SukhdevSRana7ਇਹ ਪੜ੍ਹਾਈ ਦਾ ਰੋਅਬ ਕਿਸੇ ਹੋਰ ’ਤੇ ਪਾਇਉ ...
(22 ਮਾਰਚ 2018)

 

ਇਹ ਗੱਲ 1977 ਦੀ ਹੈ। ਐਮ. ਏ. ਪਾਸ ਕਰਨ ਤੋਂ ਬਾਅਦ ਮੇਰੀ ਇੱਛਾ ਸੀ ਕਿ ਨੌਕਰੀ ਕੀਤੀ ਜਾਵੇ। ਮੈਂ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ। ਸਹਾਇਕ ਥਾਣੇਦਾਰ, ਸਹਾਇਕ ਜੇਲ ਸੁਪਰਡੈਂਟ ਅਤੇ ਹੋਰ ਕਈ ਵਿਭਾਗਾਂ ਦੇ ਮੁਕਾਬਲੇ ਦੇ ਲਿਖਤੀ ਇਮਤਿਹਾਨ ਪਾਸ ਕਰ ਲਏ। ਸਰੀਰਕ ਸਿੱਖਿਆ ਦੇ ਟੈਸਟ ਵੀ ਪਾਸ ਕਰ ਲਏ। ਮੈਂ ਇੰਟਰਵਿਊ ਵੀ ਦਿੱਤੀ, ਪਰ ਕਿਤੇ ਨੌਕਰੀ ਨਾ ਮਿਲੀ। ਐੱਮ. ਏ. ਕਰਨ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ। ਮੇਰੀ ਸ੍ਰੀਮਤੀ ਪ੍ਰਾਇਮਰੀ ਅਧਿਆਪਕ ਸੀ। ਪਰ ਮੈਂ ਅਧਿਆਪਕ ਬਣਨਾ ਨਹੀਂ ਚਾਹੁੰਦਾ ਸੀ, ਇਸ ਲਈ ਮੈਂ ਅਧਿਆਪਨ ਦੇ ਕੋਰਸ ਵਿਚ ਦਾਖਲਾ ਨਹੀਂ ਲਿਆ। ਇਕ ਸਾਲ ਨੌਕਰੀ ਲੱਭਦੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਦੇ ਨੂੰ ਲੰਘ ਗਿਆ। ਪਰ ਖਾਲੀ ਹੱਥ ਬੇਰੁਜ਼ਗਾਰੀ ਦਾ ਭਾਰ ਅਤੇ ਉੱਧਰ ਸ਼ਾਦੀ ਸ਼ੁਦਾ। ਹੁਣ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੀਏ। ਸ੍ਰੀਮਤੀ ਨੇ ਬੁਹਤ ਜ਼ੋਰ ਲਾਇਆ ਕਿ ਬੀ. ਐੱਡ. ਕਰ ਲਉ ਪਰ ਨਹੀਂ, ਜ਼ਿੱਦ ਸੀ ਕਿ ਮਾਸਟਰ ਨਹੀਂ ਲੱਗਣਾ, ਠਾਣੇਦਾਰ ਹੀ ਲੱਗਣਾ ਹੈ। ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਆਖਰ ਹੰਭ ਹਾਰ ਕੇ ਜਦ ਦਮ ਨਿਕਲ ਗਿਆ ਤਾਂ ਮੈਂ ਆਪਣੇ ਚਚੇਰੇ ਭਰਾ ਨੂੰ ਕਿਸੇ ਨੌਕਰੀ ਸਬੰਧੀ ਜੁਗਾੜ ਲੜਾਉਣ ਨੂੰ ਕਿਹਾ। ਉਹ ਉਨ੍ਹਾਂ ਦਿਨਾਂ ਵਿਚ ਲੁਧਿਆਣੇ ਕਿਸੇ ਮਸ਼ਹੂਰ ਸਾਈਕਲ ਫੈਕਟਰੀ ਵਿਚ ਚੰਗੇ ਅਹੁਦੇ ’ਤੇ ਸੀ। ਇਸ ਲਈ ਕਈ ਮਹਿਕਮਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਉਸ ਦੇ ਜਾਣੂ ਸਨ। ਉਸ ਨੇ ਮੈਨੂੰ ਆਪਣੇ ਇਕ ਦੋਸਤ ਕੋਲ ਭੇਜਿਆ। ਉਸ ਦੋਸਤ ਨੇ ਮੈਨੂੰ ਇਕ ਫੈਕਟਰੀ ਵਿਚ ਲਗਵਾ ਦਿੱਤਾ।

ਇਹ ਫੈਕਟਰੀ ਸ਼ੇਰਪੁਰ ਪੁਲ ਦੇ ਨਾਲ ਸਥਿਤ ਸੀ। ਇਹ ਡੱਬੇ ਬਣਾਉਣ ਵਾਲੀ ਫੈਕਟਰੀ ਸੀ। ਇੱਥੇ ਡੱਬੇ ਅਤੇ ਲੇਬਲ ਬਣਦੇ ਸਨ। ਮੈਨੂੰ ਕਿਹਾ ਗਿਆ ਕਿ ਤੁਹਾਡਾ ਕੰਮ ਸੰਪਰਕ ਅਧਿਕਾਰੀ ਦਾ ਹੋਵੇਗਾ ਅਤੇ ਤੁਸੀਂ ਅੱਡ ਅੱਡ ਥਾਵਾਂ ’ਤੇ ਬਿੱਲ ਦੇ ਕੇ ਪੇਮੈਂਟ ਲਿਆਉਣੀਆਂ ਹਨ। ਇਸ ਲਈ ਤੁਹਾਨੂੰ ਸਕੂਟਰ ਦਿੱਤਾ ਜਾਵੇਗਾ। ਮੈਂ ਬਹੁਤ ਖੁਸ਼ ਸੀ ਕਿ ਚਲੋ ਨਾਲੇ ਸਕੂਟਰ ਸਿੱਖ ਲਵਾਂਗੇ, ਨਾਲ ਘੁੰਮਣ ਫਿਰਨ ਦੀ ਮੌਜ। ਟੌਹਰ ਦੀ ਟੌਹਰ। ਲਉ ਜੀ, ਮੈਂ ਨੌਕਰੀ ’ਤੇ ਹਾਜ਼ਰ ਹੋ ਗਿਆ। ਮਾਲਕ ਨੇ ਮੇਰੇ ਹੱਥ ਵਿਚ ਕਾਗਜਾਂ ਦਾ ਥੱਬਾ ਫੜਾ ਕੇ ਹੁਕਮ ਦਿੱਤਾ, “ਇਨ੍ਹਾਂ ਉੱਤੇ ਮੈਂ ਨੰਬਰ ਲਾ ਦਿੱਤੇ ਹਨ। ਆਹ ਪਿੱਛੇ ਅਲਮਾਰੀ ਵਿੱਚੋਂ ਫਾਈਲਾਂ ਕੱਢ ਕੇ ਅਤੇ ਜਿਹੜੇ ਨੰਬਰ ਦਾ ਕਾਗਜ਼ ਹੈ, ਉਹ ਉਸ ਨੰਬਰ ਦੀ ਫਾਈਲ ਵਿਚ ਪਾ ਦੇ।”

ਦੋ ਤਿੰਨ ਦਿਨ ਮੈਥੋਂ ਦਫਤਰ ਦਾ ਇਹ ਕੰਮ ਕਰਵਾਉਂਦੇ ਰਹੇ। ਅਪ੍ਰੈਲ ਦਾ ਅੰਤਮ ਹਫਤਾ ਸੀ। ਇਨ੍ਹਾਂ ਦਿਨਾਂ ਵਿਚ ਉੱਤਰੀ ਭਾਰਤ ਵਿਚ ਗਰਮੀ ਪੂਰੀ ਹੁੰਦੀ ਹੈ। ਮੈਂ ਸੋਚਿਆ, ਚਲੋ ਸੌਖਾ ਕੰਮ ਹੈ। ਦਫਤਰ ਵਿਚ ਗਰਮੀ ਤੋਂ ਬਚਾਉ ਹੈ। ਘੱਟੋ ਘੱਟ ਪੱਖਾ ਅਤੇ ਕੂਲਰ ਚੱਲਦਾ ਹੈ। ਪਰ ਹਫਤੇ ਬਾਅਦ ਮੇਰਾ ਇਹ ਭਰਮ ਦੂਰ ਹੋ ਗਿਆ। ਜਦੋਂ ਮਾਲਕ ਨੇ ਆਪਣੇ ਪਿਉ ਦਾ ਪੁਰਾਣਾ ਲੇਡੀਜ਼ ਸਾਈਕਲ ਠੀਕ ਕਰਾਕੇ ਮੈਨੂੰ ਸੌਂਪ ਦਿੱਤਾ ਅਤੇ ਹੁਕਮ ਚਾੜਿਆ, “ਚਲੋ ਸਰਦਾਰ ਜੀ, ਘੰਟਾ ਘਰ ਕੋਲੋਂ ਦੁਕਾਨ ਤੋਂ ਪ੍ਰਿੰਟਿੰਗ ਲਈ ਵਰਤੇ ਜਾਣ ਵਾਲੇ ਰੰਗ ਲਿਆਓ।”

ਸਕੂਟਰ ਤਾਂ ਕੀ ਮਿਲਣਾ ਸੀ, ਮਾਲਕ ਦੇ ਬਾਪੂ ਦੇ ਪੁਰਾਣੇ ਸਾਈਕਲ ਨਾਲ ਜੂਝਣਾ ਪੈ ਗਿਆ। ਇਨ੍ਹਾਂ ਦਿਨਾਂ ਵਿਚ ਨੌਂ ਵਜੇ ਤੋਂ ਬਾਅਦ ਪੂਰੀ ਗਰਮੀ ਹੁੰਦੀ ਹੈ। ਸ਼ੇਰਪੁਰ ਪੁਲ ਤੋਂ ਘੰਟਾ ਘਰ ਲਗਭਗ ਛੇ ਕਿਲੋਮੀਟਰ ਹੈ। ਭਾਵ, ਅਜਿਹੀ ਗਰਮੀ ਵਿਚ ਆਉਣ ਜਾਣ ਬਾਰਾਂ ਕਿਲੋਮੀਟਰ ਰੱਬ ਰੱਬ ਕਰਕੇ ਘੰਟਾ ਘਰ ਆਇਆ ਅਤੇ ਰਾਹ ਵਿਚ ਦਮ ਲੈ ਕੇ ਵਾਪਸ ਫੈਕਟਰੀ ਪਹੁੰਚਿਆ। ਕੱਪੜੇ ਪਸੀਨੇ ਨਾਲ ਗੜੁੱਚ। ਬੁਰੇ ਫਸੇ। ਫਸੀ ਦਾ ਫੜਕਨ ਕੀ। ਉਹ ਗੱਲ ਹੋਈ, ਨਾ ਨੌਕਰੀ ਕਰਨ ਨੂੰ ਜੀ ਕਰੇ, ਨਾ ਛੱਡਣ ਦਾ ਹੌਸਲਾ ਪਵੇ। ਸੱਪ ਦੇ ਮੂੰਹ ਵਿਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ। ਵਿਹਲੇ ਫਿਰ ਫਿਰ ਕੇ ਤੰਗ ਆਇਆ ਪਿਆ ਸੀ। ਸੋਚਿਆ, ਚਲੋ ਔਖੇ ਸੌਖੇ ਦੇਖਦੇ ਹਾਂ। ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ?

ਸੋਚਿਆ ਸੀ ਕਿ ਰੈਗੂਲਰ ਮਾਸਟਰ ਦੀ ਡਿਗਰੀ ਦੂਜੇ ਦਰਜੇ ਵਿਚ ਪਾਸ ਕੀਤੀ ਹੈ ਤਾਂ ਵਧੀਆ ਟੌਹਰ ਵਾਲੀ ਨੌਕਰੀ ਮਿਲੂ ਪਰ ਇਹ ਕੀ ਹੋਇਆ। ਵਾਹ ਕਰਮਾਂ ਦਿਆ ਵਲੀਆ, ਰਿਧੀ ਖੀਰ ਤੇ ਬਣ ਗਿਆ ਦਲੀਆ। ਇਹ ਕੰਮ ਤਾਂ ਅਨਪੜ੍ਹ ਵਿਅਕਤੀ ਵੀ ਕਰ ਸਕਦਾ ਸੀ। ਸੋਚਿਆ, ਅੱਗੇ ਦੇਖਦੇ ਹਾਂ। ਸਾਡੇ ਦਫਤਰ ਵਿਚ ਮਾਲਕ ਦਾ ਬਹੁਤ ਹੀ ਖਾਸ ਇਕ ਆਰਟਿਸਟ ਸੀ ਉਨ੍ਹਾਂ ਦਿਨਾਂ ਵਿਚ ਕੰਪਿਊਟਰ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਸਾਰੇ ਡਿਜ਼ਾਇਨ ਬੁਰਸ਼ ਨਾਲ ਜਾਂ ਪੈਨਸਲ ਨਾਲ ਬਣਦੇ ਸਨ। ਉਹ ਦਫਤਰ ਵਿਚ ਇਕ ਪਾਸੇ ਆਪਣਾ ਮੇਜ਼ ਲਾਕੇ ਇਹ ਕੰਮ ਕਰਦਾ ਸੀ। ਜਦੋਂ ਮਾਲਕ ਕਿਤੇ ਬਾਹਰ ਜਾਂਦਾ ਸੀ ਤਾਂ ਉਹ ਫੈਕਟਰੀ ਦਾ ਇੰਚਾਰਜ ਹੁੰਦਾ ਸੀ। ਮਾਲਕ ਦੀ ਗੈਰ-ਹਾਜ਼ਰੀ ਵਿਚ ਉਸ ਦਾ ਹੁਕਮ ਮੰਨਣਾ ਪੈਂਦਾ ਸੀ।

ਕਈ ਵਾਰ ਜੀ ਕਰਦਾ ਸੀ ਕਿ ਉਸ ਦੇ ਹੁਕਮਾਂ ਨੂੰ ਨਾ ਮੰਨਾ, ਬਗਾਵਤ ਕਰ ਦਿਆਂ। ਪਰ ਫੇਰ ਬੇਰੁਜ਼ਗਾਰੀ ਦੀ ਤਸਵੀਰ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਸੀ। ਜਦੋਂ ਦੁਪਿਹਰ ਸਿਖਰ ’ਤੇ ਹੋਣਾ ਤਾਂ ਉਸ ਨੇ ਆਪਣਾ ਰੋਅਬ ਦਾਬ ਪਾਉਣ ਲਈ ਮੈਨੂੰ ਪੰਜ ਦਾ ਨੋਟ ਦੇ ਕੇ ਹੁਕਮ ਚਾੜ੍ਹਨਾ, “ਚੱਲ ਬਈ ਘੰਟਾ ਘਰ ਕੋਲੋਂ ਮਸ਼ੀਨਾਂ ਸਾਫ ਕਰਨ ਲਈ ਪੁਰਾਣੇ ਕੱਪੜੇ ਲਿਆ।” ਅਜਿਹੀ ਗਰਮੀ ਵਿਚ ਬੁਰਾ ਹਾਲ ਹੋ ਜਾਣਾ।

ਮੈਂ ਹਰ ਰੋਜ਼ ਖੰਨੇ ਤੋਂ ਰੇਲ ਗੱਡੀ ਰਾਹੀਂ ਲੁਧਿਆਣੇ ਆਉਂਦਾ ਜਾਂਦਾ ਸੀ। ਇਕ ਦਿਨ ਮੈਂ ਮਾਲਕ ਨੂੰ ਕਿਹਾ, “ਮੈਨੂੰ ਤੁਸੀਂ ਇਕ ਦਿਨ ਪਹਿਲਾਂ ਦੱਸ ਦਿਆ ਕਰੋ, ਜਦੋਂ ਕੋਈ ਸਮਾਨ ਘੰਟਾ ਘਰ ਕੋਲੋਂ ਜਾਂ ਬਜ਼ਾਰੋਂ ਲਿਆਉਣਾ ਹੋਵੇ। ਮੈਂ ਸਵੇਰ ਨੂੰ ਗੱਡੀ ਤੋਂ ਉੱਤਰ ਕੇ ਆਉਂਦਾ ਹੋਇਆ ਲੈ ਆਇਆ ਕਰਾਂਗਾ।”

ਮਾਲਕ ਖਿਝ ਕੇ ਬੋਲਿਆ, “ਇਹ ਕਿਵੇਂ ਹੋ ਸਕਦਾ ਹੈ। ਸਮਾਨ ਦੀ ਜਦ ਲੋੜ ਪਊ, ਉਦੋਂ ਹੀ ਮੰਗਵਾਉਣਾ ਹੈਚਾਹੇ ਦੁਪਹਿਰਾ ਹੋਵੇ ਜਾਂ ਸਵੇਰਾ।” ਜੇਕਰ ਕਦੇ ਕਦਾਈਂ ਮੈਂ ਧੁੱਪ ਕਰਕੇ ਨਾਂਹ ਨੁੱਕਰ ਕਰਨੀ, ਤਾਂ ਮਾਲਕ ਦਾ ਜਵਾਬ ਹੁੰਦਾ, “ਸਰਦਾਰ ਜੀ, ਕੰਮ ਤਾਂ ਅਸੀਂ ਲੈਣਾ। ਤੁਸੀਂ ਇਹ ਨਾ ਸਮਝੋ ਕਿ ਮੈਂ ਸੋਲਾਂ ਪੜ੍ਹਿਆ ਹੋਇਆ ਹਾਂ। ਇੱਥੇ ਪੜ੍ਹਾਈ ਦਾ ਕੋਈ ਅਰਥ ਨਹੀਂ, ਅਸੀਂ ਤਾਂ ਕੰਮ ਲੈਣਾ। ਇਹ ਪੜ੍ਹਾਈ ਦਾ ਰੋਅਬ ਕਿਸੇ ਹੋਰ ’ਤੇ ਪਾਇਉ।” ਛੋਟੇ ਮੋਟੇ ਕੰਮਾਂ ਲਈ ਧੁੱਪ ਵਿਚ ਗੇੜੇ ਲਵਾ ਕੇ ਮਾਲਕ ਆਪਣੇ ਆਪ ਨੂੰ ਰਾਜਾ ਸਮਝਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਇਸ ਅੰਡਰ ਮੈਟ੍ਰਿਕ ਦਾ ਗੁਲਾਮ ਹਾਂ।

ਕਈ ਵਾਰ ਇਹ ਸੋਚਣਾ ਕਿ ਭਾਰਤ ਵਿਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਦਾ ਕੀ ਹਾਲ ਹੈ? ਪੜ੍ਹਾਈ ਦੀ ਕੀ ਕਦਰ ਹੈ। ਇਸੇ ਕਰਕੇ ਨੌਜਵਾਨ ਪੜ੍ਹ ਲਿਖ ਕੇ ਬੇਰੁਜ਼ਗਾਰੀ ਦੇ ਮਾਰੇ ਬਾਹਰਲੇ ਦੇਸਾਂ ਨੂੰ ਭੱਜਦੇ ਹਨ। ਕੀ ਡਾਕਟਰ, ਇੰਜਨੀਅਰ, ਤਕਨੀਕੀ ਮਾਹਿਰ ਸਭ ਦੇ ਬਾਹਰ ਜਾਣ ਦਾ ਕਾਰਨ ਹੈ ਕਿ ਯੋਗਤਾ ਮੁਤਾਬਿਕ ਨੌਕਰੀ ਅਤੇ ਠੀਕ ਤਨਖਾਹ ਨਾ ਮਿਲਣਾ।

ਇਸ ਫੈਕਟਰੀ ਵਿਚ ਸ਼ਰਾਬ ਦੀਆਂ ਬੋਤਲਾਂ ’ਤੇ ਲੱਗਣ ਵਾਲੇ ਕਾਗਜ਼ ਦੇ ਲੇਬਲ ਛਪਦੇ ਸਨ ਅਤੇ ਹਮੀਰੇ ਸ਼ਰਾਬ ਦੇ ਕਾਰਖਾਨੇ ਵਿਚ ਭੇਜੇ ਜਾਂਦੇ ਸਨ। ਮੈਨੂੰ ਸ਼ਾਮ ਨੂੰ 5 ਵਜੇ ਛੁੱਟੀ ਹੁੰਦੀ ਸੀ। ਜਦੋਂ ਮੈਂ ਘਰ ਜਾਣ ਦੀ ਤਿਆਰੀ ਵਿਚ ਹੁੰਦਾ ਸੀ ਤਾਂ ਮਾਲਕ ਨੇ ਹੁਕਮ ਸੁਣਾ ਦੇਣਾ, “ਚਲੋ ਤੁਸੀਂ ਹਮੀਰੇ ਲੇਬਲਾਂ ਦੇ ਬੰਡਲ ਦੇ ਕੇ ਆਉ।”

ਮਨ ਬੜਾ ਦੁਖੀ ਹੋਣਾ। ਪਹਿਲਾਂ ਸਟੇਸ਼ਨ ਤਕ ਮੈਂ ਸਾਈਕਲ ’ਤੇ ਜਾਣਾ, ਲੇਬਲਾਂ ਦੇ ਬੰਡਲ ਰਿਕਸ਼ੇ ਵਿਚ ਜਾਣੇ। ਉੱਥੋਂ ਅੰਮ੍ਰਿਤਸਰ ਵਾਲੀ ਮੁਸਾਫਰ ਗੱਡੀ ਵਿਚ ਲੈ ਕੇ ਜਾਣਾ। ਹਮੀਰਾ ਜਲੰਧਰ ਤੋਂ ਅੱਗੇ ਅੰਮ੍ਰਿਤਸਰ ਵੱਲ ਹੈ। ਲਗਭਗ ਸੱਤ ਵਜੇ ਗੱਡੀ ਨੇ ਹਮੀਰੇ ਪਹੁੰਚਣਾ। ਹਮੀਰੇ ਸਟੇਸ਼ਨ ’ਤੇ ਗੱਡੀ ਵਿੱਚੋਂ 8-10 ਬੰਡਲ ਬਾਹਰ ਸੁੱਟਣੇ। ਸਟੇਸ਼ਨ ਮਾਸਟਰ ਦਾ ਦਫਤਰ ਲੁਧਿਆਣੇ ਤੋਂ ਜਾਂਦੇ ਸਮੇਂ ਸੱਜੇ ਹੱਥ ਸੀ ਅਤੇ ਗੱਡੀ ਖੱਬੇ ਹੱਥ ਖੜ੍ਹਦੀ ਸੀ। ਇਕੱਲਾ ਇਕੱਲਾ ਬੰਡਲ ਚੁੱਕ ਕੇ ਰੇਲਵੇ ਲਾਈਨਾਂ ਟੱਪ ਕੇ ਸਟੇਸ਼ਨ ਮਾਸਟਰ ਦੇ ਦਫਤਰ ਵਿਚ ਰੱਖਣਾ। ਫੇਰ ਸਟੇਸ਼ਨ ਤੋਂ ਤੁਰ ਕੇ ਹਮੀਰੇ ਫੈਕਟਰੀ ਵਿਚ ਬਿੱਲ ਦੇ ਕੇ ਆਉਣਾ। ਦੁਬਾਰਾ ਫੇਰ ਸਟੇਸ਼ਨ ’ਤੇ ਆ ਕੇ ਲੁਧਿਆਣੇ ਜਾਣ ਵਾਲੀ ਗੱਡੀ ਫੜਨੀ ਕਈ ਵਾਰ ਲੁਧਿਆਣੇ ਤੋਂ ਹਮੀਰੇ ਜਾਣ ਵਾਲੀ ਗੱਡੀ ਲੇਟ ਹੋ ਜਾਣੀ ਤਾਂ ਲੁਧਿਆਣੇ ਵਾਪਸ ਆਉਣ ਵਾਲੀ ਗੱਡੀ ਲੰਘ ਜਾਣੀ। ਫਿਰ ਲੁਧਿਆਣੇ ਜਾਣ ਲਈ ਸ਼ਾਮ ਨੂੰ ਹਮੀਰੇ ਤੋਂ ਟੈਂਪੂ ਜਾ ਮਾਲ ਭਾੜੇ ਦੇ ਟਰੱਕਾਂ ਵਿਚ ਜਲੰਧਰ ਪਹੁੰਚਣਾ। ਉੱਥੋਂ ਰਾਤ ਨੂੰ ਚੱਲਣ ਵਾਲੀਆਂ ਗੱਡੀਆਂ ਵਿਚ ਲੁਧਿਆਣੇ ਅਤੇ ਫੇਰ ਖੰਨੇ ਆਉਣਾ। ਕਈ ਵਾਰ ਘਰ ਪਹੁੰਚਦੇ ਨੂੰ ਸਵੇਰੇ ਦੇ ਚਾਰ ਵੀ ਵੱਜ ਜਾਂਦੇ ਸਨ। ਇਹ ਸੀ ਇਕ ਐੱਮ. ਏ. ਪਾਸ ਬੇਰੁਜ਼ਗਾਰ ਦੀ ਦੁਰਦਸ਼ਾ।

ਜਿਸ ਦਿਨ ਮਹੀਨਾ ਪੂਰਾ ਹੋਇਆ, ਬੜਾ ਚਾਅ ਸੀ ਕਿ ਹੁਣ ਤਨਖਾਹ ਮਿਲੂਗੀ। ਮਾਲਕ ਨੇ 225 ਰੁਪਏ ਮੇਰੇ ਹੱਥ ’ਤੇ ਰੱਖ ਕੇ ਕਿਹਾ, “ਲਉ ਜੀ, ਇਹ ਤੁਹਾਡੀ ਤਨਖਾਹ।”

ਮਨ ਬਹੁਤ ਦੁਖੀ ਹੋਇਆ। ਸਾਰਾ ਦਿਨ ਧੁੱਪ ਵਿੱਚ ਸੜੋ। ਰਾਤ ਨੂੰ ਅਨੀਂਦਰਾ ਕੱਟੋ। ਤਨਖਾਹ ਇੰਨੀ ਨਿਗੁਣੀ। ਮਰਦਾ ਕੀ ਨਹੀਂ ਕਰਦਾ। ਮਾਲਕਾਂ ਨੇ ਸਾਈਕਲ ਤੇ ਭਜਾ ਭਜਾ ਕੇ ਮੇਰਾ ਦਮ ਕੱਢ ਦਿੱਤਾ। ਸ੍ਰੀਮਤੀ ਕਿਹਾ ਕਰੇ, ਹੁਣ ਵੀ ਬੀ. ਐੱਡ. ਕਰ ਲਉ। ਆਖਰ ਤਿੰਨ ਮਹੀਨੇ ਨੌਕਰੀ ਕਰਨ ਤੋਂ ਬਾਅਦ ਬੀ. ਐੱਡ. ਵਿਚ ਦਾਖਲਾ ਮਿਲ ਗਿਆ। ਉਨ੍ਹਾਂ ਦਿਨ੍ਹਾਂ ਵਿਚ ਬੀ. ਐੱਡ. ਵਿਚ ਦਾਖਲ ਹੋਣ ਲਈ ਦਾਨ ਫੰਡ ਬਹੁਤ ਦੇਣਾ ਪੈਂਦਾ ਸੀ ਪਰ ਚੰਗੀ ਕਿਸਮਤ ਨੂੰ ਗੁਰੂਸਰ ਸੁਧਾਰ ਕਾਲਜ ਵਿੱਚ ਮੈਰਿਟ ’ਤੇ ਦਾਖਲਾ ਮਿਲ ਗਿਆ। ਮੈਂ ਨੌਕਰੀ ਤੋਂ ਜਵਾਬ ਦੇ ਦਿੱਤਾ ਅਤੇ ਰਹਿੰਦੇ ਦਿਨਾਂ ਦੀ ਤਨਖਾਹ ਲੈਣ ਹੀ ਨਾ ਗਿਆ।

ਬੀ. ਐੱਡ. ਕਰਨ ਤੋਂ ਇਕ ਮਹੀਨੇ ਬਾਅਦ ਮੈਂ ਅਧਿਆਪਕ ਲੱਗ ਗਿਆ। ਇਕ ਦਿਨ ਮੇਰੇ ਮਨ ਵਿਚ ਵਿਚਾਰ ਆਇਆ ਕਿ ਚਲੋ ਪੁਰਾਣੇ ਮਾਲਕਾਂ ਨੂੰ ਮਿਲ ਆਈਏ। ਜਦੋਂ ਮੈਂ ਦੱਸਿਆ ਕਿ ਮੈਂ ਹੁਣ ਅਧਿਆਪਕ ਲੱਗ ਗਿਆ ਹਾਂ ਤਾਂ ਮਾਲਕ ਬਹੁਤ ਹੈਰਾਨ ਹੋਏ ਅਤੇ ਹੁਣ ਮੈਨੂੰ ਸਰਦਾਰ ਜੀ ਕਹਿ ਕੇ ਬੁਲਾ ਰਹੇ ਸਨ। ਮੇਰੇ ਪੁਰਾਣੇ ਸਹਿਯੋਗੀ ਤਕਨੀਸ਼ੀਅਨ ਅਤੇ ਮਸ਼ੀਨਮੈਨ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੈਂ ਸੋਚ ਰਿਹਾ ਸੀ ਕਿ ਇਕ ਪੜ੍ਹੇ ਲਿਖੇ ਬੇਰੁਜ਼ਗਾਰ ਅਤੇ ਪੜ੍ਹੇ ਲਿਖੇ ਬਾਰੁਜ਼ਗਾਰ ਵਿਚ ਕਿੰਨਾ ਅੰਤਰ ਹੈ। ਪਤਾ ਨਹੀਂ ਕਦੋਂ ਤੱਕ ਸਾਡੇ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਭੋਗਣਾ ਪਵੇਗਾ?

*****

(1070)

About the Author

ਪ੍ਰਿੰ. ਸੁਖਦੇਵ ਸਿੰਘ ਰਾਣਾ

ਪ੍ਰਿੰ. ਸੁਖਦੇਵ ਸਿੰਘ ਰਾਣਾ

Punjab, India.
Phone: (91 - 99149 - 00559)