“ਦੋ ਵਿਅਕਤੀਆਂ ਜਾਂ ਸਮੂਹਾਂ ਦੇ ਦਰਮਿਆਨ ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸੀ ਸੰਵਾਦ ਰਾਹੀਂ ...”
(30 ਸਤੰਬਰ 2016)
ਮੇਰੇ ਜੀਵਨ ਵਿਚ ਜਾਣੋ ਇਕ ਤੂਫਾਨ ਆਇਆ ਅਤੇ ਸਭ ਕੁੱਝ ਖਤਮ ਹੋ ਗਿਆ। ਮੈਨੂੰ ਜੋ ਘਾਟਾ ਪਿਆ ਉਸ ਨਾਲ ਮੈਂ ਅਜੇ ਤੱਕ ਸਮਝੌਤਾ ਨਹੀਂ ਕਰ ਸਕਿਆ ਹਾਂ। ਤੂਫਾਨ ਵਾਂਗ ਹੀ ਮੌਤ ਵੀ ਭਗਵਾਨ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਤੂਫਾਨ ਦੀ ਤਰ੍ਹਾਂ ਤੁਸੀਂ ਮੌਤ ਦੇ ਸਾਹਮਣੇ ਵੀ ਸਹਾਇਤਾਹੀਣ ਹੀ ਹੁੰਦੇ ਹੋ। ਮੈਨੂੰ ਭੋਰਾ ਵੀ ਇਲਮ ਨਹੀਂ ਸੀ ਕਿ ਮੇਰੇ ਪਿਆਰੇ ਪਿਤਾ ਡਾ. ਅਸਗਰ ਅਲੀ ਇੰਜਨੀਅਰ ਨੂੰ ਮੌਤ ਸਾਥੋਂ ਇੰਨੀ ਛੇਤੀ ਖੋਹ ਲਵੇਗੀ। ਮੈਂ ਇੰਨੇ ਵੱਡੇ ਸਦਮੇ ਵਾਸਤੇ ਕਿਸੇ ਤਰ੍ਹਾਂ ਵੀ ਤਿਆਰ ਨਹੀਂ ਸੀ। ਪਰ ਹੁਣ ਮੈਂ ਇਹ ਸੋਚਣਾ ਹੈ ਕਿ ਮੇਰੇ ਪਿਤਾ ਨੇ ਮੈਨੂੰ ਵਿਰਾਸਤ ਵਿਚ ਕੀ ਦਿੱਤਾ। ਮੇਰੀ ਭੈਣ ਸੀਮਾ ਨੇ ਇਕ ਪੱਤਰਕਾਰ ਨੂੰ ਬਿਲਕੁੱਲ ਠੀਕ ਕਿਹਾ ਕਿ ਮੇਰੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਵਿਰਾਸਤ ਸਾਡੇ ਦੋਹਾਂ ਵਿਚ ਬਰਾਬਰ ਬਰਾਬਰ ਵੰਡ ਦਿੱਤੀ ਜਾਵੇ। ਉਨ੍ਹਾਂ ਦੀਆਂ ਸਿੱਖਿਆਵਾਂ ਦੀ ਵਿਰਾਸਤ।
ਮਨ ਕੁੱਝ ਸ਼ਾਂਤ ਹੋਣ ਤੋਂ ਬਾਅਦ ਮੈਂ ਇਹ ਸੋਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੇਰੇ ਪਿਤਾ ਨੇ ਮੈਨੂੰ ਵਿਰਾਸਤ ਵਿਚ ਕੀ ਦਿੱਤਾ? ਮੇਰੇ ਪਿਤਾ ਤੋਂ ਮੈਨੂੰ ਵਿਰਾਸਤ ਵਿਚ ਕੀ ਮਿਲਿਆ ਹੈ? ਉਨ੍ਹਾਂ ਦਾ ਅਨੁਸ਼ਾਸਨ ਅਤੇ ਸਖਤੀ ਵਾਲਾ ਰੋਜ਼ਾਨਾ ਵਿਹਾਰ। ਉਹ ਆਪਣੇ ਦਿਨ ਦੇ ਮਿੱਥੇ ਹੋਏ ਕਾਰਜ ਨਿਭਾਉਣ ਤੋਂ ਕਦੀ ਵੀ ਇੱਧਰ ਉੱਧਰ ਨਹੀਂ ਹੁੰਦੇ ਸਨ। ਇਸ ਰੋਜ਼ਾਨਾ ਵਿਹਾਰ (ਕੰਮਾਂ ਦੀ ਵੰਡ) ਵਿਚ ਸ਼ਾਮਲ ਸੀ ਸਵੇਰ ਦੀ ਸੈਰ ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿ ਸਕੇ। ਉਹ ਸਵੇਰ ਦੇ ਅੱਠ ਵਜੇ ਤੋਂ ਰਾਤ ਦੇ ਦਸ ਵਜੇ ਤੱਕ ਕੰਮ ਕਰਦੇ ਸਨ। ਦੁਪਹਿਰੇ ਘੜੀ ਕੁ ਨੀਂਦ ਦੀ ਝਪਕੀ ਲੈਣੀ ਵੀ ਉਨ੍ਹਾਂ ਦੇ ਦਿਨ ਵਾਲੇ ਕਾਰਜਾਂ ਵਿਚ ਸ਼ਾਮਲ ਸੀ। ਬੀਤੀ 13 ਫਰਵਰੀ ਨੂੰ ਹਸਪਤਾਲ ਵਿਚ ਦਾਖਲ ਹੋਣ ਤੱਕ ਉਹ ਆਪਣੇ ਦਿਨ ਭਰ ਦੇ ਕੰਮਾਂ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਸਨ। ਪ੍ਰਸ਼ਾਸਨਿਕ ਕੰਮ, ਚਿੱਠੀਆਂ ਤੇ ਈ ਮੇਲਾਂ ਦੇ ਜਵਾਬ ਦੇਣੇ, ਪੜ੍ਹਨਾ ਅਤੇ ਲਿਖਣਾ। ਇਸ ਮਾਮਲੇ ਵਿਚ ਉਹ ਕਾਫੀ ਸਖਤ ਸਨ ਅਤੇ ਦਫਤਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਮਿੱਥੇ ਹੋਏ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦੀ ਇਜਾਜ਼ਤ ਨਹੀਂ ਸੀ। ਸ਼ਹਿਰ ਦੇ ਬਾਹਰ ਤੋਂ ਆਉਣ ਵਾਲੇ ਲੋੜਵੰਦ ਲੋਕਾਂ ਨਾਲ ਉਹ ਇਸ ਮਿੱਥੇ ਹੋਏ ਸਮੇਂ ਨੂੰ ਉਲੰਘ ਕੇ ਵੀ ਮਿਲ ਲੈਂਦੇ ਸਨ। ਪਰ ਉਨ੍ਹਾਂ ਨੂੰ ਮਿਲਣ ਦੇ ਚਾਹਵਾਨ ਮੁੰਬਈ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਸੀ ਕਿ ਉਹ ਉਨ੍ਹਾਂ ਨੂੰ ਮਿਲਣ ਦਾ ਸਮਾਂ ਲੈ ਕੇ ਹੀ ਆਉਣ। ਫੇਰ ਵੀ ਜੇ ਕੋਈ ਦੂਰੋਂ ਆਉਂਦਾ ਸੀ ਤਾਂ ਉਹ, ਉਸਦੇ ਮਾਮਲੇ ਨੂੰ ਨਿਪਟਾਉਣ ਖਾਤਰ ਜਿਵੇਂ-ਕਿਵੇਂ ਹੋ ਸਕੇ ਉਹ ਆਪਣੇ ਕੰਮਾਂ ਦੇ ਵੰਡੇ ਹੋਏ ਸਮੇਂ ਨਾਲ ਸਮਝੌਤਾ ਵੀ ਕਰ ਲੈਂਦੇ ਸਨ। ਐਤਵਾਰ ਅਤੇ ਛੁੱਟੀ ਦੇ ਦਿਨਾਂ ਵਿਚ ਵੀ ਉਹ ਦਿਨ ਦੇ ਸਮੇਂ ਵਾਲੇ ਵੰਡ ਨੂੰ ਨਿਭਾਉਣ ਦੀ ਪਾਲਣਾ ਕਰਦੇ ਸਨ, ਫੇਰ ਭਾਵੇਂ ਉਨ੍ਹਾਂ ਨੂੰ ਦਫਤਰ ਵਿਚ ਇਕੱਲਿਆਂ ਹੀ ਕਿਉਂ ਨਾ ਬੈਠਣਾ ਪਵੇ। ਐਤਵਾਰ ਦੀ ਸ਼ਾਮ ਨੂੰ ਕਦੀ ਕਦੀ ਉਹ ਫਿਰਨ-ਤੁਰਨ ਜਾਂ ਫਿਰ ਕਾਰ ਲੈ ਕੇ ਕੁੱਝ ਦੂਰ ਘੁੰਮਣ ਚਲੇ ਜਾਇਆ ਕਰਦੇ ਸਨ।
ਉਹ ਅਕਸਰ ਯਾਤਰਾਵਾਂ ’ਤੇ ਤੁਰੇ ਰਹਿੰਦੇ ਸਨ ਇਸ ਕਰਕੇ ਅਸੀਂ ਭਾਵ ਉਨ੍ਹਾਂ ਦੇ ਪਰਵਾਰ ਦੇ ਜੀਅ ਉਨ੍ਹਾਂ ਦੇ ਸਾਥ ਤੋਂ ਸੱਖਣੇ ਰਹਿ ਜਾਂਦੇ ਸਾਂ। ਜੋ ਸੰਸਥਾ, ਜਥੇਬੰਦੀ ਜਾਂ ਕੋਈ ਵਿਅਕਤੀ ਉਨ੍ਹਾਂ ਨੂੰ ਵੱਖੋ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਵਾਸਤੇ ਸੱਦਾ ਪੱਤਰ ਭੇਜਦੇ ਸਨ - ਉਨ੍ਹਾਂ ਵਿਚ ਉਹ ਕੋਈ ਭੇਦ ਭਾਵ ਨਹੀਂ ਕਰਦੇ ਸਨ। ਇਕ ਵਾਰ ਜੇ ਉਹ ਕਿਸੇ ਪ੍ਰੋਗਰਾਮ ਵਿਚ ਪਹੁੰਚਣ ਦੀ ਸਹਿਮਤੀ ਦੇ ਦਿੰਦੇ ਸਨ ਤਾਂ ਆਪਣੇ ਕੀਤੇ ਵਾਅਦੇ ਨੂੰ ਨਿਭਾਉਂਦੇ ਸਨ, ਭਾਵੇਂ ਉਸੇ ਦਿਨ ਉਨ੍ਹਾਂ ਨੂੰ ਹੋਰ ਕਿੰਨੀ ਹੀ ਮਹੱਤਵਪੂਰਨ ਸੰਸਥਾ ਤੋਂ ਕੋਈ ਹੋਰ ਸੱਦਾ ਕਿਉਂ ਨਾ ਆ ਜਾਵੇ। ਸਿਹਤ ਖਰਾਬ ਹੋ ਜਾਣ ’ਤੇ ਵੀ ਉਹ ਆਪਣੇ ਪ੍ਰੋਗਰਾਮ ਰੱਦ ਨਹੀਂ ਕਰਦੇ ਸਨ। ਉਨ੍ਹਾਂ ਨੇ ਅਮਨ ਅਤੇ ਵਿਵਾਦਾਂ ਦੇ ਨਿਪਟਾਰੇ ਵਾਸਤੇ ਕਈ ਵਰਕਸ਼ਾਪਾਂ (ਸੈਮੀਨਾਰਾਂ) ਦਾ ਸੰਚਾਲਣ ਉਸ ਸਥਿਤੀ ਵਿਚ ਵੀ ਕੀਤਾ ਜਦੋਂ ਉਹ ਬੀਮਾਰ ਸਨ। ਇਸ ਅਨੁਸਾਸ਼ਨ ਅਤੇ ਸਖਤ ਮਿਹਨਤ ਕਰਕੇ ਹੀ ਉਹ ਦੁਨੀਆਂ ਨੂੰ ਇੰਨਾ ਕੁੱਝ ਦੇ ਸਕੇ, ਪਰ ਇਸੇ ਕਰਕੇ ਹੀ ਉਨ੍ਹਾਂ ਦਾ ਜੀਵਨ ਛੋਟਾ ਹੋ ਗਿਆ। ਅਸੀਂ ਆਪਣੇ ਜੀਵਨ ਵਿਚ ਕਿੰਨਾ ਅਨੁਸ਼ਾਸਨ ਰੱਖ ਸਕਦੇ ਹਾਂ ਅਤੇ ਕਿੰਨੇ ਯੋਜਨਾਬੱਧ ਢੰਗ ਨਾਲ ਕੰਮ ਕਰਦੇ ਹਾਂ?
ਉਨ੍ਹਾਂ ਵਾਸਤੇ ਨਿਆਂ, ਬਰਾਬਰੀ, ਪ੍ਰੇਮ,ਗੌਰਵ ਅਤੇ ਵੱਖੋ ਵੱਖ ਵਿਚਾਰਾਂ ਵਾਲੀਆਂ ਕਦਰਾਂ-ਕੀਮਤਾਂ ਤੋਂ ਬਿਨਾ ਕੁੱਝ ਵੀ ਪਵਿੱਤਰ ਨਹੀਂ ਸੀ ਕੋਈ ਕਰਮ-ਕਾਂਡ ਨਹੀਂ, ਕੋਈ ਪਰੰਪਰਾ ਨਹੀਂ ਅਤੇ ਕੋਈ ਸੰਸਕ੍ਰਿਤੀ ਨਹੀਂ। ਉਨ੍ਹਾਂ ਵਾਸਤੇ ਸੱਭਿਆਚਾਰ ਉਹ ਵਸੀਲਾ ਸੀ ਜਿਸਦੇ ਆਸਰੇ ਇਨਸਾਨ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਦਾ ਹੈ। ਇਸ ਕਰਕੇ ਹੀ ਉਨ੍ਹਾਂ ਦਾ ਵਿਚਾਰ ਸੀ ਕਿ ਸਾਰੇ ਸੱਭਿਆਚਾਰ ਅਤੇ ਸਾਰੇ ਧਰਮ ਮਾਣ ਸਨਮਾਨ ਦੇ ਹੱਕਦਾਰ ਹਨ। ਇਨ੍ਹਾਂ ਕਦਰਾਂ ਤੋਂ ਬਿਨਾ ਬਾਕੀ ਹਰ ਚੀਜ਼ ਵਿਚ ਸੁਧਾਰ ਹੋ ਸਕਦਾ ਸੀ। ਉਨ੍ਹਾਂ ਦੀ ਪੁਨਰ ਵਿਆਖਿਆ ਕੀਤੀ ਜਾ ਸਕਦੀ ਸੀ, ਉਨ੍ਹਾਂ ਨੂੰ ਕਿਸੇ ਨਵੇਂ ਦ੍ਰਿਸ਼ਟੀਕੋਣ ਤੋਂ ਸਮਝਿਆ ਜਾ ਸਕਦਾ ਸੀ। ਤਰਕ ਦੀ ਕਸੌਟੀ ’ਤੇ ਕੱਸਿਆ/ਪਰਖਿਆ ਜਾ ਸਕਦਾ ਸੀ ਅਤੇ ਉਨ੍ਹਾਂ ਵਿਚ ਅਜਿਹੀ ਤਬਦੀਲੀ ਲਿਆਂਦੀ ਜਾ ਸਕਦੀ ਸੀ ਜਿਸ ਨਾਲ ਉਹ ਇਨ੍ਹਾਂ ਬਹੁਮੁੱਲੀਆਂ ਕਦਰਾਂ-ਕੀਮਤਾਂ ਨੂੰ ਹੋਰ ਅਮੀਰ ਬਣਾਉਣ ਵਿਚ ਮਦਦ ਕਰ ਸਕਣ। ਸੱਚ ਬਾਰੇ ਉਨ੍ਹਾਂ ਦੀ ਜੀਵਨ ਭਰ ਕੀਤੀ ਖੋਜ ਵਿਚ ਕੋਈ ਹੱਦਾਂ ਨਹੀਂ ਸਨ ਅਤੇ ਉਹ ਕਿਸੇ ਵੀ ਪਵਿੱਤਰ ਪ੍ਰਤੀਕ, ਕਰਮਕਾਂਡ, ਪਰੰਪਰਾ, ਭਾਸ਼ਾ ਜਾਂ ਸੱਭਿਆਚਾਰ ਨਾਲ ਬੰਨ੍ਹੇ ਹੋਏ ਨਹੀਂ ਸਨ। ਸੱਚ ਨੂੰ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਕੋਈ ਵਿਅਕਤੀ ਇਸ ਦਿਸ਼ਾ ਵਿਚ ਲਗਾਤਾਰ - ਬਿਨਾਂ ਡਰ ਭੈਅ ਤੋਂ, ਨਿਰਭੈ ਹੋ ਕੇ ਜਤਨ ਕਰੇ। ਉਨ੍ਹਾਂ ਲਈ ਸੱਚ ਤੱਕ ਪਹੁੰਚਣ ਵਾਸਤੇ ਕੋਈ ਵੀ ਕੀਮਤ ਬਹੁਤੀ ਨਹੀਂ ਸੀ। ਇਸ ਵਾਸਤੇ ਜਰੂਰੀ ਸੀ ਆਪਣੀ ਅੰਤਰਆਤਮਾ ਨੂੰ ਇਮਾਨਦਾਰੀ ਨਾਲ ਖੰਘਾਲਣਾ ਅਤੇ ਆਪਣੀ ਜ਼ਮੀਰ ਦੀ ਆਵਾਜ਼ ਦੇ ਅਨੁਸਾਰ ਕੰਮ ਕਰਨਾ।
ਸੱਚ ਬਾਰੇ ਆਪਣੀ ਇਸ ਖੋਜ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਣੀ ਪਈ। ਜਦੋਂ ਉਹ ਬੰਬਈ ਮਹਾਂਨਗਰ ਪਾਲਿਕਾ ਵਿਚ ਸਿਵਲ ਇੰਜਨੀਅਰ ਵਜੋਂ ਕੰਮ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਆਪਣੀ ਇਮਾਨਦਾਰੀ ਅਤੇ ਇੰਜਨੀਅਰਾਂ ਦੀ ਜਥੇਬੰਦੀ ਦੀ ਅਗਵਾਈ ਕਰਨ ਕਰਕੇ ਉਨ੍ਹਾਂ ਦੀ ਵਾਰ ਵਾਰ ਇੱਥੋਂ-ਉੱਥੇ ਤੇ ਉੱਥੋਂ ਇੱਥੇ ਬਦਲੀ ਕੀਤੀ ਜਾਂਦੀ ਰਹੀ, ਉਨ੍ਹਾਂ ਨੂੰ ਤਰੱਕੀਆਂ ਦੇ ਬਣਦੇ ਹੱਕ ਵੀ ਨਾ ਦਿੱਤੇ ਗਏ। ਅਖੀਰ ਉਨ੍ਹਾਂ ਨੇ ਇਹ ਤੈਅ ਕੀਤਾ ਕਿ ਉਹ ਆਪਣਾ ਸਾਰਾ ਸਮਾਂ ਆਪਣੇ ਸਿਧਾਂਤਾਂ ਅਤੇ ਮੁੱਲਵਾਨ ਕਦਰਾਂ-ਕੀਮਤਾਂ ਵਿਚ ਵਾਧਾ ਕਰਨ ਵਾਲੇ ਕੰਮ ਵਿਚ ਲਾਉਣਗੇ। ਆਮਦਨੀ ਵਿਚ ਭਾਰੀ ਘਾਟਾ ਪੈਣ ਦੇ ਬਾਵਜੂਦ ਉਨ੍ਹਾਂ ਨੇ ਮਹਾਂਨਗਰ ਪਾਲਿਕਾ ਤੋਂ ਸਵੈ-ਇੱਛਾ ਨਾਲ ਨੌਕਰੀ ਨੂੰ ਛੱਡ ਦਿੱਤਾ। ਸੱਯਦਾਂ ਅਤੇ ਉਨ੍ਹਾਂ ਦੇ ਤੰਤਰ ਨੇ ਡਾਕਟਰ ਇੰਜਨੀਅਰ ਨੂੰ ਵੋਹਰਾ ਸਮਾਜ ਵਿੱਚੋਂ ਛੇਕ ਦਿੱਤਾ। ਨਤੀਜੇ ਵਜੋਂ ਉਨ੍ਹਾਂ ਦੇ ਆਪਣੇ ਹੀ ਮਾਂ-ਬਾਪ, ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਰਿਸ਼ਤੇ ਖਤਮ ਹੋ ਗਏ। ਸੰਨ 2000 ਦੇ ਫਰਵਰੀ ਮਹੀਨੇ ਸੱਯਦਾਂ ਦੇ ਜਨੂੰਨੀ ਪੈਰੋਕਾਰਾਂ ਨੇ ਉਨ੍ਹਾਂ ਦੇ ਦਫਤਰ ਅਤੇ ਘਰ ਉੱਤੇ ਹਮਲਾ ਕੀਤਾ ਅਤੇ ਭਿਆਨਕ ਤੋੜ-ਫੋੜ ਕੀਤੀ। ਡਾ. ਇੰਜਨੀਅਰ ਉੱਤੇ ਸੱਯਦਾਂ ਦੇ ਇਛਾਰੇ ’ਤੇ 6 ਵਾਰ ਕਾਤਲਾਨਾ ਹਮਲੇ ਹੋਏ। ਉਨ੍ਹਾਂ ਨੂੰ ਅਕਸਰ ਧਮਕੀਆਂ ਅਤੇ ਬਦਸਲੂਕੀਆਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਪਰ ਉਨ੍ਹਾਂ ਨੇ ਸੱਚ ਦੀ ਖੋਜ ਦਾ ਆਪਣਾ ਸਫਰ ਲਗਾਤਾਰ ਜਾਰੀ ਰੱਖਿਆ। ਕੋਈ ਵੀ ਕੁਰਬਾਨੀ ਇੰਨੀ ਵੱਡੀ ਨਹੀਂ ਸੀ ਜੋ ਉਹ ਆਪਣੇ ਸਿਧਾਂਤ ਦੇ ਵਾਸਤੇ ਨਹੀਂ ਦੇ ਸਕਦੇ ਸਨ। ਅਸੀਂ ਸੱਚ ਦੀ ਖੋਜ ਕਿੰਨੀ ਇਮਾਨਦਾਰੀ ਨਾਲ ਕਰ ਸਕਦੇ ਹਾਂ? ਅਤੇ ਕੀ ਅਸੀਂ ਲਗਾਤਾਰ ਇਸ ਕੰਮ ਵਿਚ ਜੁਟੇ ਰਹਿ ਸਕਦੇ ਹਾਂ? ਜੇ ਕੋਈ ਇਨਸਾਨ ਸੱਚ ਦੇ ਕਿਸੇ ਸਿੱਟੇ/ਵਿਸਥਾਰ ਤੱਕ ਪਹੁੰਚਦਾ ਹੈ ਤਾਂ ਉਸਨੂੰ ਆਪਣੀ ਇਸ ਖੋਜ ਵਿੱਚੋਂ ਨਿਕਲੇ ਸਿੱਟਿਆਂ ਨੂੰ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ, ਬਿਨਾ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਇਸਦੇ ਨਤੀਜੇ ਕੀ ਹੋਣਗੇ। ਇਸ ਵਾਸਤੇ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨੂੰ ਸਭ ਲੋਕ ਆਸਾਨੀ ਨਾਲ ਸਮਝ ਸਕਣ। ਉਹ ਅਕਸਰ ਮੈਨੂੰ ਕਿਹਾ ਕਰਦੇ ਸਨ ਕਿ ਇਕ ਪੈਗੰਬਰ ਅਤੇ ਦਾਰਸ਼ਨਿਕ ਵਿਚ ਇਹ ਹੀ ਫਰਕ ਹੁੰਦਾ ਹੈ ਕਿ ਪੈਗੰਬਰ ਆਪਣੀ ਗੱਲ ਅਜਿਹੀ ਭਾਸ਼ਾ ਵਿਚ ਕਹਿੰਦਾ ਹੈ ਜਿਸ ਨੂੰ ਲੋਕ ਸੌਖੀ ਤਰ੍ਹਾਂ ਸਮਝ ਸਕਦੇ ਹਨ ਜਦੋਂ ਕਿ ਦਾਰਸ਼ਨਿਕ ਦੀ ਭਾਸ਼ਾ ਅਜਿਹੀ ਹੁੰਦੀ ਹੈ ਜਿਸ ਨੂੰ ਸਮਝਣਾ ਕੁੱਝ ਲੋਕਾਂ ਦੇ ਵੱਸ ਦੀ ਹੀ ਗੱਲ ਹੁੰਦੀ ਹੈ। ਦਾਰਸ਼ਨਿਕ ਪ੍ਰਸਿੱਧੀ ਪ੍ਰਾਪਤ ਕਰਦੇ ਹਨ, ਪੈਗੰਬਰ ਸਮਾਜ ਨੂੰ ਬਦਲਦੇ ਹਨ ਅਤੇ ਆਪਣੀ ਵਿਰਾਸਤ ਦੀ ਡੂੰਘੀ ਛਾਪ ਛੱਡ ਜਾਂਦੇ ਹਨ।
ਇਕ ਸਮਾਜਕ ਕਾਮੇ ਅਤੇ ਬੁੱਧੀਜੀਵੀ ਤੇ ਤੌਰ ’ਤੇ ਡਾਕਟਰ ਇੰਜਨੀਅਰ ਲਿਖਣ ਅਤੇ ਬੋਲਣ, ਦੋਵੇਂ ਸਮੇਂ ਸੌਖੀ ਤਰ੍ਹਾਂ ਸਮਝ ਆਉਣ ਵਾਲੀ ਭਾਸ਼ਾ ਹੀ ਵਰਤਦੇ ਸਨ। ਸ਼ੁਰੂ ਵਿਚ ਉਨ੍ਹਾਂ ਦੀ ਭਾਸ਼ਾ ਬਹੁਤ ਅਕਾਦਮਿਕ ਹੁੰਦੀ ਸੀ ਪਰ ਹੌਲੀ ਹੌਲੀ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਜੇ ਸਮਾਜਕ ਤਬਦੀਲੀ ਦੇ ਆਪਣੇ ਆਸ਼ੇ ਨੂੰ ਹਾਸਲ ਕਰਨਾ ਹੈ ਤਾਂ ਉਨ੍ਹਾਂ ਨੂੰ ਸਾਧਾਰਨ ਸ਼ਬਦਾਂ ਅਤੇ ਸੌਖੀ ਭਾਸ਼ਾ ਰਾਹੀਂ ਹੀ ਸਮਝਾਉਣਾ ਹੋਵੇਗਾ। ਕੀ ਅਸੀਂ ਇਮਾਨਦਾਰੀ ਭਰਪੂਰ ਪੱਕੇ ਇਰਾਦੇ ਨਾਲ ਸਮਾਜਕ ਤਬਦੀਲੀ ਲਿਆਉਣ ਵਾਲੇ ਆਪਣੇ ਉਦੇਸ਼ ਵਾਸਤੇ ਕੰਮ ਕਰਨ ਲਈ ਤਿਆਰ ਹਾਂ। ਡਾ. ਇੰਜਨੀਅਰ ਅਕਸਰ ਕਿਹਾ ਕਰਦੇ ਸਨ ਕਿ ਸੱਚੀ ਆਜ਼ਾਦੀ ਵਾਸਤੇ ਇਸਦੇ ਹਾਣ ਦਾ ਵਾਤਾਵਰਨ ਜਰੂਰੀ ਹੈ। ਇਸ ਵਾਸਤੇ ਲਾਜ਼ਮੀ ਹੈ ਲੋਕ ਰਾਜ ਅਤੇ ਪੇਸ਼ਕਾਰੀ ਦੀ ਆਜ਼ਾਦੀ। ਉਹ ਲੋਕਤੰਤਰ, ਸੰਵਾਦ ਅਤੇ ਵੱਖੋ ਵੱਖ ਵਿਚਾਰਾਂ ਦੀ ਭਿੰਨਤਾ ਉੱਤੇ ਬਹੁਤ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਤਿੰਨਾਂ ਤੋਂ ਬਿਨਾ ਅਸੀਂ ਨਾ ਤਾਂ ਇਕ ਦੂਜੇ ਨੂੰ ਸਮਝ ਸਕਾਂਗੇ, ਨਾ ਹੀ ਉਨ੍ਹਾਂ ਦੀਆਂ ਸਾਰੀਆਂ ਉਲਝਣਾਂ ਸਮੇਤ ਸੱਚ ਦੇ ਵੱਖੋ ਵੱਖ ਪਹਿਲੂਆਂ ਨੂੰ। ਜੇ ਅਸੀਂ ਸੱਚ ਤੱਕ ਪਹੁੰਚਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣਾ ਦਿਮਾਗ ਖੁੱਲ੍ਹਾ ਰੱਖੀਏ ਅਤੇ ਅਤੇ ਦੂਜਿਆਂ ਦੇ ਵਿਚਾਰ ਧੀਰਜ ਨਾਲ ਸੁਣੀਏ। ਦੋ ਵਿਅਕਤੀਆਂ ਜਾਂ ਸਮੂਹਾਂ ਦੇ ਦਰਮਿਆਨ ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸੀ ਸੰਵਾਦ ਰਾਹੀਂ ਅਜਿਹੇ ਸਬੰਧ ਜਾਂ ਰਾਹ ਵਿਚ ਬਦਲਿਆ ਜਾ ਸਕਦਾ ਹੈ ਜਿਸ ਉੱਤੇ ਚੱਲ ਕੇ ਦੋਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ ਅਤੇ ਦੋਵੇਂ ਇਕ ਦੂਜੇ ਨੂੰ ਸਮਝ ਸਕਣਗੇ। ਉਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਸਨ ਕਿ ਜਿਨ੍ਹਾਂ ਨਾਲ ਸਾਡੇ ਵਿਚਾਰਾਂ ਦੇ ਕੁੱਝ ਵਖਰੇਵੇਂ ਹਨ ਉਨ੍ਹਾਂ ਨਾਲ ਸੰਵਾਦ ਰਚਾਉਣ ਵਲੋਂ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਅਨੇਕਤਾ ਵੀ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਵੱਖੋ ਵੱਖਰੇ ਸੱਭਿਆਚਾਰ ਜੀਵਨ ਦੇ ਸਬੰਧ ਵਿਚ ਵੱਖੋ ਵੱਖਰੀ ਸੋਚ ਨੂੰ ਦਰਸਾਉਂਦੇ ਹਨ। ਕਿਉਂਕਿ ਹਰ ਸੱਭਿਆਚਾਰ ਮਨੁੱਖੀ ਸ਼ਕਤੀਆਂ ਅਤੇ ਭਾਵਨਾਵਾਂ ਦੇ ਸਿਰਫ ਇਕ ਹਿੱਸੇ ਨੂੰ ਪ੍ਰਗਟ ਕਰ ਸਕਦਾ ਹੈ। ਇਸ ਕਰਕੇ ਮਨੁੱਖ ਨੂੰ ਪੂਰਨ ਤੌਰ ’ਤੇ ਸਮਝਣ ਵਾਸਤੇ ਹਰ ਸੱਭਿਆਚਾਰ ਨੂੰ ਦੂਜੇ ਸੱਭਿਅਚਾਰ ਵਲੋਂ ਮਦਦ ਦੀ ਲੋੜ ਪੈਂਦੀ ਹੈ। ਦੂਜੇ ਸੱਭਿਆਚਾਰਾਂ ਨੂੰ ਸਮਝਣ ਨਾਲ ਸਾਡੇ ਬੌਧਿਕ ਅਤੇ ਨੈਤਿਕ ਪੱਧਰ ਦਾ ਵਿਸਥਾਰ ਹੁੰਦਾ ਹੈ ਅਤੇ ਅਸੀਂ ਅੰਤਰਮੁਖੀ ਹੋਣ ਤੋਂ ਬਚੇ ਰਹਿੰਦੇ ਹਾਂ। ਅਸੀਂ ਇਸ ਪੱਕ ਚੁੱਕੀ ਮਿੱਥ ਜਾਂ ਘੁਮੰਡ ਤੋਂ ਵੀ ਬਚੇ ਰਹਿੰਦੇ ਹਾਂ ਕਿ ਸਾਡਾ ਸੱਭਿਆਚਾਰ ਉੱਤਮ ਹੈ। ਇਸਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਸੱਭਿਆਚਾਰ ਦੇ ਅੰਦਰ ਚੰਗਾ ਜੀਵਨ ਨਹੀਂ ਜੀਉ ਸਕਦੇ। ਇਸਦਾ ਅਰਥ ਸਿਰਫ ਇਹ ਹੈ ਕਿ ਹੋਰ ਚੀਜ਼ਾਂ ਦੇ ਬਰਾਬਰ ਜਾਣਕਾਰੀ ਹੋਣ ਕਰਕੇ ਜੀਵਨ ਜੀਉਣ ਦਾ ਸਾਡਾ ਤਰੀਕਾ/ਵਿਹਾਰ ਹੋਰ ਮਹੱਤਵਪੂਰਨ ਹੋਵੇਗਾ ਜਦੋਂ ਸਾਨੂੰ ਜੀਵਨ ਜੀਊਣ ਦੇ ਦੂਸਰੇ ਢੰਗ ਤਰੀਕਿਆਂ ਦੀ ਵੀ ਸਮਝ ਅਤੇ ਜਾਣਕਾਰੀ ਹੋਵੇਗੀ। ਉਂਜ ਵੀ ਅੱਜ ਦੀ ਆਧੁਨਿਕ ਅਤੇ ਆਪਸੀ ਨਿਰਭਰਤਾ ਵਾਲੀ ਦੁਨੀਆਂ ਅੰਦਰ ਕਿਸੇ ਵੀ ਇਨਸਾਨ ਲਈ ਸ਼ਾਇਦ ਹੀ ਸੰਭਵ ਹੋਵੇ ਕਿ ਉਹ ਆਪਣੇ ਸੱਭਿਆਚਾਰ ਦੀ ਚਾਰਦੀਵਾਰੀ ਵਿਚ ਬੰਦ ਰਹਿ ਸਕੇ। ਕੋਈ ਵੀ ਸੱਭਿਆਚਾਰ ਬਿਲਕੁੱਲ ਬੇਕਾਰ ਨਹੀਂ ਹੁੰਦਾ। ਹਰ ਸੱਭਿਆਚਾਰ ਸਾਡੇ ਸਨਮਾਨ ਦਾ ਹੱਕਦਾਰ ਇਸ ਕਰਕੇ ਬਣ ਜਾਂਦਾ ਹੈ ਕਿਉਂਕਿ ਉਹ ਉਸ ਨੂੰ ਮੰਨਣ ਵਾਲਿਆਂ ਵਾਸਤੇ ਮਹੱਤਵਪੂਰਨ ਹੈ ਅਤੇ ਉਸਦੇ ਅੰਦਰ ਰਚਨਾਤਮਿਕ ਸ਼ਕਤੀ ਹੈ। ਉਹ (ਪਿਤਾ ਜੀ) ਇਹ ਵੀ ਮੰਨਦੇ ਸਨ ਕਿ ਕੋਈ ਵੀ ਸੱਭਿਆਚਾਰ ਆਪਣੇ ਆਪ ਵਿਚ ਸੰਪੂਰਨ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਇਕ ਸੱਭਿਆਚਾਰ ਨੂੰ ਦੂਜੇ ’ਤੇ ਲੱਦਿਆ ਜਾਣਾ ਚਾਹੀਦਾ ਹੈ। ਸੱਭਿਆਚਾਰਾਂ ਵਿਚ ਤਬਦੀਲੀ ਉਨ੍ਹਾਂ ਦੇ ਅੰਦਰੋਂ ਹੀ ਹੋਣੀ ਚਾਹੀਦੀ ਹੈ।
ਜਿਸ ਇਨਸਾਨ ਨੇ ਸੱਚ ਨੂੰ ਪਾ ਲਿਆ ਹੋਵੇ ਉਸਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਨਿਮਰਤਾ ਭਰਪੂਰ ਹੋਵੇ। ਡਾਕਟਰ ਇੰਜਨੀਅਰ ਬਹੁਤ ਹੀ ਨਿਮਰਤਾ ਵਾਲੇ ਇਨਸਾਨ ਸਨ। ਜਿਨ੍ਹਾਂ ਦਿਨਾਂ ਵਿਚ ਉਹ ਆਪਣੇ ਦਫਤਰ ਤੋਂ ਘਰ ਤੱਕ ਪੈਦਲ ਆਇਆ ਕਰਦੇ ਸਨ, ਅਕਸਰ ਉਨ੍ਹਾਂ ਨੂੰ ਕੋਈ ਵੀ ਅਣਜਾਣ ਵਿਅਕਤੀ ਰੋਕ ਲੈਂਦਾ ਸੀ। ਉਹ ਕੋਈ ਸਾਧਾਰਨ ਵਿਅਕਤੀ ਹੀ ਹੁੰਦਾ ਸੀ, ਉਹ ਡਾਕਟਰ ਇੰਜਨੀਅਰ ਨਾਲ ਕਿਸੇ ਵੀ ਵਿਸ਼ੇ ’ਤੇ ਚਰਚਾ ਸ਼ੁਰੂ ਕਰ ਦਿੰਦਾ ਉਹ ਆਪਣੇ ਸ਼ੰਕਿਆਂ ਦੀ ਨਵਿਰਤੀ ਕਰਦਾ ਜਾਂ ਕਦੀ ਕਦੀ ਉਨ੍ਹਾਂ ਨਾਲ ਬਹਿਸ ਵੀ ਕਰਦਾ। ਉਹ ਉਸ ਵਿਅਕਤੀ ਨਾਲ ਘੰਟਿਆਂ ਬੱਧੀ ਵਿਚਾਰ-ਵਟਾਂਦਰਾ ਕਰਦੇ ਰਹਿੰਦੇ। ਮੇਰੇ ਪੈਰ ਦੁਖਣ ਲੱਗ ਪੈਂਦੇ ਪਰ ਡਾ. ਇੰਜਨੀਅਰ ਉਦੋਂ ਤੱਕ ਚਰਚਾ ਜਾਰੀ ਰੱਖਦੇ ਸਨ ਜਦੋਂ ਤੱਕ ਉਹ ਸੱਜਣ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋ ਜਾਵੇ ਜਾਂ ਫੇਰ ਮੈਦਾਨ ਛੱਡਣ ਦਾ ਫੈਸਲਾ ਨਾ ਕਰ ਲਵੇ। ਬਾਅਦ ਵਿਚ ਜਦੋਂ ਮੈਂ ਉਨ੍ਹਾਂ ਤੋਂ ਪੁੱਛਦਾ ਕਿ ਉਨ੍ਹਾਂ ਨੇ ਕਿਸੇ ਅਜਨਬੀ ’ਤੇ ਆਪਣਾ ਸਮਾਂ ਬਰਬਾਦ ਕਿਉਂ ਕੀਤਾ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਦੁਨੀਆਂ ਵਿਚ ਹਰ ਵਿਅਕਤੀ ਮਹੱਤਵਪੂਰਨ ਹੁੰਦਾ ਹੈ। ਡਾ. ਇੰਜਨੀਅਰ ਬਹੁਤ ਹੀ ਸੁਚੇਤ ਅਤੇ ਸਹਿਜ ਸਨ ਕਿ ਕੋਈ ਵੀ ਵਿਅਕਤੀ ਦਿਨ ਹੋਵੇ ਭਾਵੇਂ ਰਾਤ, ਆਪਣੇ ਸਵਾਲਾਂ ਜਾਂ ਪੈਦਾ ਹੋਈਆਂ ਉਲਝਣਾਂ (ਸ਼ੰਕਿਆਂ) ਨੂੰ ਦੂਰ ਕਰਨ ਵਾਸਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਸੀ। ਉਹ ਉਨ੍ਹਾਂ ਈਮੇਲਾਂ ਵਿਚ ਆਏ ਸੁਨੇਹਿਆਂ ਦਾ ਵੀ ਜਵਾਬ ਦਿੰਦੇ, ਜਿਨ੍ਹਾਂ ਵਿਚ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਹੁੰਦੀਆਂ ਸਨ। ਉਹ ਆਪਣੇ ਹਰ ਵਿਰੋਧੀ ਨਾਲ ਅਤਿਅੰਤ ਧੀਰਜ ਨਾਲ ਦਲੀਲ ਸਹਿਤ ਵਿਚਾਰ ਕਰਨ ਦੇ ਸਮਰੱਥ ਸਨ। ਉਨ੍ਹਾਂ ਦੀ ਨਿਮਰਤਾ ਦੇ ਕਾਰਨ ਕਈ ਕੱਟੜ ਕਿਸਮ ਦੇ ਲੋਕ ਵੀ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ।
ਨਿਮਰਤਾ ਉਨ੍ਹਾਂ ਦਾ ਕੁਦਰਤੀ ਗੁਣ ਸੀ ਅਤੇ ਉਹ ਸੱਚ ਦੇ ਸਿੱਕੇ ਦਾ ਦੂਸਰਾ ਪਾਸਾ ਵੀ ਸੀ ਅਤੇ ਇਸ ਦੇ ਨਾਲ ਹੀ ਇਹ ਉਨ੍ਹਾਂ ਵਲੋਂ ਵਿਰੋਧੀਆਂ ਦਾ ਦਿਲ ਜਿੱਤਣ ਵਾਲਾ ਹਥਿਆਰ ਵੀ ਸੀ। ਉਨ੍ਹਾਂ ਨੇ ਕਈ ਮੌਕਿਆਂ ’ਤੇ ਚਣੌਤੀ ਭਰੀਆਂ ਹਾਲਤਾਂ ਵਿਚ ਆਪਣੇ ਵਲੋਂ ਅਮਨ ਵਾਸਤੇ ਵਰਕਸ਼ਾਪਾਂ (ਗੋਸ਼ਟੀਆਂ ਬਗੈਰਾ) ਦਾ ਪ੍ਰਬੰਧ ਵੀ ਕੀਤਾ ਸੀ। ਉਸ ਸਮੇਂ ਤਾਂ ਹਾਲਾਤ ਬਹੁਤ ਖਰਾਬ ਹੁੰਦੇ ਸਨ ਤੇ ਸਹੂਲਤਾਂ ਇੰਨੀਆਂ ਘੱਟ ਕਿ ਕੋਈ ਸੱਭਿਆ ਵਿਅਕਤੀ ਸ਼ਾਇਦ ਹੀ ਉੱਥੇ ਠਹਿਰਦਾ। ਪਰ ਉਹ ਨਾ ਕੇਵਲ ਉੱਥੇ ਅਟਕਦੇ ਸਨ ਸਗੋਂ ਉਤਸ਼ਾਹਪੂਰਨ ਕੰਮ ਵੀ ਕਰਦੇ ਸਨ। ਉਨ੍ਹਾਂ ਲਈ ਵਿਅਕਤੀ ਮਹੱਤਵਪੂਰਨ ਸੀ ਨਾ ਕਿ ਸੁਖ-ਸਹੂਲਤਾਂ ਅਤੇ ਆਰਾਮ। ਉਹ ਸੌਖਿਆਂ ਹੀ ਲੋਕਾਂ ’ਤੇ ਵਿਸ਼ਵਾਸ ਕਰ ਲੈਂਦੇ ਸਨ, ਖਾਸ ਕਰਕੇ ਲੋੜਵੰਦਾਂ ’ਤੇ। ਉਨ੍ਹਾਂ ਦੇ ਮਨ ਵਿਚ ਲੋੜਵੰਦਾਂ, ਅਨਿਆਂ ਦੇ ਸ਼ਿਕਾਰ ਵਿਅਕਤੀਆਂ ਅਤੇ ਦੁੱਖ ਭੋਗ ਰਹੇ ਲੋਕਾਂ ਨਾਲ ਹਮਦਰਦੀ ਅਤੇ ਰਹਿਮਦਿਲੀ ਵਾਲਾ ਡੂੰਘਾ ਆਦਰ ਭਰਿਆ ਵਿਹਾਰ ਰਹਿੰਦਾ ਸੀ।
ਨਿਆਂ ਦੇ ਨਾਲ ਹੀ ਅਮਨ ਇਕ ਹੋਰ ਬਹੁਤ ਮਹੱਤਵਪੂਰਨ ਮੁੱਦਾ ਸੀ ਜਿਸ ਨਾਲ ਡਾਕਟਰ ਇੰਜਨੀਅਰ ਦੀ ਪੂਰਨ ਪ੍ਰਤੀਬੱਧਤਾ ਸੀ। ਉਨ੍ਹਾਂ ਦੀ ਸਪਸ਼ਟ ਧਾਰਨਾ ਸੀ ਕਿ ਇਨਸਾਫ ਤੋਂ ਬਿਨਾਂ ਅਮਨ ਨਹੀਂ ਹੋ ਸਕਦਾ, ਅਤੇ ਇਨਸਾਫ ਤੋਂ ਉਨ੍ਹਾਂ ਦਾ ਅਰਥ ਸਿਰਫ ਇਹ ਨਹੀਂ ਹੁੰਦਾ ਸੀ ਕਿ ਕਿਸੇ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਮਿਲੇ ਅਤੇ ਹੋਏ ਨੁਕਸਾਨ ਦੀ ਭਰਪਾਈ ਵੀ ਹੋਵੇ। ਉਨ੍ਹਾਂ ਵਾਸਤੇ ਇਨਸਾਫ ਦਾ ਅਰਥ ਇਹ ਵੀ ਸੀ ਕਿ ਸਮਾਜ ਵਿਚ ਜੋ ਵੀ ਸਾਧਨ ਹਨ ਉਨ੍ਹਾਂ ਦੀ ਨਿਆਂ ਪੂਰਨ ਵੰਡ ਹੋਵੇ ਅਤੇ ਅਤੇ ਜਮਾਤੀ ਨਾ-ਬਰਾਬਰੀ ਨਾ ਰਹੇ। ਅਮਨ ਕਾਇਮ ਕਰਨ ਵਾਲੇ ਸਮੇਂ ਆਪਣੇ ਕੰਮ ਦੇ ਦੌਰਾਨ ਉਨ੍ਹਾਂ ਨੇ ਫਿਰਕਾਪ੍ਰਸਤੀ ਵਾਲੇ ਵਿਵਾਦਾਂ ਦਾ ਡੂੰਘਾਈ ਨਾਲ ਅਧਿਅਨ ਕੀਤਾ ਅਤੇ ਉਹ ਇਸ ਨਤੀਜੇ ਉੱਤੇ ਪਹੁੰਚੇ ਕਿ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਵਿਚ ਸਮਾਜਕ, ਆਰਥਕ ਅਤੇ ਰਾਜਨੀਤਕ ਨਾਬਰਾਬਰੀ (ਪਾੜਾ) ਹੈ। ਉਨ੍ਹਾਂ ਨੇ ਫਿਰਕਾਪ੍ਰਸਤ ਹਿੰਸਾ ਅਤੇ ਵਿਵਾਦਾਂ ਉੱਪਰ ਬਹੁਤ ਕੁੱਝ ਲਿਖਿਆ। ਉਨ੍ਹਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਭਾਵੇਂ ਫਿਰਕਾਪ੍ਰਸਤ ਹਿੰਸਾ ਨੂੰ ਭੜਕਾਉਣ ਵਾਸਤੇ ਧਰਮ ਦੀ ਵਰਤੋਂ ਇਕ ਹਥਿਆਰ ਵਜੋਂ ਕੀਤੀ ਜਾਂਦੀ ਹੈ, ਪਰ ਧਰਮ ਫਿਰਕਾਪ੍ਰਸਤ ਹਿੰਸਾ ਦਾ ਬੁਨਿਆਦੀ ਕਾਰਨ ਨਹੀਂ ਹੈ। ਫਿਰਕਾਪ੍ਰਸਤ ਸੰਘਰਸ਼ ਦਾ ਅਸਲੀ ਕਾਰਨ ਹੈ ਦੋਹਾਂ ਫਿਰਕਿਆਂ ਦੇ ਉੱਪਰਲੇ ਤਬਕੇ ਦਾ ਰਾਜ ਸਮੇਤ ਸਮਾਜਕ, ਆਰਥਕ ਸੰਸਥਾਵਾਂ ਉੱਤੇ ਆਪਣਾ ਕਬਜ਼ਾ ਕਾਇਮ ਕਰਨ ਦੀ ਕੋਸ਼ਿਸ਼। ਧਰਮ ਦੀ ਵਰਤੋਂ ਤਾਂ ਸਿਰਫ ਭੋਲ਼ੇ-ਭਾਲ਼ੇ ਲੋਕਾਂ ਨੂੰ ਭੜਕਾਉਣ ਵਾਸਤੇ ਕੀਤੀ ਜਾਂਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਘੱਟਗਿਣਤੀਆਂ ਦੇ ਖਿਲਾਫ ਪਹਿਲਾਂ ਤੋਂ ਪ੍ਰਚਾਰੇ ਗਏ ਝੂਠ ਤੋਂ ਬਿਨਾਂ ਫਿਰਕਾਪ੍ਰਸਤ ਹਿੰਸਾ ਨਹੀਂ ਭੜਕ ਸਕਦੀ। ਘੱਟਗਿਣਤੀਆਂ ਦੇ ਖਿਲਾਫ ਪਰਚਾਰਿਆ ਜਾਣ ਵਾਲਾ ਝੂਠ ਉਹ ਬੁਨਿਆਦ ਹੈ ਜਿਸ ਉੱਤੇ ਫਿਰਕਾਪ੍ਰਸਤੀ ਦੀ ਇਮਾਰਤ ਖੜ੍ਹੀ ਕੀਤੀ ਜਾਂਦੀ ਹੈ। ਡਾਕਟਰ ਇੰਜਨੀਅਰ ਨੇ ਬਹੁਤ ਕਰੜੀ ਮਿਹਨਤ ਨਾਲ ਅਜਿਹੇ ਤੱਥ ਅਤੇ ਅੰਕੜੇ ਇਕੱਠੇ ਕੀਤੇ ਜਿਨ੍ਹਾਂ ਦੀ ਸਹਾਇਤਾ ਨਾਲ ਘੱਟਗਿਣਤੀਆਂ ਦੇ ਸਬੰਧ ਵਿਚ ਘੜੇ ਜਾਂ ਪ੍ਰਚਾਰੇ ਗਏ ਝੂਠੇ ਦੋਸ਼ਾਂ ਨੂੰ ਦੂਰ ਕੀਤਾ ਜਾ ਸਕੇ। ਕਈ ਲੋਕਾਂ ਨੇ ਮਿਲ ਕੇ ਜਾਂ ਚਿੱਠੀ-ਪੱਤਰ ਰਾਹੀਂ ਮੈਨੂੰ ਇਹ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਇੰਜਨੀਅਰ ਵਲੋਂ ਕੀਤੀਆਂ ਗਈਆਂ ਵਰਕਸ਼ਾਪਾਂ/ਗੋਸ਼ਟੀਆਂ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਸੋਚ/ਰਵੱਈਆ ਬਦਲ ਗਿਆ।
ਹਰਿਆਣਾ ਦੇ ਇਕ ਪੁਲੀਸ ਅਧਿਕਾਰੀ ਮੈਨੂੰ ਉਦੋਂ ਮਿਲੇ ਜਦੋਂ ਡਾ. ਇੰਜਨੀਅਰ ਆਈ ਸੀ ਯੂ ਵਿਚ ਸਨ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਡਾ. ਇੰਜਨੀਅਰ ਵਲੋਂ ਲਾਈ ਵਰਕਸ਼ਾਪ ਵਿਚ ਭਾਗ ਲੈਣ ਤੋਂ ਬਾਅਦ ਮੁਸਲਮਾਨਾਂ ਪ੍ਰਤੀ ਉਨ੍ਹਾਂ ਦੀ ਸੋਚ ਬਿਲਕੁੱਲ ਬਦਲ ਗਈ, ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਮੁਸਲਮਾਨਾਂ ਨਾਲ ਨਫਰਤ ਕਰਨੀ ਬਿਲਕੁੱਲ ਛੱਡ ਦਿਤੀ। ਇਸ ਤੋਂ ਵੀ ਮਹੱਤਵਪੂਰਨ ਇਹ ਕਿ ਉਸਨੇ ਇਸ ਤਰ੍ਹਾਂ ਦੇ ਮੂਰਖਤਾਪੂਰਨ, ਝੂਠ ਫੈਲਾਉਣ ਵਾਲੇ ਪ੍ਰਚਾਰ ਉੱਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਕਿ ਔਰੰਗਜ਼ੇਬ ਉਦੋਂ ਹੀ ਖਾਣਾ ਖਾਂਦਾ ਸੀ ਜਦੋਂ ਉਸਦੇ ਸਾਹਮਣੇ ਜਨੇਊ ਪਹਿਨੇ ਹੋਏ ਵੀਹ ਬ੍ਰਾਹਮਣਾਂ ਦੀਆਂ ਲਾਸ਼ਾਂ ਰੱਖ ਦਿੱਤੀਆਂ ਜਾਂਦੀਆਂ ਸਨ। ਆਪਣੀ ਖੋਜ-ਪੜਤਾਲ ਅਤੇ ਅਧਿਅਨ ਦੇ ਅਧਾਰ ’ਤੇ ਡਾਕਟਰ ਇੰਜਨੀਅਰ ਇਸ ਸਿੱਟੇ ’ਤੇ ਵੀ ਪਹੁੰਚੇ ਕਿ ਧਰਮਾਂ ਨੂੰ ਮੁੱਲਾਂ-ਪੰਡਿਤਾਂ ਦੇ ਪੰਜਿਆਂ ਵਿੱਚੋਂ ਮੁਕਤ ਕਰਵਾ ਕੇ ਆਮ ਲੋਕਾਂ ਦੇ ਹੱਥਾਂ ਵਿਚ ਦੇਣ ਨਾਲ ਧਰਮ ਨੂੰ ਨਵਾਂ ਜੀਵਨ ਮਿਲੇਗਾ। ਇਸ ਨਾਲ ਆਮ ਲੋਕ ਆਪੋ ਆਪਣੇ ਧਰਮ ਦੇ ਉਨ੍ਹਾਂ ਪੱਖਾਂ ਬਾਰੇ ਵੀ ਜਾਣ ਸਕਣਗੇ ਜਿਨ੍ਹਾਂ ਨੂੰ ਮੌਲਵੀਆਂ ਅਤੇ ਪੰਡਿਤਾਂ ਨੇ ਉਨ੍ਹਾਂ ਤੋਂ ਹੁਣ ਤੱਕ ਲੁਕੋ ਰੱਖਿਆ ਹੈ। ਫੇਰ ਧਰਮ ਇਕ ਅਜਿਹੀ ਨੈਤਿਕ ਸ਼ਕਤੀ ਬਣ ਸਕੇਗਾ ਜਿਸ ਦੀ ਵਰਤੋਂ ਪੀੜਤ ਵਰਗ ਅਨਿਆਂ ਨਾਲ ਲੜਨ ਅਤੇ ਅੱਤਿਆਚਾਰ ਵਾਲੀ ਜਿਉਂ ਦੀ ਤਿਉਂ ਸਥਿਤੀ ਵਾਲੇ ਪ੍ਰਬੰਧ ਨੂੰ ਬਦਲਣ ਲਈ ਕਰ ਸਕਣਗੇ। ਉਨ੍ਹਾਂ ਲਈ ਅਜਿਹਾ ਧਰਮ ਅਰਥਹੀਣ ਸੀ ਜੋ ਆਪਣੇ ਪੈਰੋਕਾਰਾਂ ਨੂੰ ਬਣੀ ਹੋਈ ਸਥਿਤੀ ਨੂੰ ਬਦਲਣ ਦੀ ਪ੍ਰੇਰਨਾ ਨਹੀਂ ਦਿੰਦਾ, ਜਿਹੜਾ ਉਨ੍ਹਾਂ ਨੂੰ ਧਾਰਮਿਕ ਸਿਖਿਆਵਾਂ ਦੀ ਪੁਨਰ ਵਿਆਖਿਆ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਜੋ ਉਨ੍ਹਾਂ ਨੂੰ ਬਗਾਵਤ ਕਰਨ ਤੋਂ ਰੋਕਦਾ ਹੈ। ਉਨ੍ਹਾਂ ਨੇ ਖੱਬੇ ਪੱਖੀ ਵਿਚਾਰਵਾਨਾਂ ਦੀ ਇਸ ਮਾਨਤਾ ਨੂੰ ਵੀ ਚੁਣੌਤੀ ਦਿੱਤੀ ਕਿ ਕਿ ਧਰਮ ਆਮ ਲੋਕਾਂ ਲਈ ਅਫੀਮ ਹੈ। ਉਨ੍ਹਾਂ ਨੇ ਮਾਰਕਸ ਦੀ ਵਿਆਖਿਆ ਕਰਦਿਆਂ ਲਿਖਿਆ ਕਿ ਮਾਰਕਸ ਲਈ ਵੀ ਧਰਮ ਸਿਰਫ ਅਫੀਮ ਨਹੀਂ ਸੀ ਉਨ੍ਹਾਂ ਲਈ ਉਹ ਪੀੜਤ ਮਨੁੱਖ ਦੀ ਆਹ ਵੀ ਸੀ।
ਡਾ. ਇੰਜਨੀਅਰ ਲਿੰਗ ਅਧਾਰਤ ਨਿਆਂ ਅਤੇ ਬਰਾਬਰੀ ਖਾਸ ਕਰਕੇ ਮੁਸਲਿਮ ਔਰਤਾਂ ਦੇ ਮਾਮਲੇ ਵਿਚ ਵੱਡੇ ਹਮਾਇਤੀ ਸਨ। ਉਨ੍ਹਾਂ ਨੇ ਇਸਲਾਮ, ਕੁਰਾਨ, ਇਸਲਾਮ ਦੇ ਇਤਿਹਾਸ ਅਤੇ ਇਸਲਾਮੀ ਵਿਧੀਸ਼ਾਸਤਰ ਦੇ ਆਪਣੇ ਡੂੰਘੇ ਅਧਿਅਨ ਦੀ ਵਰਤੋਂ ਮੁਸਲਿਮ ਔਰਤਾਂ ਦੀ ਭਲਾਈ ਕਰਨ ਵਾਸਤੇ ਕੀਤੀ। ਉਨ੍ਹਾਂ ਦੇ ਅਨੁਸਾਰ ਕੁਰਾਨ ਦੀ ਸੂਰਾਨਿਸਾਅ ਵਿਚ ਸਿਰਫ ਔਰਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ, ਮਰਦਾਂ ਦੇ ਅਧਿਕਾਰਾਂ ਦੀ ਨਹੀਂ। ਜਿੱਥੇ ਵੀ ਮਰਦਾਂ ਦੀ ਗੱਲ ਕੀਤੀ ਗਈ ਹੈ ਉਹ ਉਨ੍ਹਾਂ ਦੇ ਫ਼ਰਜ਼ਾਂ ਦੇ ਹਵਾਲੇ ਨਾਲ ਕੀਤੀ ਗਈ ਹੈ। ਕੁਰਾਨ ਦੀ ਇਹ ਵਿਆਖਿਆ ਕਰਨ ਦੇ ਪਿੱਛੇ ਉਨ੍ਹਾਂ ਦਾ ਉਦੇਸ਼ ਉਸ ਸਮਾਜਕ ਨਾ-ਬਰਾਬਰੀ ਨੂੰ ਠੀਕ ਕਰਨਾ ਸੀ ਜਿਸ ਵਿਚ ਔਰਤਾਂ ਦੇ ਹਿੱਸੇ ਸਿਰਫ ਫ਼ਰਜ਼ ਆਏ ਹਨ, ਅਧਿਕਾਰ ਨਹੀਂ। ਉਨ੍ਹਾਂ ਦੀ ਦਲੀਲ ਇਹ ਸੀ ਕਿ ਮੱਧ ਕਾਲ ਵਿਚ ਜਦੋਂ ਮੁਸਲਿਮ ਹੁਕਮਰਾਨ ਨਵੇਂ ਨਵੇਂ ਇਲਾਕਿਆਂ ਉੱਤੇ ਕਬਜ਼ਾ ਕਰਕੇ ਆਪਣਾ ਸਾਮਰਾਜ ਫੈਲਾਅ ਰਹੇ ਸਨ ਉਸ ਦੌਰ ਦੀ ਪਿਤਾ ਪੁਰਖੀ ਸੰਸਕ੍ਰਿਤੀ (ਰਵਾਇਤਾਂ) ਨੇ ਔਰਤਾਂ ਦੇ ਉਹ ਅਧਿਕਾਰ ਖੋਹ ਲਏ, ਜੋ ਕੁਰਾਨ ਨੇ ਉਨ੍ਹਾਂ ਨੂੰ ਦਿੱਤੇ ਸਨ। ਕੁਰਾਨ ਬਾਰੇ ਉਨ੍ਹਾਂ ਦਾ ਅਧਿਅਨ ਇੰਨਾ ਡੂੰਘੇਰਾ ਸੀ ਕਿ ਮੁਸਲਿਮ ਵਿਦਵਾਨ ਸ਼ਾਇਦ ਹੀ ਕਦੇ ਦਲੀਲ ਵਿਚ ਉਨ੍ਹਾਂ ’ਤੇ ਭਾਰੀ ਪੈਂਦੇ ਸਨ। ਇਸ ਕਰਕੇ ਹੀ ਉਹ ਪਿਤਾਪੁਰਖੀ ਸੱਭਿਆਚਾਰਕ ਰਵਾਇਤਾਂ/ਕਦਰਾਂ ਨੂੰ ਨੈਤਿਕ ਅਧਾਰ ’ਤੇ ਠੀਕ ਦੱਸਦੇ ਸਨ। ਉਨ੍ਹਾਂ ਨੇ ਮੈਨੂੰ ਇਹ ਸਖਤ ਹਦਾਇਤ ਦਿੱਤੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੀ ਭੈਣ ਤੇ ਉਨ੍ਹਾਂ ਦੀ ਬੇਟੀ ਨੂੰ ਉਨ੍ਹਾਂ ਦੀ ਜਾਇਦਾਦ ਵਿੱਚੋਂ ਬਰਾਬਰ ਦਾ ਹਿੱਸਾ ਦਿੱਤਾ ਜਾਵੇ। ਬਰਾਬਰੀ ਦਾ ਉਨ੍ਹਾਂ ਦਾ ਸੰਘਰਸ਼ ਸਿਰਫ ਔਰਤਾਂ ਤੱਕ ਸੀਮਤ ਨਹੀਂ ਸੀ। ਉਹ ਸਭ ਵਰਗਾਂ ਦੀ ਬਰਾਬਰੀ ਦੇ ਹਮਾਇਤੀ ਸਨ। ਉਨ੍ਹਾਂ ਨੇ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਸੰਘਰਸ਼ ਉਦੋਂ ਸ਼ੁਰੂ ਕੀਤਾ ਸੀ ਜਦੋਂ ਅਸੀਂ ਸਾਰੇ ਮੰਡਲ ਕਮਿਸ਼ਨ ਦੇ ਬਾਰੇ ਕੁੱਝ ਜਾਣਦੇ ਵੀ ਨਹੀਂ ਸੀ। ਅਸਗਰ ਅਲੀ ਇੰਜਨੀਅਰ ਦਾ ਮਿਸ਼ਨ ਸੀ ਕਿ ਧਰਮ ਨੂੰ ਸੰਸਥਾ ਵਿਚ ਬੰਨ੍ਹਣ ਵਾਲੇ ਢਾਂਚੇ (ਸੰਸਥਾਗਤ) ਤੋਂ ਮੁਕਤ ਕਰਵਾ ਕੇ ਉਸਨੂੰ ਧਾਰਮਕ ਗ੍ਰੰਥਾਂ ਦੀ ਵਰਤਮਾਨ ਵਿਆਖਿਆ ’ਤੇ ਪ੍ਰਸ਼ਨ ਚਿੰਨ੍ਹ ਲਾਉਣ ਵਾਸਤੇ ਵਰਤੋਂ ਕਰਨੀ। ਉਹ ਚਾਹੁੰਦੇ ਸਨ ਕਿ ਧਰਮ ਸੱਚ ਤੱਕ ਪਹੁੰਚਣ ਦਾ ਰਾਹ ਪ੍ਰਦਾਨ ਕਰੇ, ਜ਼ੁਲਮ ’ਤੇ ਅਧਾਰਤ ਸਮਾਜਕ ਪ੍ਰਬੰਧ ਨੂੰ ਬਦਲੇ, ਅਨੇਕਤਾ ਨੂੰ ਸਵੀਕਾਰ ਕਰੇ, ਸੰਵਾਦ ਜਾਂ ਲਿੰਗ ਅਧਾਰਤ ਬਰਾਬਰੀ ਦੇ ਰਾਹੀਂ ਅਜਿਹੇ ਸਮਾਜ ਦਾ ਨਿਰਮਾਣ ਕਰੇ ਜਿਸ ਵਿਚ ਵੱਖੋ ਵੱਖ ਧਰਮਾਂ ਅਤੇ ਸੱਭਿਆਚਾਰਾਂ ਵਾਲੇ ਲੋਕ ਪਿਆਰ ਨਾਲ ਮਿਲ ਜੁਲ ਕੇ ਰਹਿ ਸਕਣ। ਉਨ੍ਹਾਂ ਨੇ ਸਾਡੇ ਗਿਆਨ ਦੇ ਕੈਨਵਸ ਨੂੰ ਵੱਡਾ ਕੀਤਾ ਤੇ ਬਰਾਬਰੀ, ਨਿਆਂ, ਅਮਨ ਅਤੇ ਮਾਣ ਵਾਲੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦਾ ਰਾਹ ਵਿਖਾਇਆ।
ਅਸਗਰ ਅਲੀ ਇੰਜਨੀਅਰ ਵਿਅਕਤੀ ਨਹੀਂ ਸੰਸਥਾ ਸਨ। ਕੀ ਅਸੀਂ ਉਨ੍ਹਾਂ ਦੇ ਮਿਸ਼ਨ ਨੂੰ ਉਸ ਹੀ ਅਨੁਸਾਸ਼ਨ ਅਤੇ ਸਮਰਪਣ ਦੇ ਭਾਵ ਨਾਲ ਅੱਗੇ ਲੈ ਜਾਣਾ ਚਾਹੁੰਦੇ ਹਾਂ, ਜਿਸ ਅਨੁਸਾਸ਼ਨ ਅਤੇ ਸਮਰਪਣ ਨਾਲ ਉਨ੍ਹਾਂ ਨੇ ਆਪਣਾ ਕੰਮ ਕੀਤਾ। ਅਸੀਂ ਅਜਿਹਾ ਕਰਨ ਦਾ ਪੂਰਾ ਜਤਨ ਕਰਾਂਗੇ।
*****
(446)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)