AvtarSinghProf7ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ...
(4 ਫਰਬਰੀ 2018)

 

SatyapalGautam2ਉੰਨੀ ਸੌ ਛਿਆਸੀ ਸਤਾਸੀ ਕੁ ਦੀ ਗੱਲ ਹੋਵੇਗੀ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਹੋ ਰਹੇ ਸਨ, ਜਿਸਦੇ ਕੰਟਰੋਲਰ ਡਾ. ਸੱਚਰ ਸਨ ਉਨ੍ਹਾਂ ਦਿਨਾਂ ਵਿੱਚ ਮੈਂ ਡਾ. ਸੱਚਰ ਦਾ ਪੁੱਜਕੇ ਉਪਾਸ਼ਕ ਸਾਂ; ਇਕ ਕਿਸਮ ਦਾ ਭਗਤ ਹੀ ਸਾਂ, ਜਿਸ ਕਰਕੇ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਨਾਲ ਜਾਂ ਨੇੜੇ ਨੇੜੇ ਹੀ ਰਹਿੰਦਾ ਸੀ

ਉਸੇ ਸੈਂਟਰ ਵਿਚ ਇਕ ਦਰਮਿਆਨੇ ਕੱਦ ਦਾ ਸੈਂਟਰ ਸੁਪਰਡੰਟ, ਸ਼ਕਲੋ ਸੂਰਤ ਅਤੇ ਤੁਰਤ ਫੁਰਤ ਲਹਿਜੇ ਤੋਂ ਖੱਬੀ ਸੋਚ ਵਾਲਾ ਸਿਆਣਾ ਅਧਿਆਪਕ ਪ੍ਰਤੀਤ ਹੁੰਦਾ ਸੀ ਉਸਦਾ ਲੰਬਾ ਅਤੇ ਖਾਦੀ ਕੁੜਤਾ, ਚੁਸਤ ਜੀਨ, ਦਾੜ੍ਹੀ ਦਾ ਲੈਨਿਨ ਕੱਟ ਅਤੇ ਸਿਰ ਦੇ ਬੇਚੀਰ, ਬੇਤਰਤੀਬੇ ਵਾਲ਼ ਉਸਦੀ ਵਿਦਵਤਾ ਦੀ ਕਿਸਮ ਅਤੇ ਜ਼ਿੰਦਗੀ ਦੀ ਤਰਜ਼ ਦੇ ਜ਼ਾਮਨ ਸਨ

ਰਤਾ ਕੁ ਵਡੇਰੇ ਕੰਨ ਉਸਦੇ ਸਾਬਰ ਸਰੋਤਾ ਹੋਣ ਦੀ ਦੱਸ ਪਾਉਂਦੇ ਭਲਾ ਕਿਸੇ ਦੇ ਕੰਨ ਵੀ ਕਦੀ ਬੋਲਦੇ ਹਨ? ਪਰ ਉਸਦੇ ਬੋਲਦੇ ਸਨ, ਜੋ ਉਸਦੇ ਗੋਤ ‘ਗੌਤਮ’ ਦਾ, ਗੌਤਮ ਬੁੱਧ ਨਾਲ, ਕੋਈ ਜ਼ਿਹਨੀ ਰਿਸ਼ਤਾ ਬਿਆਨਦੇ ਸਨ

ਉਹ ਸਦਾ ਸਾਇਕਲ ’ਤੇ ਆਉਂਦਾ ਉਸਦੇ ਖੱਬੇ ਮੋਢੇ ’ਤੇ ਹਮੇਸ਼ਾ ਇੱਕ ਲੰਬੀ ਬੱਧਰ ਵਾਲਾ, ਕੱਪੜੇ ਦਾ ਸ਼ਾਨਦਾਰ ਝੋਲ਼ਾ ਲਟਕਦਾ ਹੁੰਦਾ, ਜੋ ਉਸਦੀ ਦਿੱਖ ਵਿਚ ਦਾਨਿਸ਼ਵਰਾਨਾ ਇਜ਼ਾਫਾ ਕਰਦਾ ਨਿਰਮਲ ਨੈਣ ਅਤੇ ਜਗਿਆਸੂ ਨਕਸ਼ ਉਸਦਾ ਤੁਆਰਫ ਸਨ

ਸਿਗਰਟਨੋਸ਼ੀ ਦਾ ਇਸ ਕਦਰ ਸ਼ੌਕੀਨ ਅਤੇ ਆਦੀ ਸੀ, ਕਿ ਜੇ ਉਸਦੇ ਹੱਥ ਵਿੱਚ ਸਿਗਰਟ ਨਾ ਵੀ ਹੋਣੀ, ਤਾਂ ਵੀ ਲੱਗਦਾ, ਕਿ ਉਸਦੇ ਹੱਥ ਵਿੱਚ ਸਿਗਰਟ ਹੈ ਉਸਦੇ ਮੂੰਹ ਵਿੱਚੋਂ ਹਮੇਸ਼ਾ ਮੱਠਾ ਮੱਠਾ ਧੂਆਂ ਨਿਕਲਦਾ ਲਗਦਾ ਉਸ ਨੂੰ ਦੇਖਕੇ ਮਹਿਦੀ ਹਸਨ ਦੀ ਗ਼ਜ਼ਲ ਚੇਤੇ ਆਉਂਦੀ: “ਦੇਖ ਤੂੰ, ਦਿਲ ਕਿ ਜਾਂ ਸੇ ਉਠਤਾ ਹੈ, ਯੇ ਧੂਆਂ ਸਾ ਕਹਾਂ ਸੇ ਉੱਠਤਾ ਹੈ।”

ਉਸ ਨਾਲ ਕਈ ਦਫਾ ਗੱਲਬਾਤ ਹੋਈ ਧੂਆਂ ਨੇੜਤਾ ਵਿੱਚ ਰੁਕਾਵਟ ਬਣ ਜਾਂਦਾ ਅਤੇ ਧੂਏਂ ਦੀ ਦੁਰਗੰਧ ਵਿਚਾਰਾਂ ਵਿੱਚ ਵਿੱਥ ਬਣ ਜਾਂਦੀ ਨੇੜਤਾ ਸੰਘਣੀ ਨਾ ਹੋ ਸਕੀ

ਖੱਬੀ ਸੋਚ ਤੇ ਖੱਬੇ ਪੱਖ ਦਾ ਏਨਾ ਪੁਜਾਰੀ ਕਿ ਉਸ ਨੂੰ ਦੇਖ ਕੇ ਲਗਦਾ ਜਿਵੇਂ ਉਹ ਹਰ ਕੰਮ ਖੱਬੇ ਹੱਥ ਨਾਲ ਹੀ ਕਰਦਾ ਹੋਵੇ ਉਹ ਮੈਨੂੰ ਹਮੇਸ਼ਾ ਪੰਜਾਬ ਯੂਨੀਵਰਸਿਟੀ ਦਾ ਸਿਗਨੇਚਰ ਅਤੇ ਫਿਲੌਸਫੀ ਵਿਭਾਗ ਦਾ ਤੁਰਦਾ ਫਿਰਦਾ ਲੋਗੋ ਲਗਦਾ ਉਸਦੇ ਚਿਹਰੇ ’ਤੇ ਖਿਆਲ ਤੈਰਦੇ ਦਿਸਦੇ

ਹੈਰਾਨੀ ਹੁੰਦੀ ਕਿ ਇਸ ਕਦਰ ਵੀ ਕੋਈ ਆਪਣੇ ਸਬਜੈਕਟ ਨੂੰ ਮੁਹੱਬਤ ਕਰਦਾ ਹੈ, ਕਿ ਉਸਦੀ ਚੁੱਪ ਵਿੱਚੋਂ ਵੀ ਉਸਦਾ ਸਬਜੈਕਟ ਬੋਲਣ ਲੱਗ ਪਵੇ! ਸਬਜੈਕਟ ਵੀ ਉਹ ਜੋ ਸਿਰ ਚੜ੍ਹ ਬੋਲੇ; ਜਾਣੀ ਕਿ ਫ਼ਿਲੌਸਫ਼ੀ!

ਸਾਇਕੌਲੋਜੀ ਵਿਭਾਗ ਦਾ ਮੇਰਾ ਦੋਸਤ ਬਲਜੀਤ ਤੇ ਮੈਂ, ਉਸ ਵਿੱਚੋਂ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ‘ਲੰਮੀ ਕੁੜੀ’ ਦੇ ਮੰਗੇਤਰ ਗੌਤਮ ਨੂੰ ਲੱਭਦੇ ਤੇ ਹੱਸ ਛੱਡਦੇ ਉਹ ਸਾਨੂੰ ਸੱਚਮੁਚ ਉਹੀ ਗੌਤਮ ਲੱਗਦਾ; ਜਿਵੇਂ ਬੇਦੀ ਸਾਹਿਬ ਨੇ ਉਸੇ ਨੂੰ ਦੇਖ ਕੇ ਉਹ ਕਹਾਣੀ ਲਿਖੀ ਹੋਵੇ

1992 ਵਿੱਚ ਮੈਂ ਫਗਵਾੜੇ ਆਣ ਲੱਗਾ ਯੂਨੀਵਰਸਿਟੀ ਚੇਤਿਆਂ ਵਿੱਚੋਂ ਧੁੰਦਲੀ ਹੋਣ ਲੱਗੀ; ਏਨੀ ਧੁੰਦਲੀ ਕਿ ਕਈ ਯਾਦਾਂ ਵਿੱਸਰ ਗਈਆਂ

ਸਾਲ ਕੁ ਪਹਿਲਾਂ, ਫੇਸਬੁੱਕ ’ਤੇ ਫਰੈਂਡ ਰਿਕੁਐਸਟ ਆਈ ਨਾਂ ਪੜ੍ਹਿਆ, ਤਾਂ ਉਹ ਸਤਯਪਾਲ ਗੌਤਮ ਸੀ ਮੈਂ ਓਕੇ ਕੀਤੀ; ਦੋਸਤੀ ਕਨਫਰਮ ਹੋ ਗਈ ਫੇਸਬੁੱਕ ’ਤੇ ਉਹ ਮੇਰੀਆਂ ਪੋਸਟਾਂ ਦੀ ਅਕਸਰ ਤਾਰੀਫ ਕਰਦੇ ਮੈਂ ਲਾਈਕ ਕਰ ਛੱਡਦਾ

ਦੋ ਮਹੀਨੇ ਪਹਿਲਾਂ ਮੈਨੂੰ ਫ਼ੋਨ ਆਇਆ; ਓਹੀ ਸਤਯਪਾਲ ਗੌਤਮ ਸੀ ਪਤਾ ਲੱਗਾ ਕਿ ਉਹ ਪੰਜਾਬ ਯੂਨੀਵਰਸਿਟੀ ਵਾਲਾ, ਉਹੀ ਸੁਪਰਡੰਟ, ਪ੍ਰੋ. ਸਤਯਪਾਲ ਗੌਤਮ ਸੀ

ਉਹ ਫ਼ਲਸਫ਼ੇ ਦਾ ਅਧਿਆਪਕ ਸੀ ਜੇ ਐੱਨ ਯੂ ਵਿੱਚ ਪੜ੍ਹਾ ਚੁੱਕਾ ਸੀ ਕਿਤੇ ਵਾਈਸ ਚਾਂਸਲਰ ਵੀ ਬਣ ਗਿਆ ਸੀ ਸ਼ਕਲ ਤੋਂ, ਅਵਾਜ਼ ਤੋਂ ਅਤੇ ਗੱਲਬਾਤ ਤੋਂ ਲਿੱਸਾ ਅਤੇ ਬਿਮਾਰ ਜਿਹਾ ਲੱਗਦਾ ਸੀ ਲਹਿਜੇ ਤੋਂ ਲੱਗਿਆ ਕਿ ਉਹ ਪੰਜਾਬ ਯੂਨੀਵਰਸਿਟੀ ਲਈ ਉਦਾਸ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਦੀ ਦੂਰੀ ਨੇ ਉਸ ਨੂੰ ਖਾ ਲਿਆ ਹੋਵੇ ਜਿਵੇਂ ਇਹ ਦੂਰੀ ਉਸ ਲਈ ਚਿੰਤਾ ਰੋਗ ਬਣ ਗਈ ਹੋਵੇ

ਉਸਨੇ ਮੇਰੇ ਬਾਬਤ ਪੁੱਛਿਆ ਮੈਂ ਦੱਸਿਆ ਤਾਂ ਉਸ ਨੂੰ ਉਹ ਸੁਪਰਡੰਟੀ ਦੇ ਦਿਨ ਯਾਦ ਆਏ ਬੜੇ ਉਤਸ਼ਾਹ ਵਿੱਚ ਨਿੱਘ ਭਰਪੂਰ ਫੋਨਿਕ ਮਿਲਣੀ ਹੋਈ

ਉਸਨੇ ਮੈਨੂੰ ਸ਼ਾਬਾਸ਼ ਦਿੱਤੀ; ਲਿਖਦੇ ਰਹਿਣ ਲਈ ਪ੍ਰੇਰਿਆ ਮੇਰਾ ਮਾਣ ਵਧਿਆ, ਦ੍ਰਿੜ੍ਹਤਾ ਵਧੀ ਦਿਲ ਵਿੱਚ ਰੌਸ਼ਨੀ ਦਿਸੀ ਤੇ ਮੇਰੀ ਕਲਮ ਵਿੱਚ ਚਮਕ ਆਈ

ਅੱਜ ਅਚਾਨਕ ਪਤਾ ਲੱਗਾ ਕਿ ਉਹ ਨਹੀਂ ਰਿਹਾ ਪ੍ਰੋ. ਸਤਯਪਾਲ ਗੌਤਮ, ਧਨੀਰਾਮ ਚਾਤ੍ਰਿਕ ਵਾਲ਼ੇ, ਸਾਂਝੇ ਪੰਜਾਬ ਦਾ ਉਪਾਸ਼ਕ ਅਤੇ ਗੌਰਵ ਸੀ ਉਹ ਪੰਜਾਬ ਦਾ ਪੜ੍ਹਨ ਲਿਖਣ ਵਾਲਾ ਸਪੁੱਤਰ ਸੀ ਉਸ ਜਿਹੇ ਫ਼ਰਾਖ਼ ਇਨਸਾਨ ਤੇ ਪ੍ਰਤਿਬੱਧ ਵਿਦਵਾਨ ਵਾਰ ਵਾਰ ਜਹਾਨ ਵਿੱਚ ਨਹੀਂ ਆਉਂਦੇ; ਜੇ ਆਉਂਦੇ ਹਨ ਤਾਂ ਜਲਦੀ ਚਲੇ ਜਾਂਦੇ ਹਨ

ਮਨ ਉਦਾਸ ਹੈ, ਦਿਲ ਗ਼ਮਗੀਨ ਹੈ ਪੰਜਾਬ ਦੇ ਪਿਆਰੇ ਸਪੂਤ ਇੱਕ ਇੱਕ ਕਰਕੇ ਕਿਰ ਰਹੇ ਹਨ ਕਿਸੇ ਨੂੰ ਕੋਈ ਖ਼ਬਰ ਨਹੀਂ ਇੱਥੇ ਕਿਸੇ ਗੈਂਗਸਟਰ ਦਾ ਮਰ ਜਾਣਾ ਹੀ ਵੱਡੀ ਖ਼ਬਰ ਹੈ ਕਿਸੇ ਦਾਨਿਸ਼ਵਰ ਦਾ ਤੁਰ ਜਾਣਾ ਤਾਂ ਏਸ ਤਰ੍ਹਾਂ ਹੈ, ਜਿਵੇਂ ਮਹਿਜ਼ ਕਿਸੇ ਰੁੱਖ ਤੋਂ ਕੋਈ ਚਿੜੀ ਉਡ ਗਈ ਹੋਵੇ

ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ਨਿੱਤ ਮਰ ਰਹੀ ਹੈ ਪੰਜਾਬ ਦੇਹ ਨਹੀਂ, ਧੜਕਦਾ ਦਿਲ ਸੀ ਸਿਆਸਤ ਨੇ ਇਸ ਵੱਡੇ ਦਿਲ ਨੂੰ ਨਿੱਕੀ ਜਿਹੀ ਦੇਹ ਬਣਾ ਲਿਆ ਹੈ

ਇੰਜ ਮਹਿਸੂਸ ਹੋ ਰਿਹਾ ਹੈ, ਜਿਵੇਂ ਪੰਜਾਬ ਦੀ ਸਿਆਸਤ ਬਲ਼ਦੀ ਹੋਈ ਚਿਖਾ ਹੋਵੇ, ਜਿਸ ਵਿੱਚ ਗੌਤਮ ਜਿਹੇ ਪੰਜਾਬ ਦੇ ਲਾਡਲੇ ਪੁੱਤਰ, ਉਦਰੇਵੇਂ ਅਤੇ ਨਿਰਾਸ਼ਤਾ ਵਿੱਚ, ਰੋਜ਼ ਸਤੀ ਹੋ ਰਹੇ ਹੋਣ

ਲੋਕ ਸਮਝਦੇ ਹੋਣਗੇ ਕਿ ਪੰਜਾਬ ਵਿੱਚ ਕਿਤਾਬਾਂ ਮਰ ਰਹੀਆਂ ਹਨ ਜਾਂ ਕਿਤਾਬਾਂ ਪੜ੍ਹਨ ਵਾਲੇ ਮਰ ਰਹੇ ਹਨ; ਅਸਲ ਵਿੱਚ ਦੋਵੇਂ ਮਰ ਰਹੇ ਹਨ ਇਸ ਲਈ ਪੰਜਾਬ ਮਰ ਰਿਹਾ ਹੈ ਇਸਦਾ ਇੱਕ ਸਬੂਤ ਇਹ ਵੀ ਹੈ ਕਿ ਪ੍ਰੋ. ਸਤਯਪਾਲ ਗੌਤਮ ਦੇ ਤੁਰ ਜਾਣ ਦੀ ਖ਼ਬਰ, ਦਿੱਲੀ ਦੇ ਫਲੈਟ ਤੋਂ, ਜਪਾਨ ਵਿੱਚੀਂ ਹੋ ਕੇ ਆਈ; ਉਹ ਵੀ ਫੇਸਬੁੱਕ ਰਾਹੀਂ ਪਰਮਿੰਦਰ ਸੋਢੀ ਨਾ ਦੱਸਦੇ ਤਾਂ ਖ਼ਬਰੇ ਹੋਰ ਕਿੰਨੇ ਦਿਨ ਇਸ ਖਬਰ ਦਾ ਪਤਾ ਹੀ ਨਾ ਲਗਦਾ

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਉਸਦੇ ਪਿੰਡ, ਮਸਾਣੀਆਂ ਵਿੱਚ ਜ਼ਰੂਰ ਅੱਜ ਮਸਾਣਾਂ ਜਿਹੀ ਚੁੱਪ ਪਸਰ ਗਈ ਹੋਵੇਗੀ

ਉਸ ਚੁੱਪ ਅਤੇ ਸੋਗੀ ਸੁੰਨ-ਮਸਾਨ ਵਿਚ, ਮੇਰੇ ਵੱਲੋਂ ਪ੍ਰੋ. ਸਾਹਿਬ ਦੀ ਹਸਤੀ ਅਤੇ ਦੇਣ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਣ ਹੈ

*****

(1000)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਅਵਤਾਰ ਸਿੰਘ

ਪ੍ਰੋ. ਅਵਤਾਰ ਸਿੰਘ

Professor Ramgarhia College, Phagwara.
Kapurthala, Punjab, India

Phone: (91 - 94175 - 18384)
Email: (avtar61@gmail.com)