ButaSWakaf7ਅਜਿਹੇ ਇਨਸਾਨ ਖ਼ੁਦ ਨੂੰ ਪਿੱਛੇ ਰੱਖ ਕੇ ਸਮਾਜ ਨੂੰ, ਮਾਨਵਤਾ ਨੂੰ ਤੇ ਮਨੁੱਖੀ ਭਾਵਨਾਵਾਂ ਨੂੰ ...
(24 ਮਾਰਚ 2019)

 

ਅਜੋਕਾ ਮਨੁੱਖ ਇੱਕ ਅਜਿਹੇ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰ ਰਿਹਾ ਹੈ ਜਿੱਥੇ ਚਾਰ-ਚੁਫੇਰੇ ਹਨੇਰ ਹੈ, ਗੁਬਾਰ ਹੈ, ਸਭ ਧੁੰਦਲਕਾ ਹੈ, ਸਪਸ਼ਟ ਕੁਝ ਵੀ ਨਹੀਂਮਾਨਵੀ ਕਦਰਾਂ-ਕੀਮਤਾਂ, ਰਿਸ਼ਤੇ-ਨਾਤੇ, ਮੇਲ-ਜੋਲ ਪਤਨ ਬਿੰਦੂ ’ਤੇ ਹਨਹਰ ਪਾਸੇ ਘੁਟਣ ਹੀ ਘੁਟਣ ਹੈਅਜਿਹੇ ਖਰਖਰੇ ਪ੍ਰਬੰਧ ਵਿੱਚ ਲੋਕਾਈ ਨੂੰ ਸਾਹ ਲੈਣਾ ਵੀ ਕਠਿਨ ਜਾਪ ਰਿਹਾ ਹੈਅੱਜ ਨੈਤਿਕਤਾ ਪੱਖੋਂ ਗਿਰਾਵਟ ਵਾਲੇ ਅਜਿਹੇ ਪ੍ਰਬੰਧ ਨੂੰ ਬਦਲਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਸਗੋਂ ਭਵਿੱਖੀ ਨਸਲਾਂ ਨੂੰ ਬਚਾਉਣ ਲਈ ਇਸ ਨੂੰ ਬਦਲਣਾ ਅਤਿਅੰਤ ਜ਼ਰੂਰੀ ਹੈਅਜਿਹੇ ਪ੍ਰਬੰਧ ਨੂੰ ਦਰਕਿਨਾਰ ਕਰਨ ਲਈ ਸਮਾਂ ਸਾਡੇ ਤੋਂ ਆਪਾ ਬਾਲਣ ਦੀ ਮੰਗ ਕਰਦਾ ਹੈ ਪਰ ਸਮਾਜ ਵਿੱਚ ਆਪਾ ਬਾਲਣ ਵਾਲੇ ਲੋਕਾਂ ਦੀ ਹਮੇਸ਼ਾ ਥੁੜ ਰਹੀ ਹੈਸਮਾਜ ਵਿੱਚ ਵਿਚਰਦਿਆਂ ਨਿੱਤ ਦਿਹਾੜੇ ਸਾਡਾ ਵਾਹ ਸਵਾਰਥਵਾਦੀਆਂ ਨਾਲ ਹੀ ਪੈਂਦਾ ਹੈ ਜਿਹੜੇ ਆਪਣਾ ਕੰਮ ਨਿਕਲਦਿਆਂ ਪੱਲਾ ਝਾੜ ਤੁਰ ਜਾਂਦੇ ਹਨ ਤੇ ਮੁੜ ਕਿਸੇ ਦੀ ਬਾਤ ਨਹੀਂ ਪੁੱਛਦੇ

ਹਰ ਸਮਾਜ ਵਿੱਚ ਮਿਲਣ ਵਾਲੇ ਅਜਿਹੇ ਅਕ੍ਰਿਤਘਣ ਲੋਕ ਕਿਸੇ ਲਈ ਤਰਸ ਦੇ ਪਾਤਰ ਵੀ ਨਹੀਂ ਬਣਦੇਇਸਦੇ ਬਾਵਜੂਦ ਵੀ ਕੁਝ ਅਜਿਹੇ ਲੋਕ ਵੀ ਮਿਲ ਜਾਂਦੇ ਹਨ ਜਿਹੜੇ ਜੁਗਨੂੰਆਂ ਵਾਂਗ ਆਪਾ ਬਾਲ ਕੇ ਦੁਨੀਆ ਦੀ ਹਰ ਨੁੱਕਰ ਜਗਮਗਾਉਣ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਨਅਜਿਹੇ ਲੋਕ ਹਰ ਗੱਲ ਨੂੰ ਸਹਿਜੇ ਹੀ ਖਿੜੇ ਮੱਥੇ ਪ੍ਰਵਾਨ ਕਰਨਾ ਜਾਣਦੇ ਹਨ ਤੇ ਹਰ ਖ਼ੁਸ਼ੀ ਗ਼ਮੀ ਵਿੱਚ ਸਭਨਾਂ ਲਈ ਧਿਰ ਬਣਦੇ ਹਨਅਜਿਹੇ ਇਨਸਾਨ ਖ਼ੁਦ ਨੂੰ ਪਿੱਛੇ ਰੱਖ ਕੇ ਸਮਾਜ ਨੂੰ, ਮਾਨਵਤਾ ਨੂੰ ਤੇ ਮਨੁੱਖੀ ਭਾਵਨਾਵਾਂ ਨੂੰ ਪਹਿਲ ਦਿੰਦੇ ਹਨਹੋਰਨਾਂ ਦੇ ਦੁੱਖਾਂ ਦਰਦਾਂ ਨੂੰ ਆਪਣੇ ਅੰਦਰ ਸਮੇਟਣ ਦੀ ਅਥਾਹ ਸਮਰੱਥਾ ਰੱਖਦੇ ਹਨ ਤੇ ਸਮੁੱਚੇ ਸਮਾਜ ਲਈ ਸੰਘਣੀ ਛਤਰੀ ਬਣਦੇ ਹਨਆਪਾ ਬਾਲਣ ਵਾਲੇ ਅਜਿਹੇ ਇਨਸਾਨ ਸੁਭਾਅ ਪੱਖੋਂ ਸਬਰ ਸੰਤੋਖੀ ਤੇ ਫੱਕਰ ਬਿਰਤੀ ਵਾਲੇ ਹੁੰਦੇ ਹਨ ਅਤੇ ਬਿਨਾਂ ਕਿਸੇ ਸਵਾਰਥ ਜਾਂ ਲਾਲਚ ਦੇ ਸਮਾਜ ਦੀ ਭਲਾਈ ਲਈ, ਸਮਾਜ ਦੀ ਬਿਹਤਰੀ ਲਈ ਅਤੇ ਚੰਗਾ ਤੇ ਨਰੋਆ ਸਮਾਜ ਸਿਰਜਣ ਦੇ ਸੁਪਨਿਆਂ ਦੀ ਪੂਰਤੀ ਹਿਤ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨਆਪਣੇ ਮਨ ਅੰਦਰਲੀ ਸਹਿਜਤਾ, ਸਮਰੱਥਾ ਅਤੇ ਫਰਾਖ਼ਦਿਲੀ ਸਦਕਾ ਆਪਾ ਬਾਲਣ ਵਾਲੇ ਅਜਿਹੇ ਇਨਸਾਨ ਵੱਡੀ ਤੋਂ ਵੱਡੀ ਸਮੱਸਿਆ ਨਾਲ ਵੀ ਮੱਥਾ ਲਾਉਣ ਤੋਂ ਕਦਾਚਿਤ ਨਹੀਂ ਘਬਰਾਉਂਦੇਅਜਿਹੇ ਇਨਸਾਨਾਂ ਦੀ ਗਿਣਤੀ ਭਾਵੇਂ ਥੋੜ੍ਹੀ ਹੁੰਦੀ ਹੈ ਪਰ ਇਨ੍ਹਾਂ ਦੇ ਇਰਾਦੇ ਸਾਗਰਾਂ ਵਾਂਗ ਵਿਸ਼ਾਲ ਅਤੇ ਚਟਾਨਾਂ ਵਰਗੇ ਸਖਤ ਹੁੰਦੇ ਹਨਉਹ ਸਮਾਜ ਦੇ ਇਸ ਕੁਰਖ਼ਤ ਤੇ ਕੋਝੇ ਪ੍ਰਬੰਧ ਤੋਂ ਮੁਨਕਰ ਹੋ ਕੇ ਇਸ ਨਾਕਸ ਪ੍ਰਬੰਧ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਨਉਹ ਵਕਤ ਦੀਆਂ ਮਾਰੂ ਹਾਲਤਾਂ ਦੇ ਅੰਗ ਸੰਗ ਸਿਰੜੀ ਹੋ ਕੇ ਚੱਲਦਿਆਂ ਹੋਰਨਾਂ ਦੇ ਮਨਾਂ ਵਿੱਚ ਵੀ ਰੌਸ਼ਨੀ ਦੀ ਜਾਗ ਲਗਾਉਂਦੇ ਹਨ ਤੇ ਆਪਣੇ ਕਾਫ਼ਲੇ ਦਾ ਦਾਇਰਾ ਵਿਸ਼ਾਲ ਕਰਦੇ ਹਨਸ਼ਾਇਦ ਇਸੇ ਕਰਕੇ ਅਜਿਹੇ ਲੋਕ ਮੋਮਬੱਤੀ ਦੀ ਨਿਆਈ ਹੁੰਦੇ ਹਨ ਜਿਹੜੀ ਖੁਦ ਬਲਦੀ ਬਲਦੀ ਆਪਾ ਤਾਂ ਗੁਆ ਲੈਂਦੀ ਹੈ ਪਰ ਦੂਸਰਿਆਂ ਨੂੰ ਰੌਸ਼ਨ ਕਰਨ ਦੀ ਆਦਤ ਨਹੀਂ ਜਾਂਦੀ

ਆਪਾ ਬਾਲਣ ਦਾ ਕਾਰਜ ਜਿੰਨਾ ਮਹਾਨ ਹੈ, ਉੰਨਾ ਕਠਿਨ ਵੀ ਹੈਹਰ ਮਨੁੱਖ ਕੋਲ ਅੰਦਰ ਆਪਾ ਬਾਲਣ ਦਾ ਅਜਿਹਾ ਹੁਨਰ ਨਹੀਂ ਹੁੰਦਾਇਸ ਕਾਰਜ ਲਈ ਸਬਰ-ਸੰਤੋਖ, ਹਿੰਮਤ, ਹਾਂ-ਪੱਖੀ ਸੋਚ, ਦ੍ਰਿੜ੍ਹ ਵਿਸ਼ਵਾਸ ਅਤੇ ਵਿਸ਼ਾਲ ਦ੍ਰਿਸ਼ਟੀ ਦੀ ਲੋੜ ਹੁੰਦੀ ਹੈਇਸ ਮਕਸਦ ਦੀ ਪੂਰਤੀ ਹਿਤ ਤਨ, ਮਨ ਅਤੇ ਧਨ ਦਾ ਫਿਕਰ ਕੀਤੇ ਬਗੈਰ ਆਪਣੇ ਆਪ ਨੂੰ ਕੁਝ ਸੰਚਿਤ ਨਿਯਮਾਂ ਵਿੱਚ ਢਾਲਣਾ ਪੈਂਦਾ ਹੈਆਪਣੀ ਭੁੱਖ ਅਤੇ ਆਪਣੇ ਦੁੱਖ ਦੀ ਚਿੰਤਾ ਤਿਆਗਣੀ ਪੈਂਦੀ ਹੈਸਮਾਜਕ ਪ੍ਰਬੰਧ ਤੋਂ ਉੱਚਾ ਹੋ ਕੇ ਵੇਖਣਾ ਪੈਂਦਾ ਹੈਆਪਣਾ ਲਹੂ ਦੂਸਰਿਆਂ ਲਈ ਵਹਾਉਣਾ ਪੈਂਦਾ ਹੈਸੀਸ ਤਲੀ ’ਤੇ ਟਿਕਾ ਕੇ ਅਵੱਲੜੇ ਰਾਹਾਂ ਉੱਤੇ ਤੁਰਨਾ ਪੈਂਦਾ ਹੈਹੋਰਨਾਂ ਦੀ ਭਲਾਈ ਲਈ ਆਪਣੇ ਭਵਿੱਖ ਨੂੰ ਦਾਅ ’ਤੇ ਲਗਾਉਣਾ ਪੈਂਦਾ ਹੈ

ਸਰਬੱਤ ਦੀ ਭਲਾਈ ਹੀ ਮੁੱਖ ਨਿਸ਼ਚਾ ਹੋਣਾ ਚਾਹੀਦਾ ਹੈਇਸ ਅਨੋਖੇ ਸੱਚ ਦੇ ਕਠਿਨ ਰਾਹ ’ਤੇ ਖੁੱਲ੍ਹਦਿਲੀ ਨਾਲ ਝੂਮਦਿਆਂ ਹੋਇਆਂ ਚੱਲਣਾ ਪੈਂਦਾ ਹੈਅਨੇਕਾਂ ਨਿਯਮਾਂ ਨੂੰ ਸੋਨੇ ਨੂੰ ਕੁਠਾਲੀ ਵਿੱਚ ਪਾਉਣ ਵਾਂਗ ਪਹਿਲਾਂ ਖ਼ੁਦ ’ਤੇ ਅਜ਼ਮਾ ਕੇ ਵੇਖਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਸਮਾਜ ਲਈ ਕੁਝ ਕਰਨ ਦਾ ਸੁਪਨਾ ਹਕੀਕਤ ਹੋ ਅਗਾਂਹ ਤੁਰਦਾ ਹੈਫਿਰ ਕਿਤੇ ਜਾ ਕੇ ਚਮਨ ਵਿੱਚ ਪੈਦਾ ਹੁੰਦਾ ਹੈ ਸੁਨਹਿਰੀ ਤੇ ਸ਼ੋਖ-ਸ਼ਰਬਤੀ ਫੁੱਲ

ਵੇਖੋ! ਕੁਦਰਤ ਵੱਲ ਕਦੇ ਨੀਝ ਨਾਲ ਤੱਕ ਕੇ ਵੇਖੋ! ਕੁਦਰਤ ਹਮੇਸ਼ਾ ਆਪਾ ਬਾਲ ਕੇ ਸਭਨਾਂ ਨੂੰ ਸੁਖ ਬਖਸ਼ਦੀ ਹੈਸੂਰਜ, ਚੰਨ, ਤਾਰੇ ਅਤੇ ਜੁਗਨੂੰ ਪਹਿਲਾਂ ਖੁਦ ਬਲਦੇ ਹਨ ਤੇ ਹਮੇਸ਼ਾ ਸਭ ਨੂੰ ਊਰਜਾ, ਰੌਸ਼ਨੀ ਤੇ ਮਨਮੋਹਕਤਾ ਬਖ਼ਸ਼ਦੇ ਹਨਬਦਲੇ ਵਿੱਚ ਕਿਸੇ ਤੋਂ ਕਦੇ ਕੁਝ ਨਹੀਂ ਮੰਗਦੇਝਿਲਮਿਲ-ਝਿਲਮਿਲ ਕਰਦੀਆਂ ਵਗਦੀਆਂ ਨਦੀਆਂ ਹਰ ਕਿਸੇ ਦੀ ਪਿਆਸ ਬੁਝਾਉਂਦੀਆਂ ਹੀ ਹਨ ਤੇ ਮਾਰੂਥਲ ਦੀ ਪਿਆਸ ਬੁਝਾਉਣ ਹਿਤ ਭਾਵੇਂ ਆਪਾ ਵਾਰ ਦੇਣ ਪਰ ਪਿਛਾਂਹ ਨਹੀਂ ਹਟਦੀਆਂਰੁੱਖ ਪੱਥਰ ਅਤੇ ਰੋੜੇ ਵੱਜਣ ਦੇ ਬਾਵਜੂਦ ਕਿਸੇ ਨੂੰ ਮਿਠਾਸ ਭਰੇ ਫਲ ਦੇਣ ਅਤੇ ਸੰਘਣੀ ਛਾਂ ਤੋਂ ਇਨਕਾਰੀ ਨਹੀਂ ਹੁੰਦੇਕੁਹਾੜਿਆਂ ਦੇ ਫੱਟ ਸਹਿਣ ਦੇ ਬਾਵਜੂਦ ਰੁੱਖ ਕੁਹਾੜੇ ਨੂੰ ਫਿਰ ਤੋਂ ਦਸਤਾ ਬਖ਼ਸ਼ਦੇ ਹਨਪੰਛੀ ਹਮੇਸ਼ਾ ਸਭਨਾਂ ਨੂੰ ਮਿੱਠੜੇ ਗੀਤ ਸੁਣਾਉਂਦੇ ਹਨਨਿਰਮਲ ਝਰਨੇ ਸਦਾ ਆਜ਼ਾਦ ਹੀ ਵਹਿੰਦੇ ਰਹਿੰਦੇ ਹਨਸੜਕਾਂ ਹਰ ਕਿਸੇ ਦੇ ਕਦਮਾਂ ਵਿੱਚ ਸਦਾ ਵਿਛੀਆਂ ਹੀ ਰਹਿੰਦੀਆਂ ਹਨਮੀਲ-ਪੱਥਰ ਹਮੇਸ਼ਾ ਹੀ ਲੋਕਾਂ ਲਈ ਰਾਹ ਦਸੇਰੇ ਬਣਦੇ ਹਨਕੁੰਦਰਾਂ ਵਿੱਚ ਵੀ ਹਰਾ ਭਰਾ ਘਾਹ ਖੁਦ-ਬ-ਖੁਦ ਮੌਲਣ ਲੱਗ ਪੈਂਦਾ ਹੈਸੂਰਜ ਅਸਤ ਹੋ ਜਾਵੇ ਤਾਂ ਨਿੱਕੇ-ਨਿੱਕੇ ਅਣਗਿਣਤ ਤਾਰੇ ਸਾਡਾ ਸਵਾਗਤ ਕਰਨ ਲਈ ਹਰ ਰਾਤ ਤਿਆਰ-ਬਰ-ਤਿਆਰ ਰਹਿੰਦੇ ਹਨਜਿਸ ਕਿਸੇ ਦਾ ਮਨ ਕੁਦਰਤ ਵਾਂਗ ਇੰਨਾ ਵਿਸ਼ਾਲ ਹੋ ਜਾਵੇ, ਫਿਰ ਉਹ ਆਪਾ ਬਾਲਣ ਦੇ ਮਹਾਨ ਕਾਰਜ ਵਿੱਚ ਸਹਿਜੇ ਹੀ ਜੁਟ ਜਾਂਦਾ ਹੈ

ਧਰਤੀ ਉੱਤੇ ਅੰਧਕਾਰ ਦਾ ਵਰਤਾਰਾ ਹਾਵੀ ਹੈ। ਹੱਥ ਨੂੰ ਹੱਥ ਨਿਗਲ ਜਾਣ ਦੀ ਤਾਕ ਵਿੱਚ ਹੈ ਪਰ ਸ਼ਾਇਦ ਆਪਾ ਬਾਲਣ ਵਾਲੇ ਅਜਿਹੇ ਮਹਾਂ ਨਾਇਕਾਂ ਦੀ ਬਦੌਲਤ ਹੀ ਇਹ ਦੁਨੀਆ ਚਲਦੀ ਆ ਰਹੀ ਹੈਆਓ ਆਪਾ ਬਾਲਣ ਦੀ ਇਸ ਚਿਣਗ ਨੂੰ ਆਪਣੇ ਮਨ ਅੰਦਰ ਪੈਦਾ ਕਰੀਏ ਤੇ ਹੋਰਨਾਂ ਨੂੰ ਵੀ ਇਸ ਰਸਤੇ ਤੋਰਨ ਦੀ ਤਾਈਦ ਕਰੀਏ ਤਾਂ ਜੋ ਹਰ ਮੰਜ਼ਰ ਰੌਸ਼ਨ ਹੋ ਜਾਵੇ ਤੇ ਇਹ ਜਹਾਨ ਹੋਰ ਵੀ ਖੂਬਸੂਰਤ ਨਜ਼ਰ ਆਉਣ ਲੱਗ ਪਵੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1525)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬੂਟਾ ਸਿੰਘ ਵਾਕਫ਼

ਬੂਟਾ ਸਿੰਘ ਵਾਕਫ਼

Sri Mukarsar Sahib, Punjab, India.
Phone: (91 -  98762 - 24461)
Email: (BSwakaf@gmail.com)