JatinderSingh7ਕਿਤੇ ਇਨ੍ਹਾਂ ਲੋਕਾਂ ਦੇ ਨਿੱਕੇ-ਨਿੱਕੇ ਸੁਪਨਿਆਂ ਨੂੰ ਪੈਰਾਂ ਨਾਲ ਮਧੋਲ ...
(19 ਮਈ 2020)

 

ਇਤਫਾਕਨ ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਦਾ ਜਨਮ-ਦਿਨ ਅਪ੍ਰੈਲ ਦੇ ਉਸ ਸਮੇਂ ਦਾ ਹੈ ਜਦੋਂ ਕਣਕ ਪੱਕ ਜਾਂਦੀ ਹੈ ਅਤੇ ਵਾਢੀਆਂ ਦਾ ਪੂਰਾ ਜ਼ੋਰ ਹੁੰਦਾ ਹੈਇਹ ਦੋਵੇਂ ਕਵੀ ਜੁਝਾਰਵਾਦੀ ਬਿਰਤੀ ਵਾਲੇ ਹੀ ਨਹੀਂ ਸਗੋਂ ਮਿਹਨਤਕਸ਼ ਤਬਕੇ ਦੇ ਪਛਾਣ-ਚਿੰਨ੍ਹ ਵੀ ਹਨਇਨ੍ਹਾਂ ਨੇ ਕਵਿਤਾ ਸਿਰਫ਼ ਮੁਸ਼ਹਰਿਆਂ, ਕਵੀ ਦਰਬਾਰਾਂ ਜਾਂ ਸੈਮੀਨਾਰਾਂ ਵਿੱਚ ਨਹੀਂ ਹੰਢਾਈ ਸਗੋਂ ਕਵਿਤਾ ਨੂੰ ਜ਼ਿੰਦਗੀ ਨਾਲ ਪਰੋਇਆ ਹੈਲਾਲ ਸਿੰਘ ਦਿਲ ਨੇ ਸਾਰੀ ਉਮਰ ਮਿਹਨਤ ਮਜ਼ਦੂਰੀ ਅਤੇ ਦਿਹਾੜੀ-ਦੱਪਾ ਕਰਕੇ, ਉਸਨੇ ਜਾਂ ਤਾਂ ਚਾਹ ਦੀ ਛੋਟੀ ਜਿਹੀ ਫੜ੍ਹੀ/ ਖੋਖਾ ਲਗਾਇਆ ਜਾਂ ਫਿਰ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕੀਤਾਜ਼ਿੰਦਗੀ ਨਾਲ ਸੰਘਰਸ਼ ਦੀ ਗਾਥਾ ਨੂੰ ਉਸਦਾ ਜੀਵਨ ਅਤੇ ਕਵਿਤਾ ਦੋਵੇਂ ਬੋਲਦੇ ਹਨਤਾਂ ਹੀ ਉਸਦੀਆਂ ਕਾਵਿ-ਤੁਕਾਂ ਵੀ ਇਸੇ ਸੰਘਰਸ਼ ਦੀ ਹੀ ਹਾਮੀ ਭਰਦੀਆਂ ਹਨ:

ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕੱਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁੱਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਸਾਰੀ ਕਸਰਤ ਹੈ

ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ

ਲਾਲ ਸਿੰਘ ਦਿਲ ‘ਬੋਲਣ ਦੀ ਥਾਂ ਚੁੱਪ ਕਰ ਜਾਣਾ’ ਉਨ੍ਹਾਂ ਸਮਾਜਕ ਹਾਲਾਤ ਤੇ ਸਥਿਤੀਆਂ ਵੱਲ ਸੰਕੇਤ ਕਰਦਾ ਹੈ ਕਿ ਕਾਮੇ ਜੋ ਹਰ ਰੋਜ਼ ਸਵੇਰੇ ਆਪਣੀ ਭੁੱਖ ਦੀ ਖਾਤਰ ਕੰਮ ’ਤੇ ਚਲੇ ਜਾਂਦੇ ਤੇ ਆਪਣੇ ਆਪ ਹੀ ਸਮਾਜਕ ਹਾਲਾਤ ਨਾਲ ਜੂਝਦੇ ਹਨਇਹ ਉਦੋਂ ਹੋਰ ਵੀ ਔਖਾ ਜੋ ਜਾਂਦਾ ਹੈ ਜਦੋਂ ‘ਚੁੱਪ’ ਦੀ ਚੁੱਪ ਨੂੰ ਦਬਾਇਆ ਜਾਵੇਮਹਾਂਮਾਰੀ ਦੇ ਦੌਰ ਵਿੱਚ ਇਨ੍ਹਾਂ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਦੂਰ ਦੁਰਾਡੇ ਦਿਖ ਹੀ ਨਹੀਂ ਰਿਹਾ

ਇਸ ਬੁਰੇ ਸਮੇਂ ਵਿੱਚ ਸਾਡੇ ਚੇਤਿਆਂ ਅੰਦਰ ਇੱਕ ਖਦਸ਼ਾ ਜੋ ਪੈਦਾ ਹੋਇਆ ਕਿ ਸਾਡੀ ਕਿਸਾਨੀ ਨੂੰ ਕਿਵੇਂ ਬਚਾਇਆ ਜਾਵੇਕਣਕ ਦੀ ਵਾਢੀ ਦੇ ਵਿੱਚ ਸਾਰਾ ਧਿਆਨ ਇਸ ਗੱਲ ’ਤੇ ਹੈ ਕਿ ਕਣਕ ਦੀ ਸਾਂਭ ਸੰਭਾਲ ਕਿਵੇਂ ਹੋਵੇਇਹ ਬੁਨਿਆਦੀ ਲੋੜ ਤੇ ਸਮੇਂ ਦੀ ਨਜ਼ਾਕਤ ਵੀ ਹੈ ਕਿ ਕਿਸਾਨ ਦੀ ਧੀਆਂ-ਪੁੱਤਾਂ ਵਾਂਗ ਪਾਲੀ ਫਸਲ ਨੂੰ ਸਾਂਭਣ ਦਾ ਉਪਰਾਲਾ ਲਗਾਤਾਰ ਪ੍ਰਸ਼ਾਸਨ ਵਲੋਂ ਕੀਤਾ ਜਾ ਰਿਹਾ ਤੇ ਮੀਡਿਆ ਵਿੱਚ ਵੀ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਕਿੱਥੇ ਕਿੱਥੇ ਕਿਸਾਨ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਨਾਲ ਨਾਲ ਕੀਤਾ ਜਾ ਰਿਹਾ ਹੈ

ਪਰ ਇਹ ਤਾਂ ਤਸਵੀਰ ਦਾ ਇੱਕ ਪਾਸਾ ਹੈ, ਦੂਜੇ ਪਾਸੇ ਵਲ ਧਿਆਨ ਬਿਲਕੁਲ ਨਹੀਂ ਜਾ ਰਿਹਾ ਜਿਹੜੇ ਖੇਤੀ ਨਾਲ ਸਹਾਇਕ ਧੰਦੇ ਵਾਲੇ ਮਿਹਨਤਕਸ਼ ਕਾਮਿਆਂ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਕਾਮਿਆਂ ਦੇ ਆਸਰੇ ਕਿਰਸਾਨੀ ਜੀਵਨ ਨਿਰੰਤਰਤਾ ਵਿੱਚ ਰਹਿੰਦਾ ਹੈ, ਉਨ੍ਹਾਂ ਦਾ ਕੀ ਬਣ ਰਿਹਾ ਹੈਵਾਢੀਆਂ ਤੇ ਫਸਲ ਦੇ ਵੇਚਣ ਵੇਲੇ ਜਦੋਂ ਮੰਡੀਆਂ ਕਣਕਾਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ ਤਾਂ ਸਿਰਫ ਕਿਸਾਨਾਂ ਦੇ ਚਿਹਰੇ ਹੀ ਖੁਸ਼ੀ ਨਾਲ ਖਿੜੇ ਨਹੀਂ ਹੁੰਦੇ ਸਗੋਂ ਉਨ੍ਹਾਂ ਲੋਕਾਂ ਦੀ ਆਸ ਨੂੰ ਵੀ ਬੂਰ ਪੈਂਦਾ ਹੈ ਜੋ ਇਸ ਦੌਰ ਦੇ ਭਾਗੀਦਾਰ ਹੁੰਦੇ ਹਨਜਿਸ ਨਾਲ ਕਿਰਸਾਨੀ ਜੀਵਨ ਨੇ ਗਤੀ ਫੜਨੀ ਹੁੰਦੀ ਹੈ, ਉੱਥੇ ਮੰਡੀਆਂ ਵਿੱਚ ਚਾਹ ਬਣਾਉਣ ਵਾਲਿਆਂ ਤੋਂ ਲੈ ਕੇ ਪੱਲੇਦਾਰ, ਮੰਡੀਆਂ ਵਿੱਚ ਛੋਟੀਆਂ ਛੋਟੀਆਂ ਰੇੜ੍ਹੀਆਂ, ਢਾਬੇ, ਕੁਲਫੀਆਂ ਵੇਚਣ ਵਾਲੇ ਤਕ ਯਾਦ ਆਉਂਦੇ ਹਨ ਇੱਥੋਂ ਤਕ ਕਿ ਕਿਰਸਾਨ ਨੇ ਆਪਣੇ ਨਵੇਂ ਖੇਤੀ ਦੇ ਸੰਦ ਖਰੀਦਣੇ ਜਾਂ ਉਨ੍ਹਾਂ ਦੀ ਮੁਰੰਮਤ ਕਰਵਾਉਣੀ ਹੁੰਦੀ ਹੈ, ਇਨ੍ਹਾਂ ਸਾਰਿਆਂ ਲੋਕਾਂ ਬਾਰੇ ਧਨੀ ਰਾਮ ਚਾਤ੍ਰਿਕ ਕਵਿਤਾ ਵਿੱਚ ਇਉਂ ਬਿਆਨ ਕਰਦਾ ਹੈ:

ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ
ਸੈਂਕੜੇ ਸੁਆਦਾਂ ਨਾਲ ਭਰ ਆਈਆਂ
ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖਲੀ ਏ …

ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਾਲਾ ਦੌਰ ਭਾਵੇਂ ਸੌ ਸਾਲ ਪੁਰਾਣਾ ਹੋ ਚੁੱਕਾ ਹੈ, ਪਰ ਇਹ ਸਾਰਾ ਵਰਤਾਰਾ ਇਸੇ ਤਰ੍ਹਾਂ ਹੀ ਚਲਦਾ ਹੈਭਾਵੇਂ ਇਸਦਾ ਰੂਪ ਬਦਲ ਗਿਆ ਹੋਵੇਕਿਉਂਕਿ ਕਿਰਸਾਨੀ ਨਾਲ ਪੰਜਾਬ ਦਾ ਅਰਥਚਾਰਾ ਤੇ ਜ਼ਿੰਦਗੀ ਜੁੜੀ ਹੈਮੰਡੀਆਂ ਤੋਂ ਲੈ ਕੇ ਪਿੰਡਾਂ ਕਸਬਿਆਂ, ਸ਼ਹਿਰਾਂ-ਮੁਹੱਲਿਆਂ ਦੀ ਰੌਣਕ ਇਸ ’ਤੇ ਨਿਰਭਰ ਕਰਦੀ ਹੈਇਨ੍ਹਾਂ ਛੋਟੇ-ਮੋਟੇ ਕੰਮ-ਕਾਰਾਂ ਵਾਲੇ ਲੋਕਾਂ ਨੇ ਦੋ ਮਹੀਨਿਆਂ ਦੀ ਕਮਾਈ ਨਾਲ ਆਪਣੇ ਅਗਲੇ ਦੋ-ਚਾਰ ਮਹੀਨਿਆਂ ਦੀ ਜ਼ਿੰਦਗੀ ਨੂੰ ਰਵਾਂ ਕਰਨਾ ਹੁੰਦਾ ਹੈ, ਜਿਸ ਨੂੰ ਉਹ ਆਪਣੀ ਬੋਲੀ ਵਿੱਚ ‘ਸ਼ੀਜਨ ਲੌਣਾ’ ਵੀ ਕਹਿੰਦੇ ਹਨਜਦੋਂ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਜਾਵੇਗਾ ਤਾਂ ਸੁਭਾਵਕ ਹੀ ‘ਚੁੱਪ ਰਹਿਣ’ ਤੇ ਗੁਰਬਤ ਤੋਂ ਇਲਾਵਾ ਹੋਰ ਕੁਝ ਨਹੀਂ ਬਚੇਗਾ ਉਨ੍ਹਾਂ ਲੋਕਾਂ ਕੋਲਇਹ ਤਾਂ ਸਰਕਾਰ ਵਲੋਂ ਦਿੱਤੀ ਜਾ ਰਹੀ ਪੰਜ ਕਿਲੋ ਕਣਕ ਤੇ ਦੋ ਕਿਲੋ ਦਾਲ ਦੇ ਵਿੱਚੋਂ ਆਪਣਾ ਭਵਿੱਖ ਲੱਭ ਰਹੇ ਹਨ

ਬੰਦੇ ਦੇ ਸੋਚਣ ਦਾ ਵਰਤਾਰਾ ਵੀ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ:

ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਵਿੱਚੋਂ ਨੀਰ ਵਗਿਆ,
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ‘ਜੱਗਿਆ’

ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਕਿਸਾਨ ਤੇ ਕਾਮੇ ਦੇ ਦੁਵੱਲੇ ਰਿਸ਼ਤੇ ਨੂੰ ਸੰਬੋਧਨ ਹਨਇਹ ਰਿਸ਼ਤਾ ਸਿਰਫ ਆਰਥਿਕ ਅਧੀਨਗੀ ਵਾਲਾ ਨਹੀਂ ਸਗੋਂ ਇੱਕ ਤਰ੍ਹਾਂ ਨਾਲ ਸਮਾਜਕ ਕੜੀ ਵਾਲਾ ਵੀ ਹੈ ਜੋ ਇੱਕ ਦੂਜੇ ਉੱਤੇ ਨਿਰਭਰਤਾ ਦੀ ਗੱਲ ਕਰਦਾ ਹੈਕਾਮੇ ਦਾ ਮਤਲਬ ਇੱਥੇ ਸਿਰਫ ਜ਼ਮੀਨ ’ਤੇ ਵਾਹੀ ਕਰਨ ਵਾਲੇ ਤੋਂ ਨਹੀਂ ਸਗੋਂ ਕਿਰਸਾਨ ਦੀ ਕਹੀ ਨੂੰ ਫਾਲਾ ਠੋਕਣ ਵਾਲੇ, ਟਰਾਲੀ-ਟਰੈਕਟਰ ਤੇ ਸੰਦਾਂ ਦੀ ਮੁਰੰਮਤ ਕਰਨ ਵਾਲੇ ਅਤੇ ਮੰਡੀ ਵਿੱਚ ਪੱਲੇਦਾਰੀ ਕਰਨ ਵਾਲੇ ਤਕ ਹੈ, ਜੋ ਕਿਰਸਾਨ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਦਦ ਕਰਦਾ ਹੈਇਸ ਮਹਾਂਮਾਰੀ ਦੇ ਮੰਦੀ ਦੇ ਦੌਰ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਕਿਤੇ ਇਨ੍ਹਾਂ ਲੋਕਾਂ ਦੇ ਨਿੱਕੇ-ਨਿੱਕੇ ਸੁਪਨਿਆਂ ਨੂੰ ਪੈਰਾਂ ਨਾਲ ਮਧੋਲ ਨਾ ਸੁੱਟੀਏਇਸ ਬਾਰੇ ਗੰਭੀਰਤਾ ਦੀ ਲੋੜ ਹੈ

****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2140) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਸਿੰਘ

ਜਤਿੰਦਰ ਸਿੰਘ

Phone: (91 - 94174 - 78446)
Email: (dr.jatinder80@gmail.com)