AvtarSinghProf7ਰੋਲ਼ੂ ਦਸੀ ਲੈ ਕੇ ਖੁਸ਼ ਹੋ ਗਿਆਪਰ ਉਹਨੂੰ ਇਹ ਨਹੀਂ ਸੀ ਪਤਾ ਕਿ ...
(14 ਮਈ 2020)

 

ਪੰਜਾਬ ਦੀ ਇਕ ਯੂਨੀਵਰਸਿਟੀ ਵਿੱਚ ਵਿਰਾਸਤੀ ਮੇਲਾ ਲਗਾਇਆ ਗਿਆ ਤੇ ਲੋਕ ਦੂਰੋਂ ਦੂਰੋਂ ਦੇਖਣ ਆਏ। ਵੱਡੇ ਪੰਡਾਲ ਵਿੱਚ ਛੋਟੇ ਛੋਟੇ ਟੈਂਟ ਲੱਗੇ ਹੋਏ ਸਨ ਤੇ ਹਰੇਕ ਟੈਂਟ ਵਿੱਚ ਘਰੇਲੂ ਵਰਤੋਂ ਵਾਲ਼ਾ ਤੇ ਅਲੱਗ ਅਲੱਗ ਕਿੱਤਿਆਂ ਨਾਲ਼ ਸਬੰਧਤ ਪੁਰਾਤਨ ਪੰਜਾਬੀ ਸਾਜੋ ਸਮਾਨ ਸਜਾਇਆ ਹੋਇਆ ਸੀ।

ਮੂਹੜੇ, ਪੀੜ੍ਹੀਆਂ, ਘੜੌਂਜੀਆਂ, ਮਧਾਣੀਆਂ, ਮੱਟੀਆਂ, ਚਾਟੀਆਂ, ਘੜੇ, ਦੌਰੀਆਂ, ਦਧੂਨੇ, ਦਰੀਆਂ, ਸਿਰਹਾਣੇ, ਪਣਖਾਂ, ਪੰਜੇ, ਮੰਜੇ, ਚਰਖੇ, ਚਰਖੀਆਂ, ਤੱਕਲ਼ੇ, ਉਟੇਰਨ, ਪੱਖੀਆਂ, ਰੁਮਾਲ, ਫੁਲਕਾਰੀਆਂ, ਹਲ਼, ਛਿਕਲ਼ੇ, ਪ੍ਰੈਣੀਆਂ ਤੇ ਪੰਜਾਲ਼ੀਆਂ ਇਸ ਤਰਾਂ ਰੱਖੀਆਂ ਹੋਈਆਂ ਸਨ, ਜਿਵੇਂ ਇੱਥੇ ਹੁਣ ਵੀ ਸੱਚੀ ਮੁੱਚੀ ਕੋਈ ਰਹਿੰਦਾ ਹੋਵੇ ਤੇ ਇਨ੍ਹਾਂ ਚੀਜ਼ਾਂ ਨੂੰ ਵਰਤ ਰਿਹਾ ਹੋਵੇ।

ਵੱਖ ਵੱਖ ਕਿੱਤਿਆਂ ਦੇ ਕੰਮ-ਕਾਜੀ ਸੰਦ ਬੜੇ ਢੰਗ ਨਾਲ਼ ਚੁਣੇ, ਚਿਣੇ ਅਤੇ ਸਜਾਏ ਹੋਏ ਸਨ: ਲੋਹਾਰਾਂ ਦੇ, ਤਰਖਾਣਾ ਦੇ, ਠਠਿਆਰਾਂ ਦੇ, ਸੁਨਿਆਰਾਂ ਦੇ, ਘੁਮਾਰਾਂ ਦੇ, ਚਮਾਰਾਂ ਦੇ, ਨਾਈਆਂ ਦੇ, ਕਿਸਾਨਾਂ ਦੇ, ਜੁਲਾਹਿਆਂ ਦੇ, ਛੀਂਬਿਆਂ ਦੇ, ਪੰਡਤਾਂ ਦੇ, ਮਹਾਜਨਾਂ ਦੇ, ਬਾਣੀਆਂ ਦੇ ਤੇ ਮਰਾਸੀਆਂ ਦੇ। ਹਰੇਕ ਕਿਰਤ ਨਾਲ਼ ਸਬੰਧਤ ਸੰਦ ਸਦੌੜ੍ਹਾ ਦੇਖ ਕੇ ਮਨ ਖੁਸ਼ ਹੁੰਦਾ ਸੀ, ਜਿਵੇਂ ਅਸੀਂ ਸੌ ਸਾਲ ਪੁਰਾਣੇ ਪੰਜਾਬ ਵਿੱਚ ਚਲੇ ਗਏ ਹੋਈਏ। ਮੈਂ ਇਹ ਪੰਜਾਬ ਦਾ ਵਿਰਾਸਤੀ ਸਾਜੋ ਸਮਾਨ ਬੜੇ ਗਹੁ ਨਾਲ਼ ਦੇਖਿਆ ਤੇ ਸੋਚਣ ਲੱਗ ਪਿਆ। ਮੇਰੇ ਮਨ ਵਿੱਚ ਬੜੇ ਹੀ ਵਚਿੱਤਰ ਕਿਸਮ ਦੇ ਖਿਆਲ ਆਉਣੇ ਅਰੰਭ ਹੋ ਗਏ।

ਮੈਂ ਇਸ ਵਿਰਾਸਤੀ ਮੇਲੇ ਦੇ ਨਾਲ਼ ਨਾਲ਼ ਦਰਸ਼ਕਾਂ ਦੇ ਹਾਵ ਭਾਵ ਵੀ ਦੇਖਣ ਲੱਗ ਪਿਆ, ਜਿਨ੍ਹਾਂ ਤੋਂ ਉਨ੍ਹਾਂ ਦੇ ਭਾਈਚਾਰੇ ਦੀ ਕੰਨਸੋ ਉਜਾਗਰ ਹੋ ਰਹੀ ਸੀ। ਆਪੋ ਆਪਣੀ ਬ੍ਰਾਦਰੀ ਦੇ ਕਿੱਤੇ ਨਾਲ਼ ਸਬੰਧਤ ਸੰਦ ਅਤੇ ਸਾਜੋ-ਸਮਾਨ ਦੇਖ ਕੇ ਹਰ ਇਕ ਦੇ ਚਿਹਰੇ ’ਤੇ ਬੜੀ ਹੀ ਸਕੂਨਾਤਮਿਕ ਜਿਹੀ ਮੁਸਕਰਾਹਟ ਬਿਖਰ ਜਾਂਦੀ ਸੀ। ਇਹ ਵੀ ਦੇਖਣ ਵਾਲ਼ੀ ਗੱਲ ਸੀ ਕਿ ਹਰੇਕ ਦਰਸ਼ਕ ਆਪਣੇ ਭਾਈਚਾਰੇ ਦੇ ਕਿੱਤੇ ਨਾਲ਼ ਸਬੰਧਤ ਸੰਦਾਂ ਅਤੇ ਸਾਜੋ-ਸਮਾਨ ਦੀ ਨੁਮਾਇਸ਼ ’ਤੇ ਆਮ ਨਾਲ਼ੋਂ ਕੁਝ ਵਧੇਰੇ ਸਮਾਂ ਰੁਕਦਾ ਸੀ ਤੇ ਅੱਗੇ ਇਵੇਂ ਵਧਦਾ ਸੀ, ਜਿਵੇਂ ਕੁਝ ਪਿੱਛੇ ਰਹਿ ਗਿਆ ਹੋਵੇ। ਵੈਸੇ ਸਭ ਤੋਂ ਵਧੇਰੇ ਭੀੜ ਕਿਸਾਨੀ ਸਾਜੋ-ਸਮਾਨ ’ਤੇ ਕੱਠੀ ਹੋਈ ਹੋਈ ਸੀ, ਜਿਵੇਂ ਪੰਜਾਬ ਦੀ ਅਸਲੀ ਵਿਰਾਸਤ ਇਹੀ ਹੋਵੇ ਜਾਂ ਸਿਰਫ ਇਹੀ ਪੰਜਾਬ ਹੋਵੇ।

ਮੈਂ ਦੇਖਿਆ ਕਿ ਇਸ ਵਿਰਾਸਤੀ ਮੇਲੇ ਵਿੱਚ, ਹਰੇਕ ਮੇਲੇ ਦੀ ਤਰ੍ਹਾਂ, ਸਿਰਫ ਬਾਲਮੀਕੀ ਭਾਈਚਾਰੇ ਦੀ ਕਿਸੇ ਚੀਜ਼ ਦਾ ਕੋਈ ਪੰਡਾਲ ਨਹੀਂ ਸੀ ਤੇ ਨਾ ਹੀ ਉਨ੍ਹਾਂ ਦਾ ਕੋਈ ਦਰਸ਼ਕ ਨਜ਼ਰ ਆ ਰਿਹਾ ਸੀ। ਮਨ ਵਿੱਚ ਵਿਚਾਰ ਪੈਦਾ ਹੋਇਆ ਕਿ ਸਾਫ ਸਫਾਈ ਦੇ ਤਾਂ ਕੋਈ ਸੰਦ ਹੀ ਨਹੀਂ ਹੁੰਦੇ। ਇਹਦਾ ਕੀ ਮਤਲਬ ਹੋਇਆ ਕਿ ਇਹ ਲੋਕ ਪੰਜਾਬ ਦੀ ਵਿਰਾਸਤ ਦਾ ਹਿੱਸਾ ਨਹੀਂ ਹਨ ਜਾਂ ਇਨ੍ਹਾਂ ਦਾ ਪੰਜਾਬ ਨੂੰ ਕੋਈ ਯੋਗਦਾਨ ਹੀ ਨਹੀਂ ਹੈ? ਮੈਂ ਹੈਰਾਨ ਹੋ ਕੇ ਸੋਚਾਂ ਵਿੱਚ ਤਿਲਕ ਗਿਆ।

ਮੈਨੂੰ ਚੇਤੇ ਆਇਆ ਕਿ ਮੇਰੇ ਬਚਪਨ ਵਿੱਚ ਦੋ ਪਾਤਰ ਰੋਲ਼ੂ ਤੇ ਮਲਾਵੀ ਅਕਸਰ ਸਾਡੇ ਪਿੰਡ ਆਉਂਦੇ ਸਨ। ਉਨ੍ਹਾਂ ਦੇ ਇਹ ਨਾਂ ਰੱਖੇ ਹੋਏ ਸਨ, ਪੱਕੇ ਹੋਏ ਸਨ, ਅੱਲ ਸੀ ਕਿ ਭੱਲ ਸੀ, ਕਿਸੇ ਨੂੰ ਕੁਝ ਪਤਾ ਨਹੀਂ ਸੀ। ਉਹ ਪਿੰਡ ਦੇ ਇਕ ਘਰ ਦਾ ਮਾਨਵੀ ਤੇ ਬਾਕੀ ਸਾਰੇ ਪਿੰਡ ਦਾ ਪਾਸ਼ਵੀ ਗੰਦ ਚੁੱਕਦੇ ਤੇ ਆਪਣੇ ਸਿਰਾਂ ਉੱਤੇ ਢੋਂਹਦੇ ਸਨ। ਮਲਾਵੀ ਦੇ ਸਿਰ ’ਤੇ ਟੋਕਰੀ ਤੇ ਰੋਲ਼ੂ ਦੇ ਸਿਰ ’ਤੇ ਤਸਲਾ ਹੁੰਦਾ ਸੀ। ਤਸਲੇ ਤੇ ਟੋਕਰੀ ਦੇ ਲਿੰਗ ਪੁਲਿੰਗ ਦਾ ਕੋਈ ਚੱਕਰ ਨਹੀਂ ਸੀ। ਚੱਕਰ ਸੀ ਤਾਂ ਇਹ ਕਿ ਰੋਲ਼ੂ ਨੇ ਮਾਨਵੀ ਗੰਦ ਚੁੱਕਣਾ ਹੁੰਦਾ ਸੀ ਤੇ ਤਸਲੇ ਵਿੱਚੋਂ ਮਾਨਵੀ ਗੰਦ ਚੋ ਕੇ ਉਹਦੇ ਸਿਰ ਵਿਚ ਨਹੀਂ ਸੀ ਪੈਂਦਾ ਤੇ ਮਲਾਵੀ ਨੇ ਤਾਂ ਪਸ਼ੂਆਂ ਦਾ ਮਲ-ਮੂਤਰ ਚੁੱਕਣਾ ਹੁੰਦਾ ਸੀ, ਜੋ ਟੋਕਰੇ ਵਿੱਚੋਂ ਚੋ ਕੇ ਸਿਰ ਵਿੱਚ ਪੈ ਵੀ ਜਾਵੇ ਤਾਂ ਇਸ ਗੰਦ ਨੂੰ ਉਹ ਗੰਦ ਨਹੀਂ ਸਨ ਸਮਝਦੇ। ਵੈਸੇ ਉਨ੍ਹਾਂ ਨੂੰ ਭਲੀ ਭਾਂਤ ਪਤਾ ਸੀ ਕਿ ਉਨ੍ਹਾਂ ਦੇ ਧੜ ਉੱਤੇ ਸਿਰ ਨਹੀਂ ਹਨ, ਉਹ ਤਾਂ ਪੂਰੇ ਦੇ ਪੂਰੇ, ਤੁਰਦੇ ਫਿਰਦੇ ਸਿਰਫ ਪੈਰ ਹਨ।

ਲੋਕ ਉਨ੍ਹਾਂ ਨੂੰ ਇਨਸਾਨ ਨਹੀਂ ਸਨ ਸਮਝਦੇ। ਜਿਵੇਂ ਗਲ਼ੀ ਵਿੱਚ ਫਿਰਦੇ ਕੁੱਤਿਆਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ, ਸਾਨੂੰ ਨਹੀਂ ਪਤਾ ਹੁੰਦਾ; ਇਵੇਂ ਰੋਲ਼ੂ ਤੇ ਮਲਾਵੀ ਆਪਸ ਵਿੱਚ ਕੀ ਲੱਗਦੇ ਸਨ, ਕਿਸੇ ਨੂੰ ਕੁਝ ਪਤਾ ਨਹੀਂ ਸੀ। ਕੋਈ ਉਨ੍ਹਾਂ ਨੂੰ ਪਤੀ ਪਤਨੀ ਸਮਝਦਾ, ਕੋਈ ਦੇਰ ਭਰਜਾਈ ਤੇ ਕੋਈ ਭੈਣ ਭਾਈ। ਜਿੰਨੇ ਮੂੰਹ ਉੱਨੀਆਂ ਗੱਲਾਂ ਤੇ ਗੱਲਾਂ ਸੁਣ ਸੁਣ ਕੇ ਕਈ ਵਾਰੀ ਸ਼ਰਮ ਆਉਂਦੀ ਸੀ; ਉਨ੍ਹਾਂ ਉੱਤੇ ਨਹੀਂ, ਲੋਕਾਂ ਉੱਤੇ, ਕਿ ਲੋਕਾਂ ਦੀ ਸ਼ਰਮ, ਹਯਾ ਤੇ ਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਇਨ੍ਹਾਂ ਤੱਕ ਆ ਕੇ ਸਮਾਪਤ ਹੋ ਜਾਂਦੀਆਂ ਹਨ। ਹਾਲਾਂ ਕਿ ਉਨ੍ਹਾਂ ਨੂੰ ਕਿਸੇ ਨੇ ਇਕੱਠੇ ਕਦੇ ਘੱਟ ਹੀ ਦੇਖਿਆ ਸੀ। ਉਹ ਅਕਸਰ ਅਲੱਗ ਅਲੱਗ ਆਉਂਦੇ, ਆਪੋ ਆਪਣਾ ਕੰਮ ਕਰਦੇ ਤੇ ਚਲੇ ਜਾਂਦੇ।

ਦਰਅਸਲ ਸਾਡੇ ਪਿੰਡ ਬਾਲਮੀਕੀਆਂ ਦਾ ਕੋਈ ਘਰ ਨਹੀਂ ਸੀ। ਨਾਲ਼ ਦੇ ਪਿੰਡ ਵੀ ਕੋਈ ਨਹੀਂ ਸੀ। ਉਹ ਤੀਸਰੇ ਪਿੰਡੋਂ ਰੋਜ਼ ਆਉਂਦੇ ਸਨ। ਸ਼ਾਇਦ ਇਸੇ ਕਰਕੇ ਸਾਰਾ ਪਿੰਡ ਉਨ੍ਹਾਂ ਨੂੰ ਨਾਂ ਲੈ ਕੇ ਹੀ ਬੁਲਾਉਂਦਾ ਸੀ; ਜਿਵੇਂ ਉਨ੍ਹਾਂ ਦਾ ਕਿਸੇ ਨਾਲ ਕੋਈ ਸੰਬੰਧ ਹੀ ਨਹੀਂ ਸੀ। ਹਾਲਾਂ ਕਿ ਪਿੰਡ ਦੇ ਲੋਕ ਇਕ ਦੂਸਰੇ ਨੂੰ ਵੀਰਾ ਭਾਬੀ, ਚਾਚਾ ਚਾਚੀ, ਤਾਇਆ ਤਾਈ, ਵੀਰ ਭੈਣ ਜਾਂ ਬਾਬਾ ਬੋਬੋ ਕਹਿ ਕੇ ਬੁਲਾਉਂਦੇ ਸਨ। ਪਰ ਉਨ੍ਹਾਂ ਤੱਕ ਆ ਕੇ ਜਿਵੇਂ ਸਾਰੇ ਮਾਨਵੀ ਰਿਸ਼ਤੇ ਮੁੱਕ ਜਾਂਦੇ ਸਨ। ਇਸੇ ਲਈ ਉਹ ਕਿਸੇ ਦੇ ਕੁਝ ਨਹੀਂ ਸਨ ਲਗਦੇ, ਜੋ ਵੀ ਲਗਦੇ ਸਨ, ਬੱਸ ਆਪਸ ਵਿੱਚ ਹੀ ਲੱਗਦੇ ਸਨ, ਜਿਹਦਾ ਸਿਰਫ ਉਨ੍ਹਾਂ ਨੂੰ ਹੀ ਪਤਾ ਸੀ।

ਉਨ੍ਹਾਂ ਦੇ ਕੱਪੜਿਆਂ ਦਾ ਕੋਈ ਰੰਗ ਨਹੀਂ ਸੀ ਹੁੰਦਾ, ਜੇ ਹੁੰਦਾ ਸੀ ਤਾਂ ਉਹਦਾ ਕੋਈ ਨਾਂ ਨਹੀਂ ਸੀ। ਉਨ੍ਹਾਂ ਦੇ ਚਿਹਰਿਆਂ ਵੱਲ ਤਾਂ ਦੇਖ ਨਹੀਂ ਸੀ ਹੁੰਦਾ, ਜਿਵੇਂ ਉਨ੍ਹਾਂ ਦੀਆਂ ਅੱਖਾਂ ਸਿਰਫ ਦੇਖਦੀਆਂ ਸਨ, ਦਿਖਦੀਆਂ ਨਹੀਂ ਸਨ ਤੇ ਨਕਸ਼, ਜਿਵੇਂ ਹੁੰਦੇ ਹੀ ਨਹੀਂ। ਨਕਸ਼ ਤਾਂ ਕਿਤੇ ਰਹੇ, ਲੋਕਾਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ, ਜਿਵੇਂ ਉਨ੍ਹਾਂ ਦੇ ਸੀਨਿਆਂ ਵਿਚ ਦਿਲ ਦੀ ਬਜਾਏ ਪੱਥਰ ਹੋਣ। ਉਨ੍ਹਾਂ ਦੇ ਅਹਿਸਾਸ ਜਿਵੇਂ ਦੋ ਘੁੱਟ ਪਾਣੀ ਤੇ ਚੰਦ ਬੁਰਕੀਆਂ ਤੱਕ ਸੀਮਤ ਹੋਣ। ਲੋਕ ਸਮਝਦੇ ਸਨ ਕਿ ਇਹ ਵੀ ਆਪਣੇ ਆਪ ਨੂੰ ਉਹੀ ਸਮਝਦੇ ਹਨ, ਜੋ ਇਨ੍ਹਾਂ ਨੂੰ ਲੋਕ ਸਮਝਦੇ ਹਨ।

ਸਰਦੀ ਹੋਵੇ, ਗਰਮੀ ਹੋਵੇ ਜਾਂ ਬਰਸਾਤ, ਉਨ੍ਹਾਂ ਦੇ ਪੈਰੀਂ ਜੁੱਤੀ ਹੁੰਦੀ ਸੀ ਕਿ ਨਹੀਂ, ਕੋਈ ਨਹੀਂ ਸੀ ਜਾਣਦਾ; ਕਿਉਂਕਿ ਉਹ ਕਿਹੜਾ ਕੋਈ ਇਨਸਾਨ ਸਨ, ਕਿ ਉਨ੍ਹਾਂ ਨੂੰ ਕੋਈ ਜਾਣਦਾ ਜਾਂ ਦੇਖਦਾ ਸੀ। ਲੋਕ ਸਮਝਦੇ ਸਨ ਕਿ ਉਹ ਤਾਂ ਸਿਰਫ ਲੋਕ ਸੇਵਾ ਲਈ ਪੈਦਾ ਹੋਏ ਹਨ। ਇਹੀ ਉਨ੍ਹਾਂ ਦਾ ਧਰਮ ਕਰਮ ਹੈ।

ਉਨ੍ਹਾਂ ਦੇ ਸਿਰ ਉੱਤੇ ਦੋ ਹੀ ਚੀਜ਼ਾਂ ਹੁੰਦੀਆਂ ਸਨ - ਗੰਦ ਜਾਂ ਅੰਨ। ਜਿਨ੍ਹਾਂ ਦਾ ਵੀ ਇਹ ਗੰਦ ਢੋਂਹਦੇ ਸਨ, ਉਨ੍ਹਾਂ ਦੇ ਘਰੋਂ ਹੀ ਇਨ੍ਹਾਂ ਨੂੰ ਖਾਣ ਲਈ ਬੇਹੀ ਰੋਟੀ, ਬਚੀ ਹੋਈ ਦਾਲ ਤੇ ਖੱਟੀ ਲੱਸੀ। ਲੱਸੀ ਤਾਂ ਉਹ ਉੱਥੇ ਹੀ ਪੀ ਲੈਂਦੇ ਤੇ ਦਾਲ਼ ਰੋਟੀ ਕਿਤੇ ਉਰੇ ਪਰੇ ਹੋ ਕੇ ਖਾ ਲੈਂਦੇ। ਕਿਤੇ ਕੋਈ ਮਿੱਠੀ ਚੀਜ਼ ਮਿਲ਼ਦੀ ਤਾਂ ਸਿਰ ’ਤੇ ਰੱਖ ਕੇ ਘਰ ਨੂੰ ਲੈ ਜਾਂਦੇ।

ਤੁਸੀਂ ਸੋਚਦੇ ਹੋਵੋਂਗੇ ਕਿ ਇਹ ਲੱਸੀ ਕਾਹਦੇ ਵਿੱਚ ਪੀਂਦੇ ਹੋਣਗੇ? ਦਰਅਸਲ ਇਨ੍ਹਾਂ ਲਈ ਹਰ ਘਰ ਵਿੱਚ ਸਿਲਵਟ ਦੀ ਬਾਟੀ ਸਪੈਸ਼ਲ ਰੱਖੀ ਹੁੰਦੀ ਸੀ, ਜਿਹਨੂੰ ਇਹ ਆਪ ਹੀ ਧੋ ਕੇ ਗੋਹੇ ਕੂੜੇ ਵਾਲ਼ੇ ਤਸਲੇ ਦੇ ਨੇੜੇ ਹੀ ਰੱਖ ਦਿੰਦੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੇ ਇਲਾਵਾ ਕਦੀ ਕਿਸੇ ਦਾ ਹੱਥ ਨਹੀਂ ਸੀ ਲੱਗਦਾ। ਜੇ ਕਿਤੇ ਇੱਧਰ ਉੱਧਰ ਕਰਨੇ ਹੁੰਦੇ ਤਾਂ ਲੋਕ ਪੈਰ ਨਾਲ਼ ਕਰ ਦਿੰਦੇ। ਉਹ ਬਾਟੀ ਏਨੀ ਕੁ ਸਾਫ ਹੁੰਦੀ ਸੀ ਕਿ ਕੁੱਤੇ ਵੀ ਉਹਨੂੰ ਮੂੰਹ ਨਹੀਂ ਸੀ ਲਾਉਂਦੇ।

ਯਾਦ ਆਇਆ ਕਿ ਇਕ ਦਿਨ ਰੋਲ਼ੂ ਸਾਡੀ ਗਲ਼ੀ ਵਿੱਚ ਤੁਰਿਆ ਜਾ ਰਿਹਾ ਸੀ। ਗਲ਼ੀ ਦੀ ਕੁੜੀ ਚੰਨੋ ਨੇ ਉਹਨੂੰ ਅਵਾਜ਼ ਮਾਰੀ, “ਚਾਚਾ” ਰੋਲ਼ੂ ਦੇ ਕੰਨ ’ਤੇ ਜੂੰ ਨਾ ਸਰਕੀ। ਚੰਨੋ ਨੇ ਫਿਰ ਅਵਾਜ਼ ਮਾਰੀ, “ਚਾਚਾ” ਰੋਲ਼ੂ ਫਿਰ ਨਾ ਰੁਕਿਆ। ਚੰਨੋ ਨੇ ਹੋਰ ਉੱਚੀ ਅਵਾਜ਼ ਮਾਰੀ, “ਚਾਚਾ” ਰੋਲ਼ੂ ਰੁਕ ਗਿਆ ਤੇ ਉਹਨੇ ਆਸ ਪਾਸ ਦੇਖਿਆ। ਆਸ ਪਾਸ ਹੋਰ ਕੋਈ ਨਹੀਂ ਸੀ ਤੇ ਉਹਨੂੰ ਯਕੀਨ ਹੋ ਗਿਆ ਕਿ ਉਸੇ ਨੂੰ ਕਿਸੇ ਨੇ ਚਾਚਾ ਕਿਹਾ ਹੈ। ਉਹ ਮੁੜ ਆਇਆ ਤੇ ਕਹਿਣ ਲੱਗਾ, “ਦੇਖ ਤਾਂ ਸਹੀ ਚਾਚੇ ਦੀ ਬੂਥੀ

ਉਨ੍ਹਾਂ ਦਿਨਾਂ ਵਿੱਚ ਘਰ ਆਏ ਪ੍ਰਾਹੁਣੇ ਜਾਣ ਸਮੇਂ ਬੱਚਿਆਂ ਦੇ ਹੱਥ ’ਤੇ ਪੰਜੀ ਦਸੀ ਧਰ ਜਾਂਦੇ ਸਨ ਤੇ ਬੱਚੇ ਉਹਦਾ ਕਈ ਕਈ ਦਿਨ ਵਿਸਾਹ ਨਹੀਂ ਸੀ ਖਾਂਦੇ। ਚੰਨੋ ਕੋਲ਼ੋਂ ਬੇਧਿਆਨੀ ਵਿੱਚ ਦਸੀ ਨਾਲ਼ੀ ਵਿੱਚ ਡਿਗ ਪਈ ਸੀ ਤੇ ਉਹਨੇ ਰੋਲ਼ੂ ਨੂੰ ਫ਼ਰਿਆਦੀ ਲਹਿਜ਼ੇ ਵਿੱਚ ਦਸੀ ਕੱਢਣ ਲਈ ‘ਚਾਚਾ’ ਕਹਿ ਕੇ ਅਵਾਜ਼ ਮਾਰੀ ਸੀ। ਦਸੀ ਕੱਢਣ ਦੀ ਬਗਾਰ ਨੇ ਰੋਲ਼ੂ ਨੂੰ ਚਾਚੇ ਦਾ ਚੜ੍ਹਿਆ ਚਾਅ ਉਤਾਰ ਦਿੱਤਾ ਤੇ ਉਹਨੇ ਆਪਣੇ ਹੱਥ ਨਾਲ਼ ਕਿੱਡੀ ਦੂਰ ਤੱਕ ਨਾਲ਼ੀ ਹੰਘਾਲ਼ ਕੇ ਦਸੀ ਲੱਭ ਦਿੱਤੀ ਤੇ ਆਪਣੇ ਝੱਗੇ ਦੇ ਪੱਲੇ ਨਾਲ਼ ਹੀ ਪੂੰਝ ਕੇ ਚੰਨੋ ਨੂੰ ਦੇ ਦਿੱਤੀ। ਇੰਨੇ ਨੂੰ ਚੰਨੋ ਦਾ ਅਸਲੀ ਚਾਚਾ ਰੌਲ਼ਾ ਸੁਣ ਕੇ ਬਾਹਰ ਆ ਗਿਆ ਤੇ ਚੰਨੋ ਨੇ ਦਸੀ ਵਾਲ਼ੀ ਸਾਰੀ ਕਹਾਣੀ ਦੱਸ ਦਿੱਤੀ। ਉਹਨੇ ਚੰਨੋ ਤੋਂ ਦਸੀ ਲੈ ਕੇ ਰੋਲ਼ੂ ਨੂੰ ਦੇ ਦਿੱਤੀ ਤੇ ਕਹਿਣ ਲੱਗਾ, “ਚੱਲ ਐਸ਼ ਕਰ’ ਰੋਲ਼ੂ ਦਸੀ ਲੈ ਕੇ ਖੁਸ਼ ਹੋ ਗਿਆ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਨੂੰ ਇਸ ਲਈ ਦਸੀ ਮਿਲ਼ੀ ਹੈ, ਕਿਉਂਕਿ ਉਹ ਹੁਣ ਭਿੱਟ ਹੋ ਗਈ ਸੀ; ਨਾਲ਼ੀ ਵਿੱਚ ਡਿਗਣ ਨਾਲ ਨਹੀਂ, ਉਹਦਾ ਹੱਥ ਲੱਗਣ ਨਾਲ਼।

ਮਲਾਵੀ ਦਾ ਇਕ ਮੁੰਡਾ ਸੀ - ਬਾਰੂ, ਜਿਹਨੂੰ ਉਹਨੇ ਸਕੂਲੇ ਪੜ੍ਹਨ ਲਾ ਦਿੱਤਾ ਸੀ। ਉਹ ਰੋਜ਼ ਸਕੂਲੇ ਪੜ੍ਹਨ ਆਉਂਦਾ; ਪੜ੍ਹਨ ਕਾਹਦਾ ਗਾਲ਼ਾਂ ਖਾਣ ਆਉਂਦਾ ਸੀ। ਇਹ ਤਾਂ ਸਭ ਜਾਣਦੇ ਸਨ ਕਿ ਉਹ ਮਲਾਵੀ ਦਾ ਮੁੰਡਾ ਹੈ, ਪਰ ਉਹ ਰੋਲ਼ੂ ਦਾ ਕੀ ਲੱਗਦਾ ਹੈ, ਇਹ ਕੋਈ ਨਹੀਂ ਸੀ ਜਾਣਦਾ। ਕੋਈ ਰੋਲ਼ੂ ਨੂੰ ਦੇਖਦਾ ਜਾਂ ਨਾ ਵੀ ਦੇਖਦਾ ਤਾਂ ਬਾਰੂ ਨੂੰ ਛੇੜਦਾ ‘ਉਇ ਤੇਰਾ ਚਾਚਾ’ ਦੂਜਾ ਹੋਰ ਗੰਦ ਘੋਲ਼ਦਾ ‘ਚਾਚਾ ਨਹੀਂ ਉਇ, ਮਾਮਾ’ ਮਾਮੇ ਤੱਕ ਗੱਲ ਪੁੱਜਦੀ ਤਾਂ ਬਾਰੂ ਰੋਣ ਲੱਗ ਜਾਂਦਾ ਤੇ ਉਹਨੂੰ ਕੋਈ ਚੁੱਪ ਨਾ ਕਰਾਉਂਦਾ। ਫਿਰ ਉਹ ਆਪ ਹੀ ਚੁੱਪ ਕਰ ਜਾਂਦਾ ਤੇ ਸੋਚਣ ਲੱਗ ਜਾਂਦਾ ਕਿ ਉਹ ਗਾਲ਼ਾਂ ਖਾਣ ਹੀ ਤਾਂ ਆਉਂਦਾ ਹੈ; ਗਾਲਾਂ ਵੀ ਉਹ, ਜਿਹੜੀਆਂ ਸਿਰਫ ਉਹੀ ਸੁਣ ਸਕਦਾ ਸੀ। ਉਸ ਗਾਲ਼ਾਂ ਦੇ ਰਸੀਵਰ ’ਤੇ ਕਿਸੇ ਨੂੰ ਤਰਸ ਨਾ ਆਉਂਦਾ।

ਇਹ ਤੋਂ ਅੱਗੇ ਮੇਰੇ ਤੋਂ ਕੁਝ ਵੀ ਸੋਚਿਆ ਨਾ ਗਿਆ ਤੇ ਮੇਰਾ ਧਿਆਨ ਫਿਰ ਇਸ ਵਿਰਾਸਤੀ ਮੇਲੇ ਵਿੱਚ ਪਰਤ ਆਇਆ। ਮੈਂ ਦੇਖਿਆ ਕਿ ਇੱਥੇ ਰੋਲ਼ੂ, ਮਲਾਵੀ ਤੇ ਬਾਰੂ ਦੀ ਕੋਈ ਵਿਰਾਸਤ ਨਹੀਂ ਸੀ। ਵਿਰਾਸਤ ਤਾਂ ਗੰਦਗੀ ਪਾਉਣ ਵਾਲ਼ਿਆਂ ਦੀ ਹੁੰਦੀ ਹੈ, ਸਾਫ ਕਰਨ ਵਾਲ਼ਿਆਂ ਦੀ ਕਾਹਦੀ ਵਿਰਾਸਤ। ਉਨ੍ਹਾਂ ਦੀ ਕੋਈ ਵਿਰਾਸਤ ਨਹੀਂ ਸੀ ਤੇ ਨਾ ਉਹ ਕਿਸੇ ਦੀ ਵਿਰਾਸਤ ਸਨ। ਲੇਕਿਨ ਕਿਸੇ ਨੂੰ ਵਿਰਾਸਤ ਵਿੱਚੋਂ ਇਸ ਤਰਾਂ ਖ਼ਾਰਜ ਕਰ ਦੇਣਾ ਸਾਡੀ ਵਿਰਾਸਤ ਸੀ, ਜੋ ਅੱਜ ਤੱਕ ਚਲੀ ਆਉਂਦੀ ਹੈ ਤੇ ਯੂਨੀਵਰਸਿਟੀ ਵਿੱਚ ਉਹਦੀ ਨੁਮਾਇਸ਼ ਲੱਗੀ ਹੋਈ ਸੀ।

ਸਭ ਤੋਂ ਜ਼ਿਆਦਾ ਕਿਸਾਨਾਂ ਦੇ ਸੰਦਾਂ ਵਾਲ਼ੇ ਪਾਸੇ ਭੀੜ ਲੱਗੀ ਹੋਈ ਸੀ ਤੇ ਉਹਨੂੰ ਸਾਰੇ ਹੀ ਉੱਲਰ ਉੱਲਰ ਕੇ ਦੇਖ ਰਹੇ ਸਨ, ਜਿਵੇਂ ਪੰਜਾਬ ਦੀ ਇੱਕੋ ਇਕ ਇਹੀ ਵਿਰਾਸਤ ਹੋਵੇ। ਬਾਕੀ ਦੇ ਸਾਰੇ ਟੈਂਟ ਬੇਰੌਣਕੀ ਦੇ ਸ਼ਿਕਾਰ ਸਨ। ਉਨ੍ਹਾਂ ਵਿਰਾਸਤਾਂ ਦੇ ਮਾਲਕ ਸਨ ਹੀ ਕਿੱਥੇ। ਕੋਈ ਟਾਵਾਂ ਟਾਵਾਂ ਆਉਂਦਾ, ਕੁਝ ਚਿਰ ਰੁਕਦਾ ਤੇ ਅਹੁ ਜਾਂਦਾ। ਕੋਈ ਨਹੀਂ ਸੀ ਚਾਹੁੰਦਾ ਕਿ ਉਨ੍ਹਾਂ ਨੂੰ ਆਪਣੀ ਵਿਰਾਸਤ ਦੇਖਦਿਆਂ ਨੂੰ ਕੋਈ ਦੇਖੇ।

ਮੇਰੇ ਨਾਲ਼ ਮੇਰਾ ਦੋਸਤ ਸੀ, ਜਿਹਦੀ ਗ਼ੈਰਹਾਜ਼ਰੀ ਵਿੱਚ ਉਹਨੂੰ ਸਾਰੇ ਗੁੱਲੀ-ਘਾੜਾ ਕਹਿੰਦੇ ਸਨ। ਉਹਨੇ ਸਾਰਾ ਚੱਕਰ ਲਾਇਆ ਤੇ ਉਦਾਸ ਹੋ ਗਿਆ। ਬੜੀ ਮਾਯੂਸੀ ਵਿੱਚ ਆ ਕੇ ਕਹਿਣ ਲੱਗਾ, “ਯਾਰ, ਸਾਡੀ ਤਾਂ ਜਿਵੇਂ ਕੋਈ ਵਿਰਾਸਤ ਹੀ ਨਹੀਂ” ਮੈਂ ਕਿਹਾ, “ਕਿਉਂ, ਵਿਰਾਸਤ ਤਾਂ ਹੈ ਹੀ ਤੁਹਾਡੀ” ਉਹ ਮੇਰੀ ਗੱਲ ਸਮਝ ਨਾ ਸਕਿਆ ਤੇ ਮੈਂ ਦੱਸਿਆ ਕਿ ਇਸ ਵਿਰਾਸਤੀ ਮੇਲੇ ਵਿੱਚ ਜਿੰਨਾ ਵੀ ਸਮਾਨ ਰੱਖਿਆ ਗਿਆ ਹੈ, ਉਹਨੂੰ ਬਣਾਉਣ ਵਾਲ਼ੇ ਔਜਾਰ ਤੁਹਾਡੀ ਹੀ ਵਿਰਾਸਤ ਹਨ। ਦਰਅਸਲ ਅਸਲ ਵਿਰਾਸਤ ਔਜਾਰ ਹਨ। ਉਹ ਪਹਿਲੀ ਵਾਰ ਇੰਨਾ ਖੁਸ਼ ਹੋਇਆ ਕਿ ਉਹ ਸਿਰਫ ਗੁੱਲੀ-ਘਾੜਾ ਨਹੀਂ ਬਲਕਿ ਵਿਰਾਸਤੀ ਘਾੜਾ ਹੈ।

ਫਿਰ ਮੈਂ ਵਿਰਾਸਤ ਬਾਰੇ ਸੋਚਣ ਲੱਗ ਪਿਆ ਕਿ ਜੇ ਪੰਜਾਬ ਨੂੰ ਇਕ ਜਿਸਮ ਅਨੁਮਾਨ ਲਿਆ ਜਾਵੇ ਤਾਂ ਅਸੀਂ ਇਹਦੇ ਅਲੱਗ ਅਲੱਗ ਅੰਗ ਹਾਂ। ਜਿਸਮ ਉਦੋਂ ਹੀ ਅਰੋਗ ਹੁੰਦਾ ਹੈ, ਜਦ ਇਹਦੇ ਸਾਰੇ ਅੰਗਾਂ ਦੀ ਅਹਿਮੀਅਤ ਨੂੰ ਸਮਝਿਆ ਜਾਵੇ ਤੇ ਲੋੜ ਮੁਤਾਬਕ ਤਵੱਜੋ ਦਿੱਤੀ ਜਾਵੇ। ਦੇਹ ਦੇ ਤਮਾਮ ਅੰਗਾਂ ਦੀ ਇਕਸੁਰਤਾ ਨੂੰ ਹੀ ਤੰਦਰੁਸਤੀ ਕਹਿੰਦੇ ਹਨ। ਇਸੇ ਤਰ੍ਹਾਂ ਵਿਰਾਸਤ ਹੁੰਦੀ ਹੈ - ਸਭ ਦੀ ਸਾਂਝੀ।

ਮੈਂ ਰੋਲ਼ੂ, ਮਲਾਵੀ ਤੇ ਬਾਰੂ ਬਾਬਤ ਫਿਰ ਸੋਚਣ ਲੱਗ ਪਿਆ ਕਿ ਸਾਡੀ ਧਰਤੀ ਉੱਤੇ, ਸਾਡੇ ਸਮਾਜ ਵਿੱਚ, ਸਾਡੇ ਆਸ ਪਾਸ ਤੇ ਸਾਡੇ ਵਿਚ ਅਜਿਹੇ ਵੀ ਲੋਕ ਸਨ, ਜਿਨ੍ਹਾਂ ਦੀ ਕੋਈ ਵਿਰਾਸਤ ਨਹੀਂ ਤੇ ਨਾ ਉਹ ਕਿਸੇ ਦੀ ਵਿਰਾਸਤ ਹਨ। ਖ਼ਿਆਲ ਆਇਆ ਕਿ ਉਨ੍ਹਾਂ ਦਾ ਪਤਾ ਕਰਾਂ। ਮੈਂ ਆਪਣੇ ਪਿੰਡ ਕਈਆਂ ਨੂੰ ਫ਼ੋਨ ਘੁਮਾਏ, ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ।

ਪਤਾ ਕਿਹਨੂੰ ਹੋਣਾ ਸੀ? ਕੋਈ ਉਨ੍ਹਾਂ ਦੇ ਘਰ ਮੋਹਰਿਓਂ ਨਹੀਂ ਸੀ ਲੰਘਿਆ ਕਦੇ। ਉਨ੍ਹਾਂ ਦੇ ਦੁੱਖ ਸੁੱਖ ਵਿੱਚ ਕਦੀ ਕਿਸੇ ਨੇ ਖ਼ਬਰ ਤੱਕ ਨਹੀਂ ਸੀ ਲਈ। ਰੋਲ਼ੂ ਤੇ ਮਲਾਵੀ ਤਾਂ ਹੁਣ ਹੋ ਨਹੀਂ ਸਕਦੇ, ਪਰ ਉਨ੍ਹਾਂ ਦੇ ਦਿਲ ਦੇ ਟੁਕੜੇ ਬਾਰੂ ਦਾ ਵੀ ਕਿਸੇ ਨੂੰ ਕੁਝ ਪਤਾ ਨਹੀਂ ਸੀ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2127)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰੋ. ਅਵਤਾਰ ਸਿੰਘ

ਪ੍ਰੋ. ਅਵਤਾਰ ਸਿੰਘ

Professor Ramgarhia College, Phagwara.
Kapurthala, Punjab, India

Phone: (91 - 94175 - 18384)
Email: (avtar61@gmail.com)