AvtarSinghProf7ਫ਼ਤਿਹਵੀਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਉਸ ਮਾਰੂ ਬੋਰ-ਵੈੱਲ ਦੇ ਦਰਸ਼ਣ ...
(14 ਜੂਨ 2019)

 

ਨੰਨ੍ਹੀ ਜਾਨ, ਮਾਸੂਮ ਬਾਲ ਫਤਿਹਵੀਰ ਆਪਣੇ ਹੀ ਘਰਦਿਆਂ ਦੀ ਅਣਦੇਖੀ ਦੀ ਭੇਟ ਚੜ੍ਹਕੇ ਪੂਰੇ ਦੇਸ਼ ਦੀ ਅਣਗਹਿਲੀ ਅਤੇ ਨਾਅਹਿਲੀਅਤ ਦਾ ਸ਼ਿਕਾਰ ਹੋ ਗਿਆਬੋਰ ਵਿੱਚ ਡਿਗਦੇ ਬੱਚਿਆਂ ਦੀਆਂ ਵਧਦੀਆਂ ਘਟਨਾਵਾਂ ਦੇਖ ਦੇਖ ਕੇ ਲੋਕ ਹੁਣ ‘ਡਿਜੀਟਲ ਇੰਡੀਆ’ ਨੂੰ ‘ਡਿਗੀਚਲ ਇੰਡੀਆ’ ਕਹਿਣ ਲਈ ਮਜਬੂਰ ਹੋ ਗਏ ਹਨ

ਬੱਚੇ ਦੇ ਬੋਰ ਵਿੱਚ ਡਿਗਣ ਸਮੇਂ ਮਾਂ ਕੀ ਗੁਜ਼ਰੀ ਹੋਵੇਗੀ, ਕਿਵੇਂ ਹੱਥ ਪੈਰ ਮਾਰੇ ਹੋਣਗੇ, ਕਿਵੇਂ ਬੱਚੇ ਨੇ ਮਾਂ ਨੂੰ ਵਾਜ ਮਾਰੀ ਹੋਵੇਗੀ, ਕਿਵੇਂ ਚੀਖ ਚਿਹਾੜਾ ਪਾਇਆ ਹੋਵੇਗਾ? ਇਹ ਸੋਚਕੇ ਦਿਲ ਦਹਿਲ ਜਾਂਦਾ ਹੈ ਤੇ ਜੁਬਾਨ ਤਾਲ਼ੂਏ ਨੂੰ ਲੱਗ ਜਾਂਦੀ ਹੈ

ਕਹਿਣ ਨੂੰ ਜੀ ਕਰਦਾ ਹੈ ਕਿ ਅਸੀਂ ਬੱਚਿਆਂ ਨੂੰ, ਖ਼ਾਸ ਤੌਰ ’ਤੇ ਮੁੰਡਿਆਂ ਨੂੰ ਰੱਬ ਦੀ ਅਣਮੁੱਲੀ ਦਾਤ ਸਮਝਦੇ ਹਾਂ, ਪਰ ਅਸੀਂ ਦਾਤੇ ਦੀਆਂ ਦਾਤਾਂ ਦੇ ਚੰਗੇ ਕਦਰਦਾਨ ਨਹੀਂ ਹਾਂਰੱਬੀ ਦਾਤ ਨੂੰ ਨਾ ਹੀ ਅਸੀਂ ਦਾਤ ਵਾਂਗ ਪਾਲ਼ਦੇ ਹਾਂ ਤੇ ਨਾ ਸੰਭਾਲ਼ਦੇ ਹਾਂਜਿਹੜਾ ਬੋਰ ਵਰਤੋਂ ਵਿੱਚ ਨਾ ਹੈ ਤੇ ਨਾ ਹੋਣਾ ਹੈ, ਉਸ ਨੂੰ ਪੱਕੇ ਤੌਰ ਉੱਤੇ ਬੰਦ ਨਾ ਕਰਨਾ ਇਹੀ ਦੱਸਦਾ ਹੈ ਕਿ ਹੋਰ ਤਾਂ ਹੋਰ, ਅਸੀਂ ਚੰਗੇ ਮਾਪੇ ਵੀ ਨਹੀਂ ਹਾਂ

ਬੇਸ਼ੱਕ ਹਾਦਸਾ ਕਦੀ ਵੀ ਅਤੇ ਕਿਤੇ ਵੀ ਵਾਪਰ ਸਕਦਾ ਹੈ ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਕਿਸੇ ਵੀ ਭਾਵੀ ਜਾਂ ਸੰਭਾਵੀ ਦੁਰਘਟਨਾ ਦਾ ਅਗਾਊਂ ਹੱਲ ਨਾ ਲੱਭੀਏਹਰ ਮਾਮਲੇ ਵਿੱਚ ਅਸੀਂ ਸਿਰੇ ਦੀ ਅਣਗਹਿਲੀ ਵਰਤਦੇ ਹਾਂ, ਬਲਕਿ ਇਸ ਗੱਲ ਲਈ ਅਸੀਂ ਮਸ਼ਹੂਰ ਹੋ ਚੁੱਕੇ ਹਾਂਸਾਡੀਆਂ ਲਾਪਰਵਾਹੀਆਂ ਦੀ ਕੋਈ ਹੱਦ ਨਹੀਂ ਹੈਅਸੀਂ ਨਹੀਂ ਜਾਣਦੇ ਕਿ ਸਾਡੀਆਂ ਗਲਤੀਆਂ, ਭੁੱਲਾਂ ਤੇ ਭੁਲੇਖਿਆਂ ਦੀ ਸਜ਼ਾ ਵੀ ਸਾਨੂੰ ਤੇ ਸਾਡੇ ਹੀ ਨੰਨ੍ਹੇ ਬੱਚਿਆਂ ਨੂੰ ਭੁਗਤਣੀ ਪੈਣੀ ਹੈ ਅਤੇ ਪੈਂਦੀ ਹੈਕਹਿਣ ਨੂੰ ਤਾਂ ਸਾਰੇ ਇਹੀ ਕਹਿਣਗੇ ਕਿ ਇਹ ਹੋਣੀ ਇੱਥੇ ਹੀ ਵਾਪਰਨੀ ਸੀ ਪਰ ਇਹੋ ਜਿਹੀਆਂ ਦਲੀਲਾਂ ਸਾਡੀ ਹਊ ਪਰੇ ਦੀ ਮਾਰੂ ਸੋਚ ਅਤੇ ਆਦਤ ਨੂੰ ਢਕਣ ਦਾ ਹੀ ਕੋਝਾ ਯਤਨ ਹਨ

ਭਗਵਾਨਪੁਰ ਵਿਖੇ ਫਤਿਹਵੀਰ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖ ਕੇ ਅਹਿਮਦ ਨਦੀਮ ਕਾਜ਼ਮੀ ਦੀ ਕਹਾਣੀ ‘ਪੁੰਨ’ ਚੇਤੇ ਆ ਗਈ ਹੈ, ਜਿਸ ਵਿੱਚ ਕਿਸੇ ਗ਼ਰੀਬਣੀ ਦਾ ਬੇਟਾ ਖੂਹ ਵਿੱਚ ਡਿਗ ਜਾਂਦਾ ਹੈ। ਉਸ ਨੂੰ ਬਾਹਰ ਕੱਢਣ ਲਈ ਵਿਚਾਰੇ ਕੰਮੀਂ ਕਮੀਣ ਗਰੀਬ ਗੁਰਬੇ ਲੋਕ ਬਿਨਾਂ ਕਹੇ ਦੱਸੇ ਹੀ ਖੂਹ ਵੱਲ ਦੌੜੇ ਆਉਂਦੇ ਹਨ ਤੇ ਬੱਚੇ ਨੂੰ ਖੂਹ ਵਿੱਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਕਰਦੇ ਹਨ

ਪਿੰਦ ਦਾ ਲੰਬੜਦਾਰ ਚੌਧਰੀ ਉੱਥੇ ਜਾਂਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਖੂਹ ਵਿੱਚੋਂ ਗੰਦਾ ਪਾਣੀ ਬਾਹਰ ਕੱਢਣ ਦੀ ਬੇਗਾਰ ਪਾਉਂਦਾ ਹੈ ਤੇ ਨਾਲ਼ ਆਖਦਾ ਹੈ ਕਿ ਖੂਹ ਦਾ ਭਿੱਟਿਆ ਪਾਣੀ ਬਾਹਰ ਕੱਢਣਾ ਪੁੰਨ ਦਾ ਕੰਮ ਹੈ

ਆਪਣੇ ਬੱਚੇ ਦੇ ਜਿਉਂਦਾ ਨਿਕਲ ਆਉਣ ਦੀ ਉਮੀਦ ਵਿੱਚ ਬੈਠੀ ਗ਼ਰੀਬਣੀ ਮਾਂ ਦੇ ਸਾਹਮਣੇ ਹੀ ਪੱਥਰ-ਦਿਲ ਚੌਧਰੀ ਖੂਹ ਵਿੱਚ ਡਿੱਗੇ ਬੱਚੇ ਲਈ ‘ਲਾਸ਼’ ਸ਼ਬਦ ਦਾ ਇਸਤੇਮਾਲ ਕਰ ਦਿੰਦਾ ਹੈ

ਅੱਜ ਇਸ ਹਾਦਸੇ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਅਸੀਂ ਹਾਲੇ ਰੱਸੀਆਂ, ਕੁੰਡੀਆਂ ਤੇ ਬਾਲ਼ਟੀਆਂ ਨਾਲ਼ ਹੀ ਕੰਮ ਚਲਾਉਂਦੇ ਹਾਂ ਤੇ ਟੈਕਨੌਲੋਜੀ ਦੇ ਖੇਤਰ ਵਿੱਚ ਅਸੀਂ ਹਾਲੇ ਰੱਸੇ ਰੱਸੀਆਂ ਖਿੱਚਣ ਜੋਗੇ ਹੀ ਹਾਂ ਦੂਜੇ ਲੋਕ ਚੰਦ ’ਤੇ ਪੱਕੇ ਵਸ ਜਾਣ ਦੀਆਂ ਵਿਓਂਤਾਂ ਬਣਾ ਰਹੇ ਹਨ ਤੇ ਸਾਨੂੰ ਸੌ ਸਵਾ ਸੌ ਫੁੱਟ ਧਰਤੀ ਵਿੱਚ ਉੱਤਰ ਕੇ ਨਿੱਕੀ ਜਹੀ ਮਾਸੂਮ ਜਾਨ ਤੱਕ ਜਾਣ ਲਈ ਵੀ ਪੰਜ ਰਾਤਾਂ ਤੇ ਛੇ ਦਿਨ ਚਾਹੀਦੇ ਹਨ

ਅਖੀਰ ਬੋਰ-ਵੈੱਲ ਵਿੱਚ ਡਿਗੇ ਬੱਚੇ ਨੂੰ ਛੇਵੇਂ ਦਿਨ ਉਸੇ ਤਰ੍ਹਾਂ ਬਾਹਰ ਕੱਢਦੇ ਹਾਂ ਜਿਵੇਂ ਸੱਤਰ ਸਾਲ ਪਹਿਲਾਂ ਕੁੰਡੇ ਕੁੰਡੀਆਂ ਨਾਲ਼ ਖੂਹ ਵਿੱਚ ਡਿਗਿਆ ਹੋਇਆਂ ਡੋਲ ਕੱਢਿਆ ਜਾਂਦਾ ਸੀ

‘ਡਿਜੀਟਲ ਇੰਡੀਆ’ ਦੀਆਂ ਡੀਂਗਾਂ ਮਾਰਨ ਵਾਲ਼ਾ ਕਿਤੇ ਨਜ਼ਰ ਆਇਆ ਤੇ ਨਾ ਹੀ ਸਾਡੇ ਮੁੱਖ ਮੰਤਰੀ ਨੂੰ ਫੁਰਸਤ ਮਿਲੀ ਕਿ ਉਹ ਬੱਚੇ ਦੇ ਮਾਂ ਬਾਪ ਨੂੰ ਧੀਰਜ ਹੀ ਬੰਨ੍ਹਾ ਦਿੰਦਾ, ਬਚਾਉ ਕਾਰਜਾਂ ਵਿੱਚ ਲੱਗੇ ਲੋਕਾਂ ਦਾ ਹੌਸਲਾ ਹੀ ਵਧਾ ਜਾਂਦਾਪਰ ਕਿੱਥੇ, ਉਸਨੇ ਤਾਂ ਬਿਆਨ ਦਾਗ ਦਿੱਤਾ ਕਿ ਸਾਰੇ ਡੀਸੀ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਨੰਗੇ ਬੋਰਾਂ ਦਾ ਪਤਾ ਲਾਉਣਕੋਈ ਪੁੱਛੇ ਕਿ ਜਿਹੜਾ ਵਿਚਾਰਾ ਬੋਰ ਵਿੱਚ ਡਿਗਿਆ ਹੋਇਆ ਹੈ, ਉਸਦੀ ਤਾਂ ਸਾਰ ਲੈ ਲਉਗੋਂਗਲ਼ੂਆਂ ਤੋਂ ਮਿੱਟੀ ਝਾੜਨੀ ਸਿੱਖਣੀ ਹੋਵੇ ਤਾਂ ਸਾਡੇ ਮੰਤਰੀਆਂ, ਮੁੱਖ ਮੰਤਰੀਆਂ ਤੋਂ ਸਿੱਖੇ

ਹੋਰ ਤਾਂ ਹੋਰ ਤਾਜ਼ੀ ਤਾਜ਼ੀ ਜਿੱਤ ਦੀਆਂ ਲੁੱਡੀਆਂ ਪਾਉਣ ਵਾਲ਼ੀ ਨੱਕ-ਚੜ੍ਹੋ ਵੀ ਨਹੀਂ ਆਈ ਤੇ ਨਾ ਹੀ ਉਸਦੇ ਖਾਵੰਦ ਨੂੰ ਚੇਤਾ ਆਇਆ ਕਿ ਵੋਟਾਂ ਦੇ ਬਾਦ ਵੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਹੁੰਦੀ ਹੈਹੋਰ ਨਹੀਂ ਤਾਂ ਲੂੰਬੜ ਸਿਆਸਤ ਦੇ ਬਾਬਾ ਬੋੜ੍ਹ ਕਿ ਥੋਰ੍ਹ ਹੀ ਘੜੀ ਪਲ ਮੰਜੇ ’ਤੇ ਬੈਠ ਕੇ ਬਚਾਉ ਕਾਰਜ ਦੇਖ ਜਾਂਦੇ ਤਾਂ ਲੋਕਾਂ ਨੇ ਉਸਦੇ ਮੱਥੇ ਮੜ੍ਹਿਆ ਬੇਅਦਬੀ ਦਾ ‘ਤਿਲਕ’ ਮੇਸ ਦੇਣਾ ਸੀ

ਫ਼ਤਿਹਵੀਰ ਦੀ ਬੁਰੀ ਕਿਸਮਤ ਨੂੰ ਚੋਣਾਂ ਹੁਣੇ ਹੋ ਕੇ ਹਟੀਆਂ ਸਨ, ਜੇ ਕਿਤੇ ਇਹੀ ਚੋਣਾਂ ਹਾਲੇ ਹੋਣੀਆਂ ਹੁੰਦੀਆਂ ਤਾਂ ਪ੍ਰਧਾਨ ਮੰਤਰੀ ਤੱਕ ਨੇ ਭਗਵਾਨਪੁਰ ਆਕੇ ਸਿਰ ’ਤੇ ਤਸਲੇ ਚੱਕ ਲੈਣੇ ਸਨ ਤੇ ਦੇਸ਼ ਦੀਆਂ ਵੱਡੀਆਂ ਅਖਬਾਰਾਂ ਵਿੱਚ ਫੋਟੋਆਂ ਛਪ ਜਾਣੀਆਂ ਸਨਵੱਡੇ ਚੈਨਲਾਂ ਨੇ ਇੰਨੀ ਹਾਲ ਪਾਰ੍ਹਿਆ ਮਚਾ ਦੇਣੀ ਸੀ ਕਿ ਫ਼ਤਿਹਵੀਰ ਨੂੰ ਬਚਾ ਲਿਆ ਜਾਣਾ ਸੀ

ਫ਼ਤਿਹਵੀਰ ਦਾ ਬੋਰ-ਵੈੱਲ ਵਿੱਚ ਡਿਗਣਾ, ਉਸਨੂੰ ਜਲਦੀ ਨਾ ਕੱਢ ਸਕਣਾ ਤੇ ਨਾ ਬਚਾ ਸਕਣਾ ਸਾਡੇ ਪੂਰੇ ਮੁਲਕ ’ਤੇ ਸਵਾਲੀਆਂ ਚਿੰਨ੍ਹ ਲਗਾ ਗਿਆ ਹੈਵੋਟਾਂ ਲੈਣ ਵਾਲ਼ੇ, ਪਾਉਣ ਵਾਲ਼ੇ ਅਤੇ ਨਾ ਪਾਉਣ ਵਾਲ਼ੇ ਵੀ ਇਸ ਜਾਨਲੇਵਾ ਅਣਗਹਿਲੀ ਦੇ ਭਾਗੀਦਾਰ ਹਨ

ਇਸ ਵਕਤ ਸਾਡੇ ਕੋਲ ਮਾਤਮ ਮਨਾਉਣ ਦੇ ਇਲਾਵਾ ਕੋਈ ਚਾਰਾ ਨਹੀਂ ਹੈਬਾਣੀ ਵਿੱਚ ਆਇਆ ਹੈ: ਚਿੰਤਾ ਤਾ ਕੀ ਕੀਜੀਐ ਜੋ ਅਣਹੋਨੀ ਹੋਇ

ਫ਼ਤਿਹਵੀਰ ਦਾ ਸੋਗ ਹੋਣੀ ਨਹੀਂ ਅਣਹੋਣੀ ਹੈ; ਮਾਤਮ ਦੇ ਨਾਲ਼ ਨਾਲ਼ ਸਾਨੂੰ ਇਸਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈਚਿੰਤਾ ਦਾ ਹੱਲ ਚਿੰਤਨ ਵਿੱਚੋਂ ਨਿਕਲਦਾ ਹੈ, ਧਰਨੇ, ਤੋੜ-ਭੰਨ, ਜਲਸਿਆਂ ਜਾਂ ਭਾਸ਼ਣਾਂ ਵਿੱਚੋਂ ਨਹੀਂ

ਫ਼ਤਿਹਵੀਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਉਸ ਮਾਰੂ ਬੋਰ-ਵੈੱਲ ਦੇ ਦਰਸ਼ਣ ਕਰਵਾ ਦਿੱਤੇ ਹਨ, ਜਿਸ ਵਿੱਚ ਸਾਰਾ ਭਾਰਤ ਡਿੱਗਿਆ ਹੋਇਆ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1631)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਅਵਤਾਰ ਸਿੰਘ

ਪ੍ਰੋ. ਅਵਤਾਰ ਸਿੰਘ

Professor Ramgarhia College, Phagwara.
Kapurthala, Punjab, India

Phone: (91 - 94175 - 18384)
Email: (avtar61@gmail.com)