AvtarGondara7“ਜਦੋਂ ਕੁਝ ਦਿਨ ਕੋਈ ਉਸ ਦਾ ਪਤਾ ਸੁਰ ਲੈਣ ਨਾ ਆਇਆ ਤਾਂ ਪੁਲਿਸ ਨੇ ਉਸ ਖਿਲਾਫ ...”
(26 ਜੂਨ 2018)

 

ਚੋਰਾਂ ਨੂੰ ਮੋਰ ਪੈਣ ਦੀ ਕਹਾਵਤ ਤਾਂ ਕਈ ਵਾਰ ਸੁਣੀ ਹੈ, ਪਰ ਇਸ ਨੂੰ ਜਿੰਦਗੀ ਵਿਚ ਵਾਪਰਦਿਆਂ, ਪਹਿਲੀ ਵਾਰ ਦੇਖਿਆਇਹ ਗੱਲ ਕਈ ਸਾਲ ਪਹਿਲਾਂ ਦੀ ਹੈ। ਪੰਜਾਬ ਵਿੱਚ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਜ਼ਿਮੀਦਾਰ ਨਾਲ ਇੱਕ ਕੌਤਕ ਵਾਪਰਿਆਸਵੇਰੇ ਸਵੇਰੇ ਜਦੋਂ ਉਹ ਆਪਣੇ ਵਾੜੇ ਵਿਚ ਪਸ਼ੂਆਂ ਨੂੰ ਪੱਠੇ ਪਾਉਣ ਗਿਆ ਤਾਂ ਕਿੱਲੇ ਨਾਲ ਬੱਝੇ ਇੱਕ ਓਪਰੇ ਕੱਟੇ ਨੂੰ ਦੇਖ ਕੇ ਥਾਂਹੋਂ ਹਿੱਲ ਗਿਆਨੇੜੇ ਬੰਨ੍ਹੇ ਘਰ ਦੇ ਪਸ਼ੂ, ਉਸ ਕੱਟੇ ਵੱਲ ਡੈਂਬਰਿਆਂ ਵਾਂਗ ਝਾਕ ਰਹੇ ਸਨਕੱਟੇ ਦੇ ਗਲ ਫੁੱਲਾਂ ਦਾ ਹਾਰ, ਮੱਥੇ ਉੱਪਰ ਸੰਧੂਰ ਦਾ ਟਿੱਕਾ ਅਤੇ ਉੱਪਰ ਫੁਲਕਾਰੀ ਦਿੱਤੀ ਹੋਈ ਸੀ, ਅਤੇ ਉਹ ਸਹਿਮਿਆ ਖੜ੍ਹਾ ਸੀ

ਬਿਨਾਂ ਪੱਠੇ ਪਾਇਆਂ, ਉਨ੍ਹੀਂ ਪੈਰੀਂ ਉਹ ਪੰਚੈਤ ਸੱਦ ਲਿਆਇਆ ਅਤੇ ਮਿੰਟਾਂ ਵਿੱਚ ਤਮਾਸ਼ਬੀਨਾਂ ਦੀ ਭੀੜ ਲੱਗ ਗਈਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਅਤੇ ਕਿਆਫ਼ੇ ਲੱਗਣ ਲੱਗੇਉਤਸੁਕਤਾ ਅਤੇ ਵਾਪਰਨ ਵਾਲੀ ਕਿਸੇ ਮਾੜੀ ਘਟਨਾ ਦੇ ਡਰੋਂ ਸਾਰਿਆਂ ਦਾ ਸਾਹ ਸੂਤਿਆ ਹੋਇਆ ਸੀਪਿੰਡ ਵਾਲਿਆ ਦਾ ਲੱਖਣ ਸੀ ਕਿ ਪਿਛਲੇ ਵ੍ਹਰੇ ਉਨ੍ਹਾਂ ਦੀ ਫ਼ਸਲ ਨੂੰ ਗੜੇ ਮਾਰ ਹੋਈ ਸੀ ਤੇ ਇਸ ਵਾਰ ਵੀ ਕੋਈ ਦੋਖੀ ਟੂਣੇਹਾਰੇ ਕੱਟੇ ਰਾਹੀਂ ਉਨ੍ਹਾਂ ਦੇ ਪਿੰਡ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਸੀਸਾਰੇ ਕਿਆਸ ਅਰਾਈਆਂ ਲਾ ਰਹੇ ਸਨਕੋਈ ਕੁਝ ਕਹਿ ਰਿਹਾ ਸੀ, ਕੋਈ ਕੁਝ ਕਹਿ ਰਿਹਾ ਸੀਕਈਆਂ ਦੀ ਰਾਇ ਸੀ ਕਿ ਪੈੜ ਦੱਬਣ ਵਾਲੇ ਨੂੰ ਲਿਆਂਦਾ ਜਾਵੇ ਤਾਂ ਜੋ ਉਸ ਬੰਦੇ ਦਾ ਪਤਾ ਲਾਇਆ ਜਾ ਸਕੇ ਜੋ ਕੱਟਾ ਬੰਨ੍ਹ ਕੇ ਗਿਆ ਸੀਵੱਡੇ ਰਾਵਾਂ ਦੇ ਰਹੇ ਸਨ, ਗੱਭਰੂ ਗੁੱਸੇ ਵਿੱਚ ਮੋਢਿਆਂ ਉੱਤੋਂ ਦੀ ਥੁੱਕ ਰਹੇ ਸਨ ਅਤੇ ਕੱਟੇ ਦੇ ਮਾਲਕ ਨੂੰ ਸਬਕ ਸਿਖਾਉਣ ਲਈ ਕਾਹਲੇ ਸਨਬੱਚਿਆਂ ਲਈ ਇਹ ਤਮਾਸ਼ਾ ਸੀ ਅਤੇ ਉਹ ਇਸ ਨੂੰ ਉਤਸਕਤਾ ਅਤੇ ਅਚੰਭੇ ਨਾਲ ਦੇਖ ਰਹੇ ਸਨਕਥਿੱਤ ਤੌਰ ’ਤੇ ਅੰਧਵਿਸ਼ਵਾਸ਼ਾਂ ਤੋਂ ਮੁਕਤ ਸਿੱਖ ਵਸੋਂ ਵਾਲਾ ਇਹ ਪਿੰਡ ‘ਟੂਣੇ ਟਾਮਣ’ ਦੇ ਡਰ ਤੋਂ ਸਹਿਮਿਆ ਖੜ੍ਹਾ ਸੀ

ਇਸ ਘਟਨਾ ਨੂੰ ਕਿਸੇ ਹੋਰ ਢੰਗ ਨਾਲ ਦੇਖਿਆ ਹੀ ਨਹੀਂ ਜਾ ਸਕਦਾ ਸੀਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਬਾਕੀ ਹਿੱਸਿਆਂ ਵਾਂਗ, ਪੰਜਾਬ ਵਿੱਚ ਵੀ ਸਾਰੇ ਫਿਰਕੇ. ਸਣੇ ਸਿੱਖ ਪਰਿਵਾਰਾਂ ਦੇ, ਅੰਧਵਿਸ਼ਵਾਸ਼ਾਂ, ਜਾਦੂ-ਟੂਣਿਆਂ, ਜੰਤਰ-ਮੰਤਰ, ਹਥੌਲਿਆਂ, ਸ਼ਗਨ ਅਪਸ਼ਗਨ, ਪੁੱਛਾਂ ਕਢਾਉਣ ਵਾਲੇ ਸਿਆਣਿਆਂ ਮਗਰ ਫਿਰਦੀ ਰਹਿੰਦੀ ਹੈਡੇਰਿਆਂ ਦੀ ਹੋਂਦ ਇਸ ਦਾ ਠੋਸ ਸਬੂਤ ਹੈਵਰਤਾਰਿਆਂ ਨੂੰ ਜਾਣਨ ਅਤੇ ਹੱਲ ਕਰਨ ਦੀ ਰੁਚੀ ਘੱਟ ਹੈਬੇਸ਼ਕ ਸਿੱਖ ਧਰਮ ਦੇ ਪ੍ਰਚਾਰਕਾਂ ਵਲੋਂ ਇਨ੍ਹਾਂ ਖਿਲਾਫ ਕਈ ਸਦੀਆਂ ਤੋਂ ਟਿੱਲ ਲਾਇਆ ਜਾ ਰਿਹਾ ਹੈ, ਪਰ ਦੂਜੇ ਫਿਰਕਿਆਂ ਵਾਂਗ, ਸਿੱਖਾਂ ਵਿੱਚ ਵੀ ਇਹ ਕੁਰੀਤੀਆਂ ਬਾਦਸਤੂਰ ਜਾਰੀ ਹਨਇੱਕੋ ‘ਰੱਬ’ ਦੀ ਪੂਜਾ ਦੇ ਸਿਧਾਂਤ ਦੇ ਪੈਰੋਕਾਰ, ਵਰਤ ਰੱਖਦੇ ਹਨ, ਦੇਵੀਆਂ ਦੀ ਪੂਜਾ ਕਰਦੇ ਹਨ, ਜੋਤਸ਼ੀਆਂ ਦੇ ਚਰਨੀ ਲੱਗਦੇ ਹਨ, ਹਵਨ ਕਰਾਉਂਦੇ ਹਨ, ਜੇ ਲੋਟ ਲੱਗੇ ਤਾਂ ਆਪੋ ਆਪਣੇ ਖੇਤਾਂ ਵਿੱਚ ਬਣਾਈਆਂ ਮੜੀਆਂ ਮਸਾਣਾਂ ਨੂੰ ਵੀ ਪੂਜਣ ਤੋਂ ਵੀ ਨਹੀਂ ਹਿਚਕਚਾਉਂਦੇਇਸ ਪ੍ਰਥਾਏ ਸਿੱਖ ਆਗੂਆਂ ਦੇ ਘਰੀਂ ਕੀਤੇ ਜਾਂਦੇ ਸੰਪਟ ਪਾਠਾਂ ਦੀਆਂ ਖਬਰਾਂ ਗਾਹੇ ਬਗਾਹੇ ਲੱਗਦੀਆਂ ਰਹਿੰਦੀਆਂ ਹਨਬਹੁਤੇ ਸਿੱਖਾਂ ਨੇ ਸਿੱਖਣ ਦੀ ਬਜਾਏ ਮੱਥਾ ਟੇਕਣ ਦੇ ਸੌਖੇ ਢੰਗ ਤੱਕ ਹੀ ਆਪਣੀ ਸ਼ਰਧਾ ਨੂੰ ਸੀਮਤ ਕਰ ਲਿਆ ਹੈਕੁਝ ਅਜਿਹੇ ਹੀ ਸੰਸਕਾਰਾਂ ਦਾ ਪ੍ਰਦਰਸ਼ਨ ਹੋ ਰਿਹਾ ਸੀ ਇਸ ਪਿੰਡ ਵਿੱਚ

ਖੈਰ ਇਕੱਠ ਵਿੱਚੋਂ ਇੱਕ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਕੱਟੇ ਦਾ ਰੱਸਾ ਖੋਲ੍ਹ ਦਿਓ, ਜਿਸ ਦਾ ਹੋਇਆ, ਕੱਟਾ ਆਪੇ ਉਨ੍ਹਾਂ ਦੇ ਘਰ ਚਲਾ ਜਾਵੇਗਾਇਸ ਨਾਲ ਕੱਟੇ ਦੇ ਮਾਲਕ ਅਤੇ ਇਸ ਨੂੰ ਸ਼ਿੰਗਾਰਨ ਵਾਲੇ ਦਾ ਪਤਾ ਲੱਗ ਜਾਵੇਗਾਇਸ ਸਲਾਹ ’ਤੇ ਚਰਚਾ ਛਿੜ ਪਈ, ਕੋਈ ਹੱਕ ਵਿੱਚ ਬੋਲ ਰਿਹਾ ਸੀ ਅਤੇ ਕੋਈ ਵਿਰੋਧ ਵਿੱਚਕੁਝ ਮੋਹਤਬਰਾਂ ਨੇ ਰੌਲਾ ਪਾ ਰਹੀ ਮੁੰਡੀਰ ਨੂੰ ਵਰਜਿਆਲੰਮੀ ਸਾਰੀ ਘੀਰ ਘੀਰ ਤੋਂ ਬਾਅਦ, ਸਲਾਹ ਸਾਰਿਆਂ ਨੂੰ ਜਚ ਗਈ, ਪਰ ਕੱਟਾ ਖੋਲ੍ਹਣ ਲਈ ਡਰਦਾ ਕੋਈ ਅੱਗੇ ਨਹੀਂ ਆ ਰਿਹਾ ਸੀਹਰ ਕੋਈ ‘ਟੂਣੇ’ ਦੇ ਕਥਿੱਤ ਮਾੜੇ ਅਸਰ ਤੋਂ ਡਰ ਰਿਹਾ ਸੀਹੋ ਸਕਦਾ ਹੈ ਖੋਲ੍ਹਣ ਵਾਲਾ ਹੀ ਮਾਰਿਆ ਜਾਵੇਸਾਰੇ ਇੱਕ ਦੂਜੇ ਵੱਲ ਉਤਸੁਕਤਾ ਵੱਸ ਦੇਖ ਰਹੇ ਸਨਭੀੜ ਵਿੱਚ ਪੜ੍ਹੇ ਲਿਖੇ, ਅਧਪੜ ਅਤੇ ਧਰਮੀ ਵੀ ਖੜ੍ਹੇ ਸਨਇੰਨੇ ਨੂੰ ਪਿੰਡ ਵਿੱਚ ਨਾਸਤਿਕ ਵਜੋਂ ਜਾਣਿਆ ਜਾਂਦਾ ਇਕ ਤਰਕਸ਼ੀਲ ਮੁੰਡਾ ਅੱਗੇ ਵਧਿਆ ਅਤੇ ਉਸ ਨੇ ਹੌਸਲਾ ਕਰ ਕੇ ਕੱਟਾ ਕਿੱਲੇ ਨਾਲੋਂ ਖੋਲ੍ਹ ਦਿੱਤਾਮੁੰਡੀਰ ਨੇ ਤਾੜੀਆਂ ਵਜਾਈਆਂ

ਭੂਤਰਿਆ ਹੋਇਆ ਕੱਟਾ ਵਾੜੇ ਵਿੱਚੋਂ ਨਿੱਕਲ ਕੇ ਵਾਹਰ ਦੇ ਮੂਹਰੇ ਹੋ ਤੁਰਿਆਉਸ ਉੱਪਰ ਦਿੱਤੀ ਫ਼ੁਲਕਾਰੀ ਭੁੰਜੇ ਡਿੱਗ ਪਈ. ਕੱਟੇ ਦੀ ਤੋਰ ਤੇਜ ਹੋ ਗਈਪੰਚਾਇਤ ਅਤੇ ਵਾਹਰ ਕੱਟੇ ਦੇ ਮਗਰ ਮਗਰ ਹੋ ਤੁਰੀਕੱਟਾ ਤੁਰਦਾ ਤੁਰਦਾ ਨਾਲ ਦੇ ਪਿੰਡ ਬੰਬੀਹਾ ਭਾਈ ਦੀ ਸੜਕ ਪੈ ਗਿਆਭੀੜ ਨੇ ਜਲੂਸ ਦੀ ਸ਼ਕਲ ਅਖਤਿਆਰ ਕਰ ਲਈਕੁਝ ਬੰਦੇ ਆਪੋ ਆਪਣੇ ਘਰਾਂ ਨੂੰ ਖਿਸਕ ਗਏ

ਕੱਟੇ ਮਗਰ ਲੱਗੀ ਵਾਹਰ ਨੇ ਦੋ ਤਿੱਨ ਮੀਲ ਲੰਮਾ ਪੈਂਡਾ ਤੈ ਕੀਤਾਕੱਟਾ ਮੂਹਰੇ ਮੂਹਰੇ ਇਉਂ ਭੱਜਿਆ ਜਾ ਰਿਹਾ ਸੀ, ਜਿਵੇਂ ਕੋਈ ਫਿਰਕੂ ਨੇਤਾ ਗੌਰਵ ਯਾਤਰਾ’ ਵੇਲੇ ਆਪਣੇ ਪੈਰੋਕਾਰਾਂ ਦੀ ਅਗਵਾਈ ਕਰ ਰਿਹਾ ਹੋਵੇਸਾਰਿਆਂ ਨੇ ਕਿਆਸ ਅਰਾਈਆਂ ਨਾਲ ਖੁੱਦੋ ਖੂੰਡੀ ਖੇਡਣੀ ਜਾਰੀ ਰੱਖੀਇੱਕ ਬੰਦੇ ਨੇ ਰਾਇ ਦਿੱਤੀ ਕਿ ਜਿਸ ਪਿੰਡ ਦਾ ਵੀ ਕੱਟਾ ਹੋਇਆ, ਉਸ ਪਿੰਡ ਦੇ ਸਰਪੰਚ ਨੂੰ ਜ਼ਰੂਰ ਮਿਲਿਆਂ ਜਾਵੇ ਅਤੇ ਗੱਲ ਉਸ ਦੀ ਹਾਜ਼ਰੀ ਵਿੱਚ ਹੀ ਹੋਵੇਵੱਡੇ ਸਬਰ ਰੱਖਣ ਦੀ ਰਾਇ ਦੇ ਰਹੇ ਸੀਜਿੰਨੇ ਮੂੰਹ ਉੰਨੀਆਂ ਗੱਲਾਂਕਦੇ ਕਦੇ ਕੱਟਾ ਖੜ੍ਹ ਜਾਂਦਾ ਤਾਂ ਮੰਡੀਰ ਸ਼ਿਸ਼ਕੇਰ ਦਿੰਦੀਕੱਟਾ ਫਿਰ ਭੱਜ ਪੈਂਦਾਆਖਰ ਕੱਟਾ ਤੁਰਦਾ ਤੁਰਦਾ, ਬੰਬੀਹਾ ਭਾਈ ਪਿੰਡ ਦੇ ਇੱਕ ਜਿਮੀਦਾਰ ਦੇ ਘਰ ਜਾ ਵੜਿਆ, ਜਿੱਥੇ ਬੱਧਣੀ ਕਲਾਂ ਦਾ ਚੇਲਾ, ਨਛੱਤਰ ਸਿੰਘ ਹੁਣੇ ਹੁਣੇ ਚੌਕੀ ਲਾ ਕੇ ਹਟਿਆ ਸੀਆਲੇ ਦੁਆਲੇ ਸਮਾਨ ਖਿਲਰਿਆ ਪਿਆ ਸੀਉਸ ਦੇ ਗਲ ਕਾਲਾ ਚੋਲਾ ਅਤੇ ਤੇੜ ਕਾਲੀ ਚਾਦਰ ਬੰਨ੍ਹੀ ਹੋਈ ਸੀ। ਇੱਕ ਤਲੈਬੜ ਅਤੇ ਚਿੱਮਟਾ ਉਸ ਦੇ ਮੰਜੇ ਦੀ ਬਾਹੀ ਨਾਲ ਪਿਆ ਸੀਘਰ ਦੇ ਜੀਅ ਉਸ ਦੀ ਟਹਿਲ ਸੇਵਾ ਵਿੱਚ ਲੱਗੇ ਹੋਏ ਸਨਗੁੱਸੇ ਨਾਲ ਭਰੀ ਪੰਚਾਇਤ ਅਤੇ ਵਾਹਰ ਨੇ ਵਾਵੇਲਾ ਖੜ੍ਹਾ ਕਰ ਦਿੱਤਾਮੁੰਡੀਰ ਇਕੱਠੀ ਹੋ ਗਈ ਅਤੇ ਬੰਬੀਹਾ ਭਾਈ ਦੀ ਪੰਚਾਇਤ ਵੀ ਆ ਗਈਆਪਣੀਆਂ ਲਾਲ ਅੱਖਾਂ ਨਾਲ ਚੇਲਾ ਸਾਰਿਆਂ ਨੂੰ ਘੂਰ ਰਿਹਾ ਸੀਇੱਥੇ ਵੀ ਮੇਲਾ ਲੱਗ ਗਿਆ

ਦੋਨਾਂ ਪੰਚਾਇਤਾਂ ਵਿੱਚ ਤੂੰ ਤੂੰ ਮੈਂ ਮੈਂ ਹੋਣ ਲੱਗੀਮਾਹੌਲ ਤਣਾਓ ਭਰਿਆ ਬਣ ਗਿਆਬੁਰਜ ਵਾਲੀ ਪੰਚਾਇਤ ਕਹੇ ਬਈ ਕੱਟਾ, ਤੁਸੀਂ ਇਸ ਕਰਕੇ ਸਾਡੇ ਪਿੰਡ ਛੱਡਿਆ ਹੈ ਤਾਂ ਕਿ ਇਸ ਵਾਰ ਗੜ੍ਹੇ ਤੁਹਾਡੇ ਪਿੰਡ ਦੀ ਬਜਾਏ ਸਾਡੇ ਪਿੰਡ ਪੈਣਜਦੋਂ ਕਿ ਬੰਬੀਹਾ ਪਿੰਡ ਦੀ ਪੰਚਾਇਤ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰੀ ਸੀਕਾਫ਼ੀ ਵਾਅ ਵਾਵੇਲੇ ਤੋਂ ਬਾਅਦ ਗੱਲ ਇਹ ਨਿੱਕਲੀ ਕਿ ਕੱਟੇ ਦੇ ਮਾਲਕ ਦੀ ਲੜਕੀ ‘ਓਪਰੀ ਸ਼ੈਅ’ ਤੋਂ ਪੀੜਤ ਸੀ, ਲੜਕੀ ਗੁੰਮ ਸੁੰਮ ਰਹਿੰਦੀ ਸੀਕੁੜੀ ਦਾ ਵਿਆਹ ਬੰਨ੍ਹਿਆ ਹੋਣ ਕਰਕੇ ਸਾਰਾ ਟੱਬਰ ਘਬਰਾਇਆ ਹੋਇਆ ਸੀਉਹ ਨਾ ਕੁਝ ਖਾਂਦੀ ਸੀ, ਨਾ ਪੀਂਦੀ‘ਮੰਗ ਛੁੱਟ’ ਜਾਣ ਦਾ ਖਦਸ਼ਾ ਸੀਉਸ ਨੇ ਚੇਲੇ ਤੱਕ ਪਹੁੰਚ ਕੀਤੀ ਅਤੇ ਆਪਣਾ ਦੁੱਖ ਰੋਇਆਚੇਲੇ ਨੇ ਲੜਕੀ ਨੂੰ ਠੀਕ ਕਰਨ ਬਦਲੇ 1200 ਰੁਪਏ ਲੈਣੇ ਤੈਅ ਕੀਤੇ ਸਨਇਸ ਵਿੱਚੋਂ ਉਸ ਨੇ 700 ਰੁਪਏ ਪਹਿਲਾਂ ਲੈ ਲਏ ਸਨ ਤੇ ਬਾਕੀ ਬਾਅਦ ਵਿੱਚ ਲੈਣੇ ਸਨਚੇਲੇ ਨੇ ਕੁੜੀ ਦਾ ‘ਸਿੱਕੇਬੰਦ ਇਲਾਜ’ ਕਰਨ ਅਤੇ ਔਲ੍ਹੀ ਟਾਲਣ ਲਈ, ਭੈਰੋਂ ਨੂੰ ਚੜ੍ਹਾਉਣ ਲਈ ਕੁਝ ਸਮੱਗਰੀ, ਕਾਲਾ ਕੁੱਕੜ, ਸ਼ਰਾਬ ਦੀ ਬੋਤਲ ਅਤੇ ‘ਮੰਤਰਿਆ ਹੋਇਆ ਕੱਟਾ ਨਾਲ ਦੇ ਪਿੰਡ ਦੀ ਜੂਹ ਵਿੱਚ ਛੱਡ ਕੇ ਆਉਣ ਦੀ ਹਦਾਇਤ ਕੀਤੀਪਰ ਘਰ ਵਾਲੇ, ਵਾਪਸ ਮੁੜ ਆਉਣ ਦੇ ਡਰੋਂ, ਕੱਟੇ ਨੂੰ ਜੂਹ ਵਿਚ ਛੱਡਣ ਦੀ ਬਜਾਏ ਉਸ ਪਿੰਡ ਦੇ ਜ਼ਿਮੀਦਾਰ ਦੇ ਪਸ਼ੂਆ ਦੇ ਵਾੜੇ ਵਿੱਚ ਬੰਨ੍ਹ ਆਏ

ਅਸਲ ਗੱਲ ਸਾਫ ਹੋਣ ’ਤੇ ਪੰਚਾਇਤਾਂ ਦਾ ਰੱਟਾ ਖਤਮ ਹੋ ਗਿਆ, ਪਰ ਸਾਰਾ ਨਜ਼ਲਾ ਚੇਲੇ ’ਤੇ ਡਿੱਗ ਗਿਆਮੁੰਡੀਰ ਨੇ ਰਲ ਕੇ ਉਸ ਨੂੰ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾਗੱਲ ਵਧਦੀ ਦੇਖ ਕੇ ਸਿਆਣਿਆਂ ਨੇ ਵਿੱਚ ਵਿਚਾਲਾ ਕੀਤਾਕੁਝ ਦਾ ਵਿਚਾਰ ਸੀ ਕਿ ਚੇਲੇ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਗੇੜਾ ਕਢਾਇਆ ਜਾਵੇਪਰ ਦੋਨਾਂ ਪੰਚਾਇਤਾ ਦੀ ਰਾਇ ਨਾਲ ਚੇਲੇ ਨੂੰ ਥਾਣਾ ਸਦਰ ਕੋਟਕਾਪੂਰਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਦੂਜੇ ਪਾਸੇ, ਕਿਸੇ ਸੂਝਵਾਨ ਬੰਦੇ ਦੀ ਸਲਾਹ ’ਤੇ ਕੁੜੀ ਦੇ ਘਰਦਿਆਂ ਨੇ ਕੁੜੀ ਨੂੰ ‘ਮਨੋਰੋਗ ਮਾਹਿਰ’ ਨੂੰ ਦਿਖਾਉਣ ਦਾ ਮਨ ਬਣਾਇਆਕੁਝ ਮੁਲਾਕਾਤਾਂ ਬਾਅਦ ਗੱਲ ਇਹ ਨਿਕਲੀ ਕਿ ਕੁੜੀ ਦੇ ਚੁੱਪ ਰਹਿਣ ਦਾ ਕਾਰਣ ‘ਓਪਰੀ ਸ਼ੈਅ’ ਨਹੀਂ, ਬਲਕਿ ਹੋ ਰਹੇ ਵਿਆਹ ਦਾ ਬੋਝ ਸੀਉਹ ਵਿਆਹ ਕਿਤੇ ਹੋਰ ਕਰਾਉਣਾ ਚਾਹੁੰਦੀ ਸੀ, ਪਰ ਆਪਣੀ ਗੱਲ ਦੱਸਣ ਦੀ ਹਿੰਮਤ ਨਹੀਂ ਸੀ ਰੱਖਦੀਡਾਕਟਰ ਨੇ ਘਰਦਿਆਂ ਨੂੰ ਸਮਝਾਇਆ ਅਤੇ ਕੁੜੀ ਨੂੰ ਭਰੋਸੇ ਵਿੱਚ ਲੈ ਕੇ ਵਿਆਹ ਕਰਨ ਦੀ ਸਲਾਹ ਦਿੱਤੀ

ਇੱਧਰ, ਹਿਰਾਸਤ ਵਿੱਚ ਲੈਣ ਉਪਰੰਤ ਚੇਲੇ ਦੀ ‘ਸਿਆਣਪ’ ਅਤੇ ਪੁਲਸ ਦੀ ‘ਭੂਤ-ਵਿੱਦਿਆ’ ਦਾ ਸਾਹਮਣਾ ਹੋਇਆ‘ਭੂਤ’ ਫੜਨ ਵਾਲੇ ਚੇਲੇ ਅਤੇ ਭੂਤਾਂ ਵਰਗੀ ਪੰਜਾਬ ਪੁਲਿਸ ਦਰਮਿਆਨ ਜੋ ਕੁਝ ਵਾਪਰਿਆ, ਉਹ ਵੀ ਕਿਸੇ ਕੌਤਕ ਨਾਲੋਂ ਘੱਟ ਨਹੀਂ ਸੀਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਸ ਫੜੇ ਬੰਦਿਆਂ ਤੋਂ ਉਹ ਕੁਝ ਵੀ ਬ੍ਰਾਮਦ ਕਰਵਾ ਲੈਂਦੀ ਹੈ, ਜੋ ਉਸ ਨੇ ਚੋਰੀ ਨਹੀਂ ਵੀ ਕੀਤਾ ਹੁੰਦਾਇਹ ਕਲਾ ਤਾਂ ਵੱਡੇ ਵੱਡੇ ਜਾਦੂਗਰਾਂ ਨੂੰ ਵੀ ਮਾਤ ਕਰਦੀ ਹੈਇਹੀ ਕੁਝ ਚੇਲੇ ਨਾਲ ਵਾਪਰਿਆਉਸ ਨੂੰ ਕੁਝ ਦਿਨ ਥਾਣੇ ਬਿਠਾਈ ਰੱਖਿਆਝਾੜੂ ਪੂੰਝਾਂ ਕਰਵਾਇਆਥਾਨੇ ਦੇ ਮੁਨਸ਼ੀ ਨੇ ਚੇਲੇ ਨੂੰ ਕੋਈ ‘ਕਰਾਮਾਤ’ ਦਿਖਾਉਣ ਲਈ ਕਿਹਾਉਹ ਹੱਥ ਬੰਨ੍ਹ ਕੇ ਗਿੜਗਿੜਾਇਆ ਕਿ ਉਸ ਕੋਲ ਕੋਈ ਸ਼ਕਤੀ ਨਹੀਂ ਉਸ ਨੇ ਤਾਂ ਸੌਖੀ ਰੋਟੀ ਕਮਾਉਣ ਅਤੇ ਐਸ਼ ਕਰਨ ਦਾ ਜੁਗਾੜ ਬਣਾਇਆ ਹੈਉਸ ਨੇ ਛੱਡ ਦੇਣ ਲਈ ਤਰਲਾ ਕੀਤਾਜਦੋਂ ਕੁਝ ਦਿਨ ਕੋਈ ਉਸ ਦਾ ਪਤਾ ਸੁਰ ਲੈਣ ਨਾ ਆਇਆ ਤਾਂ ਪੁਲਿਸ ਨੇ ਉਸ ਖਿਲਾਫ ਅਫੀਮ ਰੱਖਣ ਦਾ ਪਰਚਾ ਦਾਇਰ ਕਰਕੇ ਚਲਾਣ ਦਾਇਰ ਕਰ ਦਿੱਤਾਜਾਹਲੀ ਗਵਾਹ ਵੀ ਖੜ੍ਹੇ ਕਰ ਲਏਨਮੂਨੇ ਜੋਗੀ ਅਫੀਮ ਕੋਲੋਂ ਪਾ ਦਿੱਤੀਬਾਕੀ ਕਾਲੇ ਗੁੜ ਦਾ ਪੁਲੰਦਾ ਡੱਬਾ ਬੰਦ ਕਰ ਕੇ ਮਾਲ ਮੁਕੱਦਮਾ ਤਿਆਰ ਕਰ ਲਿਆ

ਪੁਲੀਸ ਨੇ ਚੇਲੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਮੈਜਿਸਟ੍ਰੇਟ ਨੇ ਉਸ ਨੂੰ ਜੇਲ ਭੇਜ ਦਿੱਤਾਉਸ ਵਲੋਂ ਰੋੜੀ ਕਪੂਰੇ ਦਾ ਵਕੀਲ ਜੋਗਿੰਦਰ ਸਿੰਘ ਬਰਾੜ ਪੇਸ਼ ਹੋਇਆਅਦਾਲਤ ਵਿਚ ਚਲਾਣ ਪੇਸ਼ ਤੋਂ ਬਾਅਦ ਕਈ ਮਹੀਨੇ ਕੱਚੀਆਂ ਤਾਰੀਖਾਂ ਪੈਂਦੀਆਂ ਰਹੀਆਂਚੇਲੇ ਦਾ ਬੁਰਾ ਹਾਲ ਸੀਗਵਾਹੀਆਂ ਹੋਣ ਲੱਗੀਆਂਬਰਾੜ ਦੇ ਦੱਸਣ ਮੁਤਾਬਿਕ, ਜਦੋਂ ਪੜਤਾਲੀਆ ਅਫਸਰ ਦੀ ਗਵਾਹੀ ਹੋਈ, ਉਸ ਨੇ ਅਦਾਲਤ ਵਿਚ ਇਉਂ ਬਿਆਨ ਦਰਜ ਕਰਵਾਇਆ, ‘ਪੁਲਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਪਿੰਡ ਜਵਾਹਰ ਸਿੰਘ ਵਾਲਾ ਪੁੱਜੀ ਤਾਂ ਬੱਸ ਅੱਡੇ ’ਤੇ ਦੋਸ਼ੀ ਨਛੱਤਰ ਸਿੰਘ ਹਾਜਰ ਅਦਾਲਤ ਖੜ੍ਹਾ ਸੀਪੁਲਿਸ ਨੂੰ ਦੇਖ ਕੇ ਦੋਸ਼ੀ ਓਹਲੇ ਹੋ ਗਿਆਸ਼ੱਕ ਦੀ ਬਿਨਾਂ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾਉਸ ਦਾ ਨਾਂ ਪਤਾ ਪੁੱਛਿਆ ਅਤੇ ਹਸਬ-ਜ਼ਾਬਤਾ ਤਲਾਸ਼ੀ ਲਈਦੋਸ਼ੀ ਦੇ ਸੱਜੇ ਹੱਥ ਵਿਚ ਫੜੇ ਝੋਲੇ ਵਿੱਚੋਂ ਮੋਮੀ ਕਾਗਜ ਵਿਚ ਲਪੇਟੀ ਅਫੀਮ ਬਰਾਮਦ ਹੋਈ, ਜੋ ਤੋਲਣ ਤੇ ਸਵਾ ਕਿੱਲੋ ਹੋਈ ਗਵਾਹੀ ਪੁਖਤਾ ਸੀਬਾਕੀ ਦੇ ਸਰਕਾਰੀ ਗਵਾਹਾਂ ਨੇ ਵੀ ਅਫੀਮ ਦੀ ਬਰਾਮਦਗੀ ਦੀ ਪੁਸ਼ਟੀ ਕੀਤੀ

ਚੇਲੇ ਦੀ ਕਹਾਣੀ ਸੁਣ ਕੇ ਫਰੀਦਕੋਟ ਕਚਹਿਰੀ ਦੇ ਵਕੀਲ ਅਤੇ ਮੁਨਸ਼ੀ ਹੱਸ ਛੱਡਦੇਪਰ ਚੇਲਾ ਹਰ ਵੇਲੇ ਕੱਟੇ ਵਾਂਗ ਸਹਿਮਿਆ ਦਿਸਦਾ ਜਿਵੇਂ ਕਿਸੇ ‘ਪਰੀ ਸ਼ੈਅ’ ਦੇ ਦਬਾ ਹੇਠ ਹੋਵੇਚੇਲੇ ਦੇ ਵਕੀਲ ਬਰਾੜ ਨੇ ਚੇਲੇ ਨੂੰ ਸਲਾਹ ਦਿੱਤੀ ਕਿ ਮੌਕੇ ’ਤੇ ਹਾਜ਼ਰ ਬੰਦਿਆਂ ਵਿੱਚੋਂ ਸਫਾਈ ਦੇ ਗਵਾਹ ਬਿਨਾਂ ਉਸ ਦਾ ਕੋਈ ਛੁਟਕਾਰਾ ਨਹੀਂ ਹੋਣਾ, ਇਸ ਲਈ ਉਸ ਨੂੰ ਉਨ੍ਹਾਂ ਤੱਕ ਰਸਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆ ਕੇ ਅਦਾਲਤ ਨੂੰ ਸਹੀ ਗੱਲ ਦੱਸਣਕਈ ਗੇੜੇ ਕੱਢੇ ਪਰ ਕੋਈ ਗਵਾਹੀ ਦੇਣ ਨੂੰ ਤਿਆਰ ਨਾ ਹੋਇਆਮਿੰਨਤਾਂ ਤਰਲੇ ਕਰਕੇ ਚੇਲੇ ਨੇ ਪਿੰਡ ਦੇ ਸਰਪੰਚ ਦੀ ਸ਼ਰਨ ਲਈ ਅਤੇ ਉਹ ਸਫ਼ਾਈ ਦੇ ਗਵਾਹ ਵਜੋਂ ਪੇਸ਼ ਹੋਇਆਉਸ ਨੇ ਸਾਰੀ ਕਹਾਣੀ ਅਦਾਲਤ ਨੂੰ ਸੁਣਾ ਦਿੱਤੀ ਕਿ ਕਿਵੇਂ ਚੇਲਾ ਫੜਿਆ ਗਿਆ ਅਤੇ ਕਿਵੇਂ ਉਨ੍ਹਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਸੀਉਸ ਕੋਲੋਂ ਕੋਈ ਅਫੀਮ ਬਰਾਮਦਗੀ ਨਹੀਂ ਹੋਈਪੁਲਸ ਨੇ ਉਸ ’ਤੇ ਅਫੀਮ ਦਾ ਝੂਠਾ ਕੇਸ ਪਾਇਆ ਹੈ

ਗਵਾਹੀ ਵਿੱਚ ਹੋਰ ਵੀ ਕਈ ਖਾਮੀਆਂ ਸਨਕਿੱਸਾ ਕੋਤਾ ਇਹ ਕਿ ਅਦਾਲਤ ਨੇ ਸ਼ੱਕ ਦੀ ਬਿਨਾਂ ’ਤੇ ਚੇਲੇ ਨੂੰ ਬਰੀ ਕਰ ਦਿੱਤਾ

ਬਰੀ ਹੋਣ ਦਾ ਹੁਕਮ ਸੁਣ ਕੇ ਚੇਲਾ ਅਦਾਲਤ ਵਿੱਚੋਂ ਇਉਂ ਭੱਜਿਆ ਜਿਵੇਂ ਕੱਟਾ ਕਿੱਲਿਓਂ ਛੁੱਟਣ ਵੇਲੇ ਭੱਜਿਆ ਸੀ

*****

(1206)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)