MewaSTung8ਅਦਬ ਵਿਚ ਸਵਾਲ ਮੈਰਿਟ ਦਾ ਹੁੰਦਾ ਹੈਮਿਆਰ ਦਾ ਹੁੰਦਾ ਹੈਕਲਾ ਦਾ ...
(22 ਜਨਵਰੀ 2018)

 

ਰਾਮ ਸਰੂਪ ਅਣਖੀ ਨੇ ਕਿਹਾ ਸੀ ਕਿ ‘ਰਾਜਿੰਦਰ ਸਿੰਘ ਬੇਦੀ ਫਿਲਮ ਨਾਲ ਜੁੜਿਆ ਹੋਇਆ ਸੀ ਅਤੇ ਫਿਲਮੀ ਕਹਾਣੀਆਂ ਲਿਖਦਾ ਸੀ। ਪਤਾ ਨਹੀਂ ਉਸ ਨੇ ਇਕ ਨਾਵਲ ਕਿਵੇਂ ਲਿਖ ਲਿਆ! ਬੱਸ ਇਕ ਨਾਵਲ ਤੇ ਕੁਝ ਕਹਾਣੀਆਂ!’ ਅਣਖੀ ਦੀ ਇਹ ਟਿੱਪਣੀ ਅਸਲੀਅਤ ਦੇ ਉਲਟ ਤੇ ਤੱਥ-ਵਿਹੀਣ ਹੋਣ ਕਾਰਣ ਮੈਨੂੰ ਲਗਾਤਾਰ ਚੁੱਭਦੀ ਰਹੀ ਹੈ। ਇਸ ਲਈ ਮੈਂ ਇਸ ਦੀ ਤਰਦੀਦ ਕਰਨੀ ਚਾਹੁੰਦਾ ਹਾਂ, ਤਾਂ ਜੋ ਪਾਠਕਾਂ ਨੂੰ ਰਾਜਿੰਦਰ ਸਿੰਘ ਬੇਦੀ ਬਾਰੇ ਅਸਲੀਅਤ ਦਾ ਪਤਾ ਲੱਗ ਸਕੇ ਅਤੇ ਬੇਦੀ ਨਾਲ ਇਨਸਾਫ਼ ਹੋਵੇ।

ਰਾਜਿੰਦਰ ਸਿੰਘ ਬੇਦੀ ਉਰਦੂ ਦੇ ਉਨ੍ਹਾਂ ਤਿੰਨ ਅਫ਼ਸਾਨਾ-ਨਵੀਸਾਂ ਵਿੱਚੋਂ ਇਕ ਹੈ ਜੋ ਪਹਿਲੇ ਹੱਲੇ ਹੀ ਉਰਦੂ ਅਫ਼ਸਾਨੇ ਨੂੰ ਇਕ ਨਵੇਂ ਧਰਾਤਲ ’ਤੇ ਲੈ ਗਏ ਅਤੇ ਉਰਦੂ ਅਫ਼ਸਾਨਾ ਮੁਕੰਮਲ ਤੌਰ ’ਤੇ ਜਦੀਦ ਬਣ ਗਿਆ। ਇਸ ਗਰੁੱਪ ਦੇ ਦੂਜੇ ਦੋ ਮੈਂਬਰ ਕ੍ਰਿਸ਼ਨ ਚੰਦਰ ਅਤੇ ਸਆਦਤ ਹਸਨ ਮੰਟੋ ਹਨ। ਇਨ੍ਹਾਂ ਦੇ ਪਹਿਲੇ ਕਹਾਣੀ ਸੰਗ੍ਰਹਿਆਂ ‘ਨਜ਼ਾਰੇ’, ‘ਧੂੰਆਂ’ ਅਤੇ ‘ਗ੍ਰਹਿਣ’ ਨੇ ਉਰਦੂ ਅਫ਼ਸਾਨੇ ਦੀ ਦੁਨੀਆਂ ਬਦਲ ਕੇ ਰੱਖ ਦਿੱਤੀ। ਇਹ ਤਿੰਨੇ ਕ੍ਰਿਤਾਂ ਉਸ ਨੂੰ ਉਰਦੂ ਉਪਨਿਆਸ ਅਤੇ ਕਥਾ-ਸਮਰਾਟ ਪ੍ਰੇਮ ਚੰਦ ਤੋਂ ਵੀ ਅੱਗੇ ਲੈ ਗਈਆਂ। ਇਹ ਗੱਲ ਉਰਦੂ ਅਫ਼ਸਾਨੇ ਨੂੰ ਉਰਦੂ ਵਿਚ ਸਖਤ ਜਾਂ ਨੱਕਾਦ ਮੁਹੰਮਦ ਹਸਨ ਅਦਕਾਰੀ ਜੋ ਆਪ ਵੀ ਵੱਡਾ ਕਹਾਣੀਕਾਰ ਸੀ, ਨੇ ਉਦੋਂ ਹੀ ਮੰਨ ਲਈ ਸੀ। ਉਹ ਕ੍ਰਿਸ਼ਨ ਚੰਦਰ ਦੀ ਕਥਾ ਪੁਸਤਕ ‘ਪੁਰਾਣੇ ਖ਼ੁਦਾ’ ਦੇ ਮੁਖਬੰਦ ਵਿਚ ਲਿਖਦਾ ਹੈ ਕਿ, ਇਹ ਲੇਖਕ ਪ੍ਰੇਮ ਚੰਦ ਦੇ ਬਰਾਬਰ ਦਾ ਹੈ, ਸਗੋਂ ਉਸ ਤੋਂ ਵੀ ਅੱਗੇ ਹੈ। ਆਧੁਨਿਕਤਾ ਦੇ ਨੁਕਤੇ ਤੋਂ ਇਹ ਗੱਲ ਬਿਲਕੁਲ ਸਹੀ ਹੈ ਅਤੇ ਇੰਨ ਬਿੰਨ ਮੰਟੋ ਅਤੇ ਬੇਦੀ ਤੇ ਵੀ ਲਾਗੂ ਹੁੰਦੀ ਹੈ। ਬੇਦੀ ਦਾ ਮਜਮੂਨ ‘ਗ੍ਰਹਿਣ’ ਅਤੇ ਮੰਟੋ ਦਾ ‘ਧੂੰਆਂ’, ਕ੍ਰਿਸ਼ਨ ਚੰਦਰ ਦੇ ‘ਨਜ਼ਾਰੇ’ ਦੇ ਬਰਾਬਰ ਹੀ ਹਨ।

ਪਿੱਛੋਂ ਜਾ ਕੇ ਇਸ ਗਰੁੱਪ ਵਿਚ ਖਾਜਾ ਅਹਿਮਦ ਅੱਬਾਸ, ਇਸਮਤ ਚੁਗਤਾਈ, ਅਹਿਮਦ ਨਦੀਮ ਕਾਸਮੀ ਅਤੇ ਬਲਵੰਤ ਸਿੰਘ ਵੀ ਸ਼ਾਮਿਲ ਹੋ ਗਏ ਅਤੇ ਉਰਦੂ ਅਫ਼ਸਾਨੇ ਦੇ ਡੰਕੇ ਵੱਜ ਗਏ। ਪੰਜਾਬੀ ਵਿਚ ਇਸ ਵੰਨਗੀ ਦੀ ਕਹਾਣੀ ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਦੇਵਿੰਦਰ ਸਤਿਆਰਥੀ ਅਤੇ ਨੌਰੰਗ ਸਿੰਘ ਨੇ ਲਿਆਂਦੀ ਹੈ।

ਰਾਜਿੰਦਰ ਸਿੰਘ ਬੇਦੀ ਨੇ ਫਿਲਮੀ ਅਦਾਰੇ ਲਈ ਕਹਾਣੀਆਂ ਨਹੀਂ ਲਿਖੀਆਂ ਸਗੋਂ ਉਸ ਨੇ ਕਹਾਣੀ ਉਦੋਂ ਲਿਖਣੀ ਸ਼ੁਰੂ ਕੀਤੀ ਸੀ ਜਦੋਂ ਉਹ ਲਾਹੌਰ ਡਾਕਖਾਨੇ ਵਿਚ ਸੱਠ ਰੁਪਈਏ ਦੀ ਤਨਖਾਹ ਪਾ ਰਿਹਾ ਸੀ ਅਤੇ ਸਾਹਿਤ ਅਤੇ ਜੀਵਨ ਲਈ ਕਰੜਾ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਵਕਤਾਂ ਵਿਚ ਲਿਖੀਆਂ ਕਹਾਣੀਆਂ ਵਿੱਚੋਂ ਇਕ ਕਹਾਣੀ ‘ਗਰਮ ਕੋਟ’ ਸੀ, ਜਿਸ ’ਤੇ ਬਹੁਤ ਪਿੱਛੋਂ ਜਾ ਕੇ ਫਿਲਮ ਬਣੀ। ਉਸ ਦੀਆਂ ਕਹਾਣੀਆਂ ਲਾਜਵੰਤੀ, ਅਪਨੇ ਦੁਖ ਮੁਝੇ ਦੇ ਦੋ ਅਤੇ ਬੱਬਲ ਪਹਿਲਾਂ ਸਾਹਿਤ ਦਾ ਸ਼ਿੰਗਾਰ ਬਣੀਆਂ ਅਤੇ ਫਿਲਮਾਂ ਵਿਚ ਉਨ੍ਹਾਂ ਨੂੰ ਬਹੁਤ ਬਾਅਦ ਵਿਚ ਪਲਟਾਇਆ ਗਿਆ।

ਉਰਦੂ ਦੇ ਇਹ ਤਿੰਨੇ ਕਹਾਣੀਕਾਰ ਲਾਹੌਰ ਵਿਚ ਇਕੱਠੇ ਵਿਚਰ ਰਹੇ ਸਨ। ਕ੍ਰਿਸ਼ਨ ਚੰਦਰ ਅੰਗਰੇਜ਼ੀ ਦੀ ਐੱਮ.ਏ. ਸੀ ਅਤੇ ਉਸ ਨੂੰ ਉਰਦੂ, ਅੰਗਰੇਜ਼ੀ ਅਤੇ ਯੋਰਪੀ ਅਦਬ ਦਾ ਵਿਸ਼ਾਲ ਅਧਿਐਨ ਹਾਸਿਲ ਸੀ। ਮੰਟੋ ਅਲੀਗੜ੍ਹ ਯੂਨੀਵਰਸਿਟੀ ਵਿਚ ਐੱਫ.ਏ. ਦੇ ਉਰਦੂ ਪਰਚੇ ਵਿਚ ਚਾਰ ਵਾਰੀ ਫੇਲ ਹੋ ਜਾਣ ਕਾਰਣ ਪੜ੍ਹਾਈ ਵਿਚੇ ਛੱਡ ਕੇ ਭੱਜ ਗਿਆ ਸੀ। ਉਹ ਬਾਰੀ ਅਲੀਗ ਦੀ ਵਜ੍ਹਾ ਕਰਕੇ ਅਫ਼ਸਾਨਾ ਨਵੀਸ ਬਣਿਆ। ਬਾਰੀ ਅਲੀਗ ਨੇ ਮੰਟੋ ਤੋਂ ਰੂਸੀ, ਫਰੈਂਚ ਅਤੇ ਅੰਗਰੇਜ਼ੀ ਦੀਆਂ ਕਹਾਣੀਆਂ ਦਾ ਤਰਜਮਾ ਉਰਦੂ ਵਿਚ ਕਰਾਇਆ ਜਿਸ ਕਰਕੇ ਉਸ ਨੂੰ ਕਹਾਣੀ ਕਲਾ ਦੀ ਜਾਂਚ ਅਤੇ ਵਿਹਾਰਕ ਸਮਝ ਦੀ ਜਾਂਚ ਆਪਣੇ ਆਪ ਆ ਗਈ। ਬੇਦੀ ਨੇ ਇਹ ਕਲਾ ਵੱਡੇ ਲੇਖਕਾਂ ਦੀਆਂ ਕਿਰਤਾਂ ਪੜ੍ਹ ਕੇ ਸਿੱਖੀ। ਉਹ ਰੂਸੀ ਲੇਖਕ ਚੈਖਵ ਤੋਂ ਬਹੁਤ ਪ੍ਰਭਾਵਤ ਹੈ ਅਤੇ ਕਹਾਣੀ ਕਲਾ ਟੈਕਨੀਕ, ਤਖਲੀਕੀ ਤਕਾਜ਼ੇ ਉਹਦੇ ਵਾਂਗਰ ਹੀ ਨਿਭਾ ਰਿਹਾ ਹੁੰਦਾ ਹੈ। ਉਸ ਨੂੰ ਪੜ੍ਹਦੇ ਪੜ੍ਹਦੇ ਚੈਖਵ ਦਾ ਭੁਲੇਖਾ ਪੈ ਜਾਣਾ ਕੁਦਰਤੀ ਹੈ। ਮੇਰੇ ਖਿਆਲ ਵਿਚ ਸ਼ਿਵ ਸੰਕਰ ਪਿਲੈ, ਆਰ.ਕੇ.ਨਾਰਾਇਣ, ਪੀ.ਰਾਜੂ ਅਤੇ ਮੋਹਨ ਰਾਕੇਸ਼ ਤੋਂ ਛੁੱਟ ਕੋਈ ਹੋਰ ਲੇਖਕ ਚੈਖਵ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੈ, ਜਿੰਨਾ ਰਾਜਿੰਦਰ ਸਿੰਘ ਬੇਦੀ। ਉਸ ਨੂੰ ਉਰਦੂ ਅਫ਼ਸਾਨੇ ਦਾ ਸਿਖਰ ਅਤੇ ਆਦਰਸ਼ ਮੰਨਿਆ ਗਿਆ। ਉਸ ਨੂੰ ਬੇਪਨਾਹ ਸਤਿਕਾਰ, ਪ੍ਰਵਾਨਗੀ ਅਤੇ ਇਜ਼ਤ ਦਿੱਤੀ ਗਈ।

ਪੰਜਾਬੀ ਵਿਚ ਉਸ ਦੇ ਦੋ ਕਹਾਣੀ ਸੰਗ੍ਰਹਿ ‘ਘਰ ਵਿਚ, ਬਜ਼ਾਰ ਵਿਚ’ ਅਤੇ ‘ਹੱਡੀਆਂ ਤੇ ਫੁੱਲ’, ਦੇਸ ਵੰਡ ਤੋਂ ਪਹਿਲਾਂ ਹੀ ਛਪ ਕੇ ਵਿਕ ਗਏ ਸਨ। ਹਿੰਦੀ ਵਿਚ ਉਸ ਦੀਆਂ ਕਿਤਾਬਾਂ ਦਾ ਛਪਣਾ ਕੁਦਰਤੀ ਸੀ ਪਰ ਮੈਂ ਪਹਿਲੀ ਵਾਰ ਹਿੰਦੀ ਵਿਚ ਉਸ ਦੀ ਕਿਤਾਬ ਲਾਜਵੰਤੀ ਪੜ੍ਹੀ ਸੀ। ਇਹ ਅਲਾਹਬਾਦ ਤੋਂ ਬੇਦੀ ਦੇ ਦੋਸਤ ਉਪਿੰਦਰ ਨਾਥ ਅਸ਼ਕ ਨੇ ਅੱਜ ਤੋਂ ਸੱਠ ਸਾਲ ਪਹਿਲਾਂ ਆਪਣੇ ਨੀਲਾਭ ਪ੍ਰਕਾਸ਼ਨ ਵੱਲੋਂ ਛਾਪੀ ਸੀ। ਪ੍ਰੋਫੈਸਰ ਪ੍ਰਤੀਮ ਸਿੰਘ ਨੇ ਉਸ ਦੀਆਂ ਸਾਰੀਆਂ ਕਹਾਣੀਆਂ ਪੰਜਾਬੀ ਵਿਚ ਤਰਜਮਾ ਕਰਕੇ ਛਪਵਾਈਆਂ ਹਨ। ਪ੍ਰੀਤਮ ਸਿੰਘ ਨਾਲ ਇਸ ਸਬੰਧੀ ਗੱਲ ਕਰਦੇ ਹੋਏ ਮੈਂ ਕਿਹਾ ਸੀ ਕਿ ਉਹਦੀ ਕਹਾਣੀ ਨਿਹਾਇਤ ਸੰਜਮੀ, ਤਿੱਖੀ ਅਤੇ ਭਾਵ ਨਿਅੰਤ੍ਰਨ ਨਾਲ ਭਰਪੂਰ ਹੁੰਦੀ ਹੈ ਕਿ ਉਸ ਵਿੱਚੋਂ ਨਾ ਕੋਈ ਸ਼ਬਦ ਕੱਢਿਆ ਜਾ ਸਕਦਾ ਹੈ ਅਤੇ ਨਾ ਪਾਇਆ ਜਾ ਸਕਦਾ ਹੈ। ਪ੍ਰੋ. ਪ੍ਰੀਤਮ ਸਿੰਘ ਜਿੱਥੇ ਮੈਨੂੰ ਸ਼ਾਬਾਸ਼ ਦੇਣ ਵਿਚ ਬਹੁਤ ਦੂਰ ਤਕ ਚਲੇ ਗਏ, ਉੱਥੇ ਮੁਕੰਮਲ ਤੌਰ ’ਤੇ ਮੇਰੇ ਨਾਲ ਸਹਿਮਤ ਹੋਏ।

ਕੁਝ ਕਹਾਣੀਆਂ ਨਹੀਂ, ਬੇਦੀ ਦੇ ਦਸ ਕਹਾਣੀ ਸੰਗ੍ਰਹਿ ਉਰਦੂ ਵਿਚ ਛਪੇ ਮਿਲਦੇ ਹਨ। ਉਨ੍ਹਾਂ ਵਿਚ ਉਸਦੀਆਂ ਫਿਲਮਾਂ ਲਈ ਲਿਖੀਆਂ ਕਹਾਣੀਆਂ ਸ਼ਾਮਲ ਨਹੀਂ ਹਨ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ - ਗ੍ਰਹਿਣ, ਦਾਨਾ ਓਦਾਮ, ਕੋਖਜਲੀ, ਅਪਨੇ ਦੁਖ ਮੁਝੇ ਦੇ ਦੋ, ਲਾਜਵੰਤੀ, ਬੱਬਲ ਆਦਿ। ਇਸ ਤੋਂ ਛੁੱਟ ਉਸ ਦੇ ਉਰਦੂ ਵਿਚ ਛੇ ਨਾਵਲ ਛਪੇ ਹਨ। ਪੰਜਾਬੀ ਵਿਚ ਛਪਿਆ ਇਕ ਨਾਵਲ ‘ਇਕ ਚਾਦਰ ਅੱਧੋਰਾਣੀ’ ਹੈ। ਇਹ ਉਰਦੂ ਵਿਚ ਲਿਖਿਆ ਉਸ ਦਾ ਪਹਿਲਾ ਨਾਵਲ ਸੀ। ਉਰਦੂ ਵਿਚ ਇਸ ਦਾ ਨਾਮ, ‘ਇਕ ਚਾਦਰ ਮੈਲੀ ਸੀ’ ਹੈ। ਪੰਜਾਬੀ ਵਿਚ ਇਸ ਦਾ ਤਰਜਮਾ ਅੰਮ੍ਰਿਤਾ ਪ੍ਰੀਤਮ ਨੇ ਕੀਤਾ ਸੀ ਜੋ ਸਭ ਤੋਂ ਪਹਿਲਾਂ ਐੱਸ. ਸਵਰਨ ਦੇ ਮਾਸਕ ਪੱਤਰ ‘ਚੇਤਨਾ’ ਦਿੱਲੀ ਵਿਚ ਛਪਿਆ ਸੀ। ‘ਇਕ ਚਾਦਰ ਅੱਧੋਰਾਣੀ’ ਨਾਮ ਵੀ ਅੰਮ੍ਰਿਤਾ ਪ੍ਰੀਤਮ ਨੇ ਦਿੱਤਾ ਸੀ ਜੋ ਕਿਤਾਬ ਦੇ ਉਰਦੂ ਨਾਮ ਤੋਂ ਵਧੇਰੇ ਢੁੱਕਵਾਂ ਹੈ ਅਤੇ ਕਿਤਾਬ ਦੇ ਮਫ਼ਹੂਮ ਨੂੰ ਵੱਧ ਕਾਮਯਾਬੀ ਨਾਲ ਪੇਸ਼ ਕਰਦਾ ਅਤੇ ਸਮਝਦਾ ਹੈ। ‘ਸਾਤ ਖੇਲ’ ਉਸ ਦੇ ਉਰਦੂ ਵਿਚ ਲਿਖੇ ਰੇਡੀਓ ਰੂਪਕਾਂ ਦਾ ਸੰਗ੍ਰਹਿ ਹੈ। ਪਿਛਲੀ ਉਮਰ ਵਿਚ ਉਸ ਨੇ ਪ੍ਰੋਜ਼-ਪੋਇਮਜ਼ ਲਿਖਣੀਆਂ ਸ਼ੁਰੂ ਕੀਤੀਆਂ ਸਨ ਪਰ ਇਨ੍ਹਾਂ ਦੀ ਸੰਖਿਆ ਜ਼ਿਆਦਾ ਨਹੀਂ ਹੈ।

ਬੇਦੀ ਦੀ ਬੇਸ਼ਕ ਆਪਣੇ ਪੁੱਤਰ ਨਰਿੰਦਰ ਨਾਲ ਅਣਬਣ ਰਹਿੰਦੀ ਸੀ ਪਰ ਉਹ ਆਪਣੇ ਪੁੱਤਰ-ਮੋਹ ਵਿਚ ਮਰਿਆ ਪਿਆ ਸੀ। ਨਰਿੰਦਰ ਬੇਦੀ ਨੇ ਇਕ ਫਿਲਮ ਵੀ ਬਣਾਈ ਸੀ ਜੋ ਫੇਲ ਹੋ ਗਈ। ਨਰਿੰਦਰ ਦੀ ਭਰ ਜਵਾਨੀ ਵਿਚ ਮੌਤ ਹੋ ਗਈ ਜੋ ਰਾਜਿੰਦਰ ਸਿੰਘ ਨੂੰ ਜਿਊਂਦੇ ਜੀਅ ਮਾਰ ਗਈ। ਇਸੇ ਕਾਰਣ ਉਸ ਨੂੰ ਅਧਰੰਗ ਦਾ ਦੌਰਾ ਪਿਆ ਜਿਸ ਤੋਂ ਉਹ ਕਦੇ ਠੀਕ ਨਾ ਹੋ ਸਕਿਆ। ਉਸ ਦੀ ਯਾਦਦਾਸ਼ਤ ਖਤਮ ਹੋ ਗਈ। ਉਹ ਕਦੇ ਜੇ ਕੋਈ ਕਿਤਾਬ ਪੜ੍ਹਦਾ ਤਾਂ ਨਾਲ ਹੀ ਨਾਲ ਭੁੱਲਦਾ ਜਾਂਦਾ। ਮੇਰੇ ਨਾਲ ਅੱਜ ਕਲ ਤਕਰੀਬਨ ਤਕਰੀਬਨ ਇਹੋ ਹੋ ਰਿਹਾ ਹੈ।

ਜਦੋਂ ਬਹੁਤ ਵਰ੍ਹੇ ਲਾਸ਼ ਦੀ ਜ਼ਿੰਦਗੀ ਜਿਊਂਦੇ ਨੂੰ ਲੰਘ ਗਏ ਤਾਂ ਉਰਦੂ ਦੇ ਦਰਜਨ ਤੋਂ ਉੱਤੇ ਅਦੀਬਾਂ ਵੱਲੋਂ ਰਾਜਿੰਦਰ ਸਿੰਘ ਬੇਦੀ ਦੇ ਨਾਮ ਇਕ ਅਪੀਲ ਅਖ਼ਬਾਰਾਂ ਵਿਚ ਛਪੀ ਕਿ ਉਸ ਨੂੰ ਉਰਦੂ ਅਫ਼ਸਾਨੇ ਨੂੰ ਪਾਰਖਤੀ ਨਹੀਂ ਦੇਣੀ ਚਾਹੀਦੀ। ਹਰ ਹਾਲਤ ਵਿਚ ਉਹ ਉਰਦੂ ਦੀ ਤਰੱਕੀ ਲਈ ਲਿਖਣਾ ਸ਼ੁਰੂ ਕਰੇ। ਇਹ ਅਪੀਲ ਉਨ੍ਹਾਂ ਨੇ ਡਾਕਟਰ ਰਾਮਾ ਚੰਦ ਸਾਗਰ ਅਤੇ ਸਲੀਮ ਖ਼ਾਨ ਨੂੰ ਕਦੇ ਨਹੀਂ ਕੀਤੀ। ਵਿਡੰਬਨਾ ਇਹ ਹੈ ਕਿ ਅਪੀਲ ਕਰਨ ਵਾਲਿਆਂ ਨੇ ਨਹੀਂ ਸੋਚਿਆ ਉਸ ਤੇ ਕੀ ਬੀਤ ਰਹੀ ਹੈ। ਜੇ ਚਿੰਤਾ ਕੀਤੀ ਵੀ ਤਾਂ ਏਨੀ ਕਿ ਉਹ ਕਹਾਣੀਆਂ ਕਿਉਂ ਨਹੀਂ ਲਿਖਦਾ। ਇਹ ਵੀ ਤਾਂ ਹੋ ਸਕਦਾ ਸੀ ਕਿ ਉਸ ਦੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ। ਉਸ ਨੂੰ ਰੂਸ ਅਮਰੀਕਾ ਜਾਂ ਯੂਰਪ ਵਿਚ ਇਲਾਜ ਲਈ ਭੇਜਿਆ ਜਾਂਦਾ। ਕਿਆ ਸਰਪ੍ਰਸਤੀ ਤੇ ਸਹਾਇਤਾ ਹੈ ਕਿ ਉਸ ਤੋਂ ਮਰੇ ਪਏ ਤੋਂ ਹੋਰ ਕਹਾਣੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਭੌਰ ਉਡਾਰੀ ਮਾਰ ਗਿਆ।

ਮੁਜਤਬਾ ਹੁਸੈਨ ਆਪਣੀ ਕਿਤਾਬ ‘ਖ਼ਾਕੇ’ ਵਿਚ ਲਿਖਦਾ ਹੈ ਕਿ ਜਦੋਂ ਮੈਂ ਉਸ ਦੀ ਮੌਤ ਦੀ ਖ਼ਬਰ ਪੜ੍ਹੀ ਤਾਂ ਮੈਂ ਇਸ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਸਕਿਆ। ਉਹ ਜ਼ਿੰਦਗੀ ਹੱਥੋਂ ਜਿੱਚ ਪੈ ਚੁੱਕਾ ਸੀ, ਅਲਤਬਸ ਠਿੱਠ ਹੋ ਚੁੱਕਾ ਸੀ। ਹੱਦ ਹੋ ਗਈ। ਇਹ ਸਤਰਾਂ ਲਿਖਦੇ ਹੋਏ ਮੇਰੀਆਂ ਅੱਖਾਂ ਨਮ ਹੋ ਗਈਆਂ ਹਨ। ਮੈਨੂੰ ਅੰਮ੍ਰਿਤਾ ਦੀ ਇਕ ਸਤਰ ਯਾਦ ਆ ਰਹੀ ਹੈ ਜੋ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ-

ਤੇਰੇ ਜਿਹੇ ਕੋਈ ਰਿੰਦ ਨਾ ਰੋਜ਼ ਆਉਂਦੇ,
ਸਾਕੀ ਜਿਨ੍ਹਾਂ ਤੋਂ ਆਪ ਕੁਰਬਾਨ ਹੁੰਦਾ।

ਸਵਾਲ ਕੁਝ ਜਾਂ ਬੜਾ ਕੁਝ ਦਾ ਨਹੀਂ। ਅਦਬ ਵਿਚ ਸਵਾਲ ਮੈਰਿਟ ਦਾ ਹੁੰਦਾ ਹੈ, ਮਿਆਰ ਦਾ ਹੁੰਦਾ ਹੈ, ਕਲਾ ਦਾ, ਹੁਸਨ ਦਾ ਅਤੇ ਜਮਾਲ ਦਾ ਹੁੰਦਾ ਹੈ। ਇਹ ਸਾਰਾ ਕੁਝ ਸਿਫ਼ਤੀ ਪੱਧਰ ’ਤੇ ਰਾਜਿੰਦਰ ਸਿੰਘ ਬੇਦੀ ਵਿਚ ਮੌਜੂਦ ਹੈ। ਗਿਣਤੀ ਦੇ ਪੱਖੋਂ ਵੀ ਉਸ ਦੀਆਂ ਕਹਾਣੀਆਂ ਸੌ ਦਾ ਅੰਕੜਾ ਛੂੰਹਦੀਆਂ ਹਨ। ਉਨ੍ਹਾਂ ਦੀ ਗਿਣਤੀ ਤਿੰਨ ਸੌ ਜਾਂ ਪੰਜ ਸੌ ਹੀ ਹੋਵੇ, ਜ਼ਰੂਰੀ ਨਹੀਂ। ਪੰਜਾਬੀ ਵਿਚ ਸੰਤ ਸਿੰਘ ਸੇਖੋ ਦੀ ਇਕ ਕਿਤਾਬ ‘ਸਮਾਚਾਰ’ ਹੀ ਕਾਫੀ ਸੀ। ਉਸ ਦੇ ਅਗਲੇ ਸੰਗ੍ਰਿਹ ਨਾ ਵੀ ਛਪਦੇ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। ਮਹਿੰਦਰ ਸਿੰਘ ਸਰਨਾ ਦੀ ਕਿਤਾਬ ‘ਪੱਥਰ ਦੋ ਆਦਰ’ ਹੀ ਪ੍ਰਯਾਪਤ ਸੀ।

ਸੱਜਾਦ ਜ਼ਹੀਰ ਨੇ ਪੰਜ ਕਹਾਣੀਆਂ ਲਿਖ ਕੇ ਹੀ ਯੁੱਗ ਪਲਟਾ ਦਿੱਤਾ। ‘ਅੰਗਾਰੇ’ ਦੇ ਛਪਣ ਨਾਲ ਏਡੀ ਵੱਡੀ ਅਦਬੀ ਤਹਿਰੀਕ ਪੈਦਾ ਹੋਈ ਕਿ ਹੇਠਲੀ ਉੱਤੇ ਆ ਗਈ। ਉਰਦੂ ਅਦਬ ਵਿਚ ਤਰੱਕੀ ਪਸੰਦਾਂ ਦੀ ਉਹ ਹਨੇਰੀ ਝੁੱਲੀ ਕਿ ਪੂਰੇ ਵੀਹ ਸਾਲ ਉਸ ਨੂੰ ਥੰਮ੍ਹਣ ਵਿਚ ਲੱਗੇ। ਕ੍ਰਿਸ਼ਨ ਚੰਦਰ ਅਤੇ ਬੇਦੀ ਅਖੀਰ ਤੱਕ ਝੰਡਾ ਬਰਦਾਰ ਬਣੇ ਰਹੇ ਜਦੋਂ ਕਿ ਮੈਕਸਿਮ ਗੋਰਕੀ ਨੂੰ ਗੁਰੂ ਮੰਨ ਕੇ ਚੱਲਣ ਵਾਲਾ ਸਆਦਤ ਹਸਨ ਇਸ ਤੋਂ ਬੇਮੁੱਖ ਹੋ ਗਿਆ। ਉਸ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਹੈ।

ਫੇਰ ਮਜ਼ੇ ਦੀ ਗੱਲ ਇਹ ਹੈ ਕਿ ਅੰਗਾਰੇ ਉੱਪਰ ਦੋ ਮਹੀਨੇ ਅੰਦਰ ਅੰਦਰ ਹੀ ਪਾਬੰਦੀ ਲੱਗ ਗਈ। ਅੰਗਰੇਜ਼ ਦਾ ਜ਼ਮਾਨਾ ਸੀ ਇਸ ਲਈ ਬਚੀਆਂ ਕਾਪੀਆਂ ਕਿਤਾਬਾਂ ਵੇਚਣ ਵਾਲਿਆਂ ਨੇ ਸਾੜ ਦਿੱਤੀਆਂ। ਮੁੜ ਕੇ ਕਦੇ ਕਿਸੇ ਨੂੰ ਇਹ ਕਿਤਾਬ ਵੇਖਣ ਲਈ ਨਹੀਂ ਮਿਲੀ। ਪਰ ਇਸ ਨੇ ਜੋ ਕੀਤਾ ਸਭ ਨੂੰ ਪਤਾ ਹੈ।

ਇਕੋਤ੍ਰ ਸੌ ਸਾਲ ਪਹਿਲਾਂ ਪੰਡਤ ਚੰਦਰਧਰ ਸ਼ਰਮਾ ਨੇ ਹਿੰਦੀ ਵਿਚ ਇਕ ਕਹਾਣੀ ਲਿਖੀ ਸੀ, ‘ਉਸ ਨੇ ਕਹਾ ਥਾ’। ਕਰਤਾ ਤੇ ਕਿਰਤਮ ਦੋਵੇਂ ਥਿਰ ਹੋ ਗਏ। ਹਿੰਦੀ ਸਾਹਿਤ ਦੇ ਇਤਿਹਾਸ ਵਿਚ ਪੰਡਤ ਜੀ ਦਾ ਨਾਮ ਹਮੇਸ਼ਾ ਲਈ ਅਮਰ ਹੋ ਗਿਆ। ਉਹ ਕਹਾਣੀ ਵਾਰ ਵਾਰ ਇਮਤਿਹਾਨੀ ਕੋਰਸਾਂ ਲਈ ਚੁਣੀ ਜਾਂਦੀ ਰਹੀ ਹੈ। ਉਸ ’ਤੇ ਫਿਲਮ ਵੀ ਬਣੀ ਅਤੇ ਲੱਖਾਂ ਕਰੋੜਾਂ ਰੁਪਏ ਕਮਾਏ ਗਏ। ਪਰ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪੰਡਤ ਜੀ ਨੇ ਦੋ ਕਹਾਣੀਆਂ ਹੋਰ ਵੀ ਲਿਖੀਆਂ ਜਿਨ੍ਹਾਂ ਨੂੰ ਕੋਈ ਪੜ੍ਹਦਾ ਹੀ ਨਹੀਂ। ਕੁਝ ਵਰ੍ਹੇ ਹੋਏ ਦੋ ਰੀਸਰਚ ਸਕਾਲਰਾਂ ਨੇ ਗੁਲੇਰੀ ਜੀ ਦੀਆਂ ਦੋ ਕਹਾਣੀਆਂ ਹੋਰ ਵੀ ਲੱਭੀਆਂ ਪਰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ‘ਜਨਮਾਨਸ’ ਤੇ ‘ਉਸ ਨੇ ਕਹਾ ਥਾ’ ਇਸ ਤਰ੍ਹਾਂ ਘੁਲਮਿਲ ਗਏ ਕਿ ਕਿਸੇ ਨੇ ਕਦੇ ਕੁਝ ਹੋਰ ਜਾਣਨ ਦੀ ਇੱਛਾ ਨਹੀਂ ਕੀਤੀ। ਸੋ ਸਿੱਧ ਹੈ ਸਿਫ਼ਤੀ ਪੱਧਰ ’ਤੇ ਪ੍ਰਾਪਤੀ ਹੀ ਫੈਸਲਾਕੁੰਨ ਹੁੰਦੀ ਹੈ, ਸਭ ਗਿਣਤੀ ਮਿਣਤੀ ਨਿੱਲ।

*****

(980)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਮੇਵਾ ਸਿੰਘ ਤੁੰਗ

ਪ੍ਰੋ. ਮੇਵਾ ਸਿੰਘ ਤੁੰਗ

Phone: (91 - 96462 - 47926)