“ਪਾਠਕਾਂ ਨੇ ਆਪਣੇ ਦੋਸਤਾਂ ਮਿਤਰਾਂ ਕੋਲ ਪਈਆਂ ਕਿਤਾਬਾਂ ਮੰਗ ਮੰਗ ਕੇ ਤੇ ਲੁਕ ਛਿਪ ਕੇ ...”
(30 ਅਕਤੂਬਰ 2018)
ਅਚਾਨਕ ਮੈਨੂੰ ਸਜਾਦ ਜ਼ਹੀਰ ਦੀ ਕਹਾਣੀ ‘ਦੁਲਾਰੀ’ ਪੜ੍ਹਨ ਦਾ ਮੌਕਾ ਮਿਲਿਆ ਹੈ। ਸਭ ਤੋਂ ਪਹਿਲਾਂ ਜੋ ਖ਼ਿਆਲ ਮੇਰੇ ਦਿਮਾਗ਼ ਵਿੱਚ ਆਇਆ ਅਤੇ ਜੋ ਦੂਜਾ ਕਹਾਣੀਕਾਰ ਮੈਨੂੰ ਤੁਰੰਤ ਯਾਦ ਆਇਆ, ਉਹ ਸੀ ਅਮਰੀਕਨ ਨਾਵਲਕਾਰ ਤੇ ਕਹਾਣੀਕਾਰ ਅਰਨੈਸਟ ਹੈਮਿੰਗਵੇ ਦਾ ਨਾਮ। ਕਹਾਣੀ ਪੜ੍ਹਦੇ ਹੋਏ ਜੋ ਪ੍ਰਭਾਵ ਅਤੇ ਵਿਚਾਰ ਮੇਰੇ ਸਾਹਮਣੇ ਜਾਂ ਮੇਰੀ ਸਮਝ ਦਾ ਹਿੱਸਾ ਬਣੇ, ਉਹ ਸੀ, ਸਾਦਾ ਸਰਲ ਆਮ ਫ਼ਹਿਮ ਬੋਲੀ ਦੀ ਬਗ਼ੈਰ ਕਿਸੇ ਰੱਖ ਰਖਾ ਅਤੇ ਉਚੇਚ ਦੇ ਕੁਦਰਤੀ ਰੰਗ ਢੰਗ ਅਤੇ ਵਿਹਾਰ ਵਿੱਚ ਕੀਤੀ ਵਰਤੋਂ, ਜਿਸ ਵਿੱਚ ਇਸ ਤਰ੍ਹਾਂ ਭਾਸਦਾ ਹੈ ਕਿ ਇਹ ਸਭ ਕੁਝ ਆਪਣੇ ਆਪ ਹੀ ਹੋਈ ਜਾਂਦਾ ਹੈ। ਇਸ ਵਿੱਚ ਹੋਰ ਕਿਸੇ ਦਾ ਹੱਥ ਨਹੀਂ। ਕਹਾਣੀ ਲਿਖਣ ਵਾਲਾ ਕਿਧਰੇ ਨਜ਼ਰ ਨਹੀਂ ਆਉਦਾ। ਹੈਮਿੰਗਵੇ ਦੇ ਭਾਸ਼ਾ ਗੁਣ ਅਤੇ ਉਸਦਾ ਵਰਤੋਂ ਵਿਹਾਰ ਬਿਲਕੁਲ ਇਸੇ ਤਰ੍ਹਾਂ ਦੇ ਹਨ। ਇਹ ਸੰਭਵ ਕਿਵੇਂ ਹੋਇਆ? ਹੈਮਿੰਗਵੇ ਦਾ ਬੋਲ ਬਾਲਾ ਤਾਂ 1950 ਤੋਂ ਪਿੱਛੋਂ ਜਾ ਕੇ ਹੋਇਆ ਹੈ। ਦੁਲਾਰੀ 1930-31 ਵਿਚ ਲਿਖੀ ਗਈ ਅਤੇ 1932 ਦੇ ਅਖੀਰ ਵਿੱਚ ‘ਅੰਗਾਰੇ’ ਵਿੱਚ ਛਪ ਕੇ ਸਾਹਮਣੇ ਆਈ ਅਤੇ ਫੇਰ ਹਮੇਸ਼ਾ ਲਈ ਲੋਪ ਹੋ ਗਈ ਕਿਉਂਕਿ ਕਿਤਾਬ ’ਤੇ ਪ੍ਰਤਿਗਾਮੀ ਤਾਕਤਾਂ ਦੇ ਰੌਲੇ ਅਤੇ ਅੰਦੋਲਨ ਕਾਰਣ ਪਾਬੰਦੀ ਲੱਗ ਗਈ। ਰਹਿੰਦੀਆਂ ਕਹਾਣੀਆਂ ਪਬਲਿਸ਼ਰ ਨੇ ਡਰ ਦੇ ਮਾਰੇ ਸਾੜ ਦਿੱਤੀਆਂ। ਕੀ ਕਾਰਣ ਹੈ ਕਿ ਸਜਾਦ ਜ਼ਹੀਰ ਹੈਮਿੰਗਵੇ ਦੀ ਬਰਾਬਰੀ ਕਰ ਰਿਹਾ ਹੈ? ਵਾਸਤਵ ਵਿੱਚ ਉਸਨੇ ਹੈਮਿੰਗਵੇ ਦੇ ਗੁਰੂ ਪੜ੍ਹੇ ਅਤੇ ਵਿਚਾਰੇ ਹੋਏ ਸਨ। ਉਸਦਾ ਇੱਕ ਨਿਕਟਵਰਤੀ ਸਾਥੀ ਸਰਦਾਰ ਜਾਫ਼ਰੀ ਲਿਖਦਾ ਹੈ ਕਿ ਅਸਾਂ ਜੋ ਫ਼ਰੈਂਚ ਸਾਹਿਤ ਅੰਗਰੇਜ਼ੀ ਵਿੱਚ ਪੜ੍ਹਿਆ ਸੀ, ਸਜਾਦ ਜ਼ਹੀਰ ਨੇ ਉਹ ਫ਼ਰੈਂਚ ਵਿੱਚ ਪੜ੍ਹਿਆ-ਵਿਚਾਰਿਆ ਸੀ। ਉਸਨੇ ਫ਼ਰੈਂਚ ਤੇ ਅੰਗਰੇਜ਼ੀ ਦੇ ਚੇਤਨਾ ਪ੍ਰਵਾਹੀ ਸ਼ੈਲੀ ਵਿੱਚ ਲਿਖਣ ਵਾਲੇ ਨਾਵਲਕਾਰ ਅਤੇ ਕਹਾਣੀਕਾਰ ਧਿਆਨ ਨਾਲ ਪੜ੍ਹੇ ਸਨ। ਇਹੀ ਕਾਰਣ ਹੈ ਕਿ ਉਸਨੇ ਜਿਸ ਸਰਲਤਾ, ਸਹਿਜ, ਸੁਹਜ ਅਤੇ ਸੰਜਮ ਨਾਲ ‘ਦੁਲਾਰੀ’ ਲਿਖੀ, ਉਹ ਕਿਤੇ ਲੱਭਣੇ ਔਖੇ ਹਨ। ਹਾਂ, ਪੰਜਾਬੀ ਵਿੱਚ ਇਸ ਤੋਂ ਦਸ ਵਰ੍ਹੇ ਬਾਅਦ ਸੰਤ ਸਿੰਘ ਸੇਖੋਂ ਨੇ ਇੱਕ ਕਹਾਣੀ ਲਿਖੀ ‘ਮੁੜ ਵਿਧਵਾ’। ਇਸ ਵਿੱਚ ਸਾਰੇ ਉਕਤ ਗੁਣ ਮੌਜੂਦ ਹਨ। 1955 ਦੇ ਆਸ ਪਾਸ ਰਾਜਿੰਦਰ ਸਿੰਘ ਬੇਦੀ ਨੇ ਕਹਾਣੀ ਲਿਖੀ ‘ਲਾਜਵੰਤੀ’, ਜਿਸ ਵਿੱਚ ਸਾਰੇ ਉਕਤ ਗੁਣਾਂ ਦੇ ਦਰਸ਼ਨ ਹੁੰਦੇ ਹਨ। ਪਰ ਇਹ ਬਾਅਦ ਦੀਆਂ ਗੱਲਾਂ ਹਨ।
ਅਲੀ ਸਰਦਾਰ ਜਾਫ਼ਰੀ ਨੇ ਸਜਾਦ ਜ਼ਹੀਰ ਦਾ ਚਰਿੱਤ੍ਰ ਇੱਕ ਲੇਖ ਵਿੱਚ ਪੇਸ਼ ਕੀਤਾ ਹੈ, ਉਸਦਾ ਨਾਮ ਰੱਖਿਆ ਹੈ- ਰਕਸੇ ਸ਼ਰਰ, ਅਰਥਾਤ ਚੰਗਿਆੜੀ ਦਾ ਨਾਚ। ਸਜਾਦ ਜ਼ਹੀਰ ਦੀ ਕਹਾਣੀ ‘ਦੁਲਾਰੀ’ ਵੀ ਰਕਸੇ ਸ਼ਰਰ ਹੈ।
ਦੁਲਾਰੀ ਦੇ ਮਾਂ ਬਾਪ ਦਾ ਕੋਈ ਪਤਾ ਨਹੀਂ। ਉਹ ਸ਼ੇਖ਼ ਘਰਾਣੇ ਵਿਚ ਪਲੀ ਤੇ ਵੱਡੀ ਹੋਈ ਹੈ। ਭਾਵੇਂ ਉਹ ਘਰ ਦੀ ਨੌਕਰਾਣੀ ਹੈ ਪਰ ਵੇਖਣ ਵਾਲਿਆਂ ਨੂੰ ਘਰ ਦੀ ਮੈਂਬਰ ਜਾਪਦੀ ਹੈ। ਉਸਦਾ ਸਭ ਕੁਝ ਘਰ ਦਾ ਵਲੀ ਅਹਿਦ ਸ਼ੇਖ਼ ਲੁੱਟ ਲੈਂਦਾ ਹੈ। ਦੁਲਾਰੀ ਉਸਦਾ ਵਿਰੋਧ ਨਹੀਂ ਕਰਦੀ। ਸਮਾਂ ਪਾ ਕੇ ਸ਼ੇਖ ਕਾਜ਼ਮ ਦੀ ਸ਼ਾਦੀ ਦੀਆਂ ਗੱਲਾਂ ਚਲਦੀਆਂ ਹਨ। ਸ਼ਾਦੀ ਵਾਲੇ ਦਿਨ ਦੁਲਾਰੀ ਘਰ ਵਿੱਚੋਂ ਗ਼ਾਇਬ ਹੋ ਜਾਂਦੀ ਹੈ। ਬੜੀ ਪੁੱਛ ਪੜਤਾਲ ਅਤੇ ਭੱਜ ਨੱਠ ਤੋਂ ਬਾਅਦ ਮਿਲ ਜਾਂਦੀ ਹੈ ਅਤੇ ਘਰ ਦਾ ਇੱਕ ਬੁੱਢਾ ਉਸ ਨੂੰ ਗ਼ਰੀਬ ਵੇਸਵਾ ਦੇ ਮੁਹੱਲੇ ਵਿੱਚੋਂ ਵਾਪਸ ਘਰ ਲੈ ਆਉਂਦਾ ਹੈ। ਘਰ ਵਿੱਚ ਅਕਸਰ ਉਸਦੀ ਬੇਇਜ਼ਤੀ ਹੁੰਦੀ ਰਹਿੰਦੀ ਹੈ। ਇੱਕ ਦਿਨ ਸ਼ੇਖ ਕਾਜ਼ਮ ਉਸਦੀ ਬੇਇਜ਼ਤੀ ਕਰਨ ਵਾਲੀਆਂ ਔਰਤਾਂ ਨੂੰ ਡਾਂਟਦਾ ਹੈ। ਉਹ ਚੁੱਪ ਕਰ ਜਾਂਦੀਆਂ ਹਨ ਅਤੇ ਦੁਲਾਰੀ ਨੂੰ ਦਲੇਰ ਹੋਈ ਵੇਖ, ਉੱਥੋਂ ਖਿਸਕ ਜਾਂਦੀਆਂ ਹਨ। ਕਾਜ਼ਮ ਦੁਲਾਰੀ ਨੂੰ ਹਮਦਰਦੀ ਭਰੀ ਨਸੀਹਤ ਕਰਦਾ ਹੈ। ਇਹ ਗੱਲ ਦੁਲਾਰੀ ਝੱਲ ਨਹੀਂ ਸਕਦੀ। ਉਹ ਉਸੇ ਰਾਤ ਫੇਰ ਗ਼ਾਇਬ ਹੋ ਜਾਂਦੀ ਹੈ।
ਕਿਹਾ ਜਾਵੇਗਾ ਕਿ ਇਹ ਕੋਈ ਖ਼ਾਸ ਗੱਲ ਨਹੀਂ। ਇਹੋ ਜਿਹੀਆਂ ਕਹਾਣੀਆਂ ਬਹੁਤ ਮਿਲ ਜਾਂਦੀਆਂ ਹਨ। ਸਵਾਲ ਇਹ ਨਹੀਂ। ਮਸਲਾ ਅੰਦਾਜ਼ੇ ਬਿਆਂ ਦਾ ਹੈ ਜੋ ਹਰ ਥਾਂ ਨਹੀਂ ਮਿਲਦਾ। ਸਜਾਦ ਜ਼ਹੀਰ ਦਾ ਅੰਦਾਜ਼ੇ ਬਿਆਂ ਵੱਖਰਾ ਹੈ, ਜਿਸਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹਾਂ।
ਸੁਜਾਨ ਸਿੰਘ ਨੇ ਵੀ ਇਸ ਤਰ੍ਹਾਂ ਦਾ ਧੱਕਾ ਇੱਕ ਕੁੜੀ ਨਾਲ ਹੁੰਦਾ ਵਿਖਾਇਆ ਹੈ ਜੋ ਮਿੱਲ ਵਿੱਚ ਮਜ਼ਦੂਰੀ ਕਰਦੀ ਹੈ ਅਤੇ ਜਿਸਨੂੰ ਤਹਿਖ਼ਾਨੇ ਵਿੱਚ ਸਾਜ਼ਸ਼ ਅਧੀਨ ਭੇਜਿਆ ਜਾਂਦਾ ਹੈ। ਉੱਥੇ ਮਾਲਕ ਦਾ ਮੁੰਡਾ ਕੁੜੀ ’ਤੇ ਝਪਟ ਪੈਂਦਾ ਹੈ। ਕੁੜੀ ਆਪਣਾ ਬਚਾਅ ਕਰਨ ਲਈ ਹੱਥ ਪੈਰ ਮਾਰਦੀ ਹੈ, ਮਾਲਕ ਦਾ ਮੁੰਡਾ ਪਟਿਆਂ ਅਤੇ ਮਸ਼ੀਨਾਂ ਵਿਚ ਲਪੇਟਿਆ ਜਾਂਦਾ ਹੈ। ਕੁੜੀ ਭੱਜ ਕੇ ਬਾਹਰ ਆ ਜਾਂਦੀ ਹੈ। ਮਸ਼ੀਨਾਂ ਚੱਲਣੀਆਂ ਬੰਦ ਹੋ ਜਾਂਦੀਆਂ ਹਨ। ਇਸ ਕਹਾਣੀ ਦਾ ਨਾਮ ‘ਖ਼ੂਨ’ ਹੈ। ਕੁੜੀ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਨਾਲ ਦੇ ਕਮਰੇ ਵਿੱਚ ਮੀਟਿੰਗ ਹੋ ਰਹੀ ਹੁੰਦੀ ਹੈ, ਜਿਸ ਵਿੱਚ ਕਹਾਣੀਕਾਰ ਦੇ ਸ਼ਬਦਾਂ ਵਿਚ ਕੁੜੀ ਵਿਰੁੱਧ ਸਬੂਤ ਅਤੇ ਗਵਾਹੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਦੋਹਾਂ ਕਹਾਣੀਆਂ ਵਿੱਚ ਮਾਹੌਲ ਦਾ ਫ਼ਰਕ ਹੈ। ਕਲਾਪਰਕ ਅੰਤਰ ਵੀ ਹੈ, ਪਰ ਇੱਕ ਸਾਧਾਰਨ ਕੰਨਿਆਂ ਦੇ ਸ਼ੋਸ਼ਣ ਦੀ ਸਾਂਝ ਹੈ। ਮੈਂ ਸੋਚਦਾ ਹਾਂ, ਸੁਜਾਨ ਸਿੰਘ ਸਾਰੀ ਉਮਰ ਜੀਵਨ ਅਤੇ ਘਰੇਲੂ ਮਸਲਿਆਂ ਦੇ ਭਾਰ ਅਧੀਨ ਹੀ ਜੂਝਦਾ ਰਿਹਾ। ਜੇ ਉਸ ਨੂੰ ਸਜਾਦ ਜ਼ਹੀਰ ਵਰਗੀਆਂ ਸਹੂਲਤਾਂ ਅਤੇ ਸਹਿਯੋਗੀ ਮਾਹੌਲ ਦਾ ਦਸਵਾਂ ਹਿੱਸਾ ਵੀ ਨਸੀਬ ਹੁੰਦਾ ਤਾਂ ਉਹ ਉੱਥੇ ਹੀ ਪਹੁੰਚ ਜਾਂਦਾ ਜਿੱਥੇ ਸਜਾਦ ਜ਼ਹੀਰ, ਅਹਿਮਦ ਅਲੀ, ਅਜ਼ੀਜ਼ ਅਹਿਮਦ, ਮੁਹੰਮਦ ਹਸਨ ਅਸਕਰੀ ਅਤੇ ਕੁਰੱਅਤਲੁਨ ਹੈਦਰ ਪਹੁੰਚੇ ਹਨ।
ਹੈਰਤ ਦਾ ਮੁਕਾਮ ਇਹ ਹੈ ਕਿ ਜਦੋਂ ਪੰਜਾਬੀ ਲੇਖਕਾਂ ਦੀ ਜਾਣ ਪਛਾਣ ਸਿਰਫ਼ ਅਤੇ ਸਿਰਫ਼ ਗੋਰਕੀ ਨਾਲ ਹੀ ਹੋਣੀ ਸ਼ੁਰੂ ਹੋਈ ਸੀ, ਉਰਦੂ ਨਾਲ ਸੰਬੰਧਤ ਇਹ ਨੌਜਵਾਨ ਫਰਾਂਸ ਅਤੇ ਯੂਰਪੀ ਦੀ ਨਵੀਂ ਅਦਬੀ ਤਹਿਰੀਕ ਤੋਂ ਵਾਕਫ਼ ਸਨ ਅਤੇ ਉਸ ਨੂੰ ਸਮਝਦੇ ਸਨ। ਉਦਾਹਰਣਾਰਥ ਚੇਤਨਾ ਪ੍ਰਵਾਹੀ ਸ਼ੈਲੀ ਅਤੇ ਟੈਕਨੀਕ ਉਰਦੂ ਵਿੱਚ 1932 ਵਿੱਚ ਸ਼ੁਰੂ ਹੋ ਗਈ ਸੀ ਪਰ ਪੰਜਾਬੀ ਵਿੱਚ ਇਸਦੀ ਵਰਤੋਂ 1943 ਵਿੱਚ ਕਰਤਾਰ ਸਿੰਘ ਦੁੱਗਲ ਨੇ ਕੀਤੀ। ਉਸਦੀ ਕਹਾਣੀ ‘ਸਵੇਰ ਸਾਰ’ ਚੇਤਨਾ ਪ੍ਰਵਾਹੀ ਵੰਨਗੀ ਦੀ ਹੈ। ਉਸਦੀ ਦੂਜੀ ਕਹਾਣੀ ‘ਮੈਂ ਕਿੰਨਾ ਬੇਵਕੂਫ਼ ਹਾਂ’ ਇਸੇ ਕਿਸਮ ਦੀ ਹੈ। ਇਸ ਵਿੱਚ ਆਜ਼ਾਦ ਖ਼ਿਆਲੀ ਅਤੇ ਸੁਤੰਤਰ ਆਤਮ ਬਚਨਾਂ ਰਾਹੀਂ ਇੱਕ ਬੀਮਾਰ ਦਾ ਇਲਾਜ ਕੀਤਾ ਜਾਂਦਾ ਹੈ ਜੋ ਅੰਦਰਖ਼ਾਨੇ ਆਪਣੀ ਭੈਣ ਨੂੰ ਇਸ਼ਕ ਕਰਦਾ ਸੀ। ਪਰ ਪੰਜਾਬੀ ਦੇ ਮਹਾਂਰਥੀਆਂ, ਠੇਕੇਦਾਰਾਂ ਅਤੇ ਪੜ੍ਹੇ ਲਿਖੇ ਸਾਹਿਤਕ ਲੋਕਾਂ ਨੂੰ ਵੀ ਵੀਹ ਸਾਲ ਪਤਾ ਨਹੀਂ ਲੱਗ ਸਕਿਆ।
ਸਜਾਦ ਜ਼ਹੀਰ ਅਤੇ ਉਸਦੇ ਸਾਥੀ ਮਾਰਕਸਵਾਦੀ ਅਤੇ ਕੌਮਪ੍ਰਸਤ ਸਨ। ਉਹ ਸੱਚੇ ਮਾਰਕਸਵਾਦੀਆਂ ਵਾਂਗਰ ਹਰ ਪਾਸੇ ਆਪਣਾ ਦਿਮਾਗ਼ ਤੇ ਮਸਤਕ ਖੁੱਲ੍ਹਾ ਰੱਖਦੇ ਸਨ, ਪਰ ਇਸ ਦੀ ਪੰਜਾਬੀ ਅਗਰਗਾਮੀਆਂ ਵਿੱਚ ਅਣਹੋਂਦ ਸੀ। ਇਸੇ ਲਈ ਇੱਥੇ ਤੀਹ ਸਾਲ ਗੋਰਕੀ ਦਾ ਹੀ ਡੰਕਾ ਵੱਜਿਆ।
‘ਅੰਗਾਰੇ’ ਦੇ ਲੇਖਕ ਭਾਵੇਂ ਸਾਹਿਤਕ ਕਰਾਂਤੀ ਕਰਨ ਲਈ ਮਸ਼ਹੂਰ ਹੋਏ, ਪਰ ਉਹ ਇੰਤਹਾ ਪਸੰਦ ਨਹੀਂ ਸਨ। ਉਹ ਅਸਲ ਵਿੱਚ ਸਮਾਜੀ ਬਾਗ਼ੀ ਸਨ ਜੋ ਹਰ ਤਰ੍ਹਾਂ ਦੀ ਪੁਰਾਤਨਤਾ, ਵਹਿਮਪ੍ਰਸਤੀ, ਇਨਸਾਨੀ ਵੰਡੀਆਂ, ਸਮਾਜੀ ਊਚ ਨੀਚ, ਸਿਆਸੀ ਗ਼ੁਲਾਮੀ, ਫ਼ਿਰਕੇਦਾਰੀ, ਗ਼ਰੀਬੀ, ਸਰਮਾਏ, ਗ਼ਰੀਬਾਂ ਦਾ ਸ਼ੋਸ਼ਣ, ਹਰ ਗ਼ਲਤ ਗੱਲ ਦੇ ਵਿਰੋਧੀ ਸਨ। ਇਸ ਲਈ ਉਨ੍ਹਾਂ ਨੇ ਸਾਹਿਤ ਅਤੇ ਕਲਾ ਵਿੱਚ ਵੀ ਦਕੀਆਨੂਸੀ ਪੁਰਾਤਨਤਾ ਦਾ ਤਿਆਗ ਕੀਤਾ ਅਤੇ ਨਵੀਆਂ ਲੀਹਾਂ ਪਾਈਆਂ। ਸਜਾਦ ਜ਼ਹੀਰ, ਅਹਿਮਦ ਅਲੀ, ਮਹਿਮੂਦ ਉਲ ਜ਼ਫ਼ਰ ਅਤੇ ਡਾਕਟਰ ਰਸ਼ੀਦ ਜਹਾਂ, ਸਾਰੇ ਹੀ ਇਸ ਕਿਸਮ ਦੇ ਚਿੰਤਕ ਅਤੇ ਸਿਰਜਕ ਸਨ।
ਇਹ ਬਗ਼ਾਵਤ ਅਤੇ ਬਾਗ਼ੀਆਨਾ ਰੁਚੀਆਂ ਜ਼ਹੀਰ ਦੀ ਦੂਜੀ ਕਹਾਣੀ ‘ਫਿਰ ਯੇ ਹੰਗਾਮਾ’ ਵਿੱਚ ਹੋਰ ਵੀ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਇੱਥੇ ਇੱਕ ਬੀਮਾਰ ਨੌਜਵਾਨ ਨੂੰ ਆਜ਼ਾਦ ਵਿਚਾਰਾਂ ਨਾਲ, ਖੁੱਲ੍ਹੀ ਅਤੇ ਸੁਤੰਤਰ ਗੱਲਬਾਤ ਕਰਦੇ ਵਿਖਾਇਆ ਹੈ। ਉਹ ਸਾਰੇ ਸੱਪ, ਫ਼ਨ ਫੈਲਾਈ ਨਾਗ, ਕੁੱਤੇ, ਗਿਰਝਾਂ, ਸ਼ੇਰ, ਚੀਤੇ, ਬਘਿਆੜ, ਜੋ ਉਸ ਨੂੰ ਨਜ਼ਰ ਆਉਂਦੇ ਹਨ, ਇਹ ਸਾਰੇ ਸਾਹਮਣੇ ਆਉਂਦੇ ਹਨ। ਪਾਠਕ ਇਨ੍ਹਾਂ ਦਾ ਪ੍ਰਤੱਖ ਅਨੁਭਵ ਕਰਦਾ ਹੈ। ਇਹ ਸਮਾਜ ਵਿਰੋਧੀ ਅਤੇ ਇਨਸਾਨ ਵਿਰੋਧੀ ਤਾਕਤਾਂ ਹਨ, ਜਿਨ੍ਹਾਂ ਦਾ ਖਾਤਮਾ ‘ਅੰਗਾਰੇ’ ਦੇ ਸਾਰੇ ਲੇਖਕ ਕਰਨਾ ਚਾਹੁੰਦੇ ਹਨ। ਇਹ ਉਹੋ ਤਰੀਕਾ ਹੈ ਜੋ ਦਸ ਸਾਲ ਬਾਅਦ ਕਰਤਾਰ ਸਿੰਘ ਦੁੱਗਲ ‘ਮੈਂ ਕਿੰਨਾ ਬੇਵਕੂਫ਼ ਹਾਂ’ ਵਿੱਚ ਵਰਤਦਾ ਹੈ।
ਇਹ ਤਰੀਕਾ ਇੱਕ ਪਾਸੇ ਮੈਡੀਕਲ ਸਾਇੰਸ ਨਾਲ ਜਾ ਜੁੜਦਾ ਹੈ ਅਤੇ ਦੂਜੇ ਪਾਸੇ ਸਾਹਿਤ ਨਾਲ ਸੰਬੰਧਤ ਹੋ ਜਾਂਦਾ ਹੈ। ਇਹ ਮਨੋਵਿਗਿਆਨ ਦੀ ਮਾਇਆ ਹੈ। ਮਨੋਵਿਗਿਆਨ ਦੇ ਇਸ ਸਰਮਾਏ ਦੀ ਮਾਇਆ ਨਾਲ ਹੀ ਸੰਬੰਧਤ ਇਸ ਸੰਗ੍ਰਹਿ ਦੀਆਂ ਦੂਜੀਆਂ ਕਹਾਣੀਆਂ ਹਨ, ਜਿਨ੍ਹਾਂ ਵਿੱਚ ਅਹਿਮਦ ਅਲੀ ਦੀ ਕਹਾਣੀ ‘ਪਹਾੜਾਂ ਦੀ ਰਾਤ’, ‘ਬਾਦਲ ਨਹੀਂ ਆਤੇ’, ਸਜਾਦ ਜ਼ਹੀਰ ਦੀ ਕਹਾਣੀ ‘ਨੀਂਦਰ ਕਿਉਂ ਨਹੀਂ ਆਉਂਦੀ’, ਮਹਿਮੂਦ ਉਲ ਜ਼ਫ਼ਰ ਦੀ ਕਹਾਣੀ ‘ਜਵਾਂ ਮਰਦੀ’ ਆਉਂਦੀਆਂ ਹਨ। ਇਹ ਸਾਰੀਆਂ ਕਹਾਣੀਆਂ ਚੇਤਨਾ ਪ੍ਰਵਾਹੀ ਤੌਰ ਤਰੀਕੇ ਵਿੱਚ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਬਿਆਨ ਸਮੇਂ ਕਹਾਣੀਕਾਰ ਕਿਤੇ ਨਹੀਂ ਦਿਸਦਾ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਸਾਰਾ ਕੁਝ ਆਪਣੇ ਆਪ ਕੁਦਰਤੀ ਵਿਧੀ ਵਿਧਾਨ ਨਾਲ ਵਾਪਰਦਾ ਹੈ। ਇਹ ਅੰਦਰੂਨੀ ਤਰਜ਼ ਦੀ ਲਿਖਣ ਵਿਧੀ ਦਾ ਕਰਿਸ਼ਮਾ ਹੈ। ਇਸੇ ਤਰੀਕੇ ਨੂੰ ਮਗਰੋਂ ਜਾ ਕੇ ਖ਼ੁਦ ਅਹਿਮਦ ਅਲੀ ਅਤੇ ਕੁਰੱਅਤਲੁਨ ਹੈਦਰ ਨੇ ਵਧੇਰੇ ਯੋਗਤਾ ਅਤੇ ਮੁਹਾਰਤ ਨਾਲ ਵਰਤਿਆ ਹੈ। ਹਯਾਤ ਅੱਲ੍ਹਾ ਅੰਨਸਾਰੀ, ਅਜ਼ੀਜ਼ ਅਹਿਮਦ, ਮੁਹੰਮਦ ਹਸਨ ਅਸਕਰੀ ਇਸੇ ਜ਼ੁਮਰੇ ਵਿਚ ਆਉਂਦੇ ਹਨ।
ਅਹਿਮਦ ਅਲੀ ਦੀ ਕਹਾਣੀ ‘ਬਾਦਲ ਨਹੀਂ ਆਤੇ’ ਵਿਚ ਇੱਕ ਮੱਧ ਤਬਕੇ ਦੀ ਪੜ੍ਹੀ ਲਿਖੀ ਕੁੜੀ ਦਾ ਵਿਆਹ ਉਸਦੀ ਮਰਜ਼ੀ ਦੇ ਉਲਟ ਇੱਕ ਰੰਡੇ ਬੁੱਢੇ ਮੌਲਵੀ ਨਾਲ ਜ਼ਬਰਦਸਤੀ ਕਰ ਦਿੱਤਾ ਜਾਂਦਾ ਹੈ। ਮੌਲਵੀ ਨੂੰ ਬਾਹਰਲੇ ਲੋਕ ਧਾਰਮਿਕ ਪੁਰਸ਼ ਸਮਝਦੇ ਹਨ ਅਤੇ ਉਸ ਕੋਲੋਂ ਦੁਆਵਾਂ ਅਤੇ ਜੰਤ੍ਰ ਮੰਤ੍ਰ ਲੈਣ ਆਉਂਦੇ ਹਨ ਪਰ ਅੰਦਰਲੀ ਤਸਵੀਰ ਹੋਰ ਹੈ। ਕੁੜੀ ਦੇ ਦੁੱਖਾਂ ਦਰਦਾਂ ਦੀ ਵਿਥਿਆ ਅਤੇ ਮੌਲਵੀ ਦੇ ਸ਼ਹਿਵਤ ਅੰਗਰੇਜ਼ੀ ਵਿਹਾਰ ਨਾਲ ਜੋ ਚਿੱਤਰ ਸਾਹਮਣੇ ਆਉਂਦੇ ਹਨ, ਉਸ ਨਾਲ ਆਮ ਇਨਸਾਨ ਦੁਖੀ ਹੋ ਕੁਰਲਾ ਉੱਠਦਾ ਹੈ। ਪਰ ਇਸ ਕਹਾਣੀ ’ਤੇ ਮੌਲਵੀ ਇੰਨਾ ਕੁਰਲਾਏ ਕਿ ਕਿਤਾਬ ’ਤੇ ਪਾਬੰਦੀ ਲੱਗ ਗਈ।
ਸਜਾਦ ਜ਼ਹੀਰ ਦੀ ਕਹਾਣੀ ‘ਫਿਰ ਯੇ ਹੰਗਾਮਾ’ ਵਿੱਚੋਂ ਪ੍ਰਸਿੱਧ ਵਿਦਵਾਨ ਅਤੇ ਆਲੋਚਕ ਕਮਰ ਰਈਸ ਨੇ ਆਪਣੇ ਇੱਕ ਲੇਖ ਵਿੱਚ ਜੋ ਹਵਾਲਾ ਦਰਜ ਕੀਤਾ ਹੈ ਉਸ ਵਿੱਚ ਪੇਸ਼ ਕੀਤਾ ਯਥਾਰਥ ਫ਼ਰਾਂਸ ਦੇ ਪ੍ਰਕ੍ਰਿਤੀਵਾਦੀਆਂ ਦੇ ਚਿੱਤ੍ਰਣ ਨਾਲ ਮਿਲਦਾ ਹੈ। ਗੋਰਕੀ ਦੇ ‘ਹੇਠਲੇ ਪਤਾਲ,’ ਗੁਰਚਰਨ ਸਿੰਘ ਦੀ ‘ਵਗਦੀ ਸੀ ਰਾਵੀ’ ਵਿੱਚ ਅਤੇ ਸ਼ੌਕਤ ਸਦੀਕੀ ਦੇ ਨਾਵਲ ‘ਖ਼ੁਦਾ ਕੀ ਬਸਤੀ’ ਵਿੱਚ ਵੀ ਇਹੋ ਜਿਹੇ ਯਥਾਰਥ ਦੇ ਦਰਸ਼ਨ ਹੁੰਦੇ ਹਨ ਪਰ ਇੱਥੇ ਤਰੀਕਾ ਹੋਰ ਵਰਤਿਆ ਗਿਆ ਹੈ। ‘ਅੰਗਾਰੇ’ ਦੇ ਸਾਰੇ ਲੇਖਕਾਂ ਨੇ ਇਹ ਸਫਲਤਾ ਫ਼ਰੈਂਚ ਰੀਅਲਿਸਟਾਂ ਅਤੇ ਫ਼ਰੈਂਚ ਤੇ ਇੰਗਲਿਸ਼ ਚੇਤਨਾ ਪ੍ਰਵਾਹੀ ਨਾਵਲਕਾਰਾਂ ਅਤੇ ਕਥਾਕਾਰਾਂ ਦੇ ਪ੍ਰਭਾਵ ਅਧੀਨ ਸਰ ਕੀਤੀ ਹੈ। ਇਹ ਉਨ੍ਹਾਂ ਦੀ ਵੱਡੀ ਸਫਲਤਾ ਹੈ।
‘ਅੰਗਾਰੇ’ ਵਿੱਚ ਉਹ ਸਭ ਕੁਝ ਸੀ ਜੋ ਪਿੱਛੋਂ ਜਾ ਕੇ ਉਰਦੂ ਕਥਾਕਾਰਾਂ ਅਤੇ ਨਾਵਲਕਾਰਾਂ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ। ਇਸ ਟੈਕਨੀਕ ਨੂੰ ਪਿੱਛੋਂ ਜਾ ਕੇ ਕੁਰੱਅਤਲੁਨ ਹੈਦਰ, ਅਹਿਮਦ ਅਲੀ, ਕ੍ਰਿਸ਼ਨ ਚੰਦਰ, ਹਯਾਤ ਅੱਲ੍ਹਾ ਅੰਨਸਾਰੀ, ਅਜ਼ੀਜ਼ ਅਹਿਮਦ, ਵਕਾਰ ਅਜ਼ੀਮ ਨੇ ਤਕੜੀ ਕਾਮਯਾਬੀ ਅਤੇ ਖ਼ੁਸ਼ ਅਸਲੂਬੀ ਨਾਲ ਵਰਤਿਆ ਅਤੇ ਉਰਦੂ ਅਦਬ ਵਿੱਚ ਬੇਹੱਦ ਮਾਣ ਅਤੇ ਅਮਰ ਸਥਾਨ ਪਾ ਲਿਆ। ਇਸ ਸਮੇਂ ਉਰਦੂ ਕਹਾਣੀ ਅਤੇ ਨਾਵਲ, ਉਪਨਿਆਸ ਸਮਰਾਟ ਪ੍ਰੇਮ ਚੰਦ ਦੀ ਜਾਗੀਰ ਸੀ। ਉਸਦੇ ਝੰਡੇ ਝੂਲਦੇ ਸਨ ਅਤੇ ਚਹੁੰ ਚੱਕੀ ਡੰਕੇ ਵੱਜਦੇ ਸਨ। ਉਹ ਸਭ ਤੋਂ ਵੱਧ ਸਤਿਕਾਰਤ ਅਤੇ ਪਾਠਕ ਅਵਾਮ ਵੱਲੋਂ ਪ੍ਰਵਾਨਤ ਗਲਪਕਾਰ ਸੀ। ਉਹ ਵੀ ‘ਅੰਗਾਰੇ’ ਤੋਂ ਪ੍ਰਭਾਵਤ ਅਤੇ ਉਤਸ਼ਾਹਤ ਹੋਇਆ। ਇਸ ਤੋਂ ਬਾਅਦ ਉਹ ਤਾਜ਼ਾ ਦਮ ਹੋਇਆ ਅਤੇ ‘ਕਫ਼ਨ’ ਤੇ ‘ਪੂਸ ਕੀ ਰਾਤ’ ਆਦਿ ਅਫ਼ਸਾਨੇ ਲਿਖੇ।
ਇਸ ਕਿਤਾਬ ਰਾਹੀਂ ਉਰਦੂ ਅਫ਼ਸਾਨੇ ਵਿੱਚ ਇੱਕ ਨਵਾਂ ਰਜਿਸਟਰ ਰੱਖਿਆ ਗਿਆ ਜਿਸ ਕਾਰਣ ਉਰਦੂ ਲਿਸਾਨੀਅਤ ਅਤੇ ਲੁਗਾਤ ਦੇ ਪਹਿਲੂ ਤੋਂ ਬੜਾ ਵਾਧਾ ਹੋਇਆ, ਅਰਥਾਤ ਭਾਸ਼ਾ ਵਿਗਿਆਨ ਅਤੇ ਕੋਸ਼ ਦੇ ਪੱਖ ਤੋਂ ਉਰਦੂ ਜ਼ਬਾਨ ਵਿੱਚ ਨਵੇਂ ਝਰੋਖੇ ਖੁੱਲ੍ਹੇ। ਔੌਰਤਾਂ ਦਾ ਬੋਲਣ ਢੰਗ, ਵੱਖਰੀ ਕਿਸਮ ਦੀ ਸ਼ਬਦਾਵਲੀ, ਫਿਕਰੇਬਾਜ਼ੀ, ਜੋ ਸਿਰਫ਼ ਔੌਰਤਾਂ ਲਈ ਹੀ ਮਖ਼ਸੂਸ ਹੁੰਦੀ ਹੈ, ਪਹਿਲੀ ਵਾਰੀ ‘ਅੰਗਾਰੇ’ ਦੀਆਂ ਕਹਾਣੀਆਂ ਰਾਹੀਂ ਸਾਹਮਣੇ ਆਈ। ਇਸ ਨੂੰ ਪਿੱਛੋਂ ਜਾ ਕੇ ਇਸਮਤ ਚੁਗਤਾਈ ਨੇ ਪੂਰੀ ਦਲੇਰੀ ਅਤੇ ਖੁੱਲ੍ਹ ਨਾਲ ਵਰਤਿਆ ਤੇ ਅੱਗੇ ਵਧਾਇਆ ਅਤੇ ਜਿਸਨੂੰ ਪਰਵਰਤੀ ਔਰਤ ਅਫ਼ਸਾਨੇ ਨਵੀਸਾਂ ਜੈਲਾਨੀ ਬਾਨੋ, ਮੁਮਤਾਜ਼ ਸ਼ੀਰੀਂ, ਖ਼ਦੀਜਾ ਮਸਤੂਰ ਅਤੇ ਹਾਜਰਾ ਮਸਰੂਰ ਨੇ ਹੋਰ ਅੱਗੇ ਵਧਾਇਆ, ਮੁਕੰਮਲ ਤੌਰ ’ਤੇ ‘ਅੰਗਾਰੇ’ ਵਿਚ ਮੌਜੂਦ ਸੀ। ਮੁਹੰਮਦ ਹਸਨ ਅਸਕਰੀ ਦੇ ਸ਼ਬਦਾਂ ਵਿੱਚ, ਮੰਟੋ ਨੇ ਵੱਖਰਾ ਖੂਹ ਪੁੱਟ ਕੇ ਪਾਣੀ ਪੀਤਾ, ਭਾਵੇਂ ਉਹ ਪਾਣੀ ਖਾਰਾ ਸੀ। ਉਹ ਖਾਰਾ ਪਾਣੀ ਵੀ ‘ਅੰਗਾਰੇ’ ਦੀਆਂ ਕਹਾਣੀਆਂ ਵਿੱਚ ਮੌਜੂਦ ਸੀ। ਇਹ ਖਾਰਾ ਪਾਣੀ, ਮਿੱਠਾ ਪਾਣੀ, ਤਿੱਖਾ ਪਾਣੀ, ਕੌੜਾ ਪਾਣੀ, ਇਹ ਸਾਰੇ ਪਾਣੀ ‘ਅੰਗਾਰੇ’ ਵਿੱਚ ਮੌਜੂਦ ਸਨ ਜਿਨ੍ਹਾਂ ਉਰਦੂ ਅਦਬ ਨੂੰ ਸਰਸਬਜ਼ ਅਤੇ ਸ਼ਾਦਾਬ ਕੀਤਾ ਜਿਸ ਨਾਲ ਉਰਦੂ ਅਦਬ ਨੇ ਨਵੀਆਂ ਸਿਖਰਾਂ ਛੂਹੀਆਂ ਅਤੇ ਜ਼ਮਾਨੇ ’ਤੇ ਛਾ ਗਿਆ।
ਇਸ ਦੋ ਸੌ ਸਫ਼ੇ ਦੀ ਕਿਤਾਬ ਨੇ, ਜਿਸ ਵਿੱਚ 9 ਕਹਾਣੀਆਂ ਅਤੇ ਇੱਕ ਇਕਾਂਗੀ ਨਾਟਕ ਸੀ, ਉਰਦੂ ਸਾਹਿਤ ਵਿੱਚ ਵੱਡਾ ਨਿਰਣਾ ਕਰ ਦਿੱਤਾ। ਇਸ ਨੇ ਪੁਰਾਣੇ ਅਤੇ ਨਵੇਂ ਅਫ਼ਸਾਨੇ ਦਾ ਨਿਖੇੜਾ ਪੱਕੇ ਤੌਰ ’ਤੇ ਕਰ ਦਿੱਤਾ। ਪ੍ਰੇਮ ਚੰਦ, ਸੁਦਰਸ਼ਨ, ਅਲੀ ਅੱਬਾਸ ਹੁਸੈਨੀ ਅਤੇ ਸੁਲਤਾਨ ਹੈਦਰ ਜੋਸ਼ ਨੂੰ ਛੱਡਕੇ ਸਾਰੇ ਪੁਰਾਣੇ ਲੇਖਕ ਰੱਦ ਹੋ ਗਏ। ਮਨਮਰਜ਼ੀ ਦੇ ਢੰਗ ਨਾਲ ਅੰਗਰੇਜ਼ੀ, ਫ਼ਰੈਂਚ, ਰੂਸੀ ਅਤੇ ਤੁਰਕੀ ਬੋਲੀ ਦੀਆਂ ਕਹਾਣੀਆਂ ਦੇ ਤਰਜਮੇ ਅਤੇ ਚੋਰੀ ਰੁਕ ਗਈ। ਇਸੇ ਕਿਤਾਬ ਦੇ ਇਕ ਸਹਿਯੋਗੀ ਲੇਖਕ ਅਹਿਮਦ ਅਲੀ ਨੇ ਇਹ ਸਾਰੀਆਂ ਗੱਲਾਂ ਆਪਣੇ ਇੱਕ ਲੇਖ ਵਿੱਚ ਸਾਹਮਣੇ ਲਿਆਂਦੀਆਂ ਹਨ। ਪ੍ਰਸਿੱਧ ਆਲੋਚਕ ਵੱਕਾਰ ਅਜ਼ੀਮ ਅਤੇ ਕਮਰ ਰਈਸ ਇਨ੍ਹਾਂ ਨੂੰ ਤਸਲੀਮ ਕਰਦੇ ਹਨ।
‘ਅੰਗਾਰੇ’ ਦਸੰਬਰ 1932 ਵਿੱਚ ਪ੍ਰਕਾਸ਼ਤ ਹੋਈ। ਨੌਜਵਾਨ ਵਰਗ ਤੋਂ ਛੁੱਟ ਸਾਰੇ ਸੁਚੇਤ ਅਤੇ ਸਹਿਜਭਾਵੀ ਸਾਹਿਤਕਾਰਾਂ ਨੇ ਇਸਦਾ ਸਵਾਗਤ ਕੀਤਾ। ਮੌਲਵੀ ਅਬਦੁਲ ਹੱਕ ਐਡੀਟਰ ਉਰਦੂ ਅਤੇ ਪੰਡਤ ਦਇਆ ਨਾਰਾਇਣ ਨਿਗਮ ਤੋਂ ਲੈ ਕੇ ਜਾਫ਼ਰੀ, ਫ਼ੈਜ਼ ਅਤੇ ਡਾਕਟਰ ਅਖ਼ਤਰ ਹੁਸੈਨ ਰਾਇਪੁਰੀ ਤੱਕ ਮਿਲਦੇ ਸਾਰੇ ਸੋਮਿਆਂ ਵਿੱਚ ਇਸ ਕਿਤਾਬ ਬਾਰੇ ਪ੍ਰਾਪਤ ਵਾਕਫ਼ੀ ਅਤੇ ਸੂਚਨਾ ਅਨੁਸਾਰ ਇਹ ਇੱਕ ਮਹੱਤਵਪੂਰਨ ਕਿਤਾਬ ਸੀ, ਜਿਸ ਨਾਲ ਸਾਹਿਤ ਖੇਤਰ ਵਿੱਚ ਇੱਕ ਨਵਾਂ ਬਿਗਲ ਵੱਜਿਆ, ਜੋ ਲਗਾਤਾਰ ਵੱਜਦਾ ਗਿਆ। ਇਸ ਲਈ ਇਸ ਨੂੰ ਜੀ ਆਇਆਂ ਕਿਹਾ ਗਿਆ। ਦੂਜੇ ਪਾਸੇ ਧਾਰਮਿਕ ਅੰਧਵਿਸ਼ਵਾਸੀ, ਦਕੀਆਨੂਸੀ, ਇਸਤ੍ਰੀ ਵਿਰੋਧੀ ਪਿਛਾਖੜੀ ਤਾਕਤਾਂ ਨੇ ਇਸ ਨੂੰ ਇਸਲਾਮ ਅਤੇ ਮੁਸਲਮ ਵਿਰੋਧੀ ਅਤੇ ਅਸ਼ਲੀਲ ਗਰਦਾਨਿਆ। ਉਨ੍ਹਾਂ ‘ਅੰਗਾਰੇ’ ਖ਼ਿਲਾਫ਼ ਇੰਨਾ ਹੰਗਾਮੇ ਭਰਿਆ ਹੋ ਹੱਲਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਗਵਰਨਰ ਦੀ ਵਜ਼ਾਰਤੀ ਕੌਂਸਲ ਦੀ ਮੀਟਿੰਗ 25 ਮਾਰਚ, 1933 ਨੂੰ ਕੀਤੀ ਗਈ ਅਤੇ ਕਿਤਾਬ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦੇ ਹੋਏ ਉਸ ’ਤੇ ਪਾਬੰਦੀ ਲਾ ਦਿੱਤੀ ਗਈ। ਸਾਰੀਆਂ ਕਿਤਾਬਾਂ ਬਾਹੱਕ ਸਰਕਾਰ ਜ਼ਬਤ ਹੋ ਗਈਆਂ ਅਤੇ ਬਚੀਆਂ ਖੁਚੀਆਂ ਸੜ ਗਈਆਂ। ਇਸਦਾ ਨਤੀਜਾ ਇਹ ਨਿਕਲਿਆ ਕਿ ਛਿਆਸੀ ਸਾਲ ਹੋਣ ਨੂੰ ਹਨ, ਕਿਤਾਬ ਕਿਤੇ ਵੇਖਣ ਨੂੰ ਵੀ ਨਹੀਂ ਮਿਲਦੀ।
ਸਰਕਾਰ ਦਾ ਫ਼ੈਸਲਾ ਜਿੰਨਾ ਸਖ਼ਤ ਅਤੇ ਤਿੱਖਾ ਸੀ, ਉੰਨਾ ਹੀ ਸਖ਼ਤ ਤੇ ਤਿੱਖਾ ਲੋਕਾਂ ਦਾ ਪ੍ਰਤਿਕਰਮ ਹੋਇਆ। ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਇਸਦਾ ਵਿਰੋਧ ਕੀਤਾ। ਸਭ ਤੋਂ ਤੇਜ਼ ਅਤੇ ਉਗਰ ਵਿਰੋਧ ਪੰਡਤ ਦਇਆ ਨਾਰਾਇਣ ਨਿਗਮ ਨੇ ਆਪਣੇ ਮਾਸਕ ਪੱਤ੍ਰ ‘ਜ਼ਮਾਨਾ’ ਦੇ ਮਈ 1933 ਦੇ ਪਰਚੇ ਵਿੱਚ ਕੀਤਾ। ਉਨ੍ਹਾਂ ਆਪਣੇ ਤਬਸਰੇ ਵਿੱਚ ਇਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਜਿਵੇਂ ਕਿਸੇ ਹੀਰੋ ਦੀ ਮੌਤ ਹੋ ਗਈ ਹੋਵੇ। ਇਸ ਨੂੰ ਆਮ ਜਨਤਾ ਨੇ ਕੌਮੀ ਬੇਇਜ਼ਤੀ ਮੰਨਿਆਂ ਅਤੇ ਉਹ ਕਿਤਾਬ ਦੇ ਹੱਕ ਵਿੱਚ ਪੂਰੇ ਜੋਸ਼ ਵਿੱਚ ਸਾਹਮਣੇ ਆਏ। ਅਜਿਹੇ ਮਾਹੌਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਠਕਾਂ ਨੇ ਆਪਣੇ ਦੋਸਤਾਂ ਮਿਤਰਾਂ ਕੋਲ ਪਈਆਂ ਕਿਤਾਬਾਂ ਮੰਗ ਮੰਗ ਕੇ ਤੇ ਲੁਕ ਛਿਪ ਕੇ ਪੜ੍ਹੀਆਂ। ਉਵੇਂ ਹੀ ਜਿਵੇਂ ਐਮਰਜੈਂਸੀ ਦੇ ਦਿਨਾਂ ਵਿੱਚ ਸਿੰਘਾਪੁਰ ਤੋਂ ਛਪ ਕੇ ਆਏ ਨਾਵਲ ‘ਲਹੂ ਦੀ ਲੋਅ’ ਨੂੰ ਪੰਜਾਬ ਵਿੱਚ ਪੜ੍ਹਿਆ ਗਿਆ ਸੀ। ਇਸ ਨਾਲ ‘ਅੰਗਾਰੇ’ ਬੇਹੱਦ ਮਕਬੂਲ ਅਤੇ ਹਰਮਨ ਪਿਆਰੀ ਹੋ ਗਈ, ਜੋ ਉਰਦੂ ਪ੍ਰਗਤੀਵਾਦੀ ਸਾਹਿਤ ਦਾ ਪੱਕੇ ਤੌਰ ’ਤੇ ਪ੍ਰੇਰਨਾ ਸਰੋਤ ਅਤੇ ਆਧਾਰ ਬਣ ਗਈ।
*****
(1370)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)