SatinderpalSBawa7ਲੇਖਕ ਦੁਆਰਾ ਕੀਤੀ ਕਰੜੀ ਮਿਹਨਤਤੰਗੀ-ਤੁਰਸ਼ੀ ਤੇ ਪੜ੍ਹਾਈ ਛੱਡਣ ਦੀਆਂ ਮਜਬੂਰੀਆਂ ਨੇ ...
(18 ਜੁਲਾਈ 2019)

 

ਪੰਜਾਬੀ ਅਦਬ ਦੇ ਖੇਤਰ ਵਿੱਚ ਪ੍ਰੋ. ਗੁਰਦਿਆਲ ਸਿੰਘ (10 ਜਨਵਰੀ 1933 - 16 ਅਗਸਤ 2016) ਇੱਕ ਮਾਣ ਮੱਤੀ ਸ਼ਖਸੀਅਤ ਹਨ। ਪੰਜਾਬੀ ਅਦਬ ਵਿੱਚ ਉਹਨਾਂ ਦਾ ਨਾਮ ਬੜੇ ਸਤਿਕਾਰ ਅਤੇ ਅਪਣੱਤ ਨਾਲ ਲਿਆ ਜਾਂਦਾ ਹੈ। ਇਸਦਾ ਵੱਡਾ ਕਾਰਨ ਹੈ ਕਿ ਉਹਨਾਂ ਨੇ ਪੰਜਾਬੀ ਅਦਬ ਦੇ ਖੇਤਰ ਨੂੰ ਵਸੀਹ ਕੀਤਾ ਅਤੇ ਦੇਸ਼ ਵਿਦੇਸ਼ ਦੇ ਮੁਕਾਬਲੇ ਦਾ ਪੰਜਾਬੀ ਸਾਹਿਤ ਰਚ ਕੇ ਇੱਕ ਮਿਸਾਲ ਸਥਾਪਿਤ ਕੀਤੀ ਹੈ। ਪ੍ਰੋ. ਗੁਰਦਿਆਲ ਸਿੰਘ ਨੇ ਪੰਜਾਬੀ ਗਲਪ ਦੇ ਖੇਤਰ ਵਿੱਚ ਮਿਆਰੀ ਤੇ ਮੁੱਲਵਾਨ ਕਿਰਤਾਂ ਦਿੱਤੀਆਂ ਹਨ ਇਸੇ ਕਾਰਨ ਉਹਨਾਂ ਨੂੰ ਪਦਮਸ਼੍ਰੀ (1998) ਅਤੇ ਗਿਆਨ ਪੀਠ (1999) ਵਰਗੇ ਵੱਕਾਰੀ ਰਾਸ਼ਟਰੀ ਸਨਮਾਨਾਂ ਨਾਲ ਵੀ ਨਿਵਾਜ਼ਿਆ ਗਿਆ ਹੈ। ਜਿਹੜਾ ਨਾ ਕੇਵਲ ਉਹਨਾਂ ਦੀ ਸਿਰਣਾਤਮਕ ਪ੍ਰਤਿਭਾ ਦਾ ਤਸਦੀਕੀ ਪ੍ਰਮਾਣ ਪੇਸ਼ ਕਰਦਾ ਹੈ, ਸਗੋਂ ਉਹਨਾਂ ਨੇ ਇਹਨਾਂ ਸਨਮਾਨਾਂ ਨਾਲ ਪੰਜਾਬੀ ਜ਼ੁਬਾਨ ਦਾ ਮਾਣ ਵੀ ਵਧਿਆ ਹੈ। ਪ੍ਰੋ. ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦੇ ਖੇਤਰ ਵਿੱਚ ‘ਪੰਜ ਦਰਿਆ’ ਦੇ ਸਤੰਬਰ 1957 ਵਿੱਚ ਛਪੀ ਕਹਾਣੀ ‘ਭਾਗਾਂ ਵਾਲੇ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਹਿਸਾਬ ਨਾਲ ਕਰੀਬ ਛੇ ਦਹਾਕੇ ਉਹਨਾਂ ਦਾ ਸਾਹਿਤ ਰਚਨ ਕਾਲ ਮਿਥਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬੀ ਸਾਹਿਤ ਦੀਆਂ ਹੋਰ ਵਿਧਾਵਾਂ ’ਤੇ ਵੀ ਕੰਮ ਕੀਤਾ ਪਰ ਪ੍ਰਮੁੱਖਤਾ ਪੰਜਾਬੀ ਗਲਪ ਸਿਰਜਣ ਨੂੰ ਹੀ ਦਿੱਤੀ। ਇਸਦੀ ਇੱਕ ਪੁਖਤਾ ਮਿਸਾਲ ਉਹਨਾਂ ਦਾ ਬਹੁ-ਚਰਚਿਤ ਨਾਵਲ ‘ਮੜੜੀ ਦਾ ਦੀਵਾ’ (1964) ਹੈ ਜਿਸਦਾ ਅਨੁਵਾਦ ਅਨੇਕਾਂ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ।

ਜਦੋਂ ਕੋਈ ਪਾਠਕ ਕਿਸੇ ਪ੍ਰਸਿੱਧ ਲੇਖਕ ਦੀ ਰਚਨਾ ਪੜ੍ਹਦਾ ਹੈ ਤਾਂ ਸੁਭਾਵਿਕ ਹੈ ਕਿ ਲੇਖਕ ਦੇ ਵਿਅਕਤੀਤਵ ਬਾਰੇ ਵੀ ਜਾਣਨ ਦੀ ਇੱਛਾ ਪਾਠਕ ਦੇ ਮਨ ਵਿੱਚ ਉਮੜਦੀ ਹੈ ਕਿ ਲੇਖਕ ਦਾ ਵਿਹਾਰਕ ਜੀਵਨ ਵਿੱਚ ਕਿਸ ਤਰ੍ਹਾਂ ਦਾ ਰਿਹਾ ਹੈ, ਉਹ ਕਿਹੜੇ ਕਾਰਨ ਸਨ ਜਿਹਨਾਂ ਨੇ ਉਸ ਨੂੰ ਸਾਹਿਤ ਰਚਨਾ ਵੱਲ ਮੋੜ ਦਿੱਤਾ। ਸਾਹਿਤ ਦੇ ਖੇਤਰ ਵਿੱਚ ਇਹਨਾਂ ਸਵਾਲਾਂ ਵਿੱਚੋਂ ਹੀ ਜੀਵਨੀਆਂ ਅਤੇ ਸਾਹਿਤਕ ਸਵੈ-ਜੀਵਨੀਆਂ ਪੈਦਾ ਹੁੰਦੀਆਂ ਹਨ। ਪ੍ਰੋ. ਗੁਰਦਿਆਲ ਸਿੰਘ ਨੇ ਵੀ ਆਪਣੇ ਪਾਠਕਾਂ ਦੇ ਇਹਨਾਂ ਸਵਾਲਾਂ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ। ਨਤੀਜੇ ਵਜੋਂ ਉਸਦੀ ਸਵੈ-ਜੀਵਨੀ ‘ਨਿਆਣ ਮੱਤੀਆਂ’ (1999) ਅਤੇ ‘ਦੂਜੀ ਦੇਹੀ’ (2000) ਦੋ ਭਾਗਾਂ ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। ਜਿਸ ਵਿੱਚ ਉਸਦੇ ਸੰਘਰਸ਼ਮਈ ਅਤੇ ਸਿਰੜੀ ਜੀਵਨ ਦਾ ਚਿੱਤਰ ਸਾਕਾਰ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਮਿਹਨਤ ਮਜ਼ਦੂਰੀ ਤੋਂ ਆਰੰਭ ਕਰਕੇ ਅਕਾਦਮਿਕਤਾ ਦੇ ਖੇਤਰ ਦੀ ਸਭ ਤੋਂ ਉਚੇਰੀ ਪਦਵੀ ਪ੍ਰੋਫੈਸਰ ਆਫ ਐਮੀਨੈਂਸ ਤੱਕ ਦਾ ਸਫਰ ਤੈਅ ਕਰਦੇ ਹਨ। ਸਿਰਜਣਾਤਮਕ ਪੱਖਾਂ/ਪਹਿਲੂਆਂ ਦਾ ਜ਼ਿਕਰ ਉਹਨਾਂ ਦੀਆਂ ਦੋ ਪੁਸਤਕਾਂ ‘ਲੇਖਕ ਦਾ ਅਨੁਭਵ ਤੇ ਸਿਰਜਣ-ਪਰਕਿਰਿਆ’ (1995) ਅਤੇ ‘ਜੀਵਨ ਤੇ ਸਾਹਿਤ’ (2005) ਵਿੱਚ ਵਿਤਸਾਰ ਨਾਲ ਕੀਤਾ ਗਿਆ ਹੈ। ਭਾਵੇਂ ਵਿਧਾ ਦੇ ਤੌਰ ’ਤੇ ਇਹ ਦੋਵੇਂ ਪੁਸਤਕਾਂ ਖੋਜ-ਪ੍ਰਾਜੈਕਟਾਂ ਨਾਲ ਸਰੋਕਾਰ ਰੱਖਦੀਆਂ ਹਨ ਪਰ ਇਹਨਾਂ ਵਿਚਲੀ ਵਿਸ਼ਾ-ਸਮਗਰੀ ਲੇਖਕ ਦੀ ਸਾਹਿਤਕ ਸਵੈ-ਜੀਵਨੀ ਦਾ ਹੀ ਭੁਲੇਖਾ ਸਿਰਜਦੀ ਹੈ ਕਿਉਂਕਿ ਦੋਨਾਂ ਹੀ ਪੁਸਤਕਾਂ ਵਿੱਚ ਲੇਖਕ ਨੇ ਆਪਣੇ ਸਾਹਿਤ ਰਚਣ ਦੇ ਮਨੋਰਥ ਅਤੇ ਸਾਹਿਤਕ ਸਿਰਜਣ ਪ੍ਰਕਿਰਿਆ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਇਸ ਲਈ ਅਸੀਂ ਇਹਨਾਂ ਪੁਸਤਕਾਂ ਨੂੰ ਸਾਹਿਤਕ ਸਵੈ-ਜੀਵਨੀ ਦੇ ਘੇਰੇ ਵਿੱਚ ਵੀ ਰੱਖ ਸਕਦੇ ਹਾਂ। ਇਸਦਾ ਮੂਲ ਕਾਰਨ ਇਹ ਹੈ ਕਿ ਇਹਨਾਂ ਨਿਬੰਧਾਂ ਦੀ ਸ਼ੈਲੀ ਵਿਸ਼ਲੇਸ਼ਣੀ ਨਹੀਂ, ਵਰਣਨੀ ਹੈ। ਭਾਵੇਂ ਇਹਨਾਂ ਦਾ ਮੂਲ ਵਿਸ਼ਾ ਖੋਜ ਦੇ ਵਿਸ਼ੇ ਨਾਲ ਸਰੋਕਾਰ ਰੱਖਦਾ ਹੈ ਪਰ ਉਹਨਾਂ ਉੱਪਰ ਖੋਜ ਵਿਧੀ ਵਾਲੀ ਨਿਯਮਾਵਲੀ ਇਕਸਾਰਤਾ ਨਾਲ ਲਾਗੂ ਨਹੀਂ ਹੁੰਦੀ। ਇਹ ਗੱਲ ਵੱਖਰੀ ਹੈ ਕਿ ਲੇਖਕ ਦੁਆਰਾ ਚੁਣੇ ਗਏ ਵਿਸ਼ਾ ਦਾ ਖੇਤਰ ਨਿਸ਼ਚੇ ਹੀ ਵਿਸ਼ਾਲ ਅਤੇ ਵਿਸਾਹ ਹੈ। ਇਸ ਲਈ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਵਿਸ਼ਵ ਪ੍ਰਸਿੱਧ ਚਿੰਤਕਾਂ ਅਤੇ ਲੇਖਕਾਂ ਦੇ ਹਵਾਲੇ ਥਾਂ ਪਰ ਥਾਂ ਦਰਜ ਕਰਦਾ ਹੈ। ਜਿਹਨਾਂ ਵਿੱਚੋਂ ਜੀ. ਪਲੈਖਾਨੋਵ, ਮੈਕਸਿਮ ਗੋਰਕੀ, ਏ. ਪੀ ਚੈਖਵ, ਐੱਫ਼. ਐੱਮ. ਦਾਸਤੋਵਸਕੀ, ਐੱਮ. ਖਰੈਪਚੈਂਕੋ, ਸਟੀਅਨਬੈਕ, ਮੁਨਸ਼ੀ ਪ੍ਰੇਮ ਚੰਦ, ਨਾਨਕ ਸਿੰਘ ਆਦਿ ਪ੍ਰਮੁੱਖ ਹਨ। ਪ੍ਰੋ. ਗੁਰਦਿਆਲ ਸਿੰਘ ਆਪਣੀ ਵਿਚਾਰ ਅਧੀਨ ਵਿਸ਼ੇ ਨੂੰ ਬਾਦਲੀਲ, ਪ੍ਰਮਾਣਿਕ ਅਤੇ ਰੌਚਕ ਬਣਾਉਣ ਲਈ ਇਹਨਾਂ ਲੇਖਕਾਂ ਦੀਆਂ ਸਾਹਿਤ ਤੇ ਸਮਾਜ ਬਾਰੇ ਸਥਾਪਨਾਵਾਂ ਅਤੇ ਸਿਰਜਣਾਤਮਕ ਸਰੋਕਾਰਾਂ ਦੇ ਵਿਭਿੰਨ ਹਾਲ-ਹਵਾਲਿਆਂ ਦੀ ਵਰਤੋਂ ਸੁਚੇਤ ਹੋ ਕਰਦੇ ਹਨ।

ਹਥਲੇ ਅਧਿਐਨ ਲਈ ਚੁਣੀਆਂ ਗਈਆਂ ਪੁਸਤਕਾਂ ‘ਲੇਖਕ ਦਾ ਅਨੁਭਵ ਤੇ ਸਿਰਜਣ-ਪਰਕਿਰਿਆ’ ਅਤੇ ‘ਜੀਵਨ ਤੇ ਸਾਹਿਤ’ ਦਾ ਪ੍ਰਥਮ ਸਰੋਕਾਰ ਵੀ ਸਿਰਜਣਾਤਮਕ ਸਰੋਕਾਰਾਂ ਦੇ ਵਿਭਿੰਨ ਪਰਿਪੇਖਾਂ ਨਾਲ ਜਾ ਜੁੜਦਾ ਹੈ। ਇਸੇ ਕਰਕੇ ਨਿਬੰਧਾਂ ਦੀ ਕੇਂਦਰੀ ਸੁਰ ਸਿਰਜਣਾਤਮਕ ਪ੍ਰਕਿਰਿਆ ਦੇ ਰਹੱਸਾਂ ਨੂੰ ਖੋਲ੍ਹਣ ਦੀ ਹੈ ਪਰ ਇਸ ਕਾਰਜ ਪੂਰਤੀ ਲਈ ਕਿਧਰੇ ਵੀ ਕਰੜੇ ਤੇ ਕਠੋਰ ਸਿਧਾਂਤਕ ਨਿਯਮਾਂ ਨੂੰ ਨਸ਼ਰ ਨਹੀਂ ਕੀਤਾ ਗਿਆ, ਸਗੋਂ ਸਿਰਜਣਾਤਮਕ ਪ੍ਰਕਿਰਿਆ ਨੂੰ ਅਮਲੀ ਅਤੇ ਵਿਹਾਰਕ ਰੂਪ ਸਪਸ਼ਟ ਕਰਨ ਲਈ ਅਨੇਕਾਂ ਉਦਾਹਰਨਾਂ ਪ੍ਰੋ. ਗੁਰਦਿਆਲ ਸਿੰਘ ਆਪਣੇ ਨਿੱਜੀ ਅਨੁਭਵ ਦੇ ਆਧਾਰ ’ਤੇ ਬਿਆਨ ਕਰਦੇ ਹਨ ਅਤੇ ਨਾਲੋਂ ਨਾਲ ਮਨੁੱਖੀ ਚਿੰਤਨ ਦੇ ਵਿਕਾਸ ਪੜਾਵਾਂ ਨੂੰ ਰੇਖਾਂਕਿਤ ਵੀ ਕਰਦੇ ਹਨ। ਭਾਵੇਂ ਪਹਿਲੀ ਪੁਸਤਕ ‘ਲੇਖਕ ਦਾ ਅਨੁਭਵ ਤੇ ਸਿਰਜਣ-ਪਰਕਿਰਿਆ’ ਮੂਲ ਰੂਪ ਵਿੱਚ ਪ੍ਰੋ. ਗੁਰਦਿਆਲ ਸਿੰਘ ਦੇ ਸੇਵਾ ਮੁਕਤ ਹੋਣ ਉਪਰੰਤ ਕੀਤਾ ‘ਖੋਜ-ਕਾਰਜ’ ਹੈ, ਜਿਹੜਾ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਿਆ ਹੈ ਜਦੋਂ ਯੂਨੀਵਰਸਿਟੀ ਨੇ ਲੇਖਕ ਦੇ ਸੇਵਾ ਕਾਲ ਵਿੱਚ ਦੋ ਸਾਲ ਦਾ ਵਾਧਾ ਦਰਜ਼ ਕੀਤਾ ਸੀ। ਪਰ ਵਿੱਚ ਨਿੱਜੀ ਜੀਵਨ ਵਿੱਚੋਂ ਪ੍ਰਸਤੁਤ ਉਦਾਹਰਨਾਂ ਕਾਰਨ ਇਹ ਵਿਧੀ ਖੋਜ-ਕਾਰਜ ਦੇ ਪ੍ਰਵਾਨਿਤ ਪੈਟਰਨ ਵਿੱਚ ਨਹੀਂ ਢਲਦੀ, ਸਗੋਂ ਉਸ ਤੋਂ ਅੱਡਰੇ ਪਰ ਨਿੱਖੜਵੇਂ ਅਤੇ ਨਿੱਤਰੇ ਰੂਪ ਵਿੱਚ ਸਾਕਾਰ ਹੋ ਜਾਂਦੀ ਹੈ ਜਿਸ ਵਿੱਚ ਲੇਖਕ ‘ਮਨੁੱਖੀ ਅਨੁਭਵ: ਸਰੂਪ ਅਤੇ ਸਰੋਤ’, ‘ਕਲਾ ਸਿਰਜਣਾ ਦੀਆਂ ਸਮੱਸਿਆਵਾਂ’, ‘ਅਨੁਭਵ ਤੇ ਰਚਨਾ-ਪਰਕਿਰਿਆ’ ਅਤੇ ‘ਗਲਪ-ਦ੍ਰਿਸ਼ਟੀ ਤੇ ਸਿਰਜਣ-ਪਰਕਿਰਿਆ’ ਦੇ ਸਿਰਲੇਖਾਂ ਰਾਹੀਂ ਲੇਖਕ ਦੇ ਅਨੁਭਵ ਅਤੇ ਸਿਰਜਣ-ਪਰਕਿਰਿਆ ਦੀਆਂ ਉਹਨਾਂ ਮਹੀਨ ਪਰਤਾਂ ਦਾ ਉਲੇਖ ਕਰਦਾ ਹੈ; ਜਿਹਨਾਂ ਰਾਹੀਂ ਕੋਈ ਸੰਵੇਦਨਸ਼ੀਲ ਮਨੁੱਖ ਸਮਾਜ ਵਿਚਰਦਿਆਂ ਹੋਇਆ ਕਲਾ ਰਾਹੀਂ ਅਤੇ ਵਿਸ਼ੇਸ਼ ਕਰਕੇ ਸਾਹਿਤ ਰਾਹੀਂ ਤਤਕਾਲੀ, ਸਮਕਾਲੀ ਅਤੇ ਭਵਿੱਖਕਾਲੀ ਚਣੌਤੀਆਂ ਨੂੰ ਗਲਪ ਰਚਨਾ ਦੇ ਮਾਧਿਅਮ ਰਾਹੀਂ ਮੁਖਾਤਿਬ ਹੁੰਦਾ ਹੈ। ਇਸੇ ਤਰ੍ਹਾਂ ਦੂਜੀ ਪੁਸਤਕ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਆਫ ਐਮੀਨੈਂਟਸ ਦੀ ਉਪਾਧੀ ਦੇ ਕਾਰਜ ਕਾਲ ਦੌਰਾਨ ‘ਜੀਵਨ ਤੇ ਸਾਹਿਤ’ ਨਾਮੀ ਪ੍ਰੋਜੈਕਟ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।

ਪ੍ਰੋ. ਗੁਰਦਿਆਲ ਸਿੰਘ ਦਾ ਮਤ ਹੈ ਕਿ ਅਨੁਭਵ ਨਿਰੋਲ ਨਿੱਜੀ ਗਿਆਨ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਇਸ ਨੂੰ ਜੀਵਨ ਦੇ ਹਰ ਨਿੱਕੇ ਤੋਂ ਨਿੱਕੇ ਪੱਖ ਵਿੱਚੋਂ ਤਲਾਸ਼ਿਆ ਜਾ ਸਕਦਾ ਹੈ। ਉਹਨਾਂ ਦਾ ਮਤ ਹੈ ਕਿ ਮਨੁੱਖੀ ਰਿਸ਼ਤਿਆਂ, ਸਮਾਜਕ ਦਬਾਵਾਂ, ਖ਼ਿਆਲਾਂ, ਰਸਮਾਂ ਰਿਵਾਜ਼ਾਂ ਲੜਾਈ-ਝਗੜਿਆਂ, ਬੰਧਨਾਂ ਖੁੱਲ੍ਹਾਂ ਆਦਿ ਦੀਆਂ ਭਾਵਨਾਵਾਂ ਰਾਹੀਂ ਜਿਹੜੇ ਵੀ ਵਿਚਾਰਾਂ ਦਾ ਨਿਰਮਾਣ ਹੁੰਦਾ ਹੈ ਉਹ ਸਭ ਕੁਝ ਸਾਡੇ ਅਨੁਭਵ ਦੇ ਘੇਰੇ ਵਿੱਚ ਹੀ ਸ਼ਾਮਲ ਹੁੰਦਾ ਹੈ। ਇੱਕ ਸੰਵੇਦਨਸ਼ੀਲ ਲੇਖਕ ਇਹਨਾਂ ਸਮੁੱਚੀਆਂ ਕਿਰਿਆਵਾਂ/ਪ੍ਰਤਿਕਿਰਿਆਵਾਂ ਬਾਰੇ ਜਿਹੜਾ ਪ੍ਰਤਿਕਰਮ ਗਲਪੀ ਰੂਪ ਵਿੱਚ ਦਿੰਦਾ ਹੈ ਉਹ ਹੀ ਲੇਖਕ ਦੀ ਸਿਰਜਣ ਪ੍ਰਕਿਰਿਆ ਦਾ ਆਧਾਰ ਬਣਦਾ ਹੈ। ਉਹਨਾਂ ਦਾ ਮਤ ਹੈ ਕਿ ਗਲਪ ਰਚਨਾ ਰਾਹੀਂ ਕੋਈ ਲੇਖਕ ਸਮਾਜਿਕ ਜੀਵਨ ਨੂੰ ਚਿਤਰਦਿਆਂ ਆਪਣੇ ਨਿੱਜੀ ਅਨੁਭਵ ਨੂੰ ਹੀ ਨਹੀਂ ਉਲੀਕ ਰਿਹਾ ਹੁੰਦਾ, ਸਗੋਂ ਸਰਵਜਨਿਕ ਜੀਵਨ-ਮੁੱਲਾਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਵੀ ਪ੍ਰਸਤੁਤ ਕਰ ਰਿਹਾ ਹੁੰਦਾ ਹੈ। ਇਸ ਲਈ ਕਿਸੇ ਲੇਖਕ ਦੇ ਨਿੱਜੀ ਵਿਅਕਤੀਤਵ ਨੂੰ ਕਿਸੇ ਗਲਪ ਰਚਨਾ ਵਿੱਚੋਂ ਲੱਭਣਾ ਅਸਲੋਂ ਹੀ ਉਦੇਸ਼ਹੀਣ ਕਾਰਜ ਹੈ ਕਿਉਂਕਿ ਵਿਅਕਤੀ ਵਿਸ਼ੇਸ਼ ਦਾ ਅਨੁਭਵ ਵੀ ਸਮਾਜਕ ਹੁੰਦਾ ਹੋਇਆ ਸਮੁੱਚੇ ਸਮਾਜਕ ਪ੍ਰਬੰਧ ਵਿੱਚ ਹੀ ਸੰਚਾਲਿਕ ਹੁੰਦਾ ਹੈ ਅਤੇ ਸਾਹਿਤ ਰਚਨਾ ਰਾਹੀਂ ਉਸੇ ਸਮਾਜਕ ਪ੍ਰਬੰਧ ਦਾ ਹੀ ਪ੍ਰਤਿਰੂਪ ਸਾਕਾਰ ਕੀਤਾ ਜਾਂਦਾ ਹੈ।

ਇਹ ਨਿਰਣਾ ਕਰਨਾ ਕਿ ਕਿਸੇ ਗਲਪੀ ਜਗਤ ਰਾਹੀਂ ਲੇਖਕ ਦਾ ਨਿੱਜੀ ਅਨੁਭਵ ਹੀ ਪ੍ਰਸਤੁਤ ਹੋ ਰਿਹਾ ਹੈ, ਪੂਰਨ ਤੌਰ ’ਤੇ ਗ਼ਲਤ ਧਾਰਨਾ ਪ੍ਰਚਲਨ ਹੈ। ਪ੍ਰੋ. ਗੁਰਦਿਆਲ ਸਿੰਘ ਇਸ ਨਿਖੇੜ ਨੂੰ ਸਪਸ਼ਟ ਕਰਨ ਲਈ ਬੁੱਤਕਾਰ ਅਤੇ ਬੁੱਤ ਦੀ ਉਦਾਹਰਨ ਦਿੰਦੇ ਹਨ। ਉਹਨਾਂ ਦੇ ਸ਼ਬਦਾਂ ਵਿੱਚ, ‘ਉਹਦੀ (ਲੇਖਕ ਦੀ) ਕਿਸੇ ਰਚਨਾ ਨੂੰ ਨਿਰਾ ਉਹਦੇ ਨਿੱਜੀ ਜੀਵਨ ਦਾ ਪ੍ਰਤੀਬਿੰਬ ਮੰਨ ਲੈਣਾ ਉਂਜ ਹੀ ਗ਼ਲਤ ਹੈ, ਜਿਵੇਂ ਕਿਸੇ ਬੁੱਤ ਦੀ ਸ਼ਕਲ ਨਾਲ ਬੁੱਤਕਾਰ ਦੀ ਸ਼ਕਲ ਨੂੰ ਮੇਲਣ ਦਾ ਯਤਨ ਕਰਨਾ।’ (1995:7) ਨਿਰਸੰਦੇਹ ਇਸ ਮਿਸਾਲ ਰਾਹੀਂ ਜਿੱਥੇ ਰਚਨਾਕਾਰ ਅਤੇ ਰਚਨਾ ਵਿੱਚ ਨਿਖੇੜ ਸਥਾਪਤ ਕਰਦੀ ਹੈ, ਉੱਥੇ ਇਸ ਧਾਰਨਾ ਪ੍ਰਤਿ ਲੇਖਕ ਦੀ ਸਪਸ਼ਟ ਦ੍ਰਿਸ਼ਟੀ ਦਾ ਵੀ ਪਤਾ ਚਲਦਾ ਹੈ ਕਿ ਪ੍ਰੋ. ਗੁਰਦਿਆਲ ਸਿੰਘ ਕਿੰਨੀ ਬਰੀਕ ਬਾਨੀ ਨਾਲ ਇਹ ਸਪਸ਼ਟ ਕਰਨ ਵਿੱਚ ਸਫਲ ਹੁੰਦੇ ਹਨ ਕਿ ਰਚਨਾ ਅਤੇ ਰਚਨਾਕਾਰ ਵਿੱਚ ਕੀ ਅੰਤਰ ਹੈ। ਅਸਲ ਵਿੱਚ ਕਿਸੇ ਰਚਨਾ ਵਿਚਲਾ ਗਲਪ ਸੰਸਾਰ/ਪ੍ਰਸਤੁਤ ਜੀਵਨ ਲੇਖਕ ਦੀ ਦ੍ਰਿਸ਼ਟੀਗਤ ਵਿਲੱਖਣਤਾ ਵਿੱਚੋਂ ਸਾਕਾਰ ਰੂਪ ਧਾਰਨ ਕਰਦਾ ਹੈ ਕਿਉਂਕਿ ਇਸ ਵਿੱਚ ਯਥਾਰਥ ਦੀ ਪੁਨਰ ਪ੍ਰਸਤੁਤੀ ਰਾਹੀਂ ਦਾਰਸ਼ਨਿਕ, ਧਾਰਮਿਕ ਤੇ ਰਾਜਨੀਤਿਕ ਵਿਚਾਰਾਂ ਤੇ ਜੀਵਨ ਮੁੱਲਾਂ ਦੇ ਸਭਿਆਚਾਰਕ ਆਧਾਰਾਂ ਦਾ ਜਿਹੜਾ ਦ੍ਰਿਸ਼ ਚਿਤਰਿਆ ਜਾਂਦਾ ਹੈ, ਉਹ ਭਾਵੇਂ ਲੇਖਕ ਦੇ ਅਨੁਭਵ ਦਾ ਹੀ ਪ੍ਰਗਟਾਵਾ ਹੁੰਦਾ ਹੈ ਪ੍ਰੰਤੂ ਇਸ ਵਿੱਚ ਲੇਖਕ ਦੀ ਸਿਰਜਣਾਤਮਕ ਪ੍ਰਤਿਭਾ ਵੀ ਸ਼ਾਮਲ ਹੁੰਦੀ ਹੈ। ਕਿਉਂਕਿ ਪ੍ਰੋ ਗੁਰਦਿਆਲ ਸਿੰਘ ਦਾ ਮੰਨਣਾ ਹੈ ਕਿ ‘ਮਨੁੱਖ ਦੀਆਂ ਸਮਾਜਿਕ ਕਿਰਿਆਵਾਂ ਤੇ ਉਹਦੇ ਚਿੰਤਨ (ਸਿਧਾਂਤਾਂ, ਵਿਚਾਰਾਂ, ਦ੍ਰਿਸ਼ਟੀਕੋਣਾਂ) ਦਾ ਰਿਸ਼ਤਾ ਦਵੰਦਾਤਮਿਕ ਹੀ ਹੋ ਸਕਦਾ ਹੈ, ਇੱਕ-ਪਾਸੜ ਨਹੀਂ।’ (1995:19) ਇਸ ਲਈ ਕੋਈ ਰਚਨਾ ਕਿਸੇ ਲੇਖਕ ਦੇ ਨਿੱਜੀ ਜੀਵਨ ਨੂੰ ਪੁਨਰ ਪ੍ਰਸਤੁਤ ਨਹੀਂ ਕਰਦੀ, ਸਗੋਂ ਉਸਦੇ ਜੀਵਨ ਦ੍ਰਿਸ਼ਟੀ ਨੂੰ ਅਤੇ ਉਸਦੇ ਵਿਅਤਕਤੀਤਵ ਦੀ ਸਮੁੱਚਤਾ ਨੂੰ ਗਲਪੀ ਜਗਤ ਰਾਹੀਂ ਪ੍ਰਸਤੁਤ ਕਰਦੀ ਹੈ। ਜਿਸ ਵਿੱਚ ਉਸਦਾ ਨਿੱਜੀ ਅਨੁਭਵ ਵੀ ਸ਼ਾਮਲ ਹੁੰਦਾ ਹੈ ਅਤੇ ਸਮਾਜਕ ਅਨੁਭਵ ਵੀ ਸ਼ਾਮਲ ਹੁੰਦਾ ਹੈ। ਪ੍ਰੋ. ਗੁਰਦਿਆਲ ਸਿੰਘ ਵਾਸਤਵ ਵਿੱਚ ਲੇਖਕ ਦਾ ਅਨੁਭਵ ਅਤੇ ਸਿਰਜਣ-ਪਰਕਿਰਿਆ ਰਾਹੀਂ ਇਹ ਦ੍ਰਿੜ੍ਹ ਕਰਵਾਉਣ ਦਾ ਉਪਰਾਲਾ ਕਰਦੇ ਹਨ ਕਿ ਲੇਖਕ ਦਾ ਅਨੁਭਵ ਸਮਾਜਕ ਅਨੁਭਵ ਦੀ ਹੀ ਇੱਕ ਸ਼ਾਖਾ ਹੈ। ਉਹ ਇਸ ਗੱਲ ਦੀ ਪ੍ਰਮਾਣਿਤਾ ਲਈ ਅਨੇਕਾਂ ਉਦਾਹਰਨਾਂ ਪ੍ਰਸਤੁਤ ਕਰਦੇ ਹਨ ਜਿਸ ਵਿੱਚ ਉਹ ਹੋਰ ਲੇਖਕਾਂ ਦੇ ਅਨੁਭਵ ਅਤੇ ਵਿਚਾਰਾਂ ਦਾ ਉਲੇਖ ਵੀ ਕਰਦੇ ਹਨ ਪਰ ਇੱਥੇ ਅਸੀਂ ਉਹਨਾਂ ਦੇ ਨਿੱਜੀ ਅਨੁਭਵ ਦੇ ਆਧਾਰ ’ਤੇ ਕੇਵਲ ਇੱਕ ਵਾਕ ਨੂੰ ਹੀ ਦੁਹਰਾਉਣਾ ਚਾਹੁੰਦੇ ਹਾਂ, ਜਿਹੜਾ ਉਹਨਾਂ ਨੇ ਆਪਣੇ ਮਾਮੇ ਕਰਤਾਰ ਸਿੰਘ ਨੂੰ ਕਿਹਾ ਸੀ ਕਿ ‘ਜਿਸ ਬੰਦੇ ਨੂੰ ਜਿੰਨਾ ਵੀ ਚੰਗਾ ਮਕਾਨ ਤੇ ਪਹਿਨਣ-ਖਾਣ ਨੂੰ ਮਿਲੇ, ਉੰਨਾ ਹੀ ਚੰਗਾ ਉਹਦਾ ਜੀਵਨ ਹੁੰਦਾ ਹੈ। ’( 1995:23) ਇਸ ਵਾਕ ਦਾ ਸਿਰਜਣ-ਪਿਛੋਕੜ ਲੇਖਕ ਦੇ ਸਵੈ-ਅਨੁਭਵ ਦਾ ਹਾਸਲ ਹੈ। ਲੇਖਕ ਦੁਆਰਾ ਕੀਤੀ ਕਰੜੀ ਮਿਹਨਤ, ਤੰਗੀ-ਤੁਰਸ਼ੀ ਤੇ ਪੜ੍ਹਾਈ ਛੱਡਣ ਦੀਆਂ ਮਜਬੂਰੀਆਂ ਨੇ ਉਸ ਦੀ ਮਨੋ ਸਥਿਤੀ ਅਜਿਹੀ ਬਣਾ ਦਿੱਤੀ ਸੀ ਕਿ ਉਹ ਸਮਾਜ ਵਿਚਲੇ ਪਾੜੇ ਨੂੰ ਸਹਿਜੇ ਹੀ ਸਮਝਣ ਦੇ ਸਮਰੱਥ ਹੋ ਗਿਆ ਸੀ। ਭਾਵੇਂ ਇਹ ਉਸਦਾ ਨਿੱਜੀ ਅਨੁਭਵ ਸੀ ਪਰ ਇਸ ਨੇ ਸ਼੍ਰੇਣਿਕ ਚੇਤਨਾ ਅਤੇ ਸ਼੍ਰੇਣਿਕ ਸੀਮਾਵਾਂ ਦਾ ਬੋਧ ਲੇਖਕ ਨੂੰ ਛੋਟੀ ਉਮਰ ਵਿੱਚ ਹੀ ਕਰਵਾ ਦਿੱਤੀ ਸੀ, ਜਿਸ ਤੋਂ ਲੇਖਕ ਦੇ ਸਿਰਜਣਾਤਮਕ ਆਪੇ ਦਾ ਵੀ ਪਤਾ ਚਲਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਸ ਦਾ ਮਾਮਾ ਲੇਖਕ ਨੂੰ ਆਪਣੇ ਅੰਤਲੇ ਸਾਹਾਂ ਤੱਕ ‘ਸਿਆਣਾ ਭਾਣਜਾ’ (1995:23) ਸੱਦਦਾ ਰਿਹਾ ਸੀ।

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਜਾਪਦਾ ਹੈ ਕਿ ਲੇਖਕ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਉਹਨਾਂ ਸਮੱਸਿਆਵਾਂ ਦਾ ਹੀ ਗਲਪੀਕਰਨ ਕੀਤਾ ਹੈ ਜਿਹਨਾਂ ਦਾ ਸਰੋਕਾਰ ਸਿੱਧਾ ਸਾਡੇ ਵਿਹਾਰਕ ਜੀਵਨ ਨਾਲ ਜੁੜਿਆ ਹੋਇਆ ਹੈ। ਭਾਵੇਂ ਲੇਖਕ ਸਮੱਚੇ ਵਰਤਾਰੇ ਦੇ ਵਿਭਿੰਨ ਪੱਖਾਂ ਪਹਿਲੂਆਂ ਦੀ ਸੋਝੀ ਬਾਰੇ ਕੋਈ ਸਿੱਧੀ ਬੇਬਾਕ ਟਿੱਪਣੀ ਨਹੀਂ ਕਰਦਾ ਪਰ ਸਮੁੱਚੇ ਸਮਾਜਕ, ਆਰਥਿਕ ਅਤੇ ਸਿਆਸੀ ਵਰਤ ਵਰਤਾਰਿਆਂ ਤਹਿ ਵਿੱਚ ਕਾਰਜਸ਼ੀਲ ਨਿਯਮਾਵਲੀ ਪ੍ਰਤਿ ਲੇਖਕ ਬਹੁਤ ਸੁਚੇਤ ਰਹਿੰਦਾ ਹੈ। ਇਸ ਬਾਰੇ ਪ੍ਰੋ. ਗੁਰਦਿਆਲ ਸਿੰਘ ਦਾ ਮਤ ਹੈ ਕਿ (ਸਾਹਿਤ ਦਾ ਅਧਿਐਨ ਕਰਦਿਆਂ) ‘ਅਜਿਹੇ ਸਵਾਲਾਂ ਨਾਲ ਵੀ ਖੋਜਣ ਲੱਗ ਪਿਆ ਕਿ ਜ਼ਿੰਦਗੀ ਦਾ ਮਤਲਬ ਤੇ ਮਨੋਰਥ ਕੀ ਹੈ? ਕੀ ਬੰਦਾ ਖੋਤੇ ਵਾਂਗ ਸਾਰੀ ਉਮਰ ਭੱਠੇ ਦੀਆਂ ਇੱਟਾਂ ਢੋ ਕੇ ਮਰਨ ਲਈ ਹੀ ਆਉਂਦਾ ਹੈ?’ (2005:13) ਇਹ ਅਜਿਹੇ ਸਵਾਲ ਹਨ ਜਿਹਨਾਂ ਦਾ ਸਿੱਧਾ ਸਰੋਕਾਰ ਪ੍ਰੋ. ਗੁਰਦਿਆਲ ਸਿੰਘ ਦੀ ਗਲਪ ਦ੍ਰਿਸ਼ਟੀ ਨਾਲ ਵੀ ਜਾ ਜੁੜਦਾ ਹੈ ਅਤੇ ਜਿਹਨਾਂ ਦਾ ਉੱਤਰ ਲੱਭਣ ਲਈ ਉਸਦੇ ਵਿਲੱਖਣ ਤੇ ਵਿਕੋਲਿੱਤਰੇ ਪਾਤਰ, ਥਾਂ ਪਰ ਥਾਂ ਚੇਤਨਸ਼ੀਲ ਪਾਠਕਾਂ ਨੂੰ ਟੁੰਬਦੇ ਰਹਿੰਦੇ ਹਨ।

ਇਸੇ ਤਰ੍ਹਾਂ ਹੀ ਉਹਨਾਂ ਦੀ ਦੂਜੀ ਪੁਸਤਕ ਜੀਵਨ ਤੇ ਸਾਹਿਤ ਵੀ ਸਿਰਜਣਾਤਮਕ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖਦੀ ਹੈ। ਸਾਹਿਤ ਵਿੱਚ ਇਸ ਪੁਸਤਕ ਦੇ ਮਹੱਤਵ ਬਾਰੇ ਸੁਪ੍ਰਸਿੱਧ ਆਲੋਚਕ ਡਾ. ਧਨਵੰਤ ਕੌਰ ਦਾ ਮਤ ਹੈ ‘ਹਥਲੀ ਪੁਸਤਕ ‘ਜੀਵਨ ਤੇ ਸਾਹਿਤ’ ਵਾਸਤਵ ਵਿੱਚ ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਹੈ। ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਦੇ ਪਿਛੋਕੜ ਅਤੇ ਉਹਨਾਂ ਦੇ ਯਾਦਗਾਰੀ ਪਾਤਰਾਂ ਦੇ ਚਿਹਰੇ-ਮੋਹਰੇ ਇਸ ਰਚਨਾ ਵਿੱਚ ਇੱਕ ਪਰਿਪੇਖ ਬਣਦੇ ਹਨ। ਆਪਣੇ ਸਮਕਾਲੀ ਯਥਾਰਥ ਨੂੰ ਆਪਣੀ ਵਿਅਕਤੀਗਤ ਪ੍ਰਤਿਭਾ ਨਾਲ ਉਹਨਾਂ ਨੇ ਇਸ ਤਰ੍ਹਾਂ ਪ੍ਰਤੱਖਿਆ ਕਿ ਉਹਨਾਂ ਦੇ ਗਲਪ ਵੇਰਵੇ ਇਤਿਹਾਸ ਦੇ ਵਾਪਰਨ ਵਾਲੇ ਵਰਤਾਰਿਆਂ ਦੀ ਭਰਪੂਰ ਸੋਝੀ ਪ੍ਰਦਾਨ ਕਰਦੇ ਹਨ। ... ਬਾਹਰੀ ਰੂਪ ਵਿੱਚ ਭਾਵੇਂ ਇਹ ਪੁਸਤਕ ਪ੍ਰੋ. ਗੁਰਦਿਆਲ ਸਿੰਘ ਦੀ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਜਾਪੇ ਪਰ ਇਸਦੇ ਅੰਦਰੂਨੀ ਹਵਾਲੇ ਜ਼ਿੰਦਗੀ ਦੇ ਮਾਨਵੀ-ਅਮਾਨਵੀ ਵਰਤਾਰਿਆਂ, ਸਮਾਜ ਦੀ ਮਾਨਸਿਕਤਾ ਅਤੇ ਚਿੰਤਕ ਦੀ ਪ੍ਰਤਿਭਾ ਅਤੇ ਸਮਰੱਥਾ ਬਾਰੇ ਭਰਪੂਰ ਸੋਝੀ ਪ੍ਰਦਾਨ ਕਰਦੇ ਹਨ।’ (2005:7-8) ਇਸ ਪੁਸਤਕ ਵਿੱਚ ਕੁੱਲ ਬਾਰਾਂ ਨਿਬੰਧ ਹਨ ਜਿਸ ਵਿੱਚ ਮੜ੍ਹੀ ਦਾ ਦੀਵਾ, ਅਣਹੋਏ, ਆਥਣ ਉੱਗਣ, ਰੇਤ ਦੀ ਇੱਕ ਮੁੱਠ, ਕੁਵੇਲਾ ਅਤੇ ਪਰਸਾ ਨਾਵਲ ਦੇ ਵਿਭਿੰਨ ਸਿਰਜਣਾਤਮਕ ਪੱਖਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਹੈ।

ਉਪਰੋਕਤ ਦੋਹਾਂ ਪੁਸਤਕਾਂ ਦੇ ਨਿਬੰਧਾਂ ਵਿੱਚ ਕਿਧਰੇ ਇਤਿਹਾਸ ਮਿਥਿਹਾਸ ਦੀਆਂ ਪਰਤਾਂ ਦਾ ਜ਼ਿਕਰ ਹੈ, ਕਿਧਰੇ ਇਹਨਾਂ ਵਿੱਚ ਬੌਧਿਕ ਚਿੰਤਨ ਦਾ ਮੁਹਾਵਰਾ ਸਾਕਾਰ ਹੋਇਆ ਮਿਲਦਾ ਹੈ, ਕਿਧਰੇ ਪੰਜਾਬੀ ਸਭਿਆਚਰਕ ਅਤੇ ਵਿਹਾਰਕ ਜੀਵਨ ਦੀਆਂ ਅਨੇਕਾਂ ਰੀਤਾਂ ਤੇ ਰੂੜ੍ਹੀਆਂ ਦਾ ਉਲੇਖ ਹੈ, ਕਿਧਰੇ ਚੇਤਨੀ/ਅਵਚੇਤਨੀ ਸਾਰ ਸਰੋਕਾਰਾਂ ਉੱਪਰ ਚਿੰਤਨ ਮੰਥਨ ਹੈ, ਕਿਧਰੇ ਪੰਜਾਬੀ ਦੀ ਨਿਰੋਲ ਮਲਵਈ ਉਪਭਾਸ਼ਾ ਦੇ ਸ਼ਬਦਾਂ ਦਾ ਵਿਸਤਾਰ ਹੈ ਅਤੇ ਗੱਲ ਨੂੰ ਸੁਖਾਲੇ ਤਰੀਕੇ ਨਾਲ ਬਿਆਨ ਕਰਨ ਲਈ ਪੰਜਾਬੀ ਜੀਵਨ ਵਿੱਚੋਂ ਅਨੇਕਾਂ ਮਿਸਾਲਾਂ ਦੇ ਕੇ ਵਿਸ਼ੇ ਨੂੰ ਸਮਝਣਯੋਗ ਬਣਾਇਆ ਗਿਆ ਹੈ। ਪ੍ਰੋ. ਗੁਰਦਿਆਲ ਸਿੰਘ ਦੀ ਇਹ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਸਗਲੇ ਸਾਰ-ਸਰੋਕਾਰਾਂ ਨੂੰ ਵਿਸ਼ਲੇਸ਼ਣੀ ਸੁਰ ਵਿੱਚ ਨਹੀਂ ਬਿਆਨਦੇ, ਸਗੋਂ ਸਰਲ ਸੁਗਮ ਭਾਸ਼ਾ ਤੇ ਖਾਸ ਕਰਕੇ ਪੰਜਾਬੀ ਜੀਵਨ ਜਾਚ ਦੇ ਨੇੜਲੇ ਅਨੁਭਵ ਦੀ ਭਾਸ਼ਾ ਰਾਹੀਂ ਬਿਆਨਦੇ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਲੇਖਕ ਆਪਣੇ ਅਨੁਭਵਾਂ ਨੂੰ ਪੰਜਾਬੀ ਜ਼ੁਬਾਨ ਦੇ ਪਾਠਕਾਂ ਨੂੰ ਧਿਆਨ ਵਿੱਚ ਰੱਖ ਕੇ ਬਿਆਨਦਾ ਹੈ। ਇਸ ਕਥਨ ਨੂੰ ਵਿਹਾਰਕ ਰੂਪ ਵਿੱਚ ਪ੍ਰਮਾਣਿਕ ਬਣਾਉਣ ਲਈ ਅਸੀਂ ਨਿਮਨ ਲਿਖਿਤ ਪੈਰੇ ਦੀ ਭਾਸ਼ਾ ਸ਼ੈਲੀ ਨੂੰ ਵਿਚਾਰ ਸਕਦੇ ਹਾਂ ਜਿਸ ਵਿੱਚ ਨਿੱਜੀ ਅਨੁਭਵ ਦੇ ਨਾਲ ਨਾਲ ਸਿਰਜਣ ਪ੍ਰਕਿਰਿਆ ਸਮੇਂ ਸਮਾਜਕ ਯਥਾਰਥ ਨੂੰ ਵੀ ਅੱਖੋਂ ਉਹਲੇ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ:

ਆਪਣਾ ਅੰਦਰ’ ਤਾਂ ਕੁਝ ਸ਼ਾਇਦ ਹੁੰਦਾ ਹੀ ਨਹੀਂ। ਜੰਮਣ ਤੋਂ ਲੈ ਕੇ ਸਾਰੀ ਉਮਰ ਜੋ ਕੁਝ ਬਾਹਰਲੇ ਸੰਸਾਰ ਦੇ ਪ੍ਰਭਾਵਾਂ ਅਧੀਨ ਕੰਡਿਆਂ, ਛਿਲਤਰਾਂ, ਸੂਲਾਂ ਜਾਂ ਫਿਰ ਕਦੇ-ਕਦਾਈ ਕੋਮਲ ਗੰਦਲਾਂ, ਸਰ੍ਹੋਂ ਦੇ ਫੁੱਲ ਤੇ ਪੀਲਾਂ ਆਦਿ ਤੇ ਹੋਰ ਪਤਾ ਨਹੀਂ ਸੰਸਾਰ ਦੀਆਂ ਕਿਹੋ ਜਿਹੀਆਂ ਵਸਤਾਂ ਤੇ ਵਰਤਾਰਿਆਂ ਨਾਲ ਅੰਦਰ ਭਰਿਆ ਹੁੰਦਾ ਹੈ, ਉਹ ਵੀ ਤਾਂ ਬਾਹਰ ਆਉਂਦਾ ਹੈ। ... ਜਿਸ ਨੇ ਕਦੇ ਕੰਡੇ ਦੀ ਪੀੜ ਨਹੀਂ ਸਹਾਰੀ ਉਹ ਗਿੱਟੇ-ਗੋਡੇ ਛਿਲਵਾ ਕੇ ਮੁੜ ਉੱਠਣ ਜੋਗਾ ਵੀ ਨਹੀਂ ਰਹਿੰਦਾ। ਜਦ ਤੱਕ ਸਭ ਕੁਝ ਝੱਲ ਕੇ ਪੈਰਾਂ ਤੋਂ ਸਿਰ ਤਕ ਵਾਲ ਵਾਲ ਜ਼ਿੰਦਗੀ ਦੀਆਂ ਸੂਲਾਂ ਨਾਲ ਪੱਛਿਆ ਨਾ ਹੋਵੇ, ਉਦੋਂ ਤੱਕ ਦੂਜਿਆਂ ਦੇ ਪੈਰ ਵਿੱਚ ਖੁੱਭੀਆਂ ਸੂਲਾਂ ਦਾ ਕੀ ਅਹਿਸਾਸ ਹੋ ਸਕਦਾ ਹੈ। (2005:101)

ਇਸ ਪੈਰੇ ਵਿੱਚ ਆਏ ਸ਼ਬਦ ਕੰਡੇ, ਛਿਲਤਰਾਂ, ਸੂਲਾਂ, ਕੋਮਲ ਗੰਦਲਾਂ, ਸਰ੍ਹੋਂ ਦੇ ਫੁੱਲ ਤੇ ਪੀਲਾਂ ਆਦਿ ਦੀ ਸੂਝ ਸਮਝ ਪੰਜਾਬੀ ਜ਼ੁਬਾਨ ਦੇ ਹਰ ਪਾਠਕ ਨੂੰ ਚੰਗੀ ਤਰ੍ਹਾਂ ਹੈ। ਇਸ ਨਾਲ ਜਿੱਥੇ ਅਨੁਭਵ ਦੇ ਮਹੱਤਵ ਨੂੰ ਬਾਦਲੀਲ ਬਿਆਨਿਆ ਗਿਆ ਹੈ ਉੱਥੇ ਨਾਲ ਹੀ ਪ੍ਰੋ. ਗੁਰਦਿਆਲ ਸਿੰਘ ਦੀ ਪੰਜਾਬੀ ਜ਼ੁਬਾਨ ’ਤੇ ਪਕੜ ਅਤੇ ਇਸਦੀ ਢੁੱਕਵੀਂ ਵਰਤੋਂ ਕਰਨ ਦੀ ਜਾਚ ਦਾ ਵੀ ਪਤਾ ਚਲਦਾ ਹੈ ਕਿ ਉਹ ਕਿਸੇ ਗੱਲ ਨੂੰ ਕਿਵੇਂ ਸਰਲ ਭਾਸ਼ਾ ਵਿੱਚ ਸਮਝਾਉਣ ਦੀ ਸਮਰੱਥਾ ਰੱਖਦੇ ਸਨ ਕਿ ਉਹਨਾਂ ਦੀਆਂ ਲਿਖਤਾਂ ਵਿੱਚ ‘ਜ਼ਿੰਦਗੀ ਦੀਆਂ ਸੂਲਾਂ’ ਨਾਲ ਪੱਛੇ ਲੋਕਾਂ ਦਾ ਦਰਦ ਪ੍ਰਸਤੁਤ ਹੋਇਆ ਹੈ।

ਨਾਵਲਾਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਦਿਆਂ ਪ੍ਰੋ. ਗੁਰਦਿਆਲ ਸਿੰਘ ਕਹਿੰਦੇ ਹਨ ਕਿ ਉਹਨਾਂ ਦੀ ਪ੍ਰਵਰਿਸ਼ ਇੱਕ ਕਿਰਤੀ ਪਰਿਵਾਰ ਵਿੱਚ ਹੋਣ ਕਰਕੇ ਉਹਨਾਂ ਦਾ ਰੁਝਾਨ ਪਿੰਡ ਦੀਆਂ ਦਲਿਤ ਜਾਤੀਆਂ ਦੇ ਲੋਕਾਂ ਅਤੇ ਸਧਾਰਨ ਕਿਸਾਨਾਂ ਨਾਲ ਹੋਣ ਕਾਰਨ ਉਹਨਾਂ ਦੀਆਂ ਰਚਨਾਵਾਂ ਵਿੱਚ ਵੀ ਇਹਨਾਂ ਪਾਤਰਾਂ ਨਾਲ ਸੰਬੰਧਿਤ ਜੀਵਨ ਸੰਘਰਸ਼ਾਂ, ਲੋੜਾਂ-ਥੋੜ੍ਹਾਂ, ਵਿਸ਼ਵਾਸਾਂ ਅਤੇ ਉਹਨਾਂ ਦੇ ਵਿਅਕਤੀਤਵ ਦੀਆਂ ਅਨੇਕ ਮਹੀਨ ਪਰਤਾਂ ਦਾ ਗਲਪੀਕਰਨ ਵਧੇਰੇ ਹੋਇਆ ਹੈ। ਆਪਣੇ ਪਹਿਲੇ ਨਾਵਲ ਮੜ੍ਹੀ ਦਾ ਦੀਵਾ ਦੇ ਪਾਤਰਾਂ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ‘ਫਿਰ ਵੀ ਇੱਕ ਗੱਲ ਦੀ ਪੂਰੀ ਸਮਝ ਨਹੀਂ ਸੀ ਆਉਂਦੀ ਕਿ ਪਹਿਲਾ ਨਾਵਲ ਲਿਖਣ ਲਈ ਦਲਿਤ ਜਾਤੀ ਦੇ ਸੀਰੀ ਦੇ ਜੀਵਨ ਦੀ ਹੀ ਚੋਣ ਕਿਉਂ ਕੀਤੀ ਸੀ। ਇਸਦਾ ਕਾਰਨ ਤਾਂ ਉਦੋਂ ਵੀ ਠੀਕ-ਠੀਕ ਪਤਾ ਨਹੀਂ ਸੀ, ਪਰ ਜਾਪਦਾ ਸੀ ਕਿ ਨਿੱਜੀ ਅਨੁਭਵ ਕਾਰਨ ਹੀ ਸਮਾਜਿਕ ਤੇ ਲੋਕਾਂ ਦੇ ਨਿੱਜੀ ਜੀਵਨ ਬਾਰੇ ਜੋ ਦ੍ਰਿਸ਼ਟੀਕੋਣ ਬਣ ਚੁੱਕਿਆ ਸੀ, ਸ਼ਾਇਦ ਉਸੇ ਕਰਕੇ ਅਜਿਹੇ ਬੰਦਿਆਂ ਬਾਰੇ ਲਿਖਣ ਦਾ ਰੁਝਾਨ ਵੱਧ ਰਿਹਾ ਸੀ।’ (2005:24) ਇਸ ਹਵਾਲੇ ਨਾਲ ਇੱਥੇ ਲੇਖਕ ਦੀ ਗਲਪ ਦ੍ਰਿਸ਼ਟੀ ਬਾਰੇ ਇੱਕ ਗੱਲ ਕਰਨੀ ਲਾਜ਼ਮੀ ਜਾਪਦੀ ਹੈ ਕਿ ਨਿਕਟ ਅਨੁਭਵ ਕਾਰਨ ਭਾਵੇਂ ਲੇਖਕ ਨੂੰ ਦਲਿਤ ਤੇ ਦਮਿਤ ਸ਼੍ਰੇਣੀਆਂ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਸੀ ਜਿਹੜੀ ਉਸ ਦੇ ਅਨੁਭਵ ਦਾ ਵੀ ਅੰਗ ਸੀ ਪਰ ਫਿਰ ਵੀ ਉਹ ਇਸ ਸ਼੍ਰੇਣੀ ਦੇ ਪਾਤਰਾਂ ਜਾਂ ਹੋਰ ਪਾਤਰਾਂ ਦੇ ਉਹਨਾਂ ਨਾਲ ਸੰਬੰਧਾਂ ਦਾ ਗਲਪੀਕਰਨ ਕਰਨ ਸਮੇਂ ਉਸੇ ਵਿਹਾਰਕ ਤੇ ਵਾਸਤਵਿਕ ਜੀਵਨ ਨੂੰ ਕਹਾਣੀਆਂ ਜਾਂ ਨਾਵਲਾਂ ਵਿੱਚ ਨਹੀਂ ਸੀ ਢਾਲਦਾ ਸਗੋਂ ਉਹਨਾਂ ਦੀ ਪੇਸ਼ਕਾਰੀ ਸਮੇਂ ਵਿਸ਼ੇਸ਼ ਉਹਲਾ ਸਿਰਜ ਕੇ ਸਮਾਜਿਕ ਸੰਘਰਸ਼ਾਂ ਨੂੰ ਚਿਤਰਦਾ ਸੀ। ਮਿਸਾਲ ਦੇ ਤੌਰ ’ਤੇ ਲੇਖਕ ਆਪਣੇ ਚਰਚਿਤ ਨਾਵਲ ਮੜ੍ਹੀ ਦਾ ਦੀਵਾ (1964) ਦੇ ਪਾਤਰ ਰੌਣਕੀ ਮਹਿਰੇ ਵੱਲੋਂ ਨਾਵਲ ਦੇ ਨਾਇਕ ਜਗਸੀਰ ਦੇ ਹੱਥੋਂ ਕੌਲਾ ਖੋਹ ਕੇ ਰੌਣਕੀ ਮਹਿਰੇ ਵੱਲੋਂ ਆਪ ਮਾਂਜਣ ਦੀ ਘਟਨਾ ਦੀ ਸਿਰਜਣ-ਪ੍ਰਕਿਰਿਆ ਬਾਰੇ ਦੱਸਦਾ ਹੈ ਕਿ ਭਾਵੇਂ ਵਿਹਾਰਕ ਜੀਵਨ ਵਿੱਚ ਇਹ ਘਟਨਾ ਸੰਭਵ ਨਹੀਂ ਸੀ ਕਿਉਂਕਿ ਜਗਸੀਰ ਦੀ ਜਾਤ ਅਛੂਤ ਹੈ ਅਤੇ ਰੌਣਕੀ ਮਹਿਰਾ ਜਿਹੜਾ ਉੱਚ ਜਾਤੀ ਦੇ ਘਰਾਂ ਵਿੱਚ ਵੀ ਪਾਣੀ ਭਰਨ ਜਾਂਦਾ ਹੈ ਉਸ ਵੱਲੋਂ ਕੀਤਾ ਅਜਿਹਾ ਕਾਰਜ ਨਿਸ਼ਚੇ ਹੀ ਉਸ ਦੇ ਰੋਜ਼ਗਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹੈ। ਪਰ ਲੇਖਕ ਦੱਸਦਾ ਹੈ ਕਿ ‘ਜਿਸ ਰੂਪ ਵਿੱਚ ਉਸਨੂੰ (ਜਗਸੀਰ ਨੂੰ) ਨਾਵਲ ਵਿੱਚ ਪੇਸ਼ ਕੀਤਾ ਗਿਆ ਹੈ, ਉਹਦਾ ਮਨੋਰਥ ਇਹੋ ਸੀ ਕਿ ਭਾਰਤੀ ਸਮਾਜ ਦੇ ਹੱਡੀਂ ਰਚੀਆਂ ਅਨੇਕ ਸਭਿਆਚਾਰਕ, ਧਾਰਮਕ, ਇਤਿਹਾਸਕ ਕਮਜ਼ੋਰੀਆਂ ਦੀ ਚੇਤਨਾ ਪੈਦਾ ਹੋ ਸਕੇ।’ (2005:28) ਇਸ ਨਾਵਲ ਦੇ ਕੇਂਦਰੀ ਪਾਤਰ ਜਗਸੀਰ ਬਾਰੇ ਦੱਸਦਿਆਂ ਪ੍ਰੋ. ਗੁਰਦਿਆਲ ਸਿੰਘ ਕਹਿੰਦੇ ਹਨ ਕਿ ਉਸਦੇ ਅੰਦਰ ਤਤਕਾਲੀ ਸਮਾਜਕ ਸਥਿਤੀਆਂ ਪ੍ਰਤਿ ਰੋਹ ਤੇ ਵਿਦਰੋਹ ਤਾਂ ਪੈਦਾ ਹੁੰਦਾ ਹੈ ਪਰ ਨਾਵਲੀ ਪਾਠ ਵਿੱਚ ਚੇਤਨ ਤੌਰ ’ਤੇ ਇਹਨਾਂ ਵਿਰੁੱਧ ਕੋਈ ਬਗਾਵਤੀ ਸਰੂਪ ਨਜ਼ਰ ਨਹੀਂ ਪੈਂਦਾ ਕਿਉਂਕਿ ਉਹ ਆਪਣੇ ਪਾਤਰ ਨੂੰ ਸਭਿਆਚਾਰਕ, ਧਾਰਮਿਕ ਤੇ ਇਤਿਹਾਸਕ ਸੰਦਰਭ ਵਿੱਚ ਹੀ ਰੱਖ ਕੇ ਚਿਤਰਨਾ ਚਾਹੁੰਦਾ ਹਾਂ। ਦੂਜੇ ਪਾਸੇ ਜਗਸੀਰ ਦਲਿਤ ਸਮਾਜ ਦਾ ਪ੍ਰਤਿਨਿਧ ਪਾਤਰ ਹੈ ਜਿਹੜਾ ਅਨੇਕਾਂ ਵਿਤਕਰਿਆਂ ਨੂੰ ਆਪਣੇ ਪਿੰਡੇ ’ਤੇ ਹੰਢਾਉਂਦਾ ਹੈ ਪਰ ਬਗਾਵਤ ਨਹੀਂ ਕਰਦਾ। ਉਸ ਪਿੱਛੇ ਲੇਖਕ ਦਾ ਨਜ਼ਰੀਆ ਹੈ ਕਿ ਉਸ ਨੂੰ ਕਿਸੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵਾਹਕ ਬਣਾ ਕੇ ਉਹ ਆਪਣੀ ਰਚਨਾ ਨੂੰ ‘ਨਿਰਾਰਥਕ’ ( 2005:28) ਨਹੀਂ ਬਣਾਉਣਾ ਚਾਹੁੰਦੇ ਸਨ।

ਪ੍ਰੋ. ਗੁਰਦਿਆਲ ਸਿੰਘ ਭਾਰਤ ਵਿੱਚ ਦਲਿਤਾਂ ਦੀ ਸਮਾਜਕ ਅਤੇ ਰਾਜਨੀਤਿਕ ਸਥਿਤੀ ਤੋਂ ਪੂਰਨ ਸੁਚੇਤ ਸਨ। ਉਹ ਭਾਰਤ ਵਿੱਚ ਦਲਿਤਾਂ ਦੀ ਰਾਜਨੀਤਿਕ ਸਥਿਤੀ ਪ੍ਰਤਿ ਦਲੀਲ ਦਿੰਦੇ ਹੋਏ ਕਹਿੰਦੇ ਹਨ ਕਿ ਦਲਿਤਾਂ ਨੂੰ ਭਾਰਤ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਆਪਣੇ ਨਿੱਜੀ ਹਿਤਾਂ ਲਈ ਹੀ ਵਰਤਦੀਆਂ ਹਨ। ‘ਮੜ੍ਹੀ ਦਾ ਦੀਵਾ’ ਨਾਵਲ ਦੇ ਸੰਦਰਭ ਵਿੱਚ ਹੀ ਉਹ ਸਮਕਾਲੀ ਰਾਜਨੀਤੀ ਉੱਪਰ ਬੜੀ ਬੇਬਾਕ ਟਿੱਪਣੀ ਕਰਦਾ ਕਹਿੰਦਾ ਹੈ ਕਿ ਭਾਰਤ ਵਿੱਚ ਦਲਿਤ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਸ਼੍ਰੇਣੀ ਦੇ ਹਿਤਾਂ ਅਤੇ ਹੱਕਾਂ ਦੀ ਗੱਲ ਨਹੀਂ ਕੀਤੀ ਸਗੋਂ ਰਾਜਨੀਤਿਕ ਹੱਥਕੰਡੇ ਅਪਣਾਉਂਦਿਆਂ ਆਪਣੀ ਸੱਤਾ ਨੂੰ ਸਥਾਪਿਤ ਕਰਨ ਅਤੇ ਇਸਦੀ ਔਧ ਲੰਮੇਰੀ ਕਰਨ ਵਿੱਚ ਰੁਝੀਆਂ ਹੋਈਆਂ ਹਨ। ਉਹਨਾਂ ਦਾ ਮੰਨਣਾ ਹੈ ਕਿ ਮਾਇਆਵਤੀ ਦੀ ਉੱਤਰ ਪ੍ਰਦੇਸ਼ ਦੀ ਤਿੰਨ ਵਾਰ ਮੁੱਖ ਮੰਤਰੀ ਬਣ ਜਾਣ ਦੀ ਲਾਲਸਾ ਨੇ ਇਸ ਨੂੰ ਖਤਮ ਨਹੀਂ ਹੋਣ ਦਿੱਤਾ। ਬੀ.ਐੱਸ.ਪੀ. ਵੀ ਹੌਲੀ ਹੌਲੀ ਦੂਜੀਆਂ ਰਾਜਨੀਤਿਕ ਪਾਰਟੀਆਂ ਵਾਲੇ ਹੱਥਕੰਡੇ ਵਰਤ ਕੇ ਦਲਿਤ ਜਾਤੀਆਂ ਅੰਦਰ ਭਾਰਤੀ ਉੱਚ-ਜਾਤੀਆਂ ਦੀ ਅਜਾਰੇਦਾਰੀ ਵਿਰੁੱਧ ਨਾ ਵਿਰੋਧ ਪੈਦਾ ਕਰ ਸਕੀ ਨਾ ਵਿਦਰੋਹ। ਅਬਾਦੀ ਦੇ ਵਧਣ ਤੇ ਸਰਮਾਏਦਾਰੀ ਨੂੰ ਪੱਕੇ-ਪੈਰੀਂ ਕਰਨ ਵਾਲਿਆਂ ਅਖਾਉਤੀ ਧਰਮ-ਨਿਰਪੇਖ ਤੇ ਲੋਕਤੰਤਰਿਕ ਰਾਜਨੀਤਿਕ ਪਾਰਟੀਆਂ ਨੇ ਦਲਿਤ ਜਾਤੀਆਂ ਦੇ ਦੁੱਖ-ਕਸ਼ਟ ਵਧਾਏ ਹਨ, ਘਟਾਏ ਨਹੀਂ। ਕੁਝ ਅਜਿਹੀਆਂ ਕਠੋਰ ਸੱਚਾਈਆਂ ਕਾਰਨ ਹੀ ਜਗਸੀਰ ਵਰਗਾ ਕਾਠਾ ਬੰਦਾ ਭਾਰਤੀ ਸਭਿਆਚਾਰ ਦੀ ਜਕੜ ਵਿੱਚ ਏਨੀਂ ਬੁਰੀ ਤਰ੍ਹਾਂ ਗ੍ਰਸਿਆ ਹੋਇਆ ਹੈ ਕਿ ਉਹਦੀ ਦਲੇਰੀ, ਤਕੜਾਈ, ਵਿਰੋਧ ਅਤੇ ਵਿਦਰੋਹ ਸਭ ਮਿੱਟੀ ਵਿੱਚ ਮਿਲ ਜਾਂਦੇ ਹਨ।’ (2005:27) ਪਰ ਆਪਣੇ ਗਲਪੀ ਸੰਸਾਰ ਰਾਹੀਂ ਪ੍ਰੋ. ਗੁਰਦਿਆਲ ਸਿੰਘ ਅਨੇਕਾਂ ਸੁਝਾਵਾਂ, ਸੰਕੇਤਾਂ ਅਤੇ ਰਮਜ਼ਾਂ ਰਾਹੀਂ ਪਾਠਕਾਂ ਇਹ ਅੰਦਰ ਚੇਤਨਾ ਜ਼ਰੂਰ ਪੈਦਾ ਕਰਦੇ ਹਨ ਕਿ ਸਮਕਾਲੀ ਸਮਾਜਕ, ਆਰਿਥਕ ਅਤੇ ਰਾਜਨੀਤਿਕ ਸਥਤੀਆਂ ਕਰਵਟ ਲੈਣ ਤਾਂ ਜੋ ਜਗਸੀਰ ਵਰਗਿਆਂ ਥੁੜ੍ਹਿਆਂ ਟੁੱਟਿਆਂ, ਨਿਮਾਣਿਆਂ ਨਿਓਟਿਆਂ ਤੇ ਹਾਸ਼ੀਆਕ੍ਰਿਤ ਕੀਤੇ ਲੋਕਾਂ ਅੰਦਰ ਸਮਾਜਕ ਬਰਾਬਰੀ ਦਾ ਅਹਿਸਾਸ ਪੈਦਾ ਹੋ ਸਕੇ। ਇਸ ਲਈ ਉਹ ਦਲਿਤ ਪਾਤਰਾਂ ਬਾਰੇ ਜਿਹੜੀ ਰਾਇ ਪਾਠਕ ਨਾਲ ਬਣਾਉਂਦੇ ਹਨ, ਉਸ ਵਿੱਚ ਹੀ ਉਹਨਾਂ ਦੀ ਗਲਪ ਦ੍ਰਿਸ਼ਟੀ ਸਾਕਾਰ ਹੁੰਦੀ ਹੈ।

ਪ੍ਰੋ. ਗੁਰਦਿਆਲ ਸਿੰਘ ਆਪਣੇ ਨਾਵਲਾਂ ਕਹਾਣੀਆਂ ਵਿੱਚ ਪਾਤਰਾਂ ਰਾਹੀਂ ਤਤਕਾਲੀ, ਸਮਕਾਲੀ ਰਾਜਨੀਤਿਕ ਤੇ ਸਮਾਜਕ ਸਰੋਕਾਰਾਂ ਨੂੰ ਬੜੀ ਯਥਾਰਥਵਾਦੀ ਦ੍ਰਿਸ਼ਟੀ ਰਾਹੀਂ ਚਿਤਰਦੇ ਹਨ। ਉਹ ਆਪਣੇ ਪਾਤਰਾਂ ਦਾ ਆਦਰਸ਼ੀਕਰਨ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਦੇ ਨੂੰ ਮਿਥ ਕੇ ਕਿਸੇ ਵਿਚਾਰਧਾਰਾ ਦਾ ਵਾਹਕ ਬਣਾਉਂਦੇ ਹਨ, ਸਗੋਂ ਉਹਨਾਂ ਨੂੰ ਕਮੀਆਂ ਤੇ ਖੂਬੀਆਂ ਸਮੇਤ ਆਪਣੀਆਂ ਗਲਪ ਰਚਨਾਵਾਂ ਵਿੱਚ ਢਾਲਦੇ ਹਨ। ਪਰ ਬਿਰਤਾਂਤਕ ਪ੍ਰਕਿਰਿਆ ਵਿੱਚ ਢਾਲੇ ਪਾਤਰਾਂ ਦੀ ਸਮਾਜਕ, ਆਰਥਿਕ ਅਤੇ ਰਾਜਸੀ ਸਥਿਤੀ ਨੂੰ ਲੈ ਕੇ ਜਿਹੜੀ ਸੰਘਰਸ਼ ਚੇਤਨਾ ਪਾਠਕਾਂ ਦੇ ਬੋਧ ਦਾ ਹਿੱਸਾ ਹੋ ਨਿੱਬੜਦੀ ਹੈ, ਸਹੀ ਅਰਥਾਂ ਵਿੱਚ ਇਹੀ ਉਹਨਾਂ ਦੀ ਪ੍ਰਾਪਤੀ ਹੈ। ਪ੍ਰੋ. ਗੁਰਦਿਆਲ ਸਿੰਘ ਦਾ ਮੰਨਣਾ ਹੈ ਕਿ ‘ਮੇਰੇ ਜਿਹਾ ਕੋਈ ਸਧਾਰਨ ਲੇਖਕ ਇਸਦਾ (ਸੰਘਰਸ਼ਾਂ ਦੇ ਪੜਾਵਾਂ ਦਾ) ਸਹੀ ਉੱਤਰ ਨਹੀਂ ਦੇ ਸਕਦਾ; ਸਿਰਫ ਵਿਸ਼ਵਾਸ ਹੀ ਕਰ ਸਕਦਾ ਹੈ ਕਿ ਜਦੋਂ ਤਕ ਸੰਸਾਰ ਦੀ ਪੌਣੀ ਤੋਂ ਵਧੇਰੇ ਆਬਾਦੀ ਇਹ ਦੰਭ ਤੇ ਨਾਬਰਾਬਰੀ ਦੀਆਂ ਦੀਵਾਰਾਂ ਢਾਹ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।’ ( 2005:54) ਨਿਰਸੰਦੇਹ ਇਹ ਕਥਨ ਲੇਖਕ ਦੀ ਆਸ਼ਾਵਾਦੀ ਦ੍ਰਿਸ਼ਟੀ ਅਤੇ ਸਕਾਰਾਤਮਕ ਸੂਝ ਸਮਝ ਦਾ ਨਿਰਮਾਣ ਕਰਦਾ ਹੈ।

ਪ੍ਰੋ. ਗੁਰਦਿਆਲ ਸਿੰਘ ਦਾ ਮਤ ਹੈ ਕਿ ਇੱਕ ਲੇਖਕ ਲਈ ਭਾਰਤੀ ਸਮਾਜ ਵਿੱਚ ਚੇਤਨੀ ਅਤੇ ਅਵਚੇਤਨੀ ਪੱਧਰ ਉੱਤੇ ਜਿਹੜੇ ਜਾਤੀ ਅਤੇ ਜਮਾਤੀ ਵਿਤਕਰੇ ਤੇ ਵਖਰੇਵੇਂ ਰੂੜ੍ਹ ਹੋ ਚੁੱਕੇ ਹਨ ਉਹਨਾਂ ਦੀ ਸੋਝੀ ਹੋਣੀ ਅਤਿ-ਆਵੱਸ਼ਕ ਹੈ। ਉਹ ਭਾਰਤੀ ਸਮਾਜ ਵਿੱਚ ਚੇਤਨੀ ਅਤੇ ਅਵਚੇਤਨੀ ਰਮਜ਼ਾਂ ਨੂੰ ਬਾਖੂਬ ਪਛਾਣਦੇ ਹਨ ਇਸ ਲਈ ਉਹ ਅਨੇਕਾਂ ਵਾਰ ‘ਵਰਗ-ਸਮਾਜ’ ਦੇ ਸੰਬੰਧਾਂ ਨੂੰ ‘ਦਵੰਦਾਤਮਿਕ ਦ੍ਰਿਸ਼ਟੀ’ ਤੋਂ ਵਿਆਖਿਆਤਮਕ ਸੁਰ ਵਿੱਚ ਬਿਆਨਦੇ ਹਨ। ਨਿਰਸੰਦੇਹ ਉਹਨਾਂ ਦੀ ਵਿਚਾਰਧਾਰਕ ਟੇਕ ਸਮਾਜਵਾਦੀ ਦ੍ਰਿਸ਼ਟੀ ਦੇ ਵਧੇਰੇ ਨੇੜੇ ਹੈ ਕਿਉਂਕਿ ਉਹਨਾਂ ਦਾ ਅਟੁੱਟ ਵਿਸ਼ਵਾਸ ਹੈ ਕਿ ‘ਜਦੋਂ ਤੱਕ ਇਹ ਇਤਿਹਾਸਕ ਸਥਿਤੀਆਂ ਅਤੇ ਇਹਨਾਂ ਅਨੁਸਾਰ ਪੈਦਾ ਹੋਈਆਂ ਉੱਚ ਸ਼੍ਰੇਣੀਆਂ ਰਾਜ-ਸੱਤਾ ਉੱਤੇ ਕਾਬਜ਼ ਰਹਿਣਗੀਆਂ, ਉਦੋਂ ਤੱਕ ਨਾ ਸਮਾਜ ਅੰਦਰ ਅਮੀਰ ਗ਼ਰੀਬ ਦਾ ਪਾੜਾ ਮਿਟ ਸਕਦਾ ਹੈ ਤੇ ਨਾ ਹੀ ਕਰੋੜਾਂ ਲੋਕ ਮਨੁੱਖਾਂ ਵਰਗਾ ਜੀਵਨ ਜਿਉਣ ਦੇ ਸਮਰੱਥ ਹੋ ਸਕਦੇ ਹਨ।’ ( 1995:45) ਇਸ ਲਈ ਆਪਣੇ ਵਾਸਤਵਿਕ ਜੀਵਨ ਵਿੱਚੋਂ ਅਤੇ ਕਲਪਿਤ ਗਲਪ ਸੰਸਾਰ ਦੇ ਪਾਤਰਾਂ ਦੀਆਂ ਅਨੇਕਾਂ ਉਦਾਹਰਨਾਂ ਰਾਹੀਂ ਲੇਖਕ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮਨੁੱਖ ਦੇ ਆਰਥਿਕ, ਰਾਜਨੀਤਿਕ, ਸਮਾਜਿਕ ਕਾਰਨਾਂ ਦੀ ਠੋਸ ਸੋਝੀ ਗ੍ਰਹਿਣ ਕੀਤੇ ਬਿਨਾਂ ਤੇ ਉਹਨਾਂ ਦੇ ਕਾਰਨ ਜਾਣੇ ਬਿਨਾਂ ਜਿਹੜੀ ਵੀ ਸਾਹਿਤ ਰਚਨਾ ਕੀਤੀ ਜਾਵੇਗੀ ਉਹ ਅਣਯਥਾਰਥਕ ਤੇ ਅਰਥਹੀਣ ਹੋਏਗੀ। ਇਸ ਲਈ ਲੇਖਕ ਕੋਲ ‘ਪ੍ਰਿਜ਼ਮ ਵਰਗੀ ਵਿਚਾਰਧਾਰਕ ਦ੍ਰਿਸ਼ਟੀ’ (1995:46) ਦਾ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਜਿੱਥੇ ਸਮਾਜਕ, ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਦਵੰਧਾਂ ਅਤੇ ਸੰਘਰਸ਼ਾਂ ਨੂੰ ਖੁਦ ਸਮਝਣ ਦੇ ਸਮਰੱਥ ਹੋ ਸਕੇ ਉੱਥੇ ਇਹਨਾਂ ਨੂੰ ਆਪਣੀ ਵਿਲੱਖਣ ਜੀਵਨ ਦ੍ਰਿਸ਼ਟੀ ਨਾਲ ਸਾਹਿਤ ਰੂਪਾਂ ਵਿੱਚ ਵੀ ਢਾਲ ਸਕੇ ਅਤੇ ਪਾਠਕਾਂ ਨੂੰ ਚੇਤਨ ਕਰਨ ਵਿੱਚ ਆਪਣਾ ਯੋਗਦਾਨ ਦੇ ਸਕੇ। ਇਸ ਲਈ ਪ੍ਰੋ. ਗੁਰਦਿਆਲ ਸਿੰਘ ਦਾ ਮੰਨਣਾ ਹੈ ਕਿ ‘ਅਸੀਂ ਹਰ ਉੱਤਮ ਰਚਨਾ ਤੋਂ ਇਹੋ ਮੰਗ ਕਰਾਂਗੇ ਕਿ ਉਹ ਆਪਣੀ ਗਲਪ-ਦ੍ਰਿਸ਼ਟੀ ਰਾਹੀਂ ਸਾਡੀ ਜੀਵਨ-ਦ੍ਰਿਸ਼ਟੀ ਨੂੰ ਇਸ ਗਹਿਰਾਈ ਤੱਕ ਲੈ ਜਾਏ ਕਿ ਵਰਤਮਾਨ ਸਮਾਜ ਦੇ ਦੁੱਖ-ਕਸ਼ਟ ਤੇ ਕੁਹਜ ਸਾਡੀ ਸਮਝ ਹੀ ਨਾ ਪੈਣ ਸਗੋਂ ਉਹਨਾਂ ਨੂੰ ਨਸ਼ਟ ਕਰਨ ਲਈ ਸਮਾਜ ਅਜਿਹੀ ਚੇਤਨਾ ਪੈਦਾ ਹੋ ਸਕੇ ਕਿ ਉਹ ਸਮੂਹਿਕ ਬਲ ਨਾਲ ਉਸ ਸੰਘਰਸ਼ ਵੱਲ ਵਧ ਸਕੇ ਜਿਹੜਾ ਸੋਹਜਾਤਮਕ ਤੇ ਨਿਰਵਿਕਾਰ, ਵਰਗਹੀਣ, ਮਨੁੱਖੀ ਬਰਾਬਰਤਾ ਵਾਲੇ ਤੇ ਮਨੁੱਖੀ ਗੌਰਵ ਨੂੰ ਕਾਇਮ ਕਰਨ ਵਾਲੇ ਸਮਾਜ ਦੀ ਸਿਰਜਣਾ ਵੱਲ ਲਿਜਾ ਸਕੇ।’ (1995:86) ਇਸ ਲਈ ਲੇਖਕ ਦੀ ਗਲਪ ਦ੍ਰਿਸ਼ਟੀ ਵਿੱਚੋਂ ਪੈਦਾ ਹੁੰਦੀ ਜੀਵਨ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖ ਕੇ ਸਾਹਿਤ ਸਰੋਕਾਰਾਂ ਬਾਰੇ ਚੇਤਨਾ ਕਰਦਾ ਹੈ।

ਪ੍ਰੋ. ਗੁਰਦਿਆਲ ਸਿੰਘ ਢੁੱਕਵੀਂ ਸ਼ਬਦ ਚੋਣ ਬਾਰੇ ਬੇਹੱਦ ਸੁਚੇਤ ਸਨ ਉਹਨਾਂ ਦਾ ਮੰਨਣਾ ਸੀ ਕਿ ਹਰ ਰਚਨਾ ਵਿੱਚ ਇੱਕ ਇਕ ਸ਼ਬਦ ਦਾ ਵਿਸ਼ੇਸ਼ ਤੇ ਮਹੱਤਵਸ਼ੀਲ ਪਰਿਪੇਖ ਬਣਦਾ ਹੈ। ਇਸ ਲਈ ਕਿਸੇ ਲੇਖਕ ਨੂੰ ਇਸ ਬਾਰੇ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਆਪਣੇ ਨਾਵਲ ‘ਪਰਸਾ’ (1991) ਬਾਰੇ ਉਹਨਾਂ ਦਾ ਇੱਕ ਕਥਨ ਇੱਥੇ ਦੇਣਾ ਮੁਨਾਸਿਬ ਹੋਵੇਗਾ ਜਿਹੜਾ ਉਹਨਾਂ ਦੀ ਸ਼ਬਦ ਚੋਣ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ ਕਿ ‘ਸ਼ਾਇਦ ਪਾਠਕਾਂ ਨੂੰ ਇਹ ਅਤਿਕਥਨੀ ਜਾਪੇ, ਮੁਖਤਿਆਰ ਕੌਰ ਦੇ ਰਾਤ ਸਮੇਂ, ਪਰਸੇ ਕੋਲ ਆਉਣ ਦਾ ਦ੍ਰਿਸ਼ (ਜੋ ਸਿਰਫ ਇੱਕ ਪੈਰਾ ਹੈ) ਬਾਰ-ਬਾਰ ਲਿਖਣ ਉੱਤੇ ਪੂਰਾ ਇੱਕ ਹਫਤਾ ਲੱਗ ਗਿਆ ਸੀ। ਹਰ ਲਿਖੇ ਸ਼ਬਦ ਬਾਰੇ ਮੁੜ-ਮੁੜ ਸੋਚਣਾ ਪੈਂਦਾ ਸੀ। ਇਹੋ ਸੋਚਦਾ ਰਹਿੰਦਾ ਕਿ ਅਜਿਹੇ ਦ੍ਰਿਸ਼ ਵਿੱਚ, ਕਿਸੇ ਸ਼ਬਦ ਨਾਲ ਜੇ ਅਸ਼ਲੀਲਤਾ ਦਾ ਅੰਸ਼ ਮਾਤਰ ਵੀ ਪ੍ਰਭਾਵ ਪੈ ਗਿਆ ਤਾਂ ਪੂਰੇ ਨਾਵਲ ਉੱਤੇ ਕੀਤੀ ਮਿਹਨਤ ਜਾਇਆ ਜਾਏਗੀ।’ (2005:90) ਇਸ ਟਿੱਪਣੀ ਵਿੱਚ ਸਪਸ਼ਟ ਹੋ ਚੁੱਕਾ ਹੈ ਕਿ ਉਹ ਸ਼ਬਦ ਚੋਣ ਬਾਰੇ ਕਿੰਨੇ ਸੁਚੇਤ ਸਨ ਕਿ ਉਹਨਾਂ ਨੂੰ ਇੱਕ ਗ਼ਲਤ ਸ਼ਬਦ ਨਾਲ ਵੀ ਨਾਵਲ ਦੇ ਸਮੁੱਚੇ ਪ੍ਰਭਾਵ ਦੇ ਤਿੜਕਣ ਦਾ ਡਰ ਸੀ।

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋ. ਗੁਰਦਿਆਲ ਸਿੰਘ ਦੀ ਗਲਪ ਦ੍ਰਿਸ਼ਟੀ ਨੂੰ ਸਮਝਣ ਲਈ ਇਹ ਦੋਵੇਂ ਪੁਸਤਕਾਂ ਮੁੱਲਵਾਨ ਦਸਤਾਵੇਜ਼ ਹਨ ਜਿਹੜੀਆਂ ਨਾ ਕੇਵਲ ਉਹਨਾਂ ਦੇ ਰਚਨਾ ਸੰਸਾਰ ਨੂੰ ਸਮਝਣ ਲਈ ਆਧਾਰ ਸਮਗਰੀ ਮੁਹੱਈਆ ਕਰਵਾਉਂਦੀਆਂ ਹਨ ਬਲਕਿ ਸਾਹਿਤ ਅਤੇ ਜੀਵਨ ਬਾਰੇ ਸਟੀਕ ਜਾਣਕਾਰੀ ਰਾਹੀਂ ਸੰਤੁਲਿਤ ਚਿੰਤਨ ਦੀ ਉਸਾਰੀ ਵੀ ਕਰਦੀਆਂ ਹਨ।

ਅਧਾਰ ਪੁਸਤਕਾਂ:

1. ਗੁਰਦਿਆਲ ਸਿੰਘ, ਲੇਖਕ ਦਾ ਅਨੁਭਵ ਤੇ ਸਿਰਜਣ-ਪਰਕਿਰਿਆ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995.

2. ਗੁਰਦਿਆਲ ਸਿੰਘ, ਜੀਵਨ ਤੇ ਸਾਹਿਤ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2005.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1669)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)