“ਪਰ ਜਦੋਂ ਉਹ ‘ਜੀਵਨ ਦੀ ਜਟਿਲਤਾ’ ਨੂੰ ਆਪਣੀ ਕਹਾਣੀ ‘ਆਪਣੇ ਆਪਣੇ ਕਾਰਗਿਲ’ ਵਿੱਚ ਫੜਦਾ ਹੈ ਤਾਂ ...”
(18 ਫਰਵਰੀ 2020)
(ਡਾ. ਬਲਦੇਵ ਸਿੰਘ ਧਾਲੀਵਾਲ ਦੀ ਕਹਾਣੀ ‘ਆਪਣੇ ਆਪਣੇ ਕਾਰਗਿਲ’ ‘ਸਰੋਕਾਰ’ ਵਿੱਚ 11 ਫਰਵਰੀ ਨੂੰ ਛਪ ਚੁੱਕੀ ਹੈ। ਜਿਹੜੇ ਪਾਠਕ ਇਸ ਕਹਾਣੀ ਦੀ ਸਮਾਲੋਚਨਾ ਪੜ੍ਹਨ ਤੋਂ ਪਹਿਲਾਂ ਕਹਾਣੀ ‘ਆਪਣੇ ਆਪਣੇ ਕਾਰਗਿਲ’ ਪੜ੍ਹ ਲੈਣਗੇ, ਉਨ੍ਹਾਂ ਲਈ ਇਹ ਨਿਬੰਧ ਵਧੇਰੇ ਲਾਹੇਵੰਦ ਰਹੇਗਾ। - ਸੰਪਾਦਕ)
ਡਾ. ਬਲਦੇਵ ਸਿੰਘ ਧਾਲੀਵਾਲ ਦਾ ਨਾਮ ਕਰੀਬ ਤਿੰਨ ਦਹਾਕਿਆਂ ਤੋਂ ਕਹਾਣੀ ਸਮੀਖਿਆ ਨਾਲ ਵਾਬਸਤਾ ਹੈ। ਉਸ ਦੀਆਂ ਕਹਾਣੀ ਸਮੀਖਿਆ ਦੀਆਂ ਲਗਭਗ ਇੱਕ ਦਰਜਨ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ ਪਰ ਆਲੋਚਕ ਦੇ ਨਾਲ-ਨਾਲ ਉਹ ਇੱਕ ਸੁੱਘੜ, ਸਿਆਣਾ ਤੇ ਸੂਝਵਾਨ ਕਹਾਣੀਕਾਰ ਵੀ ਹੈ। ਭਾਵੇਂ ਉਸ ਦੀ ਕਹਾਣੀਆਂ ਲਿਖਣ ਦੀ ਰਫ਼ਤਾਰ ਹੋਰ ਕਹਾਣੀਕਾਰਾਂ ਦੇ ਮੁਕਾਬਲੇ ਧੀਮੀ ਹੈ ਜਾਂ ਉਸ ਦੇ ਸਵੈ-ਕਥਨ ਅਨੁਸਾਰ ਕਿ ਉਹ ‘ਕੱਛੂ ਦੀ ਚਾਲ ਹੀ ਚੱਲ’ ਰਿਹਾ ਹੈ ਪਰ ਉਹ ਗਿਣਾਤਮਕਤਾ ਨਾਲੋਂ ਗੁਣਾਤਮਕਤਾ ਨੂੰ ਤਰਜੀਹ ਦਿੰਦਾ ਕਹਾਣੀਕਾਰ ਹੈ। ਭਾਵੇਂ ਉਹ ਹਰ ਵਕਤ ਆਪਣੇ ‘ਮਨੋ-ਮਨੀਂ ਕਹਾਣੀਆਂ ਲਿਖਦਾ’ ਰਹਿੰਦਾ ਹੈ ਪਰ ਉਹ ਇੱਕ ਸਮੀਖਿਅਕ ਹੋਣ ਦੇ ਨਾਤੇ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਤੋਂ ਬਾਖ਼ੂਬੀ ਵਾਕਫ਼ ਹੈ। ਇਹੀ ਕਾਰਨ ਹੈ ਕਿ ਉਸ ਦੇ ਹਾਲੇ ਤੱਕ ਦੋ ਕਹਾਣੀ-ਸੰਗ੍ਰਹਿ ਹੀ ਪ੍ਰਕਾਸ਼ਿਤ ਹੋਏ ਹਨ ‘ਓਪਰੀ ਹਵਾ’ (1996) ਅਤੇ ‘ਆਪਣੇ ਆਪਣੇ ਕਾਰਗਿਲ’ (2000)। ਬਲਦੇਵ ਸਿੰਘ ਧਾਲੀਵਾਲ ਦੇ ਸ਼ਬਦਾਂ ਵਿੱਚ ਕਿ ਉਹ ਕਹਾਣੀ ਲਿਖਣ ਦੇ ‘ਦੁੱਖ ਦੇਣੇ ਕਸਬ’ ਤੋਂ ਟਾਲਾ ਵੱਟਦਾ ਰਹਿੰਦਾ ਹੈ:
ਕਹਾਣੀ ਲਿਖਣ ਵਿੱਚ ਮੈਂ ਸਹਿਜ ਨਹੀਂ ਰਿਹਾ। ਵਸਤੂ-ਯਥਾਰਥ ਦਾ ਨਵਾਂ ਰੂਪ ਮੇਰੀ ਪਕੜ ਵਿੱਚ ਨਹੀਂ ਆਉਂਦਾ। ਜੇ ਥੋੜ੍ਹਾ-ਬਹੁਤ ਜੀਵਨ ਦੀ ਜਟਿਲਤਾ ਨੂੰ ਫੜ ਵੀ ਲਵਾਂ ਤਾਂ ਪੇਸ਼ਕਾਰੀ ਲਈ ਨਵਾਂ ਮੁਹਾਵਰਾ ਹੱਥੋਂ ਤਿਲਕ ਜਾਂਦਾ ਹੈ।
ਪਰ ਜਦੋਂ ਉਹ ‘ਜੀਵਨ ਦੀ ਜਟਿਲਤਾ’ ਨੂੰ ਆਪਣੀ ਕਹਾਣੀ ‘ਆਪਣੇ ਆਪਣੇ ਕਾਰਗਿਲ’ ਵਿੱਚ ਫੜਦਾ ਹੈ ਤਾਂ ਪੇਸ਼ਕਾਰੀ ਸਮੇਂ ਇਹ ਬਿਰਤਾਂਤ ‘ਨਵਾਂ ਮੁਹਾਵਰਾ’ ਸਿਰਜਣ ਦੇ ਨੇੜੇ ਜਾ ਪਹੁੰਚਦਾ ਹੈ। ਕਿਉਂਕਿ ਇਹ ਕਹਾਣੀ ਅੱਵਲ ਦਰਜੇ ਦੀ ਸਿਰਜਣਾਤਮਕਤਾ ਤੇ ਉੱਤਮ ਦਰਜੇ ਦੀ ਬਿਰਤਾਂਤਕਾਰੀ ਦੀ ਪੁਖ਼ਤਾ ਮਿਸਾਲ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿੱਚ ਉਸ ਲਈ ਇਹ ਕਹਾਣੀ ‘ਸੰਜੀਵਨੀ’ ਦਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਜਦੋਂ ਉਹ ਕੋਈ ਉੱਤਮ ਕਹਾਣੀ ਲਿਖ ਲੈਂਦਾ ਹੈ ਤਾਂ ਆਪਣੀ ਹੀ ‘ਸਿਰਜਣਾਤਮਕਤਾ ਦਾ ਕਾਇਲ’ ਹੋ ਜਾਂਦਾ ਹੈ। ਕਰੀਬ ਇੱਕ ਦਾਹਕਾ ਪਹਿਲਾਂ ਲਿਖੀ ਇਸ ਕਹਾਣੀ ਨੇ ਬਲਦੇਵ ਸਿੰਘ ਧਾਲੀਵਾਲ ਦੇ ਸਾਹਿਤਕ ਕੱਦ ਨੂੰ ਹੋਰ ਉੱਚਾ ਕੀਤਾ ਹੈ।
ਕਾਰਗਿਲ ਕਹਾਣੀ ਦਾ ਆਰੰਭ ਉੱਪਰੋਥਲੀ ਵਾਪਰੀਆਂ ਕਹਿਰ ਦੀਆਂ ‘ਦੋ ਘਟਨਾਵਾਂ’ ਨਾਲ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਘਟਨਾ ਸੂਬੇਦਾਰ ਜੋਗਿੰਦਰ ਸਿੰਘ ਦੀ ਮੌਤ ਦੀ ਸੂਚਨਾ ਨਾਲ ਸੰਬੰਧਿਤ ਹੈ ਅਤੇ ਦੂਸਰੀ ਘਟਨਾ ਬਰਾੜਾਂ ਦੇ ਰਣਬੀਰ ਦੇ ਸਾਰੇ ਪਰਿਵਾਰ ਦੀ ਅਣਕਿਆਸੀ ਮੌਤ ਨਾਲ ਸਰੋਕਾਰ ਰੱਖਦੀ ਹੈ। ਬਿਰਤਾਂਤਕਾਰ ਇਹਨਾਂ ਦੋ ਘਟਨਾਵਾਂ ਵਿੱਚੋਂ ਹੀ ਸਮੁੱਚੇ ਬਿਰਤਾਂਤ-ਸੰਗਠਨ ਦੀ ਉਸਾਰੀ ਕਰਦਾ ਹੈ। ਜਿੱਥੇ ਸੂਬੇਦਾਰ ਜੋਗਿੰਦਰ ਸਿੰਘ ਦੀ ਮੌਤ ਕਸ਼ਮੀਰ ਦੇ ਕਾਰਗਿਲ ਇਲਾਕੇ ਵਿੱਚ ਕਰੀਬ ਵੀਹ ਦਿਨ ਪਹਿਲਾਂ ਸ਼ਹੀਦੀ ਪਾਉਣ ਉਪਰੰਤ ਦੁਖਦਾਈ ਘਟਨਾ ਦਾ ਬਿਰਤਾਂਤ ਪ੍ਰਸਤੁਤ ਕਰਦੀ ਹੈ ਉੱਥੇ ਰਣਬੀਰ ਦੇ ਸਾਰੇ ਪਰਿਵਾਰ ਦੀ ਮੌਤ ਦਾ ‘ਭਾਣਾ’ ਲੋਕਾਂ ਲਈ ‘ਅਚੰਭੇ ਭਰਿਆ ਪ੍ਰਸ਼ਨ’ ਬਣ ਕੇ ‘ਮੱਥੇ ਵਿੱਚ ਚਸਕ’ ਰਿਹਾ ਹੈ। ਕਹਾਣੀ ਇੱਕੋ ਸਮੇਂ ਸੂਬੇਦਾਰ ਜੋਗਿੰਦਰ ਸਿੰਘ ਦੇ ਅਤੇ ਰਣਬੀਰ ਦੇ ਸਾਰੇ ਪਰਿਵਾਰ ਦੇ ਜੀਵਨ ਸੰਘਰਸ਼ ਅਤੇ ਮੌਤ ਦੀਆਂ ਘਟਨਾਵਾਂ ਨੂੰ ਕੇਂਦਰ ਵਿੱਚ ਰੱਖਦੀ ਹੋਈ ਪਰਤ ਦਰ ਪਰਤ ਇਹਨਾਂ ਦੇ ਡੂੰਘੇ ਰਹੱਸਾਂ ਨੂੰ ਖੋਲ੍ਹਦੀ ਚਲੀ ਜਾਂਦੀ ਹੈ। ਕਹਾਣੀ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦੀ ਮੌਤ ਦਾ ਸਰੋਕਾਰ ਭੂਤਕਾਲ ਵਿੱਚ ਹੋਈ ਘਟਨਾ ਨਾਲ ਹੈ ਜਦੋਂ ਕਿ ਰਣਬੀਰ ਅਤੇ ਉਸਦੇ ਪਰਿਵਾਰ ਦੀ ਘਟਨਾ ਵਰਤਮਾਨ ਵਿੱਚ ਉਸਾਰੀ ਗਈ ਹੈ। ਇਸੇ ਤਰ੍ਹਾਂ ਬਿਰਤਾਂਤਕਾਰ ਦੋਹਾਂ ਵਿੱਚ ਸਮਰੂਪਤਾ ਅਤੇ ਵਿਰੋਧਤਾ ਦੇ ਅਨੇਕਾਂ ਚਿਹਨਾਂ ਨੂੰ ਇੱਕੋ ਸਮੇਂ ਪ੍ਰਸਤੁਤ ਵੀ ਕਰਦਾ ਹੈ ਅਤੇ ਛੁਪਾਉਂਦਾ ਵੀ ਹੈ ਕਿਉਂਕਿ ਕਹਾਣੀ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਅਤੇ ਰਣਬੀਰ ਦੇ ਕਿਰਦਾਰਾਂ ਦੇ ਬਹੁਪੱਖੀ ਤੁਲਨਾਤਮਕ ਸੰਦਰਭਾਂ ਰਾਹੀਂ ਹੀ ਉਹਨਾਂ ਦੀ ਸਮਾਜਕ ਅਤੇ ਸਿਆਸੀ ਪੁਜ਼ੀਸ਼ਨ ਨਿਰਧਾਰਤ ਕਰਦਾ ਹੈ। ਇਸ ਤਰ੍ਹਾਂ ਵਰਤਮਾਨ ਦਾ ਕਾਲਿਕ ਪ੍ਰਸੰਗ ਇੱਕੋ ਸਮੇਂ ਵਿਧਾ ਬਿੰਦੂ ਵੀ ਹੈ ਅਤੇ ਪਹੁੰਚ ਬਿੰਦੂ ਵੀ ਹੈ ਕਿਉਂਕਿ ਕਹਾਣੀ ਵਿੱਚ ਮੁੱਖ ਘਟਨਾ ਵਾਪਰ ਚੁੱਕੀ ਹੈ ਅਤੇ ਕਹਾਣੀਕਾਰ ਇਸਦਾ ਇੱਕ ਇਤਿਹਾਸਕ ਗਲਪੀ ਪਰਿਖੇਪ ਉਸਾਰਦਾ ਹੈ।
ਵਿਹਾਰਕ ਜੀਵਨ ਵਿੱਚ ਭਾਸ਼ਾਈ ਅਤੇ ਗ਼ੈਰ ਭਾਸ਼ਾਈ ਸੰਕੇਤ/ਚਿਹਨ ਸਾਡੀ ਚੇਤਨਾ ਨੂੰ ਤ੍ਰੈਕਾਲਿਕ ਸਮਿਆਂ ਦਾ ਬੋਧ ਕਰਵਾਉਣ ਵਿੱਚ ਸਹਾਈ ਹੁੰਦੇ ਹਨ ਅਤੇ ਨਿਰੰਤਰ ਵਿਚਾਰਾਂ ਦੀ ਇੱਕ ਅਟੁੱਟ ਲੜੀ ਦਾ ਨਿਰਮਾਣ ਕਰਦੇ ਹਨ ਜਿਸਦਾ ਸੰਬੰਧ ਇੱਕੋ ਸਮੇਂ ਤ੍ਰੈਕਾਲਿਕ ਹੁੰਦਾ ਹੈ ਕਿਉਂਕਿ ਭੂਤਕਾਲੀ ਅਨੁਭਵਾਂ ਵਿੱਚੋਂ ਹੀ ਵਰਤਮਾਨ ਆਪਣੀ ਹੋਂਦ ਦਾ ਬੋਧ ਕਰਾਉਂਦਾ ਹੈ ਅਤੇ ਭਵਿੱਖਮੁਖੀ ਕਾਰਜਾਂ/ਕਰਮਾਂ ਨੂੰ ਨਿਰਧਾਰਤ ਅਤੇ ਨਿਯਮਤ ਕਰਨ ਵੱਲ ਸੇਧਿਤ ਹੁੰਦਾ ਹੈ। ਕਈ ਵਾਰ ਇਹ ਭਾਸ਼ਾਈ ਅਤੇ ਗ਼ੈਰ ਭਾਸ਼ਾਈ ਸੰਕੇਤ/ਚਿਹਨ ਐਨੇ ਮਹੀਨ ਹੁੰਦੇ ਹਨ ਕਿ ਦਿਮਾਗ਼ ਵਿੱਚ ਆਚਾਨਕ ਕੋਈ ਖ਼ਿਆਲ ਪ੍ਰਗਟ ਹੋਣ ਉਪਰੰਤ ਉਸ ਦਾ ਬੁਨਿਆਦੀ ਆਧਾਰ ਸਾਡੀ ਚੇਤਨਾ ਦੀ ਪਕੜ ਤੋਂ ਬਾਹਰ ਹੁੰਦਾ ਹੈ। ਭਾਵ ਸਾਡਾ ਮਨ ਉਸ ਵਿਚਾਰ ਨੂੰ ਤੁਰੰਤ ਸਮਝਣ ਤੋਂ ਅਸਮਰੱਥ ਹੁੰਦਾ ਕਿਉਂਕਿ ਖ਼ਾਸ ਸਮੇਂ ਅਤੇ ਸਥਾਨ ਵਿੱਚ ਵਿਚਰਦਿਆਂ ਸਾਡੇ ਅਵਚੇਤਨ ਵਿੱਚ ਕੋਈ ਸਿਮਰਤੀ-ਬਿੰਬ ਅਚੇਤ ਹੀ ਹਰਕਤਸ਼ੀਲ ਹੋ ਜਾਂਦਾ ਹੈ ਅਤੇ ਇਸ ਹਲੂਣੇ ਨਾਲ ਪੂਰਵ ਘਟਿਤ ਕਿਸੇ ਸੰਕਲਪ/ਸਥਿਤੀ ਨਾਲ ਰਲਦੇ ਮਿਲਦੇ ਅਨੁਭਵਾਂ ਦਾ ਬੋਧ ਜਾਗ੍ਰਿਤ ਹੋ ਜਾਂਦਾ ਹੈ, ਜਿਹੜਾ ਸਮਕਾਲੀ ਜੀਵਨ ਦੀ ਯਥਾਰਥਕ ਘਟਨਾ ਜਾਂ ਸਥਿਤੀ ਦੇ ਸਾਹਮਣੇ ਪੂਰਵ ਰਚਿਤ ਪਾਠ ਦੇ ਅਨੁਭਵ ਸਾਕਾਰ ਕਰ ਦਿੰਦਾ ਹੈ। ਇਸ ਰਹੱਸ ਨੂੰ ਜਾਨਣ ਲਈ ਅਸੀਂ ਚੇਤ/ਅਚੇਤ ਯਤਨ ਕਰਦੇ ਰਹਿੰਦੇ ਹਾਂ। ਇਸੇ ਤਰ੍ਹਾਂ ‘ਕਾਰਗਿਲ’ ਕਹਾਣੀ ਵਿੱਚ ਵਰਤਮਾਨ ਅਤੇ ਭੂਤਕਾਲ ਦੀਆਂ ਘਟਨਾਵਾਂ ਦਾ ਬਿਰਤਾਂਤ ਉਲੀਕਣ ਸਮੇਂ ਵੀ ਕਹਾਣੀਕਾਰ ਨੇ ਇਸ ਛਿਣਭੰਗਰਤਾ, ਤਰਲਤਾ, ਲਰਜ਼ਦੀ ਮਾਨਸਿਕ ਸਥਿਤੀ ਅਤੇ ਸਿਮਰਤੀ-ਬਿੰਬ ਦੇ ਹਲੂਣੇ ਨੂੰ ਚੇਤਨ ਤੌਰ ਉੱਤੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਪੂਰਤੀ ਹਿਤ ਕਹਾਣੀ ਦਾ ਬਿਰਤਾਂਤ ਜਟਿਲ ਤੋਂ ਜਟਿਲਤਰ ਹੁੰਦਾ ਗਿਆ ਹੈ। ਇਸ ਲਈ ਬਿਰਤਾਂਤਕਾਰ ਘਟਨਾਵਾਂ ਦੇ ਬਿਆਨ ਸਮੇਂ ਸਰਲੀਕ੍ਰਿਤ ਦੇ ਰਾਹ ਨਹੀਂ ਪੈਂਦਾ ਸਗੋਂ ਵਰਤਮਾਨ ਅਤੇ ਭੂਤਕਾਲ ਵਿੱਚ ਲੜੀਦਾਰ ਸੰਬੰਧ ਸਥਾਪਤ ਕਰਨ ਦਾ ਯਤਨ ਕਰਦਾ ਹੋਇਆ ਬਿਰਤਾਂਤਕ ਸੰਵਾਦ ਨੂੰ ਅੱਗੇ ਤੋਰਦਾ ਹੈ। ਇਹ ਮਸ਼ਕ ਉਸ ਨੂੰ ਕਾਲਿਕ ਘਟਨਾਵਾਂ ਦੀ ਤਹਿ ਵਿੱਚ ਵਿਚਰਦੇ ਪਾਤਰਾਂ ਦੇ ਚੇਤਨ ਅਵਚੇਤਨ ਨੂੰ ਟਰੇਸ ਕਰਨ ਦੀ ਸਮਰਥਾ ਪ੍ਰਦਾਨ ਕਰਦੀ ਹੈ। ਨਤੀਜੇ ਵਜੋਂ ਉਹ ਵਾਕਾਂ, ਸ਼ਬਦਾਂ, ਵਾਕੰਸ਼ਾਂ ਅਤੇ ਇਹਨਾਂ ਵਿੱਚੋਂ ਪੈਦਾ ਹੋਈਆਂ ਵਿਅੰਜਨ ਧੁਨੀਆਂ ਦੀ ਪੈੜ ਚਾਲ ਨੂੰ ਫੜਨ ਦੇ ਸਮਰੱਥ ਹੁੰਦਾ ਜਾਂਦਾ ਹੈ।
ਭਾਵੇਂ ਅਨੇਕਾਂ ਕਹਾਣੀਕਾਰ ਬਿਰਤਾਂਤ ਸਿਰਜਣ ਸਮੇਂ ਵੱਖ-ਵੱਖ ਕਾਲਿਕ ਪ੍ਰਸੰਗਾਂ ਵਿੱਚ ਵਿਚਾਰਾਂ ਦੀ ਇੱਕ ਅਟੁੱਟ ਲੜੀ ਦਾ ਨਿਰਮਾਣ ਕਰਨ ਲਈ ਅਜਿਹੇ ਸ਼ਬਦਾਂ ਦੀ ਚੋਣ ਕਰਦੇ ਹਨ ਜਿਸ ਨਾਲ ਸਹਿਜੇ ਹੀ ਇੱਕ ਕਾਲ ਤੋਂ ਦੂਜੇ ਕਾਲ ਵਿੱਚ ਪ੍ਰਵੇਸ਼ ਕੀਤਾ ਜਾ ਸਕੇ ਪਰ ਜਿਸ ਨਿਪੁੱਨਤਾ ਅਤੇ ਪ੍ਰਵੀਨਤਾ ਨਾਲ ਕਾਰਗਿਲ ਵਿੱਚ ਦੋ ਕਾਲਿਕ ਪ੍ਰਸੰਗ, ਭੂਤਕਾਲ ਅਤੇ ਵਰਤਮਾਨ ਜੋੜੇ ਗਏ ਹਨ ਉਹ ਜਟਿਲ ਬਿਰਤਾਂਤ ਸਿਰਜਣਾ ਦੇ ਖੇਤਰ ਵਿੱਚ ਆਪਣੀ ਮਿਸਾਲ ਆਪ ਹਨ। ਉਦਾਹਰਨ ਦੇ ਤੌਰ ’ਤੇ ਨਿਮਨ ਲਿਖਤ ਬਿਰਤਾਂਤਕ ਲੜੀ ਭੂਤਕਾਲ ਵਿੱਚੋਂ ਵਰਤਮਾਨ ਕਾਲ ਵਿੱਚ ਸਵਿੱਚਿੰਗ ਸਮੇਂ ਇਸੇ ਜੁਗਤ ਨੂੰ ਹੀ ਅਪਣਾਉਂਦੀਆਂ ਹਨ:
ਰਣਬੀਰ ਕੁੜਤਾ ਲਾਹ ਕੇ ਕੂਲਰ ਦੇ ਐੱਨ ਸਾਹਮਣੇ ਬੈਠ ਗਿਆ। ਨਸ਼ੇ ਦੀ ਲੋਰ ਅਤੇ ਠੰਢੀ ਠਾਰ ਹਵਾ ਨਾਲ ਉਸ ਦੇ ਤਨ ਅਤੇ ਮਨ ਵਿੱਚ ਇੱਕ ਸੁਆਦ ਦੀ ਤਰੰਗ ਜਿਹੀ ਭਰਨ ਲੱਗੀ। “ਪਾਪਾ ਤੁਸੀਂ ਤਾਂ ਸਾਰੀ ਹਵਾ ਰੋਕ-ਲੀ” ਬੱਚੇ ਇੱਕੋ ਆਵਾਜ਼ ਵਿੱਚ ਕੂਕੇ।
“... ਓਟ ਨਾ ਬਣਾਓ ਬਈ ਹਵਾ ਪੈਣ ਦਿਓ ਸਿੱਧੀ। ਹਵਾ ਨਾਲ ਹੀ ਫੈਲੂ ਅੱਗ ਚਾਰੇ ਪਾਸੇ।” ਸੱਜਣ ਚੌਕੀਦਾਰ ਚਿਖਾ ਨੇੜਲੇ ਬੰਦਿਆਂ ਨੂੰ ਪਰ੍ਹੇ ਹਟਾਉਂਦਿਆਂ ਇੱਕ ਲੰਮੇ ਟੰਬੇ ਨਾਲ ਅੱਗ ਲਈ ਵਿਰਲਾਂ ਬਣਾ ਰਿਹਾ ਸੀ।
ਇਸ ਬਿਰਤਾਂਤਕ ਖੰਡ ਵਿੱਚ ਦੋ-ਕਾਲਿਕ ਸਥਿਤੀਆਂ ਦਾ ਉਲੇਖ ਹੈ। ਪਹਿਲੀ ਦਾ ਸੰਬੰਧ ਭੂਤਕਾਲ ਹੈ ਅਤੇ ਦੂਜੀ ਸਥਿਤੀ ਵਰਤਮਾਨ ਕਾਲ ਨਾਲ ਸਰੋਕਾਰ ਰੱਖਦੀ ਹੈ ਅਤੇ ‘ਹਵਾ’ ਸ਼ਬਦ ਇਹਨਾਂ ਦੋਹਾਂ ਵਿੱਚ ਵਿੱਚ ਸਾਂਝ ਪੈਦਾ ਕਰ ਰਿਹਾ ਹੈ ਜਿਸ ਨਾਲ ਦੋਹਾਂ ਕਾਲਾਂ ਵਿਚਲੀਆਂ ਵਿਰਲਾਂ/ਵਿਥਾਂ ਦਾ ਅੰਤਰ ਘਟ ਸਕੇ। ਬਿਰਤਾਂਤਕਾਰ ਚੇਤਨ ਤੌਰ ਉੱਤੇ ਵਰਤਮਾਨ ਕਾਲਿਕ ਪ੍ਰਸੰਗਾਂ ਨੂੰ ਭੂਤਕਾਲ ਨਾਲ ਇੱਕ ਲੜੀ ਵਿੱਚ ਪ੍ਰੋਣ ਲਈ ਅਜਿਹੇ ਸਮਭਾਵ ਵਾਲੇ ਸ਼ਬਦਾਂ ਦੀ ਚੋਣ ਕਰਦਾ ਹੈ ਜਿਸ ਨਾਲ ਵਿਚਾਰਾਂ ਦੀ ਇੱਕ ਲੜੀ ਦਾ ਨਿਰਮਾਣ ਹੋ ਸਕੇ। ਭਾਵੇਂ ਵਰਤਮਾਨ ਅਤੇ ਭੂਤਕਾਲ ਦੇ ਬਿਰਤਾਂਤਕ ਪ੍ਰਸੰਗ ਵੱਖੋ ਵੱਖਰੇ ਹਨ ਪਰ ਇਹਨਾਂ ਵਿਚਲਾ ਕੋਈ ਸਾਂਝਾ ਸ਼ਬਦ ਜਾਂ ਭਾਗ ਅਜਿਹੀ ਪੱਕੀ-ਪੀਡੀ ਸਾਂਝ ਦਾ ਨਿਰਮਾਣ ਕਰਨ ਵਿੱਚ ਸਹਾਈ ਹੁੰਦਾ ਹੈ ਜਿਹੜਾ ਸਮਭਾਵ, ਸਮਤੁਲ ਅਤੇ ਸਦ੍ਰਿਸ਼ ਹੋ ਕੇ ਨਵੇਂ ਭਾਵ ਜਗਤ ਵਿੱਚ ਪ੍ਰਵੇਸ਼ ਕਾਰਵਾਉਣ ਵਿੱਚ ਸਹਾਈ ਹੁੰਦਾ ਹੈ। ਡਾ. ਜਸਵਿੰਦਰ ਸਿੰਘ ਇਸ ਜੁਗਤ ਨੂੰ ‘ਗਾਂਢੇ ਲਗਾਉਣਾ’ ਕਹਿੰਦੇ ਹਨ ਕਿ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਵਾਣ ਵੱਟਣ ਸਮੇਂ ਕੋਈ ਵਿਅਕਤੀ ਗਾਂਢੇ ਲਗਾਉਣ ਸਮੇਂ ਇਸ ਤਰ੍ਹਾਂ ਲਗਾਉਂਦਾ ਸੀ ਕਿ ਉਹ ਰੜਕਣ ਵੀ ਨਾ ਅਤੇ ਪਤਾ ਵੀ ਨਾ ਲੱਗੇ ਕਿ ਗਾਂਢਾ ਲਗਾਇਆ ਕਿੱਥੇ ਗਿਆ ਹੈ। ਬਿਰਤਾਂਤਕਾਰ ਇਸੇ ਤਰ੍ਹਾਂ ਦੇ ਗਾਂਢੇ ਕਾਰਗਿਲ ਕਹਾਣੀ ਵਿੱਚ ਲਗਾਉਂਦਾ ਹੈ। ਡਾ. ਜਸਵਿੰਦਰ ਸਿੰਘ ਦਾ ਮੰਨਣਾ ਹੈ ਕਿ ‘ਕਾਰਗਿਲ ਕਹਾਣੀ ਵਿੱਚ ਗਾਂਢੇ ਠੀਕ ਲੱਗੇ ਹਨ।’ ਇਸ ਤਰ੍ਹਾਂ ਬਿਰਤਾਂਤਕ ਲੜੀ ਵਰਤਮਾਨ ਤੋਂ ਭੂਤਕਾਲ ਵਿੱਚ ਜਾਣ ਸਮੇਂ ਰੇਲ ਪਟੜੀ ਦੀਆਂ ਕੈਂਚੀ ਤੇ ਸਰਪਟ ਦੌੜਦੀ ਜਾਂਦੀ ਹੈ ਜਿਸ ਵਿੱਚ ਕਿਸੇ ਕਿਸਮ ਦੀ ਰੁਕਾਵਟ ਮਹਿਸੂਸ ਨਹੀਂ ਹੁੰਦੀ। ਜਿਸ ਨਾਲ ਬਿਰਤਾਂਤਕਾਰ ਵਰਤਮਾਨ ਅਤੇ ਭੂਤਕਾਲ ਵਿੱਚ ਕੋਈ ਜੋੜ ਬੈਠਾਉਂਦਾ ਹੋਇਆ ਬਿਰਤਾਂਤਕ ਲੜੀ ਨੂੰ ਖੰਡਿਤ ਨਹੀਂ ਹੋਣ ਦਿੰਦਾ ਸਗੋਂ ਉਸ ਵਿੱਚ ਨਿਰੰਤਰਤਾ ਤੇ ਨਿਰਵਿਘਨਤਾ ਦਾ ਪ੍ਰਵਾਹ ਬਣਾਈ ਰੱਖਦਾ ਹੈ।
ਭਾਵੇਂ ਸਮੁੱਚਾ ਬਿਰਤਾਂਤ ਕਿਸਾਨੀ ਦੇ ਸੰਕਟਾਂ ਨੂੰ ਰੇਖਾਂਕਿਤ ਕਰਦਾ ਹੈ ਪਰ ਇਸ ਬਿਰਤਾਂਤ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਬਿਰਤਾਂਤਕਾਰ ਕਿਸਾਨੀ ਸੰਕਟ ਸੰਬੰਧੀ ਚੇਤਨ ਤੌਰ ਉੱਤੇ ਪ੍ਰਤੱਖ ਰੂਪ ਵਿੱਚ ਕੋਈ ਸਿੱਧੀ ਟੀਕਾ-ਟਿੱਪਣੀ ਨਹੀਂ ਕਰਦਾ, ਸਗੋਂ ਕਹਾਣੀ ਦੀ ਡੂੰਘੀ ਸੰਰਚਨਾ ਵਿੱਚ ਅਨੇਕਾਂ ਅਜਿਹੀਆਂ ਸਮੱਸਿਆਵਾਂ ਦੇ ਕਾਰਨਾਂ ਅਤੇ ਕਾਰਜਾਂ ਦਾ ਉਲੇਖ ਕਰਦਾ ਹੈ ਜਿਹਨਾਂ ਦਾ ਸੰਬੰਧ ਰਣਬੀਰ ਵਰਗੇ ਅਨੇਕਾਂ ਕਿਸਾਨਾਂ ਨਾਲ ਜਾ ਜੁੜਦਾ ਹੈ, ਜਿਹੜੇ ਆਤਮ ਹੱਤਿਆ ਕਰ ਗਏ ਹਨ।
ਨੈਸ਼ਨਲ ਕਰਾਇਮ ਰਿਕਾਰਡ ਬਿਉਰੋ ਮੁਤਾਬਿਕ 1995 ਤੱਕ ਭਾਰਤ ਵਿੱਚ 2, 96, 438 ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਸਨ। ਜਿਸ ਦੇਸ਼ ਵਿੱਚ ਸੱਤਰ ਫ਼ੀਸਦੀ ਲੋਕ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਨਿਰੋਲ ਖੇਤੀ ਉੱਤੇ ਨਿਰਭਰ ਹੋਣ ਉੱਥੇ ਅਜਿਹੇ ਸੰਕਟਾਂ ਦਾ ਉਪਜਣਾਂ ਆਪਣੇ ਆਪ ਵਿੱਚ ਅਤਿ ਦੁਖਦਾਈ ਹੈ। ਇਸ ਤੋਂ ਵੀ ਵੱਧ ਦਰਦਨਾਕ ਅਤੇ ਚਿੰਤਾਜਨਕ ਸਥਿਤੀ ਇਹ ਹੈ ਕਿ ਲਗਾਤਾਰ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ ਪਰ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਠੋਸ ਨੀਤੀ ਦਾ ਨਿਰਮਾਣ ਕਰਨ ਵਿੱਚ ਅਸਫ਼ਲ ਰਹੀਆਂ ਹਨ। ਅਜਿਹੇ ਮਸਲਿਆਂ ਪ੍ਰਤਿ ਉਹਨਾਂ ਦਾ ਅਵੇਸਲਾਪਣ ਅਤੇ ਗ਼ੈਰ-ਸੰਜੀਦਗੀ ਨੇ ਸਥਿਤੀ ਨੂੰ ਵਿਸਫੋਟਕ ਬਣਾ ਦਿੱਤਾ ਹੈ। ਸਾਡੀਆਂ ਸਰਕਾਰਾਂ ਜਿਹੜੇ ਮੁੱਦਿਆਂ ਉੱਤੇ ਸਿਆਸਤ ਕਰਦੀਆਂ ਹਨ, ਇਸ ਨਾਲ ਖੇਤੀ-ਸੈਕਟਰ ਨਾਲ ਸੰਬੰਧਿਤ ਸੱਤਰ ਫ਼ੀਸਦੀ ਲੋਕਾਂ ਦਾ ਕੁਝ ਨਹੀਂ ਸੰਵਰਨ ਲੱਗਿਆ। ਹਥਲੀ ਕਹਾਣੀ ਕਾਰਗਿਲ ਦਾ ਬਿਰਤਾਂਤਕ ਕਾਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਆਖ਼ਰੀ ਵਰ੍ਹੇ ਨਾਲ ਸੰਬੰਧਿਤ ਹੈ। ਕਾਰਗਿਲ ਦਾ ਇਲਾਕਾ ਕਸ਼ਮੀਰ ਦੇ ਲਦਾਖ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਇਲਾਕਾ ਜੁਲਾਈ 1999 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਛਿੜੀ ‘ਜੰਗ’ ਤੋਂ ਬਾਅਦ ਸਮਾਜਕ ਅਤੇ ਸਿਆਸੀ ਹਲਕਿਆਂ ਵਿੱਚ ਵੱਧ ਚਰਚਿਤ ਰਿਹਾ ਹੈ। ਅੰਤਰ-ਰਾਸ਼ਟਰੀ ਸੁਰੱਖਿਆ ਵਿਸ਼ੇਸ਼ਗਾਂ ਵਲੋਂ ਕਾਰਗਿਲ ਜੰਗ ਨੂੰ ‘ਕਾਰਗਿਲ ਦਵੰਦ’ ਦਾ ਨਾਮ ਵੀ ਦਿੱਤਾ ਗਿਆ ਹੈ। ਅਸੀਂ ਇਸ ਕਹਾਣੀ ਨੂੰ ਕਾਰਗਿਲ ਜੰਗ ਨਾਲੋਂ ਕਾਰਗਿਲ ਦਵੰਦ ਦੀ ਸੰਗਿਆ ਦੇਣ ਦੇ ਹੱਕ ਵਿੱਚ ਹਾਂ ਕਿਉਂਕਿ ਕਹਾਣੀ ਦਾ ਸਿਰਲੇਖ ‘ਕਾਰਗਿਲ’ ਅਚੇਤ ਹੀ ਇੱਕ ਦਵੰਦ ਨੂੰ ਸਿਰਜਦਾ ਹੈ। ਦੂਜੇ ਪਾਸੇ ਇਸ ਕਹਾਣੀ ਦਾ ਸਮੁੱਚਾ ਬਿਰਤਾਂਤਕ ਸੰਗਠਨ ਵਿਰੋਧੀ ਜੁੱਟਾਂ ਉੱਪਰ ਟਿਕਿਆ ਹੋਇਆ ਹੈ। ਇਸ ਵਿਰੋਧ ਨੂੰ ਉਸਾਰਨ ਲਈ ਬਿਰਤਾਂਤਕਾਰ ਅਜਿਹੇ ਸ਼ਬਦਾਂ ਦੀ ਚੋਣ ਕਰਦਾ ਹੈ ਜਿਹਨਾਂ ਦਾ ਆਪਣਾ ਇੱਕ ਸਮਾਜਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਪ੍ਰਸੰਗ ਬਣਦਾ ਹੈ। ਇਹ ਵਿਰੋਧ ਚੇਤਨ ਅਵਚੇਤਨ ਵਿਚਲੇ ਅਨੇਕਾਂ ਦਵੰਦਾਂ ਦਾ ਰੂਪ ਧਾਰਨ ਕਰ ਚੁੱਕੇ ਨਿੱਕੇ ਵੱਡੇ ਬਿਰਤਾਂਤਕ ਪ੍ਰੰਸਗਾਂ ਵਿੱਚੋਂ ਸਾਕਾਰ ਹੁੰਦਾ ਹੈ। ਬਿਰਤਾਂਤਕਾਰ ਮੁੱਖ ਤੌਰ ਉੱਤੇ ਰਣਬੀਰ ਉੱਤੇ ਫੋਕਸ ਕਰਦਾ ਹੋਇਆ ਸਮੁੱਚੇ ਬਿਰਤਾਂਤ ਨੂੰ ਉਸਾਰਦਾ ਤੇ ਉਘਾੜਦਾ ਹੈ ਪਰ ਬਿਰਤਾਂਤਕਾਰ ਇਸਦੇ ਪਿਛੋਕੜ ਵਿੱਚ ਰਣਬੀਰ ਦੇ ਪਿੰਡ ਦੇ ਲੋਕ ਅਤੇ ਖਾਸ ਕਰਕੇ ਸੂਬੇਦਾਰ ਜੋਗਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨਾਲ, ਰਣਬੀਰ ਦੇ ਹਠੀ ਆਪੇ ਦਾ ਤੁਲਨਾਤਮਕ ਪ੍ਰਸੰਗ ਵੀ ਸਿਰਜਦਾ ਹੈ ਅਤੇ ਨਾਲੋ ਨਾਲ ਰਣਬੀਰ ਦੀ ਸਮਾਜਕ, ਆਰਥਿਕ ਅਤੇ ਸਿਆਸੀ ਸਥਿਤੀ ਨੂੰ ਤਤਕਾਲੀ ਸੰਦਰਭ ਵਿੱਚ ਪਰਿਭਾਸ਼ਿਤ ਵੀ ਕਰਦਾ ਹੈ ਅਤੇ ਲਗਾਤਾਰ ਰਣਬੀਰ ਦੇ ਕਿਰਦਾਰ ਨੂੰ ਪੁਨਰ-ਪਰਿਭਾਸ਼ਿਤ ਕਰਨ ਲਈ ਉਸ ਨੂੰ ਭਵਿੱਖਮੁਖੀ ਸੰਭਾਵਿਤ ਚਣੌਤੀਆਂ ਅਤੇ ਵੰਗਾਰਾਂ ਦੇ ਰੂਬਰੂ ਵੀ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਬਿਰਤਾਂਤਕਾਰ ਕੇਵਲ ਇੱਕ ਪਾਤਰ ਉੱਤੇ ਫੋਕਸੀਕ੍ਰਿਤ ਕਰਕੇ ਕਿਸਾਨੀ ਸੰਕਟਾਂ ਅਤੇ ਸਮੱਸਿਆਵਾਂ ਨੂੰ ਵੀ ਨਾਲੋ-ਨਾਲ ਉਲੀਕ ਰਿਹਾ ਹੈ। ਦੂਜੇ ਪਾਸੇ ਸਗਲੇ ਬਿਰਤਾਂਤ ਵਿੱਚ ਕਹਾਣੀ ਦੇ ਸਰਲੇਖ ਕਾਰਗਿਲ ਦਾ ਆਪਣਾ ਸਮਾਜਕ ਅਤੇ ਸਿਆਸੀ ਪਰਿਖੇਪ ਵੀ ਹੈ ਜਿਸ ਦੀ ਤਹਿ ਵਿੱਚ ਦੋ ਦੇਸ਼ਾਂ ਭਾਰਤ ਪਾਕਿਸਤਾਨ ਦੇ ਅਸੁਖਾਵੇਂ ਸੰਬੰਧਾਂ ਦਾ ਦਵੰਦਾਤਮਕ ਇਤਿਹਾਸ ਪਿਆ ਹੈ। ਬਿਤਾਂਤਕਾਰ ਦੁਆਰਾ ਕੀਤੀ ਸ਼ਬਦ ਚੋਣ ਦਾ ਆਪਣਾ ਇੱਕ ਪੌਲੀਫੌਨਿਕ/ਬਹੁਧੁਨੀ ਪ੍ਰਵਚਨ ਬਣਦਾ ਹੈ ਜਿਹਨਾਂ ਦਾ ਇੱਕ ਅਰਥ ਯੁੱਧ ਵਿੱਚ ਲੜ ਰਹੇ ਫੌਜੀ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਕਿਸਾਨੀ ਜੀਵਨ ਦੀਆਂ ਸਮੱਸਿਆਵਾਂ ਤੇ ਸੰਕਟਾਂ ਨਾਲ ਜੂਝ ਰਹੇ ਕਿਸਾਨਾਂ ਨਾਲ ਜਾ ਜੁੜਦਾ ਹੈ। ਇਸ ਤਰ੍ਹਾਂ ਇਸ ਕਹਾਣੀ ਦੀ ਬੁਣਤਰ ਸੰਘਣੀ ਹੈ ਜਿਹੜੀ ਇੱਕੋ ਸਮੇਂ ਵੱਖ-ਵੱਖ ਮੋਰਚਿਆਂ ਉੱਤੇ ਲੜ ਰਹੇ ਕਿਰਦਾਰਾਂ ਦੇ ਜੀਵਨ-ਸੰਘਰਸ਼ ਨੂੰ ਪ੍ਰਸਤੁਤ ਕਰਦੀ ਹੋਈ ਇਸ ਗੱਲ ਦਾ ਬੋਧ ਕਰਾਉਂਦੀ ਹੈ ਕਿ ਸਰਹੱਦਾਂ ਦੀਆਂ ਰਾਖੀਆਂ ਕਰਦੇ ਨੌਜਵਾਨ ਕਿਸ ਤਰ੍ਹਾਂ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ (ਜਿਵੇਂ ਸੂਬੇਦਾਰ ਜੋਗਿੰਦਰ ਸਿੰਘ) ਅਤੇ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨ (ਜਿਵੇਂ ਰਣਬੀਰ) ਕਿਸ ਤਰ੍ਹਾਂ ਆਰਥਿਕ ਸਮੱਸਿਆਵਾਂ ਨਾਲ ਜੂਝਦੇ ਹੋਏ ਖ਼ੁਦਕੁਸ਼ੀ ਕਰ ਲੈਂਦੇ ਹਨ।
ਕਹਾਣੀਕਾਰ ਯਥਾਰਥਕ ਜ਼ਿੰਦਗੀ ਅਤੇ ਸੁਪਨਮਈ ਯਥਾਰਥ ਦੀਆਂ ਸੀਮਾਵਾਂ ਨੂੰ ਥਾਂ-ਪਰ-ਥਾਂ ਤੁਲਨਾਤਮਕ ਸੰਦਰਭ ਵਿੱਚ ਸਿਰਜਦਾ ਹੈ। ਬਦਲਾਉ ਕੁਦਰਤ ਦਾ ਨਿਯਮ ਹੈ। ਪਰ ਰਣਬੀਰ ਉੱਪਰ ਕੇਂਦਰਿਤ ਬਿਰਤਾਂਤ ਕਿਸੇ ਸਹਿਜ-ਸੁਭਾਅ ਵਾਪਰੇ ਬਦਲਾਉ ਦੀ ਸੋਝੀ ਨਹੀਂ ਕਰਵਾਉਂਦਾ ਸਗੋਂ ਵਿਤੋਂ ਬਾਹਰ ਆਪ ਸਹੇੜੀਆਂ ਮੁਸੀਬਤਾਂ ਦਾ ਬੋਧ ਵੀ ਕਰਾਉਂਦਾ ਹੈ ਅਤੇ ਇਸ ਬਾਰੇ ਵਿਵੇਕਸ਼ੀਲ ਚਿੰਤਨ ਦਾ ਨਿਰਮਾਣ ਵੀ ਕਰਦਾ ਹੈ। ਕਹਾਣੀ ਵਿੱਚ ਸਿਰਫ ਇੱਕ ਪਾਤਰ ਹੀ ‘ਵੋਟਾਂ’ ਦੀ ਰਾਜਨੀਤੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਉਹ ਹੈ ਰਣਬੀਰ ਦੀ ਪਤਨੀ ਬਚਿੰਤ ਕੌਰ, ਜਿਹੜੀ ਨਵੇਂ ਬਦਲਾਉ ਨੂੰ ਉੰਨੀ ਸਹਿਜਤਾ ਨਾਲ ਨਹੀਂ ਪ੍ਰਵਾਨ ਕਰਦੀ ਜਿੰਨੀ ਸਹਿਜਤਾ ਤੇ ਸੁਭਾਵਿਕਤਾ ਨਾਲ ਰਣਬੀਰ ਸਵੀਕਾਰ ਕਰ ਰਿਹਾ ਸੀ। ਇਸਦੀ ਇੱਕ ਮਿਸਾਲ ਬਚਿੰਤ ਕੌਰ ਦੇ ਨਿਮਨ ਸ਼ਬਦਾਂ ਤੋਂ ਸਹਿਜੇ ਹੀ ਮਿਲ ਜਾਂਦੀ ਹੈ:
“ਆਹ ਕੀ ਲੱਛਣ ਫੜ ਲੇ ਨੇ ਤੂੰ, ਐਂ ਤਾਂ ਅਹਿਲਕਾਰਾਂ ਦੇ ਪੁੱਤ ਦਾ ਪੂਰਾ ਨੀ ਪੈਂਦਾ। ਨਿੱਤ ਸ਼ਹਿਰ ਗਿਆ ਕੋਈ ਨਵੀਂ ਚੀਜ਼ ਚੱਕੀ ਆਉਨੈਂ, ਐਨੇ ਤਾਂ ਸਿਰ ਉੱਤੇ ਵਾਲ ਨੀ ਹੋਣੇ ਜਿੰਨੇ ਤੂੰ ਪੈਸੇ ਸਿਰ ਕਰਾਈ ਬੈਠੇਂ। ਦੱਸ ਐ ਕਿਵੇਂ ਨਿਰਬਾਹ ਹੋਊ ਆਪਣਾ?”
ਕਹਾਣੀ ਵਿੱਚ ਉਸ ਦੁਆਰਾ ਸਿਰਜਿਆ ਵਿਰੋਧ ਵਾਸਤਵ ਵਿੱਚ ਰਣਬੀਰ ਦੁਆਰਾ ਆਪ ਸਹੇੜੇ ਸੰਕਟਾਂ, ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਵਾਉਂਦਾ ਹੈ। ਬਿਰਤਾਂਤਕਾਰ ਰਣਬੀਰ ਨੂੰ ਨਵੇਂ ਵਰਤਾਰਿਆਂ ਰਾਹੀਂ ਇੱਕੋ ਵੇਲੇ ਪਰਿਵਰਤਨਸ਼ੀਲ ਸਥਿਤੀ ਵਿੱਚ ਵੀ ਪੇਸ਼ ਕਰਦਾ ਹੈ ਅਤੇ ਪਤਨਸ਼ੀਲ ਸਥਿਤੀ ਵਿੱਚ ਵੀ ਪ੍ਰਸਤੁਤ ਕਰ ਰਿਹਾ ਹੈ। ਪਰਿਵਰਤਨਸ਼ੀਲ ਸਥਿਤੀ ਦਾ ਸਰੋਕਾਰ ਬਾਹਰੀ ਸੰਸਾਰਕ ਸੁਖ ਸਹੂਲਤਾਂ ਵਾਲੇ ਪ੍ਰਬੰਧ ਨਾਲ ਬੱਝਿਆ ਹੋਇਆ ਹੈ ਜਿਸ ਦੀ ਸੂਹ ਉਹਨਾਂ ਦੀ ਗੁਆਂਢਣ ਹਰ ਕੁਰ ਦੇ ਨਿਮਨ ਅੰਕਿਤ ਸ਼ਬਦਾਂ ਵਿੱਚੋਂ ਪ੍ਰਤੱਖ ਮਿਲ ਜਾਂਦੀ ਹੈ:
“ਵੇ ਪੁੱਤ ਤੇਰੇ ਕਿੱਥੋਂ ਆ ਗਈ ਗਿੱਦੜਸਿੰਗੀ ਹੱਥ? ਸੁਖ ਨਾਲ ਘਰ ਦਾ ਮੂੰਹ ਮੱਥਾ ਈ ਬਦਲਤਾ। ਸਾਡੇ ਲੱਲ੍ਹਿਆਂ ਨੂੰ ਵੀ ਦੇ ਕੋਈ ਸਿੱਖ-ਮੱਤ, ਜੇ ਕਿਤੇ ਸਿੱਧੇ ਰਾਹ ਪੈ ਜਾਣ। ਸਾਰਾ ਦਿਨ ਖੇਤ ਖੱਲ ਪਟਾਉਂਦੇ ਮਛੀਓ-ਮਾਸ ਹੁੰਦੇ ਰਹਿੰਦੇ ਐ ਤੇ ਫੇਰ ਵੀ ਦਸਾਂ ਕਿੱਲਿਆਂ ਵਿੱਚੋਂ ਜੁਆਕ ਪਾਲਣੇ ਔਖੇ ਹੋਏ ਪਏ ਐ।”
ਹਰ ਕੁਰ ਦੇ ਇਹਨਾਂ ਸ਼ਬਦਾਂ ਦਾ ਸੰਬੰਧ ਸਮੂਹਿਕ ਅਵਚੇਤਨ ਨਾਲ ਜੁੜਿਆ ਹੋਇਆ ਹੈ ਜਿਹੜਾ ਪਦਾਰਥਕ ਖੁਸ਼ਹਾਲੀ ਨੂੰ ਤਰਜ਼ੀਹ ਦਿੰਦਾ ਹੋਇਆ ਉਸੇ ਵਿਅਕਤੀ ਨੂੰ ਪ੍ਰਵਾਨ ਕਰਦਾ ਚਲਾ ਜਾਂਦਾ ਹੈ ਜਿਸ ਕੋਲ ਮੁਕਾਬਲਾਤਨ ਸੰਸਾਰਕ ਸੁਖ ਸਹੂਲਤਾਂ ਵੱਧ ਹੋਣ। ਜਿੱਥੇ ਹਰ ਕੁਰ ਦੇ ਪਰਿਵਾਰ ਦੇ ਮੁੰਡਿਆਂ ਰਾਹੀਂ ਦਸ ਕਿੱਲਿਆਂ ਦੀ ਖੇਤੀ ਉੱਤੇ ਵੀ ਆਰਥਿਕ ਸੰਕਟਾਂ ਦਾ ਉਲੇਖ ਸ਼ਾਮਲ ਜਿਸ ਕਾਰਨ ਉਹਨਾਂ ਲਈ ਆਪਣੇ ਬੱਚੇ ਪਾਲਣੇ ਮੁਸ਼ਕਿਲ ਹੋਏ ਪਏ ਹਨ, ਉੱਥੇ ਉਹਦਾ ਰਣਬੀਰ ਨੂੰ ਇਹ ‘ਵਾਸਤਾ’ ਪਾਉਣਾ ਕਿ ਕੋਈ ‘ਸਿੱਖ-ਮੱਤ’ ਉਹਨਾਂ ਨੂੰ ਦੇਵੇ ਤਾਂ ਜੋ ਉਹ ਵੀ ‘ਸਿੱਧੇ ਰਾਹ ਪੈ ਜਾਣ।’ ਵਾਸਤਵਕ ਸਥਿਤੀ ਦਾ ਵਿਅੰਗ ਹੈ ਕਿਉਂਕਿ ਜਿਹੜੇ ਰਾਹ ਰਣਬੀਰ ਪਿਆ ਹੈ, ਉਹ ਵੱਧ ਖਤਰਨਾਕ ਅਤੇ ਭਿਅੰਕਰ ਹੈ। ਜਿਸ ਨੂੰ ਅਸੀਂ ਪਤਨਸ਼ੀਲ ਸਥਿਤੀ ਦੀ ਸੰਗਿਆ ਦਿੱਤੀ ਹੈ। ਜਿਸਦਾ ਸੰਬੰਧ ਸੁਖ ਸਹੂਲਤਾਂ ਲਈ ਚੁੱਕਿਆ ਵਿਤੋਂ ਬਾਹਰੀ ਕਰਜੇ ਨਾਲ ਹੈ, ਜਿਹੜਾ ਰਣਬੀਰ ਦੀ ਨੀਂਦ ਖਰਾਬ ਕਰ ਰਿਹਾ ਹੈ ਤੇ ਉਸ ਨੂੰ ਲਗਾਤਾਰ ਬੇਚੈਨ ਤੇ ਬੇਆਰਾਮ ਕਰ ਰਿਹਾ ਹੈ। ਕਿਉਂਕਿ ਉਸ ਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਵਿਤੋਂ ਬਾਹਰ ਹੋ ਕੇ ਚੁੱਕੇ ਕਰਜ ਨਾਲ ਉਸ ਦੀ ਪੰਜ ਕਿੱਲਿਆਂ ਦੀ ਮਾਲਕੀ ਜਗਤਾਰ ਦੇ ਨਾਮ ਹੋ ਗਈ ਅਤੇ ਕਾਗਜ਼ਾਂ ਮੁਤਾਬਿਕ ਉਹ ਹੁਣ ਜ਼ਮੀਨ ਦਾ ਮਾਲਕ ਨਹੀਂ ਰਿਹਾ, ਸਗੋਂ ਉਸ ਨੇ ਜ਼ਮੀਨ ਠੇਕੇ ਉੱਤੇ ਲਈ ਹੋਈ ਹੈ। ਇਹ ਸਥਿਤੀ ਉਦੋਂ ਅਤਿ ਦੁਖਦਾਈ ਹੋ ਜਾਂਦੀ ਹੈ ਜਦੋਂ ਉਹ ਆਪਣਾ ਘਰ ਵੀ ਕਰਜਿਆਂ ਅਤੇ ਗਰਜ਼ਾਂ ਦੀ ਲੋੜ ਪੂਰੀ ਕਰਨ ਹਿਤ ਆਪਣੇ ਧਰਮ ਭਰਾ ਸਲੂਜੇ ਜਗਤਾਰ ਕੋਲ ਗਿਰਵੀ ਰੱਖ ਦਿੰਦਾ ਹੈ। ਬਿਰਤਾਂਤਕਾਰ ਇਸ ਸਥਿਤੀ ਵਿੱਚੋਂ ਪੈਦਾ ਹੋਏ ਭਿਆਨਕ ਸਿੱਟਿਆਂ ਨੂੰ ਰੇਖਾਂਕਿਤ ਕਰਦਾ ਹੈ ਕਿ ਕਿਵੇਂ ਸਿਸਟਮ ਨੇ ਉਸ ਨੂੰ ਨਾਗ ਵਲ ਦੀ ਤਰ੍ਹਾਂ ਜਕੜ ਰੱਖਿਆ ਹੈ। ਇਸਦਾ ਅਹਿਸਾਸ ਰਣਬੀਰ ਨੂੰ ਉਦੋਂ ਹੁੰਦਾ ਹੈ ਜਦੋਂ ਉਸ ਦੀ ਪਤਨੀ ਉਸ ਨੂੰ ਮਿਹਣਾ ਮਾਰਦੀ ਹੈ ਕਿ ‘ਚੌਰਿਆ ਬੱਸ ਅਸੀਂ ਰਹਿ-ਗੀਆਂ ਹੁਣ ਮਾਵਾਂ-ਧੀਆਂ। ਸਾਨੂੰ ਵੀ ਧਰਦੇ ਗਹਿਣੇ ਸਲੂਜੇ ਕੋਲ, ਜੇ ਤੇਰਾ ਬੱਬਰ ਭਰਜੇ ਕਿਤੇ। ...’ ਇਸ ਸਥਿਤੀ ਵਿੱਚ ਉਸ ਦੀਆਂ ਵੋਟਾਂ ਦੀ ਸੁਰ ਵੀ ਬਾਗ਼ਾਵਤ ਵਾਲੀ ਹੋ ਜਾਂਦੀ ਹੈ ਕਿਉਂਕਿ ਕਹਾਣੀ ਆਪਣੇ ਅੰਤ ਵੱਲ ਵਧ ਰਹੀ ਹੈ ਜਿੱਥੇ ਰਣਬੀਰ ਦਾ ਇਕੱਲਾ ਰਹਿਣਾ ਲਗਭੱਗ ਤੈਅ ਹੀ ਹੈ। ‘ਸਾਨੂੰ ਵੀ ਵੇਚ ਆ’ ਇਹ ਬਾਹਰੀ ਯਥਾਰਥ ਦੇ ਵਿਰੋਧ ਵਿੱਚ ਸਿਰਜਿਆ ਸ਼ਕਤੀਸ਼ਾਲੀ ਪ੍ਰਵਚਨ ਹੈ ਜਿਸਦੀਆਂ ਜੜ੍ਹਾਂ ਬੰਦੇ ਦੇ ਸਵੈ ਨਾਲ ਜੁੜੀਆਂ ਹੋਈਆਂ ਹਨ ਜਿੱਥੇ ਆਬਰੂ ਇੱਜ਼ਤ ਦਾ ਸਵਾਲ ਪ੍ਰਾਥਮਿਕਤਾ ਹਾਸਲ ਕਰ ਜਾਂਦਾ ਹੈ।
ਕਾਰਗਿਲ ਕਹਾਣੀ ਰਣਬੀਰ ਦੇ ਫੌਜ ਵਿੱਚ ਭਰਤੀ ਤੋਂ ਖੁੰਝ ਜਾਣ ਕਾਰਨ ਉਸ ਦੇ ਮੱਥੇ ਵਿੱਚ ਲਗਾਤਾਰ ਹੁੰਦੀ ‘ਚੀਸ’ ਦਾ ਬਿਰਤਾਂਤ ਵੀ ਹੈ, ਜਿਸਦਾ ਆਧਾਰ ਸੂਬੇਦਾਰ ਜੋਗਿੰਦਰ ਸਿੰਘ ਅਤੇ ਉਸਦੀਆਂ ਤਿੰਨ ਪੀੜ੍ਹੀਆਂ ਦਾ ਤੁਲਨਤਮਕ ਸੰਦਰਭ ਵੀ ਬਣਦਾ ਹੈ। ਤਿੰਨ ਪੀੜ੍ਹੀਆਂ ਲਗਾਤਰ ਭੂਤਕਾਲ (ਕੈਪਟਨ ਧਰਮ ਸਿੰਘ ਅਤੇ ਪ੍ਰਤਾਪ ਸਿੰਘ), ਵਰਤਮਾਨ ਕਾਲ (ਸੂਬੇਦਾਰ ਜੋਗਿੰਦਰ ਸਿੰਘ ਅਤੇ ਰਣਬੀਰ) ਅਤੇ ਭਵਿੱਖਕਾਲ (ਜੋਗਿੰਦਰ ਸਿੰਘ ਅਤੇ ਰਣਬੀਰ ਦੇ ਬੱਚੇ) ਦੇ ਤੁਲਨਾਤਮਕ ਸੰਦਰਭ ਵਿੱਚੋਂ ਹੀ ਆਪਣੀ ਹੋਂਦ ਗ੍ਰਹਿਣ ਕਰਦੀਆਂ ਹਨ। ਭਾਵੇਂ ਓਪਰੀ ਦ੍ਰਿਸ਼ਟੀ ਤੋਂ ਇਹ ਵਿਰੋਧ ਸੂਬੇਦਾਰ ਜੋਗਿੰਦਰ ਸਿੰਘ ਨਾਲ ਨਜ਼ਰ ਆਉਂਦਾ ਹੈ ਪਰ ਜ਼ਰਾ ਇਸ ਨੂੰ ਵਿਸਤਾਰ ਨਾਲ ਵਿਚਾਰੀਏ ਤਾਂ ਇਹ ਵਿਰੋਧ ਸੱਤਾ ਨਾਲ ਹੈ ਕਿਉਂਕਿ ਸੂਬੇਦਾਰ ਅਤੇ ਕੈਪਟਨ ਦੀਆਂ ਪਦਵੀਆਂ ਸੱਤਾ ਦਾ ਪ੍ਰਤੀਕ ਹਨ ਜਿਹਨਾਂ ਕੋਲ ਸਮਾਜਕ ਪ੍ਰਵਾਨਗੀ ਤੇ ਪ੍ਰਤਿਸ਼ਟਤਾ ਹੈ। ਉਸ ਦੇ ਮੁਕਾਬਲੇ ਰਣਬੀਰ ਕੋਲ ਅਜਿਹੀ ਕੋਈ ਸਵੀਕ੍ਰਿਤੀ ਨਹੀਂ ਜਿਸ ਉੱਤੇ ਮਾਣ ਕੀਤਾ ਜਾ ਸਕੇ ਸਗੋਂ ਫੌਜ ਵਿੱਚ ਭਰਤੀ ਤੋਂ ਖੁੰਝ ਜਾਣ ਕਾਰਨ ਲੰਮੇ ਸਮੇਂ ਤੱਕ ਝੱਲਣੀ ਪਈ ਹੀਣਤਾ ਦਾ ਅਹਿਸਾਸ ਹੈ ਜਿਸ ਨੇ ਉਸ ਦੇ ਵਿਹਾਰ ਅਤੇ ਕਿਰਦਾਰ ਨੂੰ ਹੋਰ ‘ਮਾਰਖੋਰਾ’ ਬਣਾ ਦਿੱਤਾ ਹੈ। ਇਸ ਤਰ੍ਹਾਂ ਬਿਰਤਾਂਤਕਾਰ ਅਨੇਕਾਂ ਘਟਨਾਵਾਂ, ਨਾਵਾਂ, ਥਾਵਾਂ ਦੇ ਮਹੀਨ ਕਾਰਜਾਂ ਵਿੱਚੋਂ ਉਸ ਦੇ ਜਖ਼ਮੀ ਅਵਚੇਤਨ ਨੂੰ ਟਰੇਸ ਕਰਨ ਦਾ ਸਾਰਥਕ ਉਪਰਾਲਾ ਕਰਦਾ ਹੈ। ਦੂਜੇ ਪਾਸੇ ਬਿਰਤਾਂਤਕ ਫੋਕਸੀਕਰਨ ਰਣਬੀਰ ਉੱਤੇ ਕੀਤਾ ਗਿਆ ਹੈ ਜਿਹੜਾ ਜੋਗਿੰਦਰ ਵਾਂਗ ਕਿਸੇ ਦਲ (troop) ਵੱਲੋਂ ਨਹੀਂ ਲੜ ਰਿਹਾ, ਸਗੋਂ ਇਕੱਲਾ ਹੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪਰ ਦੋਹਾਂ ਦੇ ਰਣ ਖੇਤਰਾਂ (terrains) ਵਿੱਚ ਇੱਕ ਸਮਾਨਤਾ ਵੀ ਹੈ ਜਿਹੜੀ ਉਪਰੀ ਪੱਧਰ ਉੱਤੇ ਵਿਰੋਧ ਵੀ ਜਾਪਦੀ ਹੈ ਪਰ ਉਹ ਦੋਵੇਂ ‘ਆਪਣੇ ਆਪਣੇ ਕਾਰਗਿਲ’ ਦੇ ਮੋਰਚਿਆਂ ਉੱਤੇ ਲੜ ਰਹੇ ਯੋਧੇ (belligerents) ਹਨ। ਇਸ ਕਾਰਨ ਕਹਾਣੀ ਦੀ ਸਮੁੱਚੀ ਸ਼ਬਦਾਵਲੀ ਹੀ ਫੌਜਦਾਰੀ ਪ੍ਰਬੰਧ ਨੂੰ ਚੇਤਨ ਤੌਰ ਉੱਤੇ ਅਪਣਾਉਂਦੀ ਹੋਈ ਬਿਰਤਾਂਤਕ ਪ੍ਰਸੰਗਾਂ ਨੂੰ ਉਲੀਕਦੀ ਹੈ। ਉਦਾਹਰਨ ਵਜੋਂ:
- ਉਸ (ਰਣਬੀਰ) ਨੂੰ ਜਾਪਦਾ ਜਿਵੇਂ ਗੁਲੇਲ ਬੰਦੂਕ ਬਣ ਗਈ ਹੋਵੇ। ਸਾਹਮਣੇ ਖੜ੍ਹੀ ਫੌਜ ਵਿੱਚ ਵੀ ਵਰਦੀ ਵਾਲੇ ਧੜ ਆਮ ਬੰਦਿਆਂ ਦੇ ਹੁੰਦੇ ਪਰ ਸਿਰ ਕਾਵਾਂ, ਕੁੱਤਿਆਂ, ਕਬੂਤਰਾਂ, ਚਿੜੀਆਂ ਦੇ! ਇੰਨੀ ਵੱਡੀ ਨਫ਼ਰੀ ਅੱਗੇ ਉਸ ਦੀ ਪੇਸ਼ ਨਾ ਚਲਦੀ। ਉਹ ਫੇਰ ਡਿੱਗ ਪੈਂਦਾ ਤੇ ਗੋਲੀਆਂ, ਗੁਲੇਲਿਆਂ ਦਾ ਮੀਂਹ ਉਸ ’ਤੇ ਪੂਰੇ ਜ਼ੋਰ ਨਾਲ ਵਰ੍ਹਨ ਲਗਦਾ ...।
- ਚਿੱਠੀਆਂ ਪਾ ਕੇ ਪਿੰਡ ਵਾਲੀ ਬੱਸ ਚੜ੍ਹੇ ਰਣਬੀਰ ਨੂੰ ਆਪਣਾ ਆਪਾ ਹੌਲਾ-ਫੁੱਲ ਲੱਗਿਆ ਜਿਵੇਂ ਬਿਨਾਂ ਗੋਲੀ ਦਾਗਿਆਂ ਕੋਈ ਫੌਜੀ ਜੰਗ ਜਿੱਤ ਕੇ ਮੁੜ ਰਿਹਾ ਹੋਵੇ। ਨਹੀਂ, ਗੋਲੀਆਂ ਤਾਂ ਚਲਾਈਆਂ ਸਨ। ਸਲੂਜੇ ਦੀ ਟਾਇਪ-ਮਸ਼ੀਨ ਉਸ ਨੂੰ ਅਜਿਹੀ ਬੰਦੂਕ ਹੀ ਜਾਪੀ ਜਿਸ ਵਿੱਚੋਂ ਕਾਗਜ਼ਾਂ ਦੀਆਂ ਗੋਲੀਆਂ ਚਲਦੀਆਂ ਸਨ।
ਪਰ ਜਿਹੜੀਆਂ ‘ਕਾਗਜ਼ਾਂ ਦੀਆਂ ਗੋਲੀਆਂ’ ਦੀ ਰਣਨੀਤੀ (tactics) ਰਣਬੀਰ ਨੇ ਅਪਣਾਈ ਸੀ ਉਹ ਉਸ ਦੇ ਹੀ ਵਿਰੁੱਧ ਚਲੀ ਗਈ ਅਤੇ ਸਿੱਟੇ ਵਜੋਂ ਉਸ ਨੂੰ ਆਤਮ-ਹੱਤਿਆ ਕਰਨੀ ਪਈ। ਕਹਾਣੀ ਵਿੱਚ ਇੱਕ ਪ੍ਰਸੰਗ ‘ਵੋਟਾਂ’ ਦਾ ਆਉਂਦਾ ਹੈ ਕਿ ਬਚਿੰਤ ਕੌਰ ਜਦੋਂ ਵੀ ਕੋਈ ਨਵੀਂ ਚੀਜ਼ ਲਿਆਉਣ ਲਈ ਰਣਬੀਰ ਦਾ ਵਿਰੋਧ ਕਰਦੀ ਤਾਂ ਨਾਲ ਰਣਬੀਰ ਦੇ ਹੱਕ ਵਿੱਚ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੁੰਦੇ ਜਿਹੜੇ ਵੋਟਾਂ ਦੇ ਰੂਪ ਵਿੱਚ ਬਹੁ-ਗਿਣਤੀ ਕਾਰਨ ਜਿੱਤ ਜਾਂਦੇ। ਇਸ ਪ੍ਰਸੰਗ ਨੂੰ ਜੇਕਰ ਅਸੀਂ ਤਤਕਾਲੀ/ਸਮਕਾਲੀ ਸਿਆਸੀ ਪ੍ਰਬੰਧ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਸਥਿਤੀ ਭਾਰਤੀ ਲੋਕਤੰਤਰਿਕ ਢਾਂਚੇ ਨੂੰ ਵੀ ਚਿਹਨਤ ਕਰਦੀ ਹੈ ਕਿਉਂਕਿ ਭਾਰਤੀ ਲੋਕਤੰਤਰ ਵਿੱਚ ਵੀ ‘ਬਹੁਮਤ’ ਦੁਆਰਾ ਲਏ ਗਏ ਫੈਸਲੇ ਹੀ ਲੋਕਾਂ ਉੱਤੇ ਥੋਪੇ ਜਾਂਦੇ ਹਨ। ਰਣਬੀਰ ਇੱਕ ਤਰ੍ਹਾਂ ਨਾਲ ਉਸ ਸਿਸਟਮ ਦੀ ਪ੍ਰਤਿਨਿਧਤਾ ਕਰਦਾ ਹੈ ਜਿਸ ਕੋਲ ਫੈਸਲੇ ਲੈਣ ਦੀ ਸਮਾਜਕ, ਆਰਥਿਕ ਅਤੇ ਸਿਆਸੀ ਤਾਕਤ ਹੈ; ਬਚਿੰਤ ਕੌਰ ਚੇਤਨ ਜਨਤਾ ਦੇ ਰੂਪ ਵਿੱਚ ਘੱਟ ਗਿਣਤੀਆਂ ਦੀ ਪ੍ਰਤੀਕ ਹੈ ਅਤੇ ਉਸ ਦੇ ਬੱਚੇ ਬਹੁ-ਗਿਣਤੀ ਵਿੱਚ ਹੁੰਦਿਆਂ ਵੀ ਸੂਝ-ਸਿਆਣਪ ਭਰੇ ਫੈਸਲੇ ਲੈਣ ਤੋਂ ਅਸਮਰੱਥ ਹਨ। ਇਸ ਕਾਰਨ ਸਥਿਤੀ ਵਿਸਫੋਟਕੀ ਬਣੀ ਹੋਈ ਹੈ ਅਤੇ ਕਰਜੇ ਦਾ ਭਾਰ ਸੂਬਿਆਂ ਅਤੇ ਕੇਂਦਰ ਉੱਤੇ ਲਗਾਤਾਰ ਵਧ ਰਿਹਾ ਹੈ। ਕਹਾਣੀ ਦੇ ਅੰਤਿਮ ਵਾਕ ਹਨ ‘ਕਹੀ ਤਾਂ ਭਾਵੇਂ ਕਿਸੇ ਵੀ ਨਹੀਂ ਪਰ ਇਹ ਬਦਸ਼ਗਨੀ ਦੀ ਗੱਲ ਅੰਦਰ ਸਭ ਦੇ ਹੀ ਸੀ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਚਿਖਾ ਵਾਂਗ ਹੀ ਅੱਜ ਰਣਬੀਰ ਹੋਰਾਂ ਦੀ ਚਿਖਾ ਦਾ ਧੂੰਆਂ ਵੀ ਪਿੰਡ ਵੱਲ ਆ ਰਿਹਾ ਸੀ।’ ਚਿਖਾ ਵਿੱਚੋਂ ਨਿਕਲਕੇ ਧੂੰਏਂ ਦਾ ਪਿੰਡ ਵੱਲ ਆਉਣਾ ਲੋਕਧਾਰਾਈ ਵਿਸ਼ਵਾਸ ਅਨੁਸਾਰ ‘ਬਦਸ਼ਗਨੀ’ ਹੈ ਜਿਸ ਨੂੰ ਰੋਕਣ/ਠੱਲ੍ਹਣ ਦੀ ਸਮਰਥਾ ਕਿਸ ਧਿਰ ਕੋਲ ਹੈ, ਇਹ ਸਵਾਲ ਪਾਠਕ ਦੇ ਮਨ ਵਿੱਚ ‘ਅਚੰਭੇ ਭਰਿਆ ਪ੍ਰਸ਼ਨ’ ਬਣ ਕੇ ਮੱਥੇ ਵਿੱਚ ਨਿਰੰਤਰ ‘ਚਸਕ’ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1945)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































