ArvinderSNagpal7ਲੋਕ ਝੁੰਡਾਂ ਵਿੱਚ ਇਕੱਠੇ ਹੋ ਕੇ ਇਸੇ ਘਟਨਾ ਬਾਰੇ ਵਿੱਚ ਗੱਲਾਂ ਕਰ ਰਹੇ ਸਨ ...
(27 ਜੂਨ 2020)

 

ਮੈਨੂੰ 1984 ਦੀਆਂ ਘਟਨਾਵਾਂ ਇਸ ਤਰ੍ਹਾਂ ਯਾਦ ਹਨ, ਜਿਵੇਂ ਕੱਲ੍ਹ ਹੀ ਵਾਪਰੀਆਂ ਹੋਣ। ਮੈਂ ਉਹਨੀਂ ਦਿਨੀਂ ਮੈਡੀਕਲ ਕਾਲਜ ਪਟਿਆਲਾ ਵਿੱਚ ਅੱਖਾਂ ਦਾ ਡਾਕਟਰ ਬਣਨ ਦੀ ਪੜ੍ਹਾਈ ਕਰ ਰਿਹਾ ਸੀ। ਮੇਰਾ ਪਰਿਵਾਰ ਮੋਗੇ ਦੇ ਨੇੜੇ ਪਿੰਡ ਕੋਕਰੀ ਕਲਾਂ ਵਿੱਚ ਰਹਿੰਦਾ ਸੀ, ਜਿੱਥੇ ਮੇਰੇ ਮਾਤਾ ਜੀ ਕੁੜੀਆਂ ਦੇ ਸਕੂਲ ਦੇ ਪ੍ਰਿੰਸੀਪਲ ਸਨ। ਮੈਂ ਆਪਣੇ ਪਿੰਡ ਵਿੱਚੋਂ ਮੈਡੀਕਲ ਕਾਲਜ ਵਿੱਚ ਪਹੁੰਚਣ ਵਾਲਾ ਪਹਿਲਾ ਵਿਦਿਆਰਥੀ ਸੀ। ਜਦੋਂ ਵੀ ਮੈਂ ਛੁੱਟੀਆਂ ਦੌਰਾਨ ਪਿੰਡ ਆਉਂਦਾ ਹੁੰਦਾ ਸੀ ਤਾਂ ਪਿੰਡ ਦੇ ਲੋਕ ਆਪਣੀਆਂ ਛੋਟੀਆਂ ਵੱਡੀਆਂ ਬੀਮਾਰੀਆਂ ਬਾਰੇ ਮੇਰੇ ਨਾਲ ਸਲਾਹ ਕਰਨ ਆ ਜਾਂਦੇ ਸੀਜਦੋਂ ਮੈਂ ਅਖਾਂ ਦਾ ਡਾਕਟਰ ਬਣਨ ਬਾਰੇ ਸੋਚਿਆ ਤਾਂ ਮੈਂਨੂੰ ਪਿੰਡ ਦੇ ਵਡੇਰਿਆਂ ਨੇ ਕਿਹਾ, ਕਾਕਾ ਪਿੰਡ ਲਈ ਵੀ ਕੁਝ ਕਰੋ। ਸਾਡੇ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਡਾਕਟਰੀ ਸਹੂਲਤਾਂ ਦੀ ਘਾਟ ਹੋਣ ਕਰਕੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ ਕੋਈ ਸਾਧਨ ਨਹੀਂ ਸੀ। ਬਹੁਤ ਸਾਰੇ ਬਜ਼ੁਰਗ ਘਰ ਬੈਠੇ ਹੀ ਅੰਨ੍ਹੇ ਹੋ ਜਾਂਦੇ ਹੁੰਦੇ ਸਨ। ਮੈਂ ਪੰਜਾਬ ਦੇ ਮਸ਼ਹੂਰ ਡਾਕਟਰ ਧਨਵੰਤ ਸਿੰਘ ਦੀ ਨਿਗਰਾਨੀ ਵਿੱਚ ਅੱਖਾਂ ਦਾ ਇਲਾਜ ਸਿੱਖ ਰਿਹਾ ਸੀ। ਮੇਰੇ ਪਿੰਡ ਵਾਲ਼ਿਆਂ ਨੇ ਮੈਂਨੂੰ ਕਿਹਾ ਕਿ ਮੈਂ ਡਾਕਟਰ ਧਨਵੰਤ ਸਿੰਘ ਨਾਲ ਪਿੰਡ ਵਿੱਚ ਅੱਖਾਂ ਦਾ ਮੁਫਤ ਕੈਂਪ ਲਗਵਾਉਣ ਬਾਰੇ ਗੱਲ ਕਰਾਂ। ਸਾਰੇ ਇੰਤਜ਼ਾਮ ਕਰਨ ਨੂੰ ਉਹ ਤਿਆਰ ਸਨ।

ਮੈਂ ਵਿਦਿਆਰਥੀ ਹੋਣ ਕਰਕੇ ਬਹੁਤ ਝਿਜਕਦਾ ਹੋਇਆ ਡਾਕਟਰ ਧਨਵੰਤ ਸਿੰਘ ਦੇ ਕੋਲ ਗਿਆ। ਪਿੰਡ ਵਾਲਿਆਂ ਦੀ ਫ਼ਰਮਾਇਸ਼ ਉਹਨਾਂ ਦੇ ਸਾਹਮਣੇ ਰੱਖੀ। ਇਹ ਉਨ੍ਹਾਂ ਦਾ ਵਡੱਪਣ ਸੀ ਕਿ ਉਨ੍ਹਾਂ ਨੇ ਹਾਂ ਕਰਨ ਲਈ ਇੱਕ ਮਿੰਟ ਵੀ ਨਹੀਂ ਲਾਇਆ। ਉਨ੍ਹਾਂ ਆਪਣੀ ਡਾਇਰੀ ਦੇਖੀ ਤੇ 2 ਨਵੰਬਰ 1984 ਦਾ ਦਿਨ ਕੈਂਪ ਲਈ ਮਿਥ ਲਿਆ। ਮੈਂ ਕੈਂਪ ਦੀਆਂ ਤਿਆਰੀਆਂ ਕਰਨ ਲਈ 31 ਅਕਤੂਬਰ ਨੂੰ ਹੀ ਪਟਿਆਲੇ ਤੋਂ ਪਿੰਡ ਲਈ ਬੱਸ ਵਿੱਚ ਬੈਠ ਗਿਆ। ਮੈਂ ਅੱਧਸੁਤੀ ਜਿਹੀ ਹਾਲਤ ਵਿੱਚ ਸੀ, ਜਦੋਂ ਲੁਧਿਆਣੇ ਤੋਂ ਬਾਹਰ ਬੱਸ ਅਚਾਨਕ ਰੁਕ ਗਈ ਤੇ ਮੈਂ ਰੌਲਾ ਜਿਹਾ ਸੁਣਿਆ। ਬੱਸ ਵਿੱਚ ਕਾਲਜ ਦੇ ਵਿਦਿਆਰਥੀ ਚੜ੍ਹ ਗਏ ਤੇ ਕਹਿਣ ਲੱਗੇ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਇਹ ਖ਼ਬਰ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਕਿਵੇਂ ਨਾ ਕਿਵੇਂ ਮੈਂ ਆਪਣੇ ਪਿੰਡ ਪਹੁੰਚਿਆ, ਪਰ ਉੱਥੇ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ।

ਹਿੰਦੁਸਤਾਨ ਵਿੱਚ ਬਹੁਤ ਜਗ੍ਹਾ ’ਤੇ ਕਤਲੇਆਮ ਸ਼ੁਰੂ ਹੋ ਚੁੱਕਾ ਸੀ, ਜਿਸਦੀਆਂ ਦਰਦਨਾਕ ਖਬਰ ਸਾਡੇ ਤਕ ਪਹੁੰਚ ਰਹੀਆਂ ਸਨ। ਇਨ੍ਹਾਂ ਖਬਰਾਂ ਨੇ ਇਲਾਕੇ ਦੇ ਹਿੰਦੂਆਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ।ਸਾਡੇ ਪਿੰਡ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਸੀ। ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਅਗਲੇ ਦਿਨ ਕੀ ਹੋਵੇਗਾ? ਪਿੰਡ ਦੇ ਗੁਰਦੁਆਰੇ ਵਿੱਚ, ਜਿੱਥੇ ਕਿ ਕੈਂਪ ਲੱਗਣਾ ਸੀ, ਸੁੰਨ ਮਸਾਨ ਪਸਰੀ ਹੋਈ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਕੋਲ ਸੌ ਸਵਾਲ ਸਨ। ਕਰਫਿਊ ਵਰਗੇ ਹਾਲਾਤ ਵਿੱਚ ਕੀ ਲਾਗਲੇ ਪਿੰਡਾਂ ਤੋਂ ਮਰੀਜ਼ ਸਾਡੇ ਪਿੰਡ ਪਹੁੰਚ ਸਕਣਗੇ।

ਮੈਂ ਜਦੋਂ ਡਾਕਟਰ ਧਨਵੰਤ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹਨਾਂ ਦੇ ਵੀ ਕੁਝ ਅਜਿਹੇ ਸਵਾਲ ਸਨ। ਪਰ ਪਿੰਡ ਦੇ ਵਡੇਰੇ ਬਜ਼ਿੱਦ ਸਨ। ਉਹਨਾਂ ਨੇ ਕਿਹਾ, “ਇਹ ਧਰਮ ਦਾ ਕੰਮ ਹੈ, ਜੋ ਪਿੰਡ ਵਿੱਚ ਹੋ ਰਿਹਾ ਹੈ। ਅੱਖਾਂ ਦੇ ਮਾਹਿਰ ਡਾਕਟਰ ਧਨਵੰਤ ਸਿੰਘ ਆ ਰਹੇ ਹਨ। ਇਹ ਕੈਂਪ ਤਾਂ ਹੁਣ ਲੱਗ ਕੇ ਹੀ ਰਹੇਗਾ।”

ਸਾਡੇ ਪਿੰਡ ਵਿੱਚ ਹਿੰਦੂਆਂ ਦੀ ਬਹੁਤ ਵੱਡੀ ਆਬਾਦੀ ਸੀ। ਪਰ ਜਦੋਂ ਮੈਂ ਪਿੰਡ ਵਿੱਚ ਘੁੰਮ ਕੇ ਵੇਖਿਆ, ਲੋਕ ਝੁੰਡਾਂ ਵਿੱਚ ਇਕੱਠੇ ਹੋ ਕੇ ਇਸੇ ਘਟਨਾ ਬਾਰੇ ਵਿੱਚ ਗੱਲਾਂ ਕਰ ਰਹੇ ਸਨ। ਮੈਂਨੂੰ ਫਿਕਰ ਹੋ ਗਿਆ। ਮੈਂ ਪ੍ਰਬੰਧਕਾਂ ਨਾਲ ਸਲਾਹ ਕੀਤੀ ਅਤੇ ਪਿੰਡ ਦੀ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਬੁਲਾਇਆ। ਮੈਂ ਕਿਹਾ, “ਤੁਸੀਂ ਵੀ ਸਾਡੇ ਪਿੰਡ ਦਾ ਇੱਕ ਹਿੱਸਾ ਹੋ। ਤੁਹਾਡੇ ਤੋਂ ਬਗੈਰ ਇਹ ਸਾਂਝਾ ਕੰਮ ਸਿਰੇ ਨਹੀਂ ਚੜ੍ਹ ਸਕਦਾ। ਸਾਡੇ ਕੋਲ ਗੁਰਦੁਆਰੇ ਵਿੱਚ ਸੀਮਤ ਜਗ੍ਹਾ ਹੈ। ਅਸੀਂ ਸੋਚ ਰਹੇ ਹਾਂ, ਮਰਦ ਮਰੀਜ਼ਾਂ ਨੂੰ ਗੁਰਦੁਆਰੇ ਵਿੱਚ ਦਾਖ਼ਲ ਕਰੀਏ ਅਤੇ ਔਰਤ ਮਰੀਜ਼ਾਂ ਨੂੰ ਮੰਦਰ ਵਿੱਚ। ਕੀ ਤੁਸੀਂ ਇਸ ਸੇਵਾ ਵਿੱਚ ਸਾਡਾ ਹੱਥ ਵਟਾਉਣ ਲਈ ਤਿਆਰ ਹੋ?” ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਅਤੇ ਉਨ੍ਹਾਂ ਨੇ ਚਾਈਂ ਚਾਈਂ ਹਾਮੀ ਭਰ ਦਿੱਤੀ। ਉਸ ਦੁੱਖਦਾਈ ਘਟਨਾ ਜਾਂ ਡਰ ਦੇ ਮਾਹੌਲ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ।

ਉਸ ਤੋਂ ਬਾਅਦ ਮੈਂ ਡਾਕਟਰ ਧਨਵੰਤ ਸਿੰਘ ਨੂੰ ਫੋਨ ਕਰਕੇ ਕਿਹਾ, “ਕੈਂਪ ਦੀ ਪੂਰੀ ਤਿਆਰੀ ਹੈ। ਪੂਰੀ ਟੀਮ ਨੂੰ ਲੈ ਕੇ ਵਕਤ ਸਿਰ ਜ਼ਰੂਰ ਪਹੁੰਚ ਜਾਣਾ, ਮੇਰੀ ਇੱਜ਼ਤ ਦਾ ਸਵਾਲ ਹੈ। ਜੇ ਤੁਸੀਂ ਨਾ ਆਏ ਤਾਂ ਮੈਂ ਪਿੰਡ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ।” ਡਾਕਟਰ ਧਨਵੰਤ ਸਿੰਘ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਦੋ ਨਵੰਬਰ ਨੂੰ ਜ਼ਰੂਰ ਆਉਣਗੇ।

ਮੈਂ ਦੋ ਨਵੰਬਰ ਨੂੰ ਜਦੋਂ ਗੁਰਦੁਆਰੇ ਪਹੁੰਚਿਆ ਤਾਂ ਮਰੀਜ਼ਾਂ ਦਾ ਹਜ਼ੂਮ ਮੇਰਾ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਹੁੰਦੇ ਹੁੰਦੇ ਮੈਂ ਸੌ ਤੋਂ ਵੱਧ ਮਰੀਜ਼ਾਂ ਨੂੰ ਓਪਰੇਸ਼ਨ ਲਈ ਦਾਖਲ ਚੁੱਕਿਆ ਸੀ। ਡਾਕਟਰ ਧਨਵੰਤ ਸਿੰਘ ਦੀ ਟੀਮ ਵੀ ਸਮੇਂ ਸਿਰ ਪਹੁੰਚ ਗਈ। ਉਨ੍ਹਾਂ ਨੇ ਮੈਂਨੂੰ ਦੱਸਿਆ ਕਿ ਬਹੁਤ ਸਾਰੇ ਨਾਕੇ ਤੇ ਚੈਕਿੰਗ ਸੀ ਤੇ ਡਰ ਦਾ ਮਾਹੌਲ ਸੀ ਪਰ ਉਹ ਵਿਚਕਾਰਲੇ ਅਤੇ ਅਣਜਾਣ ਰਸਤਿਆਂ ਤੋਂ ਲੰਘਦੇ ਹੋਏ ਮੰਜ਼ਲ ’ਤੇ ਆ ਪਹੁੰਚੇ ਸਨ। ਸਾਰੇ ਉਪਰੇਸ਼ਨ ਕਰਨ ਤੋਂ ਬਾਅਦ ਟੀਮ ਪਿੰਡ ਵਿੱਚੋਂ ਚਲੀ ਗਈ। ਮੈਂਨੂੰ ਉਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਿੱਛੇ ਛੱਡ ਦਿੱਤਾ। ਅਗਲੇ ਦਿਨ ਗੁਰਦੁਆਰਾ ਕਮੇਟੀ ਅਤੇ ਮੰਦਰ ਕਮੇਟੀ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਸੀ ਕਿ ਮਰੀਜ਼ਾਂ ਦੀ ਵੱਧ ਸੇਵਾ ਕੌਣ ਕਰ ਰਿਹਾ ਹੈ। ਕੈਂਪ ਦੀ ਸਮਾਪਤੀ ਤੋਂ ਬਾਅਦ ਜਦੋਂ ਮੈਂ ਪਟਿਆਲੇ ਵਾਪਸ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਆਉਣ ਵਾਲੀਆਂ ਕਈ ਸਦੀਆਂ ਤਕ ਵੀ ਮੇਰੇ ਪਿੰਡ ਦੇ ਭਾਈਚਾਰੇ ਵਿੱਚ ਕੋਈ ਦਰਾੜ ਪੈਂਦਾ ਨਹੀਂ ਕਰ ਸਕਦਾ। ਮੇਰਾ ਪਿੰਡ ਮੁਸ਼ਕਲ ਸਮੇਂ ਦਾ ਚਾਨਣ ਮੁਨਾਰਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2219) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਅਰਵਿੰਦਰ ਸਿੰਘ ਨਾਗਪਾਲ

ਡਾ. ਅਰਵਿੰਦਰ ਸਿੰਘ ਨਾਗਪਾਲ

Phone: (91 - 98151 - 77324)
Email: (gadssldh@gmail.com)