‘ਪੰਜਾਬੀ ਨਾਵਲਕਾਰ ਸੰਦਰਭ ਕੋਸ਼’ ਬਾਰੇ ਆਪਣੀ ਵਿਸ਼ੇਸ਼ਗ ਵਜੋਂ ਪ੍ਰਸਤੁਤ ਰਾਇ ਵਿੱਚ ਲਿਖਿਆ ਹੈ ਕਿ ‘ਪੰਜਾਬੀ ਨਾਵਲਕਾਰ ਸੰਦਰਭ ਕੋਸ਼ ਤਿਆਰ ਕਰਨ ਦਾ ਕੰਮ ਵਿਸ਼ਾਲ ਵੀ ਹੈ ਤੇ ਬਿਖਮ ਵੀ। ਸਾਰੇ ਨਾਵਲਾਂ ਦੀ ਸੂਚੀ ਤਿਆਰ ਕਰਨਾ, ਨਾਵਲਕਾਰਾਂ ਬਾਰੇ ਵੇਰਵੇ ਹਾਸਲ ਕਰਨੇ, ਵੇਰਵਿਆਂ ਅਨੁਸਾਰ ਨਾਵਲ ਪ੍ਰਾਪਤ ਕਰ ਕੇ ਤੇ ਫਿਰ ਉਹ ਸਾਰੇ ਪੜ੍ਹ ਕੇ ਵਿਸ਼ਿਆਂ ਦੀਆਂ ਪਰਤਾਂ ਦਾ ਮੁਲਾਂਕਣ ਕਰਨਾ ਤੇ ਬਿਰਤਾਂਤਕੀ ਪਸਾਰ ਦਾ ਸਰਲ ਸਾਰ ਤਿਆਰ ਕਰਨਾ, ਇਹ ਸਾਰਾ ਕੰਮ ਜਿਨ੍ਹਾਂ ਲਈ ਇੱਕ ਟੀਮ ਚਾਹੀਦੀ ਸੀ, ਇਕੱਲੀ ਡਾ. ਧਨਵੰਤ ਕੌਰ ਨੇ ਕੀਤੇ ਹਨ। ਇਹ ਲਗਨ ਤੇ ਮਿਹਨਤ ਸ਼ਲਾਘਾਯੋਗ ਹੈ।’ ਨਿਰਸੰਦੇਹ ਇਹ ਸ਼ਬਦ ਉਹਨਾਂ ਸਾਰਥਕ ਯਤਨਾਂ ਨੂੰ ਮੁਲਵਾਨ ਤੇ ਮਤੀਨ ਬਣਾਉਂਦੇ ਹਨ ਜਿਹੜੇ ਖੋਜ-ਕਾਰਜ ਨੂੰ ਸੰਪੂਰਨ ਕਰਨ ਲਈ ਕੀਤੇ ਗਏ ਸਨ। ਸਮੁੱਚੇ ਪੰਜਾਬੀ ਨਾਵਲ ਦਾ ਅਧਿਐਨ ਕਰਨਾ ਹੀ ਆਪਣੇ ਆਪ ਵਿੱਚ ਅਧਿਐਨਸ਼ੀਲਤਾ ਦਾ ਪ੍ਰਮਾਣ ਹੈ ਪਰ ਇਸ ਉਪਰੰਤ ਉਹਨਾਂ ਨਾਵਲਾਂ ਵਿੱਚ ‘ਪੰਜਾਬੀ ਸਮਾਜ ਦੀਆਂ ਆਰਥਿਕ, ਬੌਧਿਕ ਸਮੀਕਰਣਾਂ ਅਤੇ ਸਭਿਆਚਾਰਕ ਰੁਪਾਂਤਰਨਾਂ’ ਦੇ ਹਵਾਲਿਆਂ ਰਾਹੀਂ ਆਲੋਚਨਾਮਕ ਸੂਚਨਾਪਰਕ ਟਿੱਪਣੀਆਂ ਕਰਨਾ, ਪੰਜਾਬੀ ਗਲਪ ਚਿੰਤਨ ਦੇ ਅਹਿਮ ਪਾਸਾਰਾਂ ਨੂੰ ਉਭਾਰਦਾ ਵੀ ਹੈ ਅਤੇ ਵਿਸਤਾਰਦਾ ਵੀ ਹੈ। ਡਾ. ਧਨਵੰਤ ਕੌਰ ਨੇ ਜਿਸ ਮਿਹਨਤ ਅਤੇ ਲਗਨ ਨਾਲ ਨਿਸ਼ਚਿਤ ਸਮੇਂ ਅੰਦਰ ਰਹਿ ਕੇ ਇਸ ਬਿਖਮ ਕਾਰਜ ਨੂੰ ਪੂਰਾ ਕੀਤਾ ਹੈ ਉਹ ਆਪਣੀ ਮਿਸਾਲ ਆਪ ਹੈ।

‘ਪੰਜਾਬੀ ਨਾਵਲਕਾਰ ਸੰਦਰਭ ਕੋਸ਼’ ਉਹਨਾਂ ਅੱਧੇ-ਅਧੂਰੇ ਕਥਨਾਂ ਨੂੰ ਵੀ ਤਰਮੀਮ ਕਰਦਾ ਹੈ ਜਿਹੜੇ ਪੰਜਾਬੀ ਨਾਵਲਕਾਰੀ ਦਾ ਇਤਿਹਾਸ ਉਲੀਕਣ ਸਮੇਂ ਕਈ ਭ੍ਰਾਂਤੀਆਂ ਦਾ ਸ਼ਿਕਾਰ ਹੋ ਗਏ ਸਨ। ਉਦਾਹਰਣ ਵਜੋਂ ਡਾ. ਧਨਵੰਤ ਕੌਰ ਦਾ ਮੰਨਣਾ ਹੈ ਕਿ ‘ਮੁਢਲੇ ਦੌਰ ਦੇ ਨਾਵਲਾਂ ਵਿੱਚ ਅਨੁਵਾਦਤ ਜਾਂ ਅਧਾਰਤ ਨਾਵਲਾਂ ਨੂੰ ਨਿਖੇੜਨਾ ਹੀ ਇੱਕ ਬਿਖਮ ਕਾਰਜ ਹੈ। ਬਹੁਤ ਘੱਟ ਲੇਖਕਾਂ ਨੇ ਆਪਣੇ ਆਧਾਰ ਸਰੋਤ ਸਪਸ਼ਟ ਕੀਤੇ ਹਨ, ਇਸੇ ਕਰਕੇ ਬਹੁਤ ਸਾਰੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਹੀ ਨਹੀਂ, ਪੰਜਾਬੀ ਨਾਵਲ ਦੀਆਂ ਸੂਚੀਆਂ ਵਿੱਚ ਵੀ ਮੌਲਿਕ ਰਚਨਾਵਾਂ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ।’ ਇਸ ਨਿਤਾਰੇ ਅਤੇ ਨਿਖੇੜੇ ਲਈ ਇਸ ਆਲੋਚਕ ਕੋਲ ਨਾ ਸਿਰਫ ਆਲੋਚਨਾਤਮਕ ਦ੍ਰਿਸ਼ਟੀ ਹੈ ਸਗੋਂ ਪੂਰਵ ਸਥਾਪਨਾਵਾਂ ਨੂੰ ਦਲੀਲਯੁਕਤ ਆਲੋਚਨਾਤਮਕ ਮੁਹਾਵਰੇ ਵਿੱਚ ਚਣੌਤੀ ਦੇਣਾ ਅਤੇ ਨਵੀਨ ਸਥਾਪਨਾਵਾਂ ਦਾ ਨਿਰਮਾਰਣ ਕਰਨਾ ਵੀ ਇਸ ਖੋਜ-ਕਾਰਜ ਦੇ ਬਹੁਮੰਤਵੀ ਉਦੇਸ਼ ਨੂੰ ਪੂਰਾ ਕਰਦਾ ਹੈ।

ਸੰਦਰਭ ਕੋਸ਼ ਦਾ ਅਧਿਐਨ ਇਸ ਗੱਲ ਵੱਲ ਵੀ ਸੰਕੇਤ ਕਰਦਾ ਹੈ ਕਿ ਪੰਜਾਬੀ ਦਾ ਬਹੁਤਾ ਨਾਵਲ ਕਲਾਤਮਕ ਗੁਣ ਤੋਂ ਵਿਹੂਣਾ ਹੋਣ ਕਾਰਨ ਕਿਸੇ ਸਥਾਈ ਪ੍ਰਭਾਵ ਨੂੰ ਸਿਰਜਣ ਤੋਂ ਅਸਮਰੱਥ ਰਿਹਾ ਹੈ। ਸਮੁੱਚੇ ਸੰਦਰਭ ਕੋਸ਼ ਵਿੱਚੋਂ ਪੰਜਾਬੀ ਨਾਵਲ ਨਾਲ ਸੰਬੰਧਿਤ ਜਿਹੜੇ ਅਰਥ ਸੰਚਾਰਤ ਹੁੰਦੇ ਹਨ ਉਹਨਾਂ ਵਿੱਚ ਇੱਕ ਅਹਿਮ ਤੱਥ ਇਹ ਵੀ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਨਾਵਲ ਵਿੱਚ ਔਰਤ ਦੀ ਹਸ਼ੀਆ ਕ੍ਰਿਤ ਸਥਿਤੀ ਦਾ ਚਿਤਰਨ ਵਧੇਰੇ ਕਰਦਾ ਹੈ। ਇਹ ਔਰਤ ਪਤਨੀ, ਪ੍ਰੇਮਿਕਾ, ਮਾਂ ਜਾਂ ਧੀ ਦੇ ਕਿਸੇ ਵੀ ਰੂਪ ਵਿੱਚ ਸਾਕਾਰ ਹੋ ਸਕਦੀ ਹੈ ਪਰ ਪੰਜਾਬੀ ਨਾਵਲ ਦੇ ਕੇਂਦਰ ਵਿੱਚ ਔਰਤ ਦੀ ਤ੍ਰਾਸਦੀ, ਬੇਵਸੀ, ਪੀੜਾ, ਦਰਦ, ਅਨਿਆਇ, ਅੱਤਿਆਚਾਰ, ਅਤੇ ਮਜਬੂਰੀ ਆਦਿ ਦਾ ਬਿਰਤਾਂਤ ਹੀ ਰਹਿੰਦਾ ਹੈ। ਦੂਜਾ ਤੱਥ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਦਾ ਮੁਢਲਾ ਨਾਵਲ ਪ੍ਰਤੀਮਾਨ ਮੂਲਕ ਨਾਵਲ ਹੈ ਜਿਹੜਾ ਸਮਾਜ ਸੁਧਾਰ ਦੇ ਉਦੇਸ਼ ਤੇ ਆਸ਼ਿਆਂ ਨੂੰ ਪ੍ਰਣਾਇਆ ਹੋਇਆ ਹੈ ਅਤੇ ਗਲਪ ਦੇ ਕਲਾਤਮਕ ਉਦੇਸ਼ ਨਾਲੋਂ ਸੰਦੇਸ਼ ਨੂੰ ਸੰਚਾਰਤ ਕਰਨ ਵੱਲ ਵੱਧ ਰੁਚਿਤ ਹੈ। ਡਾ. ਧਨਵੰਤ ਕੌਰ ਇਸੇ ਕਾਰਨ ਇਸ ਨਾਵਲ ਨੂੰ ਕਲਾਤਮਕ ਉਦੇਸ਼ ਤੋਂ ਵਾਝਾਂ ਅਤੇ ਵਿਰਵਾ ਤਸੱਵਰ ਕਰਦੇ ਹਨ। ਪੰਜਾਬੀ ਨਾਵਲ ਵਿੱਚ ਇਤਿਹਾਸਕ ਨਾਵਲ ਦੀ ਰਚਨਾ ਵੀ ਬਹੁਤੀ ਨਹੀਂ ਮਿਲਦੀ ਕਿਉਂਕਿ ਪੰਜਾਬੀ ਨਾਵਲਕਾਰਾਂ ਵਿੱਚ ਲੋੜੀਂਦੀ ਇਤਿਹਾਸਕ ਦ੍ਰਿਸ਼ਟੀ ਦੀ ਘਾਟ ਹੈ। ਸਿਰਫ ਚੋਣਵੇਂ ਨਾਵਲਕਾਰ ਹੀ ਇਤਿਹਾਸਕ ਬਿਰਤਾਂਤ ਸਿਰਜਣ ਵਿੱਚ ਸਫਲ ਹੋਏ ਹਨ। ਭਾਵੇਂ ਸਮਕਾਲੀ ਪੰਜਾਬੀ ਨਾਵਲ ਨੇ ਇਸ ਵਿਸ਼ੇ ਨੂੰ ਇੱਕ ਚਣੌਤੀ ਵਜੋਂ ਸਵੀਕਾਰ ਕਰਨ ਦਾ ਸਾਹਸ ਦਿਖਾਇਆ ਹੈ ਅਤੇ ਕੁਝ ਇੱਕ ਮੁੱਲਵਾਨ ਕਿਰਤਾਂ ਵੀ ਸਾਹਮਣੇ ਆਈਆਂ ਹਨ। ਪਰ ਜਿਸ ਕਾਲ (1898-1990) ਨੂੰ ਅਧਿਐਨ ਕਰਤਾ ਨੇ ਆਪਣੀ ਖੋਜ ਦਾ ਆਧਾਰ ਬਣਾਇਆ ਹੈ ਉਸ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਇਤਿਹਾਸਕ ਬਿਰਤਾਂਤ ਦੀ ਸਿਰਜਣਾ ਕਰਨਾ ਪੰਜਾਬੀ ਨਾਵਲ ਦੀ ਇੱਕ ਸੀਮਾ ਹੀ ਰਹੀ ਹੈ।

‘ਪੰਜਾਬੀ ਨਾਵਲਕਾਰ ਸੰਦਰਭ ਕੋਸ਼’ ਦਾ ਹਰ ਇੰਦਰਾਜ਼ ਨਾਵਲਕਾਰ ਦੇ ਜੀਵਨ ਬਾਰੇ ਸੰਖਿਪਤ ਜਾਣਕਾਰੀ ਨਾਲ ਆਰੰਭ ਹੁੰਦਾ ਹੈ, ਜਿਸ ਵਿੱਚ ਜਨਮ, ਵਿੱਦਿਆ, ਕਿੱਤਾ, ਅਤੇ ਲੇਖਕ ਦਾ ਸਿਰਨਵਾਂ ਦਰਜ ਕੀਤਾ ਗਿਆ ਹੈ। ਇਸ ਉਪਰੰਤ ਨਾਵਲਕਾਰ ਦੇ ਨਾਵਲ ਅਤੇ ਹੋਰ ਰਚਨਾਵਾਂ ਦਾ ਵੇਰਵਾ ਕਾਲ-ਕ੍ਰਮ ਅਨੁਸਾਰ ਦਰਜ ਕੀਤਾ ਗਿਆ ਹੈ। ਉਸ ਨਾਵਲਕਾਰ ਨੇ ਜਿੰਨੇ ਵੀ ਨਾਵਲ ਰਚੇ ਹਨ ਉਹਨਾਂ ਉੱਪਰ ਸੰਖੇਪ ਆਲੋਚਨਾਤਮਕ ਤਪਸਰਾ/ਤਫ਼ਸੀਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਪ੍ਰਮੁੱਖ ਤੌਰ ’ਤੇ ਨਾਵਲ ਦੇ ਕਥਾਨਕੀ ਵੇਰਵਿਆਂ ਨੂੰ ਵਿਸ਼ਾ-ਵਸਤੂ ਦੀ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਗਿਆ ਹੈ। ਇਹ ਕੋਸ਼ ਪੂਰਨ ਤੌਰ ’ਤੇ ਪਾਠ ਕੇਂਦਰਿਤ ਹੈ ਅਤੇ ਇਸ ਵਿੱਚ ਕਿਧਰੇ ਵੀ ਨਾਵਲੀ ਰਚਨਾ ਨੂੰ ਉਪੇਖਿਆ ਕਰਕੇ ਨਾਵਲਕਾਰ ਦੇ ਵਿਸ਼ੇਸ਼ ਯੋਗਦਾਨ ਨੂੰ ਨਹੀਂ ਵਡਿਆਇਆ ਗਿਆ, ਸਗੋਂ ਨਾਵਲੀ ਪਾਠ ਵਿੱਚੋਂ ਸੰਚਾਰਤ ਹੁੰਦੇ ਵਿਭਿੰਨ ਪਰਿਪੇਖਾਂ ਦੀ ਸੋਝੀ ਨੂੰ ਆਧਾਰ ਬਣਾ ਕੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ। ਪਰ ਨਾਵਲੀ ਅਧਿਐਨ ਕਰਦਿਆਂ ਬਿਰਤਾਂਤ ਸ਼ਾਸਤਰ ਦੇ ਸੰਦਾਂ/ਸੰਕਲਪਾਂ ਨੂੰ ਪਿਛੋਕੜ ਵਿੱਚ ਰੱਖਿਆ ਗਿਆ ਹੈ ਤਾਂ ਜੋ ਨਾਵਲ ਵਿੱਚੋਂ ਸੰਚਾਰਤ ਗਾਲਪਨਿਕ ਬਿੰਬਾਂ ਦਾ ਨਿਯਮਬੱਧ ਅਧਿਐਨ ਕਰਕੇ ਨਿਰਣਾਇਕ ਸੰਖਿਪਤ ਸਥਾਪਨਾਵਾਂ ਦਰਜ ਕੀਤੀਆਂ ਜਾ ਸਕਣ। ਇਸ ਤਰ੍ਹਾਂ ਜਿੱਥੇ ਇਹ ਸੰਦਰਭ ਕੋਸ਼ ਇਤਿਹਾਸਕ ਦ੍ਰਿਸ਼ਟੀ ਤੋਂ ਪੰਜਾਬੀ ਨਾਵਲ ਦੇ ਵਿਕਾਸ-ਕ੍ਰਮ ਦਾ ਤਸਦੀਕੀ ਵਿਵਰਨ-ਵਿਸਤਾਰ ਪੇਸ਼ ਕਰਦਾ ਹੈ, ਉੱਥੇ ਬਿਰਤਾਂਤਕਾਰੀ ਦੀਆਂ ਜੁਗਤਾਂ ਤੇ ਪਰਿਵਰਤਨਾਂ ਦੀ ਦ੍ਰਿਸ਼ਟੀ ਤੋਂ ਬੁਨਿਆਦੀ ਪਰ ਮੁਲਵਾਨ ਸ਼ਾਸਤਰੀ ਵਿਸ਼ਲੇਸ਼ਣ ਵੀ ਪੇਸ਼ ਕਰਦਾ ਹੈ, ਜਿਹੜਾ ਇਸ ਖੋਜ-ਕਾਰਜ ਨੂੰ ਸਿਧਾਂਤਕ ਨੁਕਤਾ ਨਿਗਾਹ ਤੋਂ ਉੱਤਮ ਦੇ ਉਲੇਖਯੋਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਜਿਹੀਆਂ ਮੁਲਵਾਨ ਕਿਰਤਾਂ ਦਾ ਅਧਿਐਨ ਪੰਜਾਬੀ ਪਾਠਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਨਾਲ ਹੀ ਅਜਿਹੀਆਂ ਕਿਰਤਾਂ ਉੱਪਰ ਖੋਜ ਕਾਰਜ ਵੀ ਹੋਣਾ ਚਾਹੀਦਾ ਹੈ ਤਾਂ ਜੋ ਸੰਦਰਭ ਕੋਸ਼ ਦੀ ਵਿਧਾਗਤ ਵਿਲੱਖਣਤਾ ਨੂੰ ਪੰਜਾਬੀ ਸਾਹਿਤ ਅਤੇ ਅਧਿਐਨ ਵਿੱਚ ਵਿਸ਼ੇਸ਼ ਰੁਤਬਾ ਤੇ ਮਾਣ ਮਿਲ ਸਕੇ। ਦੂਜਾ, ਯੂਨੀਵਰਸਿਟੀਆਂ ਨੂੰ ਸਿਲਸਲੇਵਾਰ ਅਜਿਹੇ ਖੋਜ-ਕਾਰਜ ਕਰਵਾਉਣ ਲਈ ਖੋਜਾਰਥੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦਾ ਪਬਲੀਕੇਸ਼ਨ ਬਿਊਰੋ ਨਿਰਸੰਦੇਹ ਵਧਾਈ ਦਾ ਪਾਤਰ ਹੈ ਜਿਹਨਾਂ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੇ ਨਵੇਂ ਨਵੇਂ ਰਾਹ-ਰਸਤੇ ਲੱਭੇ ਹਨ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਦੀ ਪ੍ਰਤਿਬੱਧਤਾ ਨੂੰ ਸਲਾਮ ਕਰਨਾ ਬਣਦਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਕੋਸ਼ ਪੰਜਾਬੀ ਨਾਵਲ ਦੇ ਇਤਿਹਾਸ ਨੂੰ ਸਾਂਭਦਾ ਹੀ ਨਹੀਂ ਸਗੋਂ ਭਵਿੱਖਾਰਥੀ ਖੋਜਾਰਥੀਆਂ ਲਈ ਨਵੀਨ ਵਿਸ਼ਿਆਂ ਦਾ ਪਾਸਾਰ ਵੀ ਕਰਦਾ ਹੈ।

**

ਵੰਨਗੀ ਵਜੋਂ:

ਸਵਰਨ ਚੰਦਨ

ਪਿਤਾ ਦਾ ਨਾਮ : ਸ. ਆਸਾ ਸਿੰਘ, ਜਨਮ 2.9.1941, ਕਿੱਤਾ : ਲਾਇਬਰੇਰੀਅਨ,

ਪਤਾ: 24 Spencer Avenue Hayes, Middlesex, U.K.

ਨਾਵਲ ਤੋਂ ਇਲਾਵਾ ਹੋਰ ਰਚਨਾਵਾਂ

ਕਵਿਤਾ: ਚਾਨਣ ਦੀ ਲਕੀਰ, ਦੂਸਰਾ ਪੜਾਅ।

ਕਹਾਣੀ ਸੰਗ੍ਰਹਿ: ਉੱਜੜਿਆ ਖੂਹ, ਪੁੰਨ ਦਾ ਸਾਕ, ਖਾਲੀ ਪਲਾਂ ਦੀ ਸਾਂਝ, ਲਾਲ ਚੌਂਕ, ਕੁਆਰ ਗੰਦਲ

ਆਲੋਚਨਾ: ਸੰਵੇਦਨਾ ਤੇ ਸਾਹਿਤ, ਸਾਬਕਾ ਸਮਾਜਵਾਦੀ ਦੇਸ਼ ਅਤੇ ਵਰਤਮਾਨ ਪੰਜਾਬ ਸੰਸਾਰ ਦ੍ਰਿਸ਼,

ਦਵੰਦਵਾਦੀ ਸਮੀਖਿਆ ਪ੍ਰਣਾਲੀ: ਸਿਧਾਂਤ ਤੇ ਵਿਹਾਰ

ਸਫਰਨਾਮਾ: ਆਪਣੀ ਧਰਤੀ

1990 ਉਪਰੰਤ ਛਪੇ ਨਾਵਲ: ਕੰਜਕਾਂ,

ਨਵੇਂ ਰਿਸ਼ਤੇ, ਦੀਪਕ ਪਬਲਿਸ਼ਰਜ਼, ਜਲੰਧਰ, 1980

ਦੋ ਸਭਿਆਚਾਰਾਂ ਦੀ ਮੁੱਠ–ਭੇੜ ਵਿੱਚੋਂ ਉਪਜੇ ਨਵੇਂ ਰਿਸ਼ਤਿਆਂ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ’ਤੇ ਫੋਕਸ ਇਸ ਨਾਵਲ ਦਾ ਰਚਨਾ ਪ੍ਰਯੋਜਨ ਹੈ। ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੀ ਮਾਨਸਿਕਤਾ ਵਿਚ ਆਰਥਕਤਾ ਦਾ ਦਖ਼ਲ ਪੁਰਾਣੀ ਅਤੇ ਨਵੀਂ ਪੀੜ੍ਹੀ ਦੀਆਂ ਸਭਿਆਚਾਰਕ ਕੀਮਤਾਂ ਵਿਚ ਅਜਬ ਵੱਖਰਤਾ ਦਾ ਲਖਾਇਕ ਬਣਦਾ ਹੈ। ਇਸ ਨਾਵਲ ਦੇ ਸਥਾਨਕੀ ਵੇਰਵਿਆਂ ਵਿਚ ਪੰਜਾਬੀ ਸਭਿਆਚਾਰ ਵਿਚ ਮਜ਼ਬੀ ਅਤੇ ਜੱਟ ਦੇ ਜਾਤਪਾਤੀ ਵਿਰੋਧ ਨੂੰ ਨਵੀਆਂ ਆਰਥਕ ਪਰਿਸਥਿਤੀਆਂ ਦੇ ਸਨਮੁਖ ਲਿਆਂਦਾ ਗਿਆ ਹੈ। ਦੂਜੀ ਪੀੜ੍ਹੀ ਵਿਚ ਜੱਟਾਂ ਦੀ ਧੀ ਬੰਤੀ ਮਜ਼ਬੀਆਂ ਦੇ ਮੁੰਡੇ ਕਰਮੇ ਨਾਲੋਂ ਰਿਸ਼ਤਾ ਸਿਰਜਣੋ ਸੰਕੋਚ ਨਹੀਂ ਕਰਦੀ ਪਰ ਮਾਪਿਆਂ ਲਈ ਇਸ ਸਥਿਤੀ ਨਾਲ ਸਮਝੌਤਾ ਇੰਨਾ ਸਹਿਲ ਨਹੀਂ, ਭਾਵੇਂ ਇਕ ਸਟੇਜ ਤੋਂ ਉਨ੍ਹਾਂ ਨੂੰ ਵੀ ਇਹ ਪਾੜਾ ਆਪਣੀ ਲੋੜ ਖਾਤਰ ਉਲੰਘਣਾ ਪਿਆ ਸੀ। ਬੰਤੀ ਦਾ ਪਿਓ ਗੁਰਜੀਤ ਪ੍ਰਦੇਸ਼ ਵਿਚ ਕਰਮੇ ਦੇ ਪਿਓ ਪ੍ਰੀਤੂ ਰਾਹੀਂ ਹੀ ਦਾਖਲ ਹੋਇਆ ਸੀ ਅਤੇ ਉਸੇ ਦੀ ਮਦਦ ਨਾਲ ਕੰਮ ਲੱਗਿਆ ਸੀ। ਇਸੇ ਨਿਰਭਰਤਾ ਨੇ ਦੋਹਾਂ ਦਾ ਜਾਤਪਾਤੀ ਵਿਤਕਰਾ ਹਟਾ ਦੋਹਾਂ ਨੂੰ ਭਰਾਵਾਂ ਵਾਂਗ ਇਕੱਠੇ ਖਾਣ, ਇਕੱਠੇ ਬਹਿਣ ਦੀ ਸਥਿਤੀ ਉਤਪਨ ਕੀਤੀ ਸੀ। ਇਸ ਦੇ ਉਲਟ ਗੁਰਜੀਤ ਦੀ ਪਤਨੀ ਗੁਆਲੋ ਉਦੋਂ ਵੀ ਪ੍ਰੀਤੂ ਨੂੰ ਮਜਬੀ ਹੀ ਸਮਝਦੀ ਰਹੀ ਸੀ। ਗੁਰਜੀਤ ਭਾਵੇਂ ਪ੍ਰੀਤੂ ਨੂੰ ਆਪਣਾ ਭਰਾ ਕਹਿੰਦਾ ਹੈ ਪਰ ਆਪਣੀ ਧੀ ਦਾ ਰਿਸ਼ਤਾ ਉਸ ਦੇ ਪੁੱਤਰ ਨੂੰ ਕਰਨ ਲਈ ਉਹ ਧੁਰ ਅੰਦਰੋਂ ਰਾਜ਼ੀ ਨਹੀਂ। ਭਾਵੇਂ ਅਖੀਰ ਤੇ ਬੰਤੀ ਦਾ ਮਾਂ ਪਿਓ ਲਈ ਉਦਰੇਵਾਂ ਸੰਸਕਾਰਾਂ ਦੀ ਡੂੰਘੀ ਪਕੜ ਦੀ ਪਰਤੌ ਸਿਰਜਦਾ ਹੈ ਪਰ ਆਰਥਕ ਅਧਾਰਾਂ ਅਤੇ ਸਭਿਆਚਾਰਕ ਕੀਮਤਾਂ ਦੇ ਦਵੰਦ ਨੂੰ ਇੱਕੋ ਵੇਲੇ ਫੋਕਸ ਕਰ ਕੇ ਲੇਖਕ ਨੇ ਅਤਿ ਯਥਾਰਥਕ ਬਿੰਬ ਸਿਰਜਿਆ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2846)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)