JatinderSingh7ਨਿਰਦੇਸ਼ਕ ਇਨ੍ਹਾਂ ਫਿਲਮਾਂ ਵਿਚ ਆਏ ਦ੍ਰਿਸ਼ਾਂ ਵਿਚ ਕਿਰਦਾਰਾਂ ਦੇ ਸੰਵਾਦ ਅਤੇ ਹੋਰ ਸਥਿਤੀਆਂ ...
(6 ਦਸੰਬਰ 2018)

 

ਸਾਹਿਤ ਤੇ ਸਿਨਮਾ ਦਾ ਨੇੜਲਾ ਤੇ ਗੁੜ੍ਹਾ ਸਬੰਧ ਹੈ। ਹਰੇਕ ਬੋਲੀ ਦੇ ਸਾਹਿਤ ਦਾ ਸਿਨਮਾ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਫਿਲਮਸਾਜ਼ਾਂ ਵੱਲੋਂ ਕਿਸੇ ਨਾ ਕਿਸੇ ਸਾਹਿਤਕ ਕਿਰਤ ’ਤੇ ਆਧਾਰਿਤ ਫਿਲਮ ਨਿਰਮਾਣ ਦਾ ਕਾਰਜ ਬਹੁਤ ਪ੍ਰੰਪਰਿਕ ਵੀ ਹੈ ਤੇ ਆਧੁਨਿਕ ਵੀ। ਫਿਲਮਾਂ ਤੇ ਸਾਹਿਤ ਦਾ ਮੂਲ ਉਦੇਸ਼ ਤੇ ਕਰਤਵ ਸੁਹਜ, ਸੁਆਦ ਤੇ ਚਿੰਤਨ ਹੈ। ਜੇਕਰ ਇਨ੍ਹਾਂ ਦਾ ਸੁਮੇਲ ਹੋ ਜਾਂਦਾ ਹੈ ਤਾਂ ਉਹ ਕਿਰਤ ਸ਼ਾਹਕਾਰ ਹੋ ਨਿੱਬੜਦੀ ਹੈ। ਕਿਤਾਬ ਦੀ ਪੜ੍ਹਤ ਅਤੇ ਫਿਲਮ ਦੇਖਣ ਵਿਚ ਕੀ ਫ਼ਰਕ ਹੈ? ਜਾਂ ਇੰਜ ਕਹਿ ਲਿਆ ਜਾਵੇ ਕਿ ਕਿਸੇ ਨਾਵਲ ਦਾ ਫਿਲਮੀ ਰੂਪਾਂਤਰਨ ਕਰਨਾ ਹੋਵੇ ਤਾਂ ਉਸ ਦੀਆਂ ਕੀ ਮੁਸ਼ਕਿਲਾਂ ਤੇ ਸੰਭਾਵਨਾਵਾਂ ਹੁੰਦੀਆਂ ਹਨ। ਭਾਵੇਂ ਫਿਲਮ ਤੇ ਨਾਵਲ ਵਿਚ ਬਹੁਤ ਫਰਕ ਹੈ, ਪਰ ਇਹ ਮੋਟੇ ਤੌਰ ’ਤੇ ਪੈਮਾਨੇ, ਯਥਾਰਥਵਾਦ ਦਾ ਪੱਧਰ ਤੇ ਲੇਖਕ ਦਾ ਪ੍ਰਭਾਵ ਜਾਂ ਫਿਲਮਸਾਜ਼ ਦੀ ਵਿਚਾਰਧਾਰਾ ਨਾਲ ਸਬੰਧਿਤ ਹੈ। ਨਾਵਲ ਦਾ ਬਿਰਤਾਂਤ 300-400 ਸਫ਼ਿਆਂ ਤਕ ਫੈਲਿਆ ਹੁੰਦਾ ਹੈ ਅਤੇ ਉਸਦੇ ਕੈਨਵਸ ਨੂੰ ਫਿਲਮ ਦੇ 90 ਤੋਂ 110 ਮੀਟਰ ਤਕ ਕਿਵੇਂ ਸਮੇਟਣਾ ਹੋਵੇਗਾ? ਨਾਲ ਹੀ ਸ਼ਬਦਾਂ ਦੀ ਆਪਣੀ ਹੋਂਦ ਹੁੰਦੀ ਹੈ ਜੋ ਸਾਹਿਤਕਾਰ ਨੇ ਪ੍ਰਤੀਕਾਂ ਤੇ ਬਿੰਬਾਂ ਦੀ ਮਦਦ ਨਾਲ ਵਿਆਖਿਆ ਕੀਤੀ ਹੈ, ਉੱਥੇ ਫਿਲਮ ਵਿਚ ਸ਼ਬਦਾਂ ਨਾਲੋਂ ਹਾਵ-ਭਾਵ ਦੀ ਜ਼ਿਆਦਾ ਮਹੱਤਤਾ ਬਣਦੀ ਹੈ।

ਸਾਹਿਤ ਦਾ ਉਦੇਸ਼ ਜ਼ਿੰਦਗੀ ਦੇ ਸਹੀ ਪੈਮਾਨੇ ਨੂੰ ਦਿਖਾਉਣਾ ਹੈ। ਹਰੇਕ ਪਾਠਕ ਉਸ ਸਾਹਿਤਕ ਕ੍ਰਿਤ ਲਈ ਵੱਖਰਾ ਦ੍ਰਿਸ਼ਟੀਕੋਣ ਰੱਖਦਾ ਹੈ, ਪਰ ਜਦੋਂ ਫਿਲਮਸਾਜ਼ਾਂ ਨੇ ਉਸ ਸਾਹਿਤਕ ਕ੍ਰਿਤ ਤੋਂ ਫਿਲਮ ਦਾ ਨਿਰਮਾਣ ਕਰਨਾ ਹੁੰਦਾ ਹੈ ਤਾਂ ਉਸ ਨਾਲ ਫਿਲਮ ਨਿਰਮਾਤਾ ਆਪਣੀ ਦ੍ਰਿਸ਼ਟੀ ਤੋਂ ਵੀ ਫਿਲਮ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕਰਦਾ ਹੈ। ਫਿਲਮਸਾਜ਼ ਦੀ ਵਿਚਾਰਧਾਰਾ ਦਾ ਪ੍ਰਭਾਵ ਉਸ ਫਿਲਮ ਉੱਪਰ ਨਜ਼ਰ ਆਉਂਦਾ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਦਰਸ਼ਕ ਉਸ ਫਿਲਮ ਦੇ ਥੀਮ ਤੋਂ ਪਹਿਲਾਂ ਹੀ ਜਾਣਕਾਰ ਹੁੰਦਾ ਹੈ ਜਿਸ ਨਾਲ ਫਿਲਮਸਾਜ਼ ਦੀ ਜ਼ਿੰਮੇਵਾਰੀ ਹੋਰ ਵੀ ਵਧ ਬਣ ਜਾਂਦੀ ਹੈ ਕਿ ਦਰਸ਼ਕਾਂ ਨੂੰ ਫਿਲਮ ਨਾਲ ਅੰਤ ਤਕ ਕਿਵੇਂ ਜੋੜ ਕੇ ਰੱਖਿਆ ਜਾਵੇ।

ਪੰਜਾਬੀ ਤੇ ਹਿੰਦੀ ਸਾਹਿਤ ਦੇ ਆਧਾਰ ’ਤੇ ਕਈ ਫਿਲਮਾਂ ਦਾ ਨਿਰਮਾਣ ਹੋਇਆ ਜਿਨ੍ਹਾਂ ਵਿੱਚੋਂ ‘ਪਿੰਜਰ’, ‘ਏਕ ਚਾਦਰ ਮੈਲੀ ਸੀ’, ‘ਟੂ ਸਟੇਟਸ’, ‘3 ਇਡੀਅਟਸ’, ‘ਗੋਦਾਨ’, ‘ਟਰੇਨ ਟੂ ਪਾਕਿਸਤਾਨ’, ‘ਪਵਿੱਤਰ ਪਾਪੀ’, ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’। ਆਪਾਂ ਇੱਥੇ ਗੱਲ ਕਰਾਂਗੇ ਪੰਜਾਬੀ ਸਾਹਿਤ ’ਤੇ ਆਧਾਰਿਤ ਫਿਲਮਾਂ ਬਾਰੇ। ਇਨ੍ਹਾਂ ਵਿਚ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਸ਼ਾਮਲ ਹਨ।

RajBabbarDeeptiNaval1

 ਫਿਲਮਮੜ੍ਹੀ ਦਾ ਦੀਵਾਵਿਚ ਰਾਜ ਬੱਬਰ ਤੇ ਦੀਪਤੀ ਨਵਲ

 ਇਹ ਫਿਲਮਾਂ ਆਮ ਪੰਜਾਬੀ ਫਿਲਮਾਂ ਵਾਂਗ ਜੱਟ ਦੇ ਬਦਲੇ ’ਤੇ ਆਧਾਰਿਤ ਨਹੀਂ ਹਨ, ਨਾ ਹੀ ਹਿੰਦੀ ਫਿਲਮਾਂ ਵਿਚ ਪੰਜਾਬ ਦਾ ਕੋਈ ਦ੍ਰਿਸ਼ ਪੇਸ਼ ਕਰ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿਚ ਬੰਦੇ ਦੇ ਜੀਵਨ ਤੋਂ ਉਪਜੇ ਦੁੱਖ ਪ੍ਰਤੀ ਉਦਾਸੀਨਤਾ ਨਜ਼ਰ ਆਉਂਦੀ ਹੈ ਅਤੇ ਨਾਲ ਹੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਕਿਰਤ ਤੋਂ ਉਪਜੇ ਦੁਖਾਂਤ ਦੇ ਵੱਖ-ਵੱਖ ਪਹਿਲੂਆਂ ਦੀ ਪੇਸ਼ਕਾਰੀ ਕਰਦੀਆਂ ਹਨ। ਇਨ੍ਹਾਂ ਫਿਲਮਾਂ ਦੇ ਕਿਰਦਾਰ ਰੋਜ਼ਮਰ੍ਹਾ ਦੀਆਂ ਤਕਲੀਫ਼ਾਂ ਤੇ ਦੁਸ਼ਵਾਰੀਆਂ ਨਾਲ ਜੁਝਦੇ, ਕਲਪਦੇ ਆਮ ਜ਼ਿੰਦਗੀ ਵਾਂਗ ਵਿਚਰਦੇ ਨਜ਼ਰ ਆਉਂਦੇ ਹਨ।

ਮੜ੍ਹੀ ਦਾ ਦੀਵਾ’ ਸਾਧਾਰਨ ਬੰਦਾ ਜੋ ਜਾਤ ਤੇ ਆਰਥਿਕ ਪੱਖੋਂ ਨੀਵੇਂ ਦਰਜੇ ਨਾਲ ਸਬੰਧ ਰੱਖਦਾ ਹੈ, ਉਸ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿਚ ਜੇਕਰ ਨਾਇਕ ਦੀ ਤਲਾਸ਼ ਕਰਨੀ ਹੋਵੇ ਤਾਂ ਹਰੇਕ ਕਿਰਦਾਰ ਦੀ ਆਪਣੀ ਹੋਂਦ ਤੇ ਪਛਾਣ ਹੈ। ਭਾਵੇਂ ਜਗਸੀਰ ਦੁਆਲੇ ਹੀ ਸਾਰੀ ਫਿਲਮ ਕੇਂਦਰਿਤ ਹੈ, ਪਰ ਧਰਮਾ ਤੇ ਭਾਨੀ ਦੇ ਕਿਰਦਾਰਾਂ ਨੂੰ ਸਹਿ ਨਾਇਕ ਨਹੀਂ ਕਹਿ ਸਕਦੇ। ਹਾਲਾਂਕਿ ਭਾਨੀ ਦੇ ਕਿਰਦਾਰ ਵਿਚ ਕਿਤੇ ਨਾ ਕਿਤੇ ਬਗਾਵਤੀ ਸੁਰ ਦੀ ਚਿਣਗ ਨਜ਼ਰ ਆਉਂਦੀ ਹੈ ਅਤੇ ਉਹ ਜਗਸੀਰ ਨੂੰ ਵੀ ਹੱਲਾਸ਼ੇਰੀ ਦਿੰਦੀ ਹੈ, ਪਰ ਜਗਸੀਰ ਆਪਣੀਆਂ ਪੀੜ੍ਹੀਆਂ ਦੇ ਪ੍ਰੰਪਰਿਕ ਮੁੱਲਾਂ ਦੀਆਂ ਪੈੜਾਂ ’ਤੇ ਚੱਲਦਾ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਹੀ ਰੱਖਦਾ ਹੈ।

ਇਨ੍ਹਾਂ ਫਿਲਮਾਂ ਵਿੱਚੋਂ ਇਹ ਮਸਲਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਫਿਲਮਾਂ ਵਿਚਲੇ ਨਾਇਕ ਦੀ ਤਲਾਸ਼ ਕਿਵੇਂ ਕੀਤੀ ਜਾਵੇ। ਭਾਵ ਜੋ ਕਿਰਦਾਰ ਫਿਲਮ ਦੇ ਕੇਂਦਰ ਵਿਚ ਹੋਵੇ, ਉਹ ਨਾਇਕ ਹੈ। ਉਹ ਕੋਈ ਕ੍ਰਿਸ਼ਮਾ ਕਰਨ ਵਿਚ ਸਮਰੱਥ ਜਾਂ ਆਮ ਬੰਦੇ ਨਾਲੋਂ ਜ਼ਿਆਦਾ ਯੋਗਤਾ ਰੱਖਦਾ ਹੋਵੇ ਅਤੇ ਹਾਲਾਤ ਨੂੰ ਆਪਣੇ ਅਨੁਸਾਰ ਮੋੜਾ ਪਾ ਸਕਦਾ ਹੋਵੇ। ਜਾਂ ਫਿਰ ਇਹ ਵੀ ਜਾਗੀਰਦਾਰੀ ਸੋਚ ’ਤੇ ਨਿਰਭਰ ਕਰੇਗਾ ਕਿ ਨਾਇਕ ਕਿਸ ਤਰ੍ਹਾਂ ਦਾ ਹੋਵੇ। ਇਨ੍ਹਾਂ ਫਿਲਮਾਂ ਦੇ ਸਾਰੇ ਕਿਰਦਾਰ ਆਪਣੀ ਹੋਂਦ ਦੀ ਹੋਣੀ ਨੂੰ ਭੋਗਦੇ ਹਨ। ਉਹ ਭਾਵੇਂ ਜਗਸੀਰ, ਧਰਮਾ, ਭਾਨੀ, ਰੌਣਕੀ ਜਾਂ ਹੋਰ ਵੀ ਹੋਣ।

ਅੰਨ੍ਹੇ ਘੋੜੇ ਦਾ ਦਾਨ’ ਤੇ ‘ਚੌਥੀ ਕੂਟ’ ਦੋਵੇਂ ਫਿਲਮਾਂ ਦਾ ਨਿਰਦੇਸ਼ਨ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਇਆ। ਨਿਰਦੇਸ਼ਕ ਕੋਲ ਲੇਖਕ ਨਾਲੋਂ ਜ਼ਿਆਦਾ ਸਹੂਲਤਾਂ ਤੇ ਤਕਨੀਕੀ ਸੁਵਿਧਾਵਾਂ ਹੁੰਦੀਆਂ ਹਨ। ਇਹ ਨਿਰਦੇਸ਼ਕ ਦਾ ਹੁਨਰ ਹੈ ਕਿ ਫਿਲਮ ਨੂੰ ਸਕਰੀਨ ’ਤੇ ਕਿਵੇਂ ਫਿਲਮਾਇਆ ਜਾਵੇ। ਇਹ ਨਾਵਲ ਤੇ ਕਹਾਣੀਆਂ ’ਤੇ ਆਧਾਰਿਤ ਫਿਲਮਾਂ ਹਨ। ਉਹ ਨਾਵਲ ਤੇ ਕਹਾਣੀ ਵਿਚਲੇ ਬਿਰਤਾਂਤ ਦੇ ਘਟਨਾਕ੍ਰਮ ਨੂੰ ਹੂ-ਬ-ਹੂ ਨਹੀਂ ਲੈਂਦਾ। ‘ਅੰਨ੍ਹੇ ਘੋੜੇ ਦਾ ਦਾਨ’ ਫਿਲਮ ਵਿਚ ਥੀਮ ਨੂੰ ਨਾਵਲ ਦੀ ਪੜ੍ਹਤ ਵਾਂਗ ਨਹੀਂ ਸਮਝਿਆ ਜਾ ਸਕਦਾ ਅਤੇ ‘ਚੌਥੀ ਕੂਟ’ ਫਿਲਮ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਚੌਥੀ ਕੂਟ’ ਅਤੇ ‘ਹੁਣ ਮੈਂ ਠੀਕ ਠਾਕ’ ਦੇ ਸੁਮੇਲ ’ਤੇ ਆਧਾਰਿਤ ਹਨ। ਨਿਰਦੇਸ਼ਕ ਇਨ੍ਹਾਂ ਫਿਲਮਾਂ ਵਿਚ ਆਏ ਦ੍ਰਿਸ਼ਾਂ ਵਿਚ ਕਿਰਦਾਰਾਂ ਦੇ ਸੰਵਾਦ ਅਤੇ ਹੋਰ ਸਥਿਤੀਆਂ ਦੀ ਆਵਾਜ਼ ਨਾਲ ਫਿਲਮ ਵਿਚ ਪਸਰੀ ਖਾਮੋਸ਼ੀ ਨੂੰ ਤੋੜਦਾ ਹੈ, ਪਰ ਜਿਉਂਦੇ ਜਾਗਦੇ ਬੰਦਿਆਂ ਵਿਚ ਹਾਲਾਤ ਨੂੰ ਨਜਿੱਠਣ ਲਈ ਖਾਮੋਸ਼ੀ ਛਾਈ ਹੋਈ ਹੈ। ਕਿਰਦਾਰਾਂ ਦੇ ਮਨਾਂ ਵਿਚ ਧਰਮ/ਜਾਤਾਂ, ਰੰਗ ਅਤੇ ਨਸਲਾਂ ਪ੍ਰਤੱਖ ਹੋਣ ਲੱਗਦੀਆਂ ਹਨ। ਇਉਂ ਦੋਵੇਂ ਸੰਕਟ ਦੇ ਦਿਸਦੇ ਅਤੇ ਅਣਦਿਸਦੇ ਪਹਿਲੂਆਂ ਵੱਲ ਸੰਕੇਤ ਕਰਨ ਦੇ ਨਾਲ-ਨਾਲ ਬੰਦਿਆਂ ਦੇ ਅੰਦਰਲੇ ਚਲ-ਚਿੱਤਰ ’ਤੇ ਚਲਦੀਆਂ ਸੰਵੇਦਨਾਵਾਂ ਨੂੰ ਤਾਂ ਪਕੜ ਵਿਚ ਲਿਆਉਂਦੀਆਂ ਹੀ ਹਨ, ਨਾਲੋ-ਨਾਲ ਮੋਨ, ਉਦਾਸੀ ਤੇ ਖਾਮੋਸ਼ੀ ਜਿਹੇ ਪ੍ਰਭਾਵਾਂ ਨੂੰ ਦ੍ਰਿਸ਼ਮਾਨ ਕਰਕੇ ਇਕ ਮੂਕ ਭਾਸ਼ਾ ਦੀ ਵੀ ਸਿਰਜਣਾ ਕਰਦੀ ਹੈ, ਜਿਸ ਨੂੰ ਇਨ੍ਹਾਂ ਫਿਲਮਾਂ ਦੇ ਪ੍ਰਸੰਗ ਵਿਚ ਵਾਚਣਾ ਵਧੇਰੇ ਰੌਚਿਕ ਵੀ ਹੈ, ਅਤੇ ਅਰਥਪੂਰਨ ਵੀ ਹੈ।

*****

(1419)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਤਿੰਦਰ ਸਿੰਘ

ਜਤਿੰਦਰ ਸਿੰਘ

Phone: (91 - 94174 - 78446)
Email: (dr.jatinder80@gmail.com)