SukhdevSRana7“ਅਦਾਲਤ ਵਿਚ ਲਿਜਾ ਕੇ ਮੈਥੋਂ ਵਸੀਅਤ ਕਰਵਾ ਲਉ, ਕਿਤੇ ਮੇਰੇ ਬਾਅਦ ਲੜਾਈ ਝਗੜਾ ...”
(15 ਜੂਨ 2017)

 

ਸੰਨ 2007 ਤੋਂ ਟਾਈਫਾਈਡ ਬੁਖਾਰ ਮੈਨੂੰ ਅਜਿਹਾ ਚਿੰਬੜਿਆ ਕਿ ਸਾਲ ਵਿਚ ਦੋ ਵਾਰੀ ਵੀ ਹੋ ਜਾਂਦਾ ਸੀ। ਸੰਨ 1968 ਵਿੱਚ ਜਦੋਂ ਮੈਂ ਨੌਵੀਂ ਜਮਾਤ ਵਿਚ ਪੜ੍ਹਦਾ ਸੀ, ਉਸ ਤੋਂ ਬਾਅਦ 40 ਸਾਲ ਮੈਨੂੰ ਬਾਅਦ 2007 ਵਿਚ ਟਾਈਫਾਈਡ ਹੋਇਆ। ਇਸ ਦਾ ਕਾਰਨ ਮੇਰੀ ਹੀ ਗਲਤੀ ਸੀ। ਕਈ ਵਾਰ ਸਾਡਾ ਖਾਣ ਪੀਣ ਠੀਕ ਨਾ ਹੋਣਾ ਵੀ ਸਰੀਰ ਨੂੰ ਨੁਕਸਾਨ ਕਰਨ ਦਾ ਕਾਰਨ ਬਣਦਾ ਹੈ। ਸੰਨ 2007 ਵਿਚ ਅਸੀਂ ਕਈ ਦੋਸਤ ਇੱਕ ਛੁੱਟੀ ਵਾਲੇ ਦਿਨ ਪਹਾੜਾਂ ’ਤੇ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਚਲੇ ਗਏ। ਪਹਾੜ ਦੀ ਔਖੀ ਚੜ੍ਹਾਈ ਕਾਰਨ ਪਸੀਨੋ ਪਸੀਨੀ ਹੋ ਗਏ। ਜਿੱਥੇ ਥਕੇਵਾਂ ਹੋ ਗਿਆ, ਉੱਥੇ ਗਰਮੀ ਅਤੇ ਭੁੱਖ ਵੀ ਬਹੁਤ ਲੱਗੀ ਹੋਈ ਸੀ। ਜਦੋਂ ਪਹਾੜ ਤੋਂ ਹੇਠਾਂ ਉੱਤਰ ਰਹੇ ਸੀ ਤਾਂ ਰਾਹ ਵਿਚ ਗੋਲ ਗੱਪਿਆਂ ਵਾਲੇ ਖੜ੍ਹੇ ਸਨ। ਸੋਚਿਆ, ਚਲੋ ਭੁੱਖ ਮਿਟਾਉਣ ਲਈ ਗੋਲ ਗੱਪੇ ਖਾਧੇ ਜਾਣ ਅਤੇ ਨਾਲ ਪਾਣੀ ਪੀਤਾ ਜਾਵੇ। ਉੱਥੇ ਅਸੀਂ ਸਾਰਿਆਂ ਨੇ ਗੋਲ ਗੱਪੇ ਖਾਧੇ ਅਤੇ ਰੱਜ ਕੇ ਖੱਟਾ ਮਿੱਠਾ ਪਾਣੀ ਪੀਤਾ। ਜਿੱਥੇ ਇਸ ਨਾਲ ਭੁੱਖ ਮਿਟ ਗਈ ਅਤੇ ਸਰੀਰ ਨੂੰ ਠੰਢਕ ਵੀ ਮਿਲੀ।

ਇਸ ਤੋਂ ਕੋਈ ਤੀਸਰੇ ਦਿਨ ਮੈਂ ਕਿਸੇ ਮਰੀਜ਼ ਦੀ ਖਬਰ ਲੈਣ ਅਪੋਲੋ ਹਸਪਤਾਲ ਲੁਧਿਆਣਾ ਗਿਆ ਹੋਇਆ ਸੀ। ਦੁਪਿਹਰ ਵੇਲੇ ਸਰੀਰ ਨੂੰ ਭਖ ਜਿਹੀ ਮਹਿਸੂਸ ਹੋਈ ਤਾਂ ਮੈਂ ਹਸਪਤਾਲ ਵਿੱਚੋਂ ਬੁਖਾਰ ਦੀ ਗੋਲੀ ਲੈ ਲਈ। ਪਰ ਬੁਖਾਰ ਘਟਣ ਦੀ ਥਾਂ ਹੋਰ ਤੇਜ਼ ਹੋ ਗਿਆ। ਮੈਂ ਸਧਾਰਨ ਬੁਖਾਰ ਸਮਝਦਾ ਰਿਹਾ ਪਰ ਜਦੋਂ ਕਈ ਦਿਨ ਨਾ ਉੱਤਰਿਆ ਤਾਂ ਖੂਨ ਦਾ ਟੈਸਟ ਕਰਾਇਆ ਤਾਂ ਟਾਈਫਾਈਡ ਦੀ ਰਿਪੋਰਟ ਮਿਲੀ। ਬੜੀ ਹੈਰਾਨੀ ਹੋਈ ਕਿ ਟਾਈਫਾੲਡ ਕਿਉਂ ਹੋਇਆ। ਬੜਾ ਦਿਮਾਗ ’ਤੇ ਜ਼ੋਰ ਪਾਇਆ ਤਾਂ ਯਾਦ ਆਇਆ ਕਿ ਗੋਲ ਗੱਪੇ ਖਾਧੇ ਸੀ, ਜੋ ਪਾਣੀ ਸੀ ਉਹ ਪੁਰਾਣਾ ਹੋਣਾ ਤੇ ਗੰਦਾ ਹੋਣਾ ਕਿਉਂਕਿ ਪਹਾੜਾਂ ਵਿਚ ਕਿਹੜੇ ਨਲਕੇ ਲੱਗਦੇ ਹਨ। ਟੈਂਕੀਆਂ ਵਿੱਚੋਂ ਟੂਟੀਆਂ ਦਾ ਪਾਣੀ ਕਈ ਵਾਰ ਬਿਨਾਂ ਢੱਕਣ ਤੋਂ ਟੈਂਕੀਆਂ ਵਿੱਚੋਂ ਆਉਂਦਾ ਹੈ, ਸ਼ਾਇਦ ਉਸੇ ਪਾਣੀ ਦੀ ਵਰਤੋਂ ਗੋਲ ਗੱਪਿਆਂ ਵਾਲੇ ਨੇ ਕੀਤੀ ਹੋਣੀ ਹੈ। ਜੇਕਰ ਤੁਸੀਂ ਸ਼ਿਮਲੇ ਰਿੱਜ ’ਤੇ ਖੜ੍ਹ ਕੇ ਨੀਵੀਂ ਥਾਂ ’ਤੇ ਦੇਖੋ ਤਾਂ ਹੋਟਲਾਂ ਦੀਆਂ ਬਿਨਾਂ ਢੱਕਣ ਟੈਂਕੀਆਂ ਵਿੱਚ ਬਾਂਦਰ ਨਹਾਉਂਦੇ ਦੇਖੇ ਜਾ ਸਕਦੇ ਹਨ। ਹੁਣ ਤੁਸੀਂ ਸੋਚੋ ਕਿ ਪਹਾੜਾਂ ਤੇ ਘੁੰਮਣ ਫਿਰਨ ਵਾਲੇ ਯਾਤਰੀਆਂ ਨੂੰ ਕਿਹੋ ਜਿਹਾ ਪਾਣੀ ਵਰਤਣ ਨੂੰ ਮਿਲਦਾ ਹੋਵੇਗਾ? ਜਿਵੇਂ ਕਿ ਖੋਜਾਂ ਹੋਈਆਂ ਹਨ ਕਿ ਪੀਲੀਆ, ਟਾਈਫਾਈਡ, ਪੇਟ ਅੰਤੜੀਆਂ ਦੀਆਂ ਬਿਮਾਰੀਆਂ ਦੂਸ਼ਿਤ ਪਾਣੀ ਕਰਕੇ ਹੁੰਦੀਆਂ ਹਨ। ਕਈ ਥਾਵਾਂ ’ਤੇ ਕੈਂਸਰ ਵੀ ਹੋ ਰਿਹਾ ਹੈ।

ਤਕਰੀਬਨ ਦਸ ਦਿਨ ਲਗਾਤਾਰ ਬੁਖਾਰ ਨਹੀਂ ਉੱਤਰਿਆ। ਬੁਖਾਰ ਠੀਕ ਹੋਣ ਤੋਂ ਬਾਅਦ ਕਮਜ਼ੋਰੀ ਇੰਨੀ ਹੋ ਗਈ ਕਿ ਖੜ੍ਹਨਾ ਵੀ ਮੁਸ਼ਕਿਲ ਲੱਗਣ ਲੱਗਾ। ਸੋ ਲਗਭਗ ਮਹੀਨੇ ਬਾਅਦ ਸਰੀਰ ਠੀਕ ਹੋਇਆ। ਡਾਕਟਰ ਨੇ ਜਿੱਥੇ ਦਵਾਈਆਂ ਦੇ ਕੇ ਠੀਕ ਕੀਤਾ ਉੱਥੇ ਸਲਾਹ ਦਿੱਤੀ ਕਿ ਪਾਣੀ ਉਬਾਲ ਕੇ ਪੀਉ। ਬਚਾਅ ਰੱਖਿਉ ਕਿਤੇ ਦੁਬਾਰਾ ਨਾ ਹੋ ਜਾਵੇ।

ਡਾਕਟਰ ਦੀ ਗੱਲ ਠੀਕ ਸੀ। ਹੁਣ ਹਰ ਸਾਲ ਟਾਈਫਾਈਡ ਹੋਣ ਲੱਗਿਆ। ਸਰੀਰ ਨੂੰ ਬਹੁਤ ਕਸ਼ਟ ਹੁੰਦਾ ਸੀ। ਬਾਬਾ ਰਾਮਦੇਵ ਦੇ ਨੁਸਖੇ, ਗਲੋ, ਤੁਲਸੀ, ਬਕਰੀ ਦਾ ਦੁੱਧ ਪੀਤੇ ਪਰ ਟਾਈਫਾਈਡ ਵਾਰ ਵਾਰ ਹੋ ਰਿਹਾ ਸੀ। ਸੰਨ 2012 ਦੇ ਅਖੀਰ ਵਿਚ ਹੋਏ ਟਾਈਫਾਇਡ ਕਾਰਨ ਖੱਬੇ ਕੰਨ ਦੀ ਸੁਣਨ ਸਮਰੱਥਾ ਖਤਮ ਹੋ ਗਈ। ਚਲੋ, ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੰਨ ਦੋ ਲਾਏ ਹਨ। ਜੇ ਇਕ ਹੀ ਹੁੰਦਾ ਫੇਰ ਪਤਾ ਨਹੀਂ ਕਿਵੇਂ ਜ਼ਿੰਦਗੀ ਚੱਲਦੀ।

ਸੰਨ 2013 ਦੇ ਫਰਵਰੀ ਮਹੀਨੇ ਫਿਰ ਬੁਖਾਰ ਚੜ੍ਹਿਆ। ਜਦੋਂ ਟੈੱਸਟ ਕਰਵਾਇਆ ਤਾਂ ਫੇਰ ਟਾਈਫਾਈਡ ਦੀ ਰਿਪੋਰਟ ਆਈ। ਹੁਣ ਬੜੀਆਂ ਦਵਾਈਆਂ ਲਈਆਂ ਕਿ ਬੁਖਾਰ ਉੱਤਰ ਜਾਵੇ ਪਰ ਫੇਰ ਚੜ੍ਹ ਜਾਇਆ ਕਰੇ। ਜਦ ਵੀ ਕਿਸੇ ਨੇ ਨਬਜ਼ ਦੇਖਣੀ ਤਾਂ ਨਾਰਮਲ। ਪਰ ਜਦੋਂ ਥਰਮਾਮੀਟਰ ਲਾਉਣਾ ਤਾਂ ਬੁਖਾਰ 99 ਜਾਂ 100 ਡਿਗਰੀ। ਇਸ ਤਰ੍ਹਾਂ ਲਗਭਗ ਪੰਜ ਮਹੀਨੇ ਲੰਘ ਗਏ। 99 ਦੇ ਗੇੜ ਵਿਚ ਅਜਿਹਾ ਫਸਿਆ ਕਿ ਰੱਬ ਚੇਤੇ ਕਰਵਾ ਦਿੱਤਾ। ਹੁਣ ਇਕ ਥੈਲਾ ਲੈ ਲਿਆ। ਉਸ ਵਿਚ ਬੁਖਾਰ, ਐਂਟੀਬਾਇਟਿਕ, ਵਿਟਾਮਿਨ ਅਤੇ ਭੁੱਖ ਲੱਗਣ ਦੀਆਂ ਗੋਲੀਆਂ ਦੇ ਪੱਤੇ। ਦਵਾਈਆਂ ਵਾਲਾ ਥੈਲਾ ਹੁਣ ਮੇਰਾ ਹਮਸਫਰ ਬਣ ਗਿਆ। ਸਕੂਲ ਡਿਊਟੀ ਦੌਰਾਨ, ਸਲਾਨਾ ਪ੍ਰੀਖਿਆਵਾਂ ਦੀ ਡਿਊਟੀ ਦੌਰਾਨ, ਕਿਤੇ ਰਿਸ਼ਤੇਦਾਰੀ ਵਿਚ ਜਾਣ ਸਮੇਂ, ਦਵਾਈਆਂ ਵਾਲਾ ਥੈਲਾ ਮੇਰੇ ਨਾਲ ਹੁੰਦਾ। ਜਦੋਂ ਵੀ ਬੁਖਾਰ ਚੜ੍ਹਨਾ, ਝੱਟ ਗੋਲੀ ਲੈਣੀ। ਜਦੋਂ ਇਹੀ ਹਾਲਤ ਮਹੀਨੇ ਤੋਂ ਉੱਤੇ ਹੋ ਗਈ ਤਾਂ ਹੁਣ ਚਿੰਤਾ ਹੋਈ ਕਿ ਟਾਈਫਾਈਡ ਤਾਂ ਇੰਨਾ ਲੰਮਾ ਸਮਾਂ ਰਹਿੰਦਾ ਨਹੀਂ। ਸੋ ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ ਕਿਸੇ ਚੰਗੇ ਹਸਪਤਾਲ ਵਿਚ ਚੈੱਕ ਕਰਾਉ, ਪਤਾ ਲੱਗੇ ਕਿ ਬੁਖਾਰ ਕਿਉਂ ਨਹੀਂ ਉੱਤਰਦਾ।

ਹੁਣ ਮੋਹਾਲੀ, ਪਟਿਆਲੇ, ਲੁਧਿਆਣੇ ਸਾਰੇ ਟੈੱਸਟ, ਸੀ.ਟੀ. ਸਕੈਨ, ਐਕਸਰੇ, ਬਲੱਡ ਟੈੱਸਟ, ਗੱਲ ਕੀ ਹਰੇਕ ਤਰ੍ਹਾਂ ਦੇ ਹਜ਼ਾਰਾਂ ਰੁਪਏ ਦੇ ਟੈੱਸਟ ਪਰ ਨਤੀਜਾ ਸਿਫਰ। ਕੋਈ ਨੁਕਸ ਨਹੀਂ, ਕੋਈ ਬੀਮਾਰੀ ਨਹੀਂ। ਮੁਹਾਲੀ ਦੇ ਇੱਕ ਡਾਕਟਰ ਨੇ ਨਸਾਂ ਵਿਚ ਲਗਾਉਣ ਲਈ ਟੀਕੇ ਲਿਖ ਦਿੱਤੇ ਜਿਹੜੇ ਸੁਬਹਾ ਸ਼ਾਮ ਹੱਥਾਂ ਦੀਆਂ ਨਾੜੀਆਂ ਵਿਚ ਲੱਗਦੇ ਸਨ। ਡਾਕਟਰਾਂ ਨੇ ਮਾਰ ਮਾਰ ਸੂਈਆਂ ਮੇਰੇ ਦੋਵੇਂ ਹੱਥ ਪੈਂਚਰ ਕਰ ਦਿੱਤੇ। ਬੁਖਾਰ ਫਿਰ ਵੀ ਨਾ ਉੱਤਰਿਆ। ਕਿਸੇ ਨੇ ਸਲਾਹ ਦਿੱਤੀ ਕਿ ਪਟਿਆਲੇ ਟੀ. ਬੀ. ਹਸਪਤਾਲ ਜਾਂ ਕੇ ਟੈੱਸਟ ਕਰਾਉ, ਕਿਤੇ ਸਰੀਰ ਵਿਚ ਟੀ. ਬੀ. ਦੇ ਕਿਟਾਣੂ ਨਾ ਹੋਣ।

ਪਟਿਆਲੇ ਟੀ.ਬੀ. ਹਸਪਤਾਲ ਵਿੱਚ ਅੰਤਾਂ ਦੀ ਭੀੜ। ਕੁਦਰਤੀ ਉੱਥੇ ਇਕ ਜਾਣੂ ਮਿਲ ਗਿਆ। ਉਸ ਨੇ ਡਾਕਟਰਾਂ ਨੂੰ ਚੈੱਕ ਕਰਾਇਆ। ਉੱਥੋਂ ਡਾਕਟਰਾਂ ਨੇ ਸੀ.ਟੀ. ਸਕੈਨ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ। ਉਨ੍ਹਾਂ ਇੱਕ ਵੱਡੇ ਸਾਰੇ ਚੱਕਰ ਵਿਚ ਪਾ ਲਿਆ, ਜੋ ਸੀ. ਟੀ. ਸਕੈਨ ਕਰਦਾ ਸੀ। ਮੇਰੇ ਹੱਥ ਉੱਤੇ ਇੱਕ ਵੱਡੀ ਸਾਰੀ ਸਰਿੰਜ ਨਾਲ ਲੱਗਭੱਗ ਦੇਸੀ ਸ਼ਰਾਬ ਦੇ ਪਊਏ ਜਿੱਡਾ ਟੀਕਾ ਲਾਇਆ। ਮੈਨੂੰ ਕੋਈ ਤਕਲੀਫ ਨਹੀਂ ਹੋਈ ਕਿਉਂਕਿ ਮੇਰੇ ਹੱਥ ਤੇ ਗੁਲੂਕੋਜ਼ ਚੜ੍ਹਾਉਣ ਵਾਲੀ ਸੂਈ ਲੱਗੀ ਹੋਈ ਸੀ। ਬਾਅਦ ਦਪਹਿਰ ਰਿਪੋਰਟ ਮਿਲੀ। ਡਾਕਟਰਾਂ ਨੂੰ ਦਿਖਾਈ। ਨਤੀਜਾ ਸਿਫਰ। ਕੋਈ ਬਿਮਾਰੀ ਨਹੀਂ ਡਾਕਟਰ ਸਾਹਿਬ ਨੇ ਬੁਖਾਰ ਦੀਆਂ ਗੋਲੀਆਂ ਲਿਖ ਦਿੱਤੀਆਂ।

ਬੁਖਾਰ ਦੀ ਉਹੀ ਹਾਲਤ, ਸ਼ਾਮ 4 ਵਜੇ ਤੋਂ ਬਾਅਦ ਹਰ ਰੋਜ਼ ਚੜ੍ਹਿਆ ਕਰੇ। ਲੁਧਿਆਣੇ ਇਕ ਬਹੁਤ ਤਜ਼ਰਬੇਕਾਰ ਡਾਕਟਰ ਨੂੰ ਦਿਖਾਇਆ। ਉਸ ਨੇ ਬਲੱਡ ਦੇ ਅਤੇ ਹੋਰ ਮਹਿੰਗੇ ਟੈੱਸਟ ਲਿਖ ਦਿੱਤੇ। ਉਸ ਨੇ ਦੁਬਾਰਾ ਟੀ.ਬੀ., ਕੈਂਸਰ, ਇੱਥੋਂ ਤੱਕ ਏਡਜ਼ ਦੇ ਟੈੱਸਟ ਕਰਾਏ ਕਿ ਕਿਤੇ ਇਨ੍ਹਾਂ ਬੀਮਾਰੀਆਂ ਦੀ ਇਨਫੈਕਸ਼ਨ ਕਾਰਨ ਬੁਖਾਰ ਨਾ ਚੜ੍ਹਦਾ ਹੋਵੇ। ਪਰ ਨਤੀਜਾ ਫੇਰ ਸਿਫਰ। ਕਿਸੇ ਵੀ ਟੈੱਸਟ ਵਿਚ ਕੋਈ ਬੀਮਾਰੀ ਨਹੀਂ ਆ ਰਹੀ ਸੀ।

ਹੁਣ ਕਈ ਜਣਿਆਂ ਨੇ ਸਲਾਹ ਦਿੱਤੀ ਕਿ ਪੀ.ਜੀ.ਆਈ. ਚੰਡੀਗੜ੍ਹ ਟੈਸਟ ਕਰਾਉ। ਉੱਥੇ ਡਾਕਟਰ ਵਾਲ ਦੀ ਖੱਲ ਲਾਹ ਦਿੰਦੇ ਹਨ। ਹੁਣ 4 ਮਹੀਨੇ ਬਾਅਦ ਇੰਜ ਲੱਗਣ ਲੱਗਾ ਕਿ ਹੁਣ ਲਗਦਾ ਨਹੀਂ ਕਿ ਬੁਖਾਰ ਉਤੱਰੇਗਾ। ਮੈਂ ਆਪਣੀ ਧਰਮ ਪਤਨੀ ਅਤੇ ਬੇਟਿਆਂ ਨੂੰ ਕਹਿਣ ਲੱਗਿਆ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਅੰਤ ਨੇੜੇ ਆ ਗਿਆ ਹੈ, ਮੈਂ ਠੀਕ ਨਹੀਂ ਹੋਣਾ। ਅਦਾਲਤ ਵਿਚ ਲਿਜਾ ਕੇ ਮੈਥੋਂ ਵਸੀਅਤ ਕਰਵਾ ਲਉ, ਕਿਤੇ ਮੇਰੇ ਬਾਅਦ ਲੜਾਈ ਝਗੜਾ ਕਰੋਂ। ਪਰ ਪਰਿਵਾਰ ਦੇ ਮੈਂਬਰਾਂ ਨੇ ਮੇਰੀ ਇਕ ਨਾ ਮੰਨੀ, ਸਗੋਂ ਕਹਿਣਾ ਸ਼ੁਭ ਸ਼ੁਭ ਬੋਲੋ। ਤੁਸੀਂ ਠੀਕ ਹੋ ਜਾਉਗੇ। ਮੈਂ ਦਵਾਈਆਂ ਖਾ ਕੇ ਤੰਗ ਆ ਗਿਆ। ਰੋਟੀ ਦੀ ਥਾਂ ਖਿਚੜੀ, ਮੂੰਗੀ ਮਸਰੀ ਦੀ ਦਾਲ, ਉਬਾਲ ਕੇ ਠੰਢਾ ਕੀਤਾ ਪਾਣੀ, ਸਾਬੂਦਾਣੇ ਦੀ ਖੀਰ ਖਾ ਖਾ ਕੇ ਮੈਂ ਤੰਗ ਆ ਗਿਆ।

ਹੁਣ ਮੈਂ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਚੁੱਕਾ ਸੀ। ਸਾਰਾ ਦਿਨ ਲੇਟੇ ਰਹਿਣਾ। ਚਿੰਤਾ ਵਿਚ ਰਹਿਣਾ ਕਿ ਬੁਖਾਰ ਕਦੇ ਉੱਤਰੇਗਾ ਵੀ। ਕਿਤੇ ਜਾਣਾ ਆਉਣਾ ਤਾਂ ਮੇਰੇ ਬੇਟੇ ਮੈਨੂੰ ਕਾਰ ਜਾਂ ਸਕੂਟਰ ’ਤੇ ਲੈ ਕੇ ਜਾਂਦੇ ਸਨ। ਮੈਨੂੰ ਇਕੱਲੇ ਨੂੰ ਕਿਤੇ ਜਾਣ ਨਹੀਂ ਦਿੱਤਾ ਜਾਂਦਾ ਸੀ। ਜਿੰਦਗੀ ਦੂਸਰਿਆਂ ’ਤੇ ਭਾਰ ਬਣ ਗਈ।

ਇਕ ਦਿਨ ਮੇਰੇ ਸਹੁਰਿਆਂ ਤੋਂ ਫੋਨ ਆਇਆ ਕਿ ਸਾਡੇ ਕੋਲ ਆਉ। ਬਰਨਾਲੇ ਦੇ ਨੇੜੇ ਸੰਘੇੜੇ ਦੀ ਗਊਸ਼ਾਲਾ ਵਿਚ ਇਕ ਸੰਤ ਹੈ ਜੋ ਨਿਰਨੇ ਕਾਲਜੇ ਨਬਜ਼ ਦੇਖ ਕੇ ਬੀਮਾਰੀ ਦੱਸ ਦਿੰਦਾ ਹੈ। ਉਹ ਮਰੀਜ਼ਾਂ ਨੂੰ ਮੁਫਤ ਦੇਖਦਾ, ਕੋਈ ਫੀਸ ਨਹੀਂ। ਦਵਾਈ ਲਿਖ ਦਿੰਦਾ, ਬਜ਼ਾਰੋਂ ਲੈ ਲਉ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਹਜ਼ਾਰਾਂ ਰੁਪਏ ਦੇ ਟੈੱਸਟ ਕਰਵਾ ਲਏ। ਪਟਿਆਲੇ ਤੋਂ ਲੈ ਕੇ ਲੁਧਿਆਣੇ ਤੱਕ ਵੱਡੇ ਵੱਡੇ ਡਾਕਟਰਾਂ ਨੂੰ ਦਿਖਾ ਦਿੱਤਾ, ਤਾਂ ਗਊਸ਼ਾਲਾ ਵਿਚ ਬੈਠਾ ਸੰਤ ਮੈਨੂੰ ਕਿਵੇਂ ਠੀਕ ਕਰ ਦੇਊ? ਉਨ੍ਹਾਂ ਦੇ ਬਹੁਤ ਜ਼ੋਰ ਪਾਉਣ ’ਤੇ ਅਤੇ ਸ਼੍ਰੀਮਤੀ ਦੇ ਕਹਿਣ ’ਤੇ ਮੈਂ ਚਲਾ ਗਿਆ। ਸੰਤ ਜੀ ਨੇ ਮੇਰੀ ਨਬਜ਼ ਦੇਖ ਕੇ ਕਿਹਾ ਕਿ ਬੁਖਾਰ ਤੇਰੇ ਹੱਡਾਂ ਵਿਚ ਰਚ ਗਿਆ ਹੈ। ਮੈਂ ਦਵਾਈ ਲਿਖ ਦਿੰਦਾ ਹਾਂ, ਕਿਸੇ ਦੇਸੀ ਦਵਾਈਆਂ ਤੋਂ ਦੁਕਾਨ ਤੋਂ ਲੈ ਲਵੋ। ਬਾਬਾ ਜੀ ਨੇ ਇਕ ਮਸ਼ਹੂਰ ਅਯੂਰਵੈਦਿਕ ਕੰਪਨੀ ਦੀਆਂ ਦਵਾਈਆਂ ਲਿਖ ਦਿੱਤੀਆਂ ਅਤੇ ਕਿਹਾ ਕਿ ਬੁਖਾਰ ਕਿਹੋ ਜਿਹਾ ਵੀ ਹੋਵੇ, ਇਸ ਦਵਾਈ ਨਾਲ ਉੱਤਰ ਜਾਵੇਗਾ। ਅਸੀਂ ਬਰਨਾਲੇ ਦੇ ਫਰਵਾਹੀ ਬਜ਼ਾਰ ਵਿੱਚੋਂ ਦਵਾਈਆਂ ਲਈਆਂ ਅਤੇ ਘਰ ਆ ਕੇ ਖਾਣੀਆਂ ਸ਼ੁਰੂ ਕਰ ਦਿੱਤੀਆਂ।

ਆਖਰ ਇਕ ਮਹੀਨੇ ਬਾਅਦ ਮੇਰਾ ਬੁਖਾਰ ਉੱਤਰ ਗਿਆ। ਕਈ ਦਿਨ ਥਰਮਾਮੀਟਰ ਨਾਲ ਚੈੱਕ ਕਰਦੇ ਰਹੇ। ਪਰ ਹੁਣ ਤਾਪਮਾਨ ਨਾਰਮਲ ਹੋ ਗਿਆ। ਮੈਂ ਬਹੁਤ ਹੈਰਾਨ ਸੀ ਕਿ ਵੱਡੇ ਵੱਡੇ ਡਾਕਟਰਾਂ ਤੋਂ ਜੋ ਬੁਖਾਰ ਨਾ ਉੱਤਰਿਆ, ਉਹ ਇਕ ਸੰਤ ਜੀ ਨੇ ਠੀਕ ਕਰ ਦਿੱਤਾ। ਮੈਂ ਸੋਚਿਆ ਕਿ ਹੁਣ ਪਤਾ ਲਾਇਆ ਜਾਵੇ ਕਿ ਇਕ ਸੰਤ ਜੀ ਨੇ ਬੁਖਾਰ ਕਿਵੇਂ ਲਾਹ ਦਿੱਤਾ। ਮੈਂ ਕੁਝ ਦਿਨਾਂ ਬਾਅਦ ਬਰਨਾਲੇ ਗਿਆ ਤਾਂ ਮੈਂ ਉਸ ਦਵਾਈਆਂ ਵਾਲੇ ਦੁਕਾਨਦਾਰ ਨੂੰ ਦੱਸਿਆ ਕਿ ਮੇਰਾ ਪੰਜਾਂ ਮਹੀਨਿਆਂ ਤੋਂ ਚੜ੍ਹਦਾ ਬੁਖਾਰ ਸੰਘੇੜੇ ਵਾਲੇ ਬਾਬਾ ਜੀ ਨੇ ਲਾਹ ਦਿੱਤਾ ਹੈ। ਉਸ ਦੁਕਾਨਦਾਰ ਨੇ ਬਹੁਤ ਹੀ ਹੈਰਾਨੀਜਨਕ ਜਾਣਕਾਰੀ ਦਿੱਤੀ ਕਿ ਤੁਸੀਂ ਕੀ ਸਮਝਦੇ ਹੋ ਕਿ ਬਾਬਾ ਜੀ ਸੰਤ ਹਨ? ਭਾਈ ਸਾਹਿਬ ਬਾਬਾ ਜੀ ਐਮ. ਡੀ. (ਆਯੁਰਵੈਦਕ) ਡਾਕਟਰ ਰਹੇ ਹਨ। ਦਿੱਲੀ ਦੇ ਏਮਜ ਸਮੇਤ ਸਾਰੇ ਵੱਡੇ ਹਸਪਤਾਲਾਂ ਵਿਚ ਸਰਵਿਸ ਕਰਦੇ ਰਹੇ ਹਨ ਅਤੇ ਕਿਸੇ ਕਾਰਨ ਉੱਚ ਅਧਿਕਾਰੀ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਨੌਕਰੀ ਛੱਡ ਕੇ ਸੰਤ ਬਣ ਗਏ। ਅੱਜ ਇੱਕ ਗਊਸ਼ਾਲਾ ਵਿਚ ਮਰੀਜ਼ਾ ਦਾ ਮੁਫਤ ਇਲਾਜ ਕਰਦੇ ਹਨ। ਇਹ ਸੁਣ ਕੇ ਬੜੀ ਹੈਰਾਨੀ ਹੋਈ, ਕਿਉਂਕਿ ਬਾਬਾ ਜੀ ਨੇ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ ਸੀ।

ਹੁਣ ਵੀ ਜਦ ਮੈਂ ਬਰਨਾਲੇ ਜਾਂਦਾ ਹਾਂ ਤਾਂ ਸੰਘੇੜੇ ਵਾਲੇ ਬਾਬਾ ਜੀ ਨੂੰ ਨਮਸਕਾਰ ਕਰਕੇ ਆਉਂਦਾ ਹਾਂ। ਮੇਰੇ ਲਈ ਤਾਂ ਸੰਘੇੜੇ ਵਾਲਾ ਬਾਬਾ ਰੱਬ ਬਣ ਕੇ ਬਹੁੜਿਆ, ਜਿਸ ਨੇ ਮੈਨੂੰ ਨਵਾਂ ਜਨਮ ਦਿੱਤਾ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਬਾਬਾ ਜੀ ਦੀ ਕ੍ਰਿਪਾ ਸਦਕਾ ਸੰਨ 2013 ਤੋਂ ਬਾਅਦ ਮੈਨੂੰ ਇਹ ਨਾ-ਮੁਰਾਦ ਟਾਈਫਾਈਡ ਕਦੇ ਨਹੀਂ ਹੋਇਆ।

*****

(732)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸੁਖਦੇਵ ਸਿੰਘ ਰਾਣਾ

ਪ੍ਰਿੰ. ਸੁਖਦੇਵ ਸਿੰਘ ਰਾਣਾ

Punjab, India.
Phone: (91 - 99149 - 00559)