ButaSWakaf7ਵਿਰੋਧੀ ਸਿਆਸੀ ਪਾਰਟੀਆਂ ਵੀ ਪਤਾ ਨਹੀਂ ਕਿਉਂ ਇਸ ਮੁੱਦੇ ’ਤੇ ਚੁੱਪ ਧਾਰੀ ...
(14 ਮਾਰਚ 2021)
(ਸ਼ਬਦ: 1100)


ਇਸ ਵਕਤ ਖੇਤਾਂ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਲਹਿਰਾ ਰਹੀਆਂ ਹਨ
ਹੁਣ ਫ਼ਸਲ ਨੂੰ ਪਾਲਣ ਲਈ ਸਾਧਾਰਨ ਖਾਦ ਖੁਰਾਕ ਤੋਂ ਇਲਾਵਾ ਪਾਣੀ ਦੀ ਹੀ ਮੁੱਖ ਲੋੜ ਹੈਫ਼ਸਲ ਦੀ ਬਿਜਾਈ, ਗਹਾਈ ਸਮੇਂ ਇਨ੍ਹਾਂ ਦਿਨਾਂ ਨਾਲੋਂ ਵਧੇਰੇ ਡੀਜ਼ਲ ਆਦਿ ਦੀ ਲੋੜ ਪੈਂਦੀ ਹੈ ਇਸਦੇ ਬਾਵਜੂਦ ਵੀ ਪਿਛਲੇ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਤੇਲ ਦੀਆਂ ਕੀਮਤਾਂ ਵਿੱਚ ਅਜਿਹਾ ਵਾਧਾ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਵੀ ਲਗਾਤਾਰ ਹੋਇਆ ਸੀਹਰ ਦਿਨ ਕੀਮਤਾਂ ਵਿੱਚ 20 ਪੈਸੇ ਤੋਂ ਇੱਕ ਰੁਪਏ ਤਕ ਵਾਧਾ ਹੋ ਜਾਂਦਾ ਸੀਉਨ੍ਹੀਂ ਦਿਨੀਂ ਕਰੋਨਾ ਦਾ ਦੌਰ ਸੀਮਜ਼ਦੂਰਾਂ ਦੀ ਘਾਟ ਕਰਕੇ ਨਿਰਧਾਰਤ ਸਮੇਂ ਤੋਂ ਹਫ਼ਤਾ ਕੁ ਪਛੜ ਕੇ ਅਸੀਂ ਖੇਤ ਵਿੱਚ ਝੋਨੇ ਦੀ ਪਨੀਰੀ ਲਗਾਈ ਸੀਮੋਟਰਾਂ ਲਈ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਮਹਿਕਮੇ ਨੂੰ ਦਰਖਾਸਤ ਪਿਛਲੇ ਵਰ੍ਹੇ ਦੀ ਦਿੱਤੀ ਹੋਈ ਸੀ ਪਰ ਹਾਲੇ ਤਕ ਕੁਨੈਕਸ਼ਨ ਜਾਰੀ ਹੋਣ ਦੀ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਸੀਸਪਸ਼ਟ ਸੀ, ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਫ਼ਸਲ ਦੀ ਸਿੰਚਾਈ ਲਈ ਟਿਊਬਵੈਲ ਹੀ ਇੱਕ ਮਾਤਰ ਸਾਧਨ ਸੀਮੋਟਰਾਂ ਜਨਰੇਟਰ ਦੇ ਸਹਾਰੇ ਡੀਜ਼ਲ ਫੂਕ ਕੇ ਚਲਾਈਆਂ ਜਾ ਰਹੀਆਂ ਸਨ ਉੱਪਰੋਂ ਹਫ਼ਤੇ ਭਰ ਦੀ ਨਹਿਰੀ ਪਾਣੀ ਦੀ ਬੰਦੀ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾਏ ਸਨਮਾਨਸੂਨ ਦੀਆਂ ਅਟਕਲਾਂ ਦੇ ਚੱਲਦਿਆਂ ਆਸ ਕੇਵਲ ਬੋਰਾਂ ਦੇ ਪਾਣੀ ’ਤੇ ਹੀ ਟਿਕੀ ਹੋਈ ਸੀਦਸ-ਬਾਰਾਂ ਦਿਨਾਂ ਤੋਂ ਝੋਨੇ ਦੇ ਖੇਤਾਂ ਵਿੱਚ ਪਾਣੀ ਦੀ ਪੂਰਤੀ ਲਈ ਜਨਰੇਟਰ ਚਲਾਇਆ ਜਾ ਰਿਹਾ ਸੀਖੇਤੀਂ ਜਾਂਦਿਆਂ ਰਾਹ ਵਿੱਚ ਪੈਂਦੇ ਪੈਟਰੋਲ ਪੰਪ ਤੋਂ ਜਨੇਰਟਰ ਲਈ ਨਿੱਤ-ਦਿਨ ਦਾ ਡੀਜ਼ਲ ਢੋਲੀ ਵਿੱਚ ਪੁਆ ਕੇ ਲੈ ਜਾਈਦਾ ਸੀਪਹਿਲਾਂ ਤਾਂ ਮਹਿੰਗੇ ਭਾਅ ਝੋਨੇ ਦੀ ਪਨੀਰੀ ਲਵਾਉਣੀ ਪਈ, ਉੱਪਰੋਂ ਤੇਲ ਦੀਆਂ ਕੀਮਤਾਂ ਨਿੱਤ-ਦਿਨ ਕੌੜੀ ਵੇਲ ਵਾਂਗ ਵਧਦੀਆਂ ਜਾ ਰਹੀਆਂ ਸਨਤੇਲ ਦੀਆਂ ਕੀਮਤਾਂ ਵਿਚਲਾ ਵਾਧਾ ਕਿਸਾਨੀ ਦਰਦ ਨੂੰ ਹੋਰ ਗਹਿਰਾ ਕਰ ਰਿਹਾ ਸੀ

ਅੱਜ ਫੇਰ ਦੁਪਹਿਰ ਦੀ ਰੋਟੀ ਨਾਲ ਲੈ ਕੇ ਡੀਜ਼ਲ ਵਾਲੀ ਖਾਲੀ ਢੋਲੀ ਸਕੂਟਰ ’ਤੇ ਰੱਖ ਮੈਂ ਝੋਨੇ ਵਾਲੇ ਖੇਤਾਂ ਵੱਲ ਨੂੰ ਹੋ ਤੁਰਿਆਫਿਰ ਪੈਟਰੋਲ ਪੰਪ ’ਤੇ ਪਹੁੰਚਿਆਉੱਥੇ ਕੁਝ ਭੀੜ ਨਜ਼ਰ ਆਈਟਰੈਕਟਰ ਵਿੱਚ ਡੀਜ਼ਲ ਪੁਆਉਣ ਆਇਆ ਘਬਰਾਇਆ ਹੋਇਆ ਇੱਕ ਸਿੱਧ ਪੱਧਰਾ ਬਜ਼ੁਰਗ ਉੱਚੀ-ਉੱਚੀ ਬੋਲਦਿਆਂ ਪੰਪ ’ਤੇ ਕੰਮ ਕਰਦੇ ਮੁੰਡਿਆਂ ਉੱਤੇ ਰੋਸ ਜ਼ਾਹਿਰ ਕਰ ਰਿਹਾ ਸੀ, “ਤੁਸੀਂ ਨਿੱਤ-ਨਿੱਤ ਈ ਡੀਜ਼ਲ ਦੀਆਂ ਕੀਮਤਾਂ ਵਧਾ ਛੱਡਦੇ ਓ ... ਹਾਲੇ ਕੱਲ੍ਹ ਤਾਂ ਐਸ ਭਾਅ ਤੇਲ ਪੁਆਇਆ ਸੀ, ਅੱਜ 25-30 ਪੈਸੇ ਹੋਰ ਚੱਕ ’ਤੈ ... ਲੋਕਾਂ ਨੂੰ ਤਾਂ ਲੁੱਟਣ ’ਤੇ ਤੁਲੇ ਹੋਏ ਓ ... ਇੱਕ ਤਾਂ ਬੀਅ, ਰੇਹਾਂ, ਸਪਰੇਆਂ ਮਹਿੰਗੇ ਭਾਅ ਮਿਲਦੀਆਂ ਬਜ਼ਾਰੋਂ ਤੇ ਉੱਤੋਂ ਤੁਸੀਂ ਰਹਿੰਦੀ ਕਸਰ ਕੱਢੀ ਜਾਨੇ ਓਂ ... ਜਿਵੇਂ ਜਵਾਂ ਈ ਸ਼ਰਮ ਲਾਹ ਛੱਡੀ ਹੋਵੇ ... ਉਹ ਇੱਕੋ ਸਾਹੇ ਲਗਾਤਾਰ ਬੋਲੀ ਜਾ ਰਿਹਾ ਸੀਜਦੋਂ ਉਹ ਰਤਾ ਚੁੱਪ ਹੋਇਆ, ਪੰਪ ਦੇ ਕਰਿੰਦੇ ਨੇ ਮੌਕਾ ਸੰਭਾਲਦਿਆਂ ਕਿਹਾ, ‘ਬਾਪੂ ਜੀ! ਤੁਸੀਂ ਤਾਂ ਖਾਹ-ਮ-ਖਾਹ ਸਾਡੇ ’ਤੇ ਨਜ਼ਲਾ ਝਾੜ ਰਹੇ ਓ ..., ਸਰਕਾਰਾਂ ਤੇਲ ਦੀਆਂ ਕੀਮਤਾਂ ਨਿੱਤ ਵਧਾ ਦਿੰਦੀਆਂ ਨੇਜਿਹੜਾ ਰੇਟ ਸਰਕਾਰ ਕਰ ਛਡਦੀ ਆ ..., ਮਾਲਕ ਦੇ ਕਹਿਣ ’ਤੇ ਅਸੀਂ ਉਸੇ ਰੇਟ ’ਤੇ ਲੋਕਾਂ ਨੂੰ ਤੇਲ ਪਾ ਰਹੇ ਆਂਇਹਦੇ ਵਿੱਚ ਸਾਡਾ ਕੀ ਕਸੂਰ ਆ? ਸਰਕਾਰਾਂ ਨੂੰ ਪੁੱਛੋ ਕਿ ਉਹ ਤੇਲ ਦੀਆਂ ਕੀਮਤਾਂ ਨਿੱਤ-ਦਿਨ ਈ ਕਿਉਂ ਵਧਾਈ ਜਾਂਦੀਆਂ?”

ਆਖਰ ਤੇਲ ਪੁਆਉਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਖੜ੍ਹੇ ਹੋਰਨਾਂ ਲੋਕਾਂ ਨੇ ਸਮਝਾ ਬੁਝਾ ਕੇ ਬਜ਼ੁਰਗ ਨੂੰ ਉੱਥੋਂ ਤੋਰ ਦਿੱਤਾਉਹ ਹਾਲੇ ਵੀ ਟਰੈਕਟਰ ’ਤੇ ਬੈਠਾ ਬੁੜ-ਬੁੜ ਕਰਦਾ ਜਾ ਰਿਹਾ ਸੀਹੌਲੀ-ਹੌਲੀ ਉਸ ਦੀ ਕੜਵਾਹਟ ਭਰੀ ਆਵਾਜ਼ ਟਰੈਕਟਰ ਦੀ ਆਵਾਜ਼ ਵਿੱਚ ਗੁੰਮ ਹੋ ਗਈਮੈਂ ਵੀ ਢੋਲੀ ਵਿੱਚ 20 ਲੀਟਰ ਡੀਜ਼ਲ ਪੁਆਇਆ ਤੇ ਸਕੂਟਰ ਖੇਤਾਂ ਵੱਲ ਮੋੜ ਲਿਆਕੱਲ੍ਹ ਨਾਲੋਂ 20 ਪੈਸੇ ਵੱਧ ਰੇਟ ’ਤੇ ਮਿਲਿਆ ਸੀ ਡੀਜ਼ਲਭਾਅ ਵਿੱਚ ਵਾਧੇ ਦਾ ਹੁਣ ਇਹ ਨਿੱਤ ਦਿਨ ਦਾ ਵਰਤਾਰਾ ਹੋ ਨਿੱਬੜਿਆ ਸੀਲਾਕਡਾਊਨ ਦੇ ਚੱਲਦਿਆਂ ਹੱਥ ਜ਼ਰਾ ਕੁ ਤੰਗ ਸੀ ਇੰਨਾ ਕੁ ਜਿਗਰਾ ਵੀ ਨਹੀਂ ਸੀ ਕਿ ਲਗਦੇ ਹੱਥ ਦੋ ਚਾਰ ਡਰੰਮ ਡੀਜ਼ਲ ਦੇ ਸਸਤੇ ਭਾਅ ’ਤੇ ਭਰਵਾ ਕੇ ਰੱਖ ਛੱਡੀਏ

ਰਸਤੇ ਵਿੱਚ ਜਾਂਦਿਆਂ ਉਸ ਬਜ਼ੁਰਗ ਦੀਆਂ ਕਹੀਆਂ ਗੁਸੈਲੀਆਂ ਗੱਲਾਂ ਮੇਰੇ ਦਿਮਾਗ ਵਿੱਚ ਖੌਰੂ ਪਾ ਰਹੀਆਂ ਸਨਸਰਕਾਰਾਂ ਦੀਆਂ ਨੀਤੀਆਂ ਤੋਂ ਨਿਰਾਸ਼ ਹੋਇਆ ਵਿਚਾਰਾ ਬਜ਼ੁਰਗ ਆਖਰ ਸੱਚ ਹੀ ਤਾਂ ਬੋਲ ਰਿਹਾ ਸੀਲਾਕਡਾਊਨ ਦੌਰਾਨ ਸਾਰੇ ਲੋਕਾਂ ਦੇ ਕੰਮ ਧੰਦੇ ਤਾਂ ਚੌਪਟ ਹੋਏ ਪਏ ਹਨ ਕੁਲ ਲੋਕਾਈ ਆਰਥਿਕ ਸੰਕਟ ਦੀ ਮਾਰ ਹੇਠ ਹੈਦੂਸਰੇ ਪਾਸੇ ਅੰਤਰਰਾਸ਼ਟਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਮੂਧੇ ਮੂੰਹ ਜਾ ਪਈਆਂ ਹਨ ਇਸਦੇ ਬਾਵਜੂਦ ਸਾਡੇ ਦੇਸ਼ ਅੰਦਰ ਤੇਲ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਹੋਈ ਜਾ ਰਿਹਾ ਹੈਇਹ ਗੱਲ ਆਮ ਲੋਕਾਂ ਲਈ ਇੱਕ ਬੁਝਾਰਤ ਬਣੀ ਹੋਈ ਹੈ ਕੱਲ੍ਹ ਸੱਥ ਵਿੱਚ ਬੈਠੇ ਜਾਗਰ ਇਨਕਲਾਬੀ ਦੇ ਬੋਲ ਗੂੰਜੇ ਸਨ, ‘ਲੋਕਾਂ ਕੋਲ ਤਾਂ ਲਾਕਡਾਊਨ ਕਰਕੇ ਜ਼ਹਿਰ ਖਾਣ ਨੂੰ ਧੇਲਾ ਨਹੀਂ ਰਿਹਾ ... ਤੇ ਇਨਾਂ ਸਰਕਾਰਾਂ ਦੇ ਫੈਸਲੇ ਵੇਖ ਲਓ, ਗਰੀਬ-ਗੁਰਬੇ ਨੂੰ ਰਾਸ਼ਨ ਪਾਣੀ ਦੇਣ ਦਾ ਫਿਕਰ ਤਾਂ ਹੈ ਨਹੀਂ ਸਰਕਾਰਾਂ ਨੂੰ ... ਦੁਕਾਨਾਂ ਖੁੱਲ੍ਹਣ ਨਾ ਖੁੱਲਣ, ਸਕੂਲ ਖੁੱਲ੍ਹਣ ਨਾ ਖੁੱਲਣ, ਹਸਪਤਾਲਾਂ ਵਿੱਚ ਦਵਾਈ ਮਿਲੇ ਨਾ ਮਿਲੇ, ਲੋਕਾਂ ਨੂੰ ਰਾਸ਼ਨ ਮਿਲੇ ਨਾ ਮਿਲੇ ... ਪਰ ਸ਼ਰਾਬ ਦੇ ਠੇਕੇ ਤਾਂ ਦੋ ਮਹੀਨੇ ਪਹਿਲਾਂ ਤੋਂ ਹੀ ਖੋਲ੍ਹ ਰੱਖੇ ਆ ਇਨ੍ਹਾਂ ਨੇ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਕੋਈ ... ਪਈ ਸ਼ਰਾਬ ਨੇ ਭੁੱਖੇ ਮਰਦਿਆਂ ਦੇ ਢਿੱਡ ਭਰਨੇ ਆਂ? ... ਤੇ ਇੱਧਰ ਵੇਖ ਲਓ,” ਅਖਬਾਰ ਦੀਆਂ ਸੁਰਖੀਆਂ ਵੱਲ ਇਸ਼ਾਰਾ ਕਰਦਿਆਂ ਜਾਗਰ ਬੋਲਿਆ, “ਨਿੱਤ ਈ ਡੀਜ਼ਲ ਪੈਟਰੋਲ ਦੇ ਭਾਅ ਵਧਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਆ ਸਰਕਾਰ, ਜਿਵੇਂ ਸਾਰਾ ਘਾਟਾ ਸਰਕਾਰ ਨੇ ਤੇਲ ਤੇ ਸ਼ਰਾਬ ਨੂੰ ਵੇਚ ਕੇ ਹੀ ਪੂਰਾ ਕਰਨਾ ਹੋਵੇਅੱਜ ਫੇਰ ਡੀਜ਼ਲ ਤੇ ਪੈਟਰੋਲ ਹੋਰ ਮਹਿੰਗੇ ਭਾਅ ਕਰਤਾ... ਪੰਦਰਾਂ-ਪੰਦਰਾਂ ਲੱਖ ਥੋਡੇ ਖਾਤਿਆਂ ਵਿੱਚ ਪਾਉਣ ਵਾਲੀ ਸਰਕਾਰ ਇੱਕ ਦਿਨ ਥੋਨੂੰ ਜਮਾਂ ਨੰਗ ਕਰਕੇ ਛੱਡੂ ... ਮੇਰੀ ਗੱਲ ਚੇਤੇ ਰੱਖਿਓ ...” ਜਾਗਰ ਦੇ ਬੋਲ ਜਿਵੇਂ ਅਸਮਾਨੀ ਪੁੱਜ ਗਏ ਹੋਣ

ਕੱਲ੍ਹ ਇੱਕ ਮਿੱਤਰ ਵੀ ਮੇਰੇ ਨਾਲ ਫੋਨ ’ਤੇ ਸਰਕਾਰੀ ਨੀਤੀਆਂ ਪ੍ਰਤੀ ਰੋਸ ਜ਼ਾਹਿਰ ਕਰ ਰਿਹਾ ਸੀ, “ਇਸ ਵਾਰ ਤਾਂ ਤੇਲ ਦੀਆਂ ਨਿੱਤ-ਦਿਨ ਵਧ ਰਹੀਆਂ ਕੀਮਤਾਂ ਉੱਤੇ ਕਿਸੇ ਵੀ ਨੇ ਤੌਖਲਾ ਪ੍ਰਗਟ ਨਹੀਂ ਕੀਤਾ ... ਨਾ ਹੀ ਕਿਸੇ ਨੇ ਇਸਦਾ ਵਿਰੋਧ ਕੀਤਾਤੇਲ ਪੰਪਾਂ ਦੇ ਮਾਲਕ ਵੀ ਚੁੱਪ ਧਾਰੀ ਬੈਠੇ ਨੇ ..., ਪਰ ਉਨ੍ਹਾਂ ਨੂੰ ਕੀ? ਉਨ੍ਹਾਂ ਦੇ ਮੁਨਾਫ਼ੇ ਤਾਂ ਸੁਰੱਖਿਅਤ ਆ ਨਾ ... ਨਾ ਲੋਕ ਰੋਸ ਜ਼ਾਹਿਰ ਕਰ ਰਹੇ ਨੇ ਤੇ ਨਾ ਹੋਰ ਜਨਤਕ ਜਥੇਬੰਦੀਆਂ ਤੇਲ ਦੀਆਂ ਵਧ ਰਹੀਆਂ ਕੀਮਤਾਂ ਦਾ ਵਿਰੋਧ ਕਰ ਰਹੀਆਂ ਨੇ ਨਾ ਹੀ ਟੈਕਸੀ ਜਾਂ ਟਰੱਕ ਆਪ੍ਰੇਰਟਰ ਬੋਲਦੇ ਪਏ ਨੇ ...ਸਭ ਤੋਂ ਵੱਡੀ ਗੱਲ ਤਾਂ ਇਹ ਕਿ ਵਿਰੋਧੀ ਸਿਆਸੀ ਪਾਰਟੀਆਂ ਵੀ ਪਤਾ ਨਹੀਂ ਕਿਉਂ ਇਸ ਮੁੱਦੇ ’ਤੇ ਚੁੱਪ ਧਾਰੀ ਬੈਠੀਆਂ ਨੇ ...” ਉਹ ਮਿੱਤਰ ਰਿਕਾਰਡ ਕੀਤੀ ਟੇਪ ਵਾਂਗ ਲਗਾਤਾਰ ਬੋਲੀ ਜਾ ਰਿਹਾ ਸੀ, “ਪਹਿਲਾਂ ਤਾਂ ਜੇ ਕਿਤੇ ਤੇਲ ਦੀਆਂ ਕੀਮਤਾਂ ਜਾਂ ਫਿਰ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਤਾਂ ਝੱਟ ਵਿਰੋਧੀ ਧਿਰਾਂ ਸਰਕਾਰ ਦੇ ਖਿਲਾਫ਼ ਸੜਕ ਪ੍ਰਦਰਸ਼ਨਾਂ ’ਤੇ ਉੱਤਰ ਆਉਂਦੀਆਂ ਸਨ, ਇਸ ਵਾਰ ਤਾਂ ਜਿਵੇਂ ਉਹ ਵੀ ਸਿਰਫ਼ ਤੇਲ ਤੇ ਤੇਲ ਦੀ ਧਾਰ ਵੱਲ ਹੀ ਵੇਖ ਕੇ ਬੁੱਤਾ ਸਾਰ ਰਹੀਆਂ ਹੋਣਕਿਸੇ ’ਤੇ ਕੋਈ ਅਸਰ ਨਹੀਂਕੇਹਾ ਲੋਕਤੰਤਰ ਤੇ ਕੇਹੀਆਂ ਸਰਕਾਰਾਂ? ... ਜਿੱਥੇ ਤਮ੍ਹਾਤੜ ਦਾ ਨਿੱਤ ਦਿਨ ਕਚੂਮਰ ਕੱਢਿਆ ਜਾ ਰਿਹਾ ਹੈ

ਮੈਂ ਡੀਜ਼ਲ ਦੀ ਭਰੀ ਢੋਲੀ ਲੈ ਕੇ ਖੇਤ ਪਹੁੰਚ ਗਿਆ ਜਨਰੇਟਰ ਦੀ ਖਾਲੀ ਹੋਣ ਵਾਲੀ ਟੈਂਕੀ ਵਿੱਚ ਤੇਲ ਵਾਲੀ ਢੋਲੀ ਮੂਧੀ ਕਰਦਿਆਂ ਮੈਂ ਸੋਚ ਰਿਹਾ ਸਾਂ ਕਿ ਜਿੰਨਾ ਚਿਰ ਸਰਕਾਰਾਂ ਦੇ ਹਿਤ ਜਨਤਕ ਹਿਤਾਂ ਤੋਂ ਪ੍ਰਮੁੱਖ ਰਹਿਣਗੇ, ਉੰਨਾ ਸਮਾਂ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2643)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬੂਟਾ ਸਿੰਘ ਵਾਕਫ਼

ਬੂਟਾ ਸਿੰਘ ਵਾਕਫ਼

Sri Mukarsar Sahib, Punjab, India.
Phone: (91 -  98762 - 24461)
Email: (BSwakaf@gmail.com)